Share on Facebook

Main News Page

ਇਹ ਦੇਸ਼ ਸਾਡਾ ਆਪਣਾ ਹੈ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਸਿੱਖਾਂ ਦਾ ਆਪਣਾ ਦੇਸ਼ ਹੈ, ਬਲਕਿ ਅਸਲੀਅਤ ਤਾਂ ਇਹ ਹੈ ਕਿ ਨਾਗਾ, ਤੈਲਗੂ, ਤਮਿਲ, ਬੰਗਾਲੀਆਂ ਆਦਿ ਸਮੇਤ ਸਿੱਖ ਹੀ ਭਾਰਤ ਦੇ ਮੂਲ ਵਸਨੀਕ ਹਨ। ਇਸ ਲਈ ਹੀ ਇਨ੍ਹਾਂ ਸਾਰਿਆਂ ਵਿਚੋਂ, ਕਦੀ ਵੀ ਕੋਈ, ਦੇਸ਼ ਨਾਲ ਗੱਦਾਰੀ ਕਰਦਾ, ਦੇਸ਼ ਦੇ ਰਾਜ਼ ਦੂਸਰੇ ਮੁਲਕਾਂ ਨੂੰ ਵੇਚਦਾ, ਦੇਸ਼ ਨਾਲ ਗੱਦਾਰੀ ਕਰ-ਕਰ ਕੇ, ਘੁਟਾਲੇ ਕਰ-ਕਰ ਕੇ ਵਿਦੇਸ਼ੀ ਬੈਂਕਾਂ ਵਿੱਚ ਦੇਸ਼ ਦਾ ਧਨ ਜਮ੍ਹਾ ਕਰਵਾਉਂਦਿਆਂ, ਜਾਂ ਵਿਦੇਸ਼ਾਂ ਤੋਂ ਮਾਲ ਖਰੀਦਣ ਬਦਲੇ ਦਲਾਲੀ ਖਾਂਦਾ ਨਹੀਂ ਫੜਿਆ ਗਿਆ।

ਪਹਿਲਾਂ ਅਰਬ ਦੇਸ਼ਾਂ ਦੇ ਰਾਜਆਂ ਦੀ ਗੁਲਾਮੀ (ਜੋ ਬ੍ਰਾਹਮਣਾਂ ਨੇ, ਆਪ ਅਪਣੇ ਗੱਲ ਪਾ ਕੇ, ਦੇਸ਼ ਵਾਸੀਆਂ ਨੂੰ ਬਾਰਾਂ ਸਦੀਆਂ ਤੋਂ ਉਪਰ, ਨਰਕਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ।) ਤੋਂ ਛੁਰਕਾਰਾ ਪਾਉਣ ਲਈ, ਸਿਰਫ ਸਿੱਖਾਂ ਨੇ ਹੀ ਜੱਦੋ-ਜਹੱਦ ਕੀਤੀ, ਜਿਸ ਵਿੱਚ ਕੁੱਝ ਹਿੰਦੂ ਅਖਵਾਉਂਦੇ, ਵਰਨ-ਵੰਡ ਦੇ ਸ਼ਿਕਾਰ, ਦੱਬੇ-ਕੁਚਲੇ ਲੋਕਾਂ ਨੇ ਸਿੱਖਾਂ ਦਾ ਸਾਥ ਦਿੱਤਾ ਸੀ। ਕੁੱਝ ਉੱਚ ਜਾਤੀ ਅਖਵਾਉਂਦੇ ਲੋਕਾਂ ਨੇ, ਜਿਨ੍ਹਾਂ ਨੂੰ ਆਪਣੀ ਜਾਤ ਨਾਲੋਂ, ਇੰਸਾਨੀਅਤ ਪਿਆਰੀ ਸੀ ਉਨ੍ਹਾਂ ਨੇ ਵੀ ਇਸ ਕੰਮ ਲਈ ਅਪਣੀਆਂ ਜਾਨਾਂ ਵਾਰੀਆਂ ਸਨ। ਜਿਸ ਦੇ ਸਿੱਟੇ ਵਜੋਂ, ਸਿੱਖਾਂ ਦਾ ਰਾਜ ਸਥਾਪਤ ਹੋਇਆ। ਬਾਹਰੋਂ ਹਮਲਾਵਰ ਆਉਣੌ ਵੀ ਰੋਕ ਦਿੱਤੇ ਗਏ। ਪਰ ਜਦ ਤੱਕ ਸਿੱਖਾਂ ਦਾ ਰਾਜ ਖਤਮ ਨਹੀਂ ਹੋ ਗਿਆ, ਤਦ ਤੱਕ ਵਰਨ-ਵੰਡ ਦੇ ਪੁਜਾਰੀਆਂ ਨੇ ਸਿੱਖਾਂ ਦਾ ਰਾਜ ਖਤਮ ਕਰਨ ਲਈ, ਸਾਮ, ਦਾਮ, ਦੰਡ, ਭੇਦ ਦਾ ਹਰ ਤਰੀਕਾ ਵਰਤ ਕੇ, ਸਿੱਖਾਂ ਦਾ ਰਾਜ ਖਤਮ ਕਰ ਕੇ, ਭਾਰਤ ਨੂੰ ਅਮਗਰੇਜ਼ਾਂ ਦਾ ਗੁਲਾਮ ਬਣਾ ਦਿੱਤਾ।

