Share on Facebook

Main News Page

ਕਹਾਣੀਆਂ ਦੀ ਕਰਾਮਾਤ

ਕਹਾਣੀ ਰਸੀਲੀ ਹੁੰਦੀ, ਕਹਾਣੀ ਰੌਚਕ ਹੁੰਦੀ, ਕਹਾਣੀ ਸਿਰ ਨੂੰ ਭਾਰ ਨਹੀਂ ਲੱਗਣ ਦਿੰਦੀ, ਕਹਾਣੀ ਮਸਾਲੇਦਾਰ ਹੋਵੇ, ਕਹਾਣੀ ਧਾਰਮਿਕ ਹੋਵੇ ਤਾਂ ਸੋਨੇ ਤੇ ਸੁਹਾਗਾ ਹੀ ਤਾਂ ਹੈ। ਕਹਾਣੀ ਵਿੱਚ ਮਨ ਬਹੁਤ ਲੱਗਦਾ, ਮਨ ਨੂੰ ਮਿੱਠੀ ਲੱਗਦੀ ਕਹਾਣੀ, ਕਹਾਣੀ ਤੁਹਾਨੂੰ ਹੋਰ ਹੀ ਦੁਨੀਆਂ ਵਿੱਚ ਲੈ ਜਾਂਦੀ ਹੈ। ਕਹਾਣੀ ਵਿੱਚ ਕਿਸੇ ਸੱਚ ਦੀ ਲੋੜ ਨਹੀ, ਵੱਡੀ ਤੋਂ ਵੱਡੀ ਗੱਪ ਵੀ ਮਾਫ ਹੁੰਦੀ ਕਹਾਣੀ ਨੂੰ।

ਧਾਰਮਿਕ ਦੁਨੀਆਂ ਵਿੱਚ ਜਿੰਨੀ ਰੌਚਿਕ ਕਹਾਣੀ, ਜਿੰਨੀ ਵੱਧ ਗਪੌੜ ਵਾਲੀ ਕਹਾਣੀ ਉਨ੍ਹਾਂ ਵੱਡਾ ਉਹ ‘ਭਗਵਾਨ’ ਉਨ੍ਹਾਂ ਵੱਡਾ ‘ਸੰਤ’ ਅਥਵਾ ‘ਮਹਾਂਪੁਰਖ’। ਤੁਹਾਨੂੰ ਕਹਾਣੀ ਬਣਾਉਂਣੀ ਆਉਂਦੀ ਹੋਵੇ ਗੱਧੇ ਨੂੰ ਪੂਜਣ ਲਾ ਦਿਉਂਗੇ। ਨਹੀਂ ਯਕੀਨ ਤਾਂ ਹਿੰਦੋਸਤਾਨ ਦੇ ‘ਇਤਿਹਾਸ’ ਵੱਲ ਨਿਗਾਹ ਮਾਰ ਲਓ। ਹਾਲੇ ਕੱਲ ਦੀ ਗੱਲ ਹੈ ਸਾਂਈ ਬਾਬੇ ਦੀ ਸਵਾਹ ਮਣਾਂ ਮੂੰਹੀਂ ਸੋਨੇ ਭਾਅ ਵਿੱਕੀ ਹੈ, ਪੰਜਾਬ ਵਿੱਚ ਇੱਕ ਬਕਰੀਆਂ ਚਾਰਨ ਵਾਲਾ ਨੱਛਤਰ ਹੁੰਦਾ ਸੀ, ਉਹ ਲੋਕਾਂ ਨੂੰ ਬੱਕਰੀਆਂ ਸਮਝ ਟਾਹਲੀ ਦੇ ਪੱਤੇ ਚਾਰਦਾ ਕ੍ਰੋੜਾਂ ਪਤੀ ਬਣ ਗਿਆ! ਉਸ ਦੇ ਟਾਹਲੀ ਦੇ ਪੱਤੇ ਖਾ ਖਾ ਹੀ ਲੋਕ ਨਿਹਾਲ ਹੋਈ ਗਏ ਬੱਸ ਕਹਾਣੀ ਚਲ ਗਈ।

ਇਹ ਵੀ ਕਹਾਣੀ ਹੈ ਕਿ ਇੱਕ ਵਾਰ ਪਤੀ ਪਤਨੀ ਨਾਲ ਜਿੱਦ ਪਿਆ ਤੇ ਕਹਿਣ ਲੱਗਾ ਕਿ ਮੂਰਖਾਂ ਦਾ ਕੋਈ ਅੰਤ ਨਹੀਂ। ਉਹ ਕਹਿੰਦੀ ਸਾਬਤ ਕਰ। ਉਸ ਬੀਚ ਤੇ ਖੜੇ ਗੱਧੇ ਦਾ ਵਾਲ ਪੁੱਟਿਆ ਉਸ ਨੂੰ ਮੱਥਾ ਟੇਕਿਆ ਤੇ ਸਮੇਤ ਪਤਨੀ ਗੱਧੇ ਅੱਗੇ ਅੱਖਾਂ ਮੀਚੀ ਬੈਠ ਗਿਆ। ਕੁੱਝ ਸਮੇਂ ਬਾਅਦ ਪਤਨੀ ਨੂੰ ਕਹਿਣ ਲੱਗਾ ਕਿ ਅੱਖਾਂ ਖ੍ਹੋਲ। ਅੱਖਾਂ ਖ੍ਹੋਲੀਆਂ ਤਾਂ ਗੱਧਾ ਗੰਜਾ ਸੀ ਤੇ ਮਗਰ ਭੀੜ ਅੱਖਾਂ ਮੀਚੀ ਬੈਠੀ ਸੀ।

ਰੌਚਿਕ ਕਹਾਣੀ ਦੀ ਹੀ ਕਰਾਮਾਤ ਹੈ, ਕਿ ਦੁਨੀਆਂ ਅੱਜ ਦੇ ਜੁੱਗ ਵਿੱਚ ਵੀ ਹਾਥੀ ਦੇ ਸਿਰ ਵਾਲੇ ‘ਬੰਦੇ’ ਨੂੰ ਭਗਵਾਨ ਮੰਨੀ ਤੁਰੀ ਜਾ ਰਹੀ ਹੈ। ਇਹ ਕਹਾਣੀ ਹੀ ਸੀ ਦੁਨੀਆਂ ਹਾਲੇ ਤੱਕ ਸ਼ਿਵਲਿੰਗ ਉਪਰ ਲੱਸੀ ਡੋਲ੍ਹੀ ਤੁਰੀ ਜਾ ਰਹੀ ਹੈ ਤੇ ਹਰੇਕ ਰਸਤੇ ਵਿੱਚ ਪਏ ਹੋਏ ਪੱਥਰ ਨੂੰ ਚੁੱਕ ਕੇ ਮੱਥਾ ਟੇਕੀ ਤੁਰੀ ਜਾਂਦੀ ਹੈ। 18 ਪੁਰਾਣ ਰੌਚਿਕ ਕਹਾਣੀਆਂ ਨਾਲ ਹੀ ਤਾਂ ਭਰੇ ਪਏ ਹਨ। ਕਿਵੇਂ ਸਾਬਤ ਕਰੋਂਗੇ ਕਿ ਗੰਗਾ ਤਾਂ ਪਹਾੜਾਂ ਵਿੱਚ ਆ ਰਹੇ ਪਾਣੀ ਦਾ ਇਕ ਦਰਿਆ ਹੈ, ਜਿਹੜਾ ਸਾਰਿਆਂ ਦੀਆਂ ਅੱਖਾਂ ਦੇ ਸਾਹਵੇਂ ਹਾਲੇ ਤੱਕ ਵੱਗ ਰਿਹਾ ਹੈ, ਪਰ ਰੌਚਿਕ ਕਹਾਣੀ ਨੇ ਬੰਦੇ ਨੂੰ ਮੰਨਣ ਤੋਂ ਇਨਕਾਰੀ ਕਰ ਦਿੱਤਾ ਕਿ ਨਹੀਂ ਇਹ ਸ਼ਿਵ ਜੀ ਦੀਆਂ ਜੱਟਾਂ ਵਿੱਚੋਂ ਹੀ ਲੰਘ ਕੇ ਆਈ ਸੀ।

