Share on Facebook

Main News Page

ਸੰਤ ਕੀ ਨਿੰਦਾ!!!

ਫੋਨ ਆਉਂਦਾ ਹੈ, ਭਾਈ ਸਾਹਬ ਤੁਸੀਂ ਆਹ ਸੰਤ ਈਸਰ ਸਿੰਘ ਜੀ ਰਾੜੇਵਾਲੇ ਮਹਾਰਾਜ ਬਾਰੇ ਲਿਖਿਆ ਹੈ ਤੁਹਾਡਾ ਮੱਕਸਦ ਕੀ ਹੈ? ਫੋਨ ਵਾਲੀ ਅਵਾਜ ਬਹੁਤ ਖ਼ਫਾ ਹੈ ਤੇ ਉਸ ਨੇ ਕੋਈ 15 ਮਿੰਟ ਮੈਨੂੰ ਬੋਲਣ ਦਾ ਸਮਾ ਨਹੀਂ ਦਿੱਤਾ। ਇਸ ਤਰ੍ਹਾ ਦੇ ਫੋਨ ਕੋਈ ਰਾਤ 11 ਵਜੇ ਤੱਕ ਆਉਂਦੇ ਰਹਿੰਦੇ ਹਨ ਅਤੇ ਸੋਮਵਾਰ ਤੱਕ ਆਉਂਦੇ ਹਨ। ਸਾਰਿਆਂ ਵਿੱਚ ਇੱਕੋ ਤਰ੍ਹਾਂ ਦਾ ਜੋਸ਼ ਤੇ ਕਰੀਬਨ ਰਲਵੀ ਮਿਲਵੀਂ ਭਾਸ਼ਾ। ਸਾਰਿਆਂ ਉਪਰ ...ਇੱਕੇ ਜਿਹੀ ਕਿਸਮ ਦਾ ਪ੍ਰਭਾਵ ਸੀ। ਜਿਵੇਂ ਉਹਨਾ ਦੀ ਬੜੀ ਭਗਤੀ ਸੀ, ਉਹ ਸਾਡੇ ਮਹਾਰਾਜ ਸਨ, ਉਹਨਾ ਨੂੰ ਅਸੀਂ ਗੁਰੂਆਂ ਵਾਂਗ ਪੂਜਦੇ ਸਾਂ, ਤੁਸੀਂ ਸਾਡੇ ਹਿਰਦੇ ਵਲੂੰਧਰ ਦਿੱਤੇ, ਉਹਨਾ ਲੱਖਾਂ ਪਣੀਆਂ ਨੂੰ ਅੰਮ੍ਰਤਿ ਪਾਨ ਕਰਾਕੇ ਗੁਰੂ ਨਾਲ ਜੋੜਿਆ, ਤੁਸੀਂ ਦਸਣਾ ਕੀ ਚਾਹੁੰਦੇ ਲੋਕਾਂ ਨੂੰ? ਆਦਿ!

ਪਰ ਸਾਨੂੰ ਇੰਝ ਜਾਪਦਾ ਹੈ ਕਿ ਬੇਸ਼ਕ ਅਸੀਂ ਮੱਥਾ ਗੁਰੂ ਗਰੰਥ ਸਾਹਿਬ ਨੂੰ ਟੇਕਦੇ ਹਾਂ ਪਰ ਪ੍ਰਭਾਵ ਸਾਡੇ ਉਪਰ ਦੇਹਾਂ ਦਾ ਹੀ ਹੈ ਜਿਸ ਵਿਚੋਂ ਗੁਰੂ ਨੇ ਕੱਢ ਕੇ ਸ਼ਬਦ ਗੁਰੂ ਦੇ ਲੜ ਲਾਇਆ ਸੀ। ਅਸੀਂ ਬਿਨਾ ਕਿਸੇ ਵਿਵਾਦ ਦੀ ਭਾਵਨਾ ਤੋਂ ਅੱਜ ਕੁਝ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ ਸ਼ਾਇਦ ਅਸੀਂ ਇੱਕ ਦੂਜੇ ਦੀਆਂ ਭਾਵਨਾਵਾ ਸਮਝ ਸਕੀਏ ਅਤੇ ਦੇਹਾਂ ਤੋਂ ਖਹਿੜਾ ਛੁਡਾ ਕੇ ਗੁਰੂ ਸਬਦ ਦੀ ਲੋਅ ਵਿੱਚ ਤੁਰਨ ਬਾਰੇ ਸੋਚਣ ਲੱਗੀਏ। ਅੱਜ ਸਾਨੂੰ ਡੇਰਾਵਾਦ ਦੀਆਂ ਚਣੌਤੀਆਂ ਵਿਚੋਂ ਲੰਘਣਾ ਪੈ ਰਿਹਾ ਹੈ ਅਸੀਂ ਬਥੇਰਾ ਭੰਨਿਆਰੇ, ਸੌਦੇ ਸਾਧ, ਰਾਧਾ ਸੁਆਮੀਆਂ ਆਦਿ ਨੂੰ ਕੋਸ ਲਿਆ ਹੈ ਹੁਣ ਸਾਨੂੰ ਥੋੜਾ ਅਪਣੇ ਅੰਦਰ ਵੀ ਝਾਤ ਪਾ ਲੈਣੀ ਬਣਦੀ ਹੈ। ਅਪਣੇ ਅੰਦਰਲੇ ਡੇਰਿਆਂ ਦੇ ਫਰਕ ਸਮਝਣ ਤੋਂ ਬਿਨਾ ਬਾਹਰ ਦੇ ਡੇਰੇ ਸਾਡੀ ਪਕੜ ਵਿੱਚ ਨਹੀ ਆਉਂਣਗੇ ਕਿਉਂਕਿ ਜਦ ਤਕ ਅਸੀਂ ਖੁਦ ਨਹੀ ਡੇਰਿਆਂ ਤੋਂ ਅਪਣਾ ਖਹਿੜਾ ਛੁਡਵਾਉਂਦੇ ਉਨੀ ਦੇਰ ਅਸੀਂ ਸੌਦੇ ਸਾਧ ਜਾਂ ਰਾਧਾ ਸੁਆਮੀ ਆਦਿ ਡੇਰਿਆਂ ਦੀ ਅਲੋਚਨਾ ਵਿਚੋਂ ਕੁਝ ਹਾਸਲ ਨਹੀ ਕਰਾਂਗੇ। ਅਸੀਂ ਠੰਡੇ ਦਿਲ ਨਾਲ ਗੱਲ ਸੁਣਨ ਦੀ ਜੁਅਰਤ ਪੈਦਾ ਕਰੀਏ ਨਾਂ ਕਿ ਵਿਅਕਤੀਗਤ ਦੇਹਾਂ ਦੇ ਪ੍ਰਭਾਵ ਹੇਠਾਂ ਗੁਰੂ ਸਬਦ ਨੂੰ ਅਣਗੌਲਿਆ ਕਰੀਏ।

ਸੰਤ ਈਸ਼ਰ ਸਿੰਘ ਜੀ ਰਾੜੇਵਾਲਿਆਂ ਤੋਂ ਸ਼ੁਰੂ ਕਰਦੇ ਹਾਂ। ਉਹਨਾ ਦੀ ਅਲੋਚਨਾ ਤੋਂ ਸਾਨੂੰ ਬਹੁਤ ਘਬਰਾਹਟ ਹੋਈ ਹੈ ਪਰ ਉਹਨਾ ਵਲੋਂ ਜਾਣੇ ਜਾਂ ਅਨਜਾਣੇ ਗੁਰੂ ਗਰੰਥ ਸਾਹਿਬ ਜੀ ਦੀ ਅਲੋਚਨਾ ਤੋਂ ਇੰਨੀ ਘਬਰਾਹਟ ਸਾਨੂੰ ਕਦੇ ਕਿਉਂ ਨਹੀ ਹੋਈ? ਗੁਰੂ ਗਰੰਥ ਸਾਹਿਬ ਵਿੱਚ ਜੀਹਨਾ ਨੂੰ ਮੁੱਢੋਂ ਰੱਦ ਕੀਤਾ ਗਿਆ ਹੈ, ਉਹਨਾ ਨੂੰ ਜੇ ਉਹ ਸਾਡੇ ਬਜੁਰਗ ਭਗਵਾਨ ਕਹਿਕੇ ਪੇਸ਼ ਕਰਦੇ ਹਨ ਤਾਂ ਉਹ ਕੀ ਗੁਰੂ ਗਰੰਥ ਸਾਹਿਬ ਦੀ ਅਲੋਚਨਾ ਨਹੀ ਕਰ ਰਹੇ? ਮਸਲਨ ਸ੍ਰੀ ਰਾਮ ਚੰਦ੍ਰ ਬਾਰੇ ਗੁਰਬਾਣੀ ਬੜੀ ਸਪੱਸ਼ਟ ਹੈ ਕਿ ਉਹ ਸੀਤਾ ਅਤੇ ਲਛਮਣ ਦੇ ਵਿਯੋਗ ਵਿੱਚ ਧਾਹੀਂ ਮਾਰ ਮਾਰ ਰੋਂਦਾ ਰਿਹਾ, ਭਗਤ ਨਾਮਦੇਵ ਜੀ ਨੇ ਬੜਾ ਸਪੱਸ਼ਟ ਕਹਿ ਦਿਤਾ ਕਿ ਪਾਂਡੇ ਦੇਖਿਆ ਤੇਰਾ ਰਾਮ ਚੰਦ ਜਿਹੜਾ ਘਰ ਦੀ ਜੋਇ ਗਵਾਈ ਫਿਰਦਾ ਸੀ। ਕੇਵਲ ਗੁਰੂ ਗਰੰਥ ਸਾਹਿਬ ਹੀ ਨਹੀ ਬਲਕਿ ਬ੍ਰਹਾਮਣ ਦੇ ਖੁਦ ਦੇ ਗਰੰਥ ਵੀ ਸ੍ਰੀ ਰਾਮਚੰਦ੍ਰ ਨੂੰ ਇੰਝ ਹੀ ਪੇਸ਼ ਕਰਦੇ ਹਨ, ਇਥੋਂ ਤੱਕ ਕਿ ਉਹ ਇੱਕ ਆਖੇ ਜਾਂਦੇ ਸ਼ੂਦਰ, ਸ਼ਭੂੰਕ ਦਾ ਇਸ ਕਰਕੇ ਸਿਰ ਵੱਢ ਦਿੰਦੇ ਹਨ ਕਿ ਉਹ ਭਗਤੀ ਨਹੀ ਕਰ ਸਕਦਾ। ਉਹ ਬਾਲੀ ਨੂੰ ਸੂਰਮਿਆਂ ਦੀ ਪ੍ਰੰਪਰਾ ਦੇ ਉਲਟ ਲੁੱਕ ਕੇ ਤੀਰ ਮਾਰਦੇ ਹਨ ਜੋ ਇੱਕ ਬੇਹੱਦ ਬੁੱਜਦਿਲਾਨਾ ਕਰਮ ਹੈ।

