Share on Facebook

Main News Page

ਰੋਸ ਨ ਕੀਜੈ ਉਤਰ ਦੀਜੈ

15ਵੀਂ ਸਦੀ 'ਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਿਆ ਤਾਂ ਉਸ ਵੇਲੇ ਚਾਰੇ ਪਾਸੇ ਕੂੜ ਦਾ ਪਸਾਰਾ ਸੀ। ਅੰਧ-ਵਿਸ਼ਵਾਸ, ਕਰਮਕਾਂਡ, ਧਰਮ ਦੇ ਨਾਂ 'ਤੇ ਪਾਖੰਡੀ ਗੁਰੂਡੰਮੀਆਂ ਵਲੋਂ ਲੋਕਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਸੀ। ਸਮਕਾਲੀ ਹਾਲਾਤਾਂ ਦੇ ਮੱਦੇਨਜ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਦਾ ਭਾਈ ਗੁਰਦਾਸ ਜੀ ਜ਼ਿਕਰ ਇਸ ਤਰ੍ਹਾਂ ਕਰਦੇ ਹਨ:

''ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।''

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੀਸਰੇ ਨਿਰਮਲ ਪੰਥ ਦੀ ਸਾਜਨਾ ਕਰਕੇ ਧਰਮ ਦੇ ਇਨਕਲਾਬ ਦਾ ਉਥਾਨ ਕੀਤਾ। ਇਸ ਨਿਰਮਲ ਪੰਥ 'ਸਿੱਖ ਪੰਥ' ਨੇ 239 ਸਾਲਾਂ ਦੇ ਸਫ਼ਰ ਅਤੇ ਗੁਰੂ ਨਾਨਕ ਦੇ ਦਸ ਜਾਮਿਆਂ ਵਿਚ ਸਮਾਜ ਨੂੰ ਕਰਮ-ਕਾਂਡਾਂ, ਪਾਖੰਡਵਾਦ ਦੀ ਜਿੱਲਣ 'ਚੋਂ ਕੱਢ ਕੇ ਧਰਮ ਦਾ ਸਹੀ ਰਾਹ ਦਿਖਾਇਆ। ਇਸੇ ਕਰਕੇ ਸਿੱਖ ਧਰਮ ਨੂੰ ਦੁਨੀਆ ਦਾ ਸਭ ਤੋਂ ਆਧੁਨਿਕ ਅਤੇ ਨਿਵੇਕਲਾ ਧਰਮ ਆਖਿਆ ਜਾਂਦਾ ਹੈ। ਪਰ ਅਜੋਕੇ ਸਿੱਖ ਪੰਥ ਦੇ ਹੀ ਹਾਲਾਤ ਦੇਖੇ ਜਾਣ ਤਾਂ ਹਰੇਕ ਸ਼ਰਧਾਵਾਨ ਗੁਰੂ ਨਾਨਕ ਨਾਮ ਲੇਵਾ ਦਾ ਹਿਰਦਾ ਦੁਖੀ ਹੋ ਉਠਦਾ ਹੈ। ਅੱਜ ਸਾਡੇ ਧਰਮ 'ਚ ਹੀ ਦੇਹਧਾਰੀਆਂ, ਪਾਖੰਡੀਆਂ ਅਤੇ ਡੇਰੇਦਾਰਾਂ ਨੇ ਉਹ ਬੁਰਾਈਆਂ ਅਤੇ ਅਲਾਮਤਾਂ ਪੈਦਾ ਕਰ ਦਿੱਤੀਆਂ ਹਨ, ਜਿਨ੍ਹਾਂ ਤੋਂ ਗੁਰੂ ਨਾਨਕ ਦੇਵ ਜੀ ਨੇ ਭਾਰਤ ਵਾਸੀਆਂ ਨੂੰ ਨਿਜ਼ਾਤ ਦਿਵਾਈ ਸੀ।

ਪਿਛਲੇ ਦਿਨੀਂ ਅਸੀਂ ਹਾਂਗਕਾਂਗ ਵਿਖੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਰਲ-ਮਿਲ ਕੇ ਪੂਰੇ ਉਤਸ਼ਾਹ ਨਾਲ ਮਨਾਇਆ ਸੀ। ਇਤਿਹਾਸਕ ਗੁਰਦੁਆਰਾ ਸਾਹਿਬ ਹਾਂਗਕਾਂਗ ਵਿਖੇ ਗੁਰਮਤਿ ਸਮਾਗਮ ਹੋਏ ਅਤੇ ਸੰਗਤਾਂ ਨੇ ਆਪਣੇ ਗੁਰ-ਇਤਿਹਾਸ ਨਾਲ ਸਾਂਝ ਪਾਈ। ਪਰ ਸਾਨੂੰ ਅਜਿਹੇ ਮੁਬਾਰਕ ਦਿਹਾੜਿਆਂ 'ਤੇ ਅਜੋਕੀ ਸਿੱਖ ਸਥਿਤੀ 'ਤੇ ਵੀ ਚਿੰਤਨ ਕਰਨਾ ਚਾਹੀਦਾ ਹੈ। ਖ਼ਾਲਸਾ ਪੰਥ ਦੀ ਸਾਜਨਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਕੀਤੀ ਸੀ, ਇਹ ਤਾਂ ਹਰੇਕ ਸਿੱਖ ਨੂੰ ਹੀ ਪਤਾ ਹੈ। ਖ਼ਾਲਸਾ ਸਾਜਨਾ ਕਰਕੇ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਕਿਹੜੀ ਦਿਸ਼ਾ ਦਿਖਾਈ, ਅੱਜ ਅਸੀਂ ਕਿਹੜੀ ਦਿਸ਼ਾ 'ਚ ਜਾ ਰਹੇ ਹਾਂ। ਗੁਰੂ ਸਾਹਿਬ ਨੇ ਸਾਨੂੰ ਕੀ ਆਦੇਸ਼ ਦਿੱਤਾ ਤੇ ਅਸੀਂ ਉਨ੍ਹਾਂ ਦੇ ਆਦੇਸ਼ਾਂ ਦੀ ਕਿੰਨੀ ਕੁ ਪਾਲਣਾ ਕਰ ਰਹੇ ਹਾਂ। ਇਹ ਵਿਚਾਰ ਕਰਨ ਵਾਲੇ ਵਿਸ਼ੇ ਹਨ। ਅੱਜ ਦੇ ਦੌਰ ਵਿਚ ਸਿੱਖ ਕੌਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਤਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੈ, ਸਗੋਂ ਅੰਦਰੂਨੀ ਨਿਘਾਰਾਂ ਨਾਲ ਵੀ ਜੂਝਣਾ ਪੈ ਰਿਹਾ ਹੈ। ਗੁਰੂ ਸਾਹਿਬ ਨੇ ਸਪੱਸ਼ਟ ਕਿਹਾ ਸੀ:

''ਜਬ ਇਹ ਗਹੈ ਬਿਪਰਨ ਕੀ ਰੀਤ ਮੈ ਨ ਕਰੋ ਇਨ ਕੀ ਪ੍ਰਤੀਤ।''

ਕੀ ਅੱਜ ਸਿੱਖ ਬਿਪਰਨ ਦੀ ਰੀਤ 'ਤੇ ਨਹੀਂ ਚੱਲ ਰਹੇ। ਫ਼ਿਰ ਇਸੇ ਕਰਕੇ ਹੀ ਤਾਂ ਇਨ੍ਹਾਂ ਨੂੰ ਗੁਰੂ ਸਾਹਿਬ ਦੀ ਪ੍ਰਤੀਤ ਤੋਂ ਵਾਂਝੇ ਹੋ ਕੇ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਸਪੱਸ਼ਟ ਦਿਸ਼ਾ ਦਿੰਦਿਆਂ ਆਖਿਆ ਸੀ :

''ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।''

ਜਦੋਂ ਗੁਰੂ ਸਾਹਿਬ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਦੇਹਧਾਰੀ ਗੁਰੂ ਪ੍ਰਥਾ ਸਮਾਪਤ ਕਰ ਦਿੱਤੀ ਤਾਂ ਅੱਜ ਅਸੀਂ ਮੁੜ ਕਿਉਂ ਸਰੀਰਾਂ ਨਾਲ ਜੁੜ ਰਹੇ ਹਾਂ? ਅੱਜ ਸਾਡੀ ਸ਼ਬਦ ਗੁਰੂ ਦੀ ਥਾਂ ਦੇਹਧਾਰੀ ਸਾਧਾਂ 'ਤੇ ਟੇਕ ਕਿਉਂ ਵੱਧ ਰਹੀ ਹੈ?

ਸਿੱਖ ਕੌਮ ਅੱਜ ਦੇਹਧਾਰੀ ਗੁਰੂਡੰਮ ਨੂੰ ਆਪਣੇ ਰਾਹ 'ਚ ਵੱਡਾ ਰੋੜਾ ਸਮਝਦੀ ਹੈ। ਡੇਰਾ ਸਿਰਸਾ, ਰਾਧਾ ਸੁਆਮੀ, ਨੂਰਮਹਿਲੀਆ, ਭਨਿਆਰਾਂਵਾਲਾ ਆਦਿ ਗੁਰੂਡੰਮੀਆਂ ਵਿਰੁੱਧ ਤਾਂ ਸਾਡੇ ਸਿੱਖ ਹਮੇਸ਼ਾ ਇਕਮੁੱਠ ਹੋ ਕੇ ਹੀ ਆਵਾਜ਼ ਬੁ¦ਦ ਕਰਦੇ ਆਏ ਹਨ, ਪਰ ਇਕ ਗੁਰੂਡੰਮ ਉਹ ਵੀ ਹੈ, ਜਿਸ ਨੇ ਸਿੱਖ ਕੌਮ ਨੂੰ ਹੀ ਦੁਫ਼ਾੜ ਕਰਕੇ ਰੱਖ ਦਿੱਤਾ ਹੈ। ਇਹ ਦੇਹਧਾਰੀ ਗੁਰੂਡੰਮ ਸਿੱਖੀ ਭੇਸ 'ਚ ਲੁਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਹੀ ਆਪਣੀ ਦੁਕਾਨਦਾਰੀ ਚਲਾ ਰਿਹਾ ਹੈ। ਇਹ ਵਰਤਾਰਾ ਸਿੱਖ ਕੌਮ ਲਈ ਆਪਣੇ ਸਿੱਧੇ ਦੁਸ਼ਮਣ, ਭਾਵ ਸਿਰਸੇ ਵਾਲੇ ਸਾਧ, ਭਨਿਆਰਾਂਵਾਲੇ ਅਤੇ ਨੂਰਮਹਿਲੀਆਂ ਨਾਲੋਂ ਵੀ ਘਾਤਕ ਸਿੱਧ ਹੋ ਰਿਹਾ ਹੈ। ਇਸ ਦੇਹਧਾਰੀ ਬਾਬਾਵਾਦ ਨੇ ਸਿੱਖ ਕੌਮ ਨੂੰ ਵੀ ਉਸੇ ਤਰ੍ਹਾਂ ਦੁਫ਼ਾੜ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤਰ੍ਹਾਂ ਸ਼ੀਆ ਅਤੇ ਸੁੰਨੀ ਮੁਸਲਮਾਨ ਆਪਸੀ ਮਰਿਆਦਾਵਾਂ 'ਚ ਮਤਭੇਦ ਹੋਣ ਕਰਕੇ ਇਕ-ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਹਨ। ਅਸੀਂ ਅਕਸਰ ਹੀ ਸੁਣਦੇ ਹਾਂ ਕਿ ਫ਼ਲਾਂ ਦੇਸ਼ 'ਚ ਮਾਨ ਸਿੰਘ ਪਿਹੋਵੇ ਵਾਲੇ ਸਾਧ, ਦਲਜੀਤ ਸਿੰਘ ਸ਼ਿਕਾਗੋ ਵਾਲੇ ਸਾਧ ਦਾ ਸੰਗਤਾਂ ਨੇ ਡੱਟ ਕੇ ਵਿਰੋਧ ਕੀਤਾ। ਇਨ੍ਹਾਂ ਪਾਖੰਡੀ ਸਾਧਾਂ ਦਾ ਵਿਰੋਧ ਕਰਨ ਵਾਲਿਆਂ ਦੀ ਕਮੀ ਨਹੀਂ ਹੁੰਦੀ ਤਾਂ ਇਨ੍ਹਾਂ ਦੇ ਹੱਕ 'ਚ ਖੜ੍ਹੇ ਹੋਣ ਵਾਲੇ ਅੰਧ-ਵਿਸ਼ਵਾਸੀ ਅਤੇ ਅੰਨ੍ਹੀ ਸ਼ਰਧਾ 'ਚ ਡੁੱਬੇ ਸਿੱਖਾਂ ਦੀ ਵੀ ਘਾਟ ਨਹੀਂ ਹੁੰਦੀ। ਕਈ ਵਾਰ ਸਿੱਖਾਂ ਦੇ ਹੀ ਦੋ ਧੜ੍ਹਿਆਂ 'ਚ ਅਜਿਹੀ ਸਥਿਤੀ 'ਚ ਟਕਰਾਅ ਪੈਦਾ ਹੋ ਜਾਂਦਾ ਹੈ।

