Share on Facebook

Main News Page

ਅਖੌਤੀ ਦਸਮ ਗ੍ਰੰਥ, ਕੇਵਲ ਇੱਕ ਭੁਲੇਖਾ

ਗੁਰੁ ਨਾਨਕ ਸਾਹਿਬ ਨੇ ਮਨੁੱਖਤਾ ਦੇ ਕਲਿਆਨ ਲਈ, ਸਿੱਖ ਪੰਥ ਦੀ ਅਰਭੰਤਾ ਕੀਤੀ। ਜਿਸ ਵਿਚ ਕਿਸੀ ਤਰ੍ਹਾਂ ਦੀਆਂ ਕੋਈ ਵੀ ਧਾਰਮਕ ਬੰਦੀਸ਼ਾਂ ਨਹੀਂ ਹਨ। ਇਸ ਬਾਬਤ ਭਾਈ ਗੁਰਦਾਸ ਜੀ ਫਰਮਾੰਦੇ ਹਨ

ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥ (ਵਾਰ 1 : ਪਉਣੀ 45)

ਇਥੇਂ ਇਹ ਵਿਚਾਰ ਬੜੀ ਮਹੱਤਵਪੂਰਣ ਹੈ ਕਿ ਗੁਰੁ ਨਾਨਕ ਸਾਹਿਬ ਨੇ ਜਿਸ ਸਮੇਂ ਇਹ ਧਰਮ ਦਾ ਨਿਰਮਲ ਰਾਹ ਤੋਰਿਆ, ਉਸ ਸਮੇਂ ਧਾਰਮਕ, ਸਮਾਜਕ ਅਤੇ ਰਾਜਨੀਤਕ ਹਾਲਾਤ ਬੜੇ ਹੀ ਮਾੜੇ ਸਨ। ਇਸ ਬਾਰੇ ਗੁਰੁ ਨਾਨਕ ਸਾਹਿਬ ਆਪ ਗੁਰਬਾਣੀ ਵਿਚ ਫਰਮਾੰਦੇ ਹਨ

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ (ਪੰਨਾ 722)

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍‍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ (ਪੰਨਾ 1288)

ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨਾ ਭਿ ਆਵਹਿ ਓਈ ਸਾਦ ॥  ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥  ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥  ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥  ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥  ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥  ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥  ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥ (ਪੰਨਾ 471-72)

ਏਸੇ ਬਿਖੜੇ ਹਾਲਾਤਾਂ ਵਿਚ ਇਕ ਨਿਰਮਲ ਧਾਰਮਕ ਮਾਰਗ, ਜਿਸ ਦੇ ਹੇਠਾਂ ਹੀ ਸਮਾਜਕ ਤੇ ਰਾਜਨੀਤਕ ਸੰਸਥਾਵਾਂ ਦੀ ਬਣਤਰ ਸੀ, ਚਲਾਉਣਾ ਕੋਈ ਬੱਚਿਆਂ ਵਾਲੀ ਖੇਡ ਨਹੀਂ ਸੀ।ਗੁਰੁ ਨਾਨਕ ਸਾਹਿਬ ਨੇ ਇਸ ਧਾਰਮਕ ਹਨ੍ਹੇਰੀ ਵਿਚ ਸੱਚ ਦਾ ਮਾਰਗ ਤੋਰਿਆ ਜਿਸ ਨੂੰ ਸੰਭਾਲਣਾ ਵੀ ਬੜਾ ਹੀ ਓਖਾ ਅਤੇ ਚਨੋਤੀ ਭਰਿਆ ਸੀ। ਗੁਰੁ ਸਾਹਿਬਾਨ ਇਸ ਗੱਲ ਤੋਂ ਵੀ ਬੱਥੇਰੀ ਚੰਗੀ ਤਰ੍ਹਾਂ ਵਾ ਕਫ ਸਨ ਕਿ ਉਨ੍ਹਾ ਵਲੋਂ ਚਲਾਏ ਇਸ ਪਵਿਤ੍ਰ ਸਿਧਾੰਤ ਨੂੰ ਸੰਸਾਰ ਦੇ ਨਾਸਤਕ ਲੋਗ ਮਲਿਆਮੇਟ ਕਰਣ ਦਾ ਜਤਨ ਜਰੂਰ ਕਰਣਗੇਂ।ਇਸ ਕਰਕੇ ਹੀ ਗੁਰੁ ਨਾਨਕ ਸਾਹਿਬ ਨੇ ਇਸ ਪਾਕ-ਪਵਿਤ੍ਰ ਸਿਧਾੰਤ ਨੂੰ ਲਿਖਤੀ ਰੂਪ ਦਿੱਤਾ।ਇਸ ਦਾ ਲਿਖਤੀ ਰੂਪ ਹੀ ਗੁਰਬਾਣੀ ਹੈ।ਸ਼੍ਰੀ ਗੁਰੁ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਪ੍ਰਥਾਏ ਇਹ ਵਿਚਾਰ ਪ੍ਰਗਟ ਕੀਤੇ

ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ (ਪੰਨਾ 723)

