Share on Facebook

Main News Page

ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ ਦੀ ਹੈ

ਡਾ. ਇਕਬਾਲ ਸਿੰਘ ਢਿੱਲੋਂ ਦੇ ਲੇਖ ‘ਅਖੌਤੀ ਅਕਾਲ ਤਖ਼ਤ ਦੀ ਵਕਾਲਤ ਬਾਰੇ’ ਇਸ ਸਮੇਂ ਜੋ ਸਭ ਤੋਂ ਵੱਧ ਚਰਚਾ ਕੀਤੀ ਜਾ ਰਹੀ ਹੈ ਤਾਂ ਉਹ ਇਹ ਹੈ ਕਿ ਡਾ. ਢਿੱਲੋਂ ਨੇ ਅਕਾਲ ਤਖ਼ਤ ਲਈ ‘ਅਖੌਤੀ’ ਸ਼ਬਦ ਦੀ ਵਰਤੋਂ ਕਿਉਂ ਕੀਤੀ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਆਪਣੇ ਬਿਆਨ ਵਿਚ ਇਸੇ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਡਾ. ਢਿੱਲੋਂ ਨੇ ਆਪਣੇ ਲੇਖ ’ਚ ਅਕਾਲ ਤਖ਼ਤ ਲਈ ‘ਅਖੌਤੀ’ ਸ਼ਬਦ ਦਾ ਪ੍ਰਯੋਗ ਕੀਤਾ ਹੈ। ਡੇਰੇਦਾਰ ’ਚ ਪ੍ਰਭਾਵ ਵਾਲੇ ਮੰਨੇ ਜਾਂਦੇ ਇਕ ਮਹੀਨਾਵਰ ਮੈਗਜ਼ੀਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਉਹਨਾਂ ਆਪਣੇ ਵਿਸ਼ੇਸ਼ ਅੰਕ ਵਿਚ ‘ਇਕ ਹੋਰ ਜੂਨ 84’ ਨਾਮ ਦੀ ਵਿਸ਼ੇਸ਼ ਰਿਪੋਰਟ ਵਿਚ ਇਸ ਨੂੰ ਇੰਦਰਾ ਗਾਂਧੀ ਵੱਲੋਂ ਅਕਾਲ ਤਖ਼ਤ ’ਤੇ ਕੀਤੇ ਗਏ ਹਮਲੇ ਨਾਲ ਤੁਲਨਾ ਕਰ ਦਿੱਤੀ। ਇਸ ਰਸਾਲੇ ਨੇ ਸ਼ਬਦ ‘ਅਖੌਤੀ’ ਤੋਂ ਖਿਝ ਕੇ ਇਸ ਲੇਖ ਨੂੰ ਪਹਿਲਾਂ ਪ੍ਰਕਾਸ਼ਿਤ ਕਰਨ ਵਾਲੀ ਇੰਟਨਰਨੈਟ ਸਾਈਟ ‘ਸਿੱਖ ਮਾਰਗ’ ਨੂੰ ਵੀ ‘ਅਖੌਤੀ ਸਿੱਖ ਮਾਰਗ’ ਲਿਖ ਮਾਰਿਆ। ਇਸ ਸਾਰੇ ਰਾਮ-ਰੌਲੇ ’ਚ ਸ਼ਬਦ ਅਖੌਤੀ ਨੂੰ ਇਸ ਤਰਾਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤਰਾਂ ਇਹ ਕੋਈ ਅਸ਼ਲੀਲ ਗਾਲ਼ ਹੋਵੇ।

ਅਸੀਂ ਸਾਰਿਆਂ ਨੇ ਇਕ ਬੱਚਿਆਂ ਦੀ ਪ੍ਰਸਿੱਧ ਕਹਾਣੀ ਸੁਣੀ ਹੀ ਹੈ ਜਿਸ ਵਿਚ ਇਕ ਸ਼ੇਰ ਪਾਣੀ ਪੀ ਰਹੇ ਲ਼ੇਲੇ ਨੂੰ ਹੜੱਪ ਕਰ ਜਾਣ ਦੀ ਨੀਅਤ ਨਾਲ ਤਰਾਂ-ਤਰਾਂ ਦੇ ਇਲਜ਼ਾਮ ਲਾਉਂਦਾ ਹੈ ਜਦੋਂ ਅੱਗੋਂ ਲ਼ੇਲਾ ਪੂਰੇ ਤਰਕ ਨਾਲ ਸ਼ੇਰ ਦੇ ਇਲਜ਼ਾਮਾਂ ਨੂੰ ਝੂਠੇ ਸਾਬਤ ਕਰ ਦਿੰਦਾ ਹੈ ਤਾਂ ਅਖੀਰ ਵਿਚ ਸ਼ੇਰ ਨੇ ਇਹ ਕਹਿ ਕੇ ਜਾਨਵਰ ਦੇ ਉਸ ਬੱਚੇ ਦਾ ਸ਼ਿਕਾਰ ਕਰ ਲਿਆ ਕਿ ਜੇ ਤੂੰ ਦੋਸ਼ੀ ਨਹੀਂ ਤਾਂ ਫਿਰ ਜ਼ਰੂਰ ਤੇਰਾ ