Share on Facebook

Main News Page

ਮੰਨੂ ਭਗਤ

ਨਾਨਕਸਰੀਆਂ ਦੇ ਬਾਬਾ ਸਾਧੂ ਸਿੰਘ ਦੇ ਇੱਕ ਭਜਨ ਨਾਂ ਦਾ ਮਜ੍ਹਬੀ ਸਿੰਘ ਹੁੰਦਾ ਸੀ। ਉਹ ਕਿਸੇ ਕਾਰਨ ਉਥੋਂ ਰੁਸ ਕੇ ਦੌੜ ਗਿਆ ਅਤੇ ਹਜੂਰ ਸਾਹਿਬ ਜਾ ਕੇ (ਰੰਗ ਕਿੳਂਕਿ ਕਾਲਾ ਸੀ) ਆਪਣੇ ਆਪ ਨੂੰ ਮਹਿਰਿਆਂ ਦਾ ਮੁੰਡਾ ਦੱਸਕੇ ਲੰਗਰ ਵਿੱਚ ਸੇਵਾ ਕਰਨ ਜਾ ਲੱਗਿਆ। ਨਾਨਕਸਰੀਏ ਹਰੇਕ ਸਾਲ ਸੰਪਟ ਪਾਠ ਕਰਾਉਣ ਹਜੂਰ ਸਾਹਿਬ ਜਾਂਦੇ ਹੁੰਦੇ ਸਨ। ਜਦ ਉਹ ਉਥੇ ਗਏ ਤਾਂ ਅਗੇ ਭਜਨ ਲੰਗਰ ਵਿੱਚ ਸੇਵਾ ਕਰਦਿਆਂ ਦੇਖ ਉਨ੍ਹਾਂ ਨੂੰ ਬੜਾ ਗੁੱਸਾ ਚੜ੍ਹਿਆ। ਮਜ੍ਹਬੀ ਲੰਗਰ ਵਿੱਚ? ਤੇ ਉਨ੍ਹੀਂ ਪੁਜਾਰੀਆਂ ਨੂੰ ਅਜਿਹੀ ਚੂੜੀ ਚ੍ਹਾੜੀ ਕਿ ਉਨ੍ਹਾਂ ਉਸ ਨੂੰ ਇਸ ਬੱਜਰ ਪਾਪ ਬਦਲੇ ਸੰਗਲਾਂ ਨਾਲ ਬੰਨ ਕੇ ਕੁੱਟਿਆ।

ਕੋਟਕਪੂਰੇ ਲਾਗੇ ਇੱਕ ਸੰਤ ਹੁੰਦੇ ਸਨ। ਸਨ ਤਾਂ ਉਹ ਖੇਤੀਬਾੜੀ ਕਰਨ ਵਾਲੇ ਪਰ ਸਨ ਛੜੇ-ਛਾਂਟ। ਬਜ਼ੁਰਗ ਸਾਡੇ ਸਾਨੂੰ ਸਾਰਿਆਂ ਨੂੰ ਛੋਟਿਆਂ ਹੁੰਦਿਆਂ ਉਥੇ ਲਿਜਾਇਆ ਕਰਦੇ ਸਨ ਸੰਤਾਂ ਦੇ ਦਰਸ਼ਨ ਕਰਨ ਤੇ ਛੁਟੀਆਂ ਵੇਲੇ ਅਸੀਂ ਕਈ ਕਈ ਦਿਨ ਉਥੇ ਰਿਹਾ ਵੀ ਕਰਦੇ ਸਾਂ। ਉਨ੍ਹਾਂ ਦੇ ਕਾਮੇ ਜਿਹੜੇ ਕੇ ਮਜ੍ਹਬੀ ਸਿੰਘ ਸਨ ਤੇ ਜੀਨਾਂ ਨੇ ਉਨ੍ਹਾਂ ਦੇ ਪ੍ਰਭਾਵ ਕਰਕੇ ਅੰਮ੍ਰਿਤ ਵੀ ਛਕਿਆ ਹੋਇਆ ਸੀ ਪਰ ਡੇਰੇ ਦੀ ਇਕ ਸੀਮਾ ਸੀ, ਜਿਸ ਤੋਂ ਅੱਗੇ ਉਨ੍ਹਾਂ ਨੂੰ ਲੰਘਣ ਦੀ ਇਜਾਜਤ ਨਹੀਂ ਸੀ ਹੁੰਦੀ। ਤੇ ਸਾਨੂੰ ਸੰਭਾਲ ਹੈ ਅਤੇ ਅੱਖੀ ਦੇਖਿਆ ਹੋਇਆ ਵਾਕਿਆ ਹੈ, ਕਿ ਇਕ ਵਾਰ ਕੋਈ ਨੇੜੇ ਨਾ ਹੋਣ ਕਰਕੇ ਤੇ ਪਾਣੀ ਦੀ ਜਿਆਦਾ ਜਰੂਰਤ ਕਾਰਨ ਇਕ ਨੇ ਪਾਣੀ ਦਾ ਬਾਟਾ ਓਸ ਨਲਕੇ ਤੋਂ ਭਰ ਲਿਆ, ਜਿਸ ਤੋਂ ਬਾਕੀ ਸਾਰੇ ਪਾਣੀ ਵਰਤਦੇ ਸਨ, ਪਰ ਪਤਾ ਲੱਗਣ ਤੇ ਢਿੰਝਣ ਦਾ ਬਾਲਣ ਸੁੱਟ ਕੇ ਅੱਗ ਲਾ ਕੇ ਸਾੜਨ, ਮਾਂਝਣ ਅਤੇ ਪਾਣੀ ਨਾਲ ਕਈ ਵਾਰੀ ਧੋਣ ਤੋਂ ਬਾਅਦ ਓਸ ਨਲਕੇ ਨੂੰ ਪਹਿਲਾਂ ਦੀ ਪਵਿੱਤਰ ਹੋਣ ਵਾਲੀ ਪਦਵੀ ਹਾਸਲ ਹੋ ਸਕੀ ਸੀ।

ਸੰਤਾਂ ਦੇ ਕੌਤਕ ਵਿਚੋਂ ਮੈਂ ਇਹ ਕਹਾਣੀ ਪੜੀ ਸੀ, ਕਿ ਕਾਰਸੇਵਾ ਵਾਲੇ ਇਕ ਬਾਬੇ ਨੇ ਪੰਜਾਂ ਪਿਆਰਿਆਂ ਵਲੋਂ ਅਖੌਤੀ ਨੀਵੀਆਂ ਜਾਤਾਂ ਅਤੇ ਜੱਟਾਂ ਨੂੰ ਜਦ ਇਕੇ ਬਾਟੇ ਵਿਚ ਪਾਹੁਲ ਦੇ ਦਿੱਤੀ ਤਾਂ ਮਹੀਨਾ ਬਾਅਦ ਪਤਾ ਲੱਗਣ ਤੇ ਸੰਤ ਨੇ ਪੰਜ ਪਿਆਰਿਆਂ ਦੇ ਮੁੱਖੀ ਦੇ ਥੱਪੜ ਕੱਢ ਮਾਰਿਆ, ਜਿਸ ਚੂਹੜੇ-ਚੱਪੜੇ ਸਾਰੇ ਇਕੱਠੇ ਕਰ ਦਿੱਤੇ ਸਨ! ਮੁੱਖੀ ਨੇ ਚਪੇੜ ਖਾ ਕੇ ਗੁੱਸੇ ਵਿਚ ਕਿਹਾ ਕਿ ਚਲ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੇ, ਜੇ ਗੁਰੂ ਸਾਹਿਬ ਇਜਾਜਤ ਦਿੰਦੇ ਉੱਚੇ-ਨੀਵੇ ਅੱਡ ਕਰਨ ਦੀ ਤਾਂ ਤੇਰੇ ਨਾਲ ਮੈਂ ਸਹਿਮਤ ਹੋ ਜਾਂਦਾ। ਪਰ ਅਗੋਂ ਸਾਧ ਕਹਿਣ ਲੱਗਾ ਕਿ ਦੇਖਿਆ ਤੇਰਾ ਗੁਰੂ ਗ੍ਰੰਥ ਸਾਹਿਬ, ਹੈਥੋਂ ਚਾਰ ਸੌ ਰੁ: ਦਾ ਲਿਆ ਕੇ ਜਿਥੇ ਮਰਜੀ ਰੱਖ ਲੈਂਦੇ!!

