Share on Facebook

Main News Page

ਡਾ: ਢਿੱਲੋਂ ਸਾਹਿਬ ਪੀ. ਐੱਚ. ਡੀ. ਵਿਦਵਾਨ ਹਨ, ਇਸ ਲਈ ਵਿਦਵਾਨ ਹੀ ਬਣੇ ਰਹਿਣ, ਧਰਮ ਸਿੰਘ ਨਿਹੰਗ ਬਣਨ ਦਾ ਯਤਨ ਨਾ ਕਰਨ

ਸਤਿਕਾਰਯੋਗ ਪਾਠਕ ਸਾਹਿਬਾਨ ਅਤੇ ਡਾ: ਇਕਬਾਲ ਸਿੰਘ ਢਿੱਲੋਂ ਸਾਹਿਬ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਜੇ ਨਿਹੰਗ ਧਰਮ ਸਿੰਘ ਵਰਗਾ ਕੋਈ ਬੰਦਾ ਯਭਲੀਆਂ ਮਾਰੇ (ਕਿ ਗੁਰੂ ਸਾਹਿਬਾਨ ਪਾਸ ਕੋਈ ਬੀੜ ਹੈ ਹੀ ਨਹੀਂ ਸੀ, ਨਾ ਹੀ ਉਹ ਆਪਣੇ ਪਾਸ ਕੋਈ ਬੀੜ ਰੱਖਦੇ ਸਨ, ਮੈਨੂੰ ਇਹ ਦੱਸੋ ਕਿ ਉਨ੍ਹਾਂ ਨੇ ਬੀੜ ਤੋਂ ਕਰਾਉਣਾ ਹੀ ਕੀ ਸੀ? ਜਦੋਂ ਉਨ੍ਹਾਂ ਕੋਲ ਕੋਈ ਬੀੜ ਹੈ ਹੀ ਨਹੀਂ ਸੀ ਤਾਂ ਦੱਸੋ ਗੁਰਗੱਦੀ ਕਿਹੜੇ ਗ੍ਰੰਥ ਨੂੰ ਦੇਣੀ ਸੀ?) ਤਾਂ ਇਸ ਨੂੰ ਇਹ ਕਹਿ ਕੇ ਅਣਗੌਲਿਆ ਕੀਤਾ ਜਾ ਸਕਦਾ ਹੈ ਕਿ ਨਿਹੰਗ ਸੁੱਖਾ ਪੀ ਕੇ ਨਸ਼ੇ ਦੇ ਲੋਰ ਵਿੱਚ ਕਮਲ ਮਾਰ ਰਿਹਾ ਹੈ, ਇਸ ਨੂੰ ਸਮਝਾਉਣ ਜਾਂ ਇਸ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਪਰ ਜੇ ਇੱਕ ਪੀ. ਐੱਚ. ਡੀ. ਵਿਦਵਾਨ ਇਹ ਲਿਖੇ:

੧. ਨਾ ਹੀ ਕਥਿਤ ਅਕਾਲ ਤਖਤ ਦਾ ਸੰਕਲਪ ਗੁਰੂ ਸਾਹਿਬਾਨ ਦੀ ਦੇਣ ਹੈ ਅਤੇ ਨਾ ਹੀ ਇਸ ਦਾ ਨਾਮ।
੨. ਕਥਿਤ ਅਕਾਲ ਤਖਤ ਕੋਈ ਸੰਸਥਾ ਨਹੀਂ, ਇਹ ਦੋਖੀ ਧਿਰਾਂ ਵੱਲੋਂ ਸਿੱਖ ਕੌਮ ਦੇ ਸਿਰ ਥੋਪਿਆ ਮਨਮੱਤ ਦਾ ਅੱਡਾ ਹੈ।
੩. ਕਥਿਤ ਅਕਾਲ ਤਖਤ ਦੇ ਸੁਧਾਰ ਦੇ ਬਾਰੇ ਸੋਚਣ ਦੀ ਬਜ਼ਾਇ ਇਸ ਤੋਂ ਛੁਟਕਾਰਾ ਪਾਉਣ ਵਿੱਚ ਹੀ ਕੌਮ ਦੀ ਭਲਾਈ ਹੈ।
੪.”ਛੇਵੇਂ ਗੁਰੂ ਜੀ ਦੇ ਜੀਵਨ ਦੇ ਅੰਤਲੇ ਪੜਾ ਤੱਕ ਉਹ ਕਾਰਨ ਮੌਜੂਦ ਨਹੀਂ ਰਹੇ ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਨੇ ਤਖਤ ਹੋਂਦ ਵਿੱਚ ਲਿਆਂਦਾ ਸੀ। ਇਹ ਇੱਕ ਮੌਕਾ-ਮੇਲ (Co-incidence) ਹੀ ਹੈ ਕਿ ਇਨ੍ਹੀਂ ਦਿਨੀਂ ਹੀ ਛੇਵੇਂ ਗੁਰੂ ਜੀ ਦਾ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਇੱਕ ਬੁੰਗਾ ਉੱਸਰ ਗਿਆ”।
੫.”ਆਸ਼ੇ ਦੀ ਪਰਾਪਤੀ ਹੋ ਜਾਣ ਮਗ਼ਰੋਂ ਜਲਦੀ ਹੀ ਗੁਰੂ ਸਾਹਿਬਾਨ ਵੱਲੋਂ ਤਖਤ ਨੂੰ ਤਿਆਗ ਦਿੱਤਾ ਗਿਆ ਸੀ `ਅਤੇ` ਇਸ ਦੀ ਜਗਹ ਤੇ ਬੁੰਗਾ ਹੋਂਦ ਵਿੱਚ ਆ ਗਿਆ ਸੀ ਜਿਸ ਦਾ ਨਾਮ `ਅਕਾਲ ਬੁੰਗਾ` ਰੱਖਿਆ ਗਿਆ ਸੀ”।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋ: ਡਾ: ਇੱਕਬਾਲ ਸਿੰਘ ਢਿੱਲੋਂ ਦੇ ਉਕਤ ਸ਼ਬਦਾਂ ਨੂੰ ਕਿਸ ਰੂਪ ਵਿੱਚ ਲਿਆ ਜਾਵੇ ਇਹ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ਪਹਿਲੇ ਦੋ ਕਥਨਾਂ ਨੂੰ ਤਾਂ ਇਹ ਖੁੱਦ ਹੀ ਆਪਣੇ ਲੇਖ ਵਿੱਚ ਕੱਟ ਚੁੱਕੇ ਹਨ। ਪਿਛਲੇ ੫੦ ਦਿਨਾਂ ਤੋਂ ਚੱਲ ਰਹੀ ਵੀਚਾਰ ਚਰਚਾ ਦੌਰਾਨ ਇਹ ਸ: ਹਰਦੇਵ ਸਿੰਘ ਜੰਮੂ ਦੇ ੫ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਇਸ ਸਮੇ ਇਨ੍ਹਾਂ ਦੀ ਤਾਜ਼ਾ ਸਥਿਤੀ ਕੀ ਹੈ, ਇਸ ਬਾਰੇ ਬਿਹਤਰ ਤਾਂ ਉਹ ਖ਼ੁਦ ਹੀ ਦੱਸ ਸਕਦੇ ਹਨ ਪਰ ਮਾਲੂਮ ਹੁੰਦਾ ਹੈ ਕਿ ਇਨ੍ਹਾਂ ਪਾਸ ਆਪਣੇ ਕਥਨ ਦੇ ਹੱਕ ਵਿੱਚ ਕੋਈ ਪ੍ਰਮਾਣਿਕ ਇਤਿਹਾਸਕ ਸ੍ਰੋਤ ਨਹੀਂ ਹੈ। ਕਿਉਂਕਿ ੮. ੫. ੨੦੧੧ ਦੇ ਪੱਤਰ ਵਿੱਚ ਹੀ ਸ: ਜਸਵੀਰ ਸਿੰਘ ਕੈਲਗਿਰੀ ਨੇ ਇਨ੍ਹਾਂ ਤੋਂ ਮੰਗ ਕੀਤੀ ਸੀ `ਹੁਣ ਜਦੋਂ ਕਿ ਆਪ ਜੀ ਕਹਿ ਰਹੇ ਹੋ ਕਿ ਉਸ ਤਖਤ ਦੇ ਅਲੋਪ ਹੋਣ ਦੇ ਸਮੇਂ ਬਾਰੇ ਇਤਹਾਸ ਵਿੱਚ ਕੋਈ ਭਰੋਸੇਯੋਗ ਹਵਾਲਾ ਨਹੀਂ ਮਿਲਦਾ। ਤਾਂ ਮਿਹਰਬਾਨੀ ਕਰਕੇ ਆਪ ਆਪਣੇ ਲੇਖ/ ਪੱਤਰ ਵਿੱਚੋਂ ਹੇਠ ਲਿਖੀਆਂ (ਉਕਤ ਨੁਕਤਾ ਨੰ: ੪ ਅਤੇ ੫) ਲਾਇਨਾਂ ਕੱਟ ਦਿਉ ਤਾਂ ਬਿਹਤਰ ਹੋਵੇਗਾ।

ਡਾ: ਇਕਬਾਲ ਸਿੰਘ ਜੀ ਇਸ ਦਾ ਜਵਾਬ ਕਿਤਨਾ ਹਾਸੋਹੀਣਾ ਦਿੰਦੇ ਹਨ। ਉਹ ਲਿਖਦੇ ਹਨ:- ਸ. ਜਸਬੀਰ ਸਿੰਘ ਜੀ! ਆਪ ਕਹਿਣਾ ਚਾਹੁੰਦੇ ਹੋ ਕਿ ਛੇਵੇਂ ਗੁਰੂ ਜੀ ਦਾ ਤਖਤ ਦੋਖੀਆਂ ਵੱਲੋਂ ਢਾਹ ਦਿੱਤਾ ਗਿਆ ਸੀ ਅਤੇ “ਸਿੱਖਾਂ ਦੇ ਆਪਸੀ ਗੁਰਮਤੇ ਨਾਲ ਬਿਲਡਿੰਗ ਦੀ ਉਸਾਰੀ ਨਵੇਂ ਸਿਰੇ ਹੋ ਗਈ”। ਮੇਰੀਆਂ ਲਿਖਤਾਂ ਵਿੱਚੋਂ ਲਈਆਂ ਦੋ ਟੂਕਾਂ (ਜਿਹਨਾਂ ਨੂੰ ਕੱਟਣ ਲਈ ਆਪ ਜੀ ਆਦੇਸ਼ ਦੇ ਰਹੇ ਹੋ) ਵਿਚਲੇ ਤੱਥ ਤਾਂ ਸਹੀ ਹਨ ਅਤੇ ਆਪ ਜੀ ਖੁਦ ਵੀ ਇਹਨਾਂ ਨੂੰ ਸਹੀ ਸਾਬਤ ਕਰ ਰਹੇ ਹੋ ਜਦੋਂ ਆਪ ਜੀ ਕਹਿੰਦੇ ਹੋ ਕਿ ਕਿ ਛੇਵੇਂ ਗੁਰੂ ਜੀ ਦੇ ਤਖਤ ਨੂੰ ਦੋਖੀਆਂ ਵੱਲੋਂ ਅਲੋਪ ਕਰ ਦਿੱਤੇ ਜਾਣ `ਤੇ ਸਿੱਖਾਂ ਵੱਲੋਂ ਇਸ ਦੀ ਜਗਹ `ਤੇ (ਗੁਰਮਤੇ ਰਾਹੀਂ) ਇੱਕ ਇਮਾਰਤ ਉਸਾਰ ਦਿੱਤੀ ਗਈ ਸੀ। ਹੁਣ ਇਮਾਰਤ ਤਾਂ ਤਖਤ ਨਹੀਂ ਹੁੰਦੀ। ਆਪ ਜੀ ਦਾ ਦਾਵਾ ਤਾਂ ਹੀ ਸਹੀ ਹੁੰਦਾ, ਜੇਕਰ ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ `ਤੇ ਉਸ ਵਰਗਾ ਹੀ ਇੱਕ ਹੋਰ ਤਖਤ ਉਸਾਰ ਲਿਆ ਜਾਂਦਾ, ਐਨ ਉਸੇ ਤਰ੍ਹਾਂ ਜਿਵੇਂ ਦਰਬਾਰ ਸਾਹਿਬ ਦੇ ਨਵ-ਨਿਰਮਾਣ ਵੇਲੇ ਪਹਿਲਾਂ ਵਰਗਾ ਢਾਂਚਾ (structure) ਉਸਾਰ ਲਿਆ ਗਿਆ ਸੀ।

ਡਾ: ਸਾਹਿਬ ਜੀ ਦੇ ਉਕਤ ਜਵਾਬ ਤੋਂ ਮਾਲੂਮ ਹੁੰਦਾ ਹੈ ਕਿ ਉਹ ਅਕਾਲ ਤਖ਼ਤ ਨੂੰ ਸਿਧਾਂਤ ਨਹੀਂ ਇੱਕ ਬਿਲਡਿੰਗ ਸਮਝ ਰਹੇ ਹਨ। ਕਿਉਂਕਿ ਜੇ ਦਰਬਾਰ ਸਾਹਿਬ ਵਾਂਗ ਤਖ਼ਤ ਦਾ ਵੀ ਪਹਿਲਾਂ ਵਾਂਗ ਢਾਂਚਾ ਉਸਾਰਿਆ ਜਾਂਦਾ ਫਿਰ ਤਾਂ ਉਹ ਇਸ ਨੂੰ ਤਖ਼ਤ ਮੰਨ ਲੈਂਦੇ ਪਰ ਹੁਣ ਕਿਉਂਕਿ ਇੱਕ ਥੜੇ ਦੀ ਥਾਂ ਬਹੁ ਮੰਜਲੀ ਬਿਲਡਿੰਗ ਉਸਾਰ ਲਈ ਗਈ ਹੈ ਇਸ ਲਈ ਉਹ ਇਸ ਨੂੰ ਤਖ਼ਤ ਮੰਨਣ ਲਈ ਤਿਆਰ ਨਹੀਂ। ਦੂਸਰੀ ਗੱਲ ਉਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਮਸੰਦਾਂ ਨੂੰ ਸਾੜੇ ਜਾਣ ਅਤੇ ਮੁਗਲਾਂ ਵਲੋਂ ਭਾਈ ਮਤੀਦਾਸ, ਭਾਈ ਦਿਆਲਾ, ਭਾਈ ਸਤੀ ਦਾਸ, ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਮਨੀ ਸਿੰਘ ਆਦਿ ਨੂੰ ਸ਼ਹੀਦ ਕੀਤੇ ਜਾਣ ਵਿੱਚ ਕੋਈ ਅੰਤਰ ਨਹੀਂ ਸਮਝ ਰਹੇ। ਇਹੀ ਅੰਤਰ ਸਮਝਾਉਣ ਲਈ ਸ: ਜਸਬੀਰ ਸਿੰਘ ਕੈਲਗਰੀ ਨੇ ਇਨ੍ਹਾਂ ਤੋਂ ਪੁੱਛਿਆ ਸੀ ਕੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਖ਼ਤਨੁਮਾ ਥੜੇ ਨੂੰ ਗੁਰਮਤ ਦੇ ਵਿਰੁਧ ਜਾਣ ਕੇ ਆਪ ਹੀ ਢਾਹੇ ਜਾਣ ਦਾ ਆਦੇਸ਼ ਦਿੱਤਾ ਸੀ ਜਾਂ ਪੰਥ ਦੋਖੀਆਂ ਨੇ ਇਸ ਨੂੰ ਢਾਹ ਦਿੱਤਾ ਸੀ? ਜੇ ਗੁਰੂ ਸਾਹਿਬ ਜੀ ਨੇ ਢਾਹੁਣ ਦਾ ਆਦੇਸ਼ ਦਿੱਤਾ ਸੀ ਤਾਂ ਭਰੋਸੇਯੋਗ ਇਤਿਹਾਸਕ ਸ੍ਰੋਤ ਅਨੁਸਾਰ ਉਸ ਦੀ ਕਿਹੜੀ ਤਰੀਖ ਸੀ? ਜੇ ਆਪ ਜੀ ਇਹ ਹਵਾਲੇ ਨਹੀਂ ਦੇ ਸਕਦੇ ਤਾਂ ਕ੍ਰਿਪਾ ਕਰਕੇ ਆਪ ਜੀ ਦੇ ਲੇਖ/ਪੱਤਰ ਵਿੱਚੋਂ ਉਕਤ ਲਾਈਨਾਂ ਕੱਟ ਦਿਓ।