ਸਿਧਾੰਤ ਦੀ ਇਸ ਲਿਖਤ ਪ੍ਰਤਿ ਗੁਰੁ ਨਾਨਕ ਸਾਹਿਬ ਬੜੇ ਹੀ ਚੇਤੰਨ ਸੀ।ਉਨ੍ਹਾਂ ਨੇ ਆਪ ਹੀ ਬਾਣੀ ਨੂੰ ਲਿਖਤੀ ਸਰੂਪ ਦਿੱਤਾ।ਉਦਾਸਿਆ ਦੌਰਾਨ ਆਪ ਜਿਥੇਂ ਵੀ ਗਏ, ਉਥੇਂ ਮਿਲੇ ਭਗਤ ਬਾਣੀ ਦੇ ਅਮੋਲਕ ਖਜਾਨੇ ਨੂੰ ਵੀ ਆਪਣੇ ਪਾਸ ਲਿਖ ਕੇ ਸੰਭਾਲ ਲਿਆ।ਉਨ੍ਹਾਂ ਨੇ ਭਗਤਬਾਣੀ ਤੇ ਆਪਣੇ ਮੁੱਖ ਤੌਂ ਉਚਾਰੀ ਬਾਣੀ ਵਿਚ ਕਿਸੇ ਵੀ ਤਰੀਕੇ ਦਾ ਵਿਤਕਰਾ ਨਹੀਂ ਕੀਤਾ।ਇਸ ਸਬੰਧ ਵਿਚ ਭਾਈ ਗੁਰਦਾਸ ਜੀ ਲਿਖਦੇ ਹਨ

ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥ ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ॥ (ਵਾਰ 1 : ਪਉਣੀ 32)
ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥ (ਵਾਰ 1 : ਪਉਣੀ 33)

ਇਥੇਂ ਉਸੀ ਪੋਥੀ ਦੀ ਗੱਲ ਭਾਈ ਗੁਰਦਾਸ ਜੀ ਕਰ ਰਹੇ ਹਨ, ਜਿਸ ਵਿਚ ਗੁਰੁ ਨਾਨਕ ਸਾਹਿਬ ਨੇ ਸਾਰੀ ਬਾਣੀ ਲਿਖ ਕੇ ਸੰਭਾਲੀ ਹੋਈ ਸੀ।ਗੁਰੁ ਸ਼ਰੀਰਾਂ ਦੀ ਤਬਦੀਲੀ (ਗੁਰੁ-ਗੱਦੀ ਨਸ਼ੀਨੀ) ਸਮੇਂ ਪੰਜਵੇਂ ਪਾਤਸ਼ਾਹ ਤਕ ਅਗਲੇ ਗੁਰੁ ਸਾਹਿਬ ਨੂੰ ਬਖਸ਼ੀ ਜਾੰਦੀ ਰਹੀ ਸੀ।ਗੁਰੁ ਅਰਜਨ ਸਾਹਿਬ ਨੇ ਬਾਣੀ ਪ੍ਰਤਿ ਆਪਣੀ ਚੇਤੰਨਤਾ ਦੇ ਕਾਰਣ ਹੀ ਉਸ ਸਮੇਂ ਤਕ ਦੀ ਸਾਰੀ ਇਕਤ੍ਰ ਬਾਣੀ ਨੂੰ ਤਰਤੀਬ ਨਾਲ ਸੰਪਾਦਿਤ ਕਰਕੇ ਆਦਿ ਗ੍ਰੰਥ ਦੀ ਰਚਨਾ ਕੀਤੀ।ਇਕ ਆਮ ਸਿੱਖ ਵੀ ਇਸ ਗੱਲ ਨੂੰ ਸੰਜੀਦਗੀ ਦੇ ਨਾਲ ਮੰਨਦਾ ਤੇ ਸਮਝਦਾ ਹੈ ਕਿ ਸਿੱਖ ਸਿਧਾੰਤ ਕਰਕੇ ਹੀ ਸਿੱਖ, ਸਿੱਖ ਹੈ ਤੇ ਗੁਰੁ ਵੀ ਸਿਧਾੰਤ ਕਰਕੇ ਹੀ ਗੁਰੁ ਹੈ ਨਾ ਕਿ ਸ਼ਰੀਰ ਕਰਕੇ ਗੁਰੁ ਹੈ।ਗੁਰੁ ਅਤੇ ਪਰਮੇਸ਼ਵਰ ਵਿਚ ਕੋਈ ਵੀ ਭੇਦ ਨਹੀਂ ਹੈ। ਇਸ ਕਰਕੇ ਜਦੋਂ ਗੁਰੁ ਅਰਜਨ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ ਤਾਂ ਉਸ ਨੂੰ ਪਰਮੇਸ਼ਵਰ ਦਾ ਹੀ ਦਰਜਾ ਦਿੱਤਾ
ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ (ਪੰਨਾ 1226)

ਗੁਰੁ ਅਰਜਨ ਸਾਹਿਬ ਦੀ ਸ਼ਹਾਦਤ ਦੋਂ ਬਾਦ ਗੁਰੁ ਘਰ ਦਾ ਦੋਖੀ ਪ੍ਰਿਥੀ ਚੰਦ ਅਲਗ ਤੋਂ ਗੱਦੀ ਲਗਾਕੇ ਮਹਲਾ 6 ਦੇ ਟਾਇਟਲ ਨਾਲ ਬਾਣੀ ਰਚਨ ਲਗ ਪਿਆ ਤੇ ਉਸ ਦੇ ਪੁਤਰ ਮੇਹਰਬਾਨ ਨੇ ਮਹਲਾ 7 ਕਰਕੇ ਤੇ ਪੋਤਰੇ ਹਰਿਜੀ ਨੇ ਮਹਲਾ 8 ਦੇ ਟਾਇਟਲ ਤੋਂ ਬਾਣੀ ਉਚਾਰੀ ਸੀ। ਆਮ ਸੰਗਤ ਵਿਚ ਗੁਰਬਾਣੀ ਪ੍ਰਤਿ ਕੋਈ ਭੁਲੇਖਾ ਨਾ ਖੜਾ ਹੋ ਜਾਵੇਂ, ਇਸੇ ਮਨੋਰਥ ਨਾਲ ਪਾਤਸ਼ਾਹੀ 6,7 ਅਤੇ 8 ਨੇ ਬਾਣੀ ਰਚਨਾ ਹੀ ਨਹੀਂ ਕੀਤੀ ਸੀ।

