Share on Facebook

Main News Page

ਸੁਪ੍ਰੀਮ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਅਜੇ ਸਾਹ ਬਾਕੀ ਹੈ

ਮਹਿਸੂਸ ਤਾਂ ਸਿਰਦਾਰ ਕਪੂਰ ਸਿੰਘ ਵੇਲੇ ਹੀ ਹੋ ਗਿਆ ਸੀ ਕਿ ਸਰਕਾਰ ਦੇ ਦਬਾਉ ਹੇਠ ਸੁਪ੍ਰੀਮ-ਕੋਰਟ ਦਮ ਤੋੜ ਚੁੱਕੀ ਹੈ। ਇਸ ਲਈ ਭਾਰਤ ਵਿਚ ਇੰਸਾਫ ਦੀ ਆਸ ਰੱਖਣੀ, ਇਕ ਸੁਪਨੇ ਤੋਂ ਵੱਧ ਕੁਝ ਨਹੀਂ। ਮਨੁੱਖੀ ਅਧਿਕਾਰ-ਕਮਿਸ਼ਨ ਸ਼ਾਇਦ ਉਸ ਵੇਲੇ ਦੁੱਧ ਚੁੰਘਦਾ ਬੱਚਾ ਸੀ, ਉਸ ਤੇ ਕੋਈ ਆਸ, ਬਚਕਾਨਾ ਸੋਚ ਹੀ ਕਹੀ ਜਾ ਸਕਦੀ ਸੀ। ਘੱਟ ਗਿਣਤੀ-ਕਮਿਸ਼ਨ ਨੂੰ ਤਾਂ ਮੈਂ, ਸ਼ੁਰੂ ਤੋਂ ਹੀ, ਆਰ. ਐਸ. ਐਸ. ਦੀ ਨਾਜਾਇਜ਼ ਔਲਾਦ ਸਮਝਦਾ ਹਾਂ। ਇਸ ਲਈ ਹੀ ਮੈਂ ਤਰਲੋਚਨ ਸਿੰਘ ਜੀ ਨੂੰ ਇਕ ਬਿਨੇ-ਪੱਤ੍ਰ ਲਿਖਿਆ ਸੀ (ਸਰਦਾਰ ਇਸ ਕਰ ਕੇ ਨਹੀਂ ਲਿਖ ਸਕਦਾ ਕਿਉਂਕਿ ਕੋਈ ਵੀ ਹਿੰਦੂ ਸਰਦਾਰ ਨਹੀਂ ਹੋ ਸਕਦਾ। ਬਹੁਤੇ ਹਿੰਦੂ ਜੋ ਆਪਣੇ ਆਪ ਨੂੰ ਰਾਜਿਆਂ ਦੀ ਸੰਤਾਨ ਸਮਝਦੇ ਹਨ, ਉਨ੍ਹਾਂ ਦੇ ਨਾਵਾਂ ਨਾਲ ਸਿੰਹ ਲਿਖਿਆ ਹੁੰਦਾ ਹੈ, ਪਰ ਉਹ ਆਪਣੇ ਆਪ ਨੂੰ ਸਿੰਘ ਹੀ ਅਖਵਾਉਂਦੇ ਹਨ। ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਰਕਾਰੀ ਕਾਗਜ਼ਾਂ ਵਿਚ ਤਰਲੋਚਨ ਸਿੰਘ ਜੀ ਨੂੰ ਵੀ ਤਰਲੋਚਨ ਸਿੰਹ ਹੀ ਲਿਖਿਆ ਹੋਇਆ ਹੋਵੇਗਾ) ਕਿ ਜੇ ਤੁਹਾਡੀ ਸੋਚ ਮੁਤਾਬਕ ਸਿੱਖ, ਹਿੰਦੂ ਹੀ ਹਨ ਤਾਂ ਤੁਸੀਂ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕਿਉਂ ਬਣੇ ਬੈਠੇ ਹੋ ? ਕਿਰਪਾ ਕਰੋ, ਇਸ ਕੁਰਸੀ ਨੂੰ ਖਾਲੀ ਕਰ ਦੇਵੋ, ਤਾਂ ਜੋ ਇਸ ਦੇ ਅਸਲੀ ਮਾਲਕ (ਈਸਾਈ ਅਤੇ ਮੁਸਲਮਾਨ) ਘੱਟ-ਗਿਣਤੀ ਕਮਿਸ਼ਨ ਨੂੰ ਸੁਚੱਜੇ ਢੰਗ ਨਾਲ ਚਲਾ ਸਕਣ। ਪਰ ਜਿਨ੍ਹਾਂ ਦਾ ਟੀਚਾ ਹੀ ਕੁਰਸੀ ਹੋਵੇ ਉਹ ਅਜਿਹੀਆਂ ਬੇਨਤੀਆਂ ਤੇ ਗੌਰ ਨਹੀਂ ਕਰਿਆ ਕਰਦੇ।

ਇਸ ਲਈ ਹੀ ਜਦ 1990 ਦੇ ਲਗ-ਭਗ, ਮੈਨੂੰ ਸਿੰਘ ਸਭਾ ਨੈਨੀਤਾਲ ਦੇ ਸਕੱਤ੍ਰ ਦਾ ਫੋਨ ਆਇਆ ਸੀ ਕਿ, ਤੁਹਾਡਾ ਨਾਮ ਘਟ-ਗਿਣਤੀ ਕਮਿਸ਼ਨ ਦੀ ਮੈਂਬਰੀ ਲਈ ਦੇ ਰਹੇ ਹਾਂ। ਤਾਂ ਮੈਂ ਦੋ-ਟੁਕ ਮਨ੍ਹਾ ਕਰ ਦਿੱਤਾ ਸੀ। ਏਵੇਂ ਹੀ ਜਦ ਉਤ੍ਰਾਖੰਡ ਦੇ ਇਕੋ-ਇਕ ਸਿੱਖ ਵਿਧਾਇਕ, ਬਾਦਲ ਦਲ ਦੇ ਸ. ਹਰਭਜਨ ਸਿੰਘ ਜੀ ਚੀਮਾ ਨੇ ਮੈਨੂੰ ਉਤ੍ਰਾਖੰਡ ਦੇ ਬਾਦਲ ਦਲ ਦੇ ਬੁਲਾਰੇ ਦੇ ਓਹਦੇ ਦੀ ਪੇਸ਼ਕਸ਼ ਕੀਤੀ ਸੀ, ਤਾਂ ਵੀ ਮੇਰਾ ਦੋ-ਟੱਕ ਜਵਾਬ ਸੀ “ਤੁਹਾਡੇ ਕੰਮ ਮੇਰੇ ਪਸੰਦ ਨਹੀਂ ਆਉਣੇ ਅਤੇ ਮੇਰਾ ਬੋਲਿਆ ਤੁਹਾਡੇ ਪਸੰਦ ਨਹੀਂ ਆਉਣਾ। ਗੱਲ ਲਾਂਭੇ ਚਲੇ ਗਈ, ਮੁੜਦੇ ਹਾਂ ਵਿਸ਼ੇ ਵੱਲ। ਉਸ ਮਗਰੋਂ ਵੀ ਕਈ ਐਸੇ ਮੌਕੇ ਆਏ, ਜਦ ਮੈਨੂੰ ਪੂਰਾ ਵਿਸ਼ਵਾਸ ਹੋਇਆ ਕਿ ਵਾਕਿਆ ਹੀ ਸੁਪਰੀਮ-ਕੋਰਟ ਦਾ ਇੰਤਕਾਲ ਹੋ ਚੁੱਕਾ ਹੈ, ਖਾਸ ਤੌਰ ਤੇ 1978 ਵਿਚ ਜਦ ਇਕ ਸਾਧ ਵਲੋਂ 13 ਸਿੰਘ ਗੋਲੀਆਂ ਨਾਲ ਭੁੰਨ ਦਿੱਤੇ ਗਏ, ਪਰ ਸੁਪ੍ਰੀਮ-ਕੋਰਟ ਵਿਚ ਹਿਲ-ਜੁਲ ਨਾ ਹੋਈ। 