ਅੱਜ ਤੱਕ ਮੰਗੇ ਗਏ ਭਰੋਸੇਯੋਗ ਹਵਾਲੇ ਦੇਣ ਤੋਂ ਅਸਮਰਥ ਵਿਦਵਾਨ ਢਿੱਲੋਂ ਸਾਹਿਬ ਨੇ ਆਪਣੇ ਕਥਨਾਂ ਦੇ ਸਮਰੱਥਨ ਵਿੱਚ ਇਤਿਹਾਸਕ ਸ੍ਰੋਤ ਲੱਭਣ ਦੀ ਥਾਂ ਇੱਕ ਹੋਰ ਮਾਰਕਾ ਮਾਰ ਦਿੱਤਾ। ਸਿੱਖ ਮਾਰਗ `ਤੇ “ਸਾਬਕਾ `ਜਥੇਦਾਰ` ਦਾ ਖਿਆਲੀ ਅਕਾਲ-ਤਖਤ” ਸਿਰਲੇਖ ਹੇਠ ਪਾਏ ਆਪਣੇ ਲੇਖ ਵਿੱਚ ਹੈਰਨੀਜਨਕ ਟਿੱਪਣੀ ਕਰਦਿਆਂ ਲਿਖ ਦਿੱਤਾ: ਸਾਬਕਾ `ਜਥੇਦਾਰ` ਜੀ ਇਸ ਮਹੱਤਵਪੂਰਨ ਤੱਥ ਨੂੰ ਨਜ਼ਰਅੰਦਾਜ਼ ਕਰ ਗਏ ਹਨ ਕਿ ਸਾਰੇ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਇੱਕ ਥਾਂ `ਤੇ ਵੀ ਸ਼ਬਦ-ਜੋੜ `ਅਕਾਲ ਤਖਤ` ਵਰਤਿਆ ਹੋਇਆ ਨਹੀਂ ਮਿਲਦਾ। ਹੋਰ ਤਾਂ ਹੋਰ ਗੁਰਬਾਣੀ ਵਿੱਚ ਇਕੱਲੇ ਤੌਰ `ਤੇ ਸ਼ਬਦ `ਅਕਾਲ` ਦੀ ਵਰਤੋਂ ਹੋਈ ਵੀ ਨਹੀਂ ਮਿਲਦੀ।

ਮੈਨੂੰ ਨਹੀਂ ਸਮਝ ਆ ਰਹੀ ਕਿ ਡਾ: ਸਾਹਿਬ ਜੀ ਦੇ ਉਕਤ ਕਥਨ ਦੇ ਭਾਵ ਨੂੰ ਮੈਂ ਹੀ ਠੀਕ ਨਹੀਂ ਸਮਝ ਸਕਿਆ ਜਾਂ ਉਹ ਵੈਸੇ ਹੀ ਪਾਠਕਾਂ ਦੇ ਦਿਮਾਗ ਦੀ ਕਸਰਤ ਕਰਵਾਉਣ ਲਈ ਅਜਿਹਾ ਕੁੱਝ ਲਿਖ ਰਹੇ ਹਨ। ਕਿਸੇ ਮਨੁਖ ਨੂੰ ਗੁਰਬਾਣੀ ਦਾ ਗਿਆਨ ਹੈ ਜਾ ਨਹੀਂ ਪਰ ਉਸ ਨੂੰ ਇੰਨਾਂ ਕੁ ਤਾਂ ਪਤਾ ਹੈ ਹੀ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਤੋਂ ਇਲਾਵਾ ੩੩ ਵਾਰ ਪੂਰਾ ਮੂਲ ਮੰਤਰ ਦਰਜ਼ ਹੈ ਜਿਸ ਵਿੱਚ `ਅਕਾਲ` ਸ਼ਬਦ ਲਿਖਿਆ ਹੋਇਆ ਹੈ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਇਸ ਤੋਂ ਇਲਾਵਾ ਹੇਠ ਲਿਖੀਆਂ ਤੁਕਾਂ ਵਿੱਚ ‘ਅਕਾਲ` ਸ਼ਬਦ ਆਇਆ ਹੈ:-

੧. ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ।। (੭੮)
੨. ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ।। ੨।। (੯੯)
੩. ਅਕਾਲ ਪੁਰਖ ਅਗਾਧਿ ਬੋਧ।। (੨੧੨)
੪. ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ।। (੬੦੯)
੫. ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ।। ੩।। (੬੧੪)
੬. ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ।। ੧੮।। (੯੧੬)
੭. ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ।। (੧੦੩੮)
੮. ਸਿਮਰੈ ਕਾਲੁ ਅਕਾਲੁ ਸੁਚਿ ਸੋਚਾ।। (੧੦੭੯)
੯. ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ।। (੧੦੮੨)
੧੦. ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ।। (੧੧੦੧)
੧੧. ਕਾਲੁ ਅਕਾਲੁ ਖਸਮ ਕਾ ਕੀਨਾੑ ਇਹੁ ਪਰਪੰਚੁ ਬਧਾਵਨੁ।। (੧੧੦੪)
੧੨. ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ।। (੧੧੨੧)
੧੩. ਨਿਰਵੈਰੁ ਅਕਾਲ ਮੂਰਤਿ।। (੧੨੦੧)
੧੪. ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ।। ੧।। (੧੨੦੮)