ਨੋਵੇ ਗੁਰੁ ਤੇਗ ਬਹਾਦਰ ਜੀ ਨੇ ਬਾਣੀ ਰਚਨਾ ਕੀਤੀ ਤੇ ਉਨ੍ਹਾਂ ਦੀ ਸ਼ਹਾਦਤ ਦੇ ਮਗਰੋ ਦਸਵੇਂ ਗੁਰੁ ਸ਼੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਨੇ ਆਪ ਗੁਰੁ ਤੇਗ ਬਹਦਰ ਸਾਹਿਬ ਦੀ ਬਾਣੀ ਨੂੰ ਗੁਰੁ ਅਰਜਨ ਸਾਹਿਬ ਦੇ ਵਾਲੋ ਤਿਆਰ ਕੀਤੀ ਤਰਤੀਬ ਅਤੇ ਰੀਤ ਮੁਤਾਬਿਕ ਹੀ ਆਦਿ ਗ੍ਰੰਥ ਸਾਹਿਬ ਵਿਚ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਜੋੜ ਦਿੱਤਾ।

ਇਥੇਂ ਇਹ ਸਵਾਲ ਬੜਾ ਹੀ ਮਹੱਤਵਪੂਰਣ ਹੈ ਕਿ ਜੇ ਗੁਰੁ ਗੋਬਿੰਦ ਸਿੰਘ ਸਾਹਿਬ ਨੇ ਕੋਈ ਬਾਣੀ ਉਚਾਰੀ ਸੀ ਤੇ ਉਸ ਨੂੰ ਉਨ੍ਹਾਂ ਨੇ ਪੂਰਵ ਵਰਤੀ ਗੁਰੁ ਸਾਹਿਬਾਨ ਦੀ ਤਰ੍ਹਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਕਿਉ ਨਹੀਂ ਕੀਤਾ ਜਦਕਿ ਪਾਤਸ਼ਾਹੀ 6,7 ਅਤੇ 8 ਕੇਵਲ ਇਸ ਮਨੋਰਥ ਨਾਲ ਬਾਣੀ ਨਹੀਂ ਉਚਾਰਦੇ ਕਿ ਕਿਧਰੇ ਸਿੱਖਾਂ ਵਿਚ ਗੁਰਬਾਣੀ ਅਤੇ ਪ੍ਰਿਥੀ ਚੰਦ ਤੇ ਉਸਦੇ ਪੁਤਰ, ਪੋਤਰੇ ਵਲੋ ਉਚਾਰੀ ਬਾਣੀ ਦਾ ਭੁਲੇਖਾ ਗੁਰਬਾਣੀ ਦੇ ਸੰਦਰਭ ਵਿਚ ਨਾ ਖਾ ਜਾਣ।ਸਾਰੇ ਗੁਰੁ ਸਾਹਿਬ ਗੁਰਬਾਣੀ ਉਚਾਰਣ ਅਤੇ ਉਸਦੀ ਸੰਭਾਲ ਪ੍ਰਤੀ ਬੜੇ ਹੀ ਚੇਤੰਨ ਸੀ ਤੇ ਗੁਰੁ ਗੋਬਿੰਦ ਸਿੰਘ ਸਾਹਿਬ ਆਪ ਵੀ ਉਤਨੇ ਹੀ ਚਿੰਤਤ ਸੀ ਜਿਤਨੇ ਹੋਰ ਗੁਰੂ ਸਾਹਿਬਾਨ ਸੀ । ਇਸ ਸਵਾਲ ਦੀ ਪ੍ਰੋਣਤਾ ਗੁਰੁ ਸਾਹਿਬ ਦੇ ਗੁਰੁ ਗ੍ਰੰਥ ਸਾਹਿਬ ਦੀ ਸਪੰਦਨਾ ਦੇ ਕਾਰਜ ਵਿਚ ਪ੍ਰਿ: ਤੇਜਾ ਸਿੰਘ ਜੀ ਤੇ ਡਾ: ਗੰਡਾ ਸਿੰਘ ਜੀ ਆਪਣੀ ਪੁਸਤਕ ਸਿੱਖ ਇਤਿਹਾਸ ਵਿਚ ਵਿਚਾਰ ਬੜੇ ਹੀ ਧਿਆਨ ਦੇਣ ਜੋਗ ਹਨ, “ਪਿਛਲੇਰੇ ਲਿਖਾਰੀਆਂ ਅਨੁਸਾਰ ਉਨ੍ਹਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਜਬਾਨੀ ਹੀ ਲਿਖਵਾ ਦਿੱਤਾ ਸੀ ਅਤੇ ਇਸ ਵਿਚ ਆਪਣੇ ਪਿਤਾ ਜੀ ਦੀ ਬਾਣੀ ਸ਼ਾਮਿਲ ਕਰਕੇ ਮੁਕੰਮਲ ਕੀਤਾ।ਯਾਦ ਸ਼ਕਤੀ ਦੀ ਇਸ ਕਰਾਮਾਤ ਦਾ ਜਿਕਰ ‘ਗੁਬਿਲਾਸ’ ਅਤੇ ‘ਸੂਰਜਪ੍ਰਕਾਸ਼’ ਵਿਚ ਨਹੀਂ ਆਉਂਦਾ।ਇਹ ਗੱਲ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਸ ਥਾਂ ਬੈਠ ਕੇ ਗੁਰੂ ਗ੍ਰੰਥ ਸਾਹਿਬ ਵਿਚ ਚੜਾਈ ਸੀ ਇਸ ਤੋਂ ਖੰਡਿਤ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਬੀੜ ਉਪਰ 1748 ਬਿਕਰਮੀ (1691 ਈ:) ਦੀ ਮਿਤੀ ਲਿਖੀ ਹੋਈ ਹੈ ਅਤੇ ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਪਣੀ ਸਹੀ ਥਾਂ ਉਤੇ ਦਰਜ ਹੈ, ਪਟਨੇ ਵਿਚ ਸੰਭਲੀ ਹੋਈ ਹੈ। ਅਜਿਹੀ ਇਕ ਹੋਰ ਬੀੜ ਵੀ ਹੈ ਜੋ ਢਾਕੇ ਵਿਚ ਮਿਲੀ ਹੈ ਜੋ ਇਸ ਤੋਂ ਪਹਿਲਾਂ ਦੀ ਹੈ ਤੇ 1675 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਗੱਦੀ ਉਪਰ ਬੈਠਣ ਦੇ ਪਹਿਲੇ ਸਾਲ ਵਿਚ ਹੀ ਲਿਖੀ ਗਈ ਸੀ।ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਇਨ੍ਹਾਂ ਬੀੜਾਂ ਵਿਚ ਦਰਜ ਹੋਣ ਦੇ ਬਾਵਜੂਦ ਇਹ ਮੰਨਣਾ ਪਵੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਅੰਤਮ ਰੂਪ, ਜੋ ਸਦਾ ਲਈ ਨਿਧਾਰਤ ਹੋ ਗਿਆ, ਉਹ ਦਮਦਮਾ ਸਾਹਿਬ ਵਿਚ ਹੀ ਕੀਤਾ ਗਿਆ ਸੀ। ਮੁੜ ਸੰਕਲਨ ਦੇ ਇਸ ਕੰਮ ਵਿਚ ਨਿਤਨੇਮ ਨੂੰ ‘ਸੋ ਪੁਰਖ’ ਦੇ ਚਾਰ ਸ਼ਬਦ ਪਾ ਕੇ ਮੁਕੰਮਲ ਕਰਨਾ ਅਤੇ ਕੂਝ ਅਜਿਹੇ ਵਾਧੂ ਸ਼ਬਦਾਂ ਨੂੰ ਕਢਣਾ ਜੋ ਕੁਝ ਬੀੜ ਦੇ ਅੰਤ ਵਿਚ ਨਾਜਾਇਜ ਹੀ ਸ਼ਾਮਿਲ ਕਰ ਦਿਤੇ ਗਏ ਸਨ ਅਤੇ ਕਿਤੇ ਕਿਤੇ ਸ਼ਬਦ ਜੋੜ ਨੂੰ ਠੀਕ ਕਰਣ ਦੇ ਕੰਮ ਸ਼ਾਮਿਲ ਹਨ।”