ਡੇਰਾ ਰੂਮੀ ਭੁੱਚੋ ਮੰਡੀ ਬਾਬਾ ਹਰਨਾਮ ਸਿੰਘ ਨਾਲ ਸਬੰਧਤ ਡੇਰਾ, ਬਾਬਾ ਹਰਨਾਮ ਸਿੰਘ, ਜਿਸ ਨੂੰ ਨਾਨਕਸਰੀਏ ਬਾਬੇ ਨੰਦ ਸਿੰਘ ਦਾ ਗੁਰੂ ਪ੍ਰਚਾਰਦੇ ਹਨ, ਸ਼ਾਇਦ ਉਨ੍ਹਾਂ ਨੂੰ ਸ੍ਰੀ ਗੁਰੂ ਗਰੰਥ ਸਾਹਬ ਉਪਰ ਯਕੀਨ ਕੋਈ ਨਹੀਂ ਸੀ, ਇਸੇ ਲਈ ਉਨ੍ਹਾਂ ਨੂੰ ਬਾਬਾ ਹਰਨਾਮ ਸਿੰਘ ਨੂੰ ਗੁਰੂ ਧਾਰਨਾ ਪਿਆ। ਉਸ ਡੇਰੇ ਹਾਲੇ ਤੱਕ ਦੋ ਲੰਗਰ ਚਲਦੇ ਹਨ, ਤੇ ਬਕਾਇਦਾ ਲੰਗਰ ਛੱਕਣ ਵਾਲੇ ਦੀ ਪਹਿਲਾਂ ਜਾਤ ਪੁੱਛੀ ਜਾਂਦੀ ਹੈ। ਜੱਟ ਜਾਂ ਹੋਰ ਜਾਤੀਆਂ ਇੱਕ ਲੰਗਰ ਵਿੱਚ ਅਤੇ ਚੂਹੜੇ-ਚਮਾਰ ਇੱਕ ਹੋਰ ਲੰਗਰ ਵਿੱਚ।

ਯਾਦ ਰਹੇ ਕਿ ਸ੍ਰੀ ਗੁਰੂ ਗਰੰਥ ਸਹਿਬ ਜੀ ਨੂੰ ਮੰਨਣ ਅਤੇ ਇਸ ਦੀ ਸੇਵਾ ਕਰਨ ਦੇ ਸਭ ਤੋਂ ਵੱਡੇ ਦਾਅਵੇਦਾਰ ਨਾਨਕਸਰੀਏ ਹਨ, ਜਿਹੜਾ ਗੁਰੂ ਗਰੰਥ ਸਾਹਿਬ ਜਾਤ-ਪਾਤ ਦੀਆਂ ਧੱਜੀਆਂ ਉਡਾ ਕੇ ਰੱਖ ਦਿੰਦਾ ਹੈ। ਹੁਣ ਦਾ ਪਤਾ ਨਹੀਂ ਪਰ ਕੁਝ ਸਾਲ ਪਹਿਲੇ ਨਾਨਕਸਰੀਏ ਖੁਦ ਖੰਡੇ ਦੀ ਪਾਹੁਲ ਵੇਲੇ ਬਾਟਾ ਅੱਡ ਲਾਉਂਦੇ ਰਹੇ ਹਨ। ਇੱਕ ਵਾਰੀ ਮੇਰੀ ਭੂਆ ਦਾ ਲੜਕਾ ਕੁਲਦੀਪ ਅਤੇ ਮੈਂ, ਹਰੇਕ ਪੂਰਨਮਾਸ਼ੀ ਨੂੰ ਅੰਮ੍ਰਿਤ ਛਕਾਉਂਣ ਵਾਲੇ ਪੰਜ ਪਿਆਰਿਆਂ ਦੇ ਜਥੇਦਾਰ ਗੇਜਾ ਸਿੰਘ, ਜਿਹੜਾ ਹੁਣ ਤਰੱਕੀ ਕਰਕੇ ਵੱਡਾ ਸੰਤ ਬਣ ਗਿਆ ਹੋਇਆ ਹੈ, ਦੇ ਨਾਲ ਕੋਈ ਦੋ ਘੰਟੇ ਇਸ ਗੱਲ ਤੇ ਫਸੇ ਰਹੇ ਕਿ ਗੁਰਬਾਣੀ ਊਚ-ਨੀਚ ਨੂੰ ਨਹੀਂ ਮੰਨਦੀ, ਪਰ ਉਸ ਦੀ ਸੂਈ ਮੰਨੂ ਦੀ ਇਸ ਥਿਊਰੀ ਤੋਂ ਨਹੀਂ ਹਿੱਲੀ ਕਿ ਇਨ੍ਹਾਂ ਦੀ ਨੀਵੀਂ ਜਾਤ ਦਾ ਕਾਰਨ ਇਨ੍ਹਾਂ ਦੇ ਪਿੱਛਲੇ ਜਨਮ ਦੇ ਕੀਤੇ ਮਾੜੇ ਕਰਮ ਹਨ ਅਤੇ ਇੰਨ੍ਹਾ ਨੂੰ ਬਾਕੀਆਂ ਨਾਲ ਪਾਹੁਲ ਨਹੀਂ ਦਿੱਤੀ ਜਾ ਸਕਦੀ।

ਮੇਰਾ ਚੰਗਾ ਮਿੱਤਰ ਨਾਨਕਸਰੀਆਂ ਦਾ ਇੱਕ ਚੇਲਾ ਇੰਗਲੈਂਡ ਆ ਕੇ ਗਰੰਥੀ ਲੱਗ ਗਿਆ (ਕਈ ਸਾਲ ਲਾ ਕੇ ਹੁਣ ਉਹ ਵਾਪਸ ਮੁੜ ਗਿਆ ਹੈ) ਉਸ ਦਾ ਫੋਨ ਆਇਆ ਕਿ ਬਾਈ ਜੀ! ਮੇਰਾ ਮਨ ਅੱਕ ਗਿਆ ਹੈ ਸਾਧ ਗਿਰੀ ਤੋਂ, ਮੈਂ ਚਾਹੁੰਨਾ ਵਿਆਹ ਕਰ ਲਾਂ। ਮੈਂ ਉਸ ਨੂੰ ਹਾਸੇ ਨਾਲ ਕਿਹਾ ਕਿ ਇਥੇ ਕਨੇਡਾ ਵਿੱਚ ਤੇਰੀ ਅਖਬਾਰ ਵਿਚ ਐਡ ਲਾ ਦਿੰਨਾ ਤੇ ਨਾਲ ਲਿਖ ਦਿੰਨਾ ਕਿ ਜਾਤ-ਪਾਤ ਦਾ ਕੋਈ ਬੰਧਨ ਨਹੀਂ।

ਉਹ ਪੈਰ ਤੋਂ ਬੁੜਕ ਪਿਆ। ਨਾ ਬਈ ਨਾ! ਵਿਆਹ ਹੋਵੇ ਜਾਂ ਨਾ ਕੁੜੀ ਜੱਟਾਂ ਦੀ ਚਾਹੀਦੀ। ਤੈਨੂੰ ਗੁਰਦੇਵ ਸਿਆਂ ਪਤਾ ਨਹੀਂ ਜਾਤੋਂ-ਕੁਜਾਤ ਨਾਲ ਕਾਹਦਾ ਵਿਆਹ?

ਤੂੰ ਜਾਤ-ਪਾਤ ਵਿਚ ਵਿਸਵਾਸ਼ ਰੱਖਦਾਂ?

ਲੈ ਬਾਈ ਜੀ ਆਪਾਂ ਜੱਟ ਹੁੰਨੇ ਆਂ, ਐਵੇਂ ਝਿਉਰੀ ਤਰਖਾਣੀ ਥੋੜੋਂ ਲੈ ਆਉਂਣੀ!!

ਮੈਨੂੰ ਉਸ ਦੀ ਇਸ ਘੱਟੀਆ ਜਿਹੀ ਟਿੱਪਣੀ ਤੇ ਬੜੀ ਖਿੱਝ ਚੜ੍ਹੀ।

ਜੇ ਤੂੰ ਇੰਨਾ ਹੀ ਵੱਡਾ ਜੱਟ ਏਂ ਤਾਂ ਕਿਸੇ ਜੱਟ ਮਗਰ ਹੀ ਲੱਗਣਾ ਸੀ, ਤਰਖਾਣ ਦੀਆਂ ਮੂਰਤੀਆਂ ਨੂੰ ਫਿਰ ਕਾਹਤੋਂ ਕਮਰੇ ਚ ਰੱਖਕੇ ਧੂਪਾਂ ਦਿੰਦਾ ਫਿਰਦਾਂ ਤੇ ਉਸ ਦੇ ਨਾਂ ਤੇ ਰੋਟੀਆਂ ਭੰਨਦਾ ਫਿਰਦਾਂ? ਮੇਰਾ ਇਸ਼ਾਰਾ ਬਾਬਾ ਨੰਦ ਸਿੰਘ ਵਲ ਸੀ ਜਿਹੜਾ ਅਖੌਤੀ ਤਰਖਾਣ ਸੀ।

ਮੇਰੀ ਇਸ ਗੱਲ ਤੇ ਉਹ ਬਹੁਤ ਦੁਖੀ ਹੋਇਆ, ਕਿ ਮੈਂ ਬਾਬਾ ਨੰਦ ਸਿੰਘ ਨੂੰ ਤਰਖਾਣ ਕਿਉਂ ਕਿਹਾ। ਪਰ ਉਸ ਨੂੰ ਮੈਂ ਦੱਸਿਆ ਕਿ ਮੈਂ ਤੇਰੀ ਹੀ ਗੱਲ ਦਾ ਜਵਾਬ ਦਿੱਤਾ ਮੈਂ ਤਾਂ ਤਰਖਾਣ ਜੱਟ ਨੂੰ ਮੰਨਦਾ ਹੀ ਨਹੀਂ। ਪਰ ਉਸ ਮੇਰੇ ਨਾਲੋਂ ਪੱਕਾ ਹੀ ਨਾਤਾ ਤੋੜ ਲ਼ਿਆ।

ਬ੍ਰਾਹਮਣ ਦੋ ਗੱਲਾਂ ਉਪਰ ਖੜਾ ਹੈ। ਮੂਰਤੀ ਪੂਜਾ ਅਤੇ ਜਾਤ ਪਾਤ। ਇਹ ਦੋਨੋਂ ਗੱਲਾਂ ਇਸ ਦੀਆਂ ਥੰਮ ਹਨ। ਦੋਵੇਂ ਇਸ ਹੇਠੋਂ ਕੱਢ ਦਿਓ, ਇਹ ਦਿੱਸਦਾ ਮਹੱਲ ਸਵਾਹ ਦੀ ਢੇਰੀ ਹੈ। ਮੁਸਲਮਾਨ ਵਰਗਾ ਕੱਟੜ ਧਰਮ ਇਥੇ ਖਾ ਕੇ ਮਾਰ ਗਿਆ, ਜਿਸ ਬਾਰੇ ਡਾਕਟਰ ਇਕਬਾਲ ਨੂੰ ਕਹਿਣਾ ਪਿਆ ਕਿ ਇਸਲਾਮ ਦਾ ਬੇੜਾ ਗੰਗਾ ਕਿਨਾਰੇ ਆ ਕੇ ਧੱਸ ਗਿਆ।

