Share on Facebook

Main News Page

ਗੁਰੂ ਘਰ ਦੇ ਟਹਿਲੀਏ...?

ਬਾਬਾ ਫੌਜਾ ਸਿੰਘ ਦੇ ਇਕ ਮਿੱਤਰ ਦਾ ਫੋਨ ਆਇਆ ਕਿ ਬਾਬਾ ਚਲ ਤੈਨੂੰ ਕਨੇਡਾ ਦੀਆਂ ਕਚਹਿਰੀਆਂ ਚ ਜੱਟਾਂ ਦੇ ਮੇਲੇ ਲੱਗਦੇ ਦਿਖਾ ਕੇ ਲਿਆਵਾਂ!

ਬਾਬਾ ਫੌਜਾ ਸਿੰਘ ਪੁੱਛਣ ਲੱਗਾ ਕਿ ਇਹ ਕਿਹੜੇ ਜੱਟ ਨੇ ਜਿਹੜੇ ਕਨੇਡਾ ਦੀਆਂ ਕਚਹਿਰੀਆਂ ਵਿੱਚ ਵੀ ਮੇਲੇ ਲਾਈ ਫਿਰਦੇ ਹਨ ਬਈ।

ਬਾਬਾ! ਜੱਟ ਤਾਂ ਐਵੇਂ ਇਕ ਲੰਡੂ ਜਿਹੇ ਗਾਣੇ ਕਰਕੇ ਕਹਿ ਹੋ ਗਿਆ ਇਹ ਅਸਲ ਵਿੱਚ ਇੱਕ ਗੁਰਦੁਆਰੇ ਦੇ ਚੌਧਰੀਆਂ ਦੇ ਮੇਲਾ ਹੈ।

ਬਾਬੇ ਨੇ ਜਦ ਚੌਧਰੀਆਂ ਦਾ ਮੇਲਾ ਸੁਣਿਆ, ਤਾਂ ਉਸ ਦੀ ਉਸਤੁਕਤਾ ਜਾਗ ਪਈ ਤੇ ਉਹ ਵੀ ਮਿੱਤਰ ਨਾਲ ਤੁਰ ਪਿਆ।

ਕੋਰਟ ਵਿੱਚ ਬਾਬੇ ਨੇ ਦੇਖਿਆ ਕਿ ਇਹ ਜਾਣੇ ਪਹਿਚਾਣੇ ਸੂਰਬੀਰ ਸਨ ਜੀਹਨਾਂ ਪਿਛਲੇ ਸਾਲ ਦੋਂਹ ਗੁਰਦੁਆਰਿਆਂ ਵਿੱਚ ਨਨਕਾਣੇ ਵਰਗਾ ਸਾਕਾ ਦੁਹਰਾਇਆ ਸੀ, ਤੇ ਟੋਕਿਆਂ-ਕੁਹਾੜਿਆਂ ਨਾਲ ਸਿੱਖਾਂ ਦੇ ਸਿਰ ਪਾੜੇ ਸਨ।

ਗੁਰਦੁਆਰੇ ਵਿੱਚ ਜਿਉਂਣੇ ਮੌੜ ਦੇ ਭਰਾ ਜਾਪਦੇ ਹਿਕਾਂ ਚੌੜੀਆਂ ਕਰਕੇ ਤੁਰਨ ਵਾਲੇ ਇਥੇ ਵਕੀਲਾਂ ਨਾਲ ਧੌਣਾਂ ਨੀਵੀਆਂ ਇੰਝ ਪਾਈ ਜਾ ਰਹੇ ਸਨ, ਜਿਵੇਂ ਨਵੀਂ ਵਿਆਹੀ ਆਈ ਵਹੁਟੀ ਪਹਿਲੀ ਵਾਰ ਘਰ ਦੀ ਦਹਿਲੀਜ ਟੱਪਣ ਲੱਗੀ ਪਾਉਂਦੀ ਹੈ। ਗੁਰਦੁਆਰੇ ਵਿੱਚ ਮੁੱਛਾਂ ਨੂੰ ਚ੍ਹਾੜੇ ਹੋਏ ਵੱਟ ਖੁਲੇ ਉੱਡਦੇ ਫਿਰਦੇ ਸਨ। ਗੁਰੂ ਘਰਾਂ ਵਿੱਚ ਢੂੱਡਾਂ ਮਾਰਨ ਨੂੰ ਫਿਰਦੇ ਤਿੱਖੇ ਕੀਤੇ ਹੋਏ ਜਾਪਦੇ ਢੱਟਿਆਂ ਵਰਗੇ ਸਿੰਗ ਇਥੇ ਬੜੇ ਚੋਪੜੇ-ਚੋਪੜੇ, ਲਿਸ਼ਕੇ-ਲਿਸ਼ਕੇ ਤੇ ਸਵਾਰੇ ਸਵਾਰੇ ਜਾਪ ਰਹੇ ਸਨ। ਬਾਬਾ ਫੌਜਾ ਸਿੰਘ ਕੋਲੋਂ ਬੰਦੇ ਪਛਾਣ ਹੀ ਨਹੀ ਸਨ ਹੋ ਰਹੇ। ਇੰਨਾ ਵੱਡਾ ਫਰਕ? ਬਾਬੇ ਫੌਜਾ ਸਿੰਘ ਨੂੰ ਓਸ ਚੁਟਕਲੇ ਵਾਂਗ ਜਾਪ ਰਿਹਾ ਸੀ ਜਿਸ ਵਿਚ ਰੱਬ ਰਹਿੰਦਾ ਹੋਰ ਕਿਤੇ ਐੱਡਰੈਸ ਹੋਰ ਕਿਤੋਂ ਦਾ ਦਈ ਰੱਖਦਾ ਹੈ।