ਪਰ ਸਾਡੇ ਇਹਨਾ ਮਹਾਂਪੁਰਖਾਂ ਸਾਰੀ ਉਮਰ ੳਸ ਨੂੰ ਸਿੱਖ ਸਟੇਜਾਂ ਤੇ ਭਗਵਾਨ ਕਹਿਕੇ ਪ੍ਰਚਾਰਿਆ ਇਹ ਕੀ ਗੁਰੂ ਗਰੰਥ ਸਾਹਿਬ ਜੀ ਦੀ ਅਲੋਚਨਾ ਨਹੀਂ? ਵਿਸ਼ਨੂੰ ਬਾਰੇ ਗੁਰਬਾਣੀ ਤੋਂ ਬਿਨਾ ਬ੍ਰਹਾਮਣ ਦਾ ਸ਼ਿਵ ਪੁਰਾਣ ਗਰੰਥ ਖੁਦ ਕਹਿ ਰਿਹਾ ਕਿ ਉਸ ਜਲੰਧਰ ਦੈਂਤ ਦੀ ਪਤਨੀ ਨਾਲ ਧੋਖੇ ਨਾਲ ਬਲਾਤਕਾਰ ਕੀਤਾ! ਪਰ ਸਾਡੇ ਇਹਨਾ ਕਰੀਬਨ ਸਾਰੇ ਹੋ ਚੁੱਕੇ ਮਹਾਂਪੁਰਖਾਂ ਉਸ ਨੂੰ ਵੀ ਗੁਰੂ ਦੀ ਹਜੂਰੀ ਵਿੱਚ ਭਗਵਾਨ ਕਹਿ ਕੇ ਸਿੱਖਾਂ ਦੇ ਸਿਰਾਂ ਵਿੱਚ ਵਾੜਿਆ। ਬ੍ਰਹਮਾ ਕਾਮ ਵਸ ਹੋ ਕੇ ਅਪਣੀ ਸੱਕੀ ਧੀ ਮਗਰ ਦੌੜਿਆ, ਗੁਰਬਾਣੀ ਵਿੱਚ ਵੀ ਜਿਕਰ ਹੈ। ਪਾਰਬਤੀ ਤੇ ਸ਼ਿਵ ਜੀ ਦੇ ਫੇਰਿਆਂ ਵੇਲੇ ਪਾਰਬਤੀ ਦਾ ਕੇਵਲ ਪੈਰ ਦੇਖਕੇ ਬ੍ਰਹਮਾ ਜੀ ਦਾ ਵੀਰਜ ਪਾਤ ਹੋ ਗਿਆ ਪਰ ਇਸ ਨੂੰ ਵੀ ਸਾਡੇ ਹੁਣ ਵਾਲੇ ਤੇ ਹੋ ਚੁੱਕੇ ਮਹਾਂਪੁਰਖਾਂ ਭਗਵਾਨ ਕਹਿ ਕੇ ਪ੍ਰਚਾਰਿਆ! ਇਹ ਕੀ ਗੁਰੂ ਗਰੰਥ ਸਹਿਬ ਦੀ ਅਲੋਚਨਾ ਨਹੀਂ? ਕ੍ਰਿਸ਼ਨ ਜੀ ਭਗਵਤ ਪੁਰਾਣ ਮੁਤਾਬਕ ਵਿਆਹ ਤੋਂ ਇੱਕ ਦਿਨ ਪਹਿਲਾਂ ਰੁਕਮਣੀ ਨੂੰ ਕੱਢ ਕੇ ਲੈ ਆਉਂਦੇ ਹਨ ਅਤੇ 16108 ਤੋਂ ਉਪਰ ਉਹਨਾ ਦੀਆਂ ਔਰਤਾਂ ਹਨ। ਇੱਕ ਗੋਪੀ ਪਿਛੇ ਪਾਰਜਾਤ ਰੁੱਖ ਲਿਆਉਂਣ ਲਈ ਇੰਦਰ ਨਾਲ ਲੜਾਈ ਵੇਲੇ ਹਜਾਰਾਂ ਬੰਦੇ ਲੇਖੇ ਲਗ ਜਾਂਦੇ ਹਨ ਪਰ ਸਾਡੇ ਸੰਤ ਉਹ ਨੂੰ ਵੀ ਭਗਵਾਨ ਆਖ ਕੇ ਉਹਨਾ ਦੀਆਂ ਕਹਾਣੀਆਂ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੁਣਾਉਂਦੇ ਰਹੇ ਹਨ ਇਹ ਕੀ ਗੁਰੂ ਦੀ ਅਵੱਗਿਆ ਨਹੀ?

ਬਾਬਾ ਨੰਦ ਸਿੰਘ ਜੀ ਬੜੀ ਸਤਿਕਾਰ ਜੋਗ ਸਖਸ਼ੀਅਤ ਮੰਨੀ ਜਾਂਦੀ ਹੈ ਸਿੱਖ ਕੌਮ ਵਿਚ। ਸਾਨੂੰ ਉਹਨਾ ਦਾ ਜਿਕਰ ਇਥੇ ਤਾਂ ਕਰਨਾ ਪੈ ਰਿਹਾ ਹੈ ਕਿ ਸੰਤ ਈਸ਼ਰ ਸਿੰਘ ਤੋਂ ਬਾਅਦ ਹਰੇਕ ਫੋਨ ਕਰਨ ਵਾਲੇ ਨੇ ਇਹਨਾ ਦਾ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਦੀਆਂ ਮਿਸਾਲਾਂ ਨਾਲ ਦੇ ਮਾਰੀਆਂ ਕਿ ਕੀ ਫਿਰ ਆਹ ਵੀ ਗਲਤ ਸੀ, ਔਹ ਵੀ ਗਲਤ ਸੀ? ਇਸ ਵਿਚੋਂ ਸਾਡੇ ਭਰਾਵਾਂ ਭੈਣਾਂ ਦੀ ਵਿਚਾਰਗੀ ਸਪੱਸ਼ਟ ਝਲਕਦੀ ਸੀ ਕਿਉਂਕਿ ਉਹ ਕਿਤੇ ਨਾ ਕਿਤੇ ਨੌਂਹ ਅੜਾ ਕੇ ਅਪਣੀਆਂ ਮਿੱਥਾਂ ਬਣਾਈ ਰੱਖਣਾ ਚਾਹੁੰਦੇ ਸਨ। ਜਦ ਕਿ ਗਲਤ ਜਾਂ ਠੀਕ ਦਾ ਫੈਸਲਾ ਕਰਨ ਦੀ ਸਾਡੀ ਕੋਈ ਹੈਸੀਅਤ ਨਹੀਂ। ਨਾ ਅਸੀਂ ਕਿਸੇ ਨੂੰ ਗਲਤ ਜਾਂ ਠੀਕ ਕਿਹਾ ਅਸੀਂ ਤਾਂ ਉਹਨਾ ਦੇ ਹੀ ਕੀਤੇ ਬੱਚਨ ਜਾਂ ਕੰਮ ਲੋਕਾਂ ਅੱਗੇ ਰੱਖੇ ਹਨ ਕੋਲੋਂ ਕੁਝ ਨਹੀ ਕਿਹਾ।

ਕੋਈ ਵੀ ਮਿੱਥ ਬਣਾਉਂਣ ਜਾਂ ਤੋੜਨ ਵੇਲੇ ਸਾਨੂੰ ਇੱਕ ਗੱਲ ਹਮੇਸ਼ਾਂ ਅਪਣੇ ਜ਼ਿਹਨ ਵਿੱਚ ਰੱਖਣੀ ਚਾਹੀਦੀ ਹੈ ਕਿ ਕੋਈ ਚਾਹੇ ਕਿੰਨਾ ਵੀ ਵੱਡਾ ਸੰਤ ਜਾਂ ਸਖਸ਼ਅੀਤ ਕਿਉਂ ਨਾ ਹੋਵੇ ਪਰ ਗੁਰੂ ਗਰੰਥ ਸਾਹਿਬ ਤੋਂ ਵੱਡਾ ਕੋਈ ਨਹੀ। ਹਰੇਕ ਪੂਰਨਮਾਸ਼ੀ ਤੇ ਨਾਨਕਸਰ ਵਾਲੇ ਆਰਤੀ ਪੜ੍ਹਦੇ ਹਨ। ਇਹ ਆਰਤੀ ਬਾਬਾ ਨੰਦ ਸਿੰਘ ਜੀ ਵੇਲੇ ਤੋਂ ਤੁਰੀ ਆ ਰਹੀ ਹੈ ਤੇ ਉਹਨਾ ਵਲੋਂ ਸ਼ੁਰੂ ਕੀਤੀ ਮੰਨੀ ਜਾਂਦੀ ਹੈ। ਇਸ ਆਰਤੀ ਵਿੱਚ ਗੁਰਬਾਣੀ ਦੇ ਸਬਦਾਂ ਤੋਂ ਇਲਾਵਾ ਦਸਮ ਗਰੰਥ ਵਿਚਲੀ ਆਰਤੀ ਵੀ ਆਉਂਦੀ ਹੈ ਜਿਸ ਬਾਰੇ ਪਤਾ ਕਰਨ ਤੇ ਪਤਾ ਚਲਿਆ ਕਿ ਖੁਦ ਪੜਨ ਵਾਲਿਆ ਚੋਂ ਬਾਹਲਿਆਂ ਨੂੰ ਨਹੀ ਪਤਾ ਕਿ ਇਹ ਆਰਤੀ ਕਿਥੋਂ ਆਈ ਹੈ। ਇਹ ਆਰਤੀ ਇੰਦਰ ਦੇਵਤੇ ਦੀ ਹੈ ਜਿਸ ਵਿੱਚ ਸਪਸ਼ਟ ਲਿਖਿਆ ਹੈ,

ਦੋਹਰਾ-ਲੋਪ ਚੰਡਕਾ ਹੋਇ ਗਈ, ਸੁਰਪਨ ਕੌ ਦੇ ਰਾਜ। ਦਾਵਨ ਮਾਰੇ ਅਭੇਖ ਕਰ, ਕੀਨੇ ਸੰਤਨ ਕਾਜ।

ਸਵੈਯਾ-ਯਾਤੇ ਪ੍ਰਸੰਨ ਭਏ ਹੈ ਮਹਾਮੁਨਿ ਦੇਵਨ ਕੇ ਤਪ ਮੇ ਸੁਖ ਪਾਵੈਂ। ਜਗ ਕਰੈ ਇੱਕ ਬੇਦ ਰਰੈ ਭਵਤਾਪ ਹਰੈ ਮਿਲਿ ਧਿਆਨੈ ਲਾਵੈ। ਝਾਲਰ ਤਾਲ ਮ੍ਰਿਦੰਗ ੳਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ। ਕਿੰਨਰ ਗੰਧਰਭ ਗਾਨ ਕਰੈ ਜੱਛ ਅਪੱਛਰ ਨਿਰਤ ਦਿਖਾਵੈਂ। ਸੰਖਨ ਕੀ ਧੁਨਿ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ। ਆਦਿ।