ਚਲੋ ਛੱਡੋ ਉਨ੍ਹਾਂ ਦੀਆਂ ਆਪਾਂ ਆਪਣੀਆਂ ਹੀ ਕਰ ਲੈਂਦੇ ਹਾਂ। “ਬਾਲਾ” ਕਿਉਂ ਸਿੱਖਾਂ ਦੇ ਸਿਰਾਂ ਵਿੱਚ ਫਸ ਗਿਆ। ਕੀੜੀਆਂ ਦਾ ਦੇਸ਼, ਕਾਂਗ ਭਸੁੰਡ ਦਾ ਦੇਸ਼, ਦੈਤਾਂ ਦਾ ਦੇਸ਼, ਧਰੂ ਦਾ ਦੇਸ਼, ਸੱਚਖੰਡ ਦੇ ਦਿਲਚਸਪ ਨਜਾਰੇ, ਗੱਲ ਕੀ ਕਹਾਣੀ ਨੇ ਇੰਨੇ ਮਸਾਲੇਦਾਰ ਨਕਸ਼ੇ ਖਿੱਚੇ ਕਿ ਸਿੱਖਾਂ ਉਸ ਨਕਲੀ ਬਾਲੇ ਮਗਰ ਲੱਗ ਗੁਰੂ ਨਾਨਕ ਪਾਤਸ਼ਾਹ ਦੇ ਸਾਰੀ ਉਮਰ ਦੇ ਸਾਥੀ ਮਹਾਂਪੁਰਖ ਭਾਈ ਮਰਦਾਨਾ ਜੀ ਵਰਗੇ ਨੂੰ ਵੀ ਭੇਡੂ ਬਣਾ ਧਰਿਆ..?

ਮਸਲਨ ਮੈ ਕਹਿ ਰਿਹਾ ਹਾਂ ਕਿ ਰਾਤ ਗੁਰੂ ਗੋਬਿੰਦ ਸਿੰਘ ਜੀ ਖੁਦ ਘੋੜੇ ਤੇ ਮੇਰੇ ਕੋਲੇ ਆਏ ਤੇ ਆਹ ਬਾਟਾ ਪ੍ਰਸ਼ਾਦ ਦਾ ਅਪਣੇ ਹੱਥੀਂ ਦੇ ਗਏ। ਜਦ ਮੈਂ ਕਹਿ ਰਿਹਾ ਤੁਸੀਂ ਕਿਵੇਂ ਸਾਬਤ ਕਰੋਂਗੇ ਕਿ ਨਹੀਂ ਆਏ? ਮੇਰੇ ਝੂਠ ਨੂੰ ਗਲਤ ਸਾਬਤ ਕਰਨ ਲਈ ਤੁਹਾਡੇ ਕੋਲੇ ਕੋਈ ਤਰਕ ਨਹੀਂ ਜੇ ਮੈਂ ਧਾਰਮਿਕ ਚੋਗਾ ਪਹਿਨਿਆ ਹੋਇਆ ਹੈ ਤੇ ਥੋਕ ਵਿੱਚ ਵਿਹਲੇ ਚੇਲੇ-ਚਾਲੜੇ ਮੇਰੇ ਦੁਆਲੇ ਮੇਰੀਆਂ ਕਹਾਣੀਆਂ ਬਣਾਉਂਣ ਲਈ ਤਤਪਰ ਹਨ। ਪੈਸੇ ਦਾ ਜੁੱਗ ਹੈ, ਕਲਮਾਂ ਵਿਕਾਊ ਹਨ, ਅਖਬਾਰਾਂ ਵਿਕਾਊ ਹਨ, ਮੀਡੀਆ ਜਿਹੜਾ ਮਰਜੀ ਖਰੀਦੋ, ਕਹਾਣੀਆਂ ਬਣਾਓ ਤੇ ਜਿਸ ਮਰਜੀ ਗੱਧੇ ਨੂੰ ਰੱਬ ਬਣਾ ਕੇ ਪੇਸ਼ ਕਰ ਦਿਓ!

ਗੱਲਾਂ ਵੀ ਕਿਹੜੀਆਂ ਬਹੁਤੀਆਂ ਘੜਨ ਦੀ ਲੋੜ ਹੈ। ਬੱਅਸ, ‘ਮਹਾਂਪੁਰਖਾਂ’ ਕੋਲੇ ਫਲਾਂ ਮਰੇ ਬੰਦੇ ਨੂੰ ਚੁੱਕ ਲਿਆਏ ਤੇ ਘੋੜੇ ਵਰਗਾ ਹੋ ਕੇ ਗਿਆ, ਫਲਾਂ ਬੀਬੀ ਦੇ 20 ਸਾਲ ਤੋਂ ਉਲਾਦ ਨਹੀਂ ਸੀ ਬਾਬਿਆਂ ਰੇਖ ਵਿੱਚ ਮੇਖ ਮਾਰੀ ਤੇ ਸੁੱਖ ਨਾਲ ਹੁਣ ਦੋ ਜੌੜੇ ਕਾਕੇ ਲੁੱਡੀਆਂ ਪਾਉਂਦੇ ਫਿਰਦੇ ਹਨ, ਫਲਾਂ ਬੰਦਾ ਬੜਾ ਨਾਸਤਿਕ ਸੀ ‘ਮਹਾਂਪੁਰਖਾਂ’ ਇਕੇ ਜਲਵੇ ਨਾਲ ਕਾਨੇ ਵਰਗਾ ਸਿੱਧਾ ਕਰਤਾ। ਇਕ-ਦੋ ਕਹਾਣੀਆਂ ਭੂਤਾਂ-ਪ੍ਰੇਤਾਂ ਭਜਾਉਂਣ ਦੀਆਂ, ਤੇ ਇਕ-ਦੋ ਗੁਰੂ ਸਾਹਿਬ ਜੀ ਦੇ ਪ੍ਰਤੱਖ ਪ੍ਰਗਟ ਹੋ ਕੇ ਪ੍ਰਸ਼ਾਦਾ ਛੱਕਣ ਦੀਆਂ ਜਾਂ ਪ੍ਰਗਟ ਹੋ ਕੇ ਕੋਈ ਵਰ ਦੇਣ ਦੀਆਂ। ਜਿਹੜੇ ਮਰਜੀ ‘ਬ੍ਰਹਗਿਆਨੀ’ ਦਾ ਗਰੰਥ ਚੁੱਕ ਲਓ ਕਰੀਬਨ ਅਜਿਹੀਆਂ ਹੀ 5-7 ਰੌਚਿਕ ਕਹਾਣੀਆਂ ਮਿਲਣਗੀਆਂ।

ਪੰਜਾਬ ਦੀ ਗੱਲ ਹੈ, ਮੇਰੀ ਮਾਸੀ ਦੀ ਨੂੰਹ ਪਿੰਡੋਂ ਕਿਸੇ ਜਵਾਨ ਬੀਬੀ ਦੇ ਸਸਕਾਰ ਤੋਂ ਆਈ ਤੇ ਸ਼ਹਿਰ ਆ ਕੇ ਮੈਨੂੰ ਦੱਸਣ ਲੱਗ ਪਈ ਕਿ ਵੀਰ ਜੀ! ਉਹ ਬੀਬੀ ਜਦ ਜਾਣ ਲੱਗੀ ਤਾਂ ਕਹਿਣ ਲੱਗੀ ਕਿ ਦਰਵਾਜਾ ਖ੍ਹੋਲ ਦਿਓ ਮੈਨੂੰ ਸਤਿਗੁਰੂ ਜੀ ਆਪ ਲੈਣ ਆ ਰਹੇ ਹਨ ਤੇ ਸੱਚਮੁਚ ਕੁੱਝ ਪਲਾਂ ਬਾਅਦ ਉਹ ਤੁਰ ਗਈ।

ਪੂਰੀ ਗੱਲ ਤੋਂ ਪਤਾ ਲੱਗਾ ਕਿ ਉਹ ਬੀਬੀ ਕੰਨ ‘ਚ ਫੂਕ ਵਾਲਿਆਂ ਦੀ ਪੁਰਾਣੀ ਚੇਲੀ ਸੀ ਤੇ ਉਹ ਚਿਰਾਂ ਦੀ ਕੈਂਸਰ ਦੀ ਬੀਮਾਰੀ ਤੋਂ ਪੀੜਤ ਸੀ ਤੇ ਮਰਨ ਤੋਂ ਪਹਿਲਾਂ ਹੀ ਉਹ ਇੰਨੀ ਦਹਿਲੀ ਹੋਈ ਸੀ ਕਿ ਕਈ ਕੁਝ ਅਵਾ-ਤਵਾ ਬੋਲਦੀ ਰਹਿੰਦੀ ਸੀ। ਡਰਿਆ ਹੋਇਆ ਬੰਦਾ ਕੁਝ ਤਾਂ ਆਸਰਾ ਭਾਲਦਾ ਤੇ ਆਸਰਾ ਉਸ ਨੂੰ ਰਾਧਾ ਜੀ ਦੇ ਸੁਆਮੀ ਦਾ ਹੀ ਸੀ ਤੇ ਕੁਦਰਤੀਂ ਤੌਰ ਤੇ ਬੰਦੇ ਅੰਦਰ ਜਮਦੂਤਾਂ ਦਾ ਦਹਿਲ ਤਾਂ ਪਹਿਲ਼ਾ ਹੀ ਪਿਆ ਹੁੰਦਾ ਤੇ ਉਹ ਮੌਤ ਦੀ ਸਰਲਤਾ ਨੂੰ ਨਾ ਸਮਝਦਾ ਹੋਇਆ ਇਸ ਨੂੰ ਭਿਆਨਕ ਰੂਪ ਵਿੱਚ ਲੈ ਕੇ ਜਿਸ ਜਿਸ ਤੋਂ ਬਚਾ ਦੀ ਉਮੀਦ ਹੋਵੇ ਉਸ ਨੂੰ ਅਵਾਜਾਂ ਮਾਰਨ ਲਗ ਜਾਂਦਾ ਇਸ ਨਾਲ ਉਸ ਦੀ ਕਿਸੇ ਬ੍ਰਹਮ ਅਵਸਥਾ ਜਾਂ ਕਿਸੇ ਦੇ ਲੈਣ ਆਉਂਣ ਨਾਲ ਕੋਈ ਸਬੰਧ ਨਹੀ ਹੁੰਦਾ। ਮਸਲਨ ਹੁਣ ਜੇ ਕਿਸੇ ਸੁਆਮੀ ਦੇ ਪੰਜ-ਤੱਤ ਚੇਲੇ ਇਕੱਠੇ ਮਰ ਰਹੇ ਹੋਣ ਉਹ ਕਿਸ ਕਿਸ ਦੇ ਸਰ੍ਹਾਣੇ ਜਾ ਕੇ ਰੋਵੇਗਾ। ਨਾ ਗੁਰਬਾਣੀ ਨੇ ਇਸ ਗੱਲ ਨੂੰ ਮੰਨਿਆ ਗੁਰਬਾਣੀ ਤਾਂ ਇੱਕੋ ਗੱਲ ਕਰਦੀ ਕਿ ਮਿੱਤਰ ਪਿਆਰਿਆ ਜਿੰਨੀ ਔਖੀ ਜਿੰਦਗੀ ਕਰੇਂਗਾ ਉਨੀ ਔਖੀ ਮੌਤ ਹੋਵੇਗੀ। ਨਾਮ ਨਾਲ ਯਾਨੀ ਸੱਚ ਨਾਲ ਜੁੜਿਆਂ ਰਹੇਗਾਂ ਤਾਂ ਲੁੱਡੀਆਂ ਪਾਉਂਦਾ ਜਾਂਏਗਾ ਕਿਸੇ ਨੂੰ ਉਡੀਕਣ ਦੀ ਲੋੜ ਨਹੀ ਕਿ ਤੈਨੂੰ ਕੋਈ ਆ ਕੇ ਲੈ ਕੇ ਜਾਵੇ ਨਾ ਕਿਸੇ ਕੋਲੇ ਵਿਹਲ ਹੈ। ਲੈ ਕੇ ਜਾਣ ਵਾਲੇ ਤੈਨੂੰ ਰਸਤਾ ਦੱਸ ਦਿੱਤਾ ਬੰਦਿਆਂ ਵਾਂਗ ਤੁਰਿਆ ਚਲ ਉਸ ਨੂੰ ਮੁੜ ਮੁੜ ਗੇੜੇ ਮਾਰਨ ਦੀ ਲੋੜ ਨਹੀ।

ਉਹ ਹੈਰਾਨ ਇਸ ਗੱਲੇ ਸੀ ਕਿ ਕੀ ਸੱਚਮੁੱਚ ਉਸ ਦਾ ਸਤਿਗੁਰੂ ਉਸ ਨੂੰ ਲੈਣ ਆਇਆ ਹੋਵੇਗਾ। ਬੀਬੀ ਦੇ ਮਰਨ ਵੇਲੇ ਉਹ ਤਾਂ ਉਥੇ ਨਹੀ ਸੀ ਤੇ ਘਰ ਵਾਲਿਆਂ ਤੋਂ ਸੁਣੀਆਂ ਦੇ ਆਧਾਰ ਤੇ ਉਹ ਗੱਲ ਕਰ ਰਹੀ ਸੀ ਤੇ ਸਾਰਾ ਦਿਨ ਸਤਿਗੁਰੂ ਦੇ ਲੈਣ ਆਉਣ ਦੀਆਂ ਬਾਤਾਂ ਇੰਨੀਆਂ ਮਸਾਲੇਦਾਰ ਹੋ ਹੋ ਚਲਦੀਆਂ ਰਹੀਆਂ ਕਿ ਸ਼ਾਮ ਤੱਕ ਉਸ ਮਰਨ ਵਾਲੀ ਨੂੰ ਭਵੇਂ ਕੋਈ ਸਤਿਗੁਰੂ ਦਿੱਸਿਆ ਨਾ ਹੋਵੇ ਉਸ ਨੂੰ ਵਿਚਾਰੀ ਨੂੰ ਜਿਉਂਦੀ ਨੂੰ ਦਿੱਸਣ ਲੱਗ ਪਿਆ।

ਮੈਂ ਉਸ ਨੂੰ ਕਿਹਾ ਕਿ ਕਹਾਣੀ ਤਾਂ ਭੈਣ ਮੇਰੀਏ ਤੇਰੀ ਵੀ ਬੜੀ ਦਿਲਚਸਪ ਹੈ ਪਰ ਹੁਣ ਤੂੰ ਮੇਰੀਆਂ ਦੋ ਕਹਾਣੀਆਂ ਸੁਣ।

ਮੇਰੇ ਬਾਪੂ ਜੀ ਯਾਨੀ ਦਾਦਾ ਜੀ ਜਦ ਪੂਰੇ ਹੁੰਦੇ ਹਨ ਤਾਂ ਉਹ ਕੁਝ ਘੰਟੇ ਪਹਿਲਾਂ ਹੀ ਅੰਦਰ ਸਮਾਧੀ ਲਾ ਕੇ ਬੈਠ ਗਏ ਤੇ ਸਾਰਿਆ ਨੂੰ ਕਹਿਣ ਲੱਗੇ ਭਾਈ ਚੁੱਪ ਕਰੋ ਮੈਨੂੰ ਕੀਰਤਨ ਸੁਣ ਲੈਣ ਦਿਓ। ਸਾਰਾ ਪਰਿਵਾਰ ਬੜਾ ਹੈਰਾਨ ਕਿ ਕੀਰਤਨ ਇਥੇ ਕੌਣ ਕਰ ਰਿਹੈ ਪਰ ਜਦ ਸਾਰੇ ਚੁੱਪ ਕਰ ਗਏ ਤਾਂ ਸੱਚਮੁਚ ਰਬਾਬ ਦੀ ਆਵਾਜ ਆਉਂਣ ਲੱਗ ਪਈ ਪਰ ਕੀਰਤਨ ਇਕੱਲੇ ਬਾਪੂ ਜੀ ਨੂੰ ਸੁਣਦਾ ਸੀ। ਜਦ ਬਾਪੂ ਜੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਮੇਰਾ ਸਮਾ ਆ ਗਿਆ ਹੈ ਗੁਰੂ ਸਾਹਿਬ ਪਹੁੰਚ ਚੁੱਕੇ ਹਨ ਕੀਰਤਨ ਉਹ ਆਪ ਕਰਕੇ ਮੈਨੂੰ ਲੈਣ ਆਏ ਹਨ ਤੇ ਕੁਝ ਹੀ ਪਲਾਂ ਵਿਚ ਬਾਪੂ ਜੀ ਅੱਖਾਂ ਮੀਚ ਗਏ।

ਮੇਰੇ ਚਾਚਾ ਜੀ ਜਦ ਪੂਰੇ ਹੋਏ ਤਾਂ ਸਾਡੀ ਇੱਕ ਗੁਆਂਢਣ ਵੀ ਨੇੜੇ ਬੈਠੀ ਹੋਈ ਸੀ ਉਸ ਨੂੰ ਕਹਿਣ ਲੱਗੇ ਕਿ ਵੱਡਾ ਦਰਵਾਜਾ ਖ੍ਹੋਲ ਦੇਹ ਗੁਰੂ ਸਾਹਿਬ ਦਾ ਘੋੜਾ ਨਹੀ ਲੰਘ ਰਿਹਾ ਤੇ ਉਹ ਦਰਵਾਜਾ ਖ੍ਹੋਲ ਕੇ ਹਾਲੇ ਮੰਜੇ ਤੱਕ ਵੀ ਨਹੀ ਪਹੁੰਚੀ ਸੀ ਕਿ ਚਾਚਾ ਜੀ ਪੂਰੇ ਹੋਏ ਪਏ ਸਨ ਤੇ ਕਈਆਂ ਨੇ ਘੋੜੇ ਦੇ ਪੌੜ ਲੱਗੇ ਵਿਹੜੇ ਵਿੱਚ ਵੇਖੇ ਸਨ!

ਬੀਬਾ ਦਾ ਸਿਰ ਚਕਰਾ ਗਿਆ ਉਸ ਨੂੰ ਸਮਝ ਨਹੀ ਸੀ ਆ ਰਿਹਾ ਕਿ ਮੈਂ ਉਸ ਨੂੰ ਮਖੌਲ ਕਰ ਰਿਹਾ ਹਾਂ ਜਾਂ ਸੱਚੀਂ ਕਹਿ ਰਿਹਾ ਹਾਂ ਤੇ ਆਖਰ ਮੈਂ ਹੀ ਉਸ ਨੂੰ ਦੱਸਿਆ ਕਿ ਬੀਬਾ ਇਹ ਦੋ ਕਹਾਣੀਆਂ ਮੈਂ ਇਥੇ ਤੇਰੇ ਬੈਠੇ ਬੈਠੇ ਹੀ ਘੜੀਆਂ ਹਨ ਤੇ ਜੇ ਮੈਂ ਇਹ ਪ੍ਰਚਲਤ ਕਰਨੀਆਂ ਹੁੰਦੀਆਂ ਤਾਂ ਸਾਡਾ ਟੱਬਰ ਵੀ ‘ਬ੍ਰਹਮਗਿਆਨ’ ਵਿੱਚ ਸ਼ਾਮਲ ਹੋ ਜਾਣਾ ਸੀ ਤੇ ਪਿੰਡ ਨੇ ਸਾਡੇ ਬਾਪੂ ਦੀ ਮੜ੍ਹੀ ਪੂਜਣ ਲੱਗ ਜਾਣੀ ਸੀ ਤੇ ਆਉਂਣ ਵਾਲੇ ਭਵਿੱਖ ਵਿੱਚ ਹੋ ਸਕਦਾ ਉਥੇ ਕੋਈ ਤਗੜਾ ਗੁਰਦੁਆਰਾ ਵੀ ਬਣ ਜਾਂਦਾ ਬਹੁਤੇ ਡੇਰੇ ਅਥਵਾ ਗੁਰਦੁਆਰੇ ਅਜਿਹੀਆਂ ਗਪੌੜਾਂ ਦੇ ਸਿਰ ਤੇ ਹੀ ਬਣੇ ਹਨ।

ਚਲ ਤੈਨੂੰ ਹੋਰ ਕਹਾਣੀਆਂ ਸੁਣਾਵਾਂ। ਬਾਬਾ ਸ਼ੇਖ ਫੱਤਾ ਗੁਰੂ ਸਾਹਿਬ ਵੇਲੇ ਚਲਦੀ ਸੇਵਾ ਸਮੇ ਢੋਲ ਵਜਾਉਂਦਾ ਹੁੰਦਾ ਸੀ ਤੇ ਇਕ ਦਿਨ ਖੀਰ ਤੋਂ ਰੁਸ ਕੇ ਹੁਣ ਵਾਲੀ ਥਾਂ ਜਾ ਬੈਠਾ ਤੇ ਢੋਲ ਵਜਾਉਂਣੋਂ ਜਵਾਬ ਦੇ ਗਿਆ। ਗੁਰੂ ਸਾਹਿਬ ‘ਵ੍ਹਰ’ ਦਿੰਦੇ ਹਨ ਫੱਤਿਆ ਖੀਰ ਤਾਂ ਤੇਰੇ ਦਰ ਤੇ ਇੰਨੀ ਆਵੇਗੀ ਕਿ ਕੁੱਤੇ ਨਾ ਖਾਣਗੇ?

ਹੁਣ ਕੋਈ ਪੁੱਛੇ ਕਿ ਅਜਿਹੇ ਭੜੂਏ ਤੋਂ ਗੁਰੂ ਸਾਹਿਬ ਨੇ ਕਰਾਉਂਣਾ ਕੀ ਸੀ ਜਿਹੜਾ ਖੀਰ ਤੋਂ ਹੀ ਪੂਛ ਨੂੰ ਵੱਟਣਾ ਚਾਹੜੀ ਫਿਰਦਾ ਸੀ ਪਰ ਲੁਟੇਰਿਆਂ ਕਹਾਣੀ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਇੰਨੀ ਰੌਚਿਕ ਕਰ ਦਿੱਤਾ ਕਿ ‘ਸਿੱਖਾਂ’ ਨੇ ਨੰਗ ਜਿਹੇ ਸ਼ੇਖ ਫੱਤੇ ਵਲ ਬੂਥਾ ਚੁੱਕ ਲਿਆ ਤੇ ਖੀਰ ਖਵਾ ਖਵਾ ਕੇ ਕੁੱਤਿਆਂ ਨੂੰ ਖੁਰਕ ਪਾ ਛੱਡੀ ਮਾਂ ਦਿਆਂ ਪੁੱਤਾਂ ਨੇ।

ਦੂਜੀ ਕਹਾਣੀ ਹੋਰ ਹੈ। ਬਾਬਾ ਰੋਡੇ ਸ਼ਾਹ! ਕਹਾਣੀ ਮੁਤਾਬਕ ਆਮ ਸਾਧਾਂ ਵਾਗੂੰ ਘਰ ਦੇ ਕੰਮਾਂ ਤੋਂ ਭਗੌੜਾ ਸਾਧ ਹੋ ਗਿਆ। ਤੇ ਆਖਰ ਭੋਮੇ ਆ ਡੇਰੇ ਲਾਏ। ਕਿਸੇ ਜਿੰਮੀਦਾਰ ਦੇ ਮੁੰਡਾ ਨਹੀ ਸੀ ਹੁੰਦਾ ਬਾਕੀ ਸਾਧਾਂ ਵਾਗੂੰ ਉਸ ਵੀ ਰੇਖ ‘ਚ ਮੇਖ ਮਾਰੀ ਤੇ ਉਸ ਦੇ ਮੁੰਡਾ ਹੋ ਗਿਆ। ਇਸੇ ਖੁਸ਼ੀ ਵਿੱਚ ਉਹ ਪੰਜ ਸੌ ਰੁਪਏ ਦੀ ਸ਼ਰਾਬ ਲੈ ਕੇ ਆ ਗਿਆ ਤੇ ਬਾਬਿਆਂ ਹੁਕਮ ਕੀਤਾ ਕਿ ਵਰਤਾ ਦਿਓ ‘ਸੰਗਤ’ ਨੂੰ!!

ਉਸ ਸਿਰੇ ਦੇ ਸ਼ਰਾਬੀ ਸਾਧ ਦੀ ਵਰਤਾਈ ਸ਼ਰਾਬ ਦੀ ਮੇਹਰਬਾਨੀ ਕਰਕੇ ਹੁਣ ਹਰੇਕ ਸਾਲ ਉਥੇ ਪੂਰਾ ਦਰਿਆ ਵੱਗਦਾ ਸ਼ਰਾਬ ਦਾ। ਇਹ ਵੀ ਕਹਾਣੀ ਹੈ। ਨਹੀ ਤਾਂ ਕੌਣ ਰੋਡਾ, ਕਿਹੜਾ ਸਾਧ ਤੇ ਕਿਹੜੀ ਭਗਤੀ? ਪਰ ਜੇ ਇਹ ਕਹਾਣੀ ਨਹੀ ਅਤੇ ਸੱਚ ਹੈ ਤਾਂ ਅਜਿਹੇ ਸਾਧ ਦੀਆਂ ਤਾਂ ਕੱਬਰਾਂ ਫੋਲ ਕੇ ਉਸ ਦੇ ਪਿੰਜਰ ਨੂੰ ਫਾਹੇ ਟੰਗਣਾ ਬਣਦਾ ਜਿਹੜਾ ਹਰੇਕ ਸਾਲ ਲੋਕਾਂ ਦੀਆਂ ਜਵਾਨ ਬੇਟੀਆਂ ਨੂੰ ਬੇਵਾ ਕਰਨ ਦਾ ਕਾਰਨ ਬਣ ਰਿਹਾ ਹੈ। ਪਰ ਕਹਾਣੀ ਅਗਲਿਆਂ ਰੌਚਕ ਕਰਕੇ ਅਜਿਹੀ ਪ੍ਰਚਲਤ ਕੀਤੀ ਕਿ ਹਰੇਕ ਸਾਲ ਭਾਊ ਸੜਕਾਂ ਤੋੇ ਕੁੱਤਿਆਂ ਵਾਂਗ ਰੁਲਦੇ ਫਿਰਦੇ ਹੁੰਦੇ ਹਨ, ਗੁਰੂ ਦੀਆਂ ਦਿੱਤੀਆਂ ਦਸਤਾਰਾਂ ਕਿਤੇ ਤੇ ਆਪ ਕਿਤੇ!