ਬਾਬਾ ਫੌਜਾ ਸਿੰਘ ਨੂੰ ਜਾਪ ਰਿਹਾ ਸੀ ਜਿਵੇਂ ਉਹ ਇਸ ਧਰਤੀ ਤੇ ਨਹੀ ਬਲਕਿ ਉਸ ਨੂੰ ਕਿਸੇ ਅਜਿਹੇ ਸਵਰਗ ਵਿਚ ਸੁਟ ਦਿਤਾ ਗਿਆ ਹੋਵੇ ਜਿਥੋਂ ਦੀ ਕਰਾਮਾਤ ਨੇ ਬਗਿਆੜਾਂ ਵਿੱਚ ਲੇਲਿਆਂ ਦੇ ਗੁਣ ਭਰ ਦਿੱਤੇ ਹੋਣ ਤੇ ਉਹ ਰੱਬ ਦੇ ਕਾਲੇ ਕੋਟਾਂ ਵਾਲੇ ਜਮਦੂਤਾਂ ਅਗੇ ਮਿਆਂਕਦੇ ਤਾਂ ਕੀ ਉੱਚੀ ਸਾਹ ਲੈਣ ਲੱਗੇ ਵੀ ਸੋਚਦੇ ਹੋਣ।

ਪੰਜਾਬ ਦੀ ਇਕ ਕਹਾਵਤ ਹੁੰਦੀ ਸੀ ਕਿ ਖੜਕ ਸਿੰਘ ਕੇ ਖੜਕਣੇ ਪਰ ਖੜਕਦੀ ਹੈ ਖਿੜਕੀਆਂ ਇਥੇ ਦੇ 1984 ਵੇਲੇ ਦੀ ਲੁੱਟਮਾਰ ਤੋਂ ਲੈ ਕੇ ਹੁਣ ਤੱਕ ਗੁਰਦੁਆਰਿਆਂ ਵਿੱਚ ਕਬਜਿਆਂ ਨੂੰ ਲੈ ਕੇ ਵਾਹਯਾਤ ਡਾਗਾਂ ਵਰਾਉਂਣ ਵਾਲਾ ਸੂਰਬੀਰ ਯੋਧਾ ਪਹਿਲੀ ਵਾਰੀ ਚੂਹੇ ਵਾਲੀ ਕੜਿੱਕੀ ਵਿੱਚ ਫਸਿਆ ਦੇਖ ਬਾਬੇ ਨੂੰ ਹਾਸਾ ਵੀ ਆ ਰਿਹਾ ਸੀ ਕਿ ਇਹ ਉਹ ਗੁਰੂ ਘਰ ਦਾ ਪੁਰਾਣਾ ਟਹਿਲੀਆ ਹੈ ਜਿਸ ਬਾਰੇ ਉਪਰਲੀ ਕਹਾਵਤ ਮੁਤਾਬਕ ਮਸ਼ਹੂਰ ਸੀ ਕਿ ਟਹਿਲ ਸਿੰਘ ਕੇ ਟੁਣਕਨੇ ਪਰ ਟੁਣਕਤੀ ਹੈਂ ਟੱਲੀਆਂ! ਤੇ ਸੱਚਮੁੱਚ ਗੁਰੂ ਘਰ ਦੇ ਇਸ ਟਹਿਲੀਏ ਦੀਆਂ ਜਦ ਫੋਨਾਂ ਦੀਆਂ ਟੱਲੀਆਂ ਟੁਣਕਣ ਲੱਗਦੀਆਂ ਸਨ ਤਾਂ ਖਿਆਲ ਹੁੰਦਾ ਸੀ ਕਿ ਅੱਜ ਕਿਸੇ ਗੁਰਦੁਆਰੇ ਕਿਸੇ ਨਾ ਕਿਸੇ ਦਾ ਵਢਾਂਗਾ ਜਰੂਰ ਹੋਵੇਗਾ ਤੇ ਉਹੀ ਹੁੰਦਾ ਸੀ।

ਪਰ ਬਾਬਾ ਹੈਰਾਨ ਸੀ ਕਿ ਟੱਲੀਆਂ ਖਮੋਸ਼ ਸਨ, ਕੋਰਟ ਦੇ ਦਰਵਾਜੇ ਵਿੱਚ ਵੜਨ ਲੱਗਿਆਂ ਦੂਹਰੀ-ਤੀਹਰੀ ਵਾਰ ਅਪਣੀਆਂ ਟੱਲੀਆਂ ਦੀ ਚੈੱਕਅਪ ਕਰਦੇ ਦੇਖ ਬਾਬਾ ਸੋਚ ਰਿਹਾ ਸੀ ਕਿ ਕਾਸ਼ ਰੱਬਾ ਗੁਰਦੁਆਰਾ ਇਕ ਇਥੇ ਹੀ ਖ੍ਹੋਲ ਦਿੱਤਾ ਜਾਵੇ ਤੇ ਅਜਿਹੀਆਂ ਮਹਾਨ ਆਤਮਾਵਾਂ ਨੂੰ ਇਥੇ ਦਾ ਹੀ ਸਦਾ ਬਹਾਰ ਪ੍ਰ੍ਰਧਾਨ ਰਹਿਣ ਦਿੱਤਾ ਜਾਵੇ ਘੱਟੋ-ਘੱਟ ਗੁਰੂ ਘਰ ਦਾ ਕੋਈ ਅਦਬ ਸਤਕਾਰ ਤਾਂ ਬਚਿਆ ਰਹੇ।