ਕਹਾਣੀ ਮੁਤਾਬਕ ਇੰਦਰ ਦੇ ਸੱਦੇ ਤੇ ਆਈ ਹੋਈ ਚੰਡਕਾ, ਮਹਿਖਾਸੁਰ ਅਤੇ ਰਾਖਸ਼ਾਂ ਨੂੰ ਮਾਰਕੇ ਇੰਦਰ ਆਦਿ ਦੇਵਤਿਆਂ ਨੂੰ ਰਾਜ ਦੇ ਕੇ ਅਲੋਪ ਹੋ ਗਈ। ਯਾਨੀ ਕੀਨੇ ਸੰਤਨ ਕਾਜ। ਉਸ ਤੋਂ ਬਾਅਦ ਸਾਰੇ ਦੇਵਤਿਆਂ ਨੇ ਰਲ ਕੇ ਇੰਦਰ ਦੀ ਆਰਤੀ ਕੀਤੀ। ਬੇਦਾਂ ਦਾ ਉਚਰਾਨ ਕੀਤਾ। ਅਪੱਛਰਾਂ ਨੇ ਖੁਸ਼ੀ ਵਿੱਚ ਨਿਰਤ ਨਾਚ ਆਦਿ ਕੀਤਾ ਅਤੇ ਫੁੱਲਾਂ ਦੀ ਬਰਖਾ ਬਰਖਾਈ ਗਈ! ਯਾਦ ਰਹੇ ਕਿ ਪੂਰੀ ਕਹਾਣੀ ਮੁਤਾਬਕ ਇਸ ਲੜਾਈ ਵਿੱਚ 45 ਪਦਮ, ਯਾਨੀ 45 ਲੱਖ ਅਰਬ ਰਾਖਸ਼ ਮਾਰੇ ਗਏ? ਅੱਜ ਦੀ ਕੁਲ ਅਬਾਦੀ ਕਰੀਬਨ ਪੰਜ ਕੁ ਅਰਬ ਹੈ। ਇੰਦਰ ਬਾਰੇ ਹੋਰਾਂ ਕਹਾਣੀਆਂ ਤੋਂ ਇਲਾਵਾ ਗੁਰਬਾਣੀ ਵਿੱਚ ਬਕਾਇਦਾ ਜਿਕਰ ਹੈ ਕਿ ਉਸ ਗੌਤਮ ਦੀ ਪਤਨੀ ਅਹਲਿਆ ਨਾਲ ਪਾਪ ਕਰਮ ਕੀਤਾ ਭਾਵ ਬਲਾਤਕਾਰ ਕੀਤਾ ਅਤੇ ਫਿਰ ਸ਼ਰਮ ਦਾ ਮਾਰਿਆ ਲੁਕਦਾ ਫਿਰਦਾ ਰਿਹਾ। ਪਰ ਉਸੇ ਗੁਰੂ ਦੀ ਹਜੂਰੀ ਵਿੱਚ ਉਹ ਸੰਤ ਕਿਵੇਂ? ਰਿਗ ਵੇਦ ਵਿੱਚ ਇੰਦਰ ਨੇ, ਆਖੇ ਜਾਂਦੇ ਰਾਖਸ਼ਾ ਤੇ ਹੁਣ ਵਾਲੇ ਸ਼ੂਦਰਾਂ ਦੀਆਂ ਗਰਭਵਤੀ ਔਰਤਾਂ ਦੇ ਪੇਟ ਟੋਕਿਆਂ ਨਾਲ ਚਾਕ ਕੀਤੇ, ਹਜਾਰਾਂ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾ ਦੇ ਘਰ-ਬਾਰ ਫੂਕ ਦਿੱਤੇ।

ਰਿਗ ਵੇਦ ਅਨੁਸਾਰ ਹੀ ਇੰਦਰ ਦੇਵਤਾ ਝੋਟੇ ਦਾ ਮਾਸ ਖਾਂਦਾ ਤੇ ਘੜਾ ਸ਼ਰਾਬ ਦਾ ਪੀਂਦਾ ਹੈ ਪਰ ਉਸਦੀ ਆਰਤੀ ਕਰਨੀ ਉਹ ਵੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀ ਇਹ ਗੁਰੂ ਦਾ ਨਿਰਾਦਰ ਨਹੀ? ਇਹ ਗੁਰੂ ਗਰੰਥ ਸਾਹਿਬ ਜੀ ਦੀ ਅਲੋਚਨਾ ਨਹੀ? ਨਾਨਕਸਰ ਠਾਠ ਵਿੱਚ ਜਿਹੜੀ ਰਹਿਰਾਸ ਸਾਹਿਬ ਬਾਬਾ ਨੰਦ ਸਿੰਘ ਜੀ ਵੇਲੇ ਤੋਂ ਪੜ੍ਹੀ ਜਾਂਦੀ ਹੈ ਉਸ ਵਿਚ, ਰਾਮ ਕਥਾ ਜੁਗ ਜੁਗ ਅਟੱਲ ਕਿਵੇਂ? ਸਿੱਖ ਕੌਮ ਨੂੰ ਦਸਿਆ ਜਾਵੇ ਕਿ ਜੁਗੋ ਜੁਗ ਅਟੱਲ ਸ੍ਰੀ ਗੁਰੂ ਗਰੰਥ ਸਾਹਿਬ ਹੈ ਜਾਂ ਰਾਮ ਚੰਦ੍ਰ ਦੀ ਕਥਾ? ਇਹ ਕੀ ਗੁਰੂ ਗਰੰਥ ਸਾਹਿਬ ਦੀ ਅਲੋਚਨਾ ਨਹੀ? ਵਿਸ਼ਨੂੰ ਬਾਰੇ ਅਸੀਂ ਉਪਰ ਦਸ ਆਏ ਹਾਂ ਪਰ ਨਾਨਕਸਰੀ ਰਹਿਰਾਸ ਸਾਹਿਬ ਵਿੱਚ ਵੀ ਸਾਨੂੰ ਰੋਜ, ਬਿਸ਼ਨ ਭਗਤ ਕੀ ਇਹ ਫਲ ਹੋਈ ਸੁਣਇਆ ਜਾਂਦਾ ਹੈ ਕੀ ਹੁਣ ਸਿੱਖ ਕੌਮ ਵਿਸ਼ਨੂੰ ਦੀ ਭਗਤੀ ਸ਼ੁਰੂ ਕਰ ਲਵੇ ਅਪਣੇ ਆਧ ਬਿਆਧ ਮਿਟਾਉਂਣ ਲਈ? ਅਸੀਂ ਸੰਤਾਂ ਦੀ ਅਲੋਚਨਾ ਤੋਂ ਹੱਲਚਲ ਪੈਦਾ ਕਰ ਦਿੰਦੇ ਹਾਂ ਪਰ ਜਿਸ ਗੁਰੂ ਅਗੇ ਜਾ ਕੇ ਝੁਕਦੇ ਹਾਂ ਉਸ ਦੀ ਹੋ ਰਹੀ ਅਲੋਚਨਾ ਦੀ ਕੋਈ ਪ੍ਰਵਾਹ ਨਹੀ?

ਗੁਰੂ ਘਰਾਂ ਦੇ ਨਿਸ਼ਾਨ ਹਰੇਕ ਥਾਂ ਝੁੱਲਦੇ ਹਨ, ਕੌਮਾਂ ਦੇ ਨਿਸ਼ਾਨ ਝੁੱਲਣੇ ਜਿਉਂਦੀਆਂ ਕੌਮਾ ਦੀ ਨਿਸ਼ਾਨੀ ਹਨ ਪਰ ਕੀ ਅਸੀਂ ਇਹ ਸਵਾਲ ਕਰਨ ਦੀ ਗੁਸਤਾਖੀ ਨਹੀ ਕਰ ਸਕਦੇ ਕਿ ਸਾਡੇ ਇਹਨਾ ਮਹਾਂਪੁਰਖਾਂ ਦੀ ਗੁਰੂ ਘਰਾਂ ਨਾਲੋਂ ਅਲਹਿਦਗੀ ਕਿਉਂ? ਕੀ ਦਲੀਲ ਹੈ ਸਾਡੇ ਕੋਲੇ ਕਿ ਅਸੀਂ ਨਿਸ਼ਾਨ ਨਹੀ ਝੁਲਾਉਂਣਾ! ਇਹ ਗੁਰੂ ਨਾਲ ਨੇੜਤਾ ਹੈ ਜਾਂ ਦੂਰੀ? ਸਾਡੇ ਮਹਾਂਪੁਰਖ ਧੰਨ ਗੁਰੂ ਅਮਰਦਾਸ ਜੀ ਨਾਲੋਂ ਕਿਵੇਂ ਸਿਆਣੇ ਹੋਏ ਜਿਹਨਾ ਗੁਰੂ ਕੇ ਲੰਗਰ ਨੂੰ ਇੰਨੀ ਅਹਿਮੀਅਤ ਦਿੱਤੀ ਕਿ ਪਹਿਲੇ ਪੰਗਤ, ਪਾਸ਼ੇ ਸੰਗਤ ਦਾ ਹੁਕਮ ਕਰ ਦਿਤਾ। ਗੁਰੂ ਅੰਗਦ ਸਾਹਿਬ ਵੇਲੇ ਗੁਰਬਾਣੀ ਮੁਤਾਬਕ ਹੀ ਗੁਰੂ ਕੇ ਲੰਗਰਾਂ ਦੀ ਦੌਲਤ ਅਟੁੱਟ ਵਰਤਦੀ ਰਹੀ ਹੈ ਜਿਸ ਵਿੱਚ ਮਾਤਾ ਖੀਵੀ ਜੀ ਵਰਗੀ ਮਾਤਾ ਦਾ ਅਹਿਮ ਰੋਲ ਰਿਹਾ ਹੈ ਅਤੇ ਭੱਟਾਂ ਨੇ ਵੀ ਉਹਨਾ ਦਾ ਜ਼ਿਕਰ ਕੀਤਾ ਪਰ ਸਾਡੇ ਮਹਾਂਪੁਰਖਾਂ ਦੇ ਗੁਰੂ ਦੇ ਹੁਕਮਾਂ ਨਾਲੋਂ ਰਸਤੇ ਵੱਖਰੇ ਕਿਉਂ? ਗੁਰੂ ਗਰੰਥ ਸਾਹਿਬ ਜੀ ਉਪਰ ਰੇਸ਼ਮੀ ਰਜਾਈਆਂ ਦੇਣੀਆਂ ਜਿਆਦਾ ਅਹਿਮੀਅਤ ਰੱਖਦੀਆਂ ਜਾਂ ਗੁਰੂ ਦੇ ਹੁਕਮਾਂ ਉਪਰ ਚਲਣਾ? ਕਿਹੜਾ ਇਤਿਹਾਸਕ ਹਵਾਲਾ ਹੈ ਸਾਡੇ ਪਾਸ ਕਿ ਗੁਰਦੁਆਰਾ ਨਹੀ ਠਾਠ ਹੋਣਾ ਚਾਹੀਦਾ? ਸਾਡੇ ਵਲੋਂ ਨਾਨਕਸਰ ਦੇ ਸਿੰਘਾਂ ਵਲੋਂ ਕ੍ਰਿਪਾਨ ਨਾ ਪਾਉਂਣ ਤੇ ਸਾਨੂੰ ਦਸਿਆ ਗਿਆ ਕਿ ਬਾਬਾ ਈਸ਼ਰ ਸਿੰਘ ਜੀ ਵੀ ਨਹੀ ਸਨ ਪਾਉਂਦੇ! ਪਰ ਜਿਹੜੇ ਖੁਦ ਪੰਜ ਕਕਾਰੀ ਨਹੀ ਸਨ ਉਹ 7 ਲੱਖ ਨੂੰ ਅੰਮ੍ਰਤਿ ਕਿਵੇਂ ਛਕਾ ਗਏ?

ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਹੁਤ ਪ੍ਰਚਾਰ ਕੀਤਾ। ਕੋਈ ਸ਼ੱਕ ਨਹੀ। ਪਰ ਜਿਸ ਦਸਮ ਗਰੰਥ ਨੂੰ ਸਾਰੀ ਦੁਨੀਆਂ ਜਾਣ ਚੁੱਕੀ ਕਿ ਅੱਧਿਉਂ ਜਿਆਦਾ ਅਸ਼ਲੀਲ ਕਵਿਤਾਵਾਂ ਨਾਲ ਭਰਿਆ ਪਿਆ ਹੈ, ਅਤੇ ਅੱਜ ਗੁਰੂ ਗਰੰਥ ਸਾਹਿਬ ਦਾ ਸ਼ਰੀਕ ਬਣਾ ਕੇ ਖੜਾ ਕੀਤਾ ਜਾ ਰਿਹਾ ਹੈ ਉਸੇ ਦਸਮ ਗਰੰਥ ਦੇ ਸਬੰਧ ਵਿੱਚ ਮਾਨਜੋਗ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਅਪਣੀਆਂ ਲਿਖਤਾਂ ਵਿੱਚ ਬਕਾਇਦਾ ਕਹਿ ਗਏ ਹਨ ਕਿ ਇਸ ਦੇ ਅਖੰਡ ਪਾਠ ਦੀ ਮਰਿਯਾਦਾ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਵਾਲੀ ਹੀ ਹੈ! ਬਕਾਇਦਾ ਉਹਨਾ ਦੇ ਵੇਲੇ ਤੋਂ ਗੁਰੂ ਗਰੰਥ ਸਾਹਿਬ ਬਰਾਬਰ ਚੌਂਕ ਮਹਿਤੇ ਇਹ ਗਰੰਥ ਪ੍ਰਕਾਸ਼ ਹੈ! ਇਥੇ ਸਿੱਖ ਕੌਮ ਹੁਣ ਕੀ ਫੈਸਲਾ ਲਵੇ? ਕੀ ਇੰਝ ਹੀ ਮੰਨ ਲਿਆ ਜਾਣਾ ਚਾਹੀਦਾ? ਕਿਉਂਕਿ ਉਹ ਕੌਮ ਵਿੱਚ ਸੰਤ ਮੰਨੇ ਜਾਂਦੇ ਸਨ। ਇਹਨਾ ਦੁਬਿਧਾਵਾਂ ਨੇ ਹੀ ਕੌਮ ਨੂੰ ਖੁਆਰ ਕੀਤਾ ਅਤੇ ਕਰ ਰਹੀਆਂ ਹਨ। ਗੁਰੂ ਗਰੰਥ ਸਾਹਿਬ ਜੀ ਬਾਰ ਬਾਰ ਕਹਿ ਰਹੇ ਹਨ ਕਿ ਦੁਬਿਧਾ ਮਾਰ ਪਰ ਇਹ ਮਰੇਗੀ ਗੁਰੂ ਦੀ ਕ੍ਰਿਪਾ ਨਾਲ। ਹੁਣ ਅਸੀਂ ਇਹਨੂੰ ਮਾਰਨ ਲਈ ਗੁਰੂ ਕੋਲੇ ਜਾਈਏ ਜਾਂ ਅਲੱਗ ਅਲੱਗ ਮਹਾਪੁਰਖਾਂ ਕੋਲੇ? ਜਿਹਨਾ ਦੀਆਂ ਇੱਕ ਦੂਜੇ ਨਾਲ ਮਰਿਯਾਦਾਵਾਂ ਹੀ ਨਹੀ ਰਲਦੀਆਂ, ਜਿੰਨੇ ਸੰਤ ਉਨੀਆਂ ਮਰਿਯਾਦਾ। ਦਸੋ ਕੌਮ ਕਿਧਰ ਜਾਵੇ?

ਬਾਬਾ ਠਾਕੁਰ ਸਿੰਘ ਜੀ ਵੀ ਕੌਮ ਵਿੱਚ ਬ੍ਰਹਾਮਗਿਆਨੀ ਮੰਨੇ ਜਾਂਦੇ ਰਹੇ ਹਨ ਅਤੇ ਕਰੀਬਨ 20-22 ਸਾਲ ਉਹਨਾ ਅਗਵਾਈ ਕੀਤੀ ਅਤੇ ਕੌਮ ਆਸ ਕਰਦੀ ਸੀ ਕਿ ਔਜੜੇ ਸਮੇ ਵਿੱਚ ਉਹ ਕੋਈ ਠੋਸ ਅਗਵਾਈ ਦੇਣਗੇ। ਪਰ ਸਪੱਸ਼ਟ ਹੋਣ ਦੇ ਬਾਵਜੂਦ ਹਮੇਸ਼ਾਂ ਉਹ ਕਹਿੰਦੇ ਰਹੇ ਕਿ ਉਸ ਦੀ ਜੁਬਾਨ ਸੜ ਜਾਵੇ ਜਿਹੜੇ ਕਹਿੰਦੇ ਸੰਤ ਸ਼ਹੀਦ ਹੋ ਗਏ। ਇਥੋਂ ਤੱਕ ਉਹ ਕਹਿੰਦੇ ਸਨ ਕਿ ਅਸੀਂ ਸੰਤ ਜਰਨੈਲ ਸਿੰਘ ਦੀ ਬਾਂਹ ਫੜਾ ਕੇ ਜਾਵਾਂਗੇ। ਪਰ ਹੋਇਆ ਕੀ? ਹੁਣ ਨਾ ਕੋਈ ਗੱਲ ਕੀਤੀ ਜਾਵੇ? ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੌਮ ਨੂੰ ਗੁਮਰਾਹ ਕਰਨਾ ਇਹ ਕੀ ਗੁਰੂ ਦੀ ਅਵੱਗਿਆ ਨਹੀ? ਜਿਹੜੀਆਂ ਕੌਮਾ ਆਪਣੀ ਅਲੋਚਨਾ ਤੋਂ ਹੀ ਘਬਰਾ ਜਾਂਦੀਆਂ ਹਨ ਅਤੇ ਸਭ ਕੁਝ ਨੂੰ ਸਤਬੱਚਨ ਕਰਕੇ ਮੰਨਣ ਦੀਆਂ ਆਦੀ ਹੋ ਜਾਂਦੀਆਂ ਹਨ ਉਹ ਕਦੇ ਅੱਗੇ ਨਹੀ ਵੱਧ ਸਕਦੀਆਂ। ਹਿੰਦੂ ਭਰਾਵਾਂ ਨਾਲ ਕੀ ਇਹ ਵਾਪਰਿਆ ਨਹੀ? ਉਹਨਾ ਬ੍ਰਹਾਮਣ ਦੀ ਹਰੇਕ ਗੱਲ ਨੂੰ ਸਤਬੱਚਨ ਮੰਨ ਲਿਆ ਪਰ ਉਸ ਨਾਲ ਹੋਇਆ ਕੀ? ਹਰੇਕ ਚੂਹੇ ਹਾਥੀ ਜੰਡ ਪਿੱਪਲ ਅਤੇ ਪੱਥਰ ਉਸ ਦੇ ਰੱਬ ਬਣਾ ਦਿਤੇ ਗਏ।

