Share on Facebook

Main News Page

ਜੱਟ - ਬ੍ਰਾਹਮਣ

ਇੱਕ ਬੜੀ ਪ੍ਰਚਲਤ ਕਹਾਣੀ ਹੈ ਕਿ ਚੂਹੇ ਬਿੱਲੀ ਤੋਂ ਤੰਗ ਆ ਕੇ ਉਸ ਗਲ ਟੱਲੀ ਪਾਉਂਣ ਬਾਰੇ ਸੋਚਣ ਲੱਗੇ, ਪਰ ਕਿਸੇ ਦਾ ਹੀਆ ਨਾ ਪਿਆ ਆਖਰ ਜਿਉਂਦੀ ਬਿੱਲੀ ਦੇ ਗਲ ਟੱਲੀ ਬੰਨਣਾ ਖਾਲਾ ਜੀ ਦਾ ਵਾੜਾ ਸੀ। ਤੇ ਇਸੇ ਤੋਂ ਅਖਾਣ ਬਣ ਗਿਆ ਕਿ ਬਿੱਲੀ ਗਲ ਟੱਲੀ ਕੌਣ ਪਾਵੇ?

ਪਰ ਹੁਣ ਆਧਨਿਕ ਯੁੱਗ ਹੈ ਆਖਰ ਚੂਹੇ ਵੀ ਸਿਆਣੇ ਹੋ ਗਏ ਤੇ ਚਿਰਾਂ ਦੀ ਉਥੇ ਹੀ ਖੜੋਤੀ ਕਹਾਣੀ ਪਲਟਾ ਮਾਰਦੀ ਹੈ। ਇੱਕ ਚੂਹਾ ਕਹਿੰਦਾ ਕਿ ਬਿੱਲੀ ਗਲ ਟੱਲੀ ਮੈਂ ਬੰਨਾਗਾ। ਸਾਰੇ ਚੂਹੇ ਹੈਰਾਨ ਕਿ ਬਿੱਲੀ ਗਲ ਟੱਲੀ? ਤੇ ਕਹਾਣੀ ਅਗੇ ਤੋਰਨ ਵਾਲੇ ਇੰਝ ਤੋਰੀ ਕਿ ਚੂਹੇ ਨੇ ਬਾਣੀਏ ਦੀ ਹੱਟੀ ਤੋਂ ਨੀਂਦ ਦੀਆਂ ਗੋਲੀਆਂ ਚੋਰੀ ਕਰਕੇ ਦੁੱਧ ਛੱਕਣ ਆਈ ਬਿੱਲੀ ਦੇ ਦੁੱਧ ਵਿੱਚ ਪਾ ਦਿੱਤੀਆਂ ਬਿੱਲੀ ਘੂਕਾਂ ਬੰਨ ਗਈ ਤੇ ਆਖਰ ਬੜੇ ਚਿਰਾਂ ਦਾ ਲਮਕਦਾ ਆ ਰਿਹਾ ਚੂਹਿਆਂ ਦਾ ਮਸਲਾ ਹੱਲ ਹੋ ਗਿਆ!!