ਬਾਬੇ ਫੌਜਾ ਸਿੰਘ ਨੂੰ ਪਤਾ ਲੱਗਾ ਕਿ ਗੁਰਦੁਆਰੇ ਵਿਚ ਸਿਰਾਂ ਵਿਚ ਸਿੱਧੇ ਟੋਕੇ ਅਤੇ ਟਕੂਏ ਮਾਰਨ ਵਾਲਿਆਂ ਇੰਨਾਂ ਚਾਰ ਸੁਰਬੀਰਾਂ ਦੇ ਚਾਰ ਹੀ ਵਕੀਲ ਹਨ ਤੇ ਚਾਰਾਂ ਵਕੀਲਾਂ ਦਾ ਇੱਕ ਘੰਟੇ ਦਾ ਕਰੀਬਨ ਹਜਾਰ ਡਾਲਰ ਫੀਸ ਹੈ। ਯਾਨੀ ਵੀਹ ਤੋਂ ਪੱਚੀ ਹਜਾਰ ਦੇ ਕਰੀਬ ਰੋਜਾਨਾ ਕੇਵਲ ਵਕੀਲਾਂ ਦਾ ਹੀ ਖਰਚਾ ਹੈ ਤੇ ਇਸ ਕੇਸ ਦੀ ਹੀਂਅਰ ਹੋਣ ਡਹੀ ਨੂੰ ਦੂਜਾ ਹਫਤਾ ਹੋ ਗਿਆ ਹੈ ਅਤੇ ਹਾਲੇ ਕਿਸੇ ਨੂੰ ਪਤਾ ਨਹੀ ਕਿ ਇਹ ਕਦ ਤੱਕ ਚਲੇ। ਇਹ ਪੈਸੇ ਕਿਥੋਂ ਆਉਂਣੇ ਹਨ ਇਸ ਬਾਰੇ ਕਿਸੇ ਨੂੰ ਸ਼ੱਕ ਨਹੀ ਹੋਣਾ ਚਾਹੀਦਾ ਕਿਉਂਕਿ ਇਨ੍ਹਾਂ ਮਹੰਤਾਂ ਦੀ ਰਹਿੰਦ-ਖੂੰ੍ਹਦ ਕੋਲੇ ਤਿੰਨ ਵੱਡੇ ਗੁਰਦੁਆਰੇ ਹਨ ਜਿੰਨਾ ਦਾ ਅਥਾਹ ਸਰਮਾਇਆ ਕਾਲੇ ਕੋਟਾਂ ਦੀ ਜ੍ਹੇਬ ਵਿਚ ਚੋਰਾਂ ਦਾ ਮਾਲ ਡਾਗਾਂ ਦੇ ਗੱਜ ਵਾਂਗ ਪੈ ਰਿਹਾ ਹੈ।

ਲੋਕਾਂ ਦੇ ਵਿਆਹ, ਲੋਕਾਂ ਦੀਆਂ ਖੁਸ਼ੀਆਂ, ਲੋਕਾਂ ਦੀਆਂ ਸੁੱਖਣਾ, ਲੋਕਾਂ ਦੀਆਂ ਅਰਦਾਸਾਂ, ਲੋਕਾਂ ਦੇ ਸੁਖਮਨੀ ਸਾਹਿਬ ਦੇ ਪਾਠ, ਲੋਕਾਂ ਦੇ ਅੰਖਡ ਪਾਠ, ਲੋਕਾਂ ਦੇ ਨਵੇਂ ਘਰਾਂ ਦੀਆਂ ਚਰਨ ਪਵਾਈਆਂ, ਲੋਕਾਂ ਦੀਆਂ ਮਰਗਾਂ ਦੀਆਂ ਅਰਦਾਸਾਂ ਤੇ ਸਹਿਜ ਪਾਠ, ਲੋਕਾਂ ਦੇ ਕਾਕੇ ਜੰਮਣੇ ਜਾਂ ਉਨ੍ਹਾਂ ਦੇ ਬ੍ਰਥਡੇਅ ਦੀਆਂ ਖੁਸ਼ੀਆਂ ਵਿੱਚ ਕਰਾਏ ਸਮਾਗਮ ਸਭ ਵਕੀਲਾਂ ਦੀਆਂ ਜ੍ਹੇਬਾਂ ਵਿੱਚ ਇੰਝ ਤੁਰੇ ਜਾ ਰਹੇ ਸਨ ਜਿਵੇਂ ਲੋਕ ਵਿਚਾਰੇ ਭੁੱਲ ਕੇ ਇਹ ਅਰਦਾਸ ਵੀ ਕਰਾ ਬੈਠੇ ਹੋਣ ਕਿ ਸੱਚਿਆ ਪਾਤਸ਼ਾਹ ਸਾਡੀਆਂ ਮਨੋਕਾਮਨਾਵਾਂ ਤੋਂ ਬਾਅਦ ਵਕੀਲਾਂ ਦੇ ਵੱਡੇ ਘਰਾਂ, ਮਹਿੰਗੀਆਂ ਕਾਰਾਂ, ਉਨ੍ਹਾਂ ਦੇ ਕਲੱਬਾਂ-ਪੱਬਾਂ ਦੇ ਡਾਸਾਂ, ਮਿਹਿੰਗੀਆਂ ਸ਼ਰਾਬਾਂ ਅਤੇ ਕਾਲੇ ਕੋਟਾਂ ਉਪਰ ਵੀ ਮਿਹਰ ਭਰਿਆ ਹੱਥ ਰੱਖੀਂ।

ਉਂਝ ਬਾਬਾ ਸੋਚ ਰਿਹਾ ਸੀ ਮਰੇ ਬੰਦੇ ਲਈ ਅਰਦਾਸ ਦੇ ਕਿ ਇਸ ਨੂੰ ਸੱਚਖੰਡ ਨਿਵਾਸ਼ ਬਖਸ਼ੀਂ ਵਾਲੇ ਪੈਸੇ ਇਨ੍ਹਾਂ ਕਾਲੇ ਕੋਟਾਂ ਦੀਆਂ ਜ੍ਹੇਬਾਂ ਵਿੱਚ ਜਾ ਕੇ ਕਿਵੇਂ ਮਰਨ ਵਾਲੇ ਨੂੰ ਕਿਵੇਂ ਸੱਚਖੰਡ ਪਹੁੰਚਾਉਂਣਗੇ ਜਦ ਕਿ ਉਸ ਨਮਿੱਤ ਪੈਸਾ ਤਾਂ ਕੋਟਾਂ ਵਿੱਚ ਹੀ ਖੁਰਦ-ਬੁਰਦ ਹੋ ਗਿਆ! ਲੋਕਾਂ ਦੀਆਂ ਤੰਦੁਰਸੀਆਂ ਦਾ ਪੈਸਾ, ਲੋਕਾਂ ਦੇ ਵਪਾਰ ਦੇ ਵਾਧੇ ਦਾ ਪੈਸਾ ਦੇਖੋ ਕਿਵੇਂ ਵਕੀਲਾਂ ਦੇ ਵਪਾਰ ਵਿੱਚ ਜਾ ਕੇ ਵਾਧਾ ਕਰ ਰਿਹਾ ਹੈ। ਧੰਨ ਹਨ ਅਜਿਹੇ ਗੁਰੂ ਘਰ ਦੇ ਟਹਿਲੀਏ।

ਬਾਬੇ ਫੌਜਾ ਸਿੰਘ ਨੂੰ ਯਾਦ ਏ ਕਿ ਇਕ ਵਾਰ ਉਸ ਨੂੰ ਕਿਸੇ ਗੁਰਦੁਆਰੇ ਪਰਚੀਆਂ ਕੱਟਣ ਲਾ ਦਿੱਤਾ। ਕੋਈ ਸਵਾ ਪੰਜ, ਕੋਈ 11, ਕੋਈ 21 ਡਾਲਰ ਕਰ ਕਰਕੇ ਅਪਣੀਆਂ ਸੁੱਖਣਾ ਜਾਂ ਗੁਰੂ ਘਰ ਪ੍ਰਤੀ ਅਪਣੀ ਸ਼ਰਧਾ-ਭਾਵਨਾ ਦਾ ਇਜਹਾਰ ਕਰ ਰਿਹਾ ਸੀ। ਬਾਬੇ ਦੇ ਵੇਹਦਿਆਂ-ਵੇਹਦਿਆਂ ਇਕ ਬਜ਼ੁਰਗ ਮਾਈ ਆਈ, ਉਹ ਦੋ ਚਾਰ ਪੌੜੀਆਂ ਚੜ੍ਹ ਕੇ ਹੱਭੀਂ ਪਈ ਸੀ ਹੱਥ ਉਸ ਦੇ ਕੰਬ ਰਹੇ ਸਨ, ਉਸ ਕਾਉਂਟਰ ਲਾਗੇ ਆ ਕੇ ਅਪਣੀ ਕਮੀਜ ਤੇ ਪੁਰਾਣੇ ਜਮਾਨੇ ਵਰਗੀ ਵੱਖੀ ਤੇ ਲੱਗੀ ਜ੍ਹੇਬ ਫੋਲ ਫੋਲ ਕੇ ਇੱਕ ਰੁਮਾਲ ਜਿਹਾ ਕੱਢਿਆ ਤੇ ਕੰਬਦੇ ਹੱਥਾਂ ਨਾਲ ਮਸੀਂ ਉਸ ਨੂੰ ਖ੍ਹੋਲਿਆ ਤੇ ਬੜਾ ਗੁੱਛੀ-ਮੱਛੀ ਕੀਤਾ 50 ਡਾਲਰ ਦਾ ਨੋਟ ਕੱਢਕੇ ਉਸ ਉਪਰ ਇਕ ਡਾਲਰ ਹੋਰ ਰੱਖਕੇ ਕੰਬਦੇ ਹੱਥੀਂ ਬਾਬੇ ਵਲ ਵਧਾਇਆ ਤੇ ਬਾਬੇ ਨੁੰ ਪ੍ਰਸ਼ਾਦ ਦੀ ਪਰਚੀ ਕੱਟਣ ਲਈ ਕਿਹਾ।

