Share on Facebook

Main News Page

ੴਸਤਿਗੁਰਪ੍ਰਸਾਦਿ ॥
ਨਿਤਨੇਮ ਦੀਆਂ ਬਾਣੀਆਂ

ਸਿੱਖ ਰਹਿਤ ਮਰਯਾਦਾ ਵਿੱਚ ਨਿਤਨੇਮ ਦੀਆਂ ਬਾਣੀਆਂ ਇਹ ਦਸੀਆਂ ਹਨ: ‘ਜਪੁ, ਜਾਪੁ, 10 ਸਵੱਯੇ (ਸ੍ਰਾਵਗ ਸੁਧ ਵਾਲੇ), ਸੋ ਦਰੁ ਰਹਰਾਸਿ ਤੇ ਸੋਹਿਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ,....।’ ਇਨ੍ਹਾਂ ਵਿੱਚੋਂ ਪਹਿਲੀਆਂ ਤਿੰਨ ਅੰਮ੍ਰਿਤ ਵੇਲੇ, ਸੋ ਦਰੁ ਰਹਰਾਸਿ ਸ਼ਾਮ ਵੇਲੇ ਅਤੇ ਸੋਹਿਲਾ ਰਾਤ ਸੌਣ ਵੇਲੇ ਪੜ੍ਹਨ ਦਾ ਵਿਧਾਨ ਬਣਾਇਆ ਗਿਆ ਹੈ। ਇਨ੍ਹਾਂ ਨਿਤਨੇਮ ਦੀਆਂ ਬਾਣੀਆਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਮੈਂ ਇਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ, ਕਿ ਇਨ੍ਹਾਂ ਬਾਣੀਆਂ ਦਾ ਨਿਰਣਾ, ਸਿੱਖ ਰਹਿਤ ਮਰਯਾਦਾ ਦਾ ਹਿੱਸਾ ਹੈ ਅਤੇ ਸਿੱਖ ਰਹਿਤ ਮਰਯਾਦਾ ਬਨਾਉਣ ਵਾਲੀ ਰਹੁ ਰੀਤ ਕਮੇਟੀ ਦੁਆਰਾ ਹੀ ਨੀਯਤ ਕੀਤੀਆਂ ਗਈਆਂ ਹਨ। ਇਹ ਕਹਿਣਾ ਕਿ ਇਹ ਮਰਯਾਦਾ ਇੰਨ ਬਿੰਨ ਉਹੀ ਹੈ, ਜੋ ਪਾਹੁਲ ਦੀ ਬਖਸ਼ਿਸ਼ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਸਹਿਬ ਨੇ ਦ੍ਰਿੜ ਕਰਾਈ ਸੀ ਅਤੇ ਸੀਨਾ ਬਸੀਨਾ ਚਲੀ ਆਉਂਦੀ ਹੈ, ਉਤਨਾ ਹੀ ਗ਼ਲਤ ਹੈ, ਜਿਤਨਾ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਬਾਰੇ ਕੀਤੇ ਜਾਂਦੇ ਦਾਹਵੇ। ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੀ ਤਰ੍ਹਾਂ, ਇਥੇ ਵੀ ਸਪੱਸ਼ਟ ਜਾਪਦਾ ਹੈ ਕਿ ਇਹ ਬਾਣੀਆਂ ਸਾਰਿਆਂ ਨੂੰ ਖੁਸ਼ ਕਰਕੇ, ਕੌਮ ਨੂੰ ਇਕ ਮਰਯਾਦਾ ਵਿੱਚ ਬੰਨ੍ਹਣ ਦੇ ਇਰਾਦੇ ਨਾਲ, ਇਕ ਸਮਝੌਤਾ ਵਾਦੀ ਨੀਤੀ ਅਧੀਨ ਨੀਯਤ ਕੀਤੀਆਂ ਗਈਆਂ ਹਨ। ਇਕ ਗੱਲ ਸਾਫ ਵੇਖਣ ਵਿੱਚ ਆਉਂਦੀ ਹੈ, ਕਿ ਜਿਥੇ ਵੀ ਗੁਰਮਤਿ ਨੂੰ ਪਾਸੇ ਰੱਖ ਕੇ ਸਮਝੌਤਾ ਵਾਦੀ ਨੀਤੀ ਅਪਣਾਈ ਗਈ ਹੈ, ਉਸਨੇ ਏਕਤਾ ਤਾਂ ਕੀ ਲਿਆਉਣੀ ਸੀ, ਸਗੋਂ ਵਖਰੇਵੇਂ ਵਧਾਏ ਹਨ ਅਤੇ ਕੌਮ ਦਾ ਵਧੇਰੇ ਨੁਕਸਾਨ ਕੀਤਾ ਹੈ, ਕਿਉਂਕਿ ਉਹ ਲੋਕ(ਡੇਰੇ ਆਦਿ) ਜਿਨ੍ਹਾਂ ਦਾ ਕੰਮ ਹੀ ਕੌਮ ਵਿੱਚ ਵਖਰੇਵੇਂ ਪਾਉਣਾ ਹੈ, ਇਸ ਨਾਲ ਉਨ੍ਹਾਂ ਨੂੰ ਕੌਮ ਵਿੱਚ ਮਾਨਤਾ ਵੀ ਮਿਲੀ ਹੈ ਅਤੇ ਉਨ੍ਹਾਂ ਦੇ ਹੌਸਲੇ ਵੀ ਵਧਦੇ ਹਨ।

ਅੱਜ ਇਕ ਵੀ ਡੇਰਾ ਇਸ ਰਹਿਤ ਮਰਯਾਦਾ ਨੂੰ ਜਾਂ ਇਸ ਵਿਚਲੀਆਂ ਨਿਤਨੇਮ ਦੀਆਂ ਬਾਣੀਆਂ ਨੂੰ ਮਾਨਤਾ ਨਹੀਂ ਦੇਂਦਾ। ਹਰ ਇਕ ਦੀ ਆਪਣੇ ਅਖੌਤੀ ਮਹਾਂਪੁਰਖਾਂ ਤੋਂ ਚਲੀ ਆਉਂਦੀ ਮਰਯਾਦਾ ਹੈ, ਜਿਵੇਂ, ਟਕਸਾਲ ਵਾਲੇ ਇਹ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਪੰਜ ਹਨ ਅਤੇ ਉਹ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਨੂੰ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਬਾਣੀਆਂ ਦਸਦੇ ਹਨ, ਭਾਵ, ਜਪੁ, ਜਾਪੁ 10 ਸਵੱਯੇ(ਸ੍ਰਾਵਗ ਸੁਧ ਵਾਲੇ), ਕਬਯੋ ਬਾਚ ਬੇਨਤੀ ਚੌਪਈ ਅਤੇ ਅਨੰਦ। ਇਸ ਤੋਂ ਇਲਾਵਾ ਇਨ੍ਹਾਂ ਰਹਿਰਾਸ ਦੇ ਸ਼ੁਰੂ ਅਤੇ ਅੰਤ ਵਿੱਚ ਕੁਝ ਸ਼ਬਦ ਆਪਣੇ ਤੌਰ ਤੇ ਜੋੜੇ ਹੋਏ ਹਨ ਅਤੇ ਪੰਥ ਪ੍ਰਵਾਨਤ ਕਹੀ ਜਾਣ ਵਾਲੀ ਚੌਪਈ ਵਿੱਚ ਵੀ ਇਨ੍ਹਾਂ ਬਹੁਤ ਵਾਧਾ ਕੀਤਾ ਹੋਇਆ ਹੈ, ਬਿਲਕੁਲ ਇਸੇ ਤਰ੍ਹਾਂ ਸੋਹਿਲਾ ਬਾਣੀ ਤੋਂ ਪਹਿਲਾਂ ਵੀ ਕਈ ਸ਼ਬਦ ਹੋਰ ਆਪਣੇ ਕੋਲੋਂ ਜੋੜੇ ਹੋਏ ਹਨ। ਕਈ ਹੋਰ ਡੇਰੇ ਇਨ੍ਹਾਂ ਬਾਣੀਆਂ ਦੇ ਨਾਲ ਸੁਖਮਨੀ ਬਾਣੀ ਵੀ ਜੋੜ ਦੇਂਦੇ ਹਨ, ਕਈ ਇਕਲੀ ਸੁਖਮਨੀ ਬਾਣੀ ਅਤੇ ਕਈ ਸੁਖਮਨੀ ਬਾਣੀ ਦੇ ਕਈ ਪਾਠ ਰੋਜ਼ ਕਰਨਾ ਆਪਣੀ ਮਰਯਾਦਾ ਦਸਦੇ ਹਨ। ਕਈ ਜਪੁ, ਜਾਪੁ ਦੇ ਨਾਲ ਸ਼ਬਦ ਹਜ਼ਾਰੇ ਅਤੇ ਬਾਰ੍ਹਾਂਮਾਹ ਨੂੰ ਨਿਤਨੇਮ ਦਸਦੇ ਹਨ ਅਤੇ ਕਈਆਂ ਨੇ ਆਪਣੇ ਸਾਰਿਆਂ ਨਾਲੋਂ ਨਿਰਾਲੇ ਨਿਤਨੇਮ ਬਣਾਏ ਹੋਏ ਹਨ। ਮੁਕਦੀ ਗੱਲ, ਜਿਤਨੇ ਡੇਰੇ ਉਤਨੀਆਂ ਮਰਯਾਦਾ, ਉਤਨੇ ਨਿਤਨੇਮ। ਇਕ ਗੱਲ ਸਾਂਝੀ ਹੈ ਕਿ ਇਨ੍ਹਾਂ ਸਾਰਿਆਂ ਨੇ ਇਕ ਤਹੱਈਆ ਕੀਤਾ ਹੋਇਆ ਹੈ ਕਿ ਕਿਸੇ ਸੂਰਤ ਵੀ ਪੰਥ ਵਿੱਚ ਇਕ ਸਾਰਤਾ ਨਹੀਂ ਆਉਣ ਦੇਣੀ।

ਜਿਵੇਂ ਅੱਜ ਕੌਮ ਵਿੱਚ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਬਾਰੇ ਜਗਿਆਸਾ ਹੈ, ਤਿਵੇਂ ਹੀ ਨਿਤਨੇਮ ਦੀਆਂ ਬਾਣੀਆਂ ਬਾਰੇ ਵੀ ਭਰਪੂਰ ਚੇਤਨਤਾ ਆਈ ਹੈ। ਹਰ ਸੁਚੇਤ ਸਿੱਖ ਸੱਚ ਜਾਨਣਾ ਚਾਹੁੰਦਾ ਹੈ। ਜਿਵੇਂ ਅਸੀਂ ਪਹਿਲਾਂ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਬਾਰੇ ਸੱਚ ਜਾਨਣ ਲਈ ਕੁਝ ਪੁਰਾਤਨ ਇਤਿਹਾਸਕ ਕਿਤਾਬਾਂ ਅਤੇ ਰਹਿਤਨਾਮਿਆਂ ਦੀ ਪੜਚੋਲ ਕੀਤੀ ਸੀ, ਆਓ ! ਉਹੀ ਉਪਰਾਲਾ ਇਥੇ ਵੀ ਕਰਦੇ ਹਾਂ।