ਅਸੀਂ ਅਲੋਚਨਾ ਕੀਤੀ ਹੈ ਪਰ ਕਿਸੇ ਸਖਸ਼ੀਅਤ ਦੀ ਬੇਲੋੜੀ ਬਦਖੋਈ ਕਰਨ ਲਈ ਨਹੀ ਬਲਕਿ ਇਸ ਲਈ ਕਿ ਅਸੀਂ ਅਪਣੀਆਂ ਮਿੱਥਾਂ ਵਿਚੋਂ ਬਾਹਰ ਆਈਏ। ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਾਦਾ ਛਕਾਉਂਣਾ ਕੋਈ ਕਰਾਮਾਤ ਨਹੀ ਕਿਉਂਕਿ ਗੁਰੂ ਸਾਡੇ ਪ੍ਰਸ਼ਾਦਿਆਂ ਦਾ ਨਹੀ ਬਲਕਿ ਇਸ ਗੱਲ ਦਾ ਭੁੱਖਾ ਕਿ ਉਸ ਦਾ ਸਿੱਖ ਉਸਦੇ ਹੁਕਮ ਵਿੱਚ ਕਿੰਨਾ ਕੁ ਜਿਉਂਦਾ ਹੈ। ਉਸਦਾ ਹੁਕਮ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਹੈ। ਜੇ ਪ੍ਰਸ਼ਾਦਿਆਂ ਦੀ ਗੱਲ ਹੀ ਹੁੰਦੀ ਤਾਂ ਮਾਤਾ ਸੁਲੱਖਣੀ ਸਾਰੀ ਉਮਰ ਗੁਰੂ ਨੂੰ ਪ੍ਰਸ਼ਾਦਾ ਛਕਾਉਂਦੇ ਰਹੇ ਪਰ ਪ੍ਰਵਾਨ ਭਾਈ ਲਹਿਣਾ ਹੀ ਚੜ੍ਹਿਆ। ਗੁਰੂ ਦਾ ਹੁਕਮ ਹੈ ਕਿ, ਮੂਰਤੀ ਪੂਜਾ ਨਹੀ ਕਰਨੀ, ਜਾਤ ਪਾਤ ਗਲੋਂ ਲਾਹ ਦੇਣੀ ਹੈ, ਸੰਸਾਰ ਤੋਂ ਭਜਣਾ ਨਹੀ ਬਲਕਿ ਸੰਸਾਰ ਵਿੱਚ ਰਹਿਕੇ ਕਰਤੇ ਨਾਲ ਜੁੜਨਾ ਤੇ ਲੁਕਾਈ ਦੇ ਭਲੇ ਲਈ ਉਦਮ ਕਰਨੇ ਹਨ, ਜੰਗਲਾਂ ਭੋਰਿਆਂ ਵਿੱਚ ਰੱਬ ਨਹੀ ਰੱਬ ਨੂੰ ਹਿਰਦੇ ਵਿਚੋਂ ਖੋਜਣਾ ਤੇ ਉਸਦੀ ਕਿਰਤ ਵਿਚੋਂ ਉਸਦੀ ਝਲਕ ਦੇਖਣੀ।

ਫਰੀਦਾ ਜੰਗਲ ਜੰਗਲ ਕਿਆ ਭਵਹਿਕਾਹੇ ਰੇ ਬਨ ਖੋਜਨ ਜਾਈਅਨੇਕਾਂ ਗੁਰੂ ਦੇ ਬੱਚਨ ਹੈਨ ਜਿਹੜੇ ਪੁੱਠੇ ਲਟਕਣ, ਧੂਣੀਆਂ ਤੌਣ, ਪਾਣੀਆਂ ਵਿੱਚ ਖੜੋ ਕੇ ਤੱਪ ਸਾਧਣ ਜਾਂ ਕਿੱਲੀਆਂ ਨਾਲ ਕੇਸ ਬੰਨ ਕੇ ਹੱਠ ਕਰਨ ਤੋਂ ਵਰਜਦੇ ਹਨ। ਇਹ ਅਸੀਂ ਸੋਚਣਾ ਕਿ ਕਿਸਦੀ ਮਤ ਮਗਰ ਜਾਣਾ। ਕਿਸ ਕੋਲੋਂ ਅਗਵਾਈ ਲੈਣੀ, ਗੁਰੂ ਗਰੰਥ ਸਾਹਿਬ ਜੀ ਕੋਲੋਂ ਜਾਂ ਡੇਰਿਆਂ ਕੋਲੋਂ।

ਜੇ ਗੁਰੂ ਦੇ ਸਿੱਖ ਦਾਦੂ ਦੀ ਸਮਾਧ ਉਪਰ ਤੀਰ ਨਾਲ ਨਮਸ਼ਕਾਰ ਕਰਨ ਤੇ ਗੁਰੂ ਦੀ ਬਾਂਹ ਫੜ ਸਕਦੇ ਤਾਂ ਉਸੇ ਗੁਰੂ ਦੇ ਸਿੱਖ ਹੋਣ ਦੇ ਨਾਤੇ ਅਸੀਂ ਵੀ ਪੁੱਛਣ ਦੀ ਗੁਸਤਾਖੀ ਕਰ ਰਹੇ ਹਾਂ ਕਿ ਕੀ ਕੇਵਲ ਗੁਰੂ ਹੀ ਅਭੁੱਲ ਹੈ ਜਾਂ ਸਾਡੇ ਇਹ ਮਹਾਂਪੁਰਖ ਵੀ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top