1984 ਵਿਚ ਤਾਂ ਪੂਰਾ ਯਕੀਨ ਹੋ ਗਿਆ ਕਿ ਸੁਪ੍ਰੀਮ-ਕੋਰਟ ਵਾਕਿਆ ਹੀ ਇੰਤਕਾਲ ਫਰਮਾ ਗਈ ਹੈ। ਮਨੁੱਖੀ ਅਧਿਕਾਰ ਕਮਿਸ਼ਨ ਬਾਰੇ ਵੀ ਸ਼ੱਕ ਹੋ ਗਿਆ ਕਿ ਉਹ ਵੀ ਕਿਸੇ ਦੁਰਘਟਨਾ ਵਿਚ ਮਰ ਗਿਆ ਹੋਣਾ। ਜਾਂ ਸਿੱਖਾਂ ਦੇ ਕਤਲੇ-ਆਮ ਵਿਚ ਉਸ ਨੂੰ ਵੀ ਕਿਸੇ ਨੇ ਸਿੱਖ ਦੇ ਭੁਲੇਖੇ ਵਿਚ ਗੱਡੀ ਚਾੜ੍ਹ ਦਿੱਤਾ ਹੋਣਾ। ਜਾਂ ਫਿਰ ਪੰਜਾਬ ਦੀ ਪੁਲਸ ਦੇ ਕਾਬੂ ਆ ਗਿਆ ਹੋਣਾ, ਅਤੇ ਪੰਜਾਬ ਪੁਲਸ ਨੇ ਉਸ ਨੂੰ ਵੀ ਸਿੱਖ ਸਮਝ ਕੇ, ਅਣਪਛਾਤੀ ਲਾਸ਼ ਵਜੋਂ ਫੂਕ ਦਿੱਤਾ ਹੋਣਾ।

ਲਗਾਤਾਰ 27 ਸਾਲ ਦੀਆਂ ਘਟਨਾਵਾਂ, ਮੇਰੇ ਵਿਚਾਰਾਂ ਦੀ ਪੁਸ਼ਟੀ ਕਰਦੀਆਂ ਰਹੀਆਂ, ਜਿਨ੍ਹਾਂ ਵਿਚੋਂ ਦਰਬਾਰ ਸਾਹਿਬ ਸਮੇਤ ਸੌ ਤੋਂ ਉਪਰ ਗੁਰੂ ਘਰਾਂ ਤੇ ਤੋਪਾਂ-ਟੈਂਕਾਂ ਨਾਲ, ਭਾਰਤੀ ਫੋਜ ਦਾ ਹਮਲਾ। ਜਿਸ ਵਿਚ ਹਜ਼ਾਰਾਂ ਸਿੰਘ, ਬੀਬੀਆਂ-ਬੱਚੇ, ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ, ਉਨ੍ਹਾਂ ਦੇ ਕੋਲ ਹੀ ਚਲੇ ਗਏ। ਪੰਜਾਬ ਪੁਲਸ ਵਲੋਂ ਸਿੱਖਾਂ ਦਾ ਜਾਨਵਰਾਂ ਵਾਙ ਸ਼ਕਾਰ ਹੁੰਦਾ ਰਿਹਾ। ਨਵੰਬਰ 84 ਵੇਲੇ ਸਾਰੇ ਭਾਰਤ ਵਿਚ, ਤਿੰਨ ਦਿਨ ਤਕ ਸਿੱਖਾਂ ਦੀ ਬੇਦਰਦੀ ਨਾਲ ਨਸਲ-ਕੁਸ਼ੀ ਹੁੰਦੀ ਰਹੀ। ਬਿਨਾ ਕਿਸੇ ਸਬੂਤ ਦੇ ਸ. ਕੇਹਰ ਸਿੰਘ ਦੀ ਫਾਂਸੀ। (ਜਿਸ ਨੂੰ ਅੱਜ ਫਿਰ ਪ੍ਰੋ. ਦਵਿੰਦਰ ਸਿੰਘ ਭੁਲਰ ਦੇ ਰੂਪ ਵਿਚ ਦੁਰਾਇਆ ਜਾ ਰਿਹਾ ਹੈ) ਭਾਈ ਜਸਵੰਤ ਸਿੰਘ ਖਾਲੜਾ, ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਹਜ਼ਾਰਾਂ ਸਿੰਘ, ਸਿੰਘਣੀਆਂ ਅਤੇ ਬੱਚੇ ਘਰੋਂ ਚੁਕ ਕੇ ਗਾਇਬ ਕਰ ਦਿੱਤੇ ਗਏ, ਅੱਜ-ਤਕ ਉਨ੍ਹਾਂ ਦਾ ਪਤਾ ਨਹੀਂ ਲੱਗਾ। ਪਰ ਅੰਨ੍ਹੇ ਕਾਨੂਨ ਦੇ ਬੋਲੇ ਕੰਨਾਂ ਤੇ ਜੂੰ ਵੀ ਨਾ ਸਰਕੀ। ਭਾਰਤ ਦੀ ਸੁਪ੍ਰੀਮ ਕੋਰਟ ਨੂੰ ਕੁਝ ਵੀ ਮਹਿਸੂਸ ਨਾ ਹੋਇਆ।