1. ਤਵਾਰੀਖ ਗੁਰੂ ਖਾਲਸਾ ਕਿਤਾਬ ਦੇ ਦਸਵੇਂ ਭਾਗ ਵਿੱਚ ਗਿਆਨੀ ਗਿਆਨ ਸਿੰਘ ਨੇ ਖੰਡੇ ਬਾਟੇ ਦੀ ਪਾਹੁਲ ਛਕਾਉਣ ਵੇਲੇ ਜਪੁ ਅਤੇ ਅਨੰਦ ਬਾਣੀਆਂ ਦਾ ਪੜ੍ਹਿਆ ਜਾਣਾ ਲਿਖਿਆ ਹੈ(‘ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ’ ਦੇ ਲੇਖ ਵਿੱਚ ਭਾਗ(7) ਤੇ ਲਫਜ਼- ਬ-ਲਫਜ਼ ਪੂਰਾ ਵੇਰਵਾ ਦਿੱਤਾ ਜਾ ਚੁਕਾ ਹੈ)। ਇਸੇ ਪੰਨਾ 133 ਦੇ ਅੰਤਲੇ ਪੈਰੇ ਵਿੱਚ ਲਿਖਿਆ ਹੈ:

‘.......ਫੇਰ ਕੜਾਹ ਪ੍ਰਸ਼ਾਦ ਸਭਨਾਂ ਨੂੰ ਇੱਕੋ ਬਾਟੇ ਵਿੱਚ ਛਕਾ ਕੇ ਇਹ ਰਹਿਤ ਦੱਸੀ:
ਕੱਛ, ਕ੍ਰਿਪਾਨ, ਕੇਸ, ਕੰਘਾ, ਕੜਾ ਹਮੇਸ਼ਾਂ ਰਖਣੇ,…………ਗੁਰਬਾਣੀ ਦਾ ਉਚਾਰਨ ਸਦਾ ਹੀ ਕਰਦੇ ਰਹੋ। ਬਿਨਾਂ ਅਕਾਲ ਪੁਰਖ ਤੇ……………..।’

ਇਸ ਰਹਿਤ ਵਿੱਚ ਗਿਆਨੀ ਗਿਆਨ ਸਿੰਘ ਨੇ ਨਿਤਨੇਮ ਦੀਆਂ ਬਾਣੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ। ਪਰ ਇਸੇ ਦੇ ਪੰਨਾ 42 ਤੇ ‘ਗੁਰੂ ਜੀ ਦੀ ਨਿੱਤ ਕ੍ਰਿਆ’ ਪ੍ਰਸੰਗ ਵਿੱਚ ਲਿਖਦੇ ਹਨ:

‘ਏਹ ਗੁਰੂ ਸਾਹਿਬ ਜੀ ਭੀ ਆਪਣੇ ਵੱਡੇ ਗੁਰੂਆਂ ਦੀ ਮਰਯਾਦਾ ਅਨੁਸਾਰ……….। ਫੇਰ ਪਹੁ ਫੁਟੀ ਤੋਂ ਬਸਤ੍ਰ, ਭੂਖਣ ਸਜਾਉਂਦੇ ਹੋਏ ਜਪੁਜੀ ਸਾਹਿਬ ਦਾ ਪਾਠ ਕਰ, ਦੀਵਾਨ ਵਿੱਚ ਆ ਆਸਾ ਦੀ ਵਾਰ ਸੁਣਦੇ।……. ।’

ਇਹ ਫੈਸਲਾ ਹੁਣ ਪੰਥ ਨੇ ਕਰਨਾ ਹੈ ਕਿ, ਕੀ ਸਾਡਾ ਨਿਤਨੇਮ ਸਾਡੇ ਸਤਿਗੁਰੂ ਤੋਂ ਅਲੱਗ ਹੋ ਸਕਦਾ ਹੈ?

2. ਭਾਈ ਸੰਤੋਖ ਸਿੰਘ ਜੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ(ਸੂਰਜ ਪ੍ਰਕਾਸ਼)ਦੀ ਰੁਤਿ ਤੀਸਰੀ ਵਿੱਚ ਇੰਝ ਲਿਖਦੇ ਹਨ:

ਸ਼੍ਰੀ ਗੁਰ ਪੁਨ ਸਭਿ ਰਹਿਤ ਬਤਾਈ। ਜਿਸ ਤੇ ਸਦਾ ਅਨੰਦ ਕੌ ਪਾਈ॥34॥ ਮੀਣੇ ਅਰੁ ਮਸੰਦ ਧਿਰਮਲੀਏ। ਕੁੜੀ ਮਾਰਿ ਰਮਰਈ ਨ ਮਿਲੀਏ। ਸਵਾ ਰਜਤਪਣ ਅੰਮ੍ਰਿਤਸਰ ਜੀ। ਤਿਮ ਦੇ ਪਾਹੁਲ ਦਾ ਜੋ ਗੁਰ ਜੀ॥35॥ ਪਠਹੁ ਪ੍ਰੇਮ ਕਰ ਨਿਤ ਗੁਰਬਾਨੀ। ਸਿੰਘਨਿ ਸੇਵਾ ਕਰਹੁ ਮਹਾਨੀ। ਆਪਸ ਬਿਖੈ ਪ੍ਰੇਮ ਕੋ ਧਰਨਾ। ਗੁਰ ਨਿੰਦਕ ਸ਼ੱਤ੍ਰੁਨਿ ਹਤਿ ਕਰਨਾ॥36॥

ਇਥੇ ਕਵੀ ਸੰਤੋਖ ਸਿੰਘ ਜੀ ਨੇ ਵੀ ਨਿਤ ਗੁਰਬਾਣੀ ਪੜ੍ਹਨ ਦੀ ਗੱਲ ਕੀਤੀ ਹੈ ਪਰ ਨਿਤਨੇਮ ਦੇ ਤੌਰ ਤੇ ਕਿਸੇ ਵਿਸ਼ੇਸ਼ ਬਾਣੀਆਂ ਦਾ ਵਰਨਣ ਨਹੀਂ ਕੀਤਾ।

3. ਭਾਈ ਕੁਇਰ ਸਿੰਘ, ਗੁਰਬਿਲਾਸ ਵਿੱਚ ਲਿਖਦੇ ਹਨ:

ਝੂਠੇ ਸਰਬ ਉਪਾਵ ਤਿਆਗੋ। ਸ੍ਰੀ ਅਸਿਧੁਜ ਕੀ ਚਰਨੀ ਲਾਗੋ।
ਪੋਥੀ ਗ੍ਰੰਥ ਪੜ੍ਹਹੁ ਸਦ ਨੀਤਾ। ਜਪੁ, ਰਹਿਰਾਸ, ਕੀਰਤਨ ਨੀਤਾ।68।

ਭਾਈ ਕੁਇਰ ਸਿੰਘ ਅਨੁਸਾਰ ਜਪੁ, ਰਹਿਰਾਸ, ਸੋਹਿਲਾ ਬਾਣੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਰੋਜ਼ ਬਾਣੀ ਪੜ੍ਹਨ ਦਾ ਹੁਕਮ ਹੈ।

4. ਗੁਰ ਪੰਥ ਪ੍ਰਕਾਸ਼ (ਡਾ. ਜੀਤ ਸਿੰਘ ਸੀਤਲ, ਸੰਪਾਦਿਤ, ਛਾਪਕ: ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤੰਬਰ 1984) ਦੇ ਪੰਨਾ 77-78 ਤੇ ਕੇਸਗੜ੍ਹ ਸ੍ਰੀ ਖਾਲਸੇ ਕੋ ਪੰਥ ਕੀ ਉਤਪਤੀ ਕੀ ਸਾਖੀ, ਵਿੱਚ ਰਤਨ ਸਿੰਘ ਭੰਗੂ ਨਿਤਨੇਮ ਦੀਆਂ ਬਾਣੀਆਂ ਬਾਰੇ ਇੰਝ ਲਿਖਦੇ ਹਨ:

ਦੋਹਰਾ-ਯੋਂ ਕਹ ਕੇ ਸ੍ਰੀ ਸਤਿਗੁਰੂ, ਗਲ ਤੇਗੋ ਦੀਨੋ ਪਾਇ ਕਰਦ ਚਕ੍ਰ ਸਿਰ ਪਰ ਧਰੈਂ, ਮੁਖਹੁੰ ਅਕਾਲ ਜਪਾਏ।15 ਔਰ ਕਹੀ-ਗੁਰਬਾਣੀ ਪੜ੍ਹੈਯੋ। ਜਪੁ ਜਾਪੁ ਦੁਇ ਵੇਲੇ ਜਪੈਯੋ¨ਔਰ ਅਨੰਦ ਰਹਿਰਾਸ ਜਪਯੋ, ਚੰਡੀ ਬਾਣੀ ਖੜੇ ਪੜ੍ਹੈਯੋ।16

ਇਸ ਮੁਤਾਬਕ ਜਪੁ ਤੇ ਜਾਪੁ ਦੋਵੇਂ ਵੇਲੇ, ਅਨੰਦ ਅਤੇ ਰਹਿਰਾਸ ਪੜ੍ਹਨ ਦਾ ਆਦੇਸ਼ ਹੈ ਅਤੇ ਨਾਲ ਚੰਡੀ ਦੀ ਵਾਰ ਖਲੋ ਕੇ ਪੜ੍ਹਨ ਲਈ ਕਿਹਾ ਹੈ।

5. ਰਹਿਤਨਾਮਾ ਭਾਈ ਨੰਦ ਲਾਲ ਦੇ ਪਹਿਲੇ ਬੰਦ ਵਿੱਚ ਇੰਝ ਲਿਖਿਆ ਹੈ:

ਗੁਰਸਿਖ ਰਹਿਤ ਸੁਨਹੁ ਮੇਰੇ ਮੀਤ। ਉਠਿ ਪ੍ਰਭਾਤ ਕਰੇ ਹਿਤ ਚੀਤ।
ਵਾਹਿਗੁਰੂ ਪੁਨ ਮੰਤ੍ਰ ਸੁ ਜਾਪ। ਕਰ ਇਸ਼ਨਾਨ ਪੜ੍ਹੇ ਜਪੁ ਜਾਪੁ।1।
ਦਰਸ਼ਨ ਕਰੇ ਮੇਰਾ ਪੁਨ ਆਇ। ਅਦਬ ਸਿਉਂ ਬੈਠ ਰਹਹਿ ਚਿਤ ਲਾਇ।
ਤੀਨ ਪਹਿਰ ਜਬ ਬੀਤੇ ਜਾਨ। ਕਥਾ ਸੁਨੈ ਗੁਰ ਹਿਤ ਚਿਤ ਠਾਨ।2।
ਸੰਧਿਆ ਸਮੇਂ ਸੁਨੇ ਰਹਿਰਾਸ। ਕੀਰਤਨ ਕਥਾ ਸੁਨੈ ਹਰਿ ਜਾਸ।
ਇਨ ਮੈ ਨੇਮ ਜੁ ਏਕ ਕਰਾਇ। ਸੋ ਸਿਖ ਅਮਰਪੁਰੀ ਮਹਿ ਜਾਇ।3।