ਬਾਬਾ ਫੌਜਾ ਸਿੰਘ ਨੇ ਸੁਣਿਆ ਕਿ ਕੋਈ 60 ਤੋਂ 65 ਕੁ ਸਾਲ ਪਹਿਲਾਂ ਇੱਕ ਬ੍ਰਾਹਮਣ ਦਾ ਮੁੰਡਾ ਹੁੰਦਾ ਸੀ, ਉਸ ਦੀ ਜੱਟ ਦੇ ਮੁੰਡੇ ਨਾਲ ਲੜਾਈ ਹੋ ਗਈ। ਹੁਣ ਜੱਟ ਤੇ ਬ੍ਰਹਾਮਣ ਦਾ ਕੀ ਮੇਲ। ਇੱਕ ਮਾਝਾ ਦੁੱਧ ਚੁੰਘਦਾ ਸੀ, ਦੂਜਾ ਮੰਗਵੀ ਗਾਂ ਦੇ ਦੁੱਧ ਦੀ ਸੜੀ ਚਾਹ। ਜੱਟ ਵਾਲੇ ਨੇ ਬ੍ਰਾਹਮਣ ਵਾਲਾ ਚੁੱਕ ਕੇ ਇੰਝ ਗੋਡਿਆਂ ਹੇਠ ਲਿਆ, ਜਿਵੇਂ ਬਾਬਾ ਫੌਜਾ ਸਿੰਘ ਨੇ ਇੱਕ ਕਬੱਡੀ ਵੇਲੇ ਕਈ ਤਵੀਤੜੀਆਂ ਵਾਲਾ ਦਿੱਤਾ ਭਲਵਾਨ ਦੇਖਿਆ ਸੀ, ਤੇ ਜਿਹੜਾ ਕੰਨਾ ਤੱਕ ਮਧੋਲਿਆ ਹੋਇਆ, ਕੱਛੇ ਨਾਲ ਬੱਧੀ ਇੱਕ ਤਵੀਤੜੀ ਵੀ ਖੁਹਾ ਗੁਆ ਗਿਆ ਸੀ। ਪਤਾ ਨਹੀਂ ਕੀ ਮੂੰਹ ਦਿਤਾ ਹੋਵੇਗਾ, ਕਬਰ ਵਾਲੇ ਪੀਰ ਨੂੰ ਜਿਸ ਦੀ ਕੁੱਤੇ ਮੂਤਣੀ ਸਮਾਧ ਤੋਂ ਵਿਚਾਰਾ ਤਵੀਤੀ ਬੰਨਾ ਕੇ ਲਿਆਇਆ ਸੀ, ਕਿ ਤੇਰੀ ਦਿੱਤੀ ਰੱਖ ਵੀ ਖੁਹਾ ਆਇਆਂ?

ਕੰਨਾ ਤੱਕ ਮਧੋਲਿਆ ਬ੍ਰਾਹਮਣ ਵਾਲਾ ਬੇਪਛਾਣ ਹੋਇਆ ਡੌਰ-ਭੌਰਾ ਹੋਇਆ ਇੰਝ ਦੇਖਦਾ ਸੀ, ਜਿਵੇਂ ਗਰੀਨ ਲਾਈਟ ਨਾ ਮਿਲਣ ਤੇ ਇੱਕ ਗੁਰਦੁਆਰੇ ਦਾ ਪ੍ਰਧਾਨ ਪਾਣੀਓਂ ਪਹਿਲਾਂ ਹੀ ਮੌਜੇ ਲਾਹੁਣੇ ਵਾਲੀ ਕਹਾਵਤ ਵਾਂਗ ਲੋਕਾਂ ਨੂੰ ਪਹਿਲਾਂ ਹੀ ਪਾਰਟੀਆਂ ਕਰ ਕਰ ਲਿਹੜਾਂ ਕਢਾਂਉਂਣ ਤੋਂ ਬਾਅਦ ਦੇਖਦਾ ਸੀ।

