Share on Facebook

Main News Page

ਲਾਲਾਂ ਹੀਰਿਆਂ ਦੀ ਰਾਖੀ ਗਧੇ

ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ

ਸਾਖੀ ਹੈ, ਕਿ ਜਦ ਗੁਰੂ ਨਾਨਕ ਸਾਹਿਬ ਪਾਕ-ਪਟਨ (ਪਟਨਾ ਸਾਹਿਬ) ਗਏ ਤਾਂ ਭਾਈ ਮਰਦਾਨਾ ਜੀ ਨੂੰ ਇੱਕ ਲਾਲ ਦੇ ਕੇ ਸ਼ਹਿਰ ਭੇਜਿਆ, ਕਿਸੇ ਨੇ ਉਸ ਦੀ ਕੀਮਤ ਦੋ ਮੂਲੀਆਂ, ਕਿਸੇ ਪਾਈਆ ਜਲੇਬ ਤੇ ਕਿਸੇ ਚਾਰ ਗਾਜਰਾਂ ਦੱਸੀਆਂ। ਪਰ ਇਹੀ ਲਾਲ ਜਦ ਸਾਲਸਰਾਇ ਜੌਹਰੀ ਕੋਲੇ ਗਿਆ, ਤਾਂ ਇਸ ਦੀ ਕੇਵਲ ਦਰਸ਼ਨ ਭੇਟਾ ਹੀ ਉਸ ਵੇਲੇ ਦਾ 101 ਦਮੜਾ ਸੀ ਕੀਮਤ ਤਾਂ ਉਸ ਕੋਲੇ ਹੈ ਹੀ ਨਹੀਂ ਸੀ। ਲਾਲ ਇਕੋ ਸੀ ਪਰ ਅੱਖ ਵੱਖ-ਵੱਖ ਸੀ। ਸਾਲਸਰਾਇ ਕੋਲੇ ਜਾ ਕੇ ਲਾਲ ਹੋਰ ਥੋੜੋਂ ਹੋ ਗਿਆ ਸੀ ਬੱਅਸ ਅੱਖ ਦਾ ਫਰਕ ਸੀ।

ਕਹਿੰਦੇ ਨੇ ਘੁਮਿਆਰ ਨੂੰ ਇਕ ਵਾਰ ਕੀਮਤੀ ਲਾਲ ਲੱਭਾ ਉਸ ਚੁੱਕ ਕੇ ਗੱਧੇ ਦੇ ਗਲ ਪਾ ਦਿੱਤਾ ਕਿ ਚਲੋ ਚਮਕਦਾ ਜਿਹਾ ਵੱਟਾ ਸੋਹਣਾ ਲੱਗਦਾ। ਬਿੱਲਕੁੱਲ ਉਵੇਂ ਜਿਵੇਂ ਸਿੱਖਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਕੀਮਤੀ ਲਾਲ ਚੁੱਕ ਕੇ ਗਰੰਥੀਆਂ-ਭਾਈਆਂ ਤੇ ਬਾਬਿਆਂ ਦੇ ਗਲ ਪਾ ਦਿੱਤਾ ਹੈ।ਉਨ੍ਹਾਂ ਨੂੰ ਇੰਝ ਲੱਗਦਾ ਇਹ ਗਿਆਨ ਦਾ ਚਮਕਦਾ ਹੋਇਆ ਕੀਮਤੀ ਲਾਲ ਗੱਧਿਆਂ ਦੇ ਸਿਰ ਚੁੱਕਿਆ ਸੋਹਣਾ ਲੱਗਦਾ ਹੈ। ਤੇ ਸਿਰ ਚੁੱਕੀ ਉਹ ਜੋਰ ਜੋਰ ਦੀ ਹੀਂਗੀ ਜਾ ਰਹੇ ਹਨ, ਹੇਕਾਂ ਲਾ ਲਾ ਉਸ ਦੀਆਂ ਕੋਤਰੀਆਂ, ਸੰਪਟ ਪਾਠ, ਮਹਾਂ ਸੰਪਟ ਪਾਠ ਕਰੀ ਜਾ ਰਹੇ ਹਨ ਸਮਝ ਕਿਸੇ ਦੇ ਕੁਝ ਆ ਨਹੀ ਰਿਹਾ ਤੇ ਸਿੱਖ ਸਿਰ ਮਾਰੀ ਖੁਸ਼ ਹੋਈ ਜਾ ਰਿਹਾ ਕਿ ਆ ਹਾ ਹਾ ਬੜਾ ਭਜਨ ਪਾਠ ਹੋ ਰਿਹਾ ਬਈ ਤਾਂ ਹੀ ਦੁਨੀਆਂ ਬੱਚੀ ਜਾ ਰਹੀ ਹੈ ਪਰ ਪੰਜਾਬ..?