ਇਸ ਅਨੁਸਾਰ ਪ੍ਰਭਾਤ ਵੇਲੇ ਜਪੁ ਤੇ ਜਾਪੁ ਪੜ੍ਹਨੀਆਂ ਅਤੇ ਸੰਧਿਆ ਸਮੇਂ ਰਹਿਰਾਸ ਸੁਨਣੀ ਚਾਹੀਦੀ ਹੈ।

6. ਤਨਖਾਹਨਾਮਾ ਭਾਈ ਨੰਦ ਲਾਲ ਵਿੱਚ ਇੰਝ ਲਿਖਿਆ ਹੈ:

ਚੌਪਈ
ਠੰਢੇ ਪਾਣੀ ਜੋ ਨਹੀਂ ਨ੍ਹਾਵੈ। ਬਿਨ ਜਪੁ ਪੜ੍ਹੈ ਪ੍ਰਸ਼ਾਦ ਜੁ ਖਾਵੈ।
ਬਿਨ ਰਹਿਰਾਸ ਸੰਧਿਆਂ ਜੋ ਖੋਵਹਿ। ਕੀਰਤਨ ਪੜ੍ਹੇ ਬਿਨ ਰੈਣ ਜੁ ਸੋਵਹਿ।15
ਚੁਗਲੀ ਕਰਿ ਜੋ ਕਾਜ ਬਿਗਾਰਹਿ। ਧ੍ਰਿਗ ਤਿਸ ਜਨਮ ਸੁ ਧਰਮ ਬਿਸਾਰਹਿ
ਕਰੈ ਬਚਨ ਜੋ ਪਾਲਹਿ ਨਾਹੀ। ਗੋਬਿੰਦ ਸਿੰਘ ਤਿਸ ਠਉਰ ਕਤ ਨਾਹੀ।16।

ਇਸ ਅਨੁਸਾਰ ਸੁਵੇਰੇ ‘ਜਪੁ’, ਸੰਧਿਆ ਵੇਲੇ ਰਹਿਰਾਸ ਅਤੇ ਸੌਣ ਵਲੇ ਸੋਹਿਲਾ(ਕੀਰਤਨ- ਕੀਰਤਨ ਸੋਹਿਲਾ ਤੋਂ, ਸੋਹਿਲਾ ਬਾਣੀ ਬਾਰੇ ਪ੍ਰਚਲਤ ਨਾਂ ਹੈ) ਬਾਣੀ ਪੜ੍ਹਨ ਦਾ ਆਦੇਸ਼ ਹੈ। ਕੀ ਇਹ ਸੰਭਵ ਹੈ ਕਿ ਭਾਈ ਨੰਦ ਲਾਲ ਜੀ ਦੇ ਆਪਣੇ ਵਿਚਾਰਾਂ ਵਿੱਚ ਹੀ ਮਤਭੇਦ ਹੋਵੇ ਕਿ ਉਹ ਤਨਖਾਹਨਾਮਾਂ ਵਿੱਚ ਕੇਵਲ ਜਪੁ ਅਤੇ ਰਹਿਤਨਾਮਾ ਵਿੱਚ ਜਪੁ ਅਤੇ ਜਾਪੁ ਪੜ੍ਹਨ ਲਈ ਕਹਿ ਰਹੇ ਹਨ?

7. ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਵਿੱਚ ਇਹ ਅੰਕਤ ਹੈ:

ਬਿਨਾ ਜਪੁ ਜਾਪੁ ਜਪੈ, ਜੋ ਜੇਵਹਿ ਪ੍ਰਸਾਦਿ,
ਸੋ ਬਿਸਟਾ ਕਾ ਕਿਰਮ ਹੁਇ, ਜਨਮ ਗਵਾਵੈ ਬਾਦ।13।
ਚੌਪਈ
ਪ੍ਰਾਤਾ ਕਾਲ ਗੁਰ ਗੀਤ ਨ ਗਾਵੈ। ਰਹਿਰਾਸ ਬਿਨਾ ਪ੍ਰਸਾਦਿ ਜੋ ਖਾਵੈ
ਬਾਹਰਮੁਖੀ ਸਿਖ ਤਿਸ ਜਾਨੋ। ਸਭ ਬਰਤਨ ਮਿਥਿਆ ਤਿਸ ਮਾਨੋ।14।

ਭਾਈ ਪ੍ਰਹਿਲਾਦ ਸਿੰਘ ਜਪੁ, ਜਾਪੁ ਅਤੇ ਰਹਿਰਾਸ ਬਾਣੀਆਂ ਨੂੰ ਨਿਤਨੇਮ ਦਸਦੇ ਹਨ।

8. ਭਾਈ ਦਯਾ ਸਿੰਘ ਜੀ ਦੇ ਨਾਂ ਤੇ ਬਣਾਏ ਗਏ, ਰਹਿਤਨਾਮਾ ਭਾਈ ਦਯਾ ਸਿੰਘ, ਜੋ ਕਬਿਤ ਅਤੇ ਵਾਰਤਕ ਦੋਨਾਂ ਵਿੱਚ ਹੈ, ਦੇ ਕਬਿਤ ਵਿੱਚ ਇਹ ਪੰਕਤੀਆਂ ਅੰਕਤ ਹਨ:

ਕੱਛ ਸ੍ਵੈਤ ਔ ਨੀਲ ਪਟ, ਜਪੁ ਅਰੁ ਜਾਪੁ ਉਚਾਰ
ਸ੍ਰੀ ਅਕਾਲ ਉਸਤਤਿ ਕਰੇ, ਚੰਡੀ ਕੰਠ ਸੁਧਾਰ।

ਇਸ ਦੇ ਲਿਖਾਰੀ ਨੇ ਆਪਣੀ ਸਭ ਨਾਲੋਂ ਹੀ ਅਲੱਗ ਮਰਯਾਦਾ ਬਣਾਈ ਹੈ। ਜਪੁ, ਜਾਪੁ, ਅਕਾਲ ਉਸਤਤਿ ਅਤੇ ਚੰਡੀ ਦੀ ਵਾਰ ਨੂੰ ਨਿਤਨੇਮ ਦਸਦਾ ਹੈ, ਬਲਕਿ ਚੰਡੀ ਦੀ ਵਾਰ ਨੂੰ ਜ਼ੁਬਾਨੀ ਯਾਦ ਰਕਨ ਦੀ ਸਿਫਾਰਸ਼ ਕਰਦਾ ਹੈ।

9. ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ ਵਿੱਚ ਲਿਖਿਆ ਹੈ:

ਜੋ ਗੁਰੂ ਕਾ ਸਿੱਖ ਹੋਇ ਕੇਸਾਧਾਰੀ ਅਥਵਾ ਸਹਿਜਧਾਰੀ ਸੋ ਪ੍ਰਾਤਾ ਸਮੇਂ ਇਸ਼ਨਾਨ ਅਥਵਾ ਪੰਜ ਇਸ਼ਨਾਨ ਕਰੇ। ਪੰਜ ਵੇਰੀ ਜਪੁਜੀ ਪੜ੍ਹੇ। ਗੁਰੂ ਰਾਮਦਾਸ ਸਾਹਿਬ ਜੀ ਕਾ ਬਚਨੁ ਹੈ। ਪੰਜ ਵਾਰੀ ਜਪੁਜੀ ਕੇ ਪੜ੍ਹਨੇ ਕਰਿ ਬੁੱਧਿ ਉਜਲ ਹੋਂਦੀ ਹੈ। ਉਪਰੰਤ ਹੋਰ ਬਾਣੀ ਕੰਠ ਹੋਇ, ਸੋ ਪੜ੍ਹੇ। ਪਾਠ ਕਰਕੇ ਹਥ ਜੋੜ ਕਰਿ ਅਰਦਾਸਿ ਕਰੈ।
................
................
ਜੋ ਗੁਰਾਂ ਕਾ ਸਿਖ ਹੋਇ, ਫੇਰ ਰਹਿਰਾਸ ਸਮੇ ‘ਸੋ ਦਰੁ’ ਪੜ੍ਹੈ, ਧਰਮਸਾਲ ਵਿਖੇ ਜਾ ਕਰਿ ! ਅਰੁ ਜੇ ਕਰ ਧਰਮਸਾਲ ਪਹੁੰਚ ਨਾ ਹੋਇ ਤਾਂ ਆਪਣੇ ਘਰਿ ਬੈਠਉ ਵਿਚਾਰ ਕਰੈ।
.................
.................
................
ਗੁਰੂ ਕਾ ਸਿਖ, ਕੀਰਤਨ ਸ਼ਬਦ ਸੋਹਿਲਾ ਪੜ੍ਹ ਕੇ ਸਵੈਂ।

ਇਸ ਨੇ ਨਿਤਨੇਮ ਤਾਂ ਭਾਵੇਂ ਜਪੁ, ਸੋ ਦਰੁ ਅਤੇ ਸੋਹਿਲਾ ਬਾਣੀ ਹੀ ਦਸਿਆ ਹੈ, ਪਰ ਜਪੁ ਬਾਣੀ ਸਵੇਰੇ ਪੰਜ ਵਾਰੀ ਪੜ੍ਹਨ ਦੀ ਹਦਾਇਤ ਕੀਤੀ ਹੈ।

10. ਇਕ ਹੋਰ ‘ਪਰਮ ਸੁਮਾਰਗ’ ਨਾਮ ਦਾ ਰਹਿਤਨਾਮਾ ਵੀ ਮਿਲਦਾ ਹੈ, ਇਸ ਦੇ ਲਿਖਾਰੀ ਦਾ ਕੋਈ ਪਤਾ ਨਹੀਂ। ਇਸ ਵਿੱਚ ਨਿਤਨੇਮ ਬਾਰੇ ਇੰਝ ਲਿਖਿਆ ਹੈ:

ਅੰਮ੍ਰਿਤ ਵੇਲੇ ਰਾਤਿ ਰਹਿੰਦੀ ਇਹਿ ਕਿਰਤਿ ਦੇਹੀ ਦੀ ਕਰੇ।
ਪੰਜ ਵੇਰੀ ਜਪੁ ਤੇ ਜਾਪੁ ਪੜ੍ਹੈ। ਨਾਲੇ ਅਨੰਦ ਪੰਜ ਵੇਰੀ ਪੜ੍ਹੈ।
..............
ਦੁਤੀਆ ਬਚਨ ਰਹਿਤ ਕਾ-ਹੁਕਮ ਹੈ-ਜਾਣੈ ਜੋ ਦੋ ਪਹਿਰ ਦਿਨੁ ਆਇਆ ਹੈ ਤਾਂ ਫੇਰਿ ਹੱਥ ਪੈਰ ਗੋਡਿਆਂ ਤਕ ਧੋਇ ਕਰਿ ਇਕ ਵੇਰੀ ਜਪੁ, ਜਾਪੁ ਦੋਵੈਂ ਪੜ੍ਹੈ ਫੇਰ ਕਿਰਤ ਕਰੈ।............... ।

ਤ੍ਰਿਤਿਆ ਬਚਨ ਰਹਿਤ ਕਾ:- ਜਬ ਜਾਣੈ ਦੁਇ ਘੜੀਆਂ ਦਿਨ ਰਹਿਆ ਹੈ ਤਾਂ ਸੋਦਰ ਰਹਿਰਾਸਿ ਨਾਲ ਪੜ੍ਹੈ। ਜਾਂ ਭੋਗ ਪਾਵੈ ਤਾਂ ਦੋਂਦੇ, ਜਪੁ ਤੇ ਜਾਪੁ ਪੜ ਕੈ ਮਥਾ ਟੇਕੈ........