ਇਸ ਤੋਂ ਇਹ ਪੂਰੇ ਤੋਰ ਨਾਲ ਸਪਸ਼ਟ ਹੋ ਨਿਬੜਦੀ ਹੈ ਕਿ ਗੁਰੁ ਗੋਬਿੰਦ ਸਿੰਘ ਸਾਹਿਬ ਵੀ ਗੁਰਬਾਣੀ ਪ੍ਰਤਿ ਉਤਨੇ ਹੀ ਜਾਗਰੁਕ ਸਨ ਜਿਨੇ ਉਨ੍ਹਾਂ ਦੇ ਪੂਰਵ ਵਰਤੀ ਗੁਰੁ ਸਾਹਿਬਾਨ ਸੀ।ਉਨ੍ਹਾਂ ਦੇ ਨਾਮ ਤੇ ਜੋ ਗ੍ਰੰਥ ਜਿਸ ਨੂੰ ਕਿ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਖਿਆ ਜਾੰਦਾ ਹੈ ਉਸਦੀ ਸਪੰਦਨਾ ਹੀ ਗੁਰੁ ਗੋਬਿੰਦ ਸਿੰਘ ਸਾਹਿਬ ਦੇ 1708 ਈ: ਸ਼੍ਰੀ ਗੁਰੁ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਣ ਅਤੇ ਗੁਰੁ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋ ਬਾਦ ਹੋਈ ਸੀ।ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ਦਸਮ ਗ੍ਰੰਥ ਦੇ ਸਬੰਧ ਵਿਚ ਇਹ ਵੇਰਵਾ ਦਿੱਤਾ ਹੈ, “ਮਾਤਾ ਸੁੰਦਰੀ ਜੀ ਦੀ ਆਗਿਆ ਅਨੁਸਾਰ ਸੰਮਤ 1778 (ਸੰਨ 1721) ਵਿਚ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਗਰੰਥੀ ਥਾਪੇ ਗਏ।ਭਾਈ ਸਾਹਿਬ ਨੇ ਇਹ ਸੇਵਾ ਬੜੇ ਉਤਮ ਢੰਗ ਨਾਲ ਨਿਭਾਈ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰ੍ਹਾਂ ਨਾਲ ਕੀਤਾ।ਇਸ ਅਧਿਕਾਰ ਵਿਚ ਹੋਰ ਪੁਸਤਕ ਰਚਣ ਤੋਂ ਛੁਟ, ਭਾਈ ਸਾਹਿਬ ਨੇ ਇਕ ਚੋਥੀ ਬੀੜ ਗੁਰੂ ਗਰੰਥ ਸਾਹਿਬ ਜੀ ਦੀ ਬਣਾਈ, ਜਿਸ ਵਿਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇਕ ਇਕ ਥਾਂ ਜੁਦੀ ਕਰਕੇ ਲਿਖੀ।ਇਸ ਤੋ ਵਖ ਜਿਥੋਂ ਕਿਥੋਂ ਜਤਨ ਨਾਲ ਦਸਮ ਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗਰੰਥਾਂ ਦੇ ਅਨੁਵਾਦ ਇਕਤ੍ਰ ਕਰਕੇ ਇਕ ਜਿਲਦ “ਦਸਵੇਂ ਪਾਤਸ਼ਾਹ ਦਾ ਗਰੰਥ” ਦਾ ਨਾਮ ਕਰਕੇ ਲਿਖੀ।