ਅੱਖਾਂ ਵਾਲੇ ਸੂਝਵਾਨ ਲੋਕ ਸਿੱਖ ਕੌਮ ਦੀ ਇਸ ਵਿਚਾਰਗੀ ਉਪਰ ਹੱਸ ਰਹੇ ਹਨ ਕਿ ਲੋਕੀਂ ਅਪਣਾ ਪਿੱਤਲ ਵੀ ਸੋਨੇ ਦੇ ਭਾਅ ਵੇਚ ਰਹੇ ਹਨ ਪਰ ਇਹ ਗਰੀਬ ਲੋਕ ਕੀਮਤੀ ਲਾਲ ਗੱਧਿਆਂ ਦੇ ਗਲ ਪਾਈ ਫਿਰਦੇ ਆਪ ਭਿਖਾਰੀਆਂ ਵਾਂਗ ਕਦੇ ਕਿਸੇ ਡੇਰੇ ਨੱਕ ਰਗੜਦੇ ਫਿਰਦੇ ਹਨ ਕਦੇ ਕਿਤੇ ਟੱਲੀਆਂ ਖੜਕਾਈ ਜਾਂਦੇ ਹਨ। ਕੋਈ ਲਾਲਾਂ ਵਾਲਾ, ਕੋਈ ਬਾਲਕ ਨਾਥ, ਕੋਈ ਰੋਟਾਂ ਵਾਲਾ, ਕੋਈ ਗੁੱਗਾ, ਕੋਈ ਭੈਰੋਂ, ਕੋਈ ਭੂਤਾਂ ਵਾਲਾ, ਕੋਈ ਪੰਡਤ, ਜੋਤਸ਼ੀ, ਅਜਮੇਰੀ, ਮਾਸਟਰ ਮਾਂ ਦਿਆ ਪੁੱਤਾਂ ਛੱਡਿਆ ਹੀ ਨਹੀ ਜਿਥੇ ਨੱਕ ਨਹੀ ਰਗੜਦੇ। ਜਿਧਰੋਂ ਕੋਈ ਟੱਲ ਖੜਕਦਾ, ਜਿਧਰੋਂ ਕਿਸੇ ਸੰਖ ਦੀ ਅਵਾਜ ਆਉਂਦੀ, ਜਿਧਰ ਢੋਲਕੀ ਵੱਜਦੀ, ਜਿਧਰ ਚਿਮਟਾ ਖੜਕਦਾ ਮੂੰਹ ਚੁੱਕੀ ਉਧਰ ਹੀ ਦੌੜ ਪੈਂਦੇ।