ਹਜੂਰ ਸਾਹਿਬ ਦੇ ਬਾਕੀਆਂ ਤੋਂ ਬਿਨਾ ਇਥੇ ਤਿੰਨ ਗੁਰਦੁਆਰਿਆਂ ਦੀ ਗੱਲ ਕਰਨੀ ਚਾਹਾਂਗਾ ਤੁਹਾਨੂੰ ਕਹਾਣੀ ਅਤੇ ਹਕੀਕਤ ਦੀ ਗੱਲ ਸੌਖਿਆਂ ਸਮਝ ਆ ਜਾਏਗੀ ਕਿ ਕਹਾਣੀ ਨੂੰ ਅਸੀਂ ਕਿੰਝ ਚਿੰਬੜਦੇ ਹਾਂ ਪਰ ਹਕੀਕਤ ਤੋਂ ਕਿਵੇਂ ਕਤਰਾਉਂਦੇ ਹਾਂ।

ਬੜੀ ਰੌਚਕ ਤੇ ਮਸ਼ਹੂਰ ਕਹਾਣੀ ਹੈ ਕਿ ਮੂਲਾ ਖੱਤਰੀ ਸਹੇ ਦੀ ਜੂਨੇ ਪਿਆ ਤੇ ਗੁਰੂ ਸਾਹਿਬ ਨੇ ਹਜੂਰ ਸਾਹਿਬ ਜਾ ਕੇ ਉਸ ਦਾ ਸ਼ਿਕਾਰ ਕਰਕੇ ਉਸ ਦਾ ਉਧਾਰ ਕੀਤਾ। ਉਥੇ ਗੁਰਦੁਆਰਾ ਬਣ ਗਿਆ ਸ਼ਿਕਾਰਘਾਟ। ਜਾਓ, ਲੰਗਰ ਪਾਣੀ ਹਰੇਕ ਸਹੂਲਤ, ਰੌਣਕ ਮੇਲਾ, ਗਹਿਮਾ-ਗਹਿਮ ਮਾਅਰ ਮੱਸਿਆ ਲੱਗੀ ਰਹਿੰਦੀ ਤੇ ਇਸ ਦਾ ‘ਇਤਿਹਾਸ’ ਦੱਸਣ ਵਾਲੇ ਪੁਜਾਰੀ ਪੱਭਾਂ ਭਾਰ ਹੋਏ ਰਹਿੰਦੇ ਉਥੇ।

ਦੂਜੀ ਰੌਚਕ ਕਹਾਣੀ ਹੈ ਬਾਬਾ ਨਿਧਾਨ ਸਿੰਘ ਨੂੰ ਗੁਰੂ ਸਾਹਿਬ ਆਪ ਆ ਕੇ ਮਿਲੇ ਸਿਰ ਤੇ ਹੱਥ ਰੱਖਿਆ ਕਿ ਖੀਸਾ ਤੇਰਾ ਹੱਥ ਮੇਰਾ ਤੇ ਹੋ ਤਗੜਾ। ਕਹਾਣੀ ਰੌਚਕ ਸੀ ਉਥੇ ਵੀ ਗਹਿਮਾ-ਗਹਿਮ, ਖੁਲ੍ਹੇ ਲੰਗਰ, ਕੋਈ ਪਾਰਾਵਾਰ ਨਹੀ, ਰੌਣਕਾਂ ਹੀ ਰੌਣਕਾਂ ਤੇ ਉਥੇ ਦਾ ‘ਇਤਿਹਾਸ’ ਅਗਲਿਆਂ ਸੀਸ਼ਿਆਂ ‘ਚ ਮੜ੍ਹ ਕੇ ਲਾਇਆ ਹੋਇਆ ਨਾਲ ਬਕਾਇਦਾ ਨਕਲੀ ਮਨਘੜਤ ਫੋਟੋ!

ਤੀਜਾ ਗੁਰਦੂਆਰਾ ਹੈ ਉਥੇ ਬਾਬਾ ਬੰਦਾ ਸਿੰਘ ਬਹਾਦਰ ਦਾ। ਇਥੇ ਕਿਸੇ ਕਹਾਣੀ ਨੇ ਜਨਮ ਨਹੀ ਲਿਆ ਬਲਕਿ ਇਥੋਂ ਹਕੀਕੀ ਇਨਕਲਾਬੀ ਸੂਰਬੀਰ ਜੋਧਾ ਗੁਰੂ ਦਾ ਥਾਪੜਾ ਲੈ ਕੇ ਤੁਰਿਆ ਜਿਸ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਜਿਸ ਗੁਰੂ ਦੇ ਨਾਮ ਦਾ ਸਿੱਕਾ ਜਾਰੀ ਕੀਤਾ, ਜਿਸ ਹੇਠਲੀ ਉੱਤੇ ਕਰ ਮਾਰੀ ਤੇ ਗੁਰੂ ਦੀ ਸਿੱਖੀ ਵਿੱਚ ਰਹਿੰਦਾ ਹੋਇਆ ਕਰੀਬਨ 8 ਮਹੀਨੇ ਮੁਗਲਾਂ ਦੇ ਜੁਲਮੋ ਤੱਸਦਦ ਸਹਾਰਦਾ, ਸੱਕੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਵਾ, ਤੂੰਬਾਂ ਤੂੰਬਾਂ ਹੋ ਸਿੱਖੀ ਸੀ ਸ਼ਮ੍ਹਾਂ ਤੋਂ ਸੜ ਮਰਿਆ।

ਇਤਿਹਾਸਕ ਪੱਖੋਂ ਗੁਰੂ ਪਾਤਸ਼ਾਹ ਦੀਆਂ ਹਜੂਰ ਸਾਹਿਬ ਵਿਖੇ ਦੋ ਸਭ ਤੋਂ ਅਹਿਮ ਘਟਨਾਵਾਂ ਵਿੱਚੋਂ ਇੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਨਾ ਸੀ, ਜਦ ਕਿ ਦੂਜੀ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਆਈ ਦੇਣੀ ਸੀ।

