Share on Facebook

Main News Page

ਭੂਖੇ ਭਗਤਿ ਨ ਕੀਜੈ”….. “ਗੋਪਾਲ ਤੇਰਾ ਆਰਤਾ..

ਗੁਰਬਾਣੀ ‘ਚ ਮਿਲਦੇ ਜੁਲਦੇ ਅਰਥਾਂ ‘ਚ ਦੋ ਸ਼ਬਦ ਆਏ ਹਨ। ਇਕ ਭਗਤ ਕਬੀਰ ਜੀ ਦਾ ਤੇ ਦੂਜਾ ਧੰਨਾ ਜੀ ਦਾ। ਦਰਅਸਲ ਇਹ ਸ਼ਬਦ ਉਹ ਹਨ, ਜਿਨ੍ਹਾਂ ਦੇ ਪ੍ਰਚਲਤ ਅਰਥ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਉਪ੍ਰੰਤ ਜਦੋਂ ਉਨ੍ਹਾਂ ਸ਼ਬਦਾਂ ਦੇ ਅਰਥ ਗੁਰਬਣੀ ਸਿਧਾਂਤ ਦੇ ਆਧਾਰ ‘ਤੇ ਕਰਦੇ ਹਾਂ ਇਨ੍ਹਾਂ ਚੋਂ ਅਜੇਹੀ ਗੁਰਮੱਤ ਸੇਧ ਨਿਖੱਰ ਕੇ ਸਾਹਮਣੇ ਆਉਂਦੀ ਹੈ, ਜੋ ਸਾਡੇ ਅਜੋਕੇ ਗੁਰਮੱਤ ਪ੍ਰਚਾਰ ਢੰਗ ਨੂੰ ਵੀ ਨਿਵੇਕਲੀ ਸੇਧ ਦੇ ਰਹੀ ਹੈ। ਵਾਰੀ-ਵਾਰੀ ਇਹ ਸ਼ਬਦ ਹਨ।

(1)... ਰਾਗੁ ਸੋਰਠਿ ॥ ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ ॥1॥ ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥ ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ ॥ ਮੋ ਕਉ ਦੋਨਉ ਵਖਤ ਜਿਵਾਲੇ ॥2॥ ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ॥ ਤੇਰੀ ਭਗਤਿ ਕਰੈ ਜਨੁ ਥੀਧਾ ॥3॥ ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥ ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥4॥11॥” (ਪੰ:656)

ਅਤੇ ਦੂਜਾ ਸ਼ਬਦ ਹੈ

ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥1॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍‍ੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥1॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥2॥4॥” (ਪੰ:695)। ਓਪਰੀ ਨਜ਼ਰੇ ਦੋਨਾਂ ਸ਼ਬਦਾਂ ‘ਚ ਦੁਨਿਆਵੀ ਮੰਗਾਂ ਹੀ ਮੁਖ ਹਨ।

ਸ਼ਾਇਦ ਇਹੀ ਕਾਰਨ ਹੈ ਕਿ ਸ਼ਬਦਾਂ ‘ਚ ਆਏ ਰਹਾਉ ਦੇ ਬੰਦਾ ਨੂੰ ਅਣਗੋਲਿਆ ਕਰ ਕੇ, ਸ਼ਬਦਾਂ ਦੇ ਅਰਥ, ਮੰਗਾਂ ‘ਤੇ ਆਧਾਰਤ ਹੀ ਹੋ ਰਹੇ ਹਨ ਜੋ ਠੀਕ ਨਹੀਂ। ਸੁਆਲ ਤਾਂ ਇਹ ਹੈ ਕਿ ਜੇਕਰ ਇਹ ਅਰਥ ਲਏ ਵੀ ਜਾ ਰਹੇ ਹਨ ਤਾਂ ਕਿਸ ਦੇ ਲਈ? ਆਖਿਰ, ਸਫ਼ਲ ਜੀਵਨ ਨੂੰ ਪ੍ਰਾਪਤ ਹੋ ਚੁਕੇ ਉਨ੍ਹਾਂ ਭਗਤਾਂ ਦੀਆਂ ਰਚਨਾਵਾਂ ਲਈ-ਜਿਨ੍ਹਾਂ ਨੂੰ ਗੁਰਦੇਵ ਨੇ ਆਪ ਆਪਣੀ ਛਾਤੀ ਨਾਲ ਲਗਾ ਕੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਬਰਾਬਰੀ ਦਿੱਤੀ ਅਤੇ ਸ਼ਬਦਾਂ ਨੂੰ ਪ੍ਰਵਾਣ ਵੀ ਕੀਤਾ। ਸ਼ਬਦਾਂ ਦੇ ਠੀਕ ਅਰਥ ਸਮਝਣ ਲਈ ਚਾਰ ਵਿਸ਼ੇ ਖਾਸ ਧਿਆਨ ਮੰਗਦੇ ਹਨ (1) ਸ਼ਬਦਾਂ ਦੇ ਰਹਾਉ ਦੇ ਬੰਦ ਕਿਸ ਗੁਰਮੱਤ ਸਿਧਾਂਤ ਨੂੰ ਉਜਾਗਰ ਕਰ ਰਹੇ ਹਨ। (2) ਗੁਰਮੱਤ ‘ਚ ਮੰਗਾਂ ਦਾ ਸਥਾਨ ‘ਤੇ ਪੱਧਰ ਕੀ ਹੈ? (3) ਕਦੋਂ ਮਨੁੱਖ ਦਾ ਜੀਵਨ ਮੰਗਾਂ ਦੀ ਦੱਬ ‘ਚ ਚਲਦਾ ਹੈ? (4) ਕਦੋਂ ਮਨੁੱਖ ਮੰਗਾਂ ਤੋਂ ਸੁਰਖਰੂ ਹੋ ਸਕ ਦਾ ਹੈ?

ਰਹਾਉ ਦੇ ਬੰਦਾ ਬਾਰੇ- ਰਹਾਉ ਦੇ ਬੰਦ ’ਚ ਕਬੀਰ ਜੀ ਕਹਿ ਰਹੇ ਹਨ ”ਮਾਧੋ ਕੈਸੀ ਬਨੈ ਤੁਮ ਸੰਗੇ ॥ ਆਪਿ ਨ ਦੇਹੁ, ਤ, ਲੇਵਉ ਮੰਗੇ” ਅਰਥ ਹਨ “ਹੇ ਪ੍ਰਭੂ! ਤੇਰੇ ਨਾਲ ਸਾਂਝ ਪਾਉੇਣ ਦਾ ਕੀ ਵਸੀਲਾ ਹੈ?” ਅੱਗੇ ਉਤਰ ਵੀ ਆਪ ਹੀ ਦੇ ਰਹੇ ਹਨ ‘ਤੇਰੇ ਨਾਲ ਸਾਂਝ ਪਾਉਣ ਦਾ ਇਕੋ ਇਕ ਵਸੀਲਾ ਹੈ-ਮਨੁੱਖ ਅੰਦਰ ਦ੍ਰਿੜ ਵਿਸ਼ਵਾਸ ਜਾਗ ਪਵੇ ਕਿ ਪ੍ਰਭੂ ਸਾਡੀਆਂ (ਮੂਲ) ਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ (ਅਸਾਂ ਤਾਂ ਕੇਵਲ ਉਦਮ ਹੀ ਕਰਣਾ ਹੈ ਪ੍ਰੇਸ਼ਾਣ ਨਹੀਂ ਹੋਣਾ)। ਆਖ਼ਿਰ ਕੋਈ ਚੀਜ਼ ਮੰਗੀ ਹੀ ਓਦੋਂ ਜਾਂਦੀ ਹੈ ਜੇਕਰ “ਆਪਿ ਨ ਦੇਹੁ ਤ” ਭਾਵ ਤੁਸੀਂ ਆਪ ਹੀ ਸਾਡੀਆਂ ਲੋੜਾਂ ਆਪਣੇ ਆਪ ਪੂਰੀਆਂ ਕਰਦੇ ਹੋ। ਫ਼ੁਰਮਾਨ ਹੈ “ਵਡੀ ਵਡਿਆਈ ਜਾ ਪੁਛਿ ਨ ਦਾਤਿ” (ਪੰ:463)।

ਇਸ ਤਰ੍ਹਾਂ, ਪ੍ਰਚਲਤ ਹੋ ਚੁਕੇ ਅਰਥਾਂ ਅਨੁਸਾਰ, ਕੀ ਇਹ ਮੰਨ ਲਿਆ ਜਾਵੇ ਕਿ ਕਬੀਰ ਜੀ ਵਰਗਾ ਮਹਾਪੁਰਸ਼, ਜਦੋਂ ਸਫ਼ਲ਼ ਜੀਵਨ ਨੂੰ ਵੀ ਪ੍ਰਾਪਤ ਹੋ ਚੁਕਾ ਸੀ, ਤਾਂ ਵੀ ਪ੍ਰਭੂ ਕੋਲੋਂ ਛੋਟੀਆਂ ਛੋਟੀਆਂ ਮੰਗਾਂ ਹੀ ਮੰਗ ਰਿਹਾ ਸੀ। ਸਪਸ਼ਟ ਹੈ ਸ਼ਬਦ ‘ ਚਚ ਕਬੀਰ ਜੀ, ਪ੍ਰਭੂ ਅੱਗੇ ਮੰਗਾਂ ਨਹੀਂ ਰਖ ਰਹੇ ਬਲਕਿ ਵਿਸ਼ਾ ਕੁਝ ਹੋਰ ਹੀ ਹੈ। ਦਰਅਸਲ ਧੋਖਾ ਇਥੋਂ ਲੱਗ ਰਿਹਾ ਹੈ ਜਦੋਂ ਅਸੀਂ ਆਪਣੀ ਨਾਸਮਝੀ ਕਾਰਨ ਇਸ ਦੇ ਅਰਥ ਘੜ ਲਏ “ਹੇ ਪ੍ਰਭੂ! ਜੇਕਰ ਤੂੰ ਨਹੀਂ ਦੇਵੇਂਗੇ ਤਾਂ ਮੈਂ ਤੇਰੇ ਕੋਲੋਂ ਮੰਗ ਕੇ ਵੀ ਲੈ ਲਵਾਂਗਾ”। ਜੇਕਰ ਵਿਸ਼ਰਾਮ ਨੂੰ ਵਿਚਾਰ ਕੇ ਲਗਾਇਆ ਜਾਵੇ ਤਾਂ ਅਰਥ ਬਨਣ ਗੇ ‘ਹੇ ਪ੍ਰਭੂ! ਮੈਂ ਤੇਰੇ ਤੋਂ ਤਾਂ ਹੀ ਮੰਗਾਂ ਜੇ ਤੂੰ ਆਪ ਪੂਰੀਆਂ ਨਾ ਕਰਦਾ ਹੋਵੇਂ’। ਭਾਵ ਮੇਰੀਆਂ ਲੋੜਾਂ ਤਾਂ ਤੂੰਂ ਆਪ ਹੀ ਪੂਰੀਆਂ ਕਰ ਦੇਂਦਾ ਹੈ ਇਸ ਲਈ ਮੈਨੂੰ ਮੰਗਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਧਿਆਣ ਦੇਣਾ ਹੈ, ਇਥੇ ਗੱਲ਼ ਕੇਵਲ ਅਜੇਹੀਆਂ ਮੰਗਾਂ ਦੀ ਹੈ ਜਿੰਨਾਂ ਬਾਰੇ ਗੁਰਬਾਣੀ ‘ਚ ਬਾਰ-ਬਾਰ ਦਸਿਆ ਹੈ “ਹਰਿ ਜੀਅ ਸਭੇ ਪ੍ਰਤਿਪਾਲਦਾ, ਘਟਿ ਘਟਿ ਰਮਈਆ ਸੋਇ” (ਪੰ:81)। ਇਥੇ ਮਨੁੱਖ ਰਾਹੀਂ ਤ੍ਰਿਸ਼ਨਾ ਅਧੀਨ ਕੀਤੀਆਂ ਜਾਣ ਵਾਲੀਆਂ ਅਸੀਮਤ ਜਾਂ ਪ੍ਰਭੂ ਬਾਰੇ ਬੇ-ਵਿਸ਼ਵਾਸੀ ਤੇ ਸੋਝੀ ਦੀ ਘਾਟ ਕਾਰਨ ਪੈਦਾ ਹੋ ਰਹੀਆਂ ਮੰਗਾਂ ਦੀ ਗੱਲ ਨਹੀਂ।