ਅਕਾਲ ਤਖਤ ਦੇ ਕਹੇ ਜਾਂਦੇ ਸਿੰਘ ਸਾਹਿਬ ਤਾਂ ਇਹ ਕਹਿ ਕੇ ਜਾਨ ਛੁਡਾ ਲੈਂਦੇ ਹਨ ਕਿ ਸਾਡੇ ਕੋਲ ਕੋਈ ਸ਼ਕਾਇਤ ਨਹੀਂ ਆਈ, ਜਿਵੇ ਅਕਾਲਤਖਤ, ਅਕਾਲ ਦਾ ਤਖਤ ਨਾ ਹੋ ਕੇ, ਪੁਲਸ ਦੀ ਕੋਈ ਚੌਕੀ ਹੋਵੇ। ਪਰ ਭਾਰਤ ਦੇ ਕਾਨੂਨ ਕੋਲ ਤਾਂ ਹਜ਼ਾਰਾਂ ਸ਼ਕਾਇਤਾਂ ਪੁਜੀਆਂ ਸਨ, ਸ਼ਾਇਦ ਕਾਨੂਨ ਅੰਨ੍ਹਾ ਹੋਣ ਕਰ ਕੇ ਉਨ੍ਹਾਂ ਨੂੰ ਪੜ੍ਹ ਨਾ ਸਕਿਆ ਹੋਵੇ। ਇਵੇਂ ਹੀ ਹੋਂਦ ਚਿਲੜ, ਤਲਵਾੜਾ (ਰਿਆਸੀ, ਜੰਮੂ) ਛਟੀ ਸਿੰਘ ਪੁਰਾ ਅਤੇ ਏਦਾਂ ਦੇ ਹੋਰ ਕਈ ਕਾਂਡ ਵਾਪਰੇ। ਹਜ਼ਾਰਾਂ ਸਿੱਖਾਂ ਨੂੰ ਬਿਨਾ ਕਿਸੇ ਕਾਰਨ ਦੇ, ਦਹਾਕਿਆ ਤੋਂ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਹਜ਼ਾਰਾਂ ਸਿੱਖ ਜਾਨ ਬਚਾਉਣ ਲਈ ਵਦੇਸ਼ੀਂ ਭੱਜ ਗਏ, ਜਿਨ੍ਹਾ ਨੂੰ ਆਪਣੇ ਘਰ ਪਰਤਣ ਦਾ ਵੀ ਹੁਕਮ ਨਹੀਂ ਹੈ। (ਸਾਰਿਆਂ ਤੇ ਖਾੜਕੂਵਾਦ ਦਾ ਲੇਬਲ ਲਗਾ ਕੇ, ਦੁਨੀਆ ਦਾ ਮੂੰਹ ਬੰਦ ਕਰ ਦਿੱਤਾ। (ਹਾਲਾਂਕਿ ਸਿਖਸ ਫਾਰ ਜਸਟਿਸ ਆਦਿ ਜਥੇਬੰਦੀਆਂ ਦੇ ਉਦਮ ਸਦਕਾ, ਦੁਨੀਆ ਵਿਚ ਇਸ ਬਾਰੇ ਚਰਚਾ ਚਲ ਪਈ ਹੈ) ਪਰ ਸੁਪ੍ਰੀਮ ਕੋਰਟ ਦੀ ਲਾਸ਼ ਵਿਚ ਹਰਕਤ ਨਾ ਹੋਈ।