ਪਰ ਹੋਇਆ ਕੀ? ਬਾਬੇ ਵਾਲੇ ਗੁਰਦੁਆਰੇ ਦੀ ਹਾਲਤ ਦੇਖ ਸਿੱਖ ਦੀਆਂ ਧਾਹਾਂ ਨਿਕਲਦੀਆਂ ਹਨ। ਨਾ ਉਥੇ ਕੋਈ ਪ੍ਰਸ਼ਾਦ ਦੇਣ ਵਾਲਾ, ਕੰਧਾਂ ਦਾ ਰੰਗ ਉਡਿਆ, ਕੋਈ ਗਰੰਥੀ ਭਾਈ ਦੇਖਣ ਨੂੰ ਨਹੀ ਲੱਭਦਾ, ਸਰੋਵਰ ਵਿਚ ਜਾਲੇ ਲੱਗੇ ਹੋਏ, ਕੋਈ ਰੌਣਕ ਨਹੀ, ਕੋਈ ਗਹਿਮਾ-ਗਹਿਮ ਨਹੀ, ਕਿਸੇ ਵਿੱਚ ਉਥੇ ਜਾਣ ਦੀ ਲਾਲਸਾ ਨਹੀ ਕਿ ਮੈਂ ਉਸ ਧਰਤੀ ਨੂੰ ਚੁੰਮਾ ਜਿਥੇ ਮੇਰੇ ਗੁਰੂ ਨੇ ਇੱਕ ਅਜਿਹੇ ਬੰਦੇ ਦੀ ਚੋਣ ਕੀਤੀ ਸੀ ਕਿ ਦੁਨੀਆਂ ਮੂੰਹ ‘ਚ ਉਂਗਲਾਂ ਪਾ ਗਈ , ਕੋਈ ਪੁਜਾਰੀ ਉਥੇ ਅੱਡੀਆਂ ਚੁੱਕ ਚੁੱਕ ਬਾਬੇ ਦਾ ਇਤਿਹਾਸ ਨਹੀ ਦੱਸਦਾ, ਬਾਹਰ ਫੱਟੇ ਤੇ ਬਾਬੇ ਦਾ ਨਾਮ ਵੀ ਪੂਰਾ ਨਹੀ ਲਿਖਿਆ ਅਖੇ ‘ਗੁਰਦੁਆਰਾ ਬੰਦਾ ਘਾਟ’! ਗੁਰੂ ਦੀ ਬਖਸ਼ਸ਼ ਵਾਲਾ ਸਿੰਘ ਲਿਖਣ ਗੋਚਰੀ ਵੀ ਸਿਆਹੀ ਨਹੀ ਕਿਸੇ ਕੋਲੇ ਬਾਬੇ ਲਈ, ਬਾਬਾ ਜਾਂ ਬਹਾਦਰ ਤਾਂ ਕੀ ਲਿਖਣਾ ਸੀ।

ਪਰ ਕਿਉਂਕਿ ਉਸ ਥਾਂ ਨਾਲ ਕੋਈ ਰੋਚਕ, ਕਰਾਮਾਤੀ ਕਹਾਣੀ ਨਹੀ ਜੁੜੀ ਹੋਈ। ਕਹਾਣੀਆਂ ਤੋਂ ਬਿਨਾ ਤਾਂ ਮੈਂ ਗੁਰੂ ਨੂੰ ਨਾ ਮੰਨਾ ਬੰਦਾ ਕੀ ਸ਼ੈਅ ਹੈ।

ਕਹਾਣੀ ਵਿੱਚ ਡਰ ਕੋਈ ਨਹੀ ਖਤਰਾ ਕੋਈ ਨਹੀ। ਹੁਣ ਮੂਲੇ ਦੀ ਕਹਾਣੀ ਵਿੱਚ ਕੀ ਖਤਰਾ ਹੈ, ਬਾਬਾ ਨਿਧਾਨ ਸਿੰਘ ਦੀ ਕਹਾਣੀ ਵਿੱਚ ਕੀ ਖਤਰਾ ਹੈ, ਪਰ ਉਧਰ ਬਾਬਾ ਬੰਦਾ ਸਿੰਘ ਦੀ ਕਹਾਣੀ ਵਿੱਚ ਖਤਰਾ ਹੀ ਖਤਰਾ ਹੈ। ਕਿਹੜਾ ਤੂੰਬਾ-ਤੂੰਬਾ ਉੱਡੇ। ਕਿਹੜਾ ਸੱਕੇ ਪੁੱਤ ਦਾ ਕਲੇਜਾ ਮੂੰਹ ਵਿੱਚ ਪਵਾਵੇ ਧਾਂਹੀ ਨਹੀ ਨਿਕਲ ਜਾਂਦੀਆਂ ਸੋਚ ਕੇ ਹੀ। ਸੋ ਕਹਾਣੀਆਂ ਠੀਕ ਹਨ। ਕਹਾਣੀਆਂ ਵਾਲੇ ਹੀ ਅਸਲ ਵਿੱਚ ‘ਮਹਾਂਪੁਰਖ’ ਹਨ। ਕਹਾਣੀਆਂ ਵਾਲਿਆਂ ਦੀਆਂ ਹੀ ਬਰਸੀਆਂ ਹਨ’ ਕਹਾਣੀਆਂ ਦੇ ਹੀ ਢੋਲ-ਢਮੱਕੇ ਹਨ।

ਹੋਰ ਸੁਣੋ! ਕਹਾਣੀ ਹੈ ਕਿ ਬਾਬਾ ਜੀ ਨੂੰ ਗੁਰੂ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਤੇ ਆਪ ਗੁਰੂ ਜੀ ਬਾਬਿਆਂ ਦੀਆਂ ਤੁੜਕਿਆਂ ਵਾਲੀਆਂ ਦਾਲਾਂ ਤੇ ਰੈਤਾ ਛੱਕਦੇ ਰਹੇ ਉਹ ਵੀ ਮੂਰਤੀ ਚੋਂ ਪ੍ਰਤੱਖ ਹੋ ਕੇ। ਕਿੰਨਾ ਸਵਾਦ ਹੈ ਇਸ ਕਹਾਣੀ ਵਿੱਚ ਤੇ ਇਸ ਸਵਾਦੀ ਕਹਾਣੀ ਦੀ ਕਰਾਮਾਤ ਹਰੇਕ ਸਾਲ ਬਾਬਿਆਂ ਦੀ ਬਰਸੀ ਤੇ ਜਾ ਕੇ ਖੁਦ ਦੇਖ ਲਓ। ਮਾਅਰ ਜਹਾਜ ਫੁੱਲ ਬਰਸਾਉਂਦੇ ਫਿਰਦੇ ਹਨ।

ਇੱਕ ਹੋਰ ਸਵਾਦੀ ਕਹਾਣੀ ਹੈ ਕਿ ਬਾਬਾ ਅਤਰ ਸਿੰਘ ਜੀ ਚੌਕੜਾਂ ਮਾਰ ਕੇ ਹਜੂਰ ਸਾਹਿਬ ਗੁਦਾਵਰੀ ਕੰਢੇ ਬੈਠ ਗਏ, ਪਰ ਜਦ ਭੁੱਖ ਨਾਲ ਜਾਨ ਲਬਾਂ ਤੇ ਆਈ ਤਾਂ ਗੁਰੂ ਗੋਬਿੰਦ ਸਿੰਘ ਜੀ ਕੜਾਹ ਪ੍ਰਸ਼ਾਦ ਦਾ ਬਾਟਾ ਆਪ ਲੈ ਕੇ ਆਏ ਤੇ ਬਾਬਾ ਜੀ ਨੂੰ ਛਕਾ ਕੇ ਕ੍ਰਿਤਾਰਥ ਕੀਤਾ! ਹੁਣ ਦੱਸੋ ਇੰਨਾਂ ਦੋਹਾਂ ਕਹਾਣੀਆਂ ‘ਚ ਤੁਹਾਡਾ ਕੀ ਜੋਰ ਲੱਗਾ ਪਰ ਸਵਾਦ ਕਿੰਨਾ! ਪ੍ਰਤਖ ਗੁਰੂ ਜੀ ਬਾਬਿਆਂ ਨੂੰ ਪਤਾ ਨਹੀ ਦਿੱਸੇ ਜਾਂ ਨਹੀ ਪਰ ਸਵਾਦੀ ਕਹਾਣੀ ਸੁਣਾ ਕੇ ਤੁਹਾਨੂੰ ਜਰੂਰ ਦਿੱਸਣ ਲਾ ਦਿੰਦੇ ਹਨ ਜਗਾਧਰੀ ਜਾਂ ਗੁਰਇਕਬਾਲ ਵਰਗੇ ਭਾੜੇ ਦੇ ਪ੍ਰਚਾਰਕ!

ਪਰ ਉਧਰ ਭਾਈ ਮਨੀ ਸਿੰਘ ਨੂੰ ਨਖਾਸ ਚੌਂਕ ਵਿਚ ਬੈਠਾਇਆ ਹੋਇਆ ਜਲਾਦ ਨੇ। ਪਹਿਲਾਂ ਉਸ ਦੇ ਦੋ ਪੁੱਤਰਾਂ, ਭਾਈ ਵਿਚੱਤਰ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਵੇਂ ਟੋਟੇ ਟੋਟੇ ਕੀਤਾ, ਫਿਰ ਉਸ ਦੀ ਪਤਨੀ ਬੀਬੀ ਬਸੰਤ ਕੌਰ ਨੂੰ ਕੋਹ ਕੋਹ ਕੇ ਮਾਰਿਆ, ਉਪਰੰਤ 90 ਸਾਲ ਦੇ ਬਜ਼ੁਰਗ ਦੇ 64 ਟੋਟੇ ਕਰਕੇ ਵੱਢ ਕੇ ਉਸ ਨੂੰ ਟੋਕਰੇ ਵਿੱਚ ਸੁੱਟ ਦਿੱਤਾ। 53 ਜੀਅ ਉਸ ਸੂਰਬੀਰ ਦੇ ਪਰਿਵਾਰ ਦੇ ਸ਼ਹੀਦ ਹੋਏ ਯਾਨੀ ਹਰੇਕ ਤੀਜੇ ਦਿਨ ਕਿਸੇ ਜਵਾਨ ਭਰਾ, ਭਤੀਜੇ ਪੁੱਤਰ ਦੀ ਲਾਸ਼ ਉਸ ਦੇ ਘਰ ਆਉਂਦੀ ਸੀ। ਹੁਣ ਇਸ ਨੂੰ ਸੁਣਨ ਵਿਚ ਮੇਰਾ ਰਸ ਕੀ ਹੈ। ਆਦਰਾਂ ਦਾ ਰੁਗ ਨਹੀ ਭਰਿਆ ਜਾਂਦਾ, ਰੂਹ ਕੰਬ ਨਹੀ ਜਾਂਦੀ ਖੂਨੋ ਖੁਨ ਹੋਏ ਉਸ ਸੀਨ ਨੂੰ ਯਾਦ ਕਰਦਿਆਂ, ਦਿੱਲ ਬਾਹਰ ਨੂੰ ਆਉਂਦਾ ਸੁਣਕੇ ਕਿ ਦੋ ਜਵਾਨ ਪੁੱਤਰਾਂ ਦੀਆਂ ਅਤੇ ਪਤਨੀ ਦੀਆਂ ਵੱਡੀਆਂ ਟੁੱਕੀਆਂ ਲਾਸ਼ਾਂ ਸਾਹਵੇਂ ਪਈਆਂ ਹਨ ਪਰ ਉਹ ਬਜ਼ੁਰਗ ਹਾਲੇ ਵੀ ਜਲਾਦ ਨੂੰ ਬੰਦ ਛੱਡ ਜਾਣ ਦੇ ਚੇਤੇ ਕਰਵਾ ਰਿਹਾ ਹੈ! ਕੀ ਸਵਾਦ ਹੈ ਇਸ ਵਿੱਚ, ਸਰੀਰ ਦੀਆਂ ਸਾਰੀਆਂ ਤਾਰਾਂ ਲਰਜਾ ਜਾਂਦੀਆਂ ਹਨ ਅਜਿਹੇ ਸੂਰਮੇ ਦੀ ਗਾਥਾ ਸੁਣਦਿਆਂ ਪਰ ਮੈਂ ਇਹ ਖਤਰਾ ਕਿਉਂ ਲਵਾਂ। ਅਜਿਹੇ ਸੂਰਬੀਰ ਦਾ ਕੋਈ ਦਿਨ ਕਿਉਂ ਮਨਾਵੇ। ਮੈਨੂੰ ਤਾਂ ਕਿਸੇ ਸਵਾਦੀ ਕਹਾਣੀ ਵਾਲੇ ਨੰਗ ਜਿਹੇ ਸਾਧ ਦੀ ਬਰਸੀ ‘ਚ ਫਾਇਦਾ ਹੈ।

ਭਾਈ ਤਾਰੂ ਸਿੰਘ, ਹਰੀ ਸਿੰਘ ਨਲੂਆ, ਅਟਾਰੀ ਵਾਲਾ ਸੂਰਬੀਰ ਸਰਦਾਰ, ਅਕਾਲੀ ਫੂਲਾ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਕੌਣ ਮਨਾਵੇ ਇੰਨਾ ਦਾ ਦਿਨ? ਦਿਮਾਗ ਖਰਾਬ ਹੈ ਲੋਕਾਂ ਦਾ ਅਜਿਹੇ ਦਿਨ ਯਾਦ ਕਰਕੇ ਖਤਰਾ ਕੌਣ ਲਵੇ। ਮਤਾਂ ਸਿਰ ‘ਪੁੱਠੇ’ ਪਾਸੇ ਚਲ ਪਏ ਤੇ ਮੁੜ ਉਖਲੀ ‘ਚ ਕੌਣ ਦਊ? ਸੋ ਪਿਆਰਿਓ ਕਹਾਣੀਆਂ ਦਾ ਹੀ ਮੁੱਲ ਹੈ, ਕਿਉਂਕਿ ਕਹਾਣੀਆਂ ‘ਚ ਸਵਾਦ ਹੈ, ਕਹਾਣੀਆਂ ਰਸਦਾਇਕ ਹਨ, ਕਹਾਣੀਆਂ ‘ਚ ਕਰਾਮਾਤ ਹੈ ਤੇ ਸਵਾਦੀ ਕਹਾਣੀਆਂ ਵਾਲੇ ਹੀ ਮੇਰੇ ਮਹਾਂਪੁਰਖ ਹਨ, ਮੇਰੇ ਬ੍ਰਹਿਮਗਿਆਨੀ ਹਨ, ਮੇਰੇ ਸੰਤ ਤੇ ਸਭ ਕੁਝ ਹਨ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top