ਇਸੇ ਤਰ੍ਹਾਂ ਧੰਨਾ ਜੀ ਦੇ ਰਹਾਉ ਦੇ ਬੰਦ ‘ਚ ਵੀ ਦੇਖਿਆ ਜਾ ਸਕਦਾ ਹੈ ਬੰਦ ਹੈ “ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ” ਭਾਵ ‘ਹੇ ਸੰਸਾਰ ਦੇ ਪਾਲਣਹਾਰੇ ਪ੍ਰਭੂ! ਜੋ ਮਨੁੱਖ ਤੇਰੇ ਦਰ ਦੇ ਸੁਆਲੀ ਹੋ ਜਾਂਦੇ ਹਨ ਉਨ੍ਹਾਂ ਦੇ ਕਾਰਜ ਤੂੰ ਆਪ ਸੁਆਰਦਾ ਹੈਂ ਤੇ ਅਜੇਹੇ ਪ੍ਰਭੂ ਪਿਆਰਿਆਂ ਚੋਂ ਮੈਂ ਵੀ ਤਾਂ ਤੇਰੇ ਹੀ ਦਰ ਦਾ ਹੀ ਭਿਖਾਰੀ ਹਾਂ। ਸਪਸ਼ਟ ਹੈ ਜਦੋਂ ਭਗਤ ਜੀ ਆਪ ਫ਼ੁਰਮਾਅ ਰਹੇ ਹਨ, ਜਿਹੜੇ ਤੇਰੇ ਦਰ ਦੇ ਸੁਆਲੀ ਹੋ ਜਾਂਦੇ ਹਨ, ਜਿਨ੍ਹਾਂ ਨੂੰ ਤੇਰੀਆਂ ਦਾਤਾਂ ਬਾਰੇ ਦ੍ਰਿੜ ਵਿਸ਼ਵਾਸ ਆ ਜਾਂਦਾ ਹੈ ਉਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ ਕੋਲੋਂ ਇਸ ਤਰਾਂ ਮੰਗਣ ਦੀ ਲੋੜ ਨਹੀਂ ਹੁੰਦੀ। ਪ੍ਰਭੂ ਸਾਡੀਆਂ ਮੂਲ ਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ। ਵਿਚਾਰਨ ਦਾ ਵਿਸ਼ਾ ਹੈ, ਜਦੋਂ ਭਗਤ ਜੀ ਆਪ ਹੀ ਕਹਿ ਰਹੇ ਹਨ ਕਿ ਭਗਤਾਂ ਦੇ ਕਾਰਜ ਤੂੰ ਆਪ ਸੁਆਰਦਾ ਹੈ ਤਾਂ ਫ਼ਿਰ ਮੰਗਾਂ ਵਾਲੀ ਗੱਲ ਹੀ ਕਿੱਥੇ ਰਹਿ ਗਈ?
ਮਤਲਬ, ਧੰਨਾ ਜੀ ਦੇ ਸੰਬੰਧਤ ਸ਼ਬਦ ‘ਚ ਵੀ ਵਿਸ਼ਾ ਮੰਗਾਂ ਦਾ ਨਹੀਂ, ਅਗਿਆਣਤਾ ਅਤੇ ਤ੍ਰਿਸ਼ਨਾ ਮੁਕਾਉਣ ਦਾ ਹੈ। ਬਲਕਿ ਕਬੀਰ ਜੀ ਦੇ ਸ਼ਬਦ ਵਾਂਙ ਇਥੇ ਵੀ ਜੋ ਵੇਰਵਾ ਹੈ ਉਹ ਮਨੁੱਖ ਦੀਆਂ ਮੂਲ ਲੋੜਾਂ ਹੀ ਹਨ, ਤ੍ਰਿਸ਼ਨਾ ਅਧੀਨ ਅਸੀਮਤ ਮੰਗਾਂ ਦਾ ਨਹੀਂ। ਇਥੇ ਤਾਂ ਕੇਵਲ ਉਨ੍ਹਾਂ ਮੰਗਾਂ ਦੀ ਗੱਲ ਹੈ ਜਿਨ੍ਹਾਂ ਬਾਰੇ ਆਪ ਹੀ ਕਹਿ ਵੀ ਰਹੇ ਹਨ “ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ”। ਇਸ ਤਰ੍ਹਾਂ ਇਥੇ ਮੰਗਾਂ ਵਾਲੀ ਗੱਲ ਰਹਿ ਹੀ ਕਿੱਥੇ ਜਾਂਦੀ ਹੈ? ਵਿਸ਼ਾ ਇਥੇ ਵੀ ਉਹੀ ਹੈ ਕਿ ਪ੍ਰਭੂ, ਮਨੁੱਖ ਦੀਆਂ ਮੂਲ ਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ ਇਸ ਲਈ ਮੰਗਣ ਦੀ ਲੋੜ ਤੇ ਤਾਂ ਪਵੇ ਜੇ ਕਰ “ਆਪਿ ਨ ਦੇਹੁ ਤ” ਪ੍ਰਭੂ ਆਪਣੇ ਆਪ ਨਾ ਦੇਂਦਾ ਹੋਵੇ ਤਾਂ। ਗੱਲ ਇਥੇ ਵੀ ਤ੍ਰਿਸ਼ਨਾ-ਅਗਿਆਣਤਾ ਕਾਰਨ ਪੈਦਾ ਹੋਣ ਵਾਲੀਆਂ ਵਾਧੂ ਮੰਗਾਂ ਤੋਂ ਵਰਜਣ ਦੀ ਹੈ। ਮੁੱਕਦੀ ਗੱਲ, ਦੋਨਾਂ ਸ਼ਬਦਾਂ ‘ਚ ਵਿਸ਼ਾ ਇਕੋ ਹੀ ਹੈ-ਮਨੁੱਖ ਦਾ ਕੰਮ, ਕੇਵਲ ਉਦਮ ਕਰਣਾ ਹੀ ਹੈ, ਪ੍ਰੇਸ਼ਾਨ ਹੋਣਾ ਨਹੀਂ। ਮਨੁੱਖ ਦੀਆਂ ਅਜੇਹੀਆਂ ਮੂਲ ਲੋੜਾਂ ਤਾਂ ਪ੍ਰਭੂ ਆਪਣੇ ਆਪ ਪੂਰੀਆਂ ਕਰਦਾ ਹੈ, ਫ਼ਿਰ ਮਨੁੱਖ ਦਾ ਜੀਵਨ ਭਾਵੇਂ ਕਿੰਨਾਂ ਵੀ ਘਟੀਆ ਕਿਉਂ ਨਾ ਹੋਵੇ। ਫ਼ੁਰਮਾਨ ਹੈ “ਸਿਸਟਿ ਉਪਾਈ ਸਭ ਤੁਧੁ, ਆਪੇ ਰਿਜਕੁ ਸੰਬਾਹਿਆ” (ਪੰ:85) ਫ਼ਿਰ ੳਹ ਵੀ ਹਣ “ਇਕਿ ਵਲੁ ਛਲੁ ਕਰਿ ਕੈ ਖਾਵਦੇ, ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ…” (ਉਹੀ) ਇਸੇ ਸ਼ਬਦ ‘ਚ ਗੁਰਦੇਵ ਫ਼ੁਰਮਾਉਂਦੇ ਹਨ “ਇਕਨਾ ਸਚੁ ਬੁਝਾਇਓਨੁ, ਤਿਨਾ ਅਤੁਟ ਭੰਡਾਰ ਦੇਵਾਇਆ ॥ ਹਰਿ ਚੇਤਿ ਖਾਹਿ, ਤਿਨਾ ਸਫਲੁ ਹੈ, ਅਚੇਤਾ ਹਥ ਤਡਾਇਆ”(ਪੰ:85) ਜਿਹੜੇ ਲੋਕ ਜੀਵਨ ਦੇ ਸੱਚ ਨੂੰ ਪਛਾਣ ਲੈਂਦੇ ਹਨ, ਘਾਟੇ ‘ਚ ਨਹੀਂ ਰਹਿੰਦੇ। ਦੂਜੇ ਜਿਹੜੇ ਜਨਮ ਬਰਬਾਦ ਕਰਕੇ ਚਲੇ ਜਾਂਦੇ ਹਨ, ਮੂਲ ਲੋੜਾਂ ਤਾਂ ਉਨ੍ਹਾਂ ਦੀਆਂ ਵੀ ਪੂਰੀਆਂ ਹੁੰਦੀਆਂ ਹਨ। ਲੋੜ ਹੈ ਤਾਂ ਇਸ ਰੱਬੀ ਨਿਯਮ ਬਾਰੇ ਦ੍ਰਿੜ ਵਿਸ਼ਵਾਸ ਤੇ ਸੋਝੀ ਦੀ। ਤ੍ਰਿਸ਼ਨਾ ਅਧੀਨ ਮੰਗਾਂ ਵਲੋਂ ਹੱਟ ਕੇ ਅਮੁਲੇ ਮਨੁੱਖਾ ਜਨਮ ਦੀ ਸੰਭਾਲ ਕਰਣ ਦੀ।