ਬ੍ਰਾਹਮਣ ਦੇ ਮੁੰਡੇ ਦੀ ਬੇਇੱਜਤੀ ਨੂੰ ਜਿਆਦਾ ਚਾਰ ਚੰਨ ਕੁਝ ਪਿੰਡ ਵਾਲਿਆਂ ਵੀ ਲਾ ਦਿੱਤੇ ਸਨ, ਜੀਹਨਾ ਤਾੜੀਆਂ ਮਾਰ ਮਾਰ ਕੰਨ ਪਾਟਣੇ ਕੀਤੇ ਪਏ ਸਨ। ਬ੍ਰਾਹਾਮਣ ਵਾਲਾ ਉਥੋਂ ਤਾਂ ਕੰਨ ਵਲੇਟ ਗਿਆ, ਪਰ ਉਸ ਮਨ ਅੰਦਰ ਭਾਰੀ ਖੌਹ ਰੱਖੀ ਤੇ ਮਾਂ ਨੂੰ ਕਹਿਣ ਲੱਗਾ ਕਿ ਮੈਂ ਵੀ ਜੱਟ ਦੇ ਮੁੰਡੇ ਵਰਗਾ ਬਣਨਾ ਹੈ। ਮਾਂ ਕਹਿੰਦੀ ਆਪਾਂ ਉੱਚੀ ਜਾਤ ਦੇ ਬ੍ਰਾਹਮਣ ਉਹ ਜੱਟ ਬੂਟ ਜਿਹਾ ਸਿੱਖੜਾ ਉਸ ਦਾ ਤੇਰਾ ਕਾਹਦਾ ਮੇਲ? ਨਾਲੇ ਆਪਾਂ ਵਪਾਰੀ ਬੰਦੇ ਇਹ ਕ੍ਰਿਪਾਨਾਂ ਪਾਈ ਫਿਰਦੇ ਲੜਾਕੂ ਲੁਟੇਰੇ। ਮਾਂ ਨੇ ਕਈ ਗਲਤ ਤਰੀਕਿਆਂ ਨਾਲ ਸਮਝਾਇਆ, ਪਰ ਉਸ ਦੇ ਮਨ ਬਦਲੇ ਦੀ ਭਾਵਨਾ ਪ੍ਰਬਲ ਰਹੀ। ਉਹ ਇਕੱਲੇ ਜੱਟ ਦੇ ਮੁੰਡੇ ਨੂੰ ਤਾਂ ਕੀ ਸਾਰੇ ਪ੍ਰਿੰਡ ਨੂੰ ਤਾਂ ਕੀ ਇਸ ਦੀਆਂ ਉਮਤਾਂ ਤੱਕ ਨੂੰ ਸਬਕ ਸਿਖਾਉਂਣਾ ਚਾਹੁੰਦਾ ਸੀ, ਤੇ ਕਹਿੰਦੇ ਨੇ ਉਹ ਬਦਲੇ ਦੇ ਇਸੇ ਗਮ ਵਿੱਚ ਆਖਰ ਮਰ ਗਿਆ।

ਮਾਂ ਬੜਾ ਰੋਈ ਕਿ ਮੈਂ ਅਪਣੇ ਪੁੱਤਰ ਦੀ ਇੱਕ ਨਾ ਮੰਨੀ, ਕਾਸ਼ ਜੇ ਇਸ ਨੂੰ ਮੈਂ ਸਿੱਖ ਬਣ ਲੈਂਣ ਦਿੰਦੀ ਤਾਂ ਘੱਟੋ ਘੱਟ ਜਿੰਦਾ ਤਾਂ ਰਹਿੰਦਾ। ਤੇ ਆਖਰ ਤੁਰਨ ਲੱਗਿਆਂ ਕਹਿੰਦੇ ਨੇ ਮਾਂ ਨੇ ਕਿਹਾ ਇਸ ਦੀ ਅਰਥੀ ਨੂੰ ਗੁਰਦੁਆਰਾ ਸਾਹਿਬ ਨੇੜਿਓ ਲੈ ਕੇ ਜਾਓ ਘੱਟੋ ਘੱਟ ਜੇ ਇਸ ਦੀ ਸਿੱਖ ਬਣਨ ਦੀ ਇੱਛਾ ਪੂਰੀ ਨਹੀਂ ਹੋਈ, ਤਾਂ ਇਸ ਦੀ ਦੇਹ ਨੂੰ ਤਾਂ ਮੱਥਾ ਟਿਕਾ ਦਿਆਂ ਮਾਂ ਵਿਚਾਰੀ ਨੂੰ ਕੀ ਪਤਾ ਸੀ ਕਿ ਇਹ ਸਿੱਖ ਕਾਹਤੋਂ ਬਣਨਾ ਚਾਹੁੰਦਾ।