ਚਉਥਾ ਬਚਨ ਰਹਿਤ ਦਾ ਇਹੁ ਹੈ:- ਜਬ ਜਾਨੈ ਰਾਤਿ ਹੋਈ ਹੈ ਸਭਨਾਂ ਕੰਮਾ ਦੁਨੀਆਂ ਸਿਉਂ ਫਾਰਕੁ ਹੋਇ ਰਹਿਆ ਹਾਂ ! ਤਾਂ ਬਾਣੀ ਪਾਤਿਸ਼ਾਹੀ ਪਹਿਲੀ ਤੋਂ ਲੈਕਰਿ ਦਸਵੀਂ ਦੀ- ਬਚਿਤ੍ਰ ਨਾਟਕ, ਹੋਰ ਬਾਣੀ ਗ੍ਰੰਥ ਕੀ, ਹੋਰਨਾ ਪਾਤਿਸ਼ਾਹੀਆਂ ਦੀ ਹੋਵੇ ਸੁ ਪੜ੍ਹੈ। ਕੀਰਤਨ ਕਰੇ। ਜੋ ਜਾਣੈ ਜੁ ਨਿੰਦ੍ਰਾ ਬਹੁਤ ਆਈ ਹੈ ਤਾਂ ਕੀਰਤਨ ਸੋਹਿਲਾ ਪੜ੍ਹ ਕੈ ਸੋਇ ਰਹੈ,.......।

ਸਭ ਤੋਂ ਵੱਧ ਭੁਲੇਖੇ ਇਸ ਅਗਿਆਤ ਲਿਖਾਰੀ ਨੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਤਾਂ ਇਸ ਨੇ ਨਿਤਨੇਮ ਦੇ ਵੇਲੇ ਵੀ ਤਿੰਨ ਦੀ ਬਜਾਏ ਚਾਰ ਕਰ ਦਿੱਤੇ ਹਨ, ਫੇਰ ਜਿਥੇ ਅੰਮ੍ਰਿਤ ਵੇਲੇ ਜਪੁ, ਜਾਪੁ ਤੇ ਅਨੰਦ ਪੰਜ ਪੰਜ ਵਾਰੀ ਪੜ੍ਹਨਾ ਦਸਿਆ ਹੈ ਉਥੇ ਦੂਜੇ ਤੇ ਤੀਜੇ ਨਿਤਨੇਮ ਵਿੱਚ ਵੀ ਰਹਿਰਾਸ ਦੇ ਨਾਲ, ਜਪੁ ਤੇ ਜਾਪੁ ਬਾਣੀਆਂ ਪੜ੍ਹਨ ਦੀ ਵਕਾਲਤ ਕੀਤੀ ਹੈ ਅਤੇ ਸੌਣ ਤੋਂ ਪਹਿਲਾਂ ਸੋਹਿਲਾ ਬਾਣੀ ਪੜ੍ਹਨ ਲਈ ਵੀ ਲਿਖਿਆ ਹੈ। ਇਸ ਦੀ ਲਿਖਤ ਵਿੱਚੋਂ ਸਾਫ ਪਤਾ ਲਗਦਾ ਹੈ ਕਿ ਇਹ ਨਿਤਨੇਮ ਰਾਹੀਂ ਬਚਿਤ੍ਰ ਨਾਟਕ ਨੂੰ ਪੰਥ ਵਿੱਚ ਪ੍ਰਵਾਨ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ, ਕਿ ਇਸ ਪੋਥੇ ਦਾ ਨਾਂ ਪਹਿਲਾਂ ਬਚਿਤ੍ਰ ਨਾਟਕ ਹੀ ਸੀ।

11. ਰਹਿਤਨਾਮਾ ਭਾਈ ਦੇਸਾ ਸਿੰਘ ਵਿੱਚ ਨਿਤਨੇਮ ਦੀਆਂ ਬਾਣੀਆਂ ਬਾਰੇ ਇੰਝ ਵਰਨਣ ਹੈ:

ਦੋਹਰਾ
ਪ੍ਰਾਤਹ ਉਠ ਇਸ਼ਨਾਨ ਕਰਿ, ਪੜ੍ਹਹਿ ਜਾਪੁ ਜਪੁ ਦੋਇ
ਸੋਦਰ ਕੀ ਚੋਂਕੀ ਕਰੇ, ਆਲਸ ਕਰੈ ਨ ਕੋਇ।37।
ਪਹਰਿ ਰਾਤ ਬੀਤ ਹੈ ਜਬਹੀ। ‘ਸੋਹਿਲਾ’ ਪਾਠ ਕਰੈ ਸੋ ਤਬਹੀ
ਦੁਹੂੰ ਗ੍ਰੰਥ ਮੈਂ ਬਾਨੀ ਜੋਈ ! ਚੁਨ ਚੁਨ ਕੰਠ ਕਰੇ ਨਿਤ ਸਾਈ।38।

ਭਾਈ ਦੇਸਾ ਸਿੰਘ ਦੇ ਇਸ ਰਹਿਤਨਾਮੇ ਵਿੱਚ ਵੀ ਜਪੁ, ਜਾਪੁ, ਸੋ ਦਰੁ ਅਤੇ ਸੋਹਿਲਾ ਬਾਣੀਆਂ ਦਾ ਨਿਤਨੇਮ ਦਸਿਆ ਹੈ, ਆਖਰੀ ਪੰਕਤੀ ਵਿੱਚ ‘ਦੁਹੂੰ ਗ੍ਰੰਥ’ ਸ਼ਬਦ ਵਰਤ ਕੇ ਬਚਿਤ੍ਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਦੇਣ ਅਤੇ ਕੌਮ ਵਿੱਚ ਭੁਲੇਖੇ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

12. ਰਹਿਤਨਾਮਾ ਭਾਈ ਸਾਹਿਬ ਸਿੰਘ ਵਿੱਚ ਨਿਤਨੇਮ ਦੀਆਂ ਬਾਣੀਆਂ ਇਹ ਦਸੀਆਂ ਹਨ:-

ਆਨੰਦ ਜਪੁ ਨਿਤ ਹੀ ਪੜ੍ਹੈ ਥੋੜਾ ਸਾਰ ਸਿਖ
ਰਹਿਰਾਸ ਆਰਤੀ ਸ਼ਬਦ ਪੁਨ ਕੀਰਤਨ ਸੁਨਹਿ ਸੁ ਭਿਖ ।27

ਇਸ ਮੁਤਾਬਕ ਸਵੇਰੇ ਜਪੁ ‘ਤੇ ਅਨੰਦੁ ਬਾਣੀ ਅਤੇ ਸ਼ਾਮ ਨੂੰ ਰਹਿਰਾਸ ਤੇ ਆਰਤੀ ਦਾ ਸ਼ਬਦ ਪੜ੍ਹਨਾ ਚਾਹੀਦਾ ਹੈ। ਹੋ ਸਕਦਾ ਹੈ ਦਰਬਾਰ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਵਿੱਚ ਆਰਤੀ ਦੇ ਸ਼ਬਦ ਪੜ੍ਹਨ ਦਾ ਰਿਵਾਜ਼ ਇਸੇ ਤੋਂ ਪਿਆ ਹੋਵੇ ਪਰ ਜਿਵੇਂ ਆਰਤੀ ਦੇ ਸ਼ਬਦਾਂ ਵਿੱਚ ਬਗੈਰ ਗੁਰਮਤਿ ਨੂੰ ਵਿਚਾਰੇ ਭਾਰੀ ਮਿਲਾਵਟ ਕੀਤੀ ਗਈ ਹੈ, ਉਹ ਹੋਰ ਵੀ ਦੁਖਦਾਈ ਹੈ। ਕਿਉਂਕਿ ਗੁਰੂ ਨਾਨਕ ਪਾਤਿਸ਼ਾਹ ਦਾ ਉਚਾਰਣ ਕੀਤਾ ਆਰਤੀ ਦਾ ਸ਼ਬਦ ਸੋਹਿਲਾ ਬਾਣੀ ਵਿੱਚ ਵੀ ਆਉਂਦਾ ਹੈ, ਇਹ ‘ਆਰਤੀ ਸ਼ਬਦ’ ਸੋਹਿਲਾ ਬਾਣੀ ਪੜ੍ਹਨ ਦਾ ਸੰਕੇਤ ਵੀ ਹੋ ਸਕਦਾ ਹੈ।

13. ਇਨ੍ਹਾਂ ਤੋਂ ਇਲਾਵਾ ਸੌ ਸਾਖੀਆਂ ਵਿਚੋਂ ਅਠਵੀਂ ਸਾਖੀ, ਭਾਈ ਸਾਹਿਬ ਸਿੰਘ ਦੇ ਨਾਂ ਤੇ ‘ਮੁਕਤਿਨਾਮਾ’ ਮਿਲਦਾ ਹੈ, ਜਿਸ ਵਿੱਚ ਇੰਝ ਲਿਖਿਆ ਹੈ:

ਖਾਵਹਿ ਗੁਰ ਕਾ ਨਾਮ ਜਪਿ ਜਪੁ ਪੜ੍ਹਿ ਲੇ ਪ੍ਰਸਾਦ
ਨਗਨ ਨ ਦੇਖਹਿ ਨਾਇਕਾ, ਨਾਰ ਰੂਪ ਨਹਿ ਯਾਦ।6

ਇਸ ਅਨੁਸਾਰ ਅੰਮ੍ਰਿਤਵੇਲੇ ‘ਜਪੁ’ ਬਾਣੀ ਪੜ੍ਹਨ ਦਾ ਵਿਧਾਨ ਹੈ। ਇਸ ਵਿੱਚ ਵੀ ਸੰਧਿਆ ਜਾਂ ਰਾਤ ਸੌਣ ਵੇਲੇ ਦੇ ਨਿਤਨੇਮ ਦਾ ਜ਼ਿਕਰ ਨਹੀਂ ਆਇਆ।