ਗੁਜਰਾਤ ਵਿਚ ਮੁਸਲਮਾਨਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ, ਉੜੀਸਾ ਵਿਚ ਈਸਾਈਆ ਦੇ ਕਤਲ, ਮਸਜਿਦਾਂ ਅਤੇ ਇਕੱਠਾਂ ਵਿਚ ਹੋਏ ਬੰਬ ਧਮਾਕਿਆ ਵਿਚ, ਜਦ ਆਰ. ਐਸ. ਐਸ. ਦੇ ਬੰਦੇ ਫੜੇ ਗਏ, ਉਨ੍ਹਾਂ ਵਿਚੋਂ ਸਾਧਵੀ ਪ੍ਰਿਗਿਆ ਸਿੰਘ ਅਤੇ ਅਸੀਮਾ ਨੰਦ ਨੇ ਆਪਣੇ ਜੁਰਮ ਕਬੂਲ ਵੀ ਕਰ ਲਏ, ਤਾਂ ਵੀ ਸੁਪ੍ਰੀਮ ਕੋਰਟ ਜਾਂ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਲਾਸ਼ਾਂ ਵਿਚ ਕੋਈ ਹਿਲ-ਜੁਲ ਨਾ ਹੋਈ ਤਾਂ ਯਕੀਨ ਹੋ ਗਿਆ ਕਿ ਇਨ੍ਹਾਂ ਦਾ ਸਸਕਾਰ ਹੋ ਗਿਆ ਹੋਣਾ, ਮੈਨੂੰ ਹੀ ਪਤਾ ਨਹੀਂ ਲੱਗਾ, ਪਰ ਅਚਾਨਕ ਪਤਾ ਲੱਗਾ ਕਿ 5 ਜੂਨ , 2011 ਨੂੰ ਸੁਪ੍ਰੀਮ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਅਮਗੜਾਈ ਲਈ ਹੈ। ਜਾਣਕਾਰੀ ਲੈਣ ਤੇ ਪਤਾ ਲੱਗਾ ਕਿ ਗੱਲ ਹੀ ਅਜਿਹੀ ਸੀ, ਆਪਣੇ ਤੰਬੂ ਤੇ 6 ਕਰੋੜ ਰੁਪਏ ਖਰਚ ਕੇ, ਬਾਬਾ ਰਾਮ ਦੇਵ ਉਸ ਵਿਚ ਆਪਣੇ ਆਰ. ਐਸ. ਐਸ. ਦੇ ਮਿਤ੍ਰਾਂ ਅਤੇ ਸਖੀਆਂ ਸਮੇਤ ਭ੍ਰਿਸ਼ਟਾਚਾਰ ਵਿਰੱਧ ਸ਼ਾਹੀ ਭੁੱਖ ਹੜਤਾਲ ਤੇ ਬੈਠਾ ਸੀ। ਇਹ ਸ਼ਾਹੀ ਠਾਠ ਵੇਖ ਕੇ ਸਰਕਾਰ ਦਾ ਪਤਾ ਨਹੀਂ ਕਿਉਂ ਢਿੱਡ ਦੁਖਿਆ ? ਉਸ ਨੇ ਬਾਬਾ ਰਾਮ ਦੇਵ ਨੂੰ ਓਥੋਂ ਹਟਾਉਣ ਲਈ, ਪੁਲਸ ਭੇਜ ਦਿੱਤੀ। ਪੁਲਸ ਨੂੰ ਵੇਖਦਿਆਂ ਹੀ ਬਾਬ ਰਾਮ ਦੇਵ 12 ਫੁੱਟ ਉਚੇ ਮੰਚ ਤੋਂ ਜਨਾਨੀਆਂ ਵਿਚ ਛਾਲ ਮਾਰ ਗਿਆ। ਜਿਸ ਵਿਚ ਬਾਬਾ ਨੂੰ ਤਾਂ ਚੋਟ ਨਹੀਂ ਲੱਗੀ ਪਰ ਸੁਣਿਆ ਹੈ ਕਿ ਕੁਝ ਬੀਬੀਆਂ ਨੂੰ ਗੰਭੀਰ ਸੱਟ ਲੱਗੀ ਹੈ।