ਮੂਲ ਲੋੜਾਂ ਬਾਰੇ ਗੁਰਬਾਣੀ ਦਾ ਫ਼ੈਸਲਾ- ਕੇਵਲ ਮਨੁੱਖ ਹੀ ਨਹੀਂ ਹਰੇਕ ਜੀਵ ਦੀਆਂ ਮੂਲ਼ ਲੋੜਾਂ ਬਾਰੇ ਫ਼ੈਸਲਾ ਹੈ ਕਿ ਮੂਲ ਲੋੜਾਂ ਪਸ਼ੂ, ਪੰਛੀ, ਪੌਧਾ, ਕੀੜਾ-ਮਕੋੜਾ ਭਾਵ ਕਿ ਹਰੇਕ ਦੀਆਂ ਪ੍ਰਭੂ ਆਪ ਪੂਰੀਆਂ ਕਰਦਾ ਹੈ। ਜਿਵੇਂ “ਕਾਹੇ ਰੇ ਮਨ ਚਿਤਵਹਿ ਉਦਮੁ, ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ, ਤਾ ਕਾ ਰਿਜਕੁ ਆਗੈ ਕਰਿ ਧਰਿਆ .… ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ, ਕਾਹੇ ਮਨ ਭਉ ਕਰਿਆ ॥ 2 ॥ ਊਡੇ ਊਡਿ ਆਵੈ ਸੈ ਕੋਸਾ, ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ, ਮਨ ਮਹਿ ਸਿਮਰਨੁ ਕਰਿਆ…” (ਪੰ:10) ਇਥੋਂ ਤੀਕ ਕਿ “ਜਲ ਮਹਿ ਜੰਤ ਉਪਾਇਅਨੁ, ਤਿਨਾ ਭਿ ਰੋਜੀ ਦੇਇ…… ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ ॥ ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੇਇ” (ਪੰ:955)। ਹੋਰ “ਕਰਿ ਕਰਿ ਵੇਖੈ ਕਰੇ ਕਰਾਏ, ਸਰਬ ਜੀਆ ਨੋ ਰਿਜਕੁ ਦੀਆ” (ਪੰ:1334) ਪੁਨਾ “ਸਿਸਟਿ ਉਪਾਈ ਸਭ ਤੁਧੁ, ਆਪੇ ਰਿਜਕੁ ਸੰਬਾਹਿਆ” (ਪੰ:85) ਇਥੇ ਹੀ ਬਸ ਨਹੀਂ “..ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ ਕੀਆ, ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ, ਜਿਨਿ ਉਪਾਇਆ ਜਗੁ..” (ਪੰ:467)

ਗੁਰਬਾਣੀ ਨੇ ਤਾਂ ਇਥੋਂ ਤੀਕ ਸਾਫ਼ ਕੀਤਾ ਹੈ “ਪਹਿਲੋ ਦੇ ਤੈ ਰਿਜਕੁ ਸਮਾਹਾ ॥ ਪਿਛੋ ਦੇ ਤੈ ਜੰਤੁ ਉਪਾਹਾ” (ਪੰ:130) ਇਸ ਤਰ੍ਹਾਂ ਇਸ ਵਿਸ਼ੇ ‘ਤੇ ਸੈਂਕੜੈ ਪ੍ਰਮਾਣ ਮੌਜੂਦ ਹਨ। ਕੁਝ ਹੋਰ “ਸਿਮਰਿ ਸਾਹਿਬੁ ਸੋ ਸਚੁ ਸੁਆਮੀ, ਰਿਜਕੁ ਸਭਸੁ ਕਉ ਦੀਏ ਜੀਉ” (ਪੰ:105) ਅਤੇ “ਆਪਿ ਉਪਾਏ ਧੰਧੈ ਲਾਏ ॥ ਲਖ ਚਉਰਾਸੀ ਰਿਜਕੁ, ਆਪਿ ਅਪੜਾਏ” (ਪੰ:112)। ਬਲਕਿ ਹਦਾਇਤ ਹੈ ਕਿ “ਐ ਮਨੁੱਖ ਤੇਰੀਆਂ ਮੂਲ ਲੋੜਾਂ ਪ੍ਰਤੀ ਤੈਨੂੰ ਝੂਰਣ ਦੀ ਲੋੜ ਨਹੀਂ। ਤੇਰੀਆਂ ਅਜੇਹੀਆਂ ਸਾਰੀਆਂ ਲੋੜਾਂ ਨੂੰ ਕਰਤਾ ਆਪ ਪੂਰੀਆਂ ਕਰ ਰਿਹਾ ਹੈ” ਜਿਵੇਂ “ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ ਦੇ ਦੇ ਵੇਖੈ ਹੁਕਮੁ ਚਲਾਏ, ਜਿਉ ਜੀਆ ਕਾ ਰਿਜਕੁ ਪਇਆ” (ਪੰ:433) ਗੁਰਬਾਣੀ ਦਾ ਆਦੇਸ਼ ਹੈ ਕਿ ਇਨਸਾਨ ਨੇ ਤਾਂ ਕਿਰਤ (ਇਮਾਨਦਾਰੀ ਦੀ ਮਿਹਣਤ) ਕਰਣੀ ਹੈ ਜਿਵੇਂ “ਹਾਹੈ ਹੋਰੁ ਨ ਕੋਈ ਦਾਤਾ, ਜੀਅ ਉਪਾਇ ਜਿਨਿ ਰਿਜਕੁ ਦੀਆ॥ ਹਰਿ ਨਾਮੁ ਧਿਆਵਹੁ, ਹਰਿ ਨਾਮਿ ਸਮਾਵਹੁ, ਅਨਦਿਨੁ ਲਾਹਾ ਹਰਿ ਨਾਮੁ ਲੀਆ”(ਪੰ:435) ਬਲਕਿ ਕਰਤਾਰ ਤਾਂ ਮਨੁੱਖ ਨੂੰ ਇਸ ਤਰ੍ਹਾਂ ਪਾਲਦਾ ਹੈ ਜਿਵੇਂ ਮਾਪੇ ਬਚਿਆਂ ਨੂੰ, ਫ਼ੁਰਮਾਨ ਹੈ “ਦੇਵਣਹਾਰੁ ਦਾਤਾਰੁ, ਕਿਤੁ ਮੁਖਿ ਸਾਲਾਹੀਐ ॥ ਜਿਸੁ ਰਖੈ ਕਿਰਪਾ ਧਾਰਿ, ਰਿਜਕੁ ਸਮਾਹੀਐ॥ ਕੋਇ ਨ ਕਿਸ ਹੀ ਵਸਿ, ਸਭਨਾ ਇਕ ਧਰ ॥ ਪਾਲੇ ਬਾਲਕ ਵਾਗਿ, ਦੇ ਕੈ ਆਪਿ ਕਰ”(ਪੰ:957) ਪ੍ਰਭੂ ਤਾਂ “ਓਹੁ ਨਿਰਗੁਣੀਆਰੇ ਪਾਲਦਾ ਭਾਈ, ਦੇਇ ਨਿਥਾਵੇ ਥਾਉ ॥ ਰਿਜਕੁ ਸੰਬਾਹੇ ਸਾਸਿ ਸਾਸਿ ਭਾਈ, ਗੂੜਾ ਜਾ ਕਾ ਨਾਉ” (ਪੰ:640) ਹੋਰ ਤਾਂ ਹੋਰ “ਜੀਉ ਦੀਆ, ਸੁ ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ, ਹਾਟੁ ਚਲਾਵੈ”(ਪੰ:794)।

ਦੋਨਾਂ ਸ਼ਬਦਾਂ ‘ਚ ਆਪਸੀ ਸਾਂਝ-ਗਹੁ ਨਾਲ ਵਿਚਾਰਿਆਂ, ਦੋਨਾਂ ਸ਼ਬਦਾਂ ਦਾ ਧੁਰਾ ਇਕੋ ਹੀ ਮਿਲੇਗਾ। ਦੋਨਾਂ ਦਾ ਆਧਾਰ ਹੈ “ਆਪਿ ਨ ਦੇਹੁ ਤ ਲੇਵਉ ਮੰਗੇ” ਤੇ ਦੂਜਾ “ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ”। ਧੰਨਾ ਜੀ ਕਹਿ ਰਹੇ ਹਨ “ਪ੍ਰਭੂ! ਜੋ ਤੇਰੇ ਦਰ ’ਤੇ ਆ ਜਾਂਦੇ ਹਨ, ਜਿਨ੍ਹ੍ਹਾਂ ਨੂੰ ਸੋਝੀ ਦੇ ਦੇਂਦਾ ਹੈਂ ਕਿ ਜੀਵ ਦੀਆਂ ਮੂਲ ਲੋੜਾਂ ਪ੍ਰਭੂ ਆਪਣੇ ਆਪ ਪੂਰੀਆਂ ਕਰਦਾ ਹੈ, ਤਾਂ ਅਜੇਹੇ ਜਾਗ੍ਰਿਤ ਫ਼ਿਰ ਮੰਗਾਂ ਨਹੀਂ ਕਰਦੇ। ਕਬੀਰ ਜੀ ਵੀ ਕਹਿੰਦੇ ਹਨ ‘ਹੇ ਪ੍ਰਭੂ! ਮੂਲ਼ ਲੋੜਾਂ ਲਈ ਮੰਗਾਂ ਤਾਂ ਮਨੁੱਖ ਤਾਂ ਕਰੇ ਜੇਕਰ ਤੂੰ ਆਪ ਪੂਰੀਆਂ ਨਾ ਕਰਦਾ ਹੋਵੇਂ। ਇਸ ਲਈ, ਤੇਰੇ ਨਾਲ ਪਿਆਰ ਕਰਣ ਵਾਲੇ ਜਾਣਦੇ ਹਨ ਕਿ ਪ੍ਰਭੂ ਜੀਵਾਂ ਦੀਆਂ ਮੂਲ ਲੋੜਾਂ ਆਪਣੇ ਆਪ ਪੂਰੀਆਂ ਕਰਦਾ ਹੈ, ਇਸ ਲਈ ਮੰਗਣ ਵਾਲੀ ਗੱਲ ਹੀ ਬਾਕੀ ਨਹੀਂ ਰਹਿ ਜਾਂਦੀ।