ਹੋ ਸਕਦਾ ਹੈ ਕਿ ਹੋਰ ਵੀ ਕਿਸੇ ਰੂਪ ਵਿੱਚ `ਅਕਾਲ` ਸ਼ਬਦ ਆਇਆ ਹੋਵੇ ਪਰ ੩੩+ ੧੪= ੪੭ ਵਾਰ ਤਾਂ ਇਹ ਆ ਹੀ ਗਿਆ ਹੈ। ਕੀ ਇਹ ਸ਼ਬਦ ਡਾ: ਸਾਹਿਬ ਨੂੰ ਨਜ਼ਰ ਨਹੀਂ ਪਏ ਜਾਂ ਉਨ੍ਹਾਂ ਦਾ ਲਿਖਣ ਦਾ ਭਾਵ ਕੋਈ ਹੋਰ ਹੈ। ਜੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਕਿਉਂਕਿ ਗੁਰਬਾਣੀ ਵਿੱਚ ਸ਼ਬਦ `ਅਕਾਲ ਤਖ਼ਤ` ਇਕੱਠਾ ਕਿਧਰੇ ਨਹੀਂ ਆਇਆ ਇਸ ਲਈ ਗੁਰਮਤ ਵਿਰੋਧੀ ਹੈ, ਤਾਂ ਗੁਰਬਾਣੀ ਵਿੱਚ ਤਾਂ `ਨਾਨਕਸ਼ਾਹੀ ਕੈਲੰਡਰ` ਸ਼ਬਦ ਵੀ ਇਕੱਠਾ ਕਿਧਰੇ ਨਹੀਂ ਆਇਆ। ਕੀ ਨਾਨਕਸ਼ਾਹੀ ਕੈਲੰਡਰ ਵੀ ਗੁਰਮਤਿ ਵਿਰੋਧੀ ਸਮਝਦੇ ਹੋ? ਜੇ ਸਮੇਂ ਦੀ ਲੋੜ ਤੇ ਸਹੂਲਤ ਅਨੁਸਾਰ ਅੱਜ ਦੇ ਸਿੱਖ ਪੰਥ ਵਲੋਂ ਨਾਨਕਸ਼ਾਹੀ ਕੈਲੰਡਰ ਬਣਾਉਣਾ ਗੁਰਮਤਿ ਵਿਰੋਧੀ ਨਹੀਂ, ਤਾਂ ਸਮੇਂ ਦੀ ਲੋੜ ਅਨੁਸਾਰ ਗੁਰੂ ਅਰਜੁਨ ਸਾਹਿਬ ਜੀ ਦਾ ਚਿਤਵਿਆ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਪਣੇ ਹੱਥੀਂ ਉਸਾਰਿਆ ਤਖ਼ਤ ਗੁਰਮਤਿ ਵਿਰੋਧੀ ਕਿਵੇਂ ਬਣ ਗਿਆ? ਜੇ ਉਨ੍ਹਾਂ ਦੇ ਲਿਖਣ ਦਾ ਭਾਵ ਅਰਥ ਕੁੱਝ ਹੋਰ ਹੈ ਤਾਂ ਉਨ੍ਹਾਂ ਨੂੰ ਦੂਸਰਿਆਂ ਦੇ ਲੇਖਾਂ ਵਿੱਚ ਵਰਤੇ ਗਏ ਸ਼ਬਦਾਂ ਦੇ ਭਾਵ ਅਰਥ ਵੀ ਸਮਝਣੇ ਚਾਹੀਦੇ ਹਨ, ਉਨ੍ਹਾਂ ਵਲੋਂ ਵਰਤੇ ਗਏ ਸ਼ਬਦਾਂ ਦੀ ਚੀਰਫਾੜ ਕਰਨ ਦਾ ਵੀ ਕੋਈ ਹੱਕ ਨਹੀਂ ਹੈ।

ਹੋ ਸਕਦਾ ਹੈ ਪ੍ਰੋ: ਦਰਸ਼ਨ ਸਿੰਘ ਵਲੋਂ ਲਿਖੇ ਲੇਖ `ਅਕਾਲ ਤਖਤ, ਅਕਾਲ ਤਖਤ ਦੀ ਇਮਾਰਤ, ਅਤੇ ਅਕਾਲ ਤਖਤ ਦਾ ਸੇਵਾਦਾਰ ਦਾ ਫਰਕ ਸਮਝਣ ਦੀ ਲੋੜ ਹੈ` ਵਿੱਚ ਵਰਤੇ ਗਏ ਗੁਰਬਾਣੀ ਦੇ ਪ੍ਰਮਾਣ ਡਾ: ਢਿੱਲੋਂ ਦੀ ਨਜ਼ਰ ਵਿੱਚ ਤਸੱਲੀਬਖ਼ਸ਼ ਨਾ ਹੋਣ ਪਰ ਪ੍ਰੋ ਦਰਸ਼ਨ ਸਿੰਘ ਦੀ ਇਹ ਲਿਖਤ ਬਹੁਤ ਹੀ ਭਾਵਪੂਰਤ ਹੈ ਤੇ ਇਸ `ਤੇ ਕਤਿੀ ਜਾ ਰਹੀ ਨੁਕਤਾਚੀਨੀ ਸਿਰਫ ਵਿਵਾਦ ਖੜ੍ਹੇ ਕਰਨ ਲਈ ਹੈ। ਪ੍ਰੋ: ਦਰਸ਼ਨ ਸਿੰਘ ਜੀ ਦੀ ਲਿਖਤ ਹੈ:- ਅਕਾਲ ਤਖਤ ਲਫਜ਼ ਵਿੱਚ, “ਦੀ”, “ਦਾ” ਕੋਈ ਲਫਜ਼ ਨਹੀਂ ਹੈ, ਪਰ ਅਕਾਲ ਤਖਤ ਦੀ ਇਮਾਰਤ ਵਿੱਚ “ਦੀ” ਅਤੇ ਅਕਾਲ ਤਖਤ ਦਾ ਸੇਵਾਦਾਰ ਲਫਜ਼ ਵਿੱਚ “ਦਾ”, - ਇਮਾਰਤ ਅਤੇ ਸੇਵਾਦਾਰ ਨੂੰ ਅਕਾਲ ਤਖਤ ਤੋਂ ਵੱਖ ਕਰਦੇ ਹਨ, ਅਤੇ ਉਸਦੇ ਰਿਸ਼ਤੇ ਵਿੱਚ ਇੱਕ ਸ਼ਰਤ ਬਣ ਜਾਂਦੀ ਹੈ, ਕਿ ਜੇ ਇਮਾਰਤ ਵਿੱਚ ਸਿਧਾਂਤ ਰੂਪ ਅਕਾਲ ਤਖਤ ਹੈ, ਤਾਂ ਇਮਾਰਤ ਅਕਾਲ ਤਖਤ ਦੀ ਹੈ, ਨਹੀਂ ਤਾਂ ਨਹੀਂ। ਜੇ ਸੇਵਾਦਾਰ ਵਿੱਚ ਸਿਧਾਂਤ ਰੂਪ ਅਕਾਲ ਤਖਤ ਹੈ ਅਤੇ ਉਹ ਉਸ ਸਿਧਾਂਤ ਦਾ ਮੁੱਖ ਪ੍ਰਚਾਰਕ ਹੈ ਤਾਂ ਅਕਾਲ ਤਖਤ ਦਾ ਸੇਵਾਦਾਰ ਹੈ, ਜੇ ਨਹੀਂ ਤਾਂ ਨਹੀਂ। ਪਰ ਕਿਸੇ ਇਮਾਰਤ ਜਾਂ ਵਿਅਕਤੀ ਨੂੰ ਆਪਣੇ ਆਪ ਵਿੱਚ ਅਕਾਲ ਤਖਤ ਤਾਂ ਆਖਿਆ ਹੀ ਨਹੀਂ ਜਾ ਸਕਦਾ। ਕਿਉਂਕਿ ਅਕਾਲ ਤਖਤ ਅਤੇ ਇਮਾਰਤ ਜਾਂ ਸੇਵਾਦਾਰ ਦੇ ਨਾਮ ਦੇ ਦਰਮਿਆਨ “ਦੀ” ਜਾਂ “ਦਾ” ਖੜ੍ਹੇ ਹਨ।