ਬਾਬਾ ਰਾਮ ਦੇਵ, ਕਿਸੇ ਸਖੀ ਕੋਲੋਂ ਜਨਾਨਾ ਸੂਟ ਲੈ ਕੇ, ਉਸ ਨੂੰ ਪਾ ਕੇ, ਉਸ ਜਨਾਨੇ ਸੂਟ ਵਿਚ, ਓਥੋਂ ਖਿਸਕਣ ਦੇ ਚੱਕਰ ਵਿਚ ਫੜਿਆ ਗਿਆ ਅਤੇ, ਪੁਲਸ ਨੇ ਉਸ ਨੂੰ, ਉਸ ਥਾਂ ਤੋਂ ਹਟਾ ਕੇ ਉਸ ਦੇ ਆਸ਼ਰਮ (ਉਤ੍ਰਾਖੰਡ) ਵਿਚ ਪਹੁੰਚਾ ਦਿੱਤਾ।

(ਹਾਲਾਂਕਿ ਬਾਬੇ ਨੇ ਮਗਰੋਂ ਪ੍ਰੈਸ ਨੂੰ ਦੱਸਿਆ ਕਿ ਮੈਂ ਮਰਨੋਂ ਨਹੀਂ ਡਰਦਾ, ਪਰ ਮੈਂ ਅਜਿਹੀ ਮੌਤ ਨਹੀਂ ਮਰਨਾ ਚਾਹੁੰਦਾ ਸੀ। ਹੁਣ ਏਡੀ ਵੱਡੀ ਘਟਨਾ ਵਾਪਰ ਜਾਣ ਪਿਛੋਂ, ਜਿਸ ਵਿਚ ਸਾਰੇ ਦੇ ਸਾਰੇ ਹੀ ਬੰਦੇ ਆਰ. ਐਸ. ਐਸ. ਦੇ ਹੋਣ ਤਾਂ ਸੁਪ੍ਰੀਮ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅੰਗੜਾਈ ਨਾ ਲੈਣਾ ਤਾਂ, ਗੈਰ-ਕਾਨੂਨੀ ਹੋ ਜਾਵੇਗਾ। ਇਸ ਲਈ ਜਿਨ੍ਹਾਂ ਪੁਤਲਿਆਂ ਵਿਚ, ਲੱਖਾਂ ਬੰਦੇ ਮਾਰੇ ਜਾਣ ਤੇ ਵੀ ਜੁੰਬਸ਼ ਨਹੀਂ ਹੋਈ ਸੀ, ਉਨ੍ਹਾਂ ਦੋਵਾਂ ਨੇ ਅੰਗੜਾਈ ਹੀ ਨਹੀਂ ਲਈ ਬਲਕਿ ਬੜ੍ਹਕ ਵੀ ਮਾਰੀ ਹੈ। ਕੇਂਦਰੀ ਸਰਕਾਰ ਦੇ ਗ੍ਰਹਿ ਸਕੱਤ੍ਰ, ਦਿੱਲੀ ਦੇ ਮੁੱਖ ਸਕੱਤ੍ਰ, ਦਿੱਲੀ ਪ੍ਰਸ਼ਾਸਨ ਅਤੇ ਦਿੱਲੀ ਦੇ ਪੁਲਸ ਕਮਿਸ਼ਨਰ ਨੂੰ ਆਦੇਸ਼ ਕੀਤਾ ਹੈ ਕਿ “ਐਸਾ ਕੀ ਹੋ ਗਿਆ ? ਜੋ ਅੱਧੀ ਰਾਤ ਨੂੰ ਬਾਬਾ ਰਾਮ ਅਤੇ ਉਸ ਦੇ ਸਮੱਰਥਕਾਂ ਨੂੰ, ਰਾਮ ਲੀਲਾ ਮੈਦਾਨ ਵਿਚੋਂ ਬਾਹਰ ਕੱਢਣ ਲਈ ਲਾਠੀ ਚਾਰਜ ਦੀ ਕਾਰਵਾਈ ਕੀਤੀ ਗਈ ? ”(ਇਹ ਕਾਰਵਾਈ ਲੋਕਰਾਜ ਦੇ ਨਾਮ ਤੇ ਧੱਬਾ ਹੈ, ਇਸ ਲਈ) ਇਸ ਬਾਰੇ ਦੋ ਹਫਤੇ ਦੇ ਵਿਚ-ਵਿਚ ਜਵਾਬ ਦਾਖਲ ਕਰਨ ਦਾ ਹੁਕਮ ਵੀ ਦਿੱਤਾ।