ਬਲਕਿ ਕਬੀਰ ਜੀ ਤਾਂ ਆਪਣੇ ਆਪ ਪੂਰੀਆਂ ਹੋਣ ਵਾਲੀਆਂ ਮੂਲ ਲੋੜਾਂ ਦੀ ਗੱਲ ਕਰਦੇ, ਇਕ ਹੋਰ ਗੱਲ ਵੀ ਜੋੜਦੇ ਹਣ। ਕਹਿੰਦੇ ਹਨ, ਪ੍ਰਭੂ ਪਿਆਰਿਆਂ ਦੇ ਜੀਵਨ ਦੀ ਮੂਲ ਲੋੜ ਅਥਵਾ ਭੁਖ ਹੋਰ ਵੀ ਹੁੰਦੀ ਹੈ ਜੋ ਇਨ੍ਹਾਂ ਮੂਲ ਲੋੜਾਂ ਤੋਂ ਵੀ ਵੱਡੀ ਭੁੱਖ ਹੁੰਦੀ ਹੈ। ਉਹ ਭੁਖ ਹੁੰਦੀ ਹੈ ਪ੍ਰਭੂ ਪਿਆਰਿਆਂ ਦੇ ਸੰਗ ਵਾਲੀ ਭੁੱਖ।ਉਨ੍ਹਾਂ ਦੀਆਂ ਤਾਂ ਸਰੀਰਕ ਮੂਲ਼ ਲੋੜਾਂ ਵੀ ਘੱਟ ਪੂਰੀਆਂ ਹੋਣ ਜਾਂ ਵੱਧ, ਉਨ੍ਹਾਂ ਨੂੰ ਇਸ ਦੀ ਬਹੁਤੀ ਪਰਵਾਹ ਨਹੀਂ ਹੁੰਦੀ। ਉਨ੍ਹਾਂ ਨੂੰ ਤਾਂ ਪ੍ਰਭੂ ਪਿਆਰਿਆ ਦੀ ਸੰਗਤ ਚਾਹੀਦੀ ਹੁੰਦੀ ਹੈ। ਫ਼ੁਰਮਾਨ ਹੈ “ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ ਹਉ ਮਾਂਗਉ ਸੰਤਨ ਰੇਨਾ ॥ ਮੈ ਨਾਹੀ ਕਿਸੀ ਕਾ ਦੇਨਾ” ਭਾਵ ‘ਹੈ ਪ੍ਰਭੂ! ਤੇਰੇ ਨਾਲ ਪਿਆਰ ਕਰਣ ਵਾਲਿਆਂ ਨੂੰ ਤਾਂ “ਯਹ ਮਾਲਾ ਅਪਨੀ ਲੀਜੈ” ਅਨੁਸਾਰ ਬਾਹਰੀ ਕਰਮਕਾਂਡਾ-ਆਡੰਬਰਾਂ ਦੀ ਲੋੜ ਵੀ ਨਹੀਂ ਰਹਿ ਜਾਂਦੀ। ਉਨ੍ਹਾਂ ਨੂੰ “ਮੈ ਨਾਹੀ ਕਿਸੀ ਕਾ ਦੇਨਾ” ਕਿਸੇ ਦੀ ਮੋਹਤਾਜੀ ਵੀ ਨਹੀਂ ਰਹਿੰਦੀ। ਹੋਰ ਤਾਂ ਹੋਰ ਤੇਰੇ ਨਾਲ ਪਿਆਰ ਕਰਣ ਵਾਲਿਆਂ ਨੂੰ ਤਾਂ “ਹਉ ਮਾਂਗਉ ਸੰਤਨ ਰੇਨਾ” ਇਕੋ ਇਕ ਤੇਰੇ ਮਿਲਾਪ ਦਾ ਤਾਂਘ “ਪ੍ਰਭੂ ਪਿਆਰਿਆ ਦਾ ਸੰਗ” ਹੀ ਚਾਹੀਦਾ ਹੁੰਦਾ ਹੈ। ਇਸ ਗੱਲ ਨੂੰ ਗੁਰਦੇਵ ਨੇ ਗੁਰਬਾਣੀ ‘ਚ ਹੋਰ ਵੀ ਅਨੇਕਾਂ ਵਾਰੀ ਬਿਆਣਿਆ ਹੈ ਜਿਵੇਂ “ਨਾਨਕ ਭਗਤਾ ‘ਭੁਖ’ ਸਾਲਾਹਣੁ, ਸਚੁ ਨਾਮੁ ਆਧਾਰੁ ॥ ਸਦਾ ਅਨੰਦਿ ਰਹਹਿ, ਦਿਨੁ ਰਾਤੀ ਗੁਣਵੰਤਿਆ ਪਾ ਛਾਰ” (ਪੰ:465) ਭਾਵ ਪ੍ਰਭੂ ਪਿਆਰਿਆਂ ਨੂੰ ਕੇਵਲ ਸਿਫ਼ਤ ਸਲਾਹ ਦੀ ਹੀ ਭੁਖ ਹੁੰਦੀ ਹੈ। ਉਹ ਤੇਰੇ ਰੰਗ ‘ਚ ਰੰਗੇ ਰਹਿ ਕੇ ਸਦਾ ਅਨੰਦ, ਖੇੜੇ ਅਤੇ ਟਿਕਾਅ ਵਾਲਾ ਜੀਵਨ ਬਤੀਤ ਕਰਦੇ ਹਨ। ਦੇਖਣ ਦੀ ਗੱਲ ਹੈ ਕਿ ਜਦੋਂ ਸਰੀਰ ਦੀਆਂ ਮੂਲ ਲੋੜਾਂ ਦੀ ਗੱਲ ਚਲ ਰਹੀ ਹੈ ਤਾਂ ਕਬੀਰ ਸਾਹਿਬ ਉਨ੍ਹਾਂ ਮੂਲ ਲੋੜਾਂ ਲਈ ਲਫ਼ਜ਼ ‘ਭੁਖ’ ਅਤੇ “ਹਉ ਮਾਂਗਉ ਸੰਤਨ ਰੇਨਾ” ਦੀ ਗੱਲ ਹੀ ਕਰ ਰਹੇ ਹਨ। ਭਾਵ “ਅਜੇਹੇ ਜੀਉੜਿਆਂ ਨੂੰ ਪ੍ਰਭੂ, ਅਜੇਹੇ ਸੰਗ ਵੀ ਆਪ ਹੀ ਬਖਸ਼ ਦੇਂਦਾ ਹੈ ਜਿਹੜੀ ਕਿ ਉਨ੍ਹਾਂ ਦੇ ਜੀਵਨ ਦੀ ਅਸਲ ‘ਭੁਖ’ ਹੁੰਦੀ ਹੈ।

ਮੰਗਾਂ ਦਾ ਉਜਲਾ ਪੱਖ- ਸ਼ੱਕ ਨਹੀਂ, ਮੰਗਾਂ ਕਮਜ਼ੋਰ ਮਨ ਦੀ ਉਪਜ ਅਤੇ ਕਮਜ਼ੋਰ ਆਤਮਕ ਅਵਸਥਾ ਦਾ ਹੀ ਪ੍ਰਗਟਾਵਾ ਹੁੰਦੀਆਂ ਹਨ। ਇਹੀ ਮਨ ਜਦੋਂ ਪ੍ਰਭੂ ਰੰਗ ‘ਚ ਰੰਗਿਆ ਜਾਂਦਾ ਹੈ, ਆਤਮਕ ਪੱਖੋਂ ਮਜ਼ਬੂਤ ਹੋ ਜਾਂਦਾ ਹੈ ਤਾਂ ਅਜੇਹੇ ਜੀਵਨ ‘ਚੋਂ ਆਸ਼ਾ-ਤ੍ਰਿਸ਼ਨਾ-ਮੰਗਾਂ ਆਪਣੇ ਆਪ ਹੀ ਮੁੱਕ ਜਾਂਦੀਆਂ ਹਨ। ਪਰ ਇਹ ਅਵਸਥਾ “ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ’ (ਪੰ:1411) ਅਨੁਸਾਰ ਵਿਰਲਿਆਂ ਦੇ ਹਿਸੇ ਆਉਂਦੀ ਹੈ। ਇਸ ਦੇ ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਹੈ ਕਿ ਮੰਗਾਂ ਹਰੇਕ ਜੀਵਨ ਦਾ ਉਹ ਹਿੱਸਾ ਹਨ ਜੋ ਜਨਮ ਤੋਂ ਹੀ ਮਨੁੱਖ ਨਾਲ ਜੁੜ ਜਾਂਦੀਆਂ ਹਨ ਜਿਵੇਂ “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ” ਅਸਲ ‘ਚ ਮੰਗਾਂ ਦੀ ਜੜ੍ਹ ਹੀ ਤ੍ਰਿਸ਼ਨਾ ਹੈ ਜੋ ਜਨਮ ਦੇ ਨਾਲ ਹੀ ਇਨਸਾਨ ਨੂੰ ਚੰਬੜ ਜਾਂਦੀ ਹੈ। ਇਸ ਲਈ, ਲੋੜ ਹੈ ਤਾਂ ਮੰਗਾਂ ਵਾਲੀ ਪ੍ਰਵਰਿਤੀ ਤੋਂ ਸੁਚੇਤ ਹੋ ਕੇ ਗੁਰਬਾਣੀ ਸਿਖਿਆ ਰਾਹੀਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੀ। ਦੇਖ ਚੁਕੇ ਹਾਂ, ਗੁਰਬਾਣੀ ਅਨੁਸਾਰ ਵੀ ਜੀਵਨ ਦੀ ਸਫ਼ਲ ਅਵਸਥਾ ਤੀਕ ਤਾਂ ਵਿਰਲਿਆਂ ਨੇ ਹੀ ਪੁੱਜਣਾ ਹੈ; ਉਸ ਅਵਸਥਾ ਤੀਕ, ਜਿਥੇ ਪੁੱਜ ਕੇ ਆਸ਼ਾ-ਤ੍ਰਿਸ਼ਨਾ ਮੰਗਾ ਖਤਮ ਹੀ ਹੋ ਜਾਣ। ਪਰ ਮੰਗਾਂ ਵਾਲੇ ਰਸਤੇ ਵਿਚੋਂ ਲੰਙਣਾ ਸਾਰਿਆਂ ਨੇ ਹੀ ਹੁੰਦਾ ਹੈ।ਇਸ ਲਈ ਵੱਡੀ ਲੋੜ ਹੈ ਕਿ ਮੰਗਾਂ ਵਾਲੀ ਅੱਗ ਕਿਧਰੇ ਤ੍ਰਿਸ਼ਨਾ ਦਾ ਰੂਪ ਹੀ ਨਾ ਧਾਰਨ ਕਰ ਲਵੇ ਇਸ ਤੋਂ ਸੁਚੇਤ ਹੋ ਕੇ ਜੀਵਨ ਦੀ ਸੰਭਾਲ ਕਰਣ ਦੀ।