ਅਕਾਲ ਤਖਤ, ਇੱਕ ਪਵਿਤਰ ਸਿਧਾਂਤ ਹੈ ਜੋ ਮਰਦਾ ਜਾਂ ਬਦਲਦਾ ਨਹੀਂ।

ਅਕਾਲ ਤਖਤ ਦੀ ਇਮਾਰਤ ਸਮੇਂ ਨਾਲ ਢਹਿ ਜਾਂਦੀ ਹੈ, ਜਾਂ ਢਾਹੀ ਜਾਂਦੀ ਹੈ, ਬਦਲ ਜਾਂਦੀ ਹੈ, ਜੋ ਕਈ ਵਾਰ ਹੋਇਆ ਹੈ, ਇਸ ਲਈ ਇਮਾਰਤ ਅਕਾਲ ਤਖਤ ਨਹੀਂ ਹੋ ਸਕਦੀ।

ਅਕਾਲ ਤਖਤ ਦਾ ਸੇਵਾਦਾਰ ਮਰਦਾ ਹੈ, ਬਦਲਿਆ ਜਾਂਦਾ ਹੈ ਅਤੇ ਇੱਕ ਆਮ ਆਦਮੀ ਉਸਨੂੰ ਬਦਲ ਦੇਂਦਾ ਹੈ, ਇਸ ਲਈ ਉਹ ਅਕਾਲ ਤਖਤ ਨਹੀਂ ਹੋ ਸਕਦਾ।

ਜੇ ਭਰੋਸੇਯੋਗ ਇਤਿਹਾਸਕ ਸ੍ਰੋਤ ਦਿੱਤੇ ਤੋਂ ਬਿਨਾਂ ਹੀ ਡਾ: ਢਿੱਲੋਂ ਦੀ ਖੋਜ ਨੂੰ ਸੱਚ ਮੰਨ ਲਈਏ ਤਾਂ ਕਿਸ ਕਿਸ ਦੀ ਖੋਜ ਨੂੰ ਸੱਚ ਮੰਨੀਏ? ਪਰ ਜੇ ਮੰਨੀਏ ਤਾਂ ਮੰਨੀਏ ਤਾਂ ਕਿਵੇਂ? ਕਿਉਂਕਿ ਇਹੋ ਵਿਦਵਾਨ ਸੱਜਣ ਦੇ (ਸਾਬਕਾ ਜੱਥੇਦਾਰ) ਨਾਲ ਸਬੰਧਤ ਲਿਖੇ ਦੋ ਲੇਖਾਂ ਵਿੱਚ, ਸ਼੍ਰੀ ਅਕਾਲ ਤਖਤ ਬਾਰੇ ਵੱਡਾ ਆਪਾ ਵਿਰੋਧ ਹੈ। ਪਹਿਲੇ ਲੇਖ -” ਸੇਵਾਦਾਰ ਦਾ ਹੁਕਮਨਾਮਾ” ਜੋ ਕਿ ਸਿੱਖ ਮਾਰਗ ਡਾਟ ਕਾਮ ਦੀ ਚੌਥੀ ਲੇਖ ਲੜੀ ਵਿੱਚ ਪਿਆ ਹੋਇਆ ਹੈ ਅਤੇ ਡਾ. ਇਕਬਾਲ ਸਿੰਘ ਜੀ ਦਾ ਹੀ ਲਿਖਿਆ ਹੋਇਆ ਹੈ ਅਤੇ ਕੁੱਝ ਹੀ ਮਹੀਨੇ ਪੁਰਣਾ ਹੈ। ਇਸ ਲੇਖ ਦੀ ਅੰਤਿਕਾ ਵਿੱਚ ਕੇਵਲ `ਜੱਥੇਦਾਰ` ਅਤੇ `ਮੁੱਖ ਸੇਵਾਦਾਰ` ਸ਼ਬਦਾਂ ਦਾ ਵਿਰੋਧ ਕਰਦੇ ਲੇਖਕ ਜੀ ਨੇ, ਅਕਾਲ ਤਖਤ ਨੂੰ `ਸ਼੍ਰੀ ਅਕਾਲ ਤਖਤ ਸਵੀਕਾਰਿਆ/ਲਿਖਿਆ ਹੈ ਅਤੇ ਅਕਾਲ ਤਖਤ ਤੇ `ਗ੍ਰੰਥੀੱ ਦੀ ਪਦਵੀ ਨੂੰ `ਉੱਚ-ਪਦਵੀੱ ਕਰਕੇ ਸਵੀਕਾਰ/ਬਿਆਨ ਕੀਤਾ ਹੈ ਅਤੇ `ਸਾਬਕਾ `ਜਥੇਦਾਰ` ਦਾ ਖਿਆਲੀ ਅਕਾਲ ਤਖ਼ਤ` ਸਿਰਲੇਖ ਵਾਲੇ ਦੂਜੇ ਲੇਖ ਵਿੱਚ ਉਹਅਕਾਲ ਤਖਤ ਨੂੰ ਖਿਆਲੀ ਕਹਿ ਰਹੇ ਹਨ ਅਤੇ ਉਸ ਦੀ ਹੋਂਦ ਤੋਂ ਮੁਨਕਰ ਹਨ।

ਸਾਬਕਾ ਜੱਥੇਦਾਰ ਜੀ ਨਾਲ ਸਬੰਧਤ ਇਹ ਦੋਵੇਂ ਬਿਆਨ ਡਾ. ਇਕਬਾਲ ਸਿੰਘ ਜੀ ਦੇ ਹੀ ਹਨ। ਡਾ: ਸਾਹਿਬ ਖ਼ੁਦ ਹੀ ਦੱਸਣ ਕਿ ਉਨ੍ਹਾਂ ਦੇ ਉਕਤ ਦੋਵਾਂ ਬਿਆਨਾਂ ਵਿਚੋਂ ਕਿਹੜੇ ਨੂੰ ਸਹੀ ਮੰਨੀਏ? ਜੋਗਿੰਦਰ ਸਿੰਘ ਸਪੋਕਸਮੈਨ ਕਹਿ ਰਹੇ ਹਨ ਬਾਬੇ ਨਾਨਕ ਨੇ ਬਾਬਾ ਲਹਿਣਾ ਨੂੰ ਅੱਗੇ ਗੱਦੀ ਹੀ ਨਹੀਂ ਦਿੱਤੀ, ਬਾਬੇ ਨਾਨਕ ਦੀ ਅਸਲੀ ਬਾਣੀ ਦੀ ਪੋਥੀ ਸ਼੍ਰੀ ਚੰਦੀਆਂ ਨੇ ਸਾੜ ਦਿੱਤੀ ਹੈ ਤੇ ਬਾਕੀ ਵਿੱਚ ਮਨਭਾਉਂਦੀਆਂ ਤਬਦੀਲੀਆਂ ਕਰ ਦਿੱਤੀਆਂ। ਸਪੋਕਸਮੈਨ ਵਿੱਚ ਛਪੇ ਇੱਕ ਲੇਖ ਅਨੁਸਰ ੧੭੦੮ ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗ੍ਰੰਥ ਨੂੰ ਨਹੀਂ ਪੰਥ ਨੂੰ ਦਿੱਤੀ, ਪਰ ਡਾ: ਇਕਬਾਲ ਸਿੰਘ ਢਿੱਲੋਂ ਸਾਹਿਬ ੧੦ ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਿਆਰਵਾਂ ਗੁਰੂ ਮੰਨ ਰਹੇ ਹਨ। ਜਦੋਂ ਕਿ ਤੱਤ ਪ੍ਰਵਾਨਤ ਸਿੱਖ ਫ਼ਲਸਫ਼ੇ ਅਨੁਸਾਰ ਗੁਰੂ ੧੧ ਨਹੀਂ ੧ ਹੀ ਹੈ, ਸਮੇਂ ਅਨੁਸਾਰ ਇਨ੍ਹਾਂ ਦੇ ਸਿਰਫ ਸਰੂਪ ਹੀ ਬਦਲੇ ਹਨ: `ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ।। ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।। (ਪੰਨਾ ੯੬੬) `। ਤੱਤਗੁਰਮਤਿ ਪ੍ਰੀਵਾਰ ਵਾਲੇ ਗੁਰੂ ਨਾਨਕ ਸਮੇਤ ਕਿਸੇ ਇੱਕ ਨੂੰ ਵੀ ਗੁਰੂ ਨਹੀਂ ਮੰਨਦੇ। ਨਿਹੰਗ ਧਰਮ ਸਿੰਘ ਕਹਿੰਦਾ ਹੈ ਗੁਰੂਆਂ ਨੇ ਕੋਈ ਬੀੜ ਲਿਖਵਾਈ ਹੀ ਨਹੀਂ, ਨਾ ਹੀ ਉਨ੍ਹਾਂ ਨੂੰ ਕਿਸੇ ਬੀੜ ਦੀ ਲੋੜ ਹੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਬੀੜ ਸਬੰਧੀ ਡਾ: ਢਿੱਲੋਂ ਦਾ ਜੋ ਨਜ਼ਰੀਆ ਹੈ ਉਹ ਵੀ ਸਵਰਗੀ ਡਾ: ਪਿਆਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਖੀ ਚਿੱਠੀ ਤੋਂ ਸਪਸ਼ਟ ਹੀ ਹੈ।

ਡਾ: ਢਿੱਲੋਂ ਸਾਹਿਬ ਦਾ ਨਜ਼ਰੀਆ ਕੁੱਝ ਵੀ ਹੋਵੇ ਪਰ ਮੈਂ ਉਨ੍ਹਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਪੀ. ਐੱਚ. ਡੀ. ਵਿਦਵਾਨ ਹਨ ਇਸ ਲਈ ਵਿਦਵਾਨ ਹੀ ਬਣੇ ਰਹਿਣ ਧਰਮ ਸਿੰਘ ਨਿਹੰਗ ਬਣਨ ਦਾ ਯਤਨ ਨਾ ਕਰਨ। ਇੱਕ ਹੋਰ ਬੇਨਤੀ ਹੈ ਕਿ ਜਦ ਤਕ ਪਿਛਲੇ ਮਹੀਨੇ ਦੀ ਵੀਚਾਰ ਚਰਚਾ ਦੌਰਾਨ ਪਾਠਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਅਤੇ ਭਰੋਸੇਯੋਗ ਇਤਿਹਾਸਕ ਸ੍ਰੋਤ ਨਹੀਂ ਦੇ ਦਿੰਦੇ ਉਤਨੀ ਦੇਰ ਨਵੇਂ ਵਿਵਾਦਮਈ ਲੇਖ ਲਿਖ ਕੇ ਜੱਗ ਹਸਾਈ ਦਾ ਕਾਰਣ ਨਾ ਬਣਨ। ਜਿਹੜਾ ਸਮਾਂ ਉਹ ਪਾਠਕਾਂ ਦੇ ਜਵਾਬ ਦੇਣ ਵਿੱਚ ਨਸ਼ਟ ਕਰ ਰਹੇ ਹਨ ਉਹ ਸਮਾਂ ਭਰੋਸੇਯੋਗ ਇਤਿਹਾਸਕ ਸ੍ਰੋਤਾਂ ਦੀ ਖੋਜ ਕਰਨ ਲਈ ਲਗਾੳਣ ਤਾ ਜਿਆਦਾ ਬਿਹਤਰ ਹੋਵੇਗਾ।

ਲਗਦਾ ਇੰਝ ਹੈ ਕਿ ਆਪਣੇ ਦੂਸਰੇ ਲੇਖ ਵਿੱਚ ਪ੍ਰੋ: ਦਰਸ਼ਨ ਸਿੰਘ ਸਬੰਧੀ ਕੀਤੀਆਂ ਟਿੱਪਣੀ ਕਰਨ ਪਿਛੇ ਛੁਪੀ ਭਾਵਨਾ ਸਿਰਫ ਇਹ ਹੈ, ਕਿ ਸਿੱਖ ਮਾਰਗ ਦੇ ਪਾਠਕ ਧੜੇਬੰਦੀ ਦਾ ਸ਼ਿਕਾਰ ਹੋ ਕੇ ਡਾ: ਇਕਬਾਲ ਸਿੰਘ ਤੋਂ ਪਿਛਲੇ ਲੇਖ ਸਬੰਧੀ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਮੰਗਣ ਦਾ ਖਹਿੜਾ ਛੱਡ ਕੇ ਇੱਕ ਦੂਸਰੇ ਤੇ ਜਾਤੀ ਹਮਲੇ ਕਰਨ ਵਿੱਚ ਰੁਝ ਜਾਣ। ਡਾ: ਸਾਹਿਬ ਸਪੱਸ਼ਟ ਕਰਨ ਕਿ ਮੇਰਾ ਅੰਦਾਜ਼ਾ ਕਦੀ ਗਲਤ ਤਾਂ ਨਹੀਂ? ਡਾ: ਢਿੱਲੋਂ ਸਾਹਿਬ ਜੀ ਨੂੰ ਦੁਬਾਰਾ ਬੇਨਤੀ ਹੈ ਕਿ ਉਹ ਸ: ਹਰਦੇਵ ਸਿੰਘ ਜੀ ਵਲੋਂ ਪੁੱਛੇ ਗਏ ੫ ਸਵਾਲਾਂ ਦਾ ਜਵਾਬ ਦੇਣ, ਸ: ਜਸਬੀਰ ਸਿੰਘ ਕੈਲਗਰੀ ਦੇ ਸੁਝਾਅ `ਤੇ ਅਮਲ ਕਰਦੇ ਹੋਏ ਉਨ੍ਹਾਂ ਦੇ ਸਵਾਲ ਦਾ ਜਵਾਬ ਦੇਣ ਜਾਂ ਉਨ੍ਹਾਂ ਦੀ ਮੰਗ ਅਨੁਸਾਰ ਲੇਖ/ਪੱਤਰਾਂ ਵਿੱਚੋਂ ਉਹ ਲਾਈਨਾਂ ਕੱਟਣ, ਅਤੇ ਸਪੱਸ਼ਟ ਕਰਨ ਕਿ ਉਨ੍ਹਾਂ ਦੇ ਹਵਾਲੇ ਅਧੀਨ ਉਕਤ ਦੋਵੇਂ ਲੇਖਾਂ ਵਿੱਚੋਂ ਕਿਹੜਾ ਕਥਨ ਸੱਚ ਹੈ।

ਧੰਨਵਾਦ ਜੀ।

ਕਿਰਪਾਲ ਸਿੰਘ ਬਠਿੰਡਾ

੯੮੫੫੪ ੮੦੭੯੭


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top