ਕਹਾਣੀ ਦੱਸਦੀ ਹੈ ਕਿ ਕੁਦਰਤੀਂ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਹੋ ਰਿਹਾ ਸੀ, ਮਾਂ ਦੇ ਦਿੱਲ ਤੜਪ ਉੱਠੀ ਕਿ ਕਿਉਂ ਨਾ ਇਸ ਦੇ ਮੂੰਹ ਵੀ ਅੰਮ੍ਰਿਤ ਦੇ ਛੱਟੇ ਮਰਵਾ ਦਿਆਂ। ਉਸ ਦਾ ਰੌਲਾ ਤੇ ਜ਼ਿਦ ਸੁਣ ਕੇ ਸਿੰਘ ਬਾਹਰ ਆ ਗਏ ਤੇ ਆਖਰ ਕਹਿੰਦੇ ਨੇ ਕਿ ਮਹਾਂਪੁਰਖਾਂ ਬੰਦਾ ਅਪਣਾ ਪਛਾਣ ਲਿਆ, ਤੇ ਉਨ੍ਹਾਂ ਕਿਹਾ ਕਿ ਲਿਆਓ ਬਈ ਅੰਮ੍ਰਿਤ, ਤੇ ਮਾਰੋ ਇਸ ਦੇ ਛੱਟੇ ਅੰਮ੍ਰਿਤ ਤਾਂ ਹੈ ਹੀ ਮੋਇਆਂ ਨੂੰ ਜਿੰਦਾ ਕਰਨ ਲਈ ਹੈ।

ਉਨ੍ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਆਖ ਜਦ ਮਰੇ ਪਏ ਬ੍ਰਹਾਮਣ ਦੇ ਮੁੰਡੇ ਦੇ ਅੰਮ੍ਰਿਤ ਦੇ ਛੱਟੇ ਮਾਰੇ ਤਾਂ ਉਹ ਵੀ ਉੱਚੀ ਦੇਣੀ ਫਤਿਹ ਬੁਲਾ ਕੇ ਉੱਠ ਖੜਾ ਹੋਇਆ। ਆਧੁਨਿਕ ਯੁੱਗ ਹੈ ਕਹਾਣੀ ਪਲਟਾ ਮਾਰਦੀ ਹੈ, ਤੇ ਉਸ ਬ੍ਰਾਹਮਣ ਦੇ ਮੁੰਡੇ ਦਾ ਨਾਮ ਹਰੀ ਪ੍ਰਸਾਦ ਰੰਧਾਵਾ ਤੋਂ ਬਦਲ ਕੇ ਮਹਾਂਪੁਰਖਾਂ 108 ਸ੍ਰੀ ਮਾਨ ਸੰਤ ਭ੍ਰਹਮਗਿਆਨੀ ਹਰੀ ਸਿੰਘ ਰੰਧਾਵਾ ਰੱਖ ਦਿੱਤਾ ਤੇ ਥਾਪੜਾ ਦਿੱਤਾ ਕਿ ਪੁੱਤਰਾ ਲੈ ਬਦਲੇ ਹੁਣ ਜਿੰਨੇ ਇਨ੍ਹਾ ਤੋਂ ਲੈ ਹੁੰਦੇ ਨੇ, ਇਹ ਬਿਨਾ ਸਮਝੇ ਜੈਕਾਰੇ ਛੱਡਣ ਨੂੰ ਤਗੜੇ ਨੇ। ਤੇ ਬਦਲੇ ਦੀ ਭਾਵਨਾ ਵਿੱਚ ਮਰਿਆ ਬ੍ਰਹਾਮਣ ਦਾ ਮੁੰਡਾ, ਹੁਣ ਜੱਟ ਦੇ ਮੁੰਡੇ ਦੇ ਗੋਡਾ ਫੇਰੇ ਦੇ ਬਦਲੇ ਉਸ ਦੀਆਂ ਉਮਤਾਂ ਤੋਂ ਉਸ ਦੀਆਂ ਹੀ ਸਟੇਜਾਂ ਤੇ ਚੜ੍ਹ ਚੜ੍ਹ ਲੈ ਰਿਹਾ ਹੈ, ਉਸੇ ਅੰਮ੍ਰਿਤ ਦਾ ਮਖੌਲ ਉਡਾ ਕੇ ਜਿਸ ਨੂੰ ਛੱਕ ਕੇ ਬਦਲਾ ਲੈਣ ਦੇ ਹਉਕੇ ਤੋਂ ਉਹ ਮਰ ਗਿਆ ਹੋਇਆ ਸੀ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top