(ਉਪਰੋਕਤ ਰਹਿਤਨਾਮਿਆਂ ਦੇ ਪ੍ਰਮਾਣ, ਪਿਆਰਾ ਸਿੰਘ ਪਦਮ, ਸੰਪਾਦਿਤ, ‘ਰਹਿਤਨਾਮੇ’(1984) ਪੁਸਤਕ ਵਿਚੋਂ ਇੰਨ ਬਿੰਨ ਉਤਾਰੇ ਹਨ)

ਨਿਚੋੜ:

ਉਪਰੋਕਤ ਸਾਰੇ ਪ੍ਰਮਾਣਾਂ ਵਿੱਚ ਆਪਸੀ ਇਕਸਾਰਤਾ ਨਾ ਹੋਣ ਕਾਰਨ, ਕਿਸੇ ਨਿਰਣੇ ਤੇ ਪਹੁੰਚਣ ਲਈ, ਇਨ੍ਹਾਂ ਦਾ ਨਿਚੋੜ ਕਢਣ ਦੀ ਕੋਸ਼ਿਸ਼ ਕਰਦੇ ਹਾਂ:

1) ਉਪਰੋਕਤ 13 ਪ੍ਰਮਾਣਾ ਵਿੱਚੋਂ ਇਕ ਗੱਲ ਸਾਫ ਉਭਰ ਕੇ ਆਈ ਹੈ ਕਿ ਜਪੁ ਬਾਣੀ ਪੜ੍ਹਨ ਦਾ ਆਦੇਸ਼ ਤਕਰੀਬਨ ਸਾਰਿਆਂ ਵਿੱਚ ਹੀ ਹੈ , ਸਿਵਾਏ ਪਹਿਲੇ ਦੋ ਦੇ, ਜਿਨ੍ਹਾਂ ਵਿੱਚ ਨਿਤ ਗੁਰਬਾਣੀ ਪੜ੍ਹਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਵੀ ਗਿਆਨੀ ਗਿਆਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਨਿਤ ਕਿਰਿਆ ਬਿਆਨ ਕਰਦੇ ਹੋਏ, ਉਨ੍ਹਾਂ ਵਲੋਂ ਵੀ ਰੋਜ਼ ਅੰਮ੍ਰਿਤ ਵੇਲੇ ਜਪੁ ਬਾਣੀ ਪੜ੍ਹਨ ਦਾ ਜ਼ਿਕਰ ਕੀਤਾ ਹੈ।

2) ਇਸੇ ਤਰ੍ਹਾਂ ਪਹਿਲੇ ਦੋ ਛੱਡ ਕੇ ਬਾਕੀ ਗਿਆਰਾਂ ਵਿੱਚੋਂ ਨੌਂ ਵਿੱਚ ਰਹਿਰਾਸ ਬਾਣੀ ਨੂੰ ਵੀ ਸ਼ਾਮ ਦੇ ਨਿਤਨੇਮ ਦੇ ਰੂਪ ਵਿੱਚ ਪ੍ਰਵਾਣ ਕੀਤਾ ਗਿਆ ਹੈ। ਭਾਈ ਦਯਾ ਸਿੰਘ ਦੇ ਨਾਂ ਤੇ ਬਣਾਏ ਗਏ ਰਹਿਤਨਾਮੇ ਅਤੇ ਭਾਈ ਸਾਹਿਬ ਸਿੰਘ ਦੇ ਨਾਂ ਤੇ ‘ਮੁਕਤਿਨਾਮਾ’ ਵਿੱਚ ਕੇਵਲ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਹੀ ਜ਼ਿਕਰ ਹੈ।

3) ਰਾਤ ਸੌਣ ਤੋਂ ਪਹਿਲਾਂ, ਸੋਹਿਲਾ ਬਾਣੀ ਪੜ੍ਹਨ ਦਾ ਜ਼ਿਕਰ ਬਾਕੀ ਗਿਆਰ੍ਹਾਂ ਵਿੱਚੋਂ ਛੇ ਵਿੱਚ ਆਉਂਦਾ ਹੈ। ਬਾਕੀਆਂ ਨੇ ਇਸ ਰਾਤ ਦੇ ਨਿਤਨੇਮ ਦਾ ਜ਼ਿਕਰ ਹੀ ਨਹੀਂ ਕੀਤਾ।

4) ਤਿੰਨ ਰਹਿਤਨਾਮਿਆਂ ਵਿੱਚ ‘ਅਨੰਦ’ ਬਾਣੀ ਵੀ ਪੜ੍ਹਨ ਲਈ ਕਿਹਾ ਗਿਆ ਹੈ।

5) ਛੇ ਰਹਿਤਨਾਮਿਆਂ ਵਿੱਚ ਜਾਪੁ ਪੜ੍ਹਨ ਵਾਸਤੇ ਵੀ ਆਖਿਆ ਗਿਆ ਹੈ

6) ਦੋ ਵਾਰੀ ‘ਚੰਡੀ ਦੀ ਵਾਰ’ ਅਤੇ ਇਕ ਵਾਰੀ ‘ਅਕਾਲ ਉਸਤਤਿ’ ਦਾ ਜ਼ਿਕਰ ਵੀ ਆਉਂਦਾ ਹੈ।

7) ਇਸ ਵਿੱਚ ਪੰਥ ਪ੍ਰਵਾਨਤ ਕਹੀਆਂ ਜਾਣ ਵਾਲੀਆਂ ਨਿਤਨੇਮ ਦੀਆਂ ਬਾਣੀਆਂ ਵਿੱਚੋਂ, ‘ਦਸ ਸਵੈਯੇ’ ਦਾ ਜ਼ਿਕਰ ਤੱਕ ਨਹੀਂ ਹੈ।

8) ਹਰ ਡੇਰੇ ਅਤੇ ਸੰਸਥਾਂ ਵਲੋਂ ਪ੍ਰਚਾਰੇ ਜਾਂਦੇ ‘ਕਬਿਯੋ ਬਾਚ ਬੇਨਤੀ ਚੌਪਈ’ ਦਾ ਵੀ ਇਕ ਵਾਰੀ ਵੀ ਜ਼ਿਕਰ ਨਹੀਂ।

9) ਸੁਖਮਨੀ, ਸ਼ਬਦ ਹਜ਼ਾਰੇ, ਬਾਰ੍ਹਾਂਮਾਹ ਆਦਿ ਬਾਣੀਆਂ ਦਾ ਵੀ ਕਿਤੇ ਕੋਈ ਜ਼ਿਕਰ ਨਹੀਂ।

ਜਾਪਦਾ ਹੈ ਕਿ ਸਾਡੇ ਮੌਜੂਦਾ ਸਿੱਖ ਰਹਿਤ ਮਰਯਾਦਾ ਬਨਾਉਣ ਵਾਲੇ ਵਿਦਵਾਨਾਂ ਨੇ ਵੀ ਇਨ੍ਹਾਂ ਜਾਂ ਇਸ ਤੋਂ ਇਲਾਵਾ ਕੁਝ ਹੋਰ ਲਿਖਤਾਂ ਨੂੰ ਅਧਾਰ ਬਣਾਇਆ ਹੋਵੇਗਾ। ਇਨ੍ਹਾਂ ਵਿੱਚ ਇਕਸਾਰਤਾ ਨਾ ਹੋਣ ਕਾਰਨ, ਇਨ੍ਹਾਂ ਦੇ ਅਧਾਰ ਤੇ ਕਿਸੇ ਨਿਰਣੇ ਤੇ ਪਹੁੰਚਣਾ ਸੌਖਾ ਨਹੀਂ। ਸ਼ਾਇਦ ਇਸੇ ਕਰਕੇ ਸਾਡੇ ਮੌਜੂਦਾ ਸਿੱਖ ਰਹਿਤ ਮਰਯਾਦਾ ਬਨਾਉਣ ਵਾਲੇ ਵਿਦਵਾਨ ਵੀ ਕੁਝ ਵੱਡੀਆਂ ਭੁਲਾਂ ਕਰ ਗਏ। ਇਹ ਸਾਰੇ ਪ੍ਰਮਾਣ ਗੁਰਸਿੱਖਾਂ ਦੁਆਰਾ ਲਿਖੇ ਗਏ ਇਤਿਹਾਸ ਜਾਂ ਰਹਿਤਨਾਮਿਆ ਦੇ ਪ੍ਰਮਾਣ ਕਹੇ ਜਾਂ ਸਕਦੇ ਹਨ। ਇਨ੍ਹਾਂ ਰਹਿਤਨਾਮਿਆਂ ਦੇ ਉਸ ਲਿਖਾਰੀ, ਜਿਸ ਦਾ ਉਪਰ ਨਾਂ ਲਿਖਿਆ ਗਿਆ ਹੈ, ਦੀ ਅਸਲ ਲਿਖਤ ਹੋਣ ਅਤੇ ਲਿਖਣ ਵਾਲੇ ਲਿਖਾਰੀਆਂ ਦੀ ਇਮਾਨਦਾਰੀ ਬਾਰੇ ਕਈ ਸ਼ੰਕੇ ਹਨ। ਗੱਲ ਬੜੀ ਸਪੱਸ਼ਟ ਹੈ ਕਿ ਜੋ ਕਿਸੇ ਪੁਰਾਤਨ ਗੁਰਸਿੱਖ ਜਾਂ ਸਤਿਗੁਰੂ ਦਾ ਨਾਂ ਵਰਤ ਕੇ ਆਪਣੇ ਵਿਚਾਰ ਕੌਮ ਤੇ ਲੱਦਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਕੋਈ ਸੁਹਿਰਦ ਸਿੱਖ ਨਹੀਂ ਹੋ ਸਕਦਾ। ਸਮੇਂ ਸਮੇਂ ਤੇ ਇਨ੍ਹਾਂ ਵਿੱਚ ਮਿਲਾਵਟਾਂ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿੱਚ ਆਈਆਂ ਅਨਗਿਣਤ ਗੁਰਮਤਿ ਵਿਰੋਧੀ ਗੱਲਾਂ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹਨ।
ਉਪਰ ਜੋ ਭਾਈ ਸਾਹਿਬ ਸਿੰਘ ਦੇ ਨਾਂ ਤੇ ‘ਮੁਕਤਿਨਾਮਾ’ ਦਾ ਜ਼ਿਕਰ ਹੈ, ਇਸ ਵਿੱਚ ਇਕ ਬੜੇ ਹੀ ਕਮਾਲ ਦੀ ਗੱਲ ਲਿਖੀ ਹੈ:

‘ਗੁਰ ਕੀ ਪਾਹੁਲ ਸਿਖ ਲੇਇ, ਰਹਤ ਕਮਾਵਹਿ ਗ੍ਰੰਥ
ਜੋ ਬੇੜਾ ਸੋ ਸੇਵਿਆ, ਔਰ ਨਾ ਭਰਮਹਿ ਪੰਥ।12’

