Share on Facebook

Main News Page

ਸਿੱਖਾਂ ਨੂੰ ਆਪਣੇ ਨਾਲ ਸੰਬੰਧਿਤ ਇੱਕ ਇੱਕ ਅੱਖਰ ਘੋਖਣ ਦੀ ਲੋੜ ਹੈ

ਸਦੀਆਂ ਬੱਧੀ ਸਿੱਖਾਂ ਦੀਆਂ ਮਜਬੂਰੀਆਂ ਦਾ ਲਾਹਾ ਲੈਂਦਿਆਂ, ਸਿੱਖੀ ਵਿਚ ਅਜਿਹਾ ਰੋਲ-ਘਚੋਲਾ ਕਰ ਦਿੱਤਾ ਗਿਆ ਹੈ, ਕਿ ਜਿਸ ਪਾਸੇ ਵੀ ਨਜ਼ਰ ਮਾਰੋ, ਕੁਝ-ਨ-ਕੁਝ ਗਲਤ ਹੀ ਥੋਪਿਆ ਪਿਆ ਹੈ। ਸਿੱਖਾਂ ਨੇ ਅਗਿਆਨਤਾ ਵੱਸ, ਖੋਜੀ ਬਿਰਤੀ ਦੀ ਘਾਟ ਕਾਰਨ ਜਾਂ ਫਿਰ ਅੰਨ੍ਹੀ ਸ਼ਰਧਾ ਵੱਸ, ਜਾਹਲਾਂ ਵਲੋਂ, ਬੇਵਕੂਫੀ ਦੀ ਹੱਦ ਤਕ ਕੀਤੀ ਹਰ ਗੱਲ ਨੂੰ ਅੱਖਾਂ ਮੀਟ ਕੇ ਪਰਵਾਨ ਕਰ ਲਿਆ ਹੋਇਆ ਹੈ।ਯੱਭਲੀਆਂ ਨੂੰ ਵੀ ਅਪਣੀ ਵਡਿਆਈ ਅਤੇ ਸੂਰ-ਬੀਰਤਾ ਨਾਲ ਜੋੜਿਆ ਪਿਆ ਹੈ। ਏਸੇ ਕਾਰਨ ਹਰ ਚੀਜ਼ ਸੋਧ ਮੰਗਦੀ ਹੈ।

ਮਿਸਾਲ ਵਜੋਂ 27 ਸਾਲ ਤੋਂ ਵੱਧ ਸਮੇ ਤੋਂ ਮਾਰ ਖਾ ਰਹੇ ਹਾਂ, ਲੱਖਾਂ ਬੱਚੇ ਮਰਵਾ ਕੇ, ਅੱਜ ਤਕ ਸੂਈ ਦੇ ਨੱਕੇ ਜਿੰਨਾ ਇੰਸਾਫ ਨਾ ਮਿਲਣ ਤੇ ਵੀ, ਸਿੱਖ ਨੌਜਵਾਨ, ਘੁਟ ਲਾ ਕੇ ਜਦੋਂ ਸਟੇਜਾਂ ਤੋਂ ਬੱੜ੍ਹਕਾਂ ਮਾਰਦੇ ਗਾਉਂਦੇ ਹਨ “ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਬੜ੍ਹਕ ਨੂੰ ਰੋਕੇ” ਤਾਂ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ, ਇਹ ਪਾਗਲ ਹਨ ਜਾਂ ਬੇ-ਗੈਰਤ ? ਇਵੇਂ ਹੀ ਵਿਆਹ ਤੇ ਲੱਖਾਂ ਰੁਪਏ ਖਰਚ ਕੇ, ਕੁੜੀ ਵਾਲਿਆਂ ਦੇ ਘਰ, ਨੱਚਣ ਵਾਲੇ-ਵਾਲੀਆਂ ਜਦ ਅਸ਼ਲੀਲ ਗਾਣੇ ਗਾਉਂਦੇ ਹਨ, ਤਾਂ ਕੁੜੀ ਵਾਲਿਆਂ ਦੀ ਬੇ-ਗੈਰਤੀ ਜਾਂ ਬੇ-ਵਸੀ ਤੇ ਤਰਸ ਹੀ ਕੀਤਾ ਜਾ ਸਕਦਾ ਹੈ।