ਸਿੱਖ ਪੰਥ ਵਿਚ ਇਸ ਗ੍ਰੰਥ ਨੂੰ ਲੈ ਕੇ ਭੁਲੇਖਾਂ ਇਸ ਸਮੇ ਤੋਂ ਹੀ ਸ਼ੁਰੂ ਹੋਇਆ। ਇਥੇ ਇਕ ਨਿੱਕਾ ਜਿਹਾ ਨੁਕਤਾ ਬਹੁਤ ਹੀ ਜਿਆਦਾ ਮਹੱਤਵ ਰੱਖਦਾ ਹੈ ਕਿ ਭਾਈ ਮਨੀ ਸਿੰਘ ਜੀ ਨੇ ਜੋ ਸਾਹਿਤ ਇਕੱਠਾ ਕਰਕੇ ਲਿਖਿਆ ਸੀ, ਉਸ ਦਾ ਨਾਮ ਪੰਥ ਵਿਚ “ਦਸਮ ਗੁਰੁ ਦਾ ਗ੍ਰੰਥ” ਕਰਕੇ ਪਰਸਿੱਧ ਹੋਇਆ। ਦਸਮ ਗੁਰੁ ਦਾ ਗ੍ਰੰਥ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਪਹਿਲਾਂ ਤੋਂ ਪ੍ਰਚਲਿਤ ਨਾਮ ਸੀ।ਉਸ ਦਾ ਮੁਖ ਕਾਰਣ ਇਹ ਹੈ ਕਿ ਜਦੋਂ ਗੁਰੁ ਅਰਜਨ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤੇ ਉਸ ਸਮੇਂ ਤੋ ਲੈ ਕੇ 18 ਵੀ ਸ਼ਤਾਬਦੀ ਤਕ ਉਸ ਬੀੜ ਸਾਹਿਬ ਦੇ ਕਈ ਉਤਾਰੇ ਹੋ ਚੁਕੇ ਸਨ।ਜੋ ਆਮ ਸਮਗਤਾਂ ਪਾਸ ਗੁਰਬਾਣੀ ਦੇ ਅਧਿਐਨ ਲਈੌ ਮਜੂਦ ਸਨ। ਜਦੋਂ ਗੁਰੁ ਗੋਬਿੰਦ ਸਿੰਘ ਸਾਹਿਬ ਨੇ “ਆਦਿ ਗ੍ਰੰਥ” ਵਿਚ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਲਾਈ ਸੀ, ਉਹ ਗੁਰੁ ਅਰਜਨ ਸਾਹਿਬ ਵਲੋ ਤਿਆਰ ਕੀਤੀ ਬੀੜ ਤੋਂ ਅਲਗ ਬੀੜ ਸੀ।ਜਿਸ ਵਿਚ ਪਹਿਲੇ ਤੋਂ ਮਜੂਦ ਬੀੜ ਤੋਂ ਵਧੀਕ ਬਾਣੀ ਤੇ “ਸੋ ਪੁਰਖੁ” ਵਾਲੇ ਚਾਰ ਸ਼ਬਦ ਜਿਆਦਾ ਸਨ। ਇਸ ਕਰਕੇ ਸਿੱਖ ਜਗਤ ਵਿਚ ਗੁਰੁ ਅਰਜਨ ਸਾਹਿਬ ਵਲੋਂ ਮੁਕਮੱਲ ਬੀੜ “ਪੰਜਵੇ ਪਾਤਸ਼ਾਹ ਦਾ ਗ੍ਰੰਥ” ਅਤੇ ਗੁਰੁ ਗੋਬਿੰਦ ਸਿੰਘ ਸਾਹਿਬ ਵਲੋ ਸੰਪਾਦਿਤ ਬੀੜ “ਦਸਵੇਂ ਪਾਤਸ਼ਾਹ ਦਾ ਗ੍ਰੰਥ” ਕਰਕੇ ਪ੍ਰਸਿੱਧ ਸੀ। ਗੁਰੁ ਗੋਬਿੰਦ ਸਿੰਘ ਸਾਹਿਬ ਨੇ ਗੁਰਤਾ ਗੱਦੀ ਵੀ ਦਸਵੇਂ ਪਾਤਸ਼ਾਹ ਦੇ ਗ੍ਰੰਥ ਆਦਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਹੀ ਬਖਸ਼ੀ ਹੈ। 1708 ਈ: ਤੋ ਬਾਦ ਜਿਆਦਾਤਰ ਜੋ ਉਤਾਰੇ ਹੋਏ, ਉਹ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਹੋਏ, ਇਸ ਨੂੰ ਹੀ ਦਸਵੇਂ ਪਾਤਸ਼ਾਹ ਦਾ ਗ੍ਰੰਥ ਆਖਿਆ ਜਾੰਦਾ ਸੀ।