ਫਿਰ ਸ਼ੁਰੂ ਹੋਈ, ਅਮਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੀ ਲੜਾਈ । ਜਿਸ ਵਿੱਚ ਸਿੱਖਾਂ ਅਤੇ ਬੰਗਾਲੀਆਂ ਦਾ ਹਿੱਸਾ ਹੀ ੯੦ % ਤੋਂ ਉਪਰ ਸੀ। ਇਸ ਲੜਾਈ ਵਿੱਚ ਵੀ ਵਰਨ ਵੰਡ ਦੇ ਪੁਜਾਰੀ ਆਪਣੇ ਹਰ ਹੀਲੇ-ਹਰਬੇ ਨਾਲ, ਹਰ ਮੋਰਚੇ ਤੇ ਅਮਗਰੇਜ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ, ਉਨ੍ਹਾਂ ਦੀ ਪਸ਼ ਪੂਰਦੇ ਰਹੇ। ਇਸ ਤਰ੍ਹਾਂ ਅੰਗਰੇਜ਼ਾਂ ਦੇ ਦਿਮਾਗ ਵਿਚ, ਇਹ ਗੱਲ ਚੰਗੀ ਤਰ੍ਹਾਂ ਘਰ ਕਰ ਗਈ ਕਿ ਸਾਡੇ ਹਿੱਤ, ਵਰਨ-ਵੰਡ ਦੇ ਹਾਮੀਆਂ ਦੇ ਹੱਥਾਂ ਵਿੱਚ ਹੀ ਮਹਿਫੂਜ਼ ਰਹਿ ਸਕਦੇ ਹਨ। ਇਸ ਲਈ ਜਦ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਤਾਂ ਉਨ੍ਹਾਂ ਨੇ ਰਾਜ-ਸੱਤਾ ਵਰਨ-ਵੰਡ ਦੇ ਹਮਾਇਤੀਆਂ ਦੇ ਹੱਥਾਂ ਵਿੱਚ ਦੇਣ ਦਾ ਮਨ ਬਣਾ ਲਿਆ। ਜਿਸ ਨੂੰ ਭਾਂਪਦਿਆਂ ਮੁਸਲਮਾਨਾਂ ਨੇ ਤਾਂ ਆਪਣਾ ਹੱਕ ਲੈ ਲਿਆ, ਪਰ ਸਿੱਖਾਂ ਦੇ ਲੀਡਰਾਂ ਨੂੰ ਆਜ਼ਾਦ ਹੋਣ ਦੀ ਹੀ ਏਨੀ ਖੁਸ਼ੀ ਸੀ ਕਿ, ਉਨ੍ਹਾਂ ਪੰਥ ਦੇ ਭਵਿੱਖ ਬਾਰੇ ਸੋਚੇ ਬਗੈਰ, ਦੁਨੀਆਂ ਦੇ ਮਹਾਨਤਮ ਝੂਠਿਆਂ ਤੇ ਇਤਬਾਰ ਕਰ ਕੇ ਆਪਣੀ ਕਿਸਮਤ, ਸਿੱਖੀ ਦੇ ਕੱਟੜ ਦੁਸ਼ਮਣਾਂ, ਵਰਨ-ਵੰਡ ਵਾਲਿਆਂ ਨਾਲ ਜੋੜ ਦਿੱਤੀ। ਅਜ਼ਾਦ ਹੁੰਦਿਆਂ ਹੀ ਵਰਨ-ਵੰਡ ਵਾਲਿਆਂ ਨੇ ਸਿੱਖਾਂ ਨੂੰ ਪਹਿਲਾ ਤੋਹਫਾ, ਇੱਕ ਸਰਕੂਲਰ ਦੇ ਰੂਪ ਵਿੱਚ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ "ਸਿੱਖ ਜਰਾਇਮ ਪੇਸ਼ਾ ਲੋਕ ਹਨ, ਉਨ੍ਹਾਂ ਤੇ ਵਿਸ਼ੇਸ਼ ਨਿਗਾਹ ਰੱਖੀ ਜਾਵੇ। ਕਿਸੇ ਸਿੱਖ ਬਾਰੇ ਸ਼ੱਕ ਹੋਣ ਤੇ ਉਸ ਦੀ ਸੂਚਨਾ, ਤੁਰੰਤ ਜ਼ਿਲ੍ਹੇ ਦੇ ਪੁਲਸ ਮੁਖੀ ਨੂੰ ਦਿੱਤੀ ਜਾਵੇ।"