ਇਕ ਲੇਖ ਪੜ੍ਹ ਰਿਹਾ ਸੀ, ਜਿਸ ਵਿਚ ਵੱਡੇ ਘੱਲੂ-ਕਾਰੇ ਦਾ ਜ਼ਿਕਰ ਸੀ। ਇਤਿਹਾਸ ਦਾ ਉਹ ਸਾਕਾ, ਜਿਸ ਵਿਚ ਇਕ ਦਿਨ ਵਿਚ ਹੀ ਪੰਥ ਦੇ ਅੱਧ ਤੋਂ ਵੱਧ, 35000 ਬੰਦੇ, ਬੀਬੀਆਂ ਅਤੇ ਬੱਚੇ ਸ਼ਹੀਦ ਕਰ ਦਿੱਤੇ ਗਏ ਸਨ। ਇਸ ਵਿਚ ਵਡਿਆਈ ਦੀ ਗੱਲ ਤਾਂ ਇਹ ਸੀ ਕਿ ਏਨੀ ਮਾਰ ਖਾ ਕੇ ਵੀ ਸਿੱਖਾਂ ਨੇ, ਛੇ ਮਹੀਨੇ ਦੇ ਅੰਦਰ-ਅੰਦਰ ਮਾਰਨ ਵਾਲੇ (ਅਬਦਾਲੀ) ਨੂੰ ਪੰਜਾਬ ਵਿਚੋਂ ਚੋਰੀ ਭੱਜਣ ਲਈ ਮਜਬੂਰ ਕਰ ਦਿੱਤਾ ਸੀ। ਪਰ ਅੱਗੇ ਵੀ ਕਈ ਵਾਰੀ ਸੁਣਿਆ ਸੀ, ਅਤੇ ਉਸ ਲੇਖ ਵਿਚ ਵੀ ਲਿਖਿਆ ਸੀ ਕਿ “35000 ਹਜ਼ਾਰ ਸਿੱਖ ਮਰਵਾਉਣ ਪਿਛੋਂ, ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ, ਅਰਦਾਸ ਦੌਰਾਨ ਪਰਮਾਤਮਾ ਦਾ ਸ਼ੁਕਰ ਕਰਦਿਆਂ ਕਿਹਾ “ਆਪ ਜੀ ਦੀ ਕਿਰਪਾ ਸਦਕਾ, ਜੋ ਖੋਟ ਸੀ, ਉਹ ਨਿਕਲ ਗਿਆ ਹੈ ਤੇ ਪਿੱਛੇ ਤੱਤ ਖਾਲਸਾ ਬਚਿਆ ਹੈ” ਸੋਚਦਾ ਹਾਂ, ਕੀ ਬੇਵਕੂਫੀ ਨੂੰ ਹੀ ਚੜ੍ਹਦੀ ਕਲਾ ਕਿਹਾ ਜਾਂਦਾ ਹੈ ? ਅਸੀਂ ਕਹਿਣਾ ਕੀ ਚਾਹੁੰਦੇ ਹਾਂ ? ਕੀ ਇਹ ਕਿ 35000 ਬੰਦੇ, ਬੀਬੀਆਂ, ਬੱਚੇ, ਜੋ ਪੰਥ ਦੀ ਹੋਂਦ ਲਈ ਸ਼ਹੀਦੀਆਂ ਪਾ ਗਏ, ਉਹ ਪੰਥ ਦੇ ਵਿਚਲਾ ਖੋਟ ਸਨ ?

ਇਵੇਂ ਹੀ ਅਰਦਾਸ ਵਿਚ ਹਰ ਵੇਲੇ, ਕਿਹਾ ਜਾਂਦਾ ਹੈ “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ” ਇਸ ਵਿਚ ਕੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ, ਜੋ ਸਿੱਖ ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਰਹੇ ਹਨ, ਉਹ ਖਾਲਸੇ ਦਾ ਅੰਗ ਨਹੀਂ ਹਨ, ਬੱਸ ਅਸੀਂ ਹੀ ਖਾਲਸਾ ਹਾਂ ?

ਸਾਨੂੰ ਆਪਣੇ ਵਲੋਂ ਕਹੇ ਜਾਣ ਵਾਲੇ ਜਾਂ ਲਿਖੇ ਜਾਣ ਵਾਲੇ ਹਰ ਅੱਖਰ ਦੀ, ਪੂਰੀ ਚੌਕਸੀ ਨਾਲ ਘੋਖ-ਪੜਤਾਲ ਕਰਨੀ ਚਾਹੀਦੀ ਹੈ। ਅਸੀਂ ਦੂਸਰਿਆਂ ਤੇ ਤਾਂ ਆਪਣਾ ਮਜ਼ਾਕ ਉਡਾਉਣ ਦਾ ਦੋਸ਼ ਲੌਂਦੇ ਨਹੀਂ ਥੱਕਦੇ, ਜੋ ਅਸੀਂ ਆਪਣੇ ਵਲੋਂ, ਕੀਤੀਆਂ ਜਾਂਦੀਆਂ ਬੇਵਕੂਫੀਆਂ ਰਾਹੀ, ਪੰਥ ਨੂੰ ਨਮੋਸ਼ੀ ਦਿਵਾਉਂਦੇ ਹਾਂ, ਉਹ ਕਿਸ ਖਾਤੇ ਵਿਚ ਹਨ ?

ਅਮਰਜੀਤ ਸਿੰਘ ਚੰਦੀ

ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top