ਇਹੀ ਕਾਰਨ ਹੈ ਕਿ ਮੰਗਾਂ ਰਸਤੇ ਜੋ ਮਨੁੱਖ ਗੁਰਬਾਣੀ ਜੀਵਨ ਦੇ ਨੇੜੇ ਆ ਜਾਂਦੇ ਹਨ ਤਾਂ ਅਨੇਕਾਂ ਦੇ ਜੀਵਨ ਸੁਧਰ ਵੀ ਜਾਂਦੇ ਹਨ। ਇਕ ਦਿਨ ਉਨ੍ਹਾਂ ਦੀਆਂ ਮੰਗਾਂ ਹੀ ਉਨ੍ਹਾਂ ਦੇ ਜੀਵਨ ‘ਚ ਗੁਰਬਾਣੀ ਜੀਵਨ-ਜਾਚ ਤੇ ਪ੍ਰਕਾਸ਼ ਦਾ ਕਾਰਨ ਬਣ ਜਾਂਦੀਆਂ ਹਨ। ਇਸੇ ਵਾਸਤੇ ਗੁਰਬਾਣੀ ‘ਚ ਵੀ ਇਨ੍ਹਾਂ ਮੰਗਾਂ ਨੂੰ ਆਧਾਰ ਬਨਾ ਕੇ ਕਰਤਾਰ ਨਾਲ ਜੁੜਣ ਦੀ ਗੱਲ਼ ਅਨੇਕਾਂ ਵਾਰੀ ਸਮਝਾਈ ਹੈ। ਮੰਗਾਂ ਲਈ ਲਫ਼ਜ਼ “ਦੁਖ ਦਾਰੂ” ਵੀ ਵਰਤਿਆ ਹੈ। “ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ ॥ ਦੇਵਨ ਕਉ, ਏਕੈ ਭਗਵਾਨੁ” (ਪੰ:281) ਦਾ ਮੂਲ ਵੀ ਮਨੁੱਖ ਦੀਆਂ ਮੰਗਾਂ-ਲੋੜਾਂ ਹੀ ਹਨ। ਆਖਿਰ “ਖਸਮੁ ਛੋਡਿ, ਦੂਜੈ ਲਗੇ ਡੁਬੇ ਸੇ ਵਣਜਾਰਿਆ” (ਪੰ:470) ਵਾਲੇ ਅਦੇਸ਼ ਦੇ ਮੂਲ ‘ਚ ਮਨੁੱਖ ਦੀ ਆਸ਼ਾ, ਤ੍ਰਿਸ਼ਨਾ, ਮੰਗਾਂ ਵਾਲੀ ਪ੍ਰਵਰਿਤੀ ਹੀ ਕੰਮ ਕਰ ਰਹੀ ਹੈ।“ਦੇਨਹਾਰੁ ਪ੍ਰਭ ਛੋਡਿ ਕੈ, ਲਾਗਹਿ ਆਨ ਸੁਆਇ ॥ ਨਾਨਕ ਕਹੂ ਨ ਸੀਝਈ, ਬਿਨੁ ਨਾਵੈ ਪਤਿ ਜਾਇ” (ਪੰ:268) ਵਾਲੇ ਸਲੋਕ ਦਾ ਆਧਾਰ ਵੀ ਮਨੁੱਖ ਦੀ ਮੰਗਾਂ ਵਾਲੀ ਪ੍ਰਵਰਿਤੀ ਨੂੰ ਵਰਤ ਕੇ ਪ੍ਰਭੂ ਨਾਲ ਜੋੜਣਾ ਹੀ ਹੈ ਪਾਤਸ਼ਾਹ ਤਾਂ ਇਸ ਵਿਸ਼ੇ ‘ਤੇ ਹੋਰ ਕਹਿੰਦੇ ਹਨ “ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ” (ਪੰ:1307) ਸੁਆਲ ਹੈ, ਆਖਿਰ ਮੰਗਣਾ ਕਿਸ ਕੋਲੋਂ ਹੈ “ਜਨ ਕੋ ਪ੍ਰਭੁ ਸੰਗੇ ਅਸਨੇਹੁ ॥ ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ” (ਉਹੀ) ਭਾਵ ਮੰਗਨਾ ਹੈ ਜਾਂ ਸਨੇਹ ਵੀ ਕਰਨਾ ਹੈ ਤਾਂ ਕੇਵਲ ਪ੍ਰਭੂ ਪ੍ਰਮਾਤਮਾ ਨਾਲ ਹੀ, ਕਿਸੇ ਦੂਜੇ ਨਾਲ ਨਹੀਂ।

ਉਜਲੇ ਪੱਖ ਦੀਆਂ ਮੰਗਾਂ ਦਾ ਸ਼ਿਖਰ- ਹੋਰ ਤਾਂ ਹੋਰ, ਮੰਗਾਂ ਦਾ ਹੀ ਸ਼ਿਖਰ ਹੁੰਦਾ ਹੈ ਜਦੋਂ ਇਕ ਦਿਨ ਸਚਮੁਚ ਹੀ ਮਨੁੱਖ ਨੂੰ ਗੁਰਬਾਣੀ ਦਾ ਹੀ ਰੰਗ ਚੜ੍ਹ ਜਾਂਦਾ ਹੈ। ਪ੍ਰਭੂ ਦੀ ਬਖਸ਼ਿਸ਼ ਨਾਲ ਜੇ ਕਰ ਸਚਮੁਚ ਇਹ ਰੰਗ ਚੜ੍ਹ ਹੀ ਜਾਵੇ ਤਾਂ ਇਹੀ ਮੰਗਾਂ “ਮਾਗਨਾ ਮਾਗਨੁ ਨੀਕਾ, ਹਰਿ ਜਸੁ ਗੁਰ ਤੇ ਮਾਗਨਾ” (ਪੰ:1018) ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕਿਉਂਕਿ ਇਸ ਪ੍ਰਾਪਤ ਹੋ ਚੁਕੀ ਸਫ਼ਲ ਅਵਸਥਾ ਦਾ ਆਧਾਰ ਵੀ ਮਨੁੱਖ ਦੀਆਂ ਮੰਗਾਂ ਹੀ ਸਨ। ਗੁਰਦੇਵ ਹੋਰ ਫ਼ੁਰਮਾਉਂਦੇ ਹਨ “ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ” (ਪੰ:811)। ਅਜੇਹੇ ਸਫ਼ਲ ਹੋ ਚੁਕੇ ਜੀਵਨ ‘ਚ ਤਾਂ ਉਹ ਦੁਨੀਆਵੀ ਮੰਗਾਂ ਜਿਥੋਂ ਮਨੁੱਖ ਸ਼ੁਰੂ ਹੋਇਆ ਸੀ ਰਹਿੰਦੀਆਂ ਹੀ ਨਹੀਂ। ਫ਼ੁਰਮਾਨ ਹੈ “ਭਗਤਿ ਦਾਨੁ ਮੰਗੈ ਜਨੁ ਤੇਰਾ, ਨਾਨਕ ਬਲਿ ਬਲਿ ਜਾਵਣਾ” (ਪੰ:1086)। ਇਹ ਮੰਗਾਂ ਦਾ ਹੀ ਉਜਲਾ ਅਤੇ ਸ਼ਿਖਰ ਹੁੰਦਾ ਹੈ ਜਦੋਂ ਇਨਸਾਨ, ਜਿਹੜਾ ਕਿ ਮੰਗਾਂ ਕਾਰਨ ਹੀ ਗੁਰਬਾਣੀ ਨਾਲ ਜੁੜਿਆ ਸੀ ਉਸ ਦੀ ਸੋਚਣੀ ’ਚ ਉਹ ਦੁਨੀਆਵੀ ਮੰਗਾਂ ਨਹੀਂ ਬਲਕਿ ਸੋਚਣੀ ਬਣ ਜਾਂਦੀ ਹੈ “ਵਡਭਾਗੀ ਨਾਮੁ ਧਿਆਇਆ, ਅਹਿਨਿਸਿ ਲਾਗਾ ਭਾਉ ॥ ਜਨ ਨਾਨਕੁ ਮੰਗੈ ਧੂੜਿ ਤਿਨ, ਹਉ ਸਦ ਕੁਰਬਾਣੈ ਜਾਉ” (ਪੰ:1415) ਜਾਂ ਸ਼ਬਦ ‘ਚ ਜਿਸ ਲਈ ਕਬੀਰ ਸਾਹਿਬ ਵੀ ਕਹਿ ਰਹੇ ਹਨ “ਹਉ ਮਾਂਗਉ ਸੰਤਨ ਰੇਨਾ” ਫ਼ਰਕ ਹੈ ਤਾਂ ਕੇਵਲ ਸ਼ਬਦਾਵਲੀ ਦਾ “ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥ ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥ ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥ ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ” (ਪੰ:306) ਅਤੇ ਹੋਰ ਬੇਅੰਤ ਪ੍ਰਮਾਣ।

ਮੰਗਾ ਦਾ ਹੀ ਕਾਲਾ ਪੱਖ- ਆਖਿਰ ਇਨ੍ਹਾਂ ਮੰਗਾਂ ਦੀ ਜੜ੍ਹ ਕਿੱਥੇ ਹੈ? ਦੇਖ ਚੁਕੇ ਹਾਂ ਕਿ ਮੰਗਾਂ ਸਾਡੀ ਆਤਮਕ ਤੇ ਮਾਨਸਿਕ ਕਮਜ਼ੋਰੀ ਦੀ ਹੀ ੳੇੁਪਜ ਹੁੰਦੀਆਂ ਹਨ। ਗੁਰਦੇਵ ਇਸ ਵਿਸ਼ੇ ਨੂੰ ਗੁਰਬਾਣੀ ‘ਚ, ਇਕ ਹੋਰ ਤਰੀਕੇ ਵੀ ਸਮਝਾਂਦੇ ਹਨ। ਫ਼ੁਰਮਾਨ ਹੈ “ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ॥ ਨਾਨਕ ਸਾ ਕਰਮਾਤਿ, ਸਾਹਿਬ ਤੁਠੈ ਜੋ ਮਿਲੈ” (ਪੰ:475) ਭਾਵ ਐ ਭਾਈ! ਜੇਕਰ ਤੂੰ ਮੰਗ ਕੇ ਕੁਝ ਲੈਂਦਾ ਹੈਂ ਤਾਂ ਉਸ ਪ੍ਰਾਪਤੀ ਨੂੰ ਪ੍ਰਭੂ ਦੀ ਦਾਤ ਨਾ ਕਹਿ। ਪ੍ਰਭੂ ਦੀ ਦਾਤ ਉਹ ਹੁੰਦੀ ਹੈ ਜੋ ਪ੍ਰਭੂ ਦੀ ਆਪਣੀ ਰਜ਼ਾ ‘ਚ ਆਪਣੇ ਆਪ ਮਿਲੇ। ਇਸੇ ਤਰ੍ਹਾਂ ਸੰਬੰਧਤ ਦੋਨਾਂ ਸ਼ਬਦਾਂ ਨੂੰ ਗਹੁ ਨਾਲ ਸਮਝਿਆ ਜਾਵੇ ਤਾਂ ਜੀਵਨ ਦੀ ਅਸਲੀਅਤ ਬਾਰੇ ਇਸ ਪੱਖੋਂ ਚਾਨਣਾ ਹੁੰਦੇ ਦੇਰ ਨਹੀਂ ਲਗੇਗੀ। ਦਰਅਸਲ ਮੰਗਾਂ ਤਾਂ ਹੈਣ ਹੀ ਮਨੁੱਖ ਦੇ ਮਨ ਦੀ ਕਮਜ਼ੋਰੀ ਅਤੇ ਪ੍ਰਭੂ ਦੀਆਂ ਆਪ ਮੁਹਾਰੇ ਮਿਲ ਰਹੀਆਂ ਬੇਅੰਤ ਦਾਤਾਂ ਬਾਰੇ ਅਗਿਆਣਤਾ।

ਖੂਬੀ ਇਹ ਕਿ ਮੰਗਾਂ ਦਾ ਗ਼ੁਲਾਮ ਵੀ ਉਹੀ ਮਨੁੱਖ ਹੁੰਦਾ ਹੈ ਜੋ ਆਪਣੇ ਆਪ ਨੂੰ ਮੰਣਦਾ-ਅਖਵਾਉਂਦਾ ਧਾਰਮਿਕ ਹੈ। ਇਹ ਤਾਂ ਉਹ ਮੰਣਦਾ ਹੀ ਹੈ ਕਿ ਉਸ ਤੋਂ ਵੱਡੀ ਕੋਈ ਹੋਰ ਤਾਕਤ ਵੀ ਹੈ ਜਿਸ ਕੋਲੋਂ ਕੁਝ ਉਸ ਨੇ ਕੁਝ ਮੰਗਣਾ ਹੈ। ਫ਼ਿਰ ਵੀ ਉਸ ਦੇ ਸੁਭਾਅ ‘ਚ ਮੰਗਾਂ ਦੀ ਦੌੜ ਹੀ ਸਾਬਤ ਕਰ ਰਹੀ ਹੁੰਦੀ ਹੈ ਕਿ ਅਜੇ ਉਹ ਸੱਚੇ ਧਰਮ ਤੋਂ ਕੋਹਾਂ ਦੂਰ ਹੈ। ਇਸੇ ਮੰਗਾਂ ਵਾਲੇ ਸੁਭਾਅ ਕਾਰਨ ਜੇਕਰ ਤਾਂ ਉਹ ਗੁਰਬਾਣੀ ਸਿਖਿਆ ‘ਤੇ ਟੁਰ ਪਿਆ, ਫ਼ਿਰ ਤਾਂ ਹੋ ਸਕਦਾ ਹੈ ਕਿ ਉਸ ਦੀ ਸਾਂਝ, ਮੰਗਾਂ ਦੇ ਉਜਲੇ ਪੱਖ ਨਾਲ ਹੋ ਜਾਵੇ। ਨਹੀਂ ਤਾਂ ਇਨ੍ਹਾਂ ਮੰਗਾਂ ਨੇ ਹੀ ਮਨੁੱਖ ਦੇ ਜੀਵਨ ਨੂੰ ਤਬਾਹ ਕਰਣਾ ਹੈ। ਫ਼ੁਰਮਾਨ ਹੈ “ਮਾਇਆ ਮਨਹੁ ਨ ਵੀਸਰੈ, ਮਾਂਗੈ ਦੰਮਾਂ ਦੰਮ ॥ ਸੋ ਪ੍ਰਭੁ ਚਿਤਿ ਨ ਆਵਈ, ਨਾਨਕ ਨਹੀ ਕਰੰਮਿ” (ਪੰ:1425) ਕਿਉਂਕਿ ਜਿਸ ਨੂੰ ਮਨੁੱਖ ਧਰਮ ਸਮਝ ਕੇ ਆਪਣੇ ਜੀਵਨ ਨੂੰ ਪਾਲ ਰਿਹਾ ਹੁੰਦਾ ਹੈ, ਇਹ ਮੰਗਾਂ ਹੀ ਉਸ ਨੂੰ ਤ੍ਰਿਸ਼ਨਾ ਦੀ ਅਜੇਹੀ ਦੌੜ ਲੁਆਂਦੀਆਂ ਹਨ, ਭਾਵੇਂ ਜਿਤਨਾ ਵੀ ਮਿਲ ਜਾਵੇ “ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ“(ਪੰ:934) ਅਨੁਸਾਰ ਜੀਵਨ ਮੁੱਕ ਜਾਂਦਾ ਹੈ ਪਰ ਤ੍ਰਿਸ਼ਨਾ ਦੀ ਦੌੜ ਮਨੁੱਖ ਅੰਦਰ ਕਈ ਗੁਣਾ ਵੱਧ ਚੁਕੀ ਹੁੰਦੀ ਹੈ। ਅਜੇਹਾ ਮਨੁੱਖ ਨਾਂ ਨੂੰ ਧਰਮ ਦੇ ਦਾਇਰੇ ‘ਚ ਹੁੰਦਾ ਹੈ, ਧਰਮ ਹੀ ਕਮਾਅ ਰਿਹਾ ਹੁੰਦਾ ਹੈ, ਪਰ ਧਰਮ ਦੇ ਨਾਂ ‘ਤੇ ਅਧਰਮ ਦਾ ਸ਼ਿਕਾਰ ਬਣਿਆ ਹੁੰਦਾ ਹੈ।

ਦੇਖਿਆ ਜਾਵੇ ਤਾਂ ਅੱਜ ਜਿਤਨਾ ਪਾਖੰਡ ਧਰਮ ਦੇ ਪਰਦੇ ‘ਚ ਹੋ ਰਿਹਾ ਹੈ ਉਸ ਦੀ ਜੜ੍ਹ ‘ਚ ਮਨੁੱਖਾ ਜੀਵਨ ‘ਚ ਕਈ ਗੁਣਾ ਵੱਧ ਚੁਕਾ ਇਹ ਮੰਗਾਂ ਵਾਲਾ ਰੋਗ ਹੀ ਹੈ। ਦੂਰ ਨਾ ਜਾਵੋ! ਅੱਜ ਪੰਜਾਬ ਜਿਸਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ, ਜੇ ਸਚਮੁਚ ਉਥੇ ਗੁਰੂ-ਗੁਰਬਾਣੀ ਵਾਲੀ ਗੱਲ ਹੋ ਰਹੀ ਹੁੰਦੀ ਤਾਂ ਸਾਰੇ ਪਾਸੇ ਠੰਡ ਵਰਤਣੀ ਸੀ, ਲੋਕਾਂ ਦੀਆਂ ਮੰਗਾਂ ਅਤੇ ਲੁਟੇਰਿਆਂ ਦੀਆਂ ਲੁੱਟਾਂ ਦਾ ਹੜ ਨਾ ਆਇਆ ਹੁੰਦਾ। ਹਜ਼ਾਰਾਂ ਦੀ ਗਿਣਤੀ ‘ਚ ਵਧ ਰਹੇ ਡੇਰੇਦਾਰ, ਪਾਖੰਡੀ ਸਾਧ-ਸੰਤ, ਦੰਭੀ ਗੁਰੂ, ਮੜ੍ਹੀਆਂ-ਕਬਰਾਂ-ਗੁੱਗੇ ਦੀ ਪੂਜਾ, ਧਾਗੇ-ਤਬੀਤਾਂ ਦੇ ਪਾਖੰਡ, ਮੂਰਤੀ-ਪੱਥਰ-ਪੂਜਾ, ਦੇਵੀ-ਦੇਵਤਿਆਂ ਦੀ ਪੂਜਾ, ਜੁਰਮਾਂ ਦਾ ਬੋਲਬਾਲਾ, ਬੱਚੀਆਂ ਦੀ ਭਰੂਣ ਹਤਿਆ, ਥਿੱਤਾਂ-ਵਾਰਾਂ, ਸਗਨਾ-ਰੀਤਾਂ ਦੇ ਵਹਿਮ, ਜਾਤ-ਪਾਤ ਤੇ ਊਚ-ਨੀਚ ਦੇ ਵਿਤਕਰੇ ਅਤੇ ਬੇਅੰਤ ਮਨਮਤਾਂ ਦੀ ਜੜ੍ਹ ‘ਚ ਜਾਇਆ ਜਾਵੇ ਤਾਂ ਸਭ ਪਾਸੇ ਮੰਗਾਂ ਵਾਲਾ ਘੁਣ ਹੀ ਲਗਾ ਮਿਲੇਗਾ।

ਇਹ ਵੱਖਰੀ ਗੱਲ ਹੈ, ਜੇਕਰ ਇਹੀ ਮੰਗਾਂ ਉਸ ਅੰਦਰ ਗੁਰਬਾਣੀ ਗਿਆਨ ਅਤੇ ਜੀਵਨ-ਜਾਚ ਦਾ ਕਾਰਨ ਬਣ ਜਾਣ ਤਾਂ ਬੰਦਾ ਸੰਭਲ ਵੀ ਸਕਦਾ ਹੈ। ਗੁਰਬਾਣੀ ਦਾ ਸਪਸ਼ਟ ਫ਼ੈਸਲਾ ਹੈ “ਮਮਾ ਮਾਗਨਹਾਰ ਇਆਨਾ ॥ ਦੇਨਹਾਰ ਦੇ ਰਹਿਓ ਸੁਜਾਨਾ ॥ ਜੋ ਦੀਨੋ ਸੋ ਏਕਹਿ ਬਾਰ ॥ ਮਨ ਮੂਰਖ ਕਹ ਕਰਹਿ ਪੁਕਾਰ ॥ ਜਉ ਮਾਗਹਿ ਤਉ ਮਾਗਹਿ ਬੀਆ ॥ ਜਾ ਤੇ ਕੁਸਲ ਨ ਕਾਹੂ ਥੀਆ” (ਪੰ:258) ਇਸ ਲਈ ਜੇ ਕਰ ਕਿਸੇ ਕਾਰਨ ਮੰਗਾਂ, ਮਨੁੱਖ ਲਈ ਗੁਰਬਾਣੀ ਜੀਵਨ ਨਾਲ ਜੁੜਣ ਦਾ ਕਾਰਨ ਬਣ ਜਾਣ ਤਾਂ “ਮਾਗਨਿ ਮਾਗ ਤ ਏਕਹਿ ਮਾਗ ॥ ਨਾਨਕ ਜਾ ਤੇ ਪਰਹਿ ਪਰਾਗ” (ਉਹੀ)। ੳਜੋਕਾ ਮੰਗਾਂ ਦਾ ਹੜ ਇਸ ਗੱਲ ਦਾ ਹੀ ਸਬੂਤ ਹੈ ਕਿ ਲੋਕਾਂ ਨੂੰ ਰੱਬ ਤਾਂ ਭੁਲਿਆ ਪਿਆ ਹੈ ਅਤੇ ਸਿਆਣਪਾਂ-ਹੂੜਮਤਾਂ ਦਾ ਬੋਲਬਾਲਾ ਹੈ ਜਿਸਤੋਂ ਗੁਰਦੇਵ ਦਸਦੇ ਹਨ ਕਿ ਅਗਿਆਣਤਾ ਦਾ ਮਾਰਿਆ ਅਤੇ ਪ੍ਰਭੂ ਤੋਂ ਬੇਵਿਸ਼ਵਾਸਾ ਹੋਇਆ ਮਨੁੱਖ, “ਜਾ ਤੇ ਕੁਸਲ ਨ ਕਾਹੂ ਥੀਆ” ਆਪਣੀਆਂ ਮੁਸੀਬਤਾਂ ਆਪ ਸਹੇੜ ਰਿਹਾ ਹੈ।

ਮੂਲ ਲੋੜਾਂ ਅਤੇ ਸਿੱਖ ਪਨੀਰੀ- ਭਗਤ ਬਾਣੀ ਦੇ ਸ਼ਬਦਾਂ ਨਾਲ ਆਰੰਭ ਹੋਏ ਇਸ ਗੁਰਮੱਤ ਪਾਠ ਦਾ ਤਤ ਹੀ ਇਹੀ ਹੈ ਕਿ ਮਨੁੱਖ ਜਦੋਂ ਮਨੁੱਖਾ ਜੀਵਨ ਦੀ ਸਫ਼ਲ ਅਵਸਥਾ ‘ਚ ਪੁੱਜ ਜਾਂਦਾ ਹੈ ਤਾਂ ਉਸਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਜੀਵ ਦੀਆਂ ਮੂਲ ਲੋੜਾਂ, ਪ੍ਰਭੂ ਆਪਣੇ ਆਪ ਬਿਨਾ ਮੰਗਿਆਂ ਪੂਰੀਆਂ ਕਰਦਾ ਹੈ। ਸੁਆਲ ਤਾਂ ਹੈ, ਕੀ ਸਾਡੇ ਪ੍ਰਚਾਰਕਾਂ ਦਾ ਫ਼ਰਜ਼ ਨਹੀਂ ਸੀ ਕਿ ਪਨੀਰੀ ’ਚ ਇਹ ਇਹਸਾਸ ਪੈਦਾ ਕਰਣ ਕਿ ਲੋਕਾਈ ਗੁਰੂ ‘ਤੇ ਭਰੋਸਾ ਰਖੇ। ਗੁਰਬਾਣੀ- ਗੁਰੂ ਦੀ ਆਗਿਆ ‘ਚ ਰਹਿ ਕੇ ਆਪਣੇ ਅਮੁਲਾ ਜਨਮ ਦੀ ਸੰਭਾਲ ਕਰੇ। ਜੇਕਰ ਗੁਰੂ ‘ਤੇ ਭਰੋਸਾ ਰੱਖ ਕੇ ਜੀਵਨ ਨੂੰ ਗੁਰਬਾਣੀ ਦੀ ਸਿਖਿਆ ਤੇ ਸਤਿਕਾਰ ‘ਚ ਚਲਾਉਣਗੇ ਤਾਂ ਯਕੀਨਣ, ਕੇਵਲ ਮੂਲ਼ ਲੋੜਾਂ ਹੀ ਨਹੀਂ ਜ਼ਿੰਦਗੀ ਦੇ ਹਰੇਕ ਖੇਤ੍ਰ ’ਚ ਸਫ਼ਲਤਾ ਉਨ੍ਹਾਂ ਦੇ ਕਦਮ ਚੁਮੇਗੀ। ਦਾਤੇ ਦੀਆਂ ਬੇਅੰਤ ਦਾਤਾਂ ਦੇ ਮਾਲਿਕ ਬਣ ਕੇ ਰਹਿਣਗੇ। ਸਮਝ ਆ ਜਾਵੇਗੀ “ਤੂ ਕਰਣ ਕਾਰਣ ਸਮਰਥੁ ਹੈ, ਤੂ ਕਰਹਿ ਸੁ ਥੀਆ ॥ ਤੂ ਅਣਮੰਗਿਆ ਦਾਨੁ ਦੇਵਣਾ, ਸਭਨਾਹਾ ਜੀਆ (ਪੰ:585) ਸਮਝ ਆ ਜਾਵੇਗੀ “ਥਾਨ ਥਨੰਤਰਿ ਰਵਿ ਰਹਿਆ, ਗੁਰ ਸਬਦੀ ਵੀਚਾਰਿ ॥ ਅਣਮੰਗਿਆ ਦਾਨੁ ਦੇਵਸੀ, ਵਡਾ ਅਗਮ ਅਪਾਰ” (ਪੰ:934)। ਇਕ ਨਹੀਂ ਗੁਰਬਾਣੀ ’ਚ ਹਜ਼ਾਰਾਂ ਵਾਰੀ ਇਸ ਸਚਾਈ ਨੂੰ ਦ੍ਰਿੜ ਕਰਵਾਇਆ ਹੈ ਕਿ ਬੰਦਿਆ ਤੂੰ ਆਪਣੇ ਆਪ ਨੂੰ ਬੇਸਹਾਰਾ ਨਾ ਸਮਝ।

ਗੁਰੂ-ਗੁਰਬਾਣੀ ਦੀ ਆਗਿਆ ‘ਚ ਚਲ ਤੇ ਯਕੀਣ ਰੱਖ “ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ” (ਪੰ:73) ਇਸ ਲਈ ਬੇ-ਸਬਰਾ ਨਾ ਹੋ, ਤੇਰੇ ਅੰਦਰ ਪੈਦਾ ਹੋ ਚੁਕੀ ਗੁਰੂ ਬਾਰੇ ਬੇਵਿਸ਼ਵਾਸੀ ਅਤੇ ਵੱਧ ਚੁਕੀ ਵਿਕਾਰਾਂ ਦੀ ਗਰਮੀ ਤੋਂ ਪੈਦਾ ਹੋ ਚੁਕੀ ਤ੍ਰਿਸ਼ਣਾ, ਭਟਕਣਾ, ਆਪਹੁਦਰਾਪਣ, ਹੂੜਮਤ, ਦੁਰਮਤ, ਅਨਮਤ ਆਦਿ ਹੀ ਅਸਲ ‘ਚ ਤੇਰੀ ਤਬਾਹੀ ਦਾ ਕਾਰਨ ਬਣਿਆ ਪਿਆ ਹੈ। ਦ੍ਰਿੜ ਇਰਾਦੇ ਵਾਲਾ ਬਣ ਤੇ ਸਮਝ, ਅਕਾਲਪੁਰਖ ਦੇ ਦਰ ‘ਤੇ ਤਨੋ-ਮਨੋ ਅਰਦਾਸੀਆ ਬਣ ਕੇ ਕਹਿ “ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ” (ਪੰ:436)।

ਅਜੌਕਾ ਗੁਰਮੱਤ ਪ੍ਰਚਾਰ ਤੇ ਸਿੱਖ ਪਨੀਰੀ- ਪਾਤਸ਼ਾਹ ਨੇ ਭਗਤ ਬਾਣੀ ਵਾਲੇ ਇਨ੍ਹਾਂ ਸ਼ਬਦਾਂ ਦੇ ਪ੍ਰੋਕਸ਼ ’ਚ ਇਥੋਂ ਤੀਕ ਸਪਸ਼ਟ ਕਰ ਦਿੱਤਾ ਹੈ ਕਿ ਸਰੀਰ ਦੀ ਘਟੋ ਘੱਟ ਤ੍ਰਿਪਤੀ ਤੋਂ ਬਿਨਾ ਪ੍ਰਭੂ ਭਗਤੀ ਵੀ ਸੰਭਵ ਨਹੀਂ। ਮਨੁੱਖਾ ਜੀਵਨ ਦਾ ਜਮਾਂਦਰੂ ਹੱਕ ਹੈ ਕਿ ਹਰੇਕ ਮਨੁੱਖ ਦੀ ‘ਕੁਲੀ-ਗੁਲੀ ਤੇ ਜੁਲੀ’ ਵਾਲੀ ਲੋੜ ਪੂਰੀ ਹੋਵੇ। ਬੇਸ਼ਕ ਇਨ੍ਹਾਂ ਦੋਨਾਂ ਸ਼ਬਦਾਂ ਰਾਹੀ ਇਹੀ ਗੱਲ਼ ਸਮਝਾਈ ਗਈ ਹੈ ਕਿ ਜੀਵ ਦੀਆਂ ਇਹ ਮੂਲ ਲੋੜਾਂ ਪ੍ਰਭੂ ਆਪਣੇ ਆਪ ਬਿਨਾਂ ਮੰਗੇ ਪੂਰੀਆਂ ਕਰਦਾ ਹੈ। ਇਨ੍ਹਾਂ ਹੀ ਦੋਨਾਂ ਸ਼ਬਦਾਂ ‘ਚ ਇਹ ਗੱਲ ਵੀ ਸਪਸ਼ਟ ਕੀਤੀ ਗਈ ਹੈ ਕਿ ਇਸ ਇਲਾਹੀ ਸਚਾਈ ਦੀ ਸਮਝ ‘ਤੇ ਯਕੀਨ ਵੀ ਉਨ੍ਹਾਂ ਨੂੰ ਹੀ ਆਉਂਦਾ ਹੈ ਜਿਹੜੇ ਜੀਵਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਣ, ਦੂਜਿਆਂ ਨੂੰ ਇਸਦੀ ਸੋਝੀ ਨਹੀਂ ਹੁੰਦੀ ਜਿਵੇਂ “ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ” ਇਸਦੇ ਉਲਟ ਜਦੋਂ ਗੁਰਦੁਆਰੇ-ਧਰਮਸ਼ਾਲਾਵਾਂ ਨਹੀਂ ਬਲਕਿ ਚੌਹਦਰ ਦੇ ਅੱਡੇ ਬਣੇ ਹੋਣ, ਪ੍ਰਚਾਰਕ ਆਪਣੀਆਂ ਕੋਠੀਆਂ-ਪਲਾਟਾਂ ਤੇ ਵਾਹ! ਵਾਹ! ਦੀ ਦੌੜ ’ਚ ਹੀ ਲਗਾ ਹੋਵੇ, ਲਿਖਾਰੀ ਜੋ ਕੱਚਾ-ਪੱਕਾ ਬਲਕਿ ਕਈ ਵਾਰੀ ਤਾਂ ਗੁਰਮੱਤ ਵਿਰੋਧੀ ਖੁਰਾਕ ਹੀ ਵੰਡ ਰਿਹਾ ਹੋਵੇ। ਸੰਗਤਾਂ ਤੇ ਗੁਰਬਾਣੀ ਜੀਵਨ-ਜਾਚ ਵਿਚਾਲੇ ਬਣ ਚੁਕੀ ਵੱਡੀ ਦਰਾੜ ਨੂੰ ਭਰਨਾ ਤਾਂ ਦੂਰ ਨਾਪਨਾ ਵੀ ਅਸੰਭਵ ਹੋਇਆ ਪਿਆ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਸਿੱਖ ਨੋਜੁਆਨ ਬੱਚਾ-ਬੱਚੀ ਕਿੱਥੇ ਖੜਾ ਹੈ, ਕਿਸੇ ਨੂੰ ਸੁਰਤ ਨਹੀਂ, ਕੋਈ ਉਸਦਾ ਹੇਤੂ ਜਾਂ ਵਾਲੀ ਵਾਰਿਸ ਨਹੀਂ? ਗੁਰਦੁਆਰਿਆਂ ਦੇ ਪ੍ਰੋਗ੍ਰਾਮ, ਪ੍ਰਬੰਧਕੀ ਨਿਜ਼ਾਮ, ਸਿੰਘ ਸਭਾਵਾਂ, ਸਿੱਖ ਸੋਸਾਇਟੀਆਂ ਦੇ ਪ੍ਰੋਗ੍ਰਾਮ, ਸਿੱਖ ਬੁਧੀਜੀਵੀਆਂ ਦੀ ਸੋਚਨੀ ਇਤਨੀ ਸਿਮਟ ਚੁੱਕੀ ਹੈ ਕਿ ਸਿੱਖ ਸਮਾਜ ਦੀਆਂ ਮੂਲ ਲੋੜਾਂ ਨਾਲ, ਉਨ੍ਹਾਂ ਦੀ ਉੱਕਾ ਸਾਂਝ ਨਹੀਂ।

ਕੇਵਲ ਕੀਰਤਨ ਦਰਬਾਰਾਂ ਦੀ ਹੋੜ, ਗੁਰਪੁਰਬ-ਸ਼ਤਾਬਦੀਆਂ, ਚੇਤਨਾ ਮਾਰਚ, ਜਾਗ੍ਰਿਤੀ ਯਾਤ੍ਰਾਂਵਾਂ, ਬੇਅੰਤ ਮੀਟਗਾਂ-ਸੈਮੀਨਾਰ, ਇੰਨ੍ਹਾਂ ਨਾਲ ਸਿੱਖ ਧਰਮ ਨਹੀਂ ਬਚ ਸਕੇਗਾ। ਅੱਜ ਸਿੱਖ ਬੱਚਾ-ਬੱਚੀ ਰੋਟੀ-ਰੋਜ਼ੀ ਤਂੋ ਪ੍ਰੇਸ਼ਾਨ ਹੈ; ਉਸ ਦੇ ਰਿਸ਼ਤਿਆਂ ਦੇ ਮਸਲੇ ਹਨ; ਪੜ੍ਹਾਈ, ਟੈਕਨਾਲੋਜੀ, ਉੱਚ ਵਿਦਿਆ-ਸਭ ਪੱਛੜੇ ਪਏ ਹਨ। ਉਸਨੂੰ ਆਪਣੀਆਂ ਮੂਲ ਲੋੜਾਂ ਲਈ ਅਗੇ ਵਧਣ ਦੇ ਲਾਲੇ ਪਏ ਹਨ। ਸਿੱਖ ਪਨੀਰੀ ਆਪਣੀਆਂ ਮੂਲ ਲੋੜਾਂ ਲਈ ਦੂਜਿਆਂ ਦੇ ਆਸਰੇ ਹੈ। ਧਰਮ ਪ੍ਰਚਾਰ ‘ਚ ਆਈਆਂ ਬੇ-ਅੰਤਹਾ ਗਿਰਾਵਟਾਂ ਕਾਰਨ ਉਸਦਾ ਇਮਾਨ ਡੋਲਿਆ ਪਿਆ ਹੈ। ਸਿੱਖ ਧਰਮ ਦਾ ਆਗੂ, ਪ੍ਰਬੰਧਕ, ਪ੍ਰਚਾਰਕ ਉਸ ਵਾਸਤੇ ਕੇਵਲ ਕਾਗਜ਼ੀ ਲਿਫਾਫੇ ਤੋਂ ਵੱਧ ਨਹੀਂ ਰਹਿ ਚੁਕਾ। ਨਿੱਤ ਬਣ ਰਹੀਆਂ, ਗੁਰਦੁਆਰਿਆਂ ਦੀਆਂ ਵੱਡੀਆਂ-ਵੱਡੀਆਂ ਸੰਗ ਮਰਮਰੀ ਇਮਾਰਤਾਂ ਤੇ ਸੋਨੇ ਦੇ ਕਲਸ-ਪਾਲਕੀਆਂ, ਬਿਨਾ ਲੋੜ ਸਰੋਵਰ ਉਸਦਾ ਮੂੰਹ ਚਿੜਾ ਰਹੇ ਹਨ। ਅਜੋਕੇ ਗੁਰਦੁਆਰੇ, ਗੁਰੂ ਸਾਹਿਬ ਵੱਲੋਂ ਸਥਾਪਤ ‘ਧਰਮਸਾਲ ਤੇ ਗੁਰੂ ਕੀ ਸੰਗਤ’ ਉੱਕਾ ਨਹੀਂ ਰਹਿ ਚੁਕੇ।

ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਕੀਤੀ ਸੰਗਤਾਂ ਲਈ ਧਰਮਸਾਲ ‘ਚ ਸਿੱਖ ਸੰਗਤਾਂ ਵਿਚਾਲੇ ਮੂਲ ਲੋੜਾਂ, ਪ੍ਰੇਸ਼ਾਨੀਆਂ, ਜ਼ਰੂਰਤਾਂ ਦੀ ਸਾਂਝ ਸੀ। ਆਮ ਮਨੁੱਖ ਆਪਣੀਆਂ ਮੂਲ ਲੋੜਾਂ ਤੇ ਸਮਾਜਕ ਸਾਂਝਾਂ ਕਾਰਣ, ਸਿੱਖ ਧਰਮ ਵੱਲ ਆਪਣੇ ਆਪ ਖਿਚਿਆ ਆਉਂਦਾ ਤੇ ਚੰਗੇ ਉੱਚੇ ਆਚਰਨ ਵਾਲਾ ਧਰਮੀ ਮਨੁੱਖ ਹੋ ਨਿਬੱੜਦਾ ਸੀ। ਇਸਦੇ ਉਲਟ, ਜੋ ਕੁਝ ਅੱਜ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਦੇ ਨਾਮ ਹੇਠ ਵੰਡਿਆ ਜਾ ਰਿਹਾ ਹੈ ਉਸ ‘ਚੋਂ ‘‘ਭੂਖੇ ਭਗਤਿ ਨ ਕੀਜੈ” ਜਿਸਦੀ ਗੱਲ ਕਬੀਰ ਜੀ ਕਰ ਰਹੇ ਹਨ, ਨਾਮ ਰਸ ਵਾਲੀ ਗੱਲ਼ ਹੀ ਪੂਰੀ ਤਰ੍ਹਾਂ ਮੁੱਕ ਚੁੱਕੀ ਹੈ। ਅੱਜ ਦਾ ਸਿੱਖ ਧਰਮ-ਸਮਾਜਕ ਧਰਮ ਨਹੀਂ ਰਹਿ ਚੁੱਕਾ। ਕਾਰਣ ਬਹੁਤ ਹਨ ਪਰ ਹੱਥਲਾ ਵਿਸ਼ਾ ਖਾਸ ਹੈ। ਅਜੋਕੇ ਗੁਰਦੁਆਰਾ ਪ੍ਰਬੰਧ ਨੇ ਸਿੱਖ ਬੱਚੇ-ਬੱਚੀ ਅੰਦਰੋਂ ਧਰਮ ਦੀ ਰੁਚੀ ਨੂੰ ਹੀ ਮੁਕਾ ਦਿੱਤਾ ਗਿਆ ਹੈ। ਚੋਣਾਂ ਕਾਰਨ, ਸਿੱਖ ਧਰਮ ਅੱਜ ਬਹੁਤਾ ਕਰਕੇ ਅਨ-ਅਧਿਕਾਰੀ, ਜੀਵਨ ਹੀਣੇ ਪ੍ਰਬੰਧਕਾਂ-ਪ੍ਰਚਾਰਕਾਂ ਦੇ ਹੱਥਾਂ ‘ਚ ਜਾ ਚੁੱਕਾ ਹੈ। ਇਨ੍ਹਾਂ ਤੋਂ ਪੈਦਾ ਹੋਈਆਂ ਪ੍ਰਬੰਧਕੀ ਤੇ ਪ੍ਰਚਾਰਕੀ ਖਾਮੀਆਂ ਦਾ ਸਿੱਟਾ-ਅੱਜ ਸਿੱਖ ਬੱਚਾ-ਬੱਚੀ ਆਪਣੇ ਧਰਮ ਤੋਂ ਪੂਰੀ ਤਰ੍ਹਾਂ ਨਾਬਰ ਤੇ ਆਕੀ ਹੋਇਆ ਪਿਆ ਹੈ। ਜਿਹੜਾ ਧਰਮ ਉਸਨੂੰ ਪੇਸ਼ ਕੀਤਾ ਜਾ ਰਿਹਾ ਹੈ ਉਹ ਬਹੁਤਾ ਕਰਕੇ ਸਿੱਖ ਧਰਮ ਹੈ ਹੀ ਨਹੀਂ। ਇਸ ਤਰ੍ਹਾਂ ਜਦੋਂ ਸਿੱਖੀ ਦੇ ਧਰਮ ਪ੍ਰਚਾਰ ਵਿਚੋਂ ਮਨੁੱਖ ਦੀਆਂ ਮੂਲ ਲੋੜਾਂ ਦੀ ਹੀ ਸਾਂਝ ਬਾਕੀ ਨਹੀਂ ਰਹੀ ਤਾਂ ਸਿੱਖ ਪਨੀਰੀ ਲਗਾਤਾਰ ਗਲਤ ਹੱਥਾਂ ‘ਚ ਤਾਂ ਪਵੇਗੀ ਹੀ।

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ

ਸਿੱਖ ਮਿਸ਼ਨਰੀ, ਦਿੱਲੀ;ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top