ਭਾਵ ਸਿੱਖ ਗੁਰੂ ਦੀ ਪਾਹੁਲ ਲਵੇ, ਅਤੇ ਉਹ ਰਹਿਤ ਕਮਾਵਹਿ ਜੋ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ, ਇਸ ਤੋਂ ਸਿਵਾ ਸਿੱਖ ਹੋਰ ਕਿਧਰੇ ਨਾ ਭਟਕੇ। ਮੈਂ ਸਮਝਦਾ ਹਾਂ ਅੱਜ ਸਾਡੀਆਂ ਸਭ ਦੁਬਿਧਾਵਾਂ, ਸਮੱਸਿਆਵਾਂ ਅਤੇ ਭਟਕਣਾਂ ਦਾ ਮੂਲ ਕਾਰਨ ਹੀ ਇਹ ਹੈ ਕਿ ਅਸੀਂ ਆਪਣੀ ਦੁਬਿਧਾ ਦੂਰ ਕਰਨ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਭਾਲ ਕਰ ਰਹੇ ਹਾਂ।
ਅਸਲ ਵਿੱਚ ਤਾਂ, ਇਨ੍ਹਾਂ ਸਾਰਿਆਂ ਤੋਂ ਉਪਰ ਉਹ ਪ੍ਰਮਾਣ ਹੈ ਜੋ ਸਤਿਗੁਰੂ ਨੇ ਆਪ ਲਿਖਿਆ ਹੈ। ਜੋ ਸਾਡੇ ਜ਼ਾਹਿਰਾ ਜ਼ਹੂਰ, ਹਾਜ਼ਿਰਾ ਹਜ਼ੂਰ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖਵਾਕ ਹੈ, ‘ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ’। ‘ਜਪੁ’ ਬਾਣੀ ਤੋਂ ਬਾਅਦ, ਇਸ ਦੇ ਵਿੱਚ ‘ਸੋਦਰੁ’ ਬਾਣੀ ਦੇ ਪੰਜ ਸ਼ਬਦ, ‘ਸੋ ਪੁਰਖੁ’ ਦੇ ਚਾਰ ਸ਼ਬਦ ਅਤੇ ਸੋਹਿਲਾ ਬਾਣੀ ਦੇ ਪੰਜ ਸ਼ਬਦ ਨਿਰਧਾਰਤ ਰਾਗਾਂ ਵਿੱਚ ਮੁੜ੍ਹ ਤੋਂ ਆਉਂਦੇ ਹਨ, ਇਨ੍ਹਾਂ ਨੂੰ ਪਹਿਲਾਂ ਅਲੱਗ ਇਕੱਠੇ ਕਰਕੇ ਦਰਜ ਕਰਨ ਦਾ ਕਾਰਣ ਕੇਵਲ ਇਹੀ ਹੈ ਕਿ ਸਤਿਗੁਰੂ ਨੇ ਆਪ ਸਾਨੂੰ ਨਿਤਨੇਮ ਬਣਾ ਕੇ ਦਿੱਤਾ ਹੈ। ਹੁਣ ਕਈ ਵੀਰ ਇਹ ਆਖਣਗੇ, ਜੀ ! ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਗੁਰੂ ਅਰਜਨ ਪਾਤਿਸ਼ਾਹ ਦਾ ਤਿਆਰ ਕਰਾਇਆ ਹੋਇਆ ਹੈ, ਇਸ ਲਈ ਇਹ ਉਹ ਨਿਤਨੇਮ ਹੈ, ਜੋ ਉਸ ਸਮੇਂ ਤੱਕ ਪ੍ਰਚੱਲਤ ਸੀ। ਉਹ ਪਤਾ ਨਹੀਂ ਇਹ ਕਿਉਂ ਭੁਲ ਜਾਂਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਤਿਆਰ ਕਰਾਇਆ ਹੈ। ਪਹਿਲੇ ਮੂਲ ਸਰੂਪ ਵਿੱਚ ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਪਾਤਿਸ਼ਾਹ ਦੇ 115 ਸ਼ਬਦ ਨਿਰਧਾਰਤ ਰਾਗਾਂ ਵਿੱਚ ਦਰਜ ਕਰਾਏ ਹਨ। ਜੇ ਸਤਿਗੁਰੂ ਨਿਤਨੇਮ ਦੇ ਵਿੱਚ ਵੀ ਕੋਈ ਵਾਧ-ਘਾਟ ਕਰਨਾ ਚਾਹੁੰਦੇ ਤਾਂ ਉਹ ਸਮਰੱਥ ਸਨ, ਜਿਵੇਂ ਚਾਹੁੰਦੇ ਕਰ ਸਕਦੇ ਸਨ। ਜੇ ਉਨ੍ਹਾਂ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਤਾਂ ਸਪੱਸ਼ਟ ਹੈ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਸ ਨਿਤਨੇਮ ਨੂੰ ਪ੍ਰਵਾਨਗੀ ਦਿੱਤੀ ਹੈ। ਸਤਿਗੁਰੂ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਤੋਂ ਬਾਅਦ ਇਸ ਨਿਤਨੇਮ ਤੇ ਦਸਮ ਪਾਤਿਸ਼ਾਹ ਦੀ ਆਪਣੀ ਮੋਹਰ ਲੱਗ ਗਈ ਹੈ।

ਜਿਸ ਨਿਤਨੇਮ ਨੂੰ ਸਤਿਗੁਰੂ ਨੇ ਆਪ ਪ੍ਰਵਾਨਗੀ ਦਿੱਤੀ ਹੈ, ਕੀ ਉਸ ਨੂੰ ਬਦਲਣ ਦਾ ਅਧਿਕਾਰ ਕਿਸੇ ਨੂੰ ਹੋ ਸਕਦਾ ਹੈ? ਪੰਥ ਪ੍ਰਵਾਨਗੀ ਦੇ ਨਾਂ ਤੇ ਐਸੀਆਂ ਆਪਹੁਦਰੀਆਂ ਕਰਨਾ, ਆਪਣੇ ਆਪ ਨੂੰ ਸਤਿਗੁਰੂ ਨਾਲੋਂ ਵੱਡਾ ਅਤੇ ਸਿਆਣਾ ਸਮਝਣਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਤਿਗੁਰੂ ਨੇ ਸਿੱਖ ਨੂੰ ਗੁਰੂ ਹੋਣ ਦਾ ਮਾਣ ਦਿੱਤਾ ਹੈ ਤਾਂ ਇਸ ਨਾਤੇ ਪੰਥ(ਨਿਰੋਲ ਗੁਰਮਤਿ ਦੇ ਧਾਰਨੀ ਗੁਰਸਿੱਖਾਂ ਦਾ ਸਮੂਹ), ਗੁਰੂ ਪੰਥ ਅਖਵਾ ਸਕਦਾ ਹੈ, ਪਰ ਸਤਿਗੁਰੂ ਦੁਆਰਾ ਆਪ ਲਗਾਈ ਪਾਬੰਦੀ ਨਹੀਂ ਤੋੜ ਸਕਦਾ:

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥” {ਆਸਾ ਮਹਲਾ 4, ਪੰਨਾ 444}

ਭਾਵ ਸਿੱਖ ਉਪਦੇਸ਼ ਕੇਵਲ ਗੁਰੂ ਦਾ ਹੀ ਚਲਾ ਸਕਦਾ ਹੈ, ਉਸ ਤੋਂ ਬਾਹਰ ਜਾਕੇ ਨਾ ਕੋਈ ਪ੍ਰਚਾਰ ਕਰ ਸਕਦਾ ਹੈ ਨਾ ਫੈਸਲੇ ਲੈ ਸਕਦਾ ਹੈ। ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਅਤੇ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇਸ ਤੋਂ ਬਾਹਰ ਜਾਣ ਦਾ ਕਿਸੇ ਵਿਅਕਤੀ ਕੋਲ, ਵਿਅਕਤੀ ਸਮੂਹ ਕੋਲ ਜਾਂ ਪੰਥ ਕੋਲ ਕੋਈ ਅਧਿਕਾਰ ਨਹੀਂ।
ਬਿਨਾਂ ਸ਼ੱਕ ਸਾਡੇ ਕੋਲੋਂ ਰਹਿਤ ਮਰਯਾਦਾ ਅਤੇ ਪੰਥ ਪ੍ਰਵਾਨਕਤਾ ਦੇ ਨਾਂ ਤੇ ਵੱਡੀ ਭੁੱਲ ਹੋਈ ਹੈ। ਭੁੱਲ ਦੀ ਸੋਝੀ ਹੋ ਜਾਵੇ ਤਾਂ ਉਸਨੂੰ ਫੌਰੀ ਸੁਧਾਰ ਲੈਣ ਵਿੱਚ ਹੀ ਭਲਾ ਹੈ, ਨਹੀਂ ਤਾਂ ਉਹ ਭੁੱਲ ਤੋਂ ਵੱਧ ਕੇ ਗੁਨਾਹ ਬਣ ਜਾਂਦੀ ਹੈ।

ਇਥੇ ਥੋੜ੍ਹੀ ਜਿਹੀ ਵਿਚਾਰ ‘ਰਹਿਰਾਸ’ ਅਤੇ ‘ਸੋਹਿਲਾ’ ਬਾਣੀਆਂ ਬਾਰੇ ਵੀ ਕਰ ਲੈਣੀ ਚੰਗੀ ਹੋਵੇਗੀ। ਸਿੱਖ ਰਹਿਤ ਮਰਯਾਦਾ ਮੁਤਾਬਕ ਰਹਿਰਾਸ ਦਾ ਸਰੂਪ ਇਹ ਹੈ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਲਿਖੇ ਹੋਏ ਨੌਂ ਸਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤੱਕ) ਬੇਨਤੀ ਚੌਪਈ(‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈਕੇ ‘ਦੁਸ਼ਟ ਦੋਖ ਤੇ ਤੇ ਲੇਹੁ ਬਚਾਈ’ ਤੱਕ, ਸਵੈਯਾ ‘ਪਾਇ ਗਹੇ ਜਬ ਤੇ ਤੁਮਰੇ’ ਅਤੇ ਦੋਹਰਾ ‘ਸਗਲ ਦੁਆਰ ਕਉ ਛਾਡਿ ਕੈ’) ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ, ਮੁੰਦਾਵਨੀ ਤੇ ਸਲੋਕ ਮਹਲਾ 5 ‘ਤੇਰਾ ਕੀਤਾ ਜਾਤੋ ਨਾਹੀ’)।