ਵੀਕਐਂਡ ਤੇ ਇੱਕ ਦਿਨ ਹਾਲੇ ਸਵੇਰੇ 9 ਹੀ ਵੱਜੇ ਸਨ ਕਿ ਸਾਡੇ ਘਰ ਦੀ ਬੈੱਲ ਵੱਜੀ ਪਤਨੀ ਮੇਰੀ ਨੇ ਦਰਵਾਜਾ ਖ੍ਹੋਲਿਆ ਤਾਂ ਗੋਰੀ ਜੀਸਸ ਦਾ ਸੁਨੇਹਾ ਲੈ ਕੇ ਦਰਵਾਜੇ ਅਗੇ ਖੜੀ ਮੁਸਕਰਾ ਰਹੀ ਸੀ। ਭੂਰੀ ਜਾਣਕੇ ਬੇਸ਼ਕ ਪਤਨੀ ਮੇਰੀ ਨੇ ਉਸ ਨਾਲ ਯੈਸ-ਨੋ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਤਨੀ ਮੇਰੀ ਹੈਰਾਨ ਰਹਿ ਗਈ ਜਦ ਉਹ ਬੜੀ ਸੁਹਣੀ ਪੰਜਾਬੀ ਉਸ ਨਾਲ ਬੋਲਣ ਲੱਗ ਪਈ ਤੇ ਨਾ ਚਾਹੁਣ ਦੇ ਬਾਵਜੂਦ ਵੀ ਉਹ ਕਈ ਕੁਝ ਅਪਣੇ ਜੀਸਸ ਬਾਰੇ ਦੱਸ ਗਈ, ਅਤੇ ਜਾਣ ਲੱਗੀ ਬੜਾ ਸੁਹਣਾ ਮੂਰਤੀਆਂ ਵਾਲਾ ਇਕ ਪਂੈਫਲਿਟ ਦੇ ਗਈ। ਬੱਚੇ ਪੁੱਛ ਰਹੇ ਸਨ ਕਿ ਮਾਂ ਕੌਣ ਸੀ ਤਾਂ ਪਤਨੀ ਮੇਰੀ ਲੰਮਾ ਸਾਹ ਲੈ ਕੇ ਕਹਿਣ ਲੱਗੀ ਕਿ ਪੁੱਤਰ ਜਾਗਦੇ ਹੋਏ ਲੋਕ! ਬੇਸ਼ਕ 35 ਵਾਰ ਬਾਈਬਲ ਬਦਲੀ ਜਾ ਚੁੱਕੀ ਹੈ ਅਤੇ ਬੇਢੰਗੀਆਂ ਜਿਹੀਆਂ ਕਹਾਣੀਆਂ ਨਾਲ ਭਰਪੂਰ ਹੈ, ਪਰ ਉਨ੍ਹਾਂ ਨੇ ਅਪਣਾ ਪਿੱਤਲ ਵੀ ਦੁਨੀਆਂ ਤੇ ਸੋਨੇ ਭਾਅ ਵੇਚਿਆ ਹੈ।
ਸੁਰਜੀਤ ਦੱਸ ਰਿਹਾ ਸੀ ਕਿ ਉਸ ਦੀ ਇੱਕ ਪੁਰਾਣੀ ਕਿਰਾਏਦਾਰਨੀ ਦਾ ਘਰ ਵਾਲੇ ਨਾਲ ਡਾਇਵੋਰਸ ਹੋ ਗਿਆ ਪਤਾ ਨਹੀ ਮਿਸ਼ਨਰੀਆਂ ਨੂੰ ਕਿਥੋਂ ਪਤਾ ਲੱਗਾ ਉਨ੍ਹੀ ਫੱਟ ਉਸ ਦਾ ਦਰਵਾਜਾ ਆਣ ਖੜਕਾਇਆ ਤੇ ਹੁਣ ਉਹ ਪੱਕੀ ਕ੍ਰਿਸਚੀਅਨ ਹੀ ਨਹੀ ਸਗੋਂ ਇਕ ਦਿਨ ਉਸ ਦੀ ਪਤਨੀ ਕੋਲੇ ਆਈ ਅਤੇ ਉਸ ਨੂੰ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਚਲ ਤੈਨੂੰ ਮੈਂ ਦਿਖਾਵਾਂ ਰੱਬ ਕਿੱਥੇ ਹੈ। ਇੰਝ ਦੀਆਂ ਕਈ ਸਿੱਖ ਬੀਬੀਆਂ ਕ੍ਰਿਸਚੀਅਨ ਬਣਕੇ ਉਹ ਅਗੋਂ ਅਪਣੀਆਂ ਸਹੇਲੀਆਂ ਨੂੰ ਵੀ ਦਿਨੇ ਆ ਕੇ ਘਰ ਘਰ ਪ੍ਰੇਰ ਰਹੀਆਂ ਹਨ ਇਹ ਇੱਕ ਪੂਰਾ ਨੈੱਟਵਰਕ ਚਲ ਰਿਹਾ ਹੈ ਜਿਸ ਤੋਂ ਸਿੱਖ ਕੌਮ ਦੇ ਭਵਿੱਖ ਦਾ ਅੰਦਾਜਾ ਲਾਉਂਣਾ ਔਖਾ ਨਹੀ।