ਬਾਬੇ ਨੂੰ ਪਤਾ ਨਹੀ ਕਿਉਂ ਅੱਜ ਕੋਰਟ ਚੋਂ ਬਾਹਰ ਆ ਕੇ ਸਿਗਰਟਾਂ ਫੂਕਦੇ ਗੋਰੇ ਵਕੀਲ ਵਲ ਦੇਖ ਜਾਪਣ ਲੱਗਾ ਜਿਵੇਂ ਇਸ ਦੀ ਸਿਗਰਟ ਦੇ ਧੂੰਏ ਵਿੱਚ ਕੰਬਦੇ ਹੱਥਾਂ ਵਾਲੀ ਮਾਈ ਦਾ ਗੁੱਛੀ-ਮੁੱਛੀ ਕੀਤਾ 50 ਦਾ ਨੋਟ ਉੱਡ ਰਿਹਾ ਪੂਰੀ ਕੌਮ ਦਾ ਮੂੰਹ ਕਾਲਾ ਕਰ ਰਿਹਾ ਹੋਵੇ ਜਿਸ ਨੂੰ ਕਈ ਦਹਾਕਿਆਂ ਤੋਂ ਉਂਗਲਾਂ ਤੇ ਗਿਣਨ ਗੋਚਰੇ ਚੌਧਰੀ ਹੀ ਲੁੱਟਦੇ ਤੇ ਮੂਰਖ ਬਣਾਈ ਤੁਰੇ ਆ ਰਹੇ ਹਨ ਪਰ ਇਹ ਘੂਕ ਸੁੱਤੀ ਪਈ ਉਨ੍ਹਾਂ ਦਾ ਵੀ ਬੰਦਿਆਂ ਵਾਗ ਸਾਥ ਨਹੀ ਦੇ ਰਹੀ ਘੱਟੋ-ਘੱਟ ਜੀਹਨਾਂ ਲੰਮੇ ਸਮੇ ਦੀ ਲੁੱਟ ਤੋਂ ਬਾਅਦ ਇਸ ਗੁੰਡਾਗਰਦੀ ਅਗੇ ਖੜੋਣ ਦੀ ਜੁਅਰਤ ਤਾਂ ਕੀਤੀ ਭਵੇਂ ਸਿਰਾਂ ਵਿੱਚ ਟੋਕੇ ਹੀ ਖਾਧੇ। ਇਸ ਤਂ ਜਾਪਦਾ ਹੈ ਕਿ ਲੋਕਾਂ ਨੇ ਅਪਣੇ ਗੁਰੂ ਦੇ ਘਰ ਨੂੰ ਕਦੇ ਵੀ ਅਪਣਾ ਘਰ ਨਹੀ ਸਮਝਿਆ ਉਸ ਨੂੰ ਕੇਵਲ ਥੋਕ ਵਿੱਚ ਲੱਖ ਖੁਸੀਆਂ ਦੇਣ ਵਾਲਾ ਕਾਰਖਾਨਾ ਜਾਂ ਸਸਤੀਆਂ ਟਿਕਟਾਂ ਤੇ ਸੱਚਖੰਡ ਪਹੁੰਚਾਉਂਣ ਵਾਲਾ ਟਰੈਵਲ ਏਜੰਟ ਹੀ ਜਾਣਿਆ ਹੈ ਜਿਸ ਨੂੰ 100-50 ਦਿਓ ਤੇ ਭਾਈ ਜੀ ਕੋਲੋਂ ਮਰੇ ਬੰਦੇ ਲਈ ਸਿੱਧਾ ਦਰਹਾਗ ਦਾ ਸਰਟੀਫਿਕੇਟ ਦਿਵਾਓ। ਜਾਂ ਪਕੌੜਿਆਂ ਨਾਲ ਲੇਹੜੋ, ਕੋਟ ਪਿੰਟਾਂ ਪਾ ਕੇ ਗੱਪ ਸ਼ੱਪ ਲਾਓ ਤੇ ਘਰਾਂ ਨੂੰ ਜਾਓ।

ਕੌਣ ਗੁਰੂ? ਕਿਹੜੀ ਗੋਲਕ, ਕਿਹੜੇ ਚੋਰ ਤੇ ਕਿਹੜੇ ਗੁੰਡੇ? ਪਰ ਇਸ ਮਰ ਚੁੱਕ ਮਿੱਟੀ ਨੂੰ ਇਹ ਨਹੀ ਪਤਾ ਲੱਗ ਰਿਹਾ ਕਿ ਹੁਣੇ 23 ਲੱਖ ਡਾਲਰ ਇੱਕ ਵੱਡੇ ਗੁਰਦੂਆਰੇ ਦੀ ਚੌਧਰ ਦੀ ਭੇਟ ਚੜ੍ਹ ਚੁੱਕਾ ਹੈ, ਇਸ ਤੋਂ ਪਹਿਲ਼ਾਂ ਲੱਖਾਂ ਡਾਕਰ ਇਨ੍ਹਾਂ ਕੋਟਾਂ ਵਿੱਚ ਤੂੜੀ ਵਾਂਗ ਤੁਹਾਡੀਆਂ ਅਰਦਾਸਾਂ ਦੇ ਉਡਾ ਦਿੱਤੇ ਹਨ ਤੇ ਹੁਣ ਲੱਖਾਂ ਨੂੰ ਫਿਰ ਰੋਜ ਹੂੰਝਾਂ ਫਿਰ ਰਿਹਾ ਹੈ ਤੇ ਇਹ ਕੌਮ ਮੇਰੀ ਸੁੱਤੀ ਪਈ ਹੈ ਜਦ ਇਸ ਦੇ ਸਾਹਵੇਂ ਬੱਚੇ ਇਸ ਦੇ ਸਿੱਖੀ ਤੋਂ ਪਤਤ ਹੋ ਕੇ ਡਰੱਗਾਂ ਵਿੱਚ ਰੁੜ ਰਹੇ ਸੜਕਾਂ ਤੇ ਲੜ ਲੜ ਮਰ ਰਹੇ ਹਨ ਜਦ ਕਿ ਇੰਨੇ ਪੈਸੇ ਨਾਲ ਖਾਲਸਾ ਸਕੂਲ ਤਾਂ ਕੀ ਖਾਲਸਾ ਕਾਲਜ ਖ੍ਹੋਲ ਕੇ ਬੱਚਿਆਂ ਦਾ ਕੋਈ ਬਾਨਣੂ ਬੰਨਿਆ ਜਾ ਸਕਦਾ ਸੀ ਪਰ ਇਸ ਦੇ ਸਾਹਵੇਂ ਹੁਣੇ ਖਾਲਸਾ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਂਣ ਵਾਲੇ ਵਿਚਾਰੇ ਡਾਲਰ ਡਾਲਰ ਨੂੰ ਲਿਲੜੀਆਂ ਲੈਂਦੇ ਦੇਖੇ ਗਏ ਜਿਹੜੇ ਇੱਕ ਪੇੈਸੇ ਖੁਣੋਂ ਹੀ ਇੱਕ ਹੋਰ ਬਗਿਆੜ ਟੋਲੇ ਦੀ ਭੇਟ ਚ੍ਹੜ ਚਲੇ ਸਨ ਪਰ ਭਲੇ ਬਚੇ..!

ਬਾਬੇ ਫੌਜਾ ਸਿੰਘ ਨੂੰ ਯਾਦ ਏ ਇੱਕ ਵਾਰੀ ਮਿਲਟਨ ਉਸ ਦੇ ਰਿਸ਼ਤੇਦਾਰ ਨੇ ਨਵੇਂ ਘਰ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਾਉਂਣਾ ਸੀ ਤੇ ਬਾਬਾ ਕਹਿਣ ਲਗਾ ਕਿ ਕਿਉਂ ਨਾ ਆਪਾਂ ਰਲਕੇ ਆਪ ਹੀ ਪਾਠ ਕਰੀਏ ਤੇ ਬੱਚੇ ਕੀਰਤਨ ਕਰਨ। ਗੱਲ ਉਸ ਦੇ ਮਨ ਨੂੰ ਲੱਗੀ ਕਿਸੇ ਮਿੱਤਰ ਦੇ ਘਰੋਂ ਸ੍ਰੀ ਗੁਰੂ ਗਰੰਥ ਸਹਿਬ ਜੀ ਦਾ ਪ੍ਰਬੰਧ ਵੀ ਹੋ ਗਿਆ ਪਰ ਮਸਲਾ ਲੰਗਰ ਦਾ ਸੀ। ਹਾਲੇ ਉਹ ਮੂਵ ਹੋਏ ਨਹੀ ਸਨ ਤੇ ਲੰਗਰ ਪਾਣੀ ਦਾ ਉਥੇ ਕੋਈ ਪ੍ਰਬੰਧ ਹੋ ਨਹੀ ਸੀ ਸਕਣਾ। ਧਾਰਮਿਕ ਸਮਾਗਮ ਕਰਕੇ ਉਹ ਬਾਹਰੋ ਕੇਟਰਿੰਗ ਦੇ ਹੱਕ ਵਿੱਚ ਨਹੀ ਸੀ ਸੋ ਕਰ ਕਰਾ ਕੇ ਬਾਬੇ ਸਮੇਤ ਉਸ ਨੇ ਕਈ ਗੁਰਦੂਆਰਿਆਂ ਨਾਲ ਸੰਪਰਕ ਕੀਤਾ ਕਿ ਅਸੀਂ ਸਾਰੀ ਸੇਵਾ ਵੀ ਆਪ ਕਰ ਲਾਂ ਗੇ ਤੇ ਜਿਵੇਂ ਤੁਸੀਂ ਕਹੋਂਗੇ ਗੁਰੂ ਘਰ ਨੂੰ ਉਸੇ ਹਿਸਾਬ ਸੇਵਾ ਦੇ ਦੇਵਾਂਗੇ ਪਰ ਕ੍ਰਿਪਾ ਕਰਕੇ ਲੰਗਰ ਦਾ ਜੇ ਪ੍ਰਬੰਧ ਹੋ ਸਕੇ। ਪਰ ਜਿਸ ਗੁਰਦੁਆਰੇ ਨੂੰ ਪਤਾ ਲੱਗਦਾ ਕਿ ਪਾਠ ਇਨ੍ਹਾਂ ਆਪ ਕਰਨਾ ਤੇ ਗੁਰੂ ਗਰੰਥ ਸਾਹਿਬ ਵੀ ਇਨ੍ਹਾ ਦੇ ਆਪ ਦੇ ਨੇ ਉਹੀ ਜਵਾਬ ਦੇ ਜਾਏ। ਉਨ੍ਹਾਂ ਦਾ ਸਿਧਾ ਜਵਾਬ ਹੁੰਦਾ ਜਿਸ ਦਾ ਮੱਤਲਬ ਇਹ ਸੀ ਕਿ ਅਸੀਂ ਪੈਕਿਜ ਵੇਚਦੇ ਹਾਂ ਹੋਲ ਸੇਲ ਵਿੱਚ। ਯਾਨੀ ਵਿਚੇ ਗਰੰਥੀ ਭਾਈ ਵੀ ਸਾਡੇ, ਬਾਬਾ ਜੀ ਵੀ ਸਾਡੇ ਤੇ ਫਿਰ ਲੰਗਰ ਵੀ ਸਾਡਾ। ਯਾਨੀ ਪੈਕਿਜ ਖੋਹਲ਼ ਕੇ ਇਕੱਲੇ ਲੰਗਰ ਦੀ ਕੋਈ ਸੇਲ ਨਹੀ...? ਤੇ ਆਖਰ ਹਾਰ ਕੇ ਪੂਰਾ ਪੈਕਿਜ ਹੀ ਲੈਣਾ ਪਿਆ ਤਾਂ ਮਸਲਾ ਹੱਲ ਹੋਇਆ। ਬਾਬਾ ਸੋਚ ਰਿਹਾ ਸੀ ਕਿ ਬਜਾਇ ਇਸ ਦੇ ਕਿ ਪ੍ਰਬੰਧਕਾਂ ਨੂੰ ਕੋਈ ਖੁਸ਼ੀ ਹੁੰਦੀ ਕਿ ਸ਼ੁਕਰ ਏ ਸਿੱਖ ਆਪ ਬਾਣੀ ਪੜਨ ਤੇ ਕੀਤਰਨ ਕਰਨ ਦੀ ਪਿਰਤ ਪਾਉਂਣ ਲਗੇ ਨੇ ਤੇ ਇਨ੍ਹਾਂ ਦੀ ਸਗੋਂ ਹੋਰ ਮਦਦ ਕੀਤੀ ਜਾਵੇ ਬਲਕਿ ੳਨ੍ਹਾਂ ਨੂੰ ਅਪਣੇ ਅਪਣੇ ਪੈਕਿਜ ਵੇਚਣ ਦਾ ਫਿਕਰ ਲੱਗਾ ਹੋਇਆ ਸੀ ਤੇ ਉਹੀ ਪੈਕਿਜ ਹੁਣ ਵਕੀਲਾਂ ਦੀਆਂ ਜ੍ਹੇਬਾਂ ਵਿੱਚ ਭੰਗੜੇ ਪਾ ਰਹੇ ਸਨ!!

