Share on Facebook

Main News Page

ਨਾਨਕਸ਼ਾਹੀ ਕੈਲੰਡਰ ਅਤੇ ਦਸਮ ਗ੍ਰੰਥ ਬਾਰੇ ਸੰਸਾਰ ਪੱਧਰ ਤੇ ਸੰਗਤਾਂ ਨੂੰ ਜਾਗ੍ਰਿਤ ਕਰਨ ਦੀ ਲੋੜ

ਸੈਨਹੋਜੇ (ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ): ਪਿਛਲੇ ਦਿਨੀਂ ਕੈਲੇਫੋਰਨੀਆਂ ਦੇ ਸੈਨਹੋਜੇ ਸ਼ਹਿਰ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਦੇ ਘਰੇ ਨਾਨਕ ਸ਼ਾਹੀ ਕੈਲੰਡਰ ਦੇ ਨਿਰਮਾਤਾ ਸ੍ਰ. ਪਾਲ ਸਿੰਘ ਪੁਰੇਵਾਲ ਦਾ ਅਮਰੀਕਾ ਆਣ ਤੇ ਗੁਰਮਤਿ ਦੇ ਪ੍ਰਚਾਰਕਾਂ, ਲਿਖਾਰੀਆਂ ਅਤੇ ਵਿਦਵਾਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਵਾਗਤੀ ਮੁਲਾਕਾਤ ਵਿੱਚ ਅਮਰੀਕਨ ਗੁਰਦਵਾਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਹੋਠੀ, ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ, ਅੰਤਰਾਸ਼ਟਰੀ ਪੱਤਰਕਾਰ ਅਤੇ ਪ੍ਰਸਿਧ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਸਿੰਘ ਸਭਾ ਇੰਟ੍ਰਨੈਸ਼ਨਲ ਦੇ ਪ੍ਰਸਿੱਧ ਵਿਦਵਾਨ ਸਰਬਜੀਤ ਸਿੰਘ ਸੈਕਰਾਮੈਂਟੋ, ਡਾ. ਗੁਰਮੀਤ ਸਿੰਘ ਬਰਸਾਲ, ਉੱਘੇ ਸਿੱਖ ਚਿੰਤਕ ਅਤੇ ਪੰਜਾਬ ਦੇ ਹੋਮੋਪੈਥੀ ਕਾਲਜਾਂ ਦੇ ਸਾਬਕਾ ਡਾਇਰੈਕਟਰ ਡਾ. ਗੁਰਦੀਪ ਸਿੰਘ ਸੰਧੂ, ਸਟੇਜੀ ਕਵੀ ਨਗਿੰਦਰ ਸਿੰਘ ਬਰਸਾਲ, ਉੱਘੇ ਰੇਡੀਓ ਹੋਸਟ ਤੇ ਪੱਤਰਕਾਰ ਜਸਪਾਲ ਸਿੰਘ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ, ਉੱਘੇ ਪੰਥਕ ਲਿਖਾਰੀ ਸ੍ਰ. ਮਝੈਲ ਸਿੰਘ ਸਰਾਂ, ਸੰਤਾਂ ਦੇ ਕੌਤਕ ਫੇਸਬੁਕ ਗਰੁੱਪ ਦੇ ਸੰਚਾਲਕ ਹਰਬਖਸ਼ ਸਿੰਘ, ਬਲਵਿੰਦਰ ਸਿੰਘ ਸੈਨਹੋਜੇ, ਗੁਰਦਵਾਰਾ ਸੁਧਾਰ ਲਹਿਰ ਦੇ ਕੁਲਵੰਤ ਸਿੰਘ ਮਿਸ਼ਨਰੀ, ਜਗਜੀਤ ਸਿੰਘ ਮੰਡ, ਹਰਪ੍ਰੀਤ ਸਿੰਘ ਅਤੇ ਨੌਜਵਾਨ ਕਵੀ ਬਲਜੀਤ ਸਿੰਘ ਦੁਪਾਲਪੁਰ ਸ਼ਾਮਲ ਹੋਏ।

ਸ੍ਰ. ਪੁਰੇਵਾਲ ਨੇ 3 ਘੰਟੇ ਦੀ ਲੰਬੀ ਚਰਚਾ ਦੌਰਾਨ ਨਾਨਕਸ਼ਾਹੀ ਕੈਲੰਡਰ ਦੀ ਲੋੜ, ਕੈਲੰਡਰ ਤਿਆਰ ਕਰਨ ਦੀ ਲੰਬੀ ਘਾਲਣਾ ਅਤੇ ਵਿਦਵਾਨਾਂ ਨਾਲ ਮੁਲਾਕਾਤਾਂ ਦਾ ਵੇਰਵਾ ਦਿੰਦੇ ਦੱਸਿਆ ਕਿ ਦੁਨੀਆਂ ਭਰ ਦੇ ਕੈਲੰਡਰ ਵਿਗਿਆਨੀ, ਨਾਨਕਸ਼ਾਹੀ ਕੈਲੰਡਰ ਬਣਾਉਣ ਲਈ ਵਰਤੀ ਤਕਨੀਕ ਅਤੇ ਪ੍ਰਨਾਲੀ ਨਾਲ ਸਹਿਮਤ ਹੀ ਨਹੀਂ ਸਗੋਂ ਉਸਦੀ ਲੰਬੀ ਅਤੇ ਦੂਰ-ਦ੍ਰਿਸ਼ਟ ਸੋਚ ਦੇ ਪ੍ਰਸ਼ੰਸਕ ਹਨ। ਜਦ ਕਿ ਸਾਡੇ ਆਪਣੇ ਹੀ, ਸਿੱਖੀ ਦੀ ਚੜ੍ਹਦੀ ਕਲਾ ਦੇ ਵਿਰੋਧੀਆਂ ਦੀ ਚਾਲ ਵਿੱਚ, ਬਿਨਾਂ ਕਿਸੇ ਦਲੀਲ ਦੇ ਦੁਨੀਆਂ ਭਰ ਵਿੱਚ ਖਾਲਸੇ ਦੀ ਵਿਲੱਖਣ ਹਸਤੀ ਨੂੰ ਪ੍ਰਗਟਾਉਂਦੇ ਕੈਲੰਡਰ ਦੇ ਵਿਰੋਧੀ ਬਣ ਰਹੇ ਹਨ।

ਇਸੇ ਮੀਟਿੰਗ ਵਿੱਚ ਇਹ ਵੀ ਵਿਚਾਰਿਆ ਗਿਆ ਕਿ ਇਹ ਜਾਣਦੇ ਹੋਏ ਵੀ ਕਿ ਸਿੱਖਾਂ ਦਾ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਰਹਿਤ-ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਕੌਮੀ ਕਲੰਡਰ ਹੈ ਨੂੰ ਇਗਨੋਰ ਕਰਕੇ, ਸੰਪ੍ਰਦਾਈ ਸਾਧਾਂ ਜੋ ਬ੍ਰਾਹਮਣੀ ਰੰਗਤ ਵਿੱਚ ਰੰਗੇ ਹੋਏ ਭਾਜਪਾ ਅਤੇ ਬਾਦਲ ਰਾਹੀਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦੁਆਰਾ ਸਿੱਖਾਂ ਦੇ ਤਖਤਾਂ ਉੱਤੇ ਅਖੌਤੀ ਸਿੰਘ ਸਹਿਬਾਨਾਂ ਰਾਹੀਂ ਕਾਬਜ ਹਨ, ਦੀ ਰਾਹੀਂ ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕਲੰਡਰ ਦਾ ਜਿੱਥੇ ਹੁਲੀਆ ਵਿਗਾੜ ਦਿੱਤਾ ਗਿਆ ਹੈ, ਓਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਨਿਰੰਕਾਰਵਾਦੀ, ਨਾਨਕਵਾਦੀ, ਤਰਕਵਾਦੀ ਅਤੇ ਅਗਾਂਹ ਵਧੂ ਇਨਕਲਾਬੀ ਕੌਮ ਵਿੱਚ ਫੁੱਟ ਪਾ ਕੇ, ਇਸ ਦਾ ਭਗਵਾਕਰਨ ਕਰਕੇ ਆਏ ਦਿਨ ਜ਼ਲੀਲ ਕੀਤਾ ਜਾ ਰਿਹਾ ਹੈ। ਕਰੀਬ ਸਾਰੇ ਹੀ ਲੇਖਕਾਂ ਅਤੇ ਵਿਦਵਾਨਾਂ ਨੇ ਕੌਮ ਦੀ ਇਸ ਅਧੋਗਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਗੁਰਦਵਾਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਰ ਪੋਥੀਆਂ ਦੇ ਪ੍ਰਕਾਸ਼ ਕਰਨ ਦਾ ਸਿੱਧਾ ਮਤਲਬ ਸੰਗਤਾਂ ਵਿੱਚ ਦੁਬਿਧਾ ਪੈਦਾ ਕਰਦਿਆਂ, ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਘਟਾਣਾ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਦੀ ਘੋਰ ਉਲੰਘਣਾ ਅਤੇ ਸਭ ਸੱਚੇ ਸਿੱਖਾਂ ਲਈ ਨਾ-ਕਾਬਿਲੇ ਬਰਦਾਸ਼ਤ ਹੈ, ਜਿਸ ਬਾਰੇ ਸਾਰੀ ਦੁਨੀਆਂ ਨੂੰ ਹਰ ਸਾਧਨ ਅਤੇ ਮੀਡੀਆ ਵਰਤਕੇ ਜਾਗਰੂਕ ਕੀਤਾ ਜਾਵੇਗਾ। ਸ੍ਰ. ਪੁਰੇਵਾਲ ਨੇ ਲੰਬੀ ਤਕਰੀਰ ਤੋਂ ਬਾਅਦ ਜਗਿਆਸੂਆਂ ਦੇ ਸਵਾਲਾਂ ਦੇ ਜਵਾਬ ਬੜੇ ਹੀ ਤਸੱਲੀ ਬਖਸ਼ ਤਰੀਕੇ ਨਾਲ ਦਿੱਤੇ। ਸ੍ਰ. ਪਾਲ ਸਿੰਘ ਪੁਰੇਵਾਲ ਇੱਕ ਐਸੇ ਵਿਦਵਾਨ ਹਨ ਜਿਨ੍ਹਾਂ ਨੇ ਹਿੰਦੂ, ਮੁਸਲਮ, ਸਿੱਖ ਅਤੇ ਕਈ ਹੋਰ ਧਰਮਾਂ ਦੇ ਗ੍ਰੰਥ ਬੜੇ ਗਹੁ ਨਾਲ ਪੜ੍ਹੇ ਹਨ ਅਤੇ ਉਨ੍ਹਾਂ ਪਾਸ ਸਾਰੇ ਪੁਰਾਤਨ ਅਤੇ ਨਵੀਨ ਸਬੂਤ (ਰੈਫਰੈਂਸ) ਮੌਜ਼ੂਦ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top