ਮੇਰੇ ਗੁਆਂਢੀ ਦੀ ਬੱਚੀ ਨੂੰ ਸਕੂਲ ਵਲੋਂ ਬੱਚਿਆਂ ਦੀ ਨੌਲਿਜ ਵਾਸਤੇ ਹੋਰ ਥਾਵਾਂ ਤੋਂ ਇਲਾਵਾ ਇਕ ਦਿਨ ਗੁਰਦੁਆਰੇ ਦਾ ਦੌਰਾ ਵੀ ਕਰਾਇਆ ਗਿਆ। ਟਰੰਟੋ ਦੇ ਵੱਡੇ ਗੁਰਦੁਆਰੇ ਬੱਚਿਆਂ ਨੂੰ ਬਕਾਇਦਾ ਟੀਚਰ ਲੈ ਕੇ ਗਈ। ਉਥੇ ਕੋਈ ਪ੍ਰਬੰਧ ਨਹੀਂ ਸੀ, ਕੋਈ ਲਿਟਰੇਚਰ ਨਹੀਂ ਸੀ ਕਿ ਗਏ ਬੱਚਿਆਂ ਨੂੰ ਕੁਝ ਦੱਸਿਆ ਜਾ ਸਕੇ ਜਿਸ ਯੈਸ-ਨੋ ਵਾਲੇ ਰੁੱਖੇ ਤਰੀਕੇ ਉਥੋਂ ਦਾ ਭਾਈ ਪੇਸ਼ ਆਇਆ। ਸਿੱਖ ਬੱਚਿਆਂ ਨੂੰ ਅਪਣੇ ਆਪ ਤੇ ਸ਼ਰਮ ਆ ਰਹੀ ਸੀ, ਕਿ ਸਕੂਲੇ ਜਾ ਕੇ ਉਨ੍ਹਾਂ ਦੇ ਫਰੈਂਡ ਕੀ ਕਹਿਣਗੇ। ਹੋਰ ਅਜੀਬ ਗੱਲ ਇਹ ਵਾਪਰੀ ਕਿ ਕਿਸੇ ਹੋਰ ਕਮਿਉਨਿਟੀ ਦੇ ਪਹਿਲੀ ਵਾਰ ਗੁਰਦੁਆਰਾ ਸਾਹਬ ਗਏ ਬੱਚੇ ਨੂੰ ਗੁਰਦੁਆਰਾ ਸਿਸਟਮ ਦਾ ਪਤਾ ਨਹੀਂ ਸੀ। ਉਹ ਜੋੜਾ ਕਿਤੇ ਲੰਗਰ ਵਾਲੇ ਪਾਸੇ ਲੈ ਗਿਆ ਪਰ ਗੁਰਦੁਆਰੇ ਦੇ ਭਾਈ ਨੇ ਉਸ ਦੀ ਗਲਤੀ ਦਾ ਅਹਿਸਾਸ ਜਿਸ ਤਰੀਕੇ ਉਸ ਦੀ ਕੁੱਤੇ ਖਾਣੀ ਕਰਕੇ ਕਰਵਾਇਆ, ਟੀਚਰ ਵੀ ਹੈਰਾਨ ਸੀ, ਕਿ ਇਥੇ ਇਦਾਂ ਦੇ ਗੱਧੇ ਇੰਨ੍ਹੀ ਘਾਹ ਚਰਨ ਲਈ ਰੱਖੇ ਹਨ, ਜਿਹੜੇ ਆਏ ਮਹਿਮਾਨ ਦੇ ਦੁਲੱਤੇ ਮਾਰਦੇ ਹਨ?