ਜਦ ਸਿਰਦਾਰ ਕਪੂਰ ਸਿੰਘ ਨੇ ਇਸ ਸਰਕੂਲਰ ਦੀ ਜਾਣਕਾਰੀ, ਸਿੱਖਾਂ ਨੂੰ ਦੇ ਦਿੱਤੀ ਤਾਂ, ਉਸ ਨੂੰ (ਸਾਰੇ ਕਾਨੂਨ ਛਿੱਕੇ ਤੇ ਟੰਗ ਕੇ) ਅਣਅਧਿਕਾਰਿਤ ਤੌਰ ਤੇ, ਸੇਵਾ ਮੁਕਤ ਕਰ ਦਿੱਤਾ ਗਿਆ। ਸਾਰੀ ਉਮਰ ਆਪਣੇ ਹੱਕ ਲਈ, ਅਦਾਲਤਾਂ ਵਿੱਚ ਧੱਕੇ ਖਾਣ ਤੇ ਵੀ ਉਸ ਨੂੰ ਇੰਸਾਫ ਨਾ ਮਿਲ ਸਕਿਆ। ਬਜਾਏ ਇਸ ਦੇ ਕਿ ਸਿੱਖ, ਇਸ ਦੇ ਤੱਤ ਸਾਰ ਨੂੰ ਸਮਝਦੇ, ਸਿੱਖਾਂ ਦੇ ਲੀਡਰ, ਲਾਲਚ ਵੱਸ, ਤ੍ਰਿਸ਼ਨਾ ਵੱਸ, ਸੱਤਾ ਦਾ ਆਨੰਦ ਮਾਨਣ ਲਈ, ਸਿੱਖੀ ਨੂੰ ਧੋਖਾ ਦਿੰਦੇ ਰਹੇ। (ਇਹ ਇੱਕ ਵੱਖਰਾ ਵਿਸ਼ਾ ਹੈ ਫਿਰ ਕਿਸੇ ਵੇਲੇ ਵਿਚਾਰਾਂਗੇ)

ਕਹੇ ਜਾਂਦੇ, ਮਹਾਂ-ਸ਼ਾਤ੍ਰ, ਮਹਾਂ-ਧੋਖੇਬਾਜ਼, ਸਿੱਖਾਂ ਦੇ ਦੁਸ਼ਮਣ, ਅੰਗਰੇਜ਼ਾਂ ਨੂੰ ਭਜਾ ਕੇ, ਦੇਸ਼ ਦੀ ਵਾਗਡੋਰ, ਮਹਾਂ-ਈਮਾਨਦਾਰ, ਬਹੁਤ-ਭੋਲੇ ਅਤੇ ਸਿੱਖਾਂ ਦੇ ਹਿਤੈਸ਼ੀ, ਵਰਨ-ਵੰਡ ਵਾਲਿਆਂ ਦੇ ਹੱਥਾਂ ਵਿੱਚ ਸੌਂਪ ਕੇ ਸਿੱਖਾਂ ਦੇ ਲੀਡਰ, ਉਨ੍ਹਾਂ ਦੇ ਸਾਏ ਹੇਠ, ਆਜ਼ਾਦੀ ਦਾ ਨਿੱਘ ਮਾਨਣ ਲਈ ਆਜ਼ਾਦ ਹੋ ਗਏ।

ਨਨਕਾਣਾ ਸਾਹਿਬ ਦੇ ਸਾਕੇ ਵੇਲੇ, ਜਦ ੧੮੦ ਸਿੱਖਾਂ ਦਾ ਬਰਬਰਤਾ ਪੂਰਵਕ ਕਤਲ ਹੋਇਆ ਤਾਂ, ਸਿੱਖਾਂ ਦੇ ਦੁਸ਼ਮਣ ਅੰਗਰੇਜ਼ਾਂ ਨੇ, ਮੌਕੇ ਦੀ ਕੋਈ ਗਵਾਹੀ ਨਾ ਹੋਣ ਤੇ ਵੀ, ਹਾਲਾਤ ਦੀ ਗਵਾਹੀ ਦੇ ਆਧਾਰ ਤੇ ੭ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ ੧੩ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਜਦ ੧੯੭੮ ਤੋਂ ੧੯੯੩ ਤਕ ਆਜ਼ਾਦ ਭਾਰਤ ਵਿਚ, ਢਾਈ ਲੱਖ ਦੇ ਕਰੀਬ ਸਿੱਖਾਂ ਦਾ ਕਤਲ ਹੋਇਆ ਤਾਂ ਸਾਡੇ ਦੇਸ਼ ਦੀ, ਸਾਡੀ ਆਪਣੀ ਹੀ ਸਰਕਾਰ ਨੇ, ਮੌਕੇ ਦੇ ਹਜ਼ਾਰਾਂ ਗਵਾਹ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਫਾਂਸੀ ਦੀ ਸਜ਼ਾ ਦੇਣੀ ਤਾਂ ਦੂਰ, ਕਿਸੇ ਨੂੰ ਉਮਰ ਕੈਦ ਦੀ ਸਜ਼ਾ ਵੀ ਨਹੀਂ ਦਿੱਤੀ। ਸਗੋਂ ਕਈ ਬੇਕਸੂਰ ਸਿੱਖਾਂ ਨੂੰ ਫਾਂਸੀ ਦੇ ਚੁੱਕੇ ਹਨ ਅਤੇ ਕਈ ਹੋਰ ਨੂੰ, ਫਾਂਸੀ ਦੀ ਕਤਾਰ ਵਿੱਚ ਲਗਾਇਆ ਹੋਇਆ ਹੈ। ਹਜ਼ਾਰਾਂ ਬੇਕਸੂਰ ਨੌਜਵਾਨ, ਜੇਲ੍ਹ ਦੀਆਂ ਕੋਠੜੀਆਂ ਵਿਚ, ਜਵਾਨੀ ਤੋਂ ਬੁਢਾਪੇ ਦਾ ਸਫਰ ਤੈ ਕਰ ਚੁੱਕੇ ਹਨ। ਸਿੱਖਾਂ ਨਾਲ ਹਮਦਰਦੀ ਰੱਖਣ ਵਾਲੇ, ਬਹੁਤ ਸਾਰੇ ਹਿੰਦੂ ਪਰਵਾਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਹਜ਼ਾਰਾਂ ਸਿੱਖਾਂ ਨੂੰ ਨਕਲੀ ਪੁਲਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਹੈ। ਹਰ ਦਿਨ ਸਾਡੀ ਅਪਣੀ ਸਰਕਾਰ ਵਲੋਂ ਹੀ ਸਿੱਖਾਂ ਤੇ ਹਮਲੇ ਹੁੰਦੇ ਹਨ, ਗੋਲੀਆਂ ਚਲਦੀਆਂ ਹਨ, ਬੇਕਸੂਰ ਸਿੱਖ ਮਾਰੇ ਜਾਂਦੇ ਹਨ, ਪਰ ਕੋਈ ਪੁ ਛਣ ਵਾਲਾ ਨਹੀਂ। ਸਾਡੀ ਸਰਕਾਰ, ਸਾਡੇ ਲੀਡਰ, ਸਿਆਸੀ ਰੋਟੀਆਂ ਸੇਕਣ ਤੋਂ ਵੱਧ ਕੁੱਝ ਵੀ ਨਹੀਂ ਕਰ ਰਹੇ।