ਸਿਰੇ ਦੇ ਕੱਟੜ ਮੁਸਲਮਾਨ ਨੂੰ ਜੇ ਇਥੇ ਆ ਕੇ ਮਹਿਸੂਸ ਹੋਇਆ, ਕਿ ਉਸ ਦੇ ਇਸਲਾਮ ਦਾ ਬੇੜਾ ਗੰਗਾ ਕਿਨਾਰੇ ਆ ਕੇ ਗਰਕ ਗਿਆ ਤਾਂ ਸਿੱਖ ਨੂੰ ਤਾਂ ਸਹਿਜੇ ਹੀ ਅੰਦਾਜਾ ਹੋ ਜਾਣਾ ਚਾਹੀਦਾ ਹੈ, ਕਿ ਉਸ ਦੀ ਅੱਜ ਦੀ ਦੁਰਦਸ਼ਾ, ਵਿਗੜਿਆ ਹੋਇਆ ਰੂਪ, ਮਿਲਗੋਭਾ ਜਿਹਾ ਬਣ ਗਏ ਖਾਲਸਈ ਜਾਹੋ ਜਲਾਲ ਦੇ ਕਾਰਨ ਕੀ ਹਨ। ਜਾਤ-ਪਾਤ ਦੀ ਲਾਹਨਤ ਅਤੇ ਗੁੰਗਵੱਟਿਆਂ ਦੀ ਪੂਜਾ ਦਾ ਗੁਰਬਾਣੀ ਅੰਦਰ ਇਤਨਾ ਜੋਰਦਾਰ ਖੰਡਨ ਹੈ, ਕਿ ਅਕਲ ਦਾ ਅੰਨਾ ਵੀ ਪੜੇ ਤਾਂ ਉਸ ਦੀ ਸਮਝ ਆ ਜਾਂਦਾ ਹੈ। ਪਰ ਸਾਡੇ ਬਾਬਿਆਂ ਭ੍ਰਮਗਿਆਨੀਆਂ ਸੰਤਾਂ ਮਹਾਂਪੁਰਖਾਂ ਦੇ ਸਮਝ ਜੇ ਨਹੀਂ ਆਇਆ, ਤਾਂ ਇਸ ਦਾ ਕਾਰਨ ਵਾਕਿਆ ਹੀ ਉਨ੍ਹਾਂ ਦੀ ਬੇਸਮਝੀ ਨਹੀਂ ਸਮਝੀ ਜਾਣੀ ਚਾਹੀਦੀ, ਬਲਕਿ ਸਾਨੂੰ ਮੰਨ ਕੇ ਚਲਣਾ ਪਵੇਗਾ, ਕਿ ਬਹਿਰੂਪੀਆ ਬਿਪਰ ਅਪਣੀ ਲੰਮੀ ਬੋਦੀ, ਗੋਲ ਪੱਗ ਹੇਠ ਲੁਕਾ ਕੇ ਸਿੱਖ ਕੌਮ ਵਿੱਚ ਬੁਰੀ ਤਰ੍ਹਾ ਘੁੱਸ ਪੈਠ ਕਰ ਚੁੱਕਾ ਹੋਇਆ ਹੈ, ਤੇ ਜਦ ਤੱਕ ਕੌਮ ਮੇਰੀ ਨੂੰ ਸਮਝ ਆਉਣੀ, ਇਸ ਝੁੱਗਾ ਅਪਣਾ ਚੌੜ ਕਰਾ ਚੁੱਕੇ ਹੋਣਾ ਹੈ।

ਇਸ ਦੇ ਕਾਰਨ ਸਪੱਸ਼ਟ ਨਜਰ ਆ ਰਹੇ ਹਨ ਕਿਉਂਕਿ ਜਿਹੜੇ ਮੇਰੀ ਕੌਮ ਦੇ ਹੀਰੇ ਸਨ, ਉਹ ਦੂਲੇ ਸ਼ੇਰ ਨਲੂਏ, ਅਟਾਰੀ, ਬੰਦੇ ਬਹਾਦਰ, ਨਵਾਬ ਕਪੂਰ ਸਿੰਘ, ਬਘੇਲ ਸਿੰਘ ਇਸ ਦੀਆਂ ਸਟੇਜਾਂ ਤੋਂ ਗਾਇਬ ਹਨ, ਪਰ ਜਿਹੜੇ ਵਿਹਲੜ, ਨਿਖੱਟੂ, ਨਿਕੰਮੇ ਤੇ ਨਿਖਿਧ, ਕਿਰਤੋਂ ਭਗੋੜੇ, ਭੋਰਿਆਂ ਚ ਦੜ ਵੱਟੀ ਖੱਲ ਬਚਾਉਣ ਵਾਲੇ ਗੀਦੀ, ਜੱਟ ਚਮਾਰ ਚੂਹੜੇ ਕਹਿ ਮਨੁੱਖਤਾ ਵਿੱਚ ਵੱਟਾਂ ਪਾਉਣ ਵਾਲੇ, ਮੂਰਤੀਆਂ ਪੱਥਰਾਂ ਨੂੰ ਪੂਜਣ ਵਾਲੇ ਲੋਕਾਂ ਦੀਆਂ ਤੂਤਨੀਆਂ ਬੋਲ ਰਹੀਆਂ ਹਨ। ਉਨ੍ਹਾਂ ਮਰਿਆਂ ਦੀਆਂ ਬਰਸੀਆਂ ਤੇ ਹਜਾਰਾਂ ਲੱਖਾਂ ਦੇ ਇੱਕਠ ਕਰਕੇ ਜਹਾਜਾਂ ਤੋਂ ਫੁੱਲ ਬਰਸਾਏ ਜਾ ਰਹੇ ਹਨ, ਦੇਸੀ ਘਿਉ ਦੇ ਜਲੇਬਾਂ ਦੇ ਲੰਗਰ ਲਾਏ ਜਾ ਰਹੇ ਹਨ।

ਥੋੜਾ ਚਿਰ ਗੁਰਦੁਆਰਾ ਸਿਸਟਮ ਨਾਲ ਮੇਰਾ ਸਿੱਧਾ ਵਾਹ ਪਿਆ ਹੈ। ਗੁਰਦੁਆਰੇ ਚਲਦੇ ਹੀ ਬਾਬਿਆਂ ਦੀਆਂ ਬਰਸੀਆਂ ਅਤੇ ਉਨ੍ਹਾਂ ਦੇ ਸੇਵਕਾਂ ਵਲੋਂ ਰਖਾਏ ਜਾਂਦੇ ਅਖੰਡ ਪਾਠਾਂ ਨਾਲ ਹਨ। ਹਰੇਕ ਗੁਰਦੁਆਰੇ ਕਿਸੇ ਨਾ ਕਿਸੇ ਪਿੰਡਾਂ ਵਾਲਿਆਂ ਵਲੋਂ, ਇਲਾਕੇ ਵਾਲਿਆਂ ਵਲੋਂ, ਪਰਿਵਾਰਾਂ ਵਲੋਂ ਕਿਸੇ ਨਾ ਕਿਸੇ ਨੰਗ ਜਿਹੇ ਸਾਧ ਦੀ ਬਰਸੀ ਦਾ ਖਿਲਾਰਾ ਜਿਹਾ ਪਾਇਆ ਹੁੰਦਾ ਅਤੇ ਅਜਿਹੇ ਸਮਾਗਮਾਂ ਤੇ ਭਾਈ ਪਿੰਟਾਂ ਟੰਗ ਟੰਗ ਤੇ ਬੀਬੀਆਂ ਸਿਰ ਰਮਾਲ ਅਤੇ ਚੁੰਨੀਆਂ ਲੱਕਾਂ ਨਾਲ ਬੰਨ ਬੰਨ ਲੰਗਰਾਂ ਵਿੱਚ ਦੂਹਰੇ ਹੋਏ ਦਿੱਸਦੇ ਹਨ।

ਭੰਡ ਕਿਸਮ ਦੇ ਢਾਡੀ ਜਾਂ ਕੀਰਤਨੀਏ ਬਿਨਾਂ ਉਸ ਸਾਧ ਨੂੰ ਜਾਣੇ ਗੁਰਬਾਣੀ ਦੀਆਂ ਪੰਗਤੀਆਂ ਕੱਢ ਕੱਢ ਉਨ੍ਹਾਂ ਉਪਰ ਢੁਕਾਉਂਦੇ ਹਨ, ਜਿਵੇਂ ਗੁਰੂ ਗਰੰਥ ਸਾਹਿਬ ਲਿਖਿਆ ਹੀ ਇੰਨ੍ਹਾਂ ਨਿਖੱਟੂਆਂ ਲਈ ਹੋਵੇ। ਆਦਮ ਕੱਦ ਉਨ੍ਹਾਂ ਦੀਆਂ ਮੂਰਤੀਆਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਜਾਈਆਂ ਜਾਦੀਆਂ ਹਨ। ਕੋਈ ਪ੍ਰਬਧੰਕ, ਕੋਈ ਭਾਈ ਪੁੱਛਣ ਵਾਲਾ ਨਹੀਂ, ਸਭ ਅਪਣੇ ਅਪਣੇ ਧੰਦਿਆਂ ਵਿੱਚ ਗਲਤਾਨ ਹਨ। ਕਦੇ ਕਿਸੇ ਪਿੰਡ ਵਾਲੇ, ਕਦੇ ਕਿਸੇ ਇਲਾਕੇ ਵਾਲੇ, ਕਦੇ ਕਿਸੇ ਪਰਿਵਾਰ ਵਾਲਿਆਂ ਇੱਕਠੇ ਹੋ ਕੇ ਇੰਝ ਪਿੰਟਾਂ ਟੰਗ ਟੰਗ ਸਹਿਬਜਾਦਿਆਂ ਦਾ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬੰਦਾ ਸਿੰਘ ਬਹਾਦਰ ਜਾਂ ਹੋਰ ਸੂਰਬੀਰਾਂ ਦਾ ਇੰਝ ਸਹੀਦੀ ਦਿਨ ਮਨਾਇਆ ਹੋਵੇ।

ਮੈਂ ਵਾਰ ਵਾਰ ਕਹਿੰਨਾ, ਕਿ ਸਿੱਖ ਕੌਮ ਬੀਮਾਰ ਡਾਕਟਰਾਂ ਦੇ ਟੇਟੇ ਚੜ੍ਹ ਬੀਮਾਰ ਹੋ ਚੁੱਕੀ ਹੈ, ਤੇ ਇਸ ਨੂੰ ਬੀਮਾਰ ਲੋਕ ਹੀ ਚੰਗੇ ਲੱਗਦੇ ਹਨ। ਤੇ ਇਹੀ ਕਾਰਨ ਹਨ ਕਿ ਇਹ ਬੀਮਾਰ, ਬੁੱਸੀਆਂ ਅਤੇ ਗੁਰਬਾਣੀ ਵਲੋਂ ਕਈ ਸੌ ਸਾਲ ਪਹਿਲਾਂ ਰੱਦ ਕਰ ਦਿੱਤੀਆਂ ਗਈਆਂ ਜਾਤ-ਪਾਤੀ ਕੋਹੜ ਵਰਗੀਆਂ ਬੀਮਾਰੀਆਂ, ਅੱਜ ਵੀ ਗਲ ਨਾਲ ਲਾਈ ਫਿਰਦੀ ਖਾਲਸਈ ਤੰਦਰੁਸਤੀ ਦਾ ਢੰਡੋਰਾ ਪਿੱਟਦੀ ਫੱਸੇ ਹੋਏ ਤੋਤਿਆਂ ਦੇ ਫਸਣਾ ਨਹੀਂ, ਫਸਣਾ ਨਹੀਂ, ਗਾਉਣ ਵਾਂਗ ਖਾਲਸਾ ਨਿਆਰਾ ਹੈ, ਖਾਲਸਾ ਨਿਆਰਾ ਹੈ, ਗਾਈ ਜਾ ਰਹੀ ਹੈ.....?

ਗੁਰਦੇਵ ਸਿੰਘ ਸੱਧੇਵਾਲੀਆ sgurdev@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top