ਅਸੀਂ ਪਿੱਛਲੀ ਵਾਰੀ ਅਨੰਦਪੁਰ ਸਾਹਿਬ ਗਏ ਮੇਰੇ ਪਰਿਵਾਰ ਦੇ ਨਾਲ ਮੇਰੇ ਅਮਰੀਕਾ ਤੋਂ ਗਏ ਸਾਂਢੂ ਦਾ ਪਰਿਵਾਰ ਵੀ ਨਾਲ ਸੀ ਜਿਸ ਵਿੱਚ ਉਸ ਦੀ ਯੂਨੀਵਰਸਿਟੀ ਪੜ੍ਹਦੀ ਬੇਟੀ ਵੀ ਸੀ। ਜਦ ਅਸੀਂ ਲੰਗਰ ਵਿਚ ਪ੍ਰਸ਼ਾਦਾ ਛੱਕਣ ਗਏ ਤਾਂ ਸੰਗਤ ਜਿਆਦਾ ਹੋਣ ਕਾਰਨ, ਉਥੋਂ ਦਾ ਇੱਕ ਭਾਈ ਪੰਗਤਾਂ ਲਵਾ ਰਿਹਾ ਸੀ। ਜਦ ਸਾਡੀ ਵਾਰੀ ਆਈ ਤਾਂ ਕੁੜੀ ਨੂੰ ਉਸ ਦੀ ਕਾਹਲੀ ਨਾਲ ਕੀਤੀ ਜਾ ਰਹੀ ਵੱਡੂ-ਖਾਊਂ ਦਾ ਪਤਾ ਨਾ ਲੱਗਾ, ਉਹ ਦੂਜੀ ਪੰਗਤ ਵਲ ਨੂੰ ਜਦ ਤੁਰੀ ਤਾਂ ਉਹ ਕੁੜੀ ਨੂੰ ਪੈ ਨਿਲਕਿਆ, ਤੇ ਉਸ ਕਈ ਕੁਝ ਕਹਿ ਮਾਰਿਆ। ਬੱੇਸ਼ਕ ਕੁੜੀ ਨੇ ਉਸ ਨੂੰ ਅਗੋਂ ਚੰਗਾ ਧੋਤਾ ਪਰ ਕੁੜੀ ਸਾਰੇ ਰਾਹ ਮੈਨੂੰ ਕਹਿੰਦੀ ਆਈ, ਕਿ ਮਾਸੜ ਜੀ ਮੈਂ ਇਸ ਤੋਂ ਬਾਅਦ ਇਥੇ ਨਹੀ ਆਉਂਣਾ ਇੰਨੇ ਬਦਤਮੀਜ ਲੋਕ?

ਤੇ ਸਚਮੁੱਚ ਮੇਰੀ ਕੌਮ ਨੇ ਲਾਲਾਂ ਹੀਰਿਆਂ ਦੀ ਰਾਖੀ ਗੱਧੇ ਬੈਠਾਏ ਹੋਏ ਹਨ, ਜਿਨ੍ਹਾਂ ਨੂੰ ਸਿਵਾਏ ਪ੍ਰਬੰਧਕਾਂ ਦੀ ਚਾਪਲੂਸੀ, ਤੂੜ ਕੇ ਢਿੱਡ ਭਰਨ ਤੇ ਜਾਂ ਬੇਢੱਬਾ ਹੀਂਗਣ ਤੋਂ ਕੁੱਝ ਨਹੀਂ ਆਉਂਦਾ।

ਗੁਰੂ ਕਹਿੰਦੇ ਹਨ ਕਿ ਬਿਨਾ ਗਾਹਕ ਇਹ ਹੀਰਾ ਕੌਡੀਆਂ ਭਾਅ ਵਿਕ ਰਿਹਾ ਹੈ। ਅਖੰਡ ਪਾਠਾਂ ਦੇ ਰੂਪ ਵਿਚ ਵਿਕ ਰਿਹਾ ਹੈ, ਸੰਪਟ ਪਾਠਾਂ ਦੇ ਵਿਕ ਰਿਹਾ ਹੈ, ਸੁਖਮਨੀ ਦੇ ਨਾਂ ਤੇ ਵਿਕ ਰਿਹਾ ਹੈ, ਦੁਪਹਿਰੇ ਜਾਂ ਚੁਪਹਿਰਿਆਂ ਦੇ ਨਾਂ ਤੇ ਵਿਕ ਰਿਹਾ ਹੈ। ਕੀਰਤਨ ਵਿਕ ਰਹੇ ਹਨ, ਕਥਾ ਵਿਕ ਰਹੀ ਹੈ। ਮਹਿੰਗੇ ਜਾਂ ਸਸਤੇ ਕਲਾਕਾਰ ਇਸ ਦੀਆਂ ਬੋਲੀਆਂ ਲਾ ਲਾ ਵੇਚ ਰਹੇ ਹਨ। ਕੁਝ ਹਜਾਰਾਂ ਪਿੱਛੇ, ਕੁਝ ਸੈਕੜਿਆਂ ਪਿੱਛੇ ਤੇ ਕਈ ਸਸਤੇ ਕਲਾਕਾਰ ਕੌਡੀਆਂ ਦੇ ਭਾਅ!

ਗੁਰਮੁੱਖ ਸਿੰਘ ਨੇ ਘਰੇ ਸੁਖਮਨੀ ਸਾਹਿਬ ਦਾ ਪਾਠ, ਕੀਰਤਨ ਅਤੇ ਕਥਾ ਕਰਵਾਈ। ਭੇਟਾ ਉਸ ਲਫਾਫੇ ਵਿੱਚ ਇੱਕਠੀ ਪਾ ਦਿੱਤੀ। ਭਾਈ ਜੀ ਨੇ ਤੁਰਨ ਤੋਂ ਪਹਿਲਾਂ ਹੀ ਲਿਫਾਫਾ ਖੋਹਲ ਲਿਆ।

ਭਾਈ ਸਾਹਬ ਜੀ! ਕਥਾ ਭੇਂਟ ਨਹੀਂ ਇਸ ਵਿੱਚ!

ਇਕੱਠੀ ਹੀ ਪਾ ਤਾਂ ਦਿੱਤੀ ਭਾਈ ਸਾਹਬ ਸਗੋਂ 101 ਡਾਲਰ ਵਾਧੂ ਪਾਇਆ।

ਵਾਧੂ ਤਾਂ ਚਲੋ ਤੁਹਾਡੀ ਸ਼ਰਧਾ ਸੀ, ਪਰ 71 ਡਾਲਰ ਕੀਰਤਨ ਦੇ, 51 ਸੁਖਮਨੀ ਸਾਹਿਬ ਦੇ ਪਾਠ ਦੇ ਪਰ 31 ਡਾਲਰ ਕਥਾ ਦੇ ਘੱਟ ਹਨ..?

ਗੁਰਮੁੱਖ ਸਿੰਘ ਨੇ ਲਿਫਾਫਾ ਫੜਿਆ 101 ਵਾਧੂ ਵਿਚੋਂ 70 ਡਾਲਰ ਕੱਢ ਲਏ ਤੇ ਬਾਕੀ ਭਾਈ ਜੀ ਨੂੰ ਦੇ ਦਿੱਤਾ।

ਆਹ ਲਓ, ਭਾਈ ਸਾਹਬ ਹਿਸਾਬ ਬਰਾਬਰ ਸ਼ਰਧਾ ਮੇਰੀ ਕੋਈ ਨਹੀਂ ਰਹੀ, ਕਥਾ ਵਾਲੇ 31 ਤੁਹਾਡੇ ਖਰੇ।

ਗੁਰਬਾਣੀ ਵਿਚਲੇ ਹੀਰੇ ਲਾਲਾਂ ਬਾਰੇ ਕੀਤੀ ਕਥਾ ਭਾਈ ਜੀ ਨੇ 31 ਡਾਲਰ ਵਿੱਚ ਵੇਚ ਦਿੱਤੀ ਤੇ ਗੁਰਮੁੱਖ ਸਿੰਘ ਸੋਚਣ ਲੱਗਾ ਕਿ ਸੱਚਮੁਚ ਅਨਮੁੱਲੇ ਲਾਲ ਗੱਧਿਆਂ ਦੇ ਗਲ ਪਾ ਦਿੱਤੇ ਗਏ ਹਨ।

ਇਸ ਤੋਂ ਅਗਲੀ ਪੰਗਤੀ ਤੇ ਗੌਰ ਕਰਨੀ ਕਿ, ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥1॥ ਜਦ ਸਾਧੂ ਗੁਰੂ ਨੇ ਇਸ ਗਿਆਨ ਦੇ ਰਤਨ ਨੂੰ ਦੇਖਿਆ ਤਾਂ ਇਸ ਦੀ ਕੀਮਤ ਲੱਖਾਂ ਹੋ ਗਈ। ਗੁਰੂ ਨੇ ਇਸ ਲਾਲ ਨੂੰ ਪਛਾਣ ਪਛਾਣ ਕੇ ਉਦਾਸੀਆਂ ਵੇਲੇ ਕਿਥੋਂ ਕਿਥੋਂ ਜਾ ਕੇ ਇਕੱਠਿਆਂ ਕੀਤਾ, ਸਾਰੀ ਉਮਰ ਇਸ ਗੁਰਬਾਣੀ ਨੂੰ ਅਪਣੀ ਹਿੱਕ ਨਾਲ ਲਾਈ ਰੱਖਿਆ, ਤੇ ਬੜੇ ਅਦਬ ਸਤਿਕਾਰ ਨਾਲ ਅਗਲੇ ਗੁਰੂ ਨੂੰ ਗੁਰਗੱਦੀ ਦੇਣ ਸਮੇ ਇਹ ਹੀਰਿਆਂ ਦਾ ਖਜਾਨਾ ਬਖਸ਼ਿਆ। ਕਿਉਂ? ਕਿਉਂਕਿ ਗੁਰੂ ਜੌਹਰੀ ਨੂੰ ਇਸ ਲਾਲ ਦੀ ਪਛਾਣ ਸੀ।