ਪਰ ਬੜੀ ਹੈਰਾਨੀ ਦੀ ਗੱਲ ਹੈ ਕਿ, ਭਾਰਤੀ ਲੋਕਾਂ ਵਲੋਂ ਪਰਚਾਰੇ ਜਾਂਦੇ ਮਹਾਨ ਫਰੇਬੀ, ਮਹਾਨ ਸ਼ਾਤ੍ਰ, ਸਿੱਖਾਂ ਦੇ ਦੁਸ਼ਮਣ, ਅੰਗਰੇਜ਼ਾਂ ਦੇ ਮੁਲਕ ਅਮਰੀਕਾ ਵਿੱਚ ਇੱਕ ਸਿੱਖ ਤੇ ਹਮਲਾ ਕਰਨ ਦੇ ਦੋਸ਼ ਵਿਚ, ਇੱਕ ਗੋਰੇ ਅੰਗਰੇਜ਼ ਨੂੰ ੧੩ ਸਾਲ ਦੀ ਕੈਦ ਦੀ ਸਜ਼ਾ ਹੋਈ ਹੈ।

ਸਿੱਖਾਂ ਨੂੰ, ਸਿੱਖੀ ਵਿੱਚ ਵਰਨ-ਵੰਡ ਵਾਲਿਆਂ ਵਲੋਂ ਸਥਾਪਤ ਕੀਤੀਆਂ ਮਾਨਤਾਵਾਂ ਤੇ ਮੁੜ ਵਿਚਾਰ ਕਰ ਕੇ, ਸਾਰੀ ਦੁਨੀਆਂ ਦੇ ਲੋਕਾਂ ਨਾਲ ਆਪਣੇ ਰਿਸ਼ਤਿਆਂ ਬਾਰੇ, ਗੁਰਬਾਣੀ ਦੇ ਆਧਾਰ ਤੇ, ਚੰਗੀ ਤਰ੍ਹਾਂ ਘੋਖ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਆਪਣੇ ਲੀਡਰਾਂ ਅਤੇ ਆਪਣੀ ਸਰਕਾਰ ਦੀਆਂ ਚਾਲਾਂ ਨੂੰ ਵੀ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ।

ਅਮਰਜੀਤ ਸਿੰਘ ਚੰਦੀ
ਫੋਨ:- ੯੫੬੮੫ ੪੧੪੧੪


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top