Share on Facebook

Main News Page

ਮਾਮਲਾ ਗੁਰਬਾਣੀ ਦੀ ਵਿਆਖਿਆ ਦਾ

ਪਿਛਲੇ ਦਿਨੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ, ਅਰਥਾਂ ਨੂੰ ਲੈ ਕੇ, ਦੋ ਬਿਆਨ ਆਏ, ਜ਼ਾਹਰਾ ਇਨ੍ਹਾਂ ਵਿਚ ਕੋਈ ਆਪਸੀ ਸੰਪਰਕ ਨਾ ਹੁੰਦੇ ਹੋਏ ਵੀ, ਇਨ੍ਹਾਂ ਦਾ ਆਪਸ ਵਿਚ ਗੂੜ੍ਹਾ ਸਬੰਧ ਸਾਫ ਨਜ਼ਰ ਆਉਂਦਾ ਹੈ। ਇਸ ਲਈ, ਇਸ ਬਾਰੇ ਵਿਚਾਰ ਸਾਂਝੇ ਕਰਨ ਦੀ ਲੋੜ ਨੂੰ ਜ਼ਰੂਰੀ ਸਮਝਦਿਆਂ, ਇਹ ਛੋਟਾ ਜਿਹਾ ਉਪਰਾਲਾ ਕਰ ਰਿਹਾ ਹਾਂ।

10 ਮਈ ਦੀ ਖਬਰ ਅਨੁਸਾਰ, 9 ਮਈ ਨੂੰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਕ ਪਰੈਸ-ਕਾਨਫਰੈਂਸ ਕੀਤੀ, ਜਿਸ ਵਿਚ, ਇਕ ਤਖਤ ਦੇ ਮੌਜੂਦਾ ਸਿੰਘ ਸਾਹਿਬ ਅਤੇ ਨਿਹੰਗਾਂ ਦੇ ਕੁਝ ਲੀਡਰ ਵੀ ਹਾਜ਼ਰ ਸਨ। ਉਸ ਵਿਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪਰੈਸ ਨੂੰ ਜਾਣਕਾਰੀ ਦਿੱਤੀ ਕਿ “ਹੁਣ ਤੱਕ ਗੁਰਬਾਣੀ ਦੇ ਕੀਤੇ ਗਏ ਅਰਥ, ਮਨ-ਮੱਤ ਭਰਪੂਰ ਹਨ, ਹੁਣ ਗੁਰਬਾਣੀ ਦੇ ਸਹੀ ਅਰਥ ਮੈਂ ਕਰਾਂਗਾ।

ਇਸ ਤੋਂ ਦੋ ਦਿਨ ਮਗਰੋਂ, 12 ਮਈ ਦੀ ਖਬਰ ਅਨੁਸਾਰ, 11 ਮਈ ਨੂੰ, ਪੰਜਾਬੀ ਵਿਸ਼ਵਕਰਮਾ ਮੰਦਰ, ਪਿਹੋਵਾ ਵਿਚ “ਗੁਰਮਤਿ ਵਿਵੇਕ ਗੋਸ਼ਠੀ” ਦਾ ਆਯੋਜਨ ਕੀਤਾ ਗਿਆ। ਜਿਸ ਦਾ ਪ੍ਰਬੰਧ “ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ” ਕੁਰੂ ਕਸ਼ੇਤਰ ਰੋਡ, ਪਿਹੋਵਾ ਅਤੇ “ਨਾਦ ਪ੍ਰਗਾਸ” ਸ੍ਰੀ ਅੰਮ੍ਰਿਤਸਰ, ਦੋਵਾਂ ਨੇ ਮਿਲ ਕੇ ਕੀਤਾ। ਜਿਸ ਵਿਚ ਕਈ ਸਾਰੇ ਅਕਾਦਮਿਕ ਵਿਦਵਾਨਾਂ ਨੇ ਵੀ ਭਾਗ ਲਿਆ। ਉਸ ਵਿਚ ਬੋਲਦਿਆਂ, ਨਾਦ ਪ੍ਰਗਾਸ ਸੰਸਥਾ ਨਾਲ ਸਬੰਧਿਤ ਪ੍ਰੋ. ਅਵਤਾਰ ਸਿੰਘ ਨੇ ਕਿਹਾ “ਸਾਨੂੰ ਗੁਰਬਾਣੀ ਦੀ ਵਿਆਖਿਆ ਅਤੇ ਖੋਜ, ਪੱਛਮ ਦੇ ਸਿਧਾਂਤਾਂ ਅਨੁਸਾਰ ਨਹੀਂ ਕਰਨੀ ਚਾਹੀਦੀ, ਬਲਕਿ ਪੁਰਾਤਨ ਭਾਰਤੀ ਸੰਸਕ੍ਰਿਤੀ ਨੂੰ ਧਿਆਨ ਵਿਚ ਰਖਦੇ ਹੋਏ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹੋਰ ਕਿਹਾ ਕਿ “ਨਿਰਮਲਾ ਸੰਸਥਾ ਅਤੇ ਉਦਾਸੀਨ ਮੱਤ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ”।

ਪਹਿਲਾਂ ਆਪਾਂ “ਗੁਰਮਤਿ ਵਿਵੇਕ ਗੋਸ਼ਠੀ” ਦੀ ਗੱਲ ਕਰਦੇ ਹਾਂ। ਉਸ ਵਿਚ ਸ਼ਾਇਦ ਹੀ ਕੋਈ ਸਿੱਖੀ ਨੂੰ ਸਮਰਪਿਤ ਵਿਦਵਾਨ ਸੀ, ਜ਼ਿਆਦਾਤਰ ਅਲੱਗ-ਅਲੱਗ ਸੰਸਥਾਵਾਂ ਨਾਲ ਸਬੰਧਿਤ ਅਜਿਹੇ ਵਿਦਵਾਨ ਸਨ, ਜੋ ਨਿਰਮਲਿਆਂ (ਉਨ੍ਹਾਂ ਸਿੱਖਾਂ ਦੇ ਵੰਸ਼ਜ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਸੰਸਕ੍ਰਿਤ ਸਿੱਖਣ ਲਈ, ਬਨਾਰਸ ਭੇਜਿਆ ਸੀ। ਇਹ ਗੱਲ ਵਖਰੀ ਹੈ ਕਿ ਮੈਂ ਅੱਜ-ਤਕ, ਇਹ ਨਹੀਂ ਜਾਣ ਸਕਿਆ ਕਿ, ਉਨ੍ਹਾਂ ਸਿੱਖਾਂ ਨੇ ਸੰਸਕ੍ਰਿਤ ਸਿੱਖ ਕੇ ਕੀ ਕਰਨਾ ਸੀ। ਕੀ ਗੁਰੂ ਸਾਹਿਬ ਦੇ ਦਰਬਾਰ ਵਿਚ ਸੰਸਕ੍ਰਿਤ ਦੇ ਵਿਦਵਾਨ ਨਹੀਂ ਸਨ ? ਇਹ ਇਕ ਅਲੱਗ ਵਿਸ਼ਾ ਹੈ, ਜੋ ਮੈਂ ਪਹਿਲਾਂ ਵੀ ਵਿਚਾਰ ਚੁੱਕਾ ਹਾਂ, ਲੋੜ ਪੈਣ ਤੇ ਫਿਰ ਵੀ ਵਿਚਾਰਿਆ ਜਾ ਸਕਦਾ ਹੈ। ਪਰ ਸਿੱਖਾਂ ਦੇ ਹਾਲਾਤ ਖਰਾਬ ਹੋ ਜਾਣ ਕਾਰਨ, ਇਹ ਇਕ ਸਦੀ ਕਰੀਬ ਬਨਾਰਸ ਵਿਚ ਹੀ ਰਹੇ। ਓਥੇ ਹੀ ਵਿਆਹ ਕੀਤੇ, ਗੁਰਬਾਣੀ ਨਾਲੋਂ ਟੁੱਟੀ ਚੌਥੀ ਪੀੜ੍ਹੀ ਨੇ, ਹਾਲਾਤ ਸੁਧਰਨ ਤੇ, ਬਨਾਰਸ ਤੋਂ ਪਰਤ ਕੇ, ਹਰਦਵਾਰ ਵਿਚ ਆਪਣਾ ਅਖਾੜਾ ਬਣਾ ਕੇ, ਓਥੇ ਹੀ ਨਿਵਾਸ ਕੀਤਾ। ਜਦ ਰਾਜ-ਭਾਗ ਸਿੱਖਾਂ ਦੇ ਹੱਥਾਂ ਵਿਚ ਆ ਗਿਆ ਤਾਂ ਇਹ ਗੁਰਦਵਾਰਿਆਂ ’ਤੇ ਕਬਜ਼ੇ ਕਰ ਕੇ, ਉਨ੍ਹਾਂ ਦੇ ਪੁਜਾਰੀ ਬਣ ਗਏ।) ਜਾਂ ਉਦਾਸੀਆਂ (ਬਾਬਾ ਨਾਨਕ ਜੀ ਦੇ, ਸਿੱਖੀ ਤੋਂ ਬਾਗੀ ਪੁਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਦੇ ਵੰਸ਼ਜ ਜਾਂ ਪੈਰੋਕਾਰ) ਵਿਚੋਂ ਸਨ। ਇਨ੍ਹਾਂ ਦਾ ਵੀ ਹਰਦਵਾਰ ਵਿਚ ਆਪਣਾ ਇਕ ਅਖਾੜਾ ਹੈ। ਇਨ੍ਹਾਂ ਵੀ ਗੁਰੂ ਅੰਸ਼ ਵਜੋਂ ਗੁਰਦਵਾਰਿਆਂ ’ਤੇ ਕਬਜ਼ਾ ਕਰ ਕੇ, ਸਿੱਖਾਂ ਵਿਚ ਬ੍ਰਾਹਮਣਵਾਦ ਦਾ ਬਹੁਤ ਪਰਚਾਰ ਕੀਤਾ ਹੈ।

ਉਨ੍ਹਾਂ ਦਾ ਆਸ਼ਾ ਸਿੱਧਾ ਜਿਹਾ, ਗੁਰਮਤਿ ਵਿਚ ਪੁਰਾਤਨ ਭਾਰਤੀ ਸੰਸਕ੍ਰਿਤੀ, ਯਾਨੀ ਵੇਦਾਂਤ ਦਾ ਬੋਲ-ਬਾਲਾ ਕਰਨਾ ਹੈ।

ਦੂਸਰੇ ਪਾਸੇ ਗਿਆਨੀ ਵੇਦਾਂਤੀ ਜੀ ਵੀ ਉਸ ਸੰਸਥਾ ਦੇ ਵਿਦਿਆਰਥੀ ਹਨ, ਜਿਸ ਵਿਚ ਪੁਰਾਤਨ ਭਾਰਤੀ ਸੰਸਕ੍ਰਿਤੀ ਦਾ ਪੂਰਾ ਖਿਆਲ ਰਖਦਿਆਂ, ਸਿਰਫ ਸਵੇਰ ਵੇਲੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੁੰਦੀ ਸੀ। ਦੁਪਿਹਰ ਦੇ ਖਾਣੇ ਮਗਰੋਂ ਦੂਸਰੇ ਧਰਮਾਂ ਦੇ ਗ੍ਰੰਥਾਂ ਦੀ ਪੜ੍ਹਾਈ ਕਰਵਾਈ ਜਾਂਦੀ ਸੀ। (ਜਿਸ ਵਿਚ, ਮੂਲ ਰੂਪ ਵਿਚ ਵੇਦਾਂ, ਸਿੰਮ੍ਰਤੀਆਂ, ਸ਼ਾਸਤਰਾਂ, ਰਾਮਾਇਣ, ਮਹਾਂ ਭਾਰਤ, ਜਾਂ ਗੀਤਾ ਆਦਿ ਦੀ ਹੀ ਗੱਲ ਹੁੰਦੀ ਸੀ।) ਅਤੇ ਸ਼ਾਮ ਨੂੰ ਗੁਰ ਪ੍ਰਤਾਪ ਸੂਰਜ ਗ੍ਰੰਥ, ਗੁਰ ਬਿਲਾਸ ਪਾ:6, ਗੁਰ ਬਿਲਾਸ ਪਾ: 10, ਪੰਥ ਪ੍ਰਕਾਸ਼, ਭਾਈ ਗੁਰਦਾਸ ਦੀਆਂ ਵਾਰਾਂ ਜਾਂ ਦਸਮ ਗ੍ਰੰਥ ਆਦਿ ਦੀ ਪੜ੍ਹਾਈ ਅਤੇ ਕਥਾ ਹੁੰਦੀ ਸੀ।

ਇਸ ਹਿਸਾਬ ਦੋਵਾਂ ਦਾ ਟੀਚਾ ਇਕ ਹੀ ਕਿਹਾ ਜਾ ਸਕਦਾ ਹੈ। ਯਾਨੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਕਰਨ ਲਗਿਆਂ, ਪੁਰਾਤਨ ਭਾਰਤੀ ਸੰਸਕ੍ਰਿਤੀ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਅਰਥਾਤ ਗੁਰਬਾਣੀ ਸ਼ਬਦਾਂ ਦੇ ਅਰਥ, ਬ੍ਰਾਹਮਣ ਵਲੋਂ ਸਥਾਪਤ ਕੀਤੇ ਨਿਯਮਾਂ ਅਨੁਸਾਰ ਹੀ ਕਰਨੇ ਚਾਹੀਦੇ ਹਨ। ਪੁਰਾਤਨ ਵਿਦਵਾਨਾਂ ਨੇ ਜੋ ਵੀ ਅਰਥ, ਪੁਰਾਤਨ ਮਾਨਤਾਵਾਂ ਤੋਂ ਹੱਟ ਕੇ ਕੀਤੇ ਹਨ, ਉਹ ਸਭ ਮਨ-ਮੱਤ ਭਰਪੂਰ ਹਨ। ਸਿੱਧੀ ਬੋਲੀ ਵਿਚ ਗੁਰਮਤਿ, ਹਿੰਦੂਵਾਦ ਤੋਂ ਕੋਈ ਵੱਖਰੀ ਵਿਚਾਰ-ਧਾਰਾ ਨਹੀਂ ਹੈ, ਉਸ ਦੇ ਅਰਥ ਵੇਦਾਂਤ ਦੇ ਅਨਕੂਲ ਹੀ ਹੋਣੇ ਚਾਹੀਦੇ ਹਨ।

ਕੀ ਇਹ ਓਸੇ ਜ਼ਹਰ ਰੂਪੀ ਫਲਸਫੇ ਨੂੰ ਖੰਡ ਵਿਚ ਲਪੇਟਣ ਵਾਲੀ ਗਲ ਤਾਂ ਨਹੀਂ, ਜੋ ਸਦੀਆਂ ਤੋਂ ਸਿੱਖਾਂ ਨੂੰ ਦੇ ਕੇ, ਉਨ੍ਹਾਂ ਨੂੰ ਸਿੱਖੀ ਵਲੋਂ ਅਚੇਤ ਕੀਤਾ ਜਾ ਰਿਹਾ ਹੈ? ਕੀ ਸਿੱਖੀ ਨੂੰ ਸਮਰਪਿਤ ਵਿਦਵਾਨ, ਵੇਦਾਂਤੀ ਅਤੇ ਗੁਰਮਤਿ ਵਿਵੇਕ ਗੋਸ਼ਠੀ ਦੇ ਆਯੋਜਕਾਂ ਦੀ ਇਸ ਗੱਲ ਨਾਲ ਸਹਿਮਤ ਹਨ, ਕਿ ਗੁਰਬਾਣੀ ਦੇ ਅੱਜ ਤੱਕ ਕੀਤੇ ਅਰਥ, ਮਨ-ਮੱਤ ਭਰਪੂਰ ਹਨ। ਜਾਂ ਗੁਰਬਾਣੀ ਦੇ ਅਰਥ ਪੁਰਾਤਨ ਭਾਰਤੀ ਸੰਸਕ੍ਰਿਤੀ ਨੂੰ ਧਿਆਨ ਵਿਚ ਰੱਖ ਕੇ ਹੀ ਹੋਣੇ ਚਾਹੀਦੇ ਹਨ?

ਜੇ ਨਹੀਂ ਤਾਂ ਉਨ੍ਹਾਂ ਨੂੰ ਸਮਾਂ ਰਹਿੰਦੇ ਹੀ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ।

ਅਮਰਜੀਤ ਸਿੰਘ ਚੰਦੀ ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top