ਇਹ ਪੰਥ ਦੀ ਬਣਾਈ ਹੋਈ ਰਹਿਰਾਸ ਹੈ, ਪਰ ਸਿੱਖ ਕੌਮ ਵਿੱਚ ਤਾਂ ਹੋਰ ਕਈ ਰਹਿਰਾਸਾਂ ਪ੍ਰਚਲਤ ਹੋ ਗਈਆਂ ਹਨ। ਜਿਸ ਡੇਰੇ ਦਾ ਜੀ ਕੀਤਾ, ਆਪਣੇ ਡੇਰੇ ਦੀ ਮਰਯਾਦਾ ਜਾਂ ਆਪਣੇ ਵੱਡੇ ਮਹਾਂਪੁਰਖਾਂ ਦਾ ਨਾਂ ਲੈਕੇ, ਕੁਝ ਬਾਣੀਆਂ ਅੱਗੇ ਜੋੜ ਲਈਆਂ, ਕੁਝ ਪਿੱਛੇ ਜੋੜ ਲਈਆਂ। ਕਈਆਂ ਨੇ ਬੇਨਤੀ ਚੌਪਈ ਦੇ ਵਿੱਚ ਕਈ ਹੋਰ ਬੰਦ ਜੋੜ ਲਏ। ਪੰਥ ਵਿੱਚ ਇਕਸਾਰਤਾ ਲਿਆਉਣ ਦੇ ਨਾਂ ਤੇ ਜੋ ਰਹਿਰਾਸ ਤਿਆਰ ਕੀਤੀ ਗਈ, ਉਹ ਤਾਂ ਵਿਰਲਿਆਂ ਤੱਕ ਹੀ ਸੀਮਤ ਰਹਿ ਗਈ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ 13 ਪੰਨਿਆ ਤੇ ਜੋ ਨਿਤਨੇਮ ਦਰਜ ਹੈ, ਉਸ ਵਿੱਚ ਪਹਿਲੇ ਤੋਂ ਅਠਵੇਂ ਪੰਨੇ ਤੱਕ ‘ਜਪੁ’ ਬਾਣੀ, ਅੱਠਵੇਂ ਤੋਂ 10ਵੇਂ ਪੰਨੇ ਤੱਕ ‘ਸੋ ਦਰੁ’ ਦੇ ਪੰਜ ਸ਼ਬਦ, 10ਵੇਂ ਤੋਂ 12ਵੇਂ ਪੰਨੇ ਤੱਕ ‘ਸੋ ਪੁਰਖੁ’ ਦੇ ਚਾਰ ਸ਼ਬਦ ਅਤੇ 12ਵੇਂ ਤੇ 13ਵੇਂ ਪੰਨੇ ਤੇ ‘ਸੋਹਿਲਾ’ ਬਾਣੀ ਦੇ ਪੰਜ ਸ਼ਬਦ ਦਰਜ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ‘ਰਹਿਰਾਸ’ ਨਾਂ ਜਾਂ ਸਿਰਲੇਖ ਹੇਠ ਕੋਈ ਬਾਣੀ ਦਰਜ ਨਹੀਂ ਹੈ, ਲੇਕਿਨ ਸਾਰਿਆਂ ਰਹਿਤਨਾਮਿਆਂ ਵਿੱਚ ਅਤੇ ਕੁਝ ਇਤਿਹਾਸਕ ਕਿਤਾਬਾਂ ਵਿੱਚ ਇਹ ਸਿਰਲੇਖ ਲਿਖਿਆ ਮਿਲਦਾ ਹੈ। ਇਹ ਕਦੋਂ ਅਤੇ ਕਿਵੇਂ ਪ੍ਰਚਲਤ ਹੋਇਆ, ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਜਾਪਦਾ ਹੈ ਕਿ ‘ਸੋ ਦਰੁ’ ਬਾਣੀ ਦੇ ਚੌਥੇ ਸ਼ਬਦ ਵਿੱਚ ਆਈਆਂ ‘ਰਹਾਉ’ ਦੀਆਂ ਪੰਕਤੀਆਂ, ‘ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥’ ਤੋਂ ਬਾਣੀ ਦਾ ਨਾਂ ਰਹਿਰਾਸ ਰਖ ਲਿਆ ਗਿਆ ਹੋਵੇਗਾ। ਕੁਝ ਵੀ ਹੋਵੇ, ਸਿੱਖ ਸੰਧਰਬ ਵਿੱਚ ਰਹਿਰਾਸ ਦਾ ਭਾਵ ਹੈ, ਸ਼ਾਮ ਨੂੰ ਕਰਨ ਵਾਲਾ ਨਿਤਨੇਮ। ਸਿੱਖ ਰਹਿਤ ਮਰਯਾਦਾ ਵਿੱਚ ਰਹਿਰਾਸ ਨੂੰ ਪੂਰਨਤਾ ਦੇਣ ਦੇ ਨਾਂ ਤੇ, ਗੁਰੂ ਗ੍ਰੰਥ ਸਾਹਿਬ ਦੇ 8 ਤੋਂ 12 ਪੰਨਿਆਂ ਤੱਕ ‘ਸੋ ਦਰੁ’, ‘ਸੋ ਪੁਰਖੁ’ ਬਾਣੀਆਂ ਦੇ ਸਿਰਲੇਖ ਹੇਠ ਦਰਜ ਨੌਂ ਸ਼ਬਦ, ਪਹਿਲੇ ਲੈਕੇ, ਪਿਛੇ ਬਾਕੀ ਸ਼ਬਦ ਆਪ ਜੋੜ ਲਏ ਗਏ ਹਨ। ਰਹੁਰੀਤ ਕਮੇਟੀ ਨੇ ਇਨ੍ਹਾਂ ਨੌਂ ਸ਼ਬਦਾਂ ਤੋਂ ਬਾਅਦ ਵਿੱਚ ਕੁਝ ਸ਼ਬਦ ਆਪਣੇ ਕੋਲੋਂ ਜੋੜੈ, ਕੁਝ ਡੇਰਿਆਂ ਨੇ, ਇਨ੍ਹਾਂ ਤੋਂ ਪਹਿਲੇ ਵੀ ਜੋੜ ਲਏ। ਉਹ ਕੋਈ ਪੰਥ ਨਾਲੋਂ ਛੋਟੇ ਥੋੜਾ ਹੀ ਹਨ। ਇਥੇ ਇਕ ਬਹੁਤ ਵੱਡਾ ਅਤੇ ਗੰਭੀਰ ਸੁਆਲ ਸਾਹਮਣੇ ਆਉਂਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ? ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਧੂਰੀ ਬਾਣੀ ਨੂੰ ਗੁਰੂ ਰੂਪ ਵਿੱਚ ਮਾਨਤਾ ਦਿੱਤੀ ਹੈ? ਐਸਾ ਸੋਚਣਾ ਵੀ, ਭਾਰੀ ਭੁੱਲ ਹੀ ਨਹੀਂ, ਬਲਕਿ ਭਾਰੀ ਮੂਰਖਤਾ ਕਹੀ ਜਾ ਸਕਦੀ ਹੈ। ਗੁਰੂ ਪੂਰਨ ਅਤੇ ਸਮਰੱਥ ਹੈ। ਗੁਰੂ ਦੇ ਕੀਤੇ ਨੂੰ, ਕਿਸੇ ਤਰ੍ਹਾਂ ਵੀ ਬਦਲਣਾ ਜਾਂ ਵਾਧ-ਘਾਟ ਕਰਨੀ, ਕਿਸੇ ਵਿਅਕਤੀ, ਵਿਅਕਤੀ ਸਮੂਹ ਜਾਂ ਪੰਥ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਅਸੀਂ ਤਾਂ ਪੰਥ ਪ੍ਰਵਾਨਕਤਾ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਬਾਹਰ ਚਲੇ ਗਏ ਹਾਂ, ਇਸ ਵਿੱਚ ਬਚਿਤ੍ਰ ਨਾਟਕ ਪੋਥੇ ਵਿੱਚੋਂ ਕਬਿਯੋ ਬਾਚ ਬੇਨਤੀ ਚੌਪਈ ਨਾਮਕ ਰਚਨਾ ਜੋੜ ਲਈ।

ਇਸ ਰਚਨਾ ਬਾਰੇ ਵੀ ਕੁਝ ਚਾਨਣ ਪਾ ਦੇਣਾ ਯੋਗ ਹੋਵੇਗਾ। ਇਹ ਰਚਨਾ ਇਸ ਪੋਥੇ ਦੇ ਚਰਿਤ੍ਰੋ ਪਖਯਾਨ (ਪ੍ਰਚਲਤ ਨਾਂ: ਤ੍ਰਿਆ ਚਰਿਤ੍ਰ) ਦੇ 404ਥੇ ਅਤੇ ਆਖਰੀ ਚਰਿਤ੍ਰ ਦਾ ਹਿੱਸਾ ਹੈ। ਇਹ ਪੂਰਨ ਰਚਨਾ 1359 ਪੰਨੇ ਤੋਂ ਸ਼ੁਰੂ ਹੋ ਕੇ 1388 ਪੰਨੇ ਤੱਕ(ਪ੍ਰਕਾਸ਼ਕ ਭਾ. ਚਤਰ ਸਿੰਘ ਜੀਵਨ ਸਿੰਘ) 405 ਬੰਦਾਂ ਵਿੱਚ ਦਰਜ ਹੈ। ਸਾਡੀ ਪੰਥ ਪ੍ਰਵਾਨਤ ਰਹਿਰਾਸ ਵਿੱਚ, ਇਸ ਦੇ 377ਵੇਂ ਬੰਦ ਤੋਂ 401ਵੇਂ ਬੰਦ ਤੱਕ(25 ਬੰਦ) ਲੈਕੇ ਇਸ ਦੀ ਗਿਣਤੀ ਆਪੇ ਤਬਦੀਲ ਕਰਕੇ 1 ਤੋਂ 25 ਕਰ ਦਿੱਤੀ ਗਈ ਹੈ। ਪਹਿਲਾਂ ਤਾਂ, ਇਸ ਪੋਥੇ ਦੇ ਕੁਝ ਭਾਗ ਬਾਰੇ ਤਾਂ ਸ਼ਾਇਦ ਕੌਮ ਵਿੱਚ ਕੁਝ ਦੁਬਿਧਾ ਹੋਵੇ, ਪਰ ਕੁਝ ਚੋਣਵੇਂ ਸੁਆਰਥੀ ਲੋਕਾਂ ਨੂੰ ਛੱਡ ਕੇ, ਇਸ ਤ੍ਰਿਆ ਚਰਿਤ੍ਰ ਬਾਰੇ ਤਾਂ ਕੌਮ ਦੀ ਬਹੁਗਿਣਤੀ ਇਸ ਗੱਲ ਨਾਲ ਸਹਿਮਤ ਹੈ ਕਿ ਇਹ ਅਸ਼ਲੀਲ ਭਾਗ ਕਿਸੇ ਤਰ੍ਹਾਂ ਵੀ ਗੁਰੂ ਕ੍ਰਿਤ ਨਹੀਂ ਹੋ ਸਕਦਾ। ਚੰਡੀਗੜ੍ਹ ਦੇ ਇਕ ਜਗਿਆਸੂ ਵਿਦਵਾਨ ਸ੍ਰ.ਸੰਤੋਖ ਸਿੰਘ ਵਲੋਂ ਇਸ ਸੰਧਰਭ ਵਿੱਚ, ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਦੇ ਜੁਆਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਨੰ: 36672 ਮਿਤੀ 03-8-1973 ਵਿੱਚ ਵੀ ਇਹ ਪ੍ਰੋੜਤਾ ਕੀਤੀ ਗਈ ਸੀ ਕਿ ‘ਚਰਿਤ੍ਰੋ ਪਖਯਾਨ’, ਗੁਰੂ ਕ੍ਰਿਤ ਨਹੀਂ ਹੈ। ਇਸ ਚਿੱਠੀ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ:

ਆਪ ਜੀ ਦੀ ਪਤ੍ਰਿਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।

ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।

ਦਸਤਖਤ, ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋ.ਗੁ.ਪ੍ਰ.ਕਮੇਟੀ ਲਈ

ਪਹਿਲਾਂ ਤਾਂ 405 ਬੰਦਾਂ ਦੀ ਰਚਨਾ ਵਿੱਚੋਂ ਆਪਣੀ ਮਰਜ਼ੀ ਦੇ 25 ਬੰਦ ਛਾਂਟ ਲਏ, ਫੇਰ ਇਸ ਦੇ ਗਿਣਤੀ ਦੇ ਨੰਬਰ ਆਪੇ ਬਦਲ ਲਏ ਗਏ, ਜਿਵੇਂ ਇਹ 25 ਬੰਦਾਂ ਦੀ ਰਚਨਾ ਹੀ ਹੋਵੇ। ਕੌਮ ਦਾ ਇਕ ਵੱਡਾ ਹਿੱਸਾ ਇਸ ‘ਕਬਿਯੌ ਬਾਚ ਬੇਨਤੀ ਚੌਪਈ’ ਰਚਨਾ ਬਾਰੇ ਕਾਫੀ ਭਾਵੁਕ ਹੈ, ਇਸ ਦਾ ਮੂਲ ਕਾਰਨ ਮੈਂ ਇਸ ਵਿਚਲੀਆਂ ਕੁਝ ਪੰਕਤੀਆਂ ਸਮਝਦਾ ਹਾਂ:
“ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥1॥
ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥2॥
ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਨ ਕੋ ਆਜ ਸੰਘਰਿਯੈ ॥
ਪੂਰਨ ਹੋਇ ਹਮਾਰੀ ਆਸਾ ॥ ਤੋਰ ਭਜਨ ਕੀ ਰਹੈ ਪਿਆਸਾ ॥3॥”

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਕਰਮ ਜੋ ਮਰਜ਼ੀ ਹੋਣ, ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਇਕ ਕਵਿਤਾ ਗਾਉਣ ਨਾਲ ਹੀ ਵਾਹਿਗੁਰੂ ਸਾਡੇ ਅਤੇ ਸਾਡੇ ਪਰਿਵਾਰ ਦੀ ਰਖਿਆ ਵਾਸਤੇ ਬਹੁੜ ਆਵੇ, ਸਾਡਾ ਪਰਿਵਾਰ ਸੁਖੀ ਵੱਸੇ ਅਤੇ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ। ਜੇ ਇਹ ਸਚਮੁਚ ਹੋ ਸਕਦਾ ਹੋਵੇ ਤਾਂ ਇਸ ਤੋਂ ਸਸਤਾ ਸੌਦਾ ਤਾਂ ਹੋਰ ਹੋ ਹੀ ਨਹੀਂ ਸਕਦਾ। ਅਸੀਂ ਸਿਧਾਂਤਕ ਪੱਖ ਸੋਚਣ ਦੀ ਤਾਂ ਕਦੀ ਖੇਚਲ ਹੀ ਨਹੀਂ ਕਰਦੇ ਕਿ ਜਿਹੜੇ ਸਤਿਗੁਰੂ ਫੁਰਮਾਉਂਦੇ ਹਨ:

“ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥” {ਧਨਾਸਰੀ ਮਃ 5, ਪੰਨਾ 671}

(ਹੇ ਭਾਈ ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ । ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ ।2।

(ਹੇ ਭਾਈ ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ । ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ ।3।

ਕਿ ਉਹੀ ਨਾਨਕ ਜੋਤਿ ਸਤਿਗੁਰੂ ਇਹ ਲਿੱਖ ਸਕਦੇ ਹਨ:

‘ਸੇਵਕ ਸਿੱਖ ਹਮਾਰੇ ਤਾਰੀਅਹਿ ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥4॥’

ਸਤਿਗੁਰੂ ਦਾ ਦੁਸ਼ਮਨ ਕੌਣ ਹੈ, ਜਿਸਦੇ ਵਾਸਤੇ ਉਹ ਇਹ ਲਿਖਣਗੇ?

ਜਿਵੇਂ ਅਸੀਂ ਸੋ ਦਰੁ, ਸੋ ਪੁਰਖੁ ਬਾਣੀਆਂ ਦੇ ਅੱਗੇ ਪਿੱਛੇ ਆਪਣੀ ਮਰਜ਼ੀ ਨਾਲ ਕੁਝ ਸ਼ਬਦ ਜੋੜ ਲਏ, ਉਸੇ ਤਰ੍ਹਾਂ ਕੁਝ ਡੇਰਿਆ ਵਲੋਂ ਰਖਿਆ ਦੇ ਸ਼ਬਦਾਂ ਦੇ ਨਾਂ ਤੇ ਸੋਹਿਲਾ ਬਾਣੀ ਦੇ ਪਹਿਲਾਂ ਵੀ ਕੁਝ ਸ਼ਬਦ ਜੋੜ ਲਏ ਗਏ ਹਨ। ਪਹਿਲਾਂ ਤਾਂ ਇਹ ਸੋਚਣਾ ਕਿ ਕਿਸੇ ਸ਼ਬਦ ਨੂੰ ਮੰਤ੍ਰ ਵਾਂਗੂ ਪੜ੍ਹ ਕੇ ਸੌਣ ਨਾਲ, ਵਾਹਿਗੁਰੂ ਸਾਰੀ ਰਾਤ ਸਾਡੀ ਰਖਿਆ ਕਰੇਗਾ, ਇਕ ਨਿਰੋਲ ਗੁਰਮਤਿ ਵਿਰੋਧੀ, ਬ੍ਰਾਹਮਣੀ ਸੋਚ ਹੈ। ਸਿੱਖ ਦੇ ਅੰਦਰ ਤਾਂ ਗੁਰਬਾਣੀ ਦੇ ਇਲਾਹੀ ਗਿਆਨ ਤੋਂ ਪ੍ਰਾਪਤ ਹੋਈ, ਉਹ ਆਤਮਕ ਸ਼ਕਤੀ ਹੈ, ਜਿਸ ਕਾਰਨ ਉਹ ਕਿਸੇ ਦੁਸ਼ਮਨ ਜਾਂ ਮੌਤ ਤੋਂ ਕਦੇ ਡਰ ਨਹੀਂ ਖਾਂਦਾ।

ਕੁਝ ਵੀਰ ਆਖਣਗੇ ਕਿ, ਜੀ ! ਹਰਜ਼ ਕੀ ਹੈ ਗੁਰਬਾਣੀ ਹੀ ਤਾਂ ਪੜ੍ਹ ਰਹੇ ਹਾਂ? ਹਰਜ਼ ਬਹੁਤ ਵੱਡਾ ਹੈ, ਉਹ ਇਹ ਕਿ ਸਤਿਗੁਰੂ ਦੀ ਆਪਣੀ ਬਣਾਈ ਮਰਯਾਦਾ ਤੋੜ ਕੇ, ਆਪਣੀ ਵਡੇਰੀ ਸਿਆਨਪ ਹੋਣ ਦਾ ਭਰਮ ਪਾਲ ਰਹੇ ਹਾਂ।

ਇਕ ਹੋਰ ਇਲਜ਼ਾਮ ਅਕਸਰ ਲਾਇਆ ਜਾਂਦਾ ਹੈ ਕਿ ਇਹ ਨਿਤਨੇਮ ਨੂੰ ਛੋਟਾ ਕਰਨਾ ਚਾਹੁੰਦੇ ਹਨ। ਅਸੀਂ ਆਪ ਵਿਚਾਰੀਏ ਕਿ ਸਿੱਖ ਦਾ ਨਿਤਨੇਮ ਕੀ ਹੋ ਸਕਦਾ ਹੈ? ਸਿੱਖ ਦਾ ਨਿਤਨੇਮ ਹੈ, ਰੋਜ਼ ਗੁਰਬਾਣੀ ਪੜ੍ਹਨਾ। ਇਹ ਗੱਲ ਸਿੱਖ ਰਹਿਤ ਮਰਯਾਦਾ ਵਿੱਚ ਵੀ ਨਿਤਨੇਮ ਨਾਲ ਦਰਜ ਹੈ(ਉਪਰ ਲਿਖੀ ਵੀ ਜਾ ਚੁਕੀ ਹੈ) ਕਿ ਸਿੱਖ ਰੋਜ਼ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਪੜ੍ਹੇ। ਹਰ ਸਿੱਖ ਨੂੰ ਇਸ ਉਤੇ ਅਮਲ ਕਰਨਾ ਚਾਹੀਦਾ ਹੈ, ਨੇਮ ਨਾਲ ਜਿਤਨਾ ਵੱਧ ਤੋਂ ਵੱਧ ਸਮਾਂ ਕੱਢ ਸਕੇ ਗੁਰਬਾਣੀ ਪੜ੍ਹਨੀ ਅਤੇ ਵਿਚਾਰਨੀ ਚਾਹੀਦੀ ਹੈ।

ਵਿਸ਼ੇ ਦਾ ਨਿਚੋੜ ਇਹ ਹੈ ਕਿ ਸਾਤਿਗੁਰੂ ਨੇ ਆਪ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨੇ, ਸਿੱਖ ਦਾ ਨਿਤਨੇਮ ਬਣਾਕੇ ਦਿੱਤਾ ਹੈ, ਉਸ ਵਿੱਚ ਤਬਦੀਲੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਪਹਿਲਾਂ ਹੋਈ ਭੁਲ ਨੂੰ ਫੌਰਨ ਸੁਧਾਰ ਕੇ ਆਪਣੀ ਸਿੱਖ ਰਹਿਤ ਮਰਯਾਦਾ ਵਿੱਚ ਲੋੜੀਂਦੀ ਤਬਦੀਲੀ ਕਰ ਲੈਣੀ ਚਾਹੀਦੀ ਹੈ। ਹਰ ਸਿੱਖ ਨੂੰ ਇਸੇ ਸਤਿਗੁਰੂ ਦੀ ਬਣਾਈ ਮਰਯਾਦਾ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਵੱਧ ਤੋਂ ਵੱਧ ਜਿਨਾਂ ਸਮਾਂ ਹੋ ਸਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦਾ ਪਾਠ ਵਿਚਾਰ ਕੇ ਕਰਨਾ ਅਤੇ ਉਸ ਅਨੁਸਾਰ ਅਮਲੀ ਜੀਵਨ ਬਤੀਤ ਕਰਨਾ ਚਾਹੀਦਾ ਹੈ।

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +9198761 04726
ਈ ਮੇਲ: rajindersinghskp@yahoo.co.in


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top