ਭਾਈ ਮਨੀ ਸਿੰਘ ਜੀ ਨੇ ਜੋ ਪੰਜਾਬੀ ਸਾਹਿਤ ਇਕੱਠਾ ਕਰਕੇ ਸੰਪਾਦਿਤ ਕੀਤਾ ਸੀ, ਜਿਸ ਨੂੰ ਵੀ ਦਸਵੇਂ ਪਾਤਸ਼ਾਹ ਦਾ ਗ੍ਰੰਥ ਆਖਿਆ ਗਿਆ, ਪੰਥ ਨੇ ਉਸ ਦੀ ਸੰਪਾਦਨਾ ਦੇ ਸਮੇਂ ਤੋਂ ਹੀ ਉਸ ਨੂੰ ਪ੍ਰਵਾਨ ਨਹੀਂ ਕੀਤਾ ਸੀ।ਇਸ ਦੀ ਸੰਪਾਦਨਾ ਦੇ ਸਮੇਂ ਹੀ ਸਿੱਖ ਵਿਦਵਾਨਾਂ ਵਿਚ ਮਤਭੇਦ ਉਬਰ ਆਏ ਸੀ।ਕੂਝ ਸੱਜਣ ਇਸ ਗ੍ਰੰਥ ਦੇ ਨਾਲ ਸਹਿਮਤ ਨਹੀਂ ਸਨ ਤੇ ਕੂਝ ਸੰਗਤਾਂ ਇਸ ਦੇ ਨਾਮ, ਜੋ “ਆਦਿ ਸ਼੍ਰੀ ਗੁਰੁ ਗ੍ਰੰਥ ਸਾਹਿਬ” ਦੇ ਦੁਸਰੇ ਪ੍ਰਚਲਤ ਨਾਮ “ਦਸਵੇਂ ਪਾਤਸ਼ਾਹ ਦਾ ਗ੍ਰੰਥ” ਨਾਮ ਦੇ ਕਰਕੇ ਹੀ ਇਸ ਗ੍ਰੰਥ ਤੇ ਆਪਣੀ ਸ਼ਰਧਾ ਰਖਦੇ ਸੀ।

ਪੰਥ ਵਿਚ ਇਸ ਗ੍ਰੰਥ ਦੇ ਸੰਬਧ ਵਿਚ ਮਤਭੇਦ ਦੂਰ ਕਰਣ ਦੇ ਮਨੋਰਥ ਨਾਲ, ਉਸ ਸਮੇਂ ਦੇ ਵਿਦਿਆ ਦੇ ਕੇਂਦਰ ਦਮਦਮਾ ਸਾਹਿਬ ਵਿਖੇ ਵਿਦਵਾਨ ਸੱਜਣਾਂ ਦੇ ਵਿਚਾਰ ਲਈ ਭੇਜਿਆ ਗਿਆ।ਉਸ ਸਮੇਂ ਸਿੱਖਾਂ ਦੀ ਭਿਆਨਕ ਕੱਤਲੇਆਮ ਹੋ ਰਹੀ ਸੀ ਇਸ ਕਰ ਕੇ ਕੋਈ ਨਿਰਣਾ ਹੋ ਪਾਣਾ ਸੰਭਵ ਨਹੀਂ ਸੀ। ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿਚ ਉਸ ਸਮੇਂ ਇਸ ਗ੍ਰੰਥ ਦੇ ਨਿਰਣੇ ਦੇ ਸਬੰਧ ਵਿਚ ਲਿਖਦੇ ਹਨ “ਭਾਈ ਮਹਿਤਾਬ ਸਿੰਘ ਜੀ, ਮੱਸੇ ਰੰਗਣ ਦੇ ਹਥੋਂ ਸੰਮਤ 1797 (ਨੰਨ 1740 ਈ:) ਵਿਚ, ਦਰਬਾਰ ਸਾਹਿਬ ਅੰਮ੍ਰਿਤਸਰ ਜੀ ਉਪੜਨ ਲਈ ਰਾਹ ਜਾਂਦੇ, ਦਮਦਮੇ ਆ ਪੁਜੇ।ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮ ਗਰੰਥ ਬਾਬਤ ਲਈ ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰ ਕੇ ਦਮਦਮੇ ਸਾਹਿਬ ਮੁੜ ਆਇਆ, ਤਾਂ ਬੀੜ ਭਾਈ ਮਨੀ ਸਿੰਘ ਜੀ ਦੀ ਕਾਇਮ ਰਹੇ, ਜੇ ਮੈ ਅੰਮ੍ਰਿਤਸਰ ਵਿਖੇ ਸ਼ਹੀਦ ਹੋ ਗਿਆ ਤਾਂ ਜਿਲਦ ਖੋਲ ਕੇ ਜੁਦਾ ਜੁਦਾ ਪੋਥਿਆ ਬਣਾਇਆ ਜਾਣ। ਭਾਈ ਮਹਿਤਾਬ ਸਿੰਘ ਜੀ ਬਹਾਦਰੀ ਨਾਲ ਪਾਮਰ ਅਨਯਾਈ ਮੱਸੇ ਨੂੰ ਮਾਰ ਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ।ਪੰਥ ਨੇ ਭਾਈ ਮਹਤਾਬ ਸਿੰਘ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮ ਗ੍ਰੰਥ ਦੀ ਬੀੜ ਭਾਈ ਮਨੀ ਸਿੰਘ ਜੀ ਦੀ ਲਿਖੀ ਕਾਇਮ ਰਖੀ।”