ਅਜਿਹੀ ਹੀ ਸਥਿਤੀ ਦਾ ਸਾਹਮਣਾ ਪਿਛਲੇ ਦਿਨੀਂ ਹਾਂਗਕਾਂਗ ਦੀਆਂ ਸਿੱਖ ਸੰਗਤਾਂ ਨੂੰ ਕਰਨਾ ਪਿਆ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹਾਂਗਕਾਂਗ 'ਚ ਆਮਦ ਨੂੰ ਲੈ ਕੇ ਇਥੋਂ ਦੀਆਂ ਸਿੱਖ ਸੰਗਤਾਂ 'ਚ ਤਣਾਅ ਬਣਿਆ ਰਿਹਾ। ਸਿੱਖਾਂ ਦੀ ਹੀ ਇਕ ਧਿਰ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਬੁਲਾਉਣ 'ਤੇ ਬਜ਼ਿੱਦ ਸੀ ਅਤੇ ਦੂਜੀ ਧਿਰ ਉਸ ਦਾ ਵਿਰੋਧ ਕਰ ਰਹੀ ਸੀ। ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਆਪੋ-ਆਪਣੇ ਸਟੈਂਡ 'ਤੇ ਅਟੱਲ ਡਟੀਆਂ ਹੋਈਆਂ ਸਨ, ਪਰ ਢੱਡਰੀਆਂ ਵਾਲੇ ਨੇ ਹੀ ਮੌਕੇ ਦੀ ਨਜ਼ਾਕਤ ਦੇਖਦਿਆਂ ਆਪਣੀ ਹਾਂਗਕਾਂਗ ਫ਼ੇਰੀ ਮੁਲਤਵੀ ਕਰ ਦਿੱਤੀ। ਉਂਝ ਮੈਨੂੰ ਢੱਡਰੀਆਂ ਵਾਲੇ ਦੇ ਪ੍ਰੋਗਰਾਮ ਮੁਲਤਵੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਬੜੀ ਨਮੋਸ਼ੀ ਹੋਈ, ਕਿਉਂਕਿ ਮੇਰੇ ਮਨ 'ਚ ਢੱਡਰੀਆਂ ਵਾਲੇ ਪ੍ਰਤੀ ਕਈ ਸਵਾਲ ਅਤੇ ਸ਼ੰਕੇ ਉਬਾਲੇ ਮਾਰ ਰਹੇ ਸਨ, ਜਿਨ੍ਹਾਂ ਨੰਵ ਮੈਂ ਹਾਂਗਕਾਂਗ ਫ਼ੇਰੀ ਮੌਕੇ ਢੱਡਰੀਆਂ ਵਾਲੇ ਦੇ ਨਾਲ ਆਹਮੋ-ਸਾਹਮਣੇ ਬੈਠ ਕੇ ਸਾਂਝੇ ਕਰਨੇ ਚਾਹੁੰਦਾ ਸੀ। ਆਪਣੇ ਆਪ ਨੂੰ ਸਿੱਖ ਕੌਮ ਦੇ ਪ੍ਰਚਾਰਕ ਦੱਸਣ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਮੈਂ ਉਨ੍ਹਾਂ ਸਾਰੇ ਸ਼ੰਕੇ-ਸੁਬਹਿਆਂ ਦੇ ਉਤਰ ਚਾਹੁੰਦਾ ਸਾਂ, ਜਿਹੜੇ ਮੈਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਪਰ ਢੱਡਰੀਆਂ ਵਾਲੇ ਦੇ ਪ੍ਰੋਗਰਾਮ ਰੱਦ ਹੋਣ ਕਰਕੇ ਮੈਨੂੰ ਦੁੱਖ ਹੋਇਆ। ਪਰ ਮੈਂ ਉਹ ਸੁਆਲ ਹਾਂਗਕਾਂਗ ਦੀਆਂ ਸੰਗਤਾਂ ਦੇ ਗੋਚਰੇ ਰੱਖਣਾ ਚਾਹੁੰਦਾ ਸੀ, ਤਾਂ ਜੋ ਇਕ ਵਿਵਾਦਗ੍ਰਸਤ ਪ੍ਰਚਾਰਕ ਦੀ ਹਾਂਗਕਾਂਗ ਆਮਦ ਨੂੰ ਲੈ ਕੇ ਆਪਸ 'ਚ ਟਕਰਾਅ ਰਹੇ ਸਿੱਖਾਂ ਨੂੰ ਸਹੀ ਦਿਸ਼ਾ ਦਿਖਾਈ ਜਾ ਸਕੇ। ਪਰ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਨੂੰ ਸਖ਼ਤ ਹਦਾਇਤਾਂ ਸਨ ਕਿ ਕਈ ਵੀ ਬੁਲਾਰਾ ਬਾਬਿਆਂ ਖਿਲਾਫ਼ ਨਾ ਬੋਲੇ। ਮੇਰੇ ਸਮਾਂ ਮੰਗਣ 'ਤੇ ਸਭ ਤੋਂ ਪਹਿਲਾਂ ਪੁੱਛਿਆ ਗਿਆ ਕਿ ਕੀ ਤੁਸੀਂ ਕਿਸੇ ਬਾਬੇ ਵਿਰੁੱਧ ਤਾਂ ਨਹੀਂ ਬੋਲੋਗੇ। ਮੈਂ ਕਿਹਾ ਕਿ ਮੈਂ ਸਿੱਖ ਧਰਮ ਵਿਚ ਆ ਰਹੀਆਂ ਊਣਤਾਈਆਂ ਬਾਰੇ ਗੱਲ ਕਰਨੀ ਹੈ। ਅੱਗੋਂ ਮੈਨੂੰ ਜੁਆਬ ਮਿਲਿਆ ਕਿ ਫੇਰ ਤਾਂ ਤੁਸੀਂ ਬਾਬਿਆਂ ਦਾ ਮਸਲਾ ਜ਼ਰੂਰ ਉਠਾਉਗੋ। ਮੈਨੂੰ ਕਿਹਾ ਗਿਆ ਕਿ ਪ੍ਰੋਗਰਾਮ ਪਹਿਲਾਂ ਹੀ ਸਮੇਂ ਤੋਂ ਦੇਰੀ ਨਾਲ ਚੱਲ ਰਿਹਾ ਹੈ ਪਰ ਜੇ ਸਮਾਂ ਨਿਕਲਿਆ ਤਾਂ ਤੁਸੀਂ ਵੀ ਆਪਣੀ ਗੱਲ ਸੰਗਤਾਂ ਨਾਲ ਸਾਂਝੀ ਕਰ ਲੈਣੀ। ਪਰ ਸਮਾਂ ਮਿਲਿਆ ਨਹੀਂ ਤੇ ਮੈਂ ਜ਼ੁਬਾਨ ਬੰਦ ਕਰਕੇ ਆਖ਼ਰੀ ਹਥਿਆਰ ਕਲਮ ਰਾਹੀਂ ਹੀ ਸੰਗਤਾਂ ਦੇ ਰੂ-ਬ-ਰੂ ਹੋਣ ਦਾ ਫ਼ੈਸਲਾ ਕਰ ਲਿਆ।

ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਾਗਮ ਰੱਦ ਹੋਣ ਤੋਂ ਬਾਅਦ ਹਾਂਗਕਾਂਗ ਦੇ ਸਿੱਖਾਂ ਦੀ ਬੜੀ ਅਜੀਬੋ-ਗਰੀਬ ਮਾਨਸਿਕਤਾ ਸਾਹਮਣੇ ਆਈ। ਉਹ ਸਿੱਖ, ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਹਾਂਗਕਾਂਗ ਬੁਲਾਉਣ ਲਈ ਬਜ਼ਿੱਦ ਸਨ, ਉਨ੍ਹਾਂ ਦੇ ਮਨ ਦੀ ਸਥਿਤੀ ਦੇਖ ਕੇ ਬੜੀ ਹੈਰਾਨੀ ਵੀ ਹੋਈ, ਤਰਸ ਵੀ ਅਤੇ ਦੁੱਖ ਵੀ ਆਇਆ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਅਚਾਨਕ ਹਾਂਗਕਾਂਗ 'ਚ ਮੌਸਮ ਦੀ ਖ਼ਰਾਬੀ ਹੋ ਗਈ। ਸੰਯੋਗਵੱਸ ਪ੍ਰੋਗਰਾਮ ਦੌਰਾਨ ਮੀਂਹ ਪੈ ਗਿਆ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹਮਾਇਤੀਆਂ ਵਲੋਂ ਇਸ ਨੂੰ ਕੁਦਰਤ ਦੀ ਕਰੋਪੀ ਦੱਸਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਮੈਂ ਇਕ ਹਫ਼ਤਾ ਪਹਿਲਾਂ ਹੀ ਮੌਸਮ ਵਿਭਾਗ ਦੀ ਵੈਬਸਾਈਟ 'ਤੇ ਇਸ ਕਰੋਪੀ ਬਾਰੇ ਜਾਣਕਾਰੀ ਲੈ ਚੁੱਕਿਆ ਸੀ। ਇਸ ਬਾਰੇ ਇਕ ਕਥਾਵਾਚਕ ਭਾਈ ਨਿਰਮਲ ਸਿੰਘ ਵਲੋਂ ਵੀ ਸਟੇਜ ਤੋਂ ਇਹ ਕਿਹਾ ਗਿਆ ਕਿ ਇਹ ਕੋਈ ਕਰੋਪੀ ਨਹੀਂ ਸਗੋਂ ਕੁਦਰਤੀ ਵਰਤਾਰਾ ਸੀ।

ਮੈਂ ਸਮੁੱਚੀ ਸੰਗਤ ਦਾ ਧਿਆਨ ਪਿਛਲੇ ਸਾਲ 5 ਦਸੰਬਰ, 2009 ਨੂੰ ਵਾਪਰੇ ਲੁਧਿਆਣਾ ਆਸ਼ੂਤੋਸ਼ ਗੋਲੀ ਕਾਂਡ ਵੱਲ ਦਿਵਾਉਣਾ ਚਾਹੁੰਦਾ ਹਾਂ, ਜਿਸ ਵਿਚ ਸਿੱਖ ਵਿਰੋਧੀ ਸਾਧ ਆਸ਼ੂਤੋਸ਼ ਨੂਰਮਹਿਲੀਏ ਦਾ ਵਿਰੋਧ ਕਰਦਿਆਂ ਭਾਈ ਦਰਸ਼ਨ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਏ ਸਨ ਅਤੇ ਬਹੁਤ ਸਾਰੇ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਧੁੰਮਾ ਅਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਕਰ ਰਹੇ ਸਨ। ਹਾਂਗਕਾਂਗ ਦੀ ਸਿੱਖ ਸੰਗਤ ਵਲੋਂ ਵੀ ਇਸ ਸਾਰੇ ਘਟਨਾਕ੍ਰਮ ਦੌਰਾਨ ਜ਼ਖ਼ਮੀ ਹੋਹੇ ਸਿੰਘਾਂ ਲਈ ਆਰਥਿਕ ਮਦਦ ਭੇਜੀ ਗਈ ਸੀ। ਉਸ ਸਮੇਂ ਧੁੰਮਾ ਤੇ ਢੱਡਰੀਆਂ ਵਾਲੇ ਨੇ ਸਿੱਖ ਕੌਮ ਨੂੰ ਕਾਫ਼ੀ ਮਾਯੂਸ ਕੀਤਾ ਸੀ। ਇਹ ਦੋਵੇਂ ਸਾਧ 'ਕਹਿਣੀ ਕਥਨੀ ਦੇ ਪੂਰੇ' ਹੋਣ ਦੀ ਯੋਗਤਾ ਨਹੀਂ ਦਿਖਾ ਸਕੇ। ਇਹ ਕਈ ਐਲਾਨ ਕਰਦੇ ਰਹੇ ਤੇ ਫ਼ਿਰ ਉਨ੍ਹਾਂ ਤੋਂ ਪਿੱਛੇ ਹਟਦੇ ਰਹੇ। ਪਹਿਲਾਂ ਤਾਂ ਇਨ੍ਹਾਂ ਸਾਧਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਗੋਲੀਕਾਂਡ ਲਈ ਜ਼ਿੰਮੇਵਾਰ ਇਕ ਭਾਜਪਾ ਦੇ ਸਥਾਨਕ ਵਿਧਾਇਕ, ਜਿਹੜਾ ਇਹ ਸਮਾਗਮ ਕਰਵਾਉਣ ਲਈ ਬਜ਼ਿੱਦ ਸੀ, ਉਸ ਸਮੇਤ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਕਤਲ ਦੇ ਕੇਸ ਦਰਜ ਨਹੀਂ ਕੀਤੇ ਜਾਂਦੇ ਉਦੋਂ ਤੱਕ ਸ਼ਹੀਦ ਦਰਸ਼ਨ ਸਿੰਘ ਦਾ ਅੰਤਮ ਸਸਕਾਰ ਨਹੀਂ ਕੀਤਾ ਜਾਵੇਗਾ। ਸਰਕਾਰ ਵਲੋਂ ਇਨ੍ਹਾਂ ਵੱਲ ਕੋਈ ਧਿਆਨ ਨਾ ਦੇਣ 'ਤੇ ਇਨ੍ਹਾਂ ਨੇ ਮੁੜ ਇਹ ਐਲਾਨ ਕਰ ਮਾਰਿਆ ਕਿ ਉਹ ਦਰਸ਼ਨ ਸਿੰਘ ਦਾ ਅੰਤਮ ਸਸਕਾਰ ਵੀ ਉਸੇ ਗਲਾਡਾ ਗਰਾਊਂਡ 'ਚ ਕਰਨਗੇ, ਜਿਥੇ ਆਸ਼ੂਤੋਸ਼ ਦਾ ਸਮਾਗਮ ਹੋਇਆ ਸੀ। ਇਹ ਬਚਨ ਵੀ ਸਿਰੇ ਨਾ ਚੜ੍ਹਨ 'ਤੇ ਸੰਤ ਸਮਾਜ ਦੇ ਇਨ੍ਹਾਂ ਬਾਬਿਆਂ ਦੀ ਅਗਵਾਈ 'ਚ ਲੁਧਿਆਣਾ ਦੇ ਸਮਰਾਲਾ ਚੌਂਕ ਲਾਗੇ ਧਰਨਾ ਲਗਾ ਦਿੱਤਾ ਗਿਆ ਕਿ ਜਦੋਂ ਤੱਕ ਆਸ਼ੂਤੋਸ਼ ਗੋਲੀ ਕਾਂਡ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਕੇਸ ਦਰਜ ਨਹੀਂ ਕੀਤੇ ਜਾਂਦੇ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਯੱਖ਼ ਠੰਡੀ ਰਾਤ ਦੇ ਹਾਲੇ 12 ਹੀ ਵੱਜੇ ਸਨ ਤਾਂ ਇਨ੍ਹਾਂ ਸਾਧਾਂ ਨੇ ਆਪਣੇ ਹੀ ਬਿਆਨਾਂ ਤੋਂ ਹਟਦਿਆਂ ਧਰਨਾ ਚੁੱਕ ਦਿੱਤਾ ਤੇ ਸੰਗਤਾਂ ਨੂੰ ਆਲੇ-ਟਾਲੇ ਪਾ ਦਿੱਤਾ। ਕੀ ਇਹ ਸਾਡੀ ਕੌਮ ਦੇ ਮਹਾਂਪੁਰਸ਼ ਹਨ?