ਸੋਚਦਾ ਹਾਂ, ਮੈਂ ਤਾਂ ਸ਼ੁਰੂ ਤੋਂ ਹੀ ਗਲਤ ਸੀ, ਇਹ ਦੋਵੇਂ ਸੰਸਥਾਵਾਂ ਤਾਂ ਸ਼ੁਰੂ ਤੋਂ ਹੀ, ਅੰਨ੍ਹੀ-ਬੋਲੀ ਦੇ ਨਾਲ-ਨਾਲ ਸਾਹ-ਸਤ ਹੀਣ ਵੀ ਹਨ, ਇਹ ਤਾਂ ਰਬੜ ਦੇ ਹਵਾ ਭਰਨ ਵਾਲੇ ਪੁਤਲੇ ਮਾਤ੍ਰ ਹਨ, ਜਿਨ੍ਹਾਂ ਦਾ ਰਿਮੋਟ ਆਰ. ਐਸ. ਐਸ. ਕੋਲ ਹੈ, ਉਹ ਜਦੋਂ ਚਾਹੇ, ਇਸ ਵਿਚ ਬਹੁ ਗਿਣਤੀ ਦੀ ਹਵਾ ਭਰ ਕੇ ਕੁਰਸੀ ਤੇ ਬਿਠਾ ਦੇਵੇ, ਜਦ ਚਾਹੇ ਹਵਾ ਕੱਢ ਕੇ ਪਿਚਕਾ ਦੇਵੇ। ਤਦ ਹੀ ਤਾਂ ਆਰ. ਐਸ. ਐਸ. ਦੇ ਮਹਾਨ ਨੇਤਾ, ਜਦ ਤੱਕ ਚਾਹੁਣ ਦੇਸ਼ ਵਿਚ ਫਿਰਕੂ-ਵਾਦ ਦੀ (ਰਾਮ ਮੰਦਰ ਦੇ ਨਾਮ ਤੇ, ਰੱਥ ਯਾਤ੍ਰਾ ਦੇ ਨਾਮ ਤੇ ਬਾਬਰੀ ਮਸਜਿਦ ਦੇ ਨਾਮ ਤੇ, ਰਾਮ ਮੰਦਰ ਦੀਆਂ ਇੱਟਾਂ ਪੂਜਣ ਦੇ ਨਾਮ ਤੇ, ਰਾਮ ਸੇਤੂ ਦੇ ਨਾਮ ਤੇ ਜਾਂ ਹੋਰ ਕੋਈ ਮੁੱਦਾ ਖੜਾ ਕਰ ਕੇ) ਅੱਗ ਬਾਲ ਕੇ ਸੇਕਦੇ ਰਹਿਣ। ਇਕ ਵਾਰੀ ਲਾਲੂ ਪ੍ਰਸ਼ਾਦ ਯਾਦਵ ਨੇ ਰੋਕ ਪਾਈ ਸੀ, ਹੁਣ ਕੋਈ ਹੋਰ ਮਰਦ ਦਾ ਚੇਲਾ ਪੈਦਾ ਹੋਵੇਗਾ ਤਾਂ ਹੀ ਇਸ ਤੇ ਰੋਕ ਲੱਗ ਸਕਦੀ ਹੈ।

ਪਰ ਇਕ ਗੱਲ ਸਾਫ ਹੈ ਕਿ ਜੇ ਇਨ੍ਹਾਂ ਦੇ ਇਸ ਰੁਝਾਨ ਨੂੰ ਰੋਕਿਆ ਨਾ ਗਿਆ ਤਾਂ ਭਾਰਤ ਹਰ ਵੇਲੇ ਅੱਗ ਦੀਆਂ ਲਪਟਾਂ ਵਿਚ ਘਿਰਿਆ ਰਹੇਗਾ, ਅਤੇ ਵੇਲੇ-ਕੁਵੇਲੇ ਵਿਸਫੋਟ ਵੀ ਹੁੰਦੇ ਹੀ ਰਹਿਣਗੇ। ਇਹ ਹੁਣ ਸਿੱਖਾਂ ਨੇ ਸੋਚਣਾ ਹੈ ਕਿ ਉਨ੍ਹਾਂ ਨੇ ਬੋਧੀਆਂ ਵਾਙ ਕਤਲ ਹੋਣਾ ਹੈ, ਜਾਂ ਭੱਜ ਕੇ ਵਿਦੇਸ਼ਾਂ ਵਿਚ ਜਾਣਾ ਹੈ, ਜਾਂ ਇਕ-ਮੁੱਠ ਹੋ ਕੇ ਇਸ ਮੁਸੀਬਤ ਦਾ ਟਾਕਰਾ ਕਰਨਾ ਹੈ?

ਅਮਰਜੀਤ ਸਿੰਘ ਚੰਦੀ
ਫੋਨ:-95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top