ਕੀਸੀ ਗ੍ਰੰਥ ਦੇ ਸਬੰਧ ਵਿਚ ਇਸ ਤਰ੍ਹਾਂ ਦੀ ਕਰਜ ਨੀਤਿ ਨਾਲ ਨਿਰਣਾ ਕਰਣਾ ਸਾਰੇ ਸੰਸਾਰ ਦੇ ਇਤਿਹਾਸ ਵਿਚ ਬੜਾ ਹੀ ਨਵੇਕਲਾ ਤੇ ਦੁਰਲਭ ਹੈ।ਸ਼ਾਇਦ ਹੀ ਦੁਨਿਆ ਦੇ ਵਿਚ ਕੀਸੀ ਗ੍ਰੰਥ ਦੇ ਕਰਤੇ ਦੇ ਸਬੰਧ ਵਿਚ ਨਿਰਣਾ ਇਤਨੀ ਲਾਪਰਵਾਹੀ ਅਤੇ ਗੈਰ-ਜਿੱਮੇਦਰਾਨਾ ਤਰੀਕੇ ਨਾਲ ਕੀਤਾ ਗਿਆ ਹੋਵੇਂ।ਜਦਕਿ ਗੁਰਬਾਣੀ ਦੇ ਰਚਨਹਾਰੇ ਅਤੇ ਸੰਕਲਨ ਕਰਤਾ ਗੁਰੁ ਸਾਹਿਬਾਨ ਅਤਿ ਦੇ ਸੰਵੇਦਨਸ਼ੀਲ ਸੀ।ਗੁਰੁ ਸਾਹਿਬਾਨ ਨੇ ਆਪ ਗੁਰਬਾਣੀ ਉਚਾਰੀ, ਭਗਤਬਾਣੀ ਇਕੱਠੀ ਕਰਕੇ ਉਸ ਦੀ ਸੰਪਾਦਨਾ ਦੇ ਬਿਖੜੇ ਕਾਰਜ ਨੂੰ ਕੀਤਾ, ਜਦਕਿ ਸਮਸਾਰ ਵਿਚ ਕੀਸੀ ਵੀ ਧਰਮ ਦੇ ਪੇਰੋਕਾਰਾਂ ਨੇ ਆਪਣੇ ਉਪਦੇਸ਼ਾਂ ਨੂੰ ਆਪ ਖੁਦ ਵੀ ਕਿਸੇ ਨੇ ਸੰਕਲਿਤ ਕਰਨਾ ਤੇ ਦੂਰ ਇਕੱਠਾ ਵੀ ਨਹੀਂ ਕੀਤਾ। ਸਿੱਖ ਗੁਰੁ ਸਾਹਿਬਾਨਾਂ ਦਾ ਇਹ ਮਨੋਰਥ ਹੀ ਸੀ ਕਿ ਸਿੱਖੀ ਦੇ ਸਿਧਾੰਤ ਨੂੰ ਰਹਿੰਦੀ ਦੁਨਿਆ ਤਕ ਮਨੁਖਤਾ ਦੀ ਕਲਿਆਨਤਾ ਲਈ ਗੁਰਬਾਣੀ ਦੇ ਸਰੂਪ ਵਿਚ ਲਿਪੀਬੱਧ ਕੀਤਾ।ਗੁਰੁ ਗ੍ਰੰਥ ਸਾਹਿਬ ਦੇ ਨਾਮ ਦੇ ਭੁਲੇਖੇ ਪਾਉਣ ਦੇ ਖਾਤਿਰ ਇਕ ਹੋਰ ਗ੍ਰੰਥ ਤਿਆਰ ਕਰਕੇ ਉਸ ਨੂੰ ਵੱਧਾਵਾ ਦੇਣਾ ਠੀਕ ਉਸ ਤਰ੍ਹਾਂ ਹੀ ਜਦੋ ਗੁਰੁ ਤੇਗ ਬਹਾਦਰ ਸਾਹਿਬ ਦੀ ਗੱਦੀ ਨਸ਼ੀਨੀ ਸਮੇਂ ਨਕਲੀ ਗੁਰੁ ਆਪ ਮੰਜੀ ਲਾ ਕੇ ਬੈਠ ਗਏ ਸੀ ਤੇ ਗੁਰੂ ਘਰ ਦੇ ਦੋਖਿਆ ਨੇ ਰੱਜ ਕੇ ਉਨ੍ਹਾਂ ਦਾ ਸਾਥ ਨਿਭਾਇਆ ਸੀ।ਇਤਨੇ ਗਹੀਰ ਗੰਭੀਰ ਵਿਸ਼ੈ ਤੇ ਨਿਰਣਾ ਕਰਣ ਲਈ ਪੰਥ ਵਲੋ ਭਾਈ ਕਾਹਨ ਸਿੰਘ ਜੀ ਨਾਭਾ ਵਲੋ ਲਿਖਿਆ ਤਰੀਕਾ ਵਰਤਣਾ ਕੇਵਲ ਹੈਰਾਨੀਜਨਕ ਹੀ ਨਹੀਂ ਸਗੋਂ ਸਿੱਖ ਇਤਿਹਾਸ ਵਿਚ ਨਿਰਾਸ਼ਾਜੋਗ ਅਤੇ ਅਤਿ ਦੀ ਵਡੀ ਭੁਲ ਹੈ।