ਬਾਬੇ ਫੌਜਾ ਸਿੰਘ ਦੇ ਹੇਠਲੀ ਬੀਬੀ ਨ੍ਹਾਨ ਬਣਾਉਣ ਵਾਲੀ ਬੇਕਰੀ ਵਿੱਚ ਕੰਮ ਕਰਦੀ ਹੈ। ਉਥੇ ਸਿਆਲ ਵਿੱਚ ਹੀ ਇੰਨੀ ਤਪਸ਼ ਹੁੰਦੀ ਕਿ ਬੰਦੇ ਦੇ ਪਸੀਨੇ ਛੁੱਟ ਜਾਂਦੇ ਹਨ ਪਰ ਗਰਮੀਆਂ ਵਿੱਚ ਤਾਂ ਅੱਗ ਵਰ੍ਹਦੀ ਨਿਰੀ ਅੱਗ। ਉਹ ਘਰ ਵਿਹਂਦੇ ਫਿਰਦੇ ਸਨ ਕਰੀਬਨ ਘਰ ਲੈਣ ਦੀਆਂ ਤਿਆਰੀਆਂ ਕਰਕੇ ਉਹ ਬਾਬੇ ਨੂੰ ਇਕ ਦਿਨ ਪੁੱਛਣ ਲੱਗੀ ਕਿ ਬਾਬਾ ਮੇਰੀ ਬੜੀ ਸ਼ਰਧਾ ਹੈ ਕਿ ਘਰ ਜਾਣ ਤੋਂ ਪਹਿਲਾਂ ਮੈਂ ਗੁਰੂ ਜੀ ਦੇ ਘਰੇ ਚਰਨ ਪਵਾਵਾਂ ਤੇ ਨਾਲੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਉਂਣਾ ਹੈ ਕਿੰਨੀ ਕੁ ਸੇਵਾ-ਖਰਚਾ ਹੋਵੇਗਾ।

ਬਾਬਾ ਫੌਜਾ ਸਿੰਘ ਦਾ ਪਤਾ ਨਹੀ ਦਿਲ ਨਹੀ ਸੀ ਕਰ ਰਿਹਾ ਇਸ ਨੂੰ ਕਹੇ ਕਿ ਬੀਬਾ ਤੂੰ ਖਰਚਾ ਕਰਕੇ ਕਿਸੇ ਗੁਰਦੁਆਰੇ ਕੋਲੋਂ ਪਾਠ ਕਰਾ ਇਨਾਂ ਤੇਰਾ ਭੱਠੀਆਂ ਅਗੇ ਖੜ-ਖੜ ਇਕੱਠਾ ਕੀਤਾ ਪੈਸਾ ਬੜੀ ਬੇਹਯਾਈ ਨਾਲ ਕਾਲੇ ਕੋਟਾਂ ਦੀਆਂ ਜ੍ਹੇਬਾਂ ਵਿੱਚ ਤੂੜ ਆਉਂਣਾ ਈ ਤੇ ਉਨ੍ਹਾਂ ਤੇਰਾ 4-5 ਸੌ ਡਾਲਰ ਇਕੇ ਰਾਤ ਹੀ ਮਹਿੰਗੀ ਸ਼ਰਾਬ ਵਿੱਚ ਅੱਗ ਲਾ ਕੇ ਫੂਕ ਸੁੱਟਣਾ ਈ ਬਚ ਜਾ ਜੇ ਬਚਣਾ ਈ ਪਰ ਬਾਬਾ ਕਹਿੰਦਾ ਕਹਿੰਦਾ ਰਹਿ ਗਿਆ ਜਾਂ ਪਤਾ ਨਹੀ ਬਾਬੇ ਨੂੰ ਅਪਣਾ ਗੁਰਦੁਆਰਾ ਦਿੱਸਣ ਲਗ ਪਿਆ ਜਿਹੜਾ ਹਾਲੇ ਤੱਕ ਤਾਂ ਬੱਚਿਆ ਸੀ ਪਰ ਇਸ ਕਰਕੇ ਨਹੀ ਕਿ ਉਥੇ ਬੜੇ ਈਮਾਨਦਾਰ ਹਾਂ ਅਸੀਂ ਸਾਰੇ ਬਲਕਿ ਉਥੇ ਵਕੀਲਾਂ ਨੂੰ ਦੇਣ ਲਈ ਹਾਲੇ ਹੈ ਹੀ ਕੁਝ ਨਹੀ!!