ਕਦੇ ਕਿਸੇ ਖੱਬੀਖਾਨ ਅਗੇ ਨਾ ਝੁਕਣ ਵਾਲਾ ਗੁਰੂ ਦਸਮ ਪਾਤਸ਼ਾਹ ਦਾ ਸਿਰ ਇਸ ਅਗੇ ਹੀ ਕਿਉਂ ਝੁਕਿਆ? ਕਿਉਂਕਿ ਉਸ ਜੌਹਰੀ ਨੂੰ ਇਸ ਲਾਲ ਦੀ ਕੀਮਤ ਦਾ ਪਤਾ ਸੀ। ਕਿਉਂ ਇਸ ਤੋਂ ਚਾਨਣ ਲੈ ਲੈ ਸਿੱਖ ਸੂਰਬੀਰ ਮੌਤ ਦੇ ਮੋਢਿਆਂ ਨਾਲ ਖਹਿੰਦੇ ਸਨ? ਕਿਉਂਕਿ ਉਹ ਇਸ ਲਾਲਾਂ ਦੇ ਖਜਾਨੇ ਨੂੰ ਪਾ ਕੇ ਅਮੀਰ ਹੋ ਗਏ ਸਨ ਤੇ ਉਨ੍ਹਾਂ ਨੂੰ ਇਸ ਵਿਚੋਂ ਸਮਝ ਪੈ ਗਈ ਸੀ ਕਿ ਜਿਸ ਮਰਨ ਤੋਂ ਜਗ ਡਰਦਾ ਹੈ ਉਸ ਮੌਤ ਨੂੰ ਟਿੱਚ ਸਮਝਣ ਦੀ ਜਾਚ ਇਸ ਵਿਚੋਂ ਆਉਂਦੀ ਹੈ।

ਹੁਣ ਸਿੱਖ ਨੂੰ ਇਸ ਉਪਰ ਯਕੀਨ ਹੀ ਕੋਈ ਨਹੀ ਰਿਹਾ। ਉਹ ਆਖੀ ਜਾ ਰਿਹਾ ਹੈ ਨਹੀ! ਇਹ ਬਾਬਾ ਜੀ ਤਾਂ ਕੇਵਲ ਸਿੱਖ ਨੂੰ ਸੰਤ ਹੀ ਬਣਾਉਂਦੇ ਹਨ ਸਿਪਾਹੀ ਤਾਂ ਸਾਡੇ ਵਾਲਾ ਬਣਾਉਂਦਾ ਹੈ। ਉਹ ਹੋਰ ਹੀ ਖੜ ਖੜ ਖੰਘ ਅੰਗ ਗਾਈ ਜਾ ਰਿਹਾ ਸਿਰ ਮਾਰੀ ਜਾ ਰਿਹਾ ਤੇ ਉਸ ਨੂੰ ਜਾਪਦਾ ਇਹ ਖੜ ਕੜ ਖੜ ਕੜ ਜਿਹੀ ਕਰਨ ਨਾਲ ਸਿਪਾਹੀ ਬਣ ਜਾਈਦਾ ਹੈ। ਉਹ ਕਮਲਾ ਭੁੱਲ ਜਾਂਦਾ ਹੈ ਸਿਪਾਹੀ ਤਾਂ ਦਸਮ ਗੁਰੂ ਤੋਂ ਪਹਿਲਾਂ ਵੀ ਬਣ ਚੁੱਕੇ ਹੋਏ ਸਨ, ਉਹ ਕਿਹੜੀ ਖੜ ਖੜ ਕੜ ਕੜ ਨਾਲ ਬਣੇ ਸਨ।