ਸ਼੍ਰੀ ਗੁਰੁ ਗ੍ਰੰਥ ਸਾਹਿਬ ਨੁੰ ਗੁਰਤਾ ਗੱਦੀ ਮਿਲਣ ਕਾਰਣ ਗੁਰੁ ਗ੍ਰੰਥ ਸਾਹਿਬ ਜੀ ਸਿੱਖਾਂ ਦੀ ਸ਼ਰਧਾ ਦਾ ਕੇਂਦਰ ਹਨ।ਇਸ ਕਰਕੇ ਸਾਰੇ ਸੰਸਾਰ ਵਿਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਮਹਿਮਾ ਦਾ ਪਰਚਾਰ ਹੁੰਦਾ ਰਿਹਾ ਹੈ।ਦਸਵੇਂ ਪਾਤਸ਼ਾਹ ਦਾ ਗ੍ਰੰਥ ਨਾਮ ਦਾ ਉਹ ਗ੍ਰੰਥ ਜੋ ਕਦੀ ਕੁਛ ਕੂ ਪੰਜਾਬੀ ਭਾਸ਼ਾ ਦਾ ਸਾਹਿਤ ਸੀ ਕਦੋ ਅਤੇ ਕਿਵੇਂ “ਬਚਿਤ੍ਰ ਨਾਟਕ” ਹੋਇਆ ਤੇ ਉਸ ਤੋ ਮਗਰੋਂ “ਦਸਮ ਗ੍ਰੰਥ” ਤੇ ਹੁਣ ਕਦੋਂ ਅਤੇ ਕੀਵੇ ਉਸ ਨੂੰ ਕਿਸ ਨੇ “ਸ਼੍ਰੀ ਗੁਰੁ ਦਸਮ ਗ੍ਰੰਥ ਸਾਹਿਬ” ਕਰ ਦਿੱਤਾ ਹੈ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ ਹੈ।ਅੱਜ ਦੇ ਸਮੇਂ ਵਿਚ ਇਹ ਗੱਲ ਪਕੇ ਤੋਰ ਤੇ ਨਿਸ਼ਚਿਤ ਹੈ ਕਿ ਦਸਮ ਪਾਤਸ਼ਾਹ ਨਾਮ ਦਾ ਅਖੋਤੀ ਗ੍ਰੰਥ ਆਪਣੀ ਸੰਪਾਦਨਾ ਦੇ ਸਮੇਂ ਤੋਂ ਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੋ ਉਸ ਸਮੇਂ ਦਸਮ ਪਾਤਸ਼ਾਹ ਦੇ ਗ੍ਰੰਥ ਦੇ ਨਾਮ ਨਾਲ ਪ੍ਰਸਿੱਧ ਸੀ, ਦੀ ਨਵੇਕਲੀ ਗੁਰੁ ਹਸਤੀ ਨੁੰ ਆਪਣੀ ਸੰਪਾਦਨਾ ਦੇ ਸਮੇਂ ਤੋਂ ਹੀ ਚਨੋਤੀ ਦੇ ਰਿਹਾ ਹੈ।ਲਗਭਗ 290 ਸਾਲਾਂ ਬਾਦ ਇਹ ਵਿਵਾਦਿਤ ਗ੍ਰੰਥ ਅੱਜ ਆਪਵੇ 4 ਨਾਲ ਬਦਲ ਕੇ ਸਿੱਖਾਂ ਨੂੰ ਬੁਲੇਖੇ ਵਿਚ ਪਾਉਣ ਦਾ ਹੀ ਕੰਮ ਕਰ ਰਿਹਾ ਹੈ।ਅੱਜ ਦੋ ਮੁਖ ਸਿੱਖ ਧਰਮ ਅਸਥਾਨਾ ਤਖਤ ਸਾਹਿਬਾਨਾਂ ਸ਼੍ਰੀ ਗੂਰੁ ਘ੍ਰੰਥ ਸਾਹਿਬ ਦੀ ਹਜੂਰੀ ਵਿਚ ਇਸ ਅਖੋਤੀ ਗ੍ਰੰਥ ਦੀ ਸਥਾਪਨਾ ਜੋ ਹੁਣ ਪ੍ਰਚਲਿਤ ਕੀਤਾ ਜਾ ਰਿਹਾ ਹੈ, ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ ਉਹ ਆਮ ਸਿੱਖ ਨੁੰ ਗੁਰੁ ਨਾਨਾਕ ਸਾਹਿਬ ਦੇ ਨਿਰਮਲ ਸਿਧਾੰਤ ਦੇ ਚਾਨਣ ਮੁਨਾਰੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਤੋ ਤੋੜ ਕੇ ਸਾਕਤ ਮਤ ਦੇ ਸਾਹਿਤਕ ਕੇਂਦਰ ਬਚਿਤ੍ਰ ਨਾਟਕ ਦੇ ਅਗੇ ਮੱਥੇ ਟਿੱਕਵਾ ਕੇ ਕੇਵਲ ਭੁਲੇਖੇ ਵਿਚ ਹੀ ਪਾਇਆ ਜਾ ਰਿਹਾ ਹੈ।

ਅੱਜ ਲੋਵ ਹੈ ਨਾਨਕ ਨਾਮ ਲੇਵਾ ਸਿੱਖਾਂ ਨੂੰ ਕਿ ਉਹ ਸੁਚੇਤ ਹੋਣ ਤੇ ਆ ਪਇਸ ਗ੍ਰੰਥ ਦੀਆਂ ਅੰਦਰਲਿਆ ਰਚਨਾਵਾਂ ਨੂੰ ਪੜਨ ਤੇ ਆਪ ਹੀ ਨਿਰਣਾ ਕਰਣ ਕਿ ਗੁਰੁ ਨਾਨਕ ਸਾਹਿਬ ਦੇ ਪੰਥ ਦੇ ਮਾਲਕ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਐਸੀ ਘਟਿਆ ਤੇ ਮੰਦ ਭਾਸ਼ੀ ਰਚਨਾਵਾਂ ਕਿਉਂ ਲਿਖਣ ਤੇ ਲਿਖਵਾਉਣਗੇ? ਜਦਕਿ ਉਨ੍ਹਾਂ ਦਾ ਟੀਚਾ ਗੁਰੂ ਨਾਨਕ ਦੇ ਨਿਰਮਲ ਸਿਧਾੰਤ ਨਾਲ ਜੋੜਨ ਲਈ ਰਹਿੰਦੀ ਦੁਨਿਆ ਤੱਕ ਮਨੁੱਖਤਾ ਨੂੰ ਸ਼ਬਦ ਗੁਰੂ ਦੇ ਨਾਲ ਜੋੜਨ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਣਾ ਸੀ।

ਮਨਮੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top