ਬਾਬੇ ਫੌਜਾ ਸਿੰਘ ਨੂੰ ਬਗਿਆੜਾਂ ਤੋਂ ਲੇਲੇ ਬਣੇ ਸੂਰਬੀਰਾਂ ਵਲ ਵੇਖ ਗੋਲਕ ਚੋਰੀ ਵੇਲੇ ਦੇ ਅੱਖੀਂ ਡਿੱਠੇ ਨਜਾਰੇ ਚੇਤੇ ਆ ਕੇ ਢੂਈ ਤੇ ਰੁੱਖ ਉੱਗੇ ਤੋਂ ਛਾਵੇਂ ਬਹਿਣ ਵਾਲੀ ਕਹਾਵਤ ਚੇਤੇ ਆ ਰਹੀ ਸੀ ਕਿ ਬੰਦਾ ਕਿਸੇ ਚੰਗੇ ਕੰਮ ਲਈ ਤਾਂ ਬਾਘੀਆਂ ਪਾਉਂਦਾ ਫੱਬੇ ਵੀ ਪਰ ਕੱਛੇ ਦੇ ਨੇਫਿਆਂ ਵਿੱਚ ਗੋਲਕ ਦਾ ਪੈਸਾ ਲੁਕਾਉਂਣ ਵਾਲੇ ਦੀ ਹਮਾਇਤ ਤੇ ਹੀ ਬਾਘੀਆਂ ਪਾਈ ਜਾ ਰਹੇ ਸਨ ਇਹ ਸੂਰਮੇ ਤੇ ਹੋਰ ਹੈਰਾਨੀ ਤੇ ਸ਼ਰਮਿੰਦਗੀ ਦੀ ਗੱਲ ਉਪਰੋਂ ਇਹ ਕਿ ਇਨ੍ਹਾਂ ਮਹਾਂ-ਆਤਮਾਵਾਂ ਨਾਲ ਦੁਮਾਲਿਆਂ, ਚੋਲਿਆਂ ਤੇ ਬੱਤੀਆਂ ਬੰਦ ਕਰ ਕਰ ਚਲੀਹੇ ਕਟਾਉਂਣ ਵਾਲੇ ਖਾਲਿਸਤਾਨੀ ਯੋਧੇ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਨ ਜੀਨ੍ਹਾਂ ਨੂੰ ਕਿਸੇ ਵਿਦਾਵਾਨ ਦੀ ਤਾਂ ਚੰਗੀ ਗੱਲ ਵੀ ਪੰਥ ਨੂੰ ਖਤਰਾ ਜਾਪਦੀ ਪਰ ਚੋਰਾਂ ਦੀ ਗੋਲਕ ਚੋਰੀ ਵੀ ਪੰਥ ਦੀ ਚੜ੍ਹਦੀ ਕਲ੍ਹਾ ਲੱਗਣ ਲੱਗਦੀ। ਜਿਹੜੇ ਕਿਸੇ ਧਾਰਮਿਕ ਸਮਾਗਮ ਖਿਲਾਫ ਤਾਂ ਤਲਵਾਰਾਂ ਟੱਕੂਏ ਚੁੱਕ ਲੈਂਦੇ ਪਰ ਗੁਰੂ ਘਰਾਂ ਵਿੱਚ ਨੱਚਣ ਗਾਉਂਣ ਨੂੰ ਲੈ ਕੇ ਜਿੰਨਾ ਦੀਆਂ ਜੁਬਾਨਾ ਹੀ ਠਾਕੀਆਂ ਜਾਦੀਆਂ।

ਜੋ ਵੀ ਸੀ ਬਾਬਾ ਫੌਜਾ ਸਿੰਘ ਨੂੰ ਕੋਟਾਂ ਵਿੱਚ ਸਿੱਖ ਕੌਮ ਦਾ ਰੁਲਦਾ ਸਰਮਾਇਆ ਦੇਖ ਭੋਲੀ ਕੌਮ ਤੇ ਤਰਸ ਆ ਰਿਹਾ ਸੀ ਜਿਹੜੇ ਅੱਖੀਂ ਹੁੰਦੀ ਨਿੱਤ ਦੀ ਗੁੰਡਾਗਰਦੀ ਦੇਖ ਵੀ ਕਬੂਤਰ ਵਾਂਗ ਅੱਖਾਂ ਮੀਚੀ ਬੈਠੇ ਹਨ ਕਿ ਸਾਨੂੰ ਕੀ ਜੋ ਕਰਨਗੇ ਸੋ ਭਰਨਗੇ। ਕਮਲਿਓ ਕੁਝ ਨਹੀਂ ਕਰਨਾ ਸਮਾਂ ਕੱਢ ਕੇ ਉਨ੍ਹਾਂ ਯੋਧਿਆਂ ਦੀਆਂ ਸੂਰਤਾਂ ਦੇ ਦਰਸ਼ਨ ਤਾਂ ਪਾ ਆਓ ਜਿਹੜੇ ਤੁਹਾਡਾ, ਤੁਹਾਡੇ ਬੱਚਿਆਂ ਦਾ, ਤੁਹਾਡੇ ਧਰਮ ਦਾ ਇਤਿਹਾਸ ਦਾ ਭਵਿੱਖ ਤਬਾਹ ਕਰਨ ਤੇ ਤੁਲੇ ਹੋਏ ਹਨ ਤੇ ਸਾਰੇ ਭਾਈਚਾਰੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਰਹੇ ਹਨ।

ਪੂਰਾ ਵੇਰਵਾ ਦੇਖਣ ਲਈ ਇਥੇ ਕਲਿੱਕ ਕਰੋ ਜੀ

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top