Share on Facebook

Main News Page

ਕੀ ਸਿੱਖ ਕੌਮ ਨੇ ਖੁਦਕੁਸ਼ੀ ਕਰਨ ਦਾ ਦ੍ਰਿੜ ਇਰਾਦਾ ਕਰ ਰੱਖਿਆ ਹੈ?

6 ਜੂਨ 84 ਦੀਆਂ ਘਟਨਾਵਾਂ ਤੇ ਇਸ ਨਾਲ ਜੁੜੀਆਂ ਯਾਦਾਂ ਕਾਰਣ ਮੰਨ ਪਿਛਲੇ ਕੁਝਕੁ ਦਿਨਾਂ ਤੋਂ ਉਦਾਸੀ ਤੇ ਰੋਹ ਦੇ ਰਲਵੇਂ ਮਿਲਵੇਂ ਪ੍ਰਭਾਵ ਥੱਲੇ ਸੀ । ਜਿਉਂ ਜਿਉਂ ਇਹ ਦਿਹਾੜਾ ਨੇੜੇ ਆ ਰਿਹਾ ਸੀ ਤਿਉਂ ਤਿਉਂ ਇਹ ਮਾਨਸਿਕ ਪੀੜਾ ਵੱਧ ਰਹੀ ਸੀ । ਲਗਭਗ ਇਹ ਭਾਵਨਾਤਮਕ ਵਰਤਾਰਾ ਹਰ ਸਿੱਖ ਨਾਲ ਵਾਪਰ ਰਿਹਾ ਸੀ ਤੇ ਹਰ ਸਾਲ ਵਾਪਰਦਾ ਹੈ ।ਪਰ 5 ਜੂਨ ਨੂੰ ਟੈਲੀਵੀਜ਼ਨ ਦੇ ਨਿਊਜ ਚੈਨਲ ਤੇ ਕੁਝ ਅਜਿਹਾ ਦੇਖਣ ਨੂੰ ਮਿਲਿਆ ਕਿ ਮੰਨ ਵਿਚ ਗੁਸੇ,ਰੋਹ ਤੇ ਨਫਰਤ ਦਾ ਭਾਂਬੜ ਜਿਹਾ ਉਠ ਖੜ੍ਹਾ ਹੋਇਆ ਅਤੇ ਉਸਨੇ ਉਦਾਸ ਮੰਨ ਤੇ ਗਹਿਰਾ ਗਲਬਾ ਮਾਰ ਲਿਆ ਜਿਹੜਾ ਇਹ ਲਾਈਨਾਂ ਲਿਖਣ ਤਕ ਮੰਨ ਨੂੰ ਬੇਚੈਨ ਕਰੀ ਜਾ ਰਿਹਾ ਹੈ ਅਤੇ ਅੰਦਰੋਂ ਵਾਰ ਵਾਰ ਇਹ ਹੀ ਸਵਾਲ ਉਠ ਰਿਹਾ ਹੈ ਕਿ ਕੀ ਸੱਚਮੁੱਚ ਹੀ ਕੌਮ ਨੇ ਖੁਦਕੁਸ਼ੀ ਕਰਨ ਦਾ ਪੱਕਾ ਮੰਨ ਬਣਾ ਲਿਆ ਹੈ ?ਬੀਤੇ ਦਿਨੀਂ ਬਾਬਾ ਰਾਮਦੇਵ ਨੇ ਭ੍ਰਿਸਟਾਚਾਰ ਤੇ ਵਿਦੇਸ਼ਾਂ ਵਿਚ ਪਏ ਕਾਲੇ ਧੰਨ ਨੂੰ ਲੈਕੇ ‘ਪੰਜ ਤਾਰਾ' ਭੁੱਖ ਹੜਤਾਲ ਕੀਤੀ ਹੋਈ ਸੀ। ਜਿਵੇਂ ਕਿ ਕਾਂਗਰਸ ਦੀ ਕਾਰਜ ਸ਼ੈਲੀ ਹੈ ,ਪਹਿਲਾਂ ਤਾਂ ਬਾਬਾ ਨੂੰ ਹਰ ਹੀਲਾ ਵਰਤਕੇ ਪੁਚਕਾਰਣ ਦੀ ਕੋਸ਼ਿਸ ਕੀਤੀ ।ਜੇ ਗੱਲ ਬਾਬੇ ਦੇ ਵੱਸ ਹੁਮਦਿ ਤਾਂ ਉਹ ਮੰਨ ਜਾਂਦਾ ਪਰ ਉਸ ਪਿਛੇ ਆਰ.ਐਸ.ਐਸ. ਤੇ ਹੋਰ ਹਿੰਦੂ ਸੰਗਠਨਾਂ ਦਾ ਹੱਥ ਸੀ ਇਸ ਲਈ ਉਹ ਵੀ ਲਲਕਾਰੇ ਮਾਰਦਾ ਰਿਹਾ ਤੇ ਮੁਕਦੀ ਗੱਲ ਇਹ ਕਿ ਸਰਕਾਰ ਨੇ ਪੁਲੀਸ ਦੇ ਜੋਰ ਨਾਲ ਬਾਬੇ ਦਾ ਅਖਾੜਾ ਪੁੱਟ ਦਿੱਤਾ।

ਪਰ ਇਸ ਸਾਰੇ ਉਪਰੇਸ਼ਨ ਵਿਚ ਬਾਬੇ ਨੂੰ ਝਰੀਟ ਤਕ ਨਹੀਂ ਆਈ ਸਗੋਂ ਸਰਕਾਰੀ ਮਹਿਮਾਨ ਨਿਵਾਜ਼ੀ ਤਹਿਤ ਉਸਨੂੰ ਉਸਦੇ ਘਰ ਪਹੁੰਚਾ ਦਿੱਤਾ।ਕਿਸੇ ਦੇ ਘਰ ਲਾਉਣ ਤੇ ਲੱਗੀ ਅੱਗ ਤੇ ਭਾਜਪਾ ਰੋਟੀਆ ਨਾਂਹ ਛੇਕੇ ਇਹ ਕਿਵੇਂ ਹੋ ਸਕਦਾ ਹੈ । ਉਸਨੇ ਗਾਂਧੀ ਦੀ ਸਮਾਧੀ ਤੇ 5 ਜੂਨ ਸ਼ਾਮ ਤੋਂ ਸਰਕਾਰ ਦੀ ਇਸ ਕਾਰਵਾਈ ਵਿਰੁੱਧ ਸਤਿਆਗ੍ਰਹਿ ਸ਼ੁਰੂ ਕਰ ਦਿੱਤਾ। ਇਹ ਬ੍ਰਾਹਮਣਵਾਦੀ ਤਾਕਤਾਂ ਦਾ ਘਰੇਲੂ ਕਲੇਸ਼ ਹੈ ਇਸ ਨਾਲ ਸਿੱਖਾਂ ਦਾ ਕੋਈ ਲੈਣ-ਦੇਣ ਨਹੀਂ ਸੀ।ਪਰ ਮੰਨ ਤੇ ਪੀੜਾ ਦਾ ਹਥੌੜਾ ਉਸ ਵੇਲੇ ਲੱਗਿਆ ਜਦੋਂ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਸੀਨੀਅਰ ਲੀਡਰ ਸੋਹਣੀਆਂ ਦਸਤਾਰਾਂ ਤੇ ਦਾੜੇ ਸਜਾਕੇ ਧਰਨੇ ਤੇ ਬੈਠੇ ਅਡਵਾਨੀ ਨੂੰ ਸਿਰੋਪਾ ਤੇ ਸ਼੍ਰੀ ਸਾਹਿਬ ਭੇਟ ਕਰਨ ਲਈ ਪਹੁੰਚ ਗਏ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਦੀ ਇਸ ਗਦਾਰੀ ਨੂੰ ਸਾਰੀ ਦੁਨੀਆਂ ਤੇ ਸਿੱਖ ਦੇਖਣੋ ਬਾਂਝ ਨਾਂਹ ਰਹਿ ਜਾਣ ਉਨ੍ਹਾਂ ਨੇ ਇਸਦੀ ਟੀ.ਵੀ. ਕਵਰੇਜ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ।

ਅੱਜ ਸਿੱਖ ਕੌਮ ਇੰਨ੍ਹਾਂ ਲੀਡਰਾਂ ਨੂੰ ਪੁਛਣਾ ਚਾਹੁੰਦੀ ਹੈ ਕਿ ਕੀ ਉਹ ਭੁੱਲ ਗਏ ਹਨ ਕਿ ਅਡਵਾਨੀ ਨੇ ਦਰਬਾਰ ਸਾਹਿਬ ਉਪਰ 6 ਜੂਨ ਨੂੰ ਹੋਏ ਹਮਲੇ ਦੀ ਹਮਾਇਤ ਹੀ ਨਹੀਂ ਸੀ ਕੀਤੀ ਸਗੋਂ ਇਹ ਤੜ ਵੀ ਲਿਖਤੀ ਰੂਪ ਵਿਚ ਮਾਰੀ ਕਿ ਉਸਨੇ ਹੀ ਇੰਦਰਾ ਗਾਂਧੀ ਨੂੰ ਇਹ ਹਮਲਾ ਕਰਨ ਲਈ ਮਜਬੂਰ ਕੀਤਾ ? ਕੀ ਉਹ ਭੁੱਲ ਗਏ ਹਨ ਬਾਬਾ ਰਾਮਦੇਵ ਦੇ ਝਰੀਟ ਲੱਗਣ ਤੋਂ ਬਿੰਨ੍ਹਾਂ ਹੀ ਉਸਦੇ ਰੋਸ ਵਜੋਂ ਧਰਨੇ ਤੇ ਬੈਠੀ ਭਾਜਪਾ ਲੀਡਰਸਿਪ ਤੇ ਪਾਰਟੀ ਨੇ ਪ੍ਰੋ: ਭੁੱਲਰ ਨੂੰ ਫਾਂਸ਼ੀ ਦੇਣ ਦੀ ਹਮਾਇਤ ਤਾਂ ਡੱਟ ਕੇ ਕਰ ਦਿੱਤੀ ਪਰ ਭੁੱਲਰ ਤੇ ਪਿਤਾ ਤੇ ਹੋਰ ਰਿਸਤੇਦਾਰਾਂ ਨੂੰ ਚੁੱਕ ਕੇ ਮਾਰਨ ਵਾਲੇ ਪੁਲੀਸ ਅਫਸਰ ਵਿਰੁੱਧ ਕਾਰਵਾਈ ਦੀ ਮੰਗ ਤਾਂ ਇਕ ਪਾਸੇ ਉਸਨੂੰ ਮਾਣ ਸਨਮਾਨ ਦੇਈ ਬੈਠੀ ਹੈ ? ਕੀ ਇਹ ਸਿੱਖ ਲੀਡਰ ਇਹ ਵੀ ਭੁੱਲ ਗਏ ਹਨ ਕਿ ਕਸ਼ਮੀਰ ਦੇ ਚਿੱਟੀਸਿੰਘਪੁਰਾ ਵਿਚ ਹੋਏ ਸਿੱਖ ਕਤਲੇਆਮ ਦੀ ਜਾਂਚ ਨੂੰ ਹੌਲੀ ਕਰਨ ਲਈ ਅਡਵਾਨੀ ਨੇ ਫਾਰੂਕ ਅਬਦੁੱਲਾ ਨੂੰ ਕਿਹਾ ਸੀ ਕਿਉਂਕਿ ਇਹ ਕਤਲੇਆਮ ਸਰਕਾਰੀ ਸਹਿ ਉਪਰ ਹਿੰਦੁਸਤਾਨੀ ਫੌਜਾਂ ਨੇ ਕੀਤਾ ਸੀ ਤੇ ਅਡਵਾਨੀ ਉਸ ਵੇਲੇ ਗ੍ਰਹਿ ਮੰਤਰੀ ਸੀ । ਅਡਵਾਨੀ ਇਸ ਵਾਰੇ ਅੱਜ ਤਕ ਨਹੀਂ ਬੋਲਿਆ।

ਪੰਜਾਬ ਇਕ ਪੰਜਾਬੀ ਬੋਲਦਾ ਸੂਬਾ ਹੈ ਪਰ ਭਾਜਪਾ ਨੇ ਸਿੱਖ ਮੰਨਾਂ ਨੂੰ ਜਾਣ ਬੁਝਕੇ ਸੱਟ ਮਾਰਨ ਲਈ ਇਥੇ ਇਕ ਅਜਿਹੀ ਲੀਡਰ ਨੂੰ ਆਪਣੇ ਕੋਟੇ ਵਿਚੋਂ ਮੰਤਰੀ ਬਣਾ ਰੱਖਿਆ ਹੈ ਜਿਸਨੂੰ ਪੰਜਾਬੀ ਤੇ ਪੰਜਾਬੀਅਤ ਨਾਲ ਅਣ-ਕਿਆਸੀ ਨਫਰਤ ਹੈ। ਸਿੱਖਾਂ ਨਾਲ ਬ੍ਰਹਾਮਣਵਾਦੀ ਤਾਕਤਾਂ ਦੀ ਦੁਸਮਣੀ ਤਾਂ ਸਮਝ ਆਉਂਦੀ ਹੈ ਚਾਹੇ ਇਹ ਭਾਜਪਾ ਜਾਂ ਕਾਂਗਰਸ ਦੇ ਰੂਪ ਵਿਚ ਹੋਵੇ ਅਤੇ ਇਹ ਦੁਸਮਣੀ ਉਸ ਸਮੇਂ ਤੋਂ ਹੈ ਜਦੋਂ ਬਾਬੇ ਨਾਨਕ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸਿੱਖ ਲੀਡਰਸਿਪ ਦਾ ਉਨ੍ਹਾਂ ਸੱਪਾਂ ਨੂੰ ਦੁਧ ਪਿਲਾਉਣ ਦਾ ਵਰਤਾਰਾ ਸਮਝ ਤੋਂ ਬਾਹਰ ਹੈ ਜਿੰਨ੍ਹਾਂ ਨੇ ਬੀਤੇ ਵਿਚ ਅਨੇਕ ਵਾਰ ਸਿੱਖ ਕੌਮ ਨੂੰ ਡੰਗਿਆ ਤੇ ਅਗੇ ਲਈ ਵੀ ਘੱਟ ਨਹੀ ਕਰੇਗੀ ਜਿਵੇਂ ਕਿ ਸੰਕੇਤ ਮਿਲ ਰਹੇ ਹਨ।ਸਭ ਤੋਂ ਜਿਆਸਾ ਮਾਨਸਿਕ ਪੀੜਾ ਸਿੱਖਾਂ ਦੇ ਮੋਜੂਦਾ ਕਿਰਦਾਰ ਨੂੰ ਦੇਖਕੇ ਹੋ ਰਹੀ ਹੈ । ਕੀ ਸਾਡੇ ਵਿਚ ਸਵੈਮਾਨ ਵਰਗੀ ਕੋਈ ਚੀਜ਼ ਨਹੀਂ ਕਿ ਅਸੀਂ ਦੁਸਮਣਾਂ ਨੂੰ ਸਤਿਕਾਰਣ ਵਾਲਿਆਂ ਨੂੰ ਆਪਣੇ ਲੀਡਰ ਮੰਨੀਂ ਬੈਠੇ ਹਾਂ। ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੀਆਂ ਗੱਲਾਂ , ਸਹਾਦਤਾਂ ਤੋਂ ਪ੍ਰੇਰਨਾ ਲੈਣ ਦੇ ਲੰਬੇ ਚੌੜੇ ਭਾਸਣ ਤੇ ਸ਼ਹੀਦੀ ਦਿਹਾੜਿਆਂ ਉਪਰ ਧਾਰਮਿਕ ਸਮਾਗਮ ਸਜਾਉਣੇ ਪਰ ਦੂਜੇ ਪਾਸੇ ਗਦਾਰੀ ਭਰੇ ਕਿਰਦਾਰ ਵਾਲੇ ਲੀਡਰਾਂ ਦੀ ਜੈ ਜੈ ਕਾਰ ਕਰੀ ਜਾਣੀ ਕੀ ਇਹ ਸਿੱਖ ਕੌੰਮ ਵਲੋਂ ਸਿਆਸੀ ਖੁਦਕੁਸ਼ੀ ਕਰਨ ਦੇ ਸਾਫ ਲੱਛਣ ਨਹੀਂ ਹਨ ? ਕੀ ਜਾਲਮਾਂ ਤੇ ਜਾਬਰਾਂ ਦੀ ਅਧੀਨਤਾ ਮੰਨ ਲੈਣ ਦਾ ਸਾਡਾ ਦ੍ਰਿੜ ਕੌਮੀ ਇਰਾਦਾ ਹੈ ?ਇਹ ਤੇ ਇਸ ਵਰਤਾਰੇ ਨਾਲ ਜੁੜੇ ਹੋਰ ਅਨੇਕ ਸਵਾਲ ਅੱਜ ਇਤਿਹਾਸਕ ਦਿਹਾੜੇ ਤੇ ਮੰਨ ਤੇ ਭਾਰੀ ਹੋਏ ਪਏ ਹਨ। ਪਰ ਇੰਨ੍ਹਾਂ ਦੇ ਜਬਾਬ ਜਾਂ ਹੱਲ ਨੇੜ ਭਵਿੱਖ ਵਿਚ ਨਜ਼ਰ ਨਹੀਂ ਆ ਰਹੇ।

ਮੇਜਰ ਸਿੰਘ ਖਾਲਸਾ (ਲੁਧਿਆਣਾ)

ਮੋ: 98726 56390


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top