ਜੇ ਇਸ ਖੜ ਖੜ ਕੜ ਕੜ ਕਰਨ ਜਾਂ ਚੰਡੀ ਗਾਉਣ ਨਾਲ ਹੀ ਸੂਰਮੇ ਪੈਦਾ ਹੁੰਦੇ ਤਾ ਭੰਗ ਪੀਣੇ ਨਿਹੰਗ ਕਦੋਂ ਦੇ ਇਸ ਨੂੰ ਪੜਦੇ ਆ ਰਹੇ ਹਨ, ਪਰ ਸਿਵਾਏ ਕਬਜੇ ਕਰਨ ਜਾਂ ਭੰਗ ਪੀ ਕੇ ਘੋੜੇ ਭਜਾਉਂਣ ਤੋਂ ਕੋਈ ਪ੍ਰਾਪਤੀ ਹੋਵੇ ਤਾਂ ਦੇਖੀ ਜਾ ਸਕਦੀ ਹੈ।

ਇਸੇ ਪਾਵਨ ਬੋਲਾਂ ਵਿੱਚ ਰਹਾਓ ਤੋਂ ਅਗਲੀ ਪੰਗਤੀ ਸਾਡੀ ਲਾਪ੍ਰਵਾਹੀ ਨੂੰ ਹੋਰ ਖ੍ਹੋਲਦੀ ਹੈ,

ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥ ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖ

ਮਨ ਪਿੱਛੇ ਤੁਰਨ ਵਾਲੇ ਲੋਕ, ਮਨ ਅੰਦਰ ਗਿਣਤੀਆਂ ਮਿਣਤੀਆਂ ਕਰਨ ਵਾਲੇ ਕਿ ਸਾਡੇ ਮਹਾਂਪੁਰਖ, ਸਾਡੇ ਬ੍ਰਹਮਗਿਆਨੀ ਇੰਝ ਆਖ ਗਏ ਹਨ ਉਹ ਥੋੜੋ ਝੂਠੇ ਹੋ ਸਕਦੇ ਹਨ। ਅਗਿਆਨ ਦੇ ਹਨੇਰੇ ਦੀ ਕੋਠੀ ਵਿੱਚ ਤੜੇ ਹੋਏ ਭੋਲਿਆਂ ਨੂੰ ਇਹ ਨਹੀ ਦਿੱਸਦਾ ਕਿ ਘਰ ਅੰਦਰ ਮੇਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਰਤਨ ਹੈ ਫਿਰ ਮੈਂ ਬੱਚਿਤ੍ਰ ਨਾਟਕ ਦੀਆਂ ਕੌਡੀਆਂ ਦਾ ਮੋਹ ਕਿਉਂ ਕਰ ਰਿਹਾ ਹਾਂ। ਹੀਰੇ ਦੀ ਕੀਮਤ ਤੋਂ ਮੈਂ ਕੌਡੀਆਂ ਕਿਉਂ ਵਟਾ ਰਿਹਾ ਹਾਂ। ਕਿਉਂਕਿ ਮੇਰਾ ਡੇਰੇਦਾਰ ਇਸ ਉਪਰ ਮੋਹਰ ਲਾ ਗਿਆ ਹੈ ਕਿ ਇਸ ਦੇ ਪਾਠ ਦੀ ਮਰਿਯਾਦਾ ਸ੍ਰੀ ਗੁਰੂ ਗਰੰਥ ਸਹਿਬ ਜੀ ਦੇ ਪਾਠ ਵਾਲੀ ਹੈ?

ਬੱਸ ਇਹੀ ਕਾਰਨ ਹੈ, ਕਿ ਕੌਮ ਮੇਰੀ ਊਝੜ ਪਈ ਹੋਈ ਹੈ, ਤੇ ਇਸ ਨੂੰ ਮਾਇਆ ਦੇ ਭੁਝੰਗ ਭਾਵ ਸੱਪ ਨੇ ਡੱਸ ਲਿਆ ਹੋਇਆ ਹੈ, ਅਤੇ ਇਹ ਗਵਾਰਾਂ ਵਾਂਗ ਆਪਸ ਵਿੱਚ ਹੀ ਲੜ ਲੜ ਮਰੀ ਜਾ ਰਹੀ ਹੈ, ਗੁਰਬਾਣੀ ਦੇ ਪਾਵਨ ਲਾਲਾਂ ਤੋਂ ਬੇਮੁੱਖ ਹੋ ਕੇ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top