ਗੁਰਬਾਣੀ ਤਾਂ ਕਹਿੰਦੀ ਹੈ :
''ਸੂਰਬੀਰ ਬਚਨ ਕੇ ਬਲੀ॥ ਕਉਲਾ ਬਪੁਰੀ ਸੰਤੀ ਛਲੀ॥''

ਗੁਰੂ ਸਿਧਾਂਤ ਅਨੁਸਾਰ ਸੰਤ-ਮਹਾਤਮਾਂ ਉਹੀ ਸੂਰਬੀਰ ਹੁੰਦੇ ਹਨ, ਜਿਹੜੇ ਆਪਣੇ ਕੀਤੇ ਬਚਨਾਂ ਦੇ ਪੂਰੇ-ਸੂਰੇ ਹੁੰਦੇ ਹਨ। ਉਨ੍ਹਾਂ ਅੱਗੇ ਕਿਸੇ ਜ਼ੋਰ-ਜ਼ਬਰ ਜਾਂ ਮਾਇਆ ਦੇ ਕਿਸੇ ਵੀ ਰੂਪ ਦਾ ਕੋਈ ਜ਼ੋਰ ਨਹੀਂ ਚੱਲਦਾ।

ਲੁਧਿਆਣਾ ਗੋਲੀ ਕਾਂਡ ਤੋਂ ਬਾਅਦ ਪੰਜਾਬ ਸਰਕਾਰ ਨੇ ਆਸ਼ੂਤੋਸ਼ ਵਿਰੁਧ ਪ੍ਰਦਰਸ਼ਨ 'ਚ ਸ਼ਾਮਲ ਸਿੱਖ ਨੌਜਵਾਨਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਖਿਲਾਫ਼ ਝੂਠੇ ਮੁਕੱਦਮੇ ਦਰਜ ਕਰ ਲਏ ਗਏ, ਪਰ ਸਾਡੇ ਮਹਾਂਪੁਰਸ਼ਾਂ ਦੇ ਮੂੰਹ ਕਿਉਂ ਨਹੀਂ ਖੁੱਲ੍ਹੇ? ਕੀ ਅਸੀਂ ਇਨ੍ਹਾਂ ਬਾਬਿਆਂ 'ਤੇ ਸ਼ਰਧਾ ਰੱਖਦੇ ਹਾਂ, ਜਿਹੜੇ ਸਿੱਖ ਕੌਮ ਨੂੰ ਮੰਝਧਾਰ 'ਚ ਡੋਬ ਰਹੇ ਹਨ।

ਸਾਲ 2000 ਦੇ ਆਸਪਾਸ ਦੀ ਗੱਲ ਹੈ। ਉਨ੍ਹਾਂ ਦਿਨਾਂ 'ਚ ਪਾਖੰਡੀ ਭਨਿਆਰਾਂਵਾਲੇ ਦਾ ਮਾਮਲਾ ਕਾਫ਼ੀ ਭਖਿਆ ਰਿਹਾ। ਜਜ਼ਬਾਤੀ ਹੋਇਆ ਪਟਿਆਲਾ ਜ਼ਿਲ੍ਹੇ ਦਾ ਇਕ ਨੌਜਵਾਨ ਅੰਬਾਲਾ ਕਚਹਿਰੀਆਂ 'ਚ ਭਨਿਆਰਾਂਵਾਲੇ ਦੀ ਪੇਸ਼ੀ ਮੌਕੇ ਉਸ 'ਤੇ ਹਮਲਾ ਕਰ ਬੈਠਾ। ਇਸ ਨੂੰ ਭਨਿਆਰਾਂਵਾਲੇ ਦੀ ਕਿਸਮਤ ਸਮਝ ਲਿਆ ਜਾਵੇ ਜਾਂ ਉਸ ਹਮਲਾਵਰ ਨੌਜਵਾਨ ਦੀ ਗਨੀਮਤ ਕਿ ਚਾਕੂ ਨਾਲ ਹਮਲੇ 'ਚ ਭਨਿਆਰਾਂਵਾਲਾ ਜ਼ਖ਼ਮੀ ਹੋ ਗਿਆ, ਪਰ ਬਚ ਗਿਆ। ਨੌਜਵਾਨ ਨੂੰ ਪੁਲਿਸ ਨੇ ਫ਼ੜ ਲਿਆ ਅਤੇ ਜੇਲ੍ਹ 'ਚ ਸੁੱਟ ਦਿੱਤਾ। ਉਸ ਦੇ ਘਰ ਦੀ ਹਾਲਤ ਬਹੁਤ ਤਰਸਯੋਗ ਸੀ। ਉਹ ਵਿਚਾਰਾ ਖੁਦ ਦੁੱਧ ਵਾਲੀ ਗੱਡੀ ਦੀ ਡਰਾਇਵਰੀ ਕਰਕੇ ਰੋਟੀ-ਟੁੱਕ ਚਲਾਉਂਦਾ ਸੀ। ਪਰ ਭਨਿਆਰਾਂਵਾਲੇ ਦੇ ਸਿੱਖ ਵਿਰੋਧੀ ਕਾਰਿਆਂ ਨੇ ਉਸ ਦੀ ਅਣਖ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੌਜਵਾਨ ਦੀ ਕਾਨੂੰਨੀ ਪੈਰਵਾਈ ਕਰਨ ਦੇ ਵੀ ਪਰਿਵਾਰ ਸਮਰੱਥ ਨਹੀਂ ਸੀ। ਪੇਸ਼ੀ ਮੌਕੇ ਨੌਜਵਾਨ ਨੇ ਘਰਦਿਆਂ ਨੂੰ ਬੜੀ ਆਸ ਨਾਲ ਕਿਹਾ ਕਿ ਉਹ ਢੱਡਰੀਆਂ ਵਾਲੇ ਬਾਬੇ ਕੋਲ ਜਾਣ। ਉਹ ਮਦਦ ਕਰੇਗਾ। ਉਸ ਪਰਿਵਾਰ ਨੇ ਪਤਾ ਨਹੀਂ ਕਿੰਨੇ ਕੁ ਗੇੜੇ ਢੱਡਰੀਆਂ ਵਾਲੇ ਦੇ ਡੇਰੇ ਮਾਰੇ, ਪਰ ਬਾਬੇ ਨੇ ਕੋਈ ਬਾਂਹ ਨਹੀਂ ਫੜੀ। ਰਣਜੀਤ ਸਿੰਘ ਢੱਡਰੀਆਂਵਾਲਾ ਪਹਿਲਾਂ ਵੀ ਮੱਥੇ ਟਿਕਾਉਣ, ਪੰਜਾਂ ਪਿਆਰਿਆਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਉਣ ਦੇ ਵਿਵਾਦ 'ਚ ਫ਼ਸਿਆ ਰਿਹਾ ਹੈ। ਉਸ ਦੀ ਇਕ ਵਿਵਾਦਗ੍ਰਸਤ ਸੀ.ਡੀ. ਵੀ ਨਸ਼ਰ ਹੋਈ ਸੀ, ਜਿਸ 'ਚ ਉਸ ਨੂੰ ਆਪਣੇ ਮਾਪਿਆਂ ਤੋਂ ਵੀ ਵੱਡੀ ਉਮਰ ਦੀਆਂ ਬੀਬੀਆਂ ਅਤੇ ਪੁਰਸ਼ਾਂ ਕੋਲੋਂ ਮੱਥੇ ਟਿਕਾਉਂਦੇ ਦਿਖਾਇਆ ਗਿਆ ਸੀ।

ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੇ ਆਪ ਨੂੰ ਦੱਸਦਾ ਤਾਂ ਸਿੱਖ ਧਰਮ ਦਾ ਪ੍ਰਚਾਰਕ ਹੈ, ਪਰ ਇਹ ਪ੍ਰਚਾਰਕ ਸਿਆਸੀ ਆਗੂਆਂ ਦੀ ਸ਼ਹਿ 'ਤੇ ਆਪਣੀ ਦੁਕਾਨਦਾਰੀ ਚਲਾ ਰਿਹਾ ਹੈ। ਇਸ ਨੂੰ ਇਕ ਸਵਾਲ ਕੀਤਾ ਜਾ ਸਕਦਾ ਹੈ ਕਿ ਸਿੱਖ ਧਰਮ ਦੇ ਪ੍ਰਚਾਰਕ ਦਾ ਪੁਲਿਸ ਜਾਂ ਸਿਆਸੀ ਆਗੂਆਂ ਨਾਲ ਕੀ ਵਾਹ-ਵਾਸਤਾ ਹੈ। ਇਸ ਦੇ ਸਮਾਗਮਾਂ 'ਚ ਪੁਲਿਸ ਦੇ ਉਨ੍ਹਾਂ ਉਚ ਅਫ਼ਸਰਾਂ, ਜਿਨ੍ਹਾਂ 'ਤੇ ਦੋਸ਼ ਲੱਗਦੇ ਹਨ ਕਿ ਮਾੜੇ ਦਿਨਾਂ ਦੌਰਾਨ ਉਨ੍ਹਾਂ ਨੇ ਪੰਜਾਬ 'ਚ ਨੌਜਵਾਨ ਦਾ ਘਾਣ ਅਤੇ ਝੂਠੇ ਪੁਲਿਸ ਮੁਕਾਬਲੇ ਕੀਤੇ ਸਨ। ਕੀ ਇਹ ਸਿੱਖ ਧਰਮ ਦੇ ਪ੍ਰਚਾਰਕਾਂ ਦਾ ਕੰਮ ਹੈ, ਕਿ ਸਿੱਖਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਸਨਮਾਨਿਤ ਕਰਨ? ਹੋਰ ਤਾਂ ਹੋਰ ਲੁਧਿਆਣਾ 'ਚ ਆਸ਼ੂਤੋਸ਼ ਗੋਲੀ ਕਾਂਡ ਲਈ ਜਿਸ ਉਚ ਪੁਲਿਸ ਅਫ਼ਸਰ ਨੂੰ ਦੋਸ਼ੀ ਦੱਸਿਆ ਜਾਂਦਾ ਹੈ, ਉਹ ਇਸ ਸਮੇਂ ਪਟਿਆਲਾ ਜ਼ਿਲ੍ਹੇ 'ਚ ਤਾਇਨਾਤ ਹੈ, ਪਿਛਲੇ ਦਿਨੀਂ ਢੱਡਰੀਆਂ ਵਾਲੇ ਵਲੋਂ ਆਪਣੇ ਡੇਰੇ 'ਚ ਇਕ ਵੱਡਾ ਪ੍ਰੋਗਰਾਮ ਕੀਤਾ ਗਿਆ, ਉਥੇ ਉਹ ਪੁਲਿਸ ਅਫ਼ਸਰ ਵੀ ਮਹਿਮਾਨਨਿਵਾਜ਼ੀ ਦਾ ਲੁਤਫ਼ ਲੈ ਰਿਹਾ ਸੀ। ਬਾਬੇ ਢੱਡਰੀਆਂ ਵਾਲੇ ਨੇ ਉਸ ਅਫ਼ਸਰ ਨੂੰ ਸਨਮਾਨਿਤ ਵੀ ਕੀਤਾ। ਕੀ ਇਹ ਸਿੱਖ ਧਰਮ ਦੇ ਪ੍ਰਚਾਰਕ ਹਨ, ਜਿਹੜੇ ਕਦੇ ਜ਼ਾਲਮ ਪੁਲਿਸ ਅਫ਼ਸਰਾਂ ਖਿਲਾਫ਼ ਧਰਨੇ ਦਿੰਦੇ ਹਨ, ਮੁੜ ਉਨ੍ਹਾਂ ਨੂੰ ਆਪਣੀਆਂ ਸਟੇਜਾਂ 'ਤੇ ਸਨਮਾਨਿਤ ਵੀ ਕਰਦੇ ਹਨ। ਇਨ੍ਹਾਂ ਦੇ ਕਿਰਦਾਰ ਜ਼ਰੂਰ ਸ਼ੱਕੀ ਹਨ।

ਇਸ ਬਾਬਾਵਾਦ ਦਾ ਇਕ ਦੁਖਾਂਤਕ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਚੋਣ ਲਈ ਬੁਲਾਈ ਗਈ ਏ.ਜੀ.ਐਮ. ਵਿਚ ਬਾਬੇ ਦੇ ਸਮਰਥਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠੇ ਗਿਆਨੀ ਅਮਰਜੀਤ ਸਿੰਘ ਅਨੰਦਪੁਰੀ ਨੂੰ ਅਗਿਆਨੀ, ਨਿਕੰਮਾ ਅਤੇ ਹੋਰ ਅਪਮਾਨਜਨਕ ਸ਼ਬਦ ਬੋਲੇ। ਗਿਆਨੀ ਜੀ ਦਾ ਕਸੂਰ ਸਿਰਫ਼ ਇੰਨਾ ਕੁ ਹੀ ਸੀ ਕਿ ਉਹ ਸਮੇਂ-ਸਮੇਂ 'ਤੇ ਸਿੱਖ ਕੌਮ ਅੰਦਰ ਆ ਰਹੀਆਂ ਕਮੀਆਂ ਅਤੇ ਬਾਬਿਆਂ ਵਲੋਂ ਅਖੌਤੀ ਕਰਮ ਕਾਂਡਾਂ ਰਾਹੀਂ ਸੰਗਤਾਂ ਦੀ ਕੀਤੀ ਜਾ ਰਹੀ ਲੁੱਟ ਤੋਂ ਸੁਚੇਤ ਕਰਦੇ ਰਹਿੰਦੇ ਹਨ। ਪਰ ਇਨ੍ਹਾਂ ਵੀਰਾਂ ਤੋਂ ਪੁੱਛਣਾ ਬਣਦਾ ਹੈ ਕਿ ਤੁਸੀਂ ਮਹਾਰਾਜ ਦੀ ਹਜ਼ੂਰੀ ਵਿਚ ਬਿਠਾ ਕੇ ਹੈਡ ਗ੍ਰੰਥੀ ਨੂੰ ਅਤਿ ਘਟੀਆ ਸ਼ਬਦਾਵਲੀ ਬੋਲ ਕੇ ਅਪਮਾਨਿਤ ਕਰਕੇ ਕਿਹੜੇ ਪਿਆਰ ਦਾ ਪ੍ਰਗਟਾਵਾ ਕਰ ਰਹੇ ਹੋ। ਇਕ ਪਾਸੇ ਤੁਸੀਂ ਗ੍ਰੰਥੀ ਸਿੰਘ ਨੂੰ ਬਾਬਾ ਬੁੱਢਾ ਜੀ ਦੇ ਬਰਾਬਰ ਦਾ ਦਰਜਾ ਦਿੰਦੇ ਹੋ ਅਤੇ ਦੂਜੇ ਪਾਸੇ ਮਹਾਰਾਜ ਦੀ ਹਜ਼ੂਰੀ ਵਿਚ ਬਿਠਾ ਕੇ ਉਸ ਦੀ ਸਮੁੱਚੇ ਸਿੱਖ ਭਾਈਚਾਰੇ ਸਾਹਮਣੇ ਲਾਹ-ਪਾਹ ਕਰਦੇ ਹੋ, ਇਹ ਕਿਥੋਂ ਦਾ ਗੁਰੂ ਸਿਧਾਂਤ ਦਾ ਸਤਿਕਾਰ ਹੈ?

ਪਰ ਸ਼ਾਬਾਸ਼ ਹੈ ਕਿ ਗਿਆਨੀ ਜੀ ਦੀ, ਜੋ ਮਾਹੌਲ ਨੂੰ ਠੀਕ ਰੱਖਣ ਵਾਸਤੇ ਅਡੌਲ ਬੈਠੇ ਇਸ ਘ੍ਰਿਣਾਤਮਿਕ ਵਰਤਾਰੇ ਨੂੰ ਬਰਦਾਸ਼ਤ ਕਰਕੇ ਆਪਣੇ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਦੇ ਰਹੇ। ਇਸ ਸਮੇਂ ਕੁਝ ਅਫ਼ਸੋਸਨਾਕ ਵਰਤਾਰੇ ਹੋਰ ਵੀ ਵਾਪਰੇ, ਜਿਨ੍ਹਾਂ ਦੇ ਜੁਆਬ ਮੈਂ ਸੰਖੇਪ ਵਿਚ ਦੇਣਾ ਚਾਹੁੰਦਾ ਹਾਂ। ਇਸ ਸਮੇਂ ਤਿੰਨ ਅਤਿ ਸਤਿਕਾਰਯੋਗ ਸੱਜਣਾਂ ਵਲੋਂ ਵੱਖ-ਵੱਖ ਤੌਰ 'ਤੇ ਕਿਹਾ ਗਿਆ ਕਿ ਗਿਆਨੀ ਜੀ ਗੁਰਬਾਣੀ ਦੀਆਂ ਤੁਕਾਂ ਲੈ ਕੇ ਬਾਬਿਆਂ ਨੂੰ ਨਿੰਦਦੇ ਹਨ। ਇਥੇ ਸਰਬਸਾਂਝੀ ਗੱਲ ਹੈ ਕਿ ਪ੍ਰਚਾਰਕਾਂ ਨੇ ਹਮੇਸ਼ਾ ਪ੍ਰਮਾਣ ਗੁਰਬਾਣੀ ਅਤੇ ਗੁਰੂ ਸਿਧਾਂਤ ਅਨੁਸਾਰ ਹੀ ਦਿੱਤੇ ਹਨ। ਜੇ ਗੁਰਬਾਣੀ ਵਿਚ ਬਾਬਿਆਂ ਅਤੇ ਕਰਮ-ਕਾਂਡਾ ਦਾ ਵਿਰੋਧ ਹੈ ਤਾਂ ਸਾਨੂੰ ਸਿੱਖ ਹੋਣ ਕਰਕੇ ਇਸ ਨੂੰ ਕਬੂਲ ਕਰਨਾ ਚਾਹੀਦਾ ਹੈ। ਇਕ ਵੀਰ ਵਲੋਂ ਕਿਹਾ ਗਿਆ ਕਿ ਅਸੀਂ ਗੁਰੂ ਦੇ ਚੇਲੇ ਹਾਂ, ਗੁਲਾਮ ਨਹੀਂ। ਪਰ ਅਸੀਂ ਗੁਰੂ ਦੇ ਗੁਲਾਮ ਹਾਂ, ਕਿਉਂਕਿ ਗੁਲਾਮ ਦੀ ਆਪਣੀ ਸੋਚ ਨਹੀਂ ਹੁੰਦੀ। ਉਹ ਹਮੇਸ਼ਾ ਆਪਣੇ ਮਾਲਕ ਅਨੁਸਾਰ ਹੀ ਚੱਲਦਾ ਹੈ। ਅਸੀਂ ਤਾਂ ਬਲਕਿ ਗੁਰੂ ਦੇ ਕੁੱਤੇ ਹਾਂ, ਜੋ ਗੁਰੂ ਦੇ ਸਿਧਾਂਤ 'ਤੇ ਹੋਕਾ ਦਿੰਦੇ ਹੀ ਰਹਾਂਗੇ ਤੇ ਸਿਧਾਂਤਾਂ ਦੇ ਚੋਰ ਹੀ ਇਸ ਦਾ
ਵਿਰੋਧ ਕਰਨਗੇ, ਕਿਉਂਕਿ ਕੁੱਤਾ ਮਾਲਕ ਦਾ ਵਫ਼ਾਦਾਰ ਹੁੰਦਾ ਹੈ ਤੇ ਚੋਰ ਨੂੰ ਸਭ ਤੋਂ ਵੱਧ ਤਕਲੀਫ਼ ਕੁੱਤੇ ਤੋਂ ਹੀ ਹੁੰਦੀ ਹੈ। ਭਗਤ ਕਬੀਰ ਜੀ ਕਹਿੰਦੇ ਹਨ:

''ਹਮ ਕੂਕਰ ਤੇਰੇ ਦਰਬਾਰਿ। ਭਉਕਹਿ ਆਗੈ ਬਦਨੁ ਪਸਾਰਿ॥''

ਮੇਰੇ ਲਈ ਸਭ ਤੋਂ ਵੱਧ ਦੁਖਦਾਈ ਪਲ ਰਿਹਾ ਜਦੋਂ ਮੇਰੇ ਬਹੁਤ ਹੀ ਸੂਝਵਾਨ ਵੀਰ, ਜਿਸ 'ਤੇ ਅਸੀਂ ਮਾਣ ਕਰਦੇ ਹਾਂ, ਨੇ ਇਹ ਕਹਿ ਦਿੱਤਾ ਕਿ, ''ਜੇ ਬਾਬਾ ਜੀ ਆ ਜਾਂਦੇ ਤਾਂ ਸ਼ਾਇਦ ਮੇਰੇ 'ਤੇ ਵੀ ਕ੍ਰਿਪਾ ਹੋ ਜਾਂਦੀ ਤੇ ਮੈਂ ਗੁਰੂ ਵਾਲਾ ਬਣ ਜਾਂਦਾ।''

ਮੈਂ ਇਥੇ ਆਪਣੇ ਵੀਰ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਗੁਰੂ ਦੀ ਕ੍ਰਿਪਾ ਲੈਣ ਵਾਸਤੇ ਸਾਨੂੰ ਕਿਸੇ ਸਾਧ ਦੀ ਉਡੀਕ ਨਹੀਂ ਕਰਨੀ ਚਾਹੀਦੀ। ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂਗਕਾਂਗ ਵਿਖੇ ਸ਼ੁਸ਼ੋਭਿਤ ਹਨ ਅਤੇ ਸਿੱਖ ਕੌਮ ਦੀ ਅਗਵਾਈ ਕਰ ਰਹੇ ਹਨ ਤੇ ਅਸੀਂ ਕ੍ਰਿਪਾ ਲਈ ਬਾਬਿਆਂ ਦੀ ਉਡੀਕ ਕਰ ਰਹੇ ਹਾਂ। ਜੇ ਪ੍ਰਭਾਵਿਤ ਹੋਣਾ ਹੈ ਤਾਂ ਗੁਰੂ ਸਿਧਾਂਤਾਂ, ਗੁਰਬਾਣੀ ਅਤੇ ਸਿੱਖੀ ਫ਼ਲਸਫ਼ੇ ਤੋਂ ਹੋਵੋ। ਕੁਝ ਮਿਲਾ ਕੇ ਦੋਵਾਂ ਪ੍ਰੋਗਰਾਮਾਂ ਵਿਚ ਬਾਬੇ ਢੱਡਰੀਆਂ ਵਾਲੇ ਨੂੰ ਲੈ ਕੇ ਸੰਗਤਾਂ ਵਿਚ ਤਣਾਅ ਬਣਿਆ ਰਿਹਾ। ਪਰ ਗੁਰੂ ਪਿਆਰ ਵਾਲਿਓ! ਅਸੀਂ ਪਾਖੰਡੀ ਬਾਬਿਆਂ ਮਗਰ ਲੱਗ ਕੇ ਆਪਣੇ ਅਸਲ ਬਾਬੇ ਨੂੰ ਵਿਸਾਰਦੇ ਜਾ ਰਹੇ ਹਾਂ ਅਤੇ ਆਪਣੀ ਕਾਟੋ-ਕਲੇਸ਼ ਕਾਰਨ ਸਮੁੱਚੀ ਦੁਨੀਆ ਅੰਦਰ ਸ਼ਰਮਸਾਰ ਹੋ ਰਹੇ ਹਾਂ। ਸਾਡੇ ਕੋਲ ਬਾਬਿਆਂ ਤੋਂ ਇਲਾਵਾ ਵੀ ਬਹੁਤ ਮਸਲੇ ਹਨ, ਪਰ ਸਾਡਾ ਕਦੇ ਉਨ੍ਹਾਂ ਵੱਲ ਧਿਆਨ ਹੀ ਨਹੀਂ ਗਿਆ। ਅਸੀਂ ਆਪਣੇ ਰਹਿਬਰ ਬਾਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਹਾਂ? ਇਹ ਸਾਡੇ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਅਖ਼ੀਰ 'ਚ ਮੈਂ ਆਪਣਾ ਸੁਨੇਹਾ ਇਕ ਸੰਖੇਪ ਜਿਹੀ ਕਵਿਤਾ ਦੇ ਰੂਪ 'ਚਸਮਾਪਤ ਕਰਦਾ ਹਾਂ।

''ਦੇਹਧਾਰੀ ਨੂੰ ਆਖਦੇ ਲੋਕ ਬਾਬਾ, ਮਰ ਜਾਵੇ ਤਾਂ ਨਵਾਂ ਬਣਾਵਦੇ ਨੇ। ਗੁਰੂ ਗ੍ਰੰਥ ਭਾਵੇਂ ਪ੍ਰਕਾਸ਼ ਹੋਵੇ, ਬਾਬੇ ਬਿਨ੍ਹਾਂ ਨਾ ਓਸ ਥਾਂ ਜਾਂਵਦੇ ਨੇ।
ਆਪਾਂ ਭਰਮ ਇਹ ਦਿਲਾਂ 'ਚੋਂ ਦੂਰ ਕਰਨਾ, ਅਸੀਂ ਪੰਥ ਦੇ ਖ਼ਾਲਸਾ ਪੰਥ ਸਾਡਾ। ਭਾਵੇਂ ਲੋਕਾਂ ਦੇ ਹੋਣ ਪਏ ਲੱਖ ਬਾਬੇ, ਬਾਬਾ ਇਕੋ ਏ ਗੁਰੂ ਗ੍ਰੰਥ ਸਾਡਾ।
ਗੁਰੂ ਗ੍ਰੰਥ ਜਿਹਾ ਬਾਬਾ ਜਹਾਨ ਉਤੇ, ਨਾ ਕੋਈ ਹੋਵੇਗਾ ਤੇ ਨਾ ਕੋਈ ਲੱਭਦਾ ਏ। ਬਾਬੇ ਲੋਕਾਂ ਦੇ ਆਪੋ ਆਪਣੇ ਨੇ, ਸਾਡਾ ਬਾਬਾ ਤਾਂ ਸਾਰੇ ਜੱਗ ਦਾ ਏ।
ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਨੂੰ ਇਹ, 'ਬਰਨਾ' ਵਾਲਿਆ ਅੰਮ੍ਰਿਤਮਈ ਗਿਆਨ ਦੇਵੇ। ਭਵ ਸਾਗਰੋਂ ਉਸ ਨੂੰ ਪਾਰ ਕਰਦਾ, ਜਿਹੜਾ ਇਸ ਨੂੰ ਆਪਣਾ ਇਮਾਨ ਦੇਵੇ।
''

ਜੰਗਬਹਾਦਰ ਸਿੰਘ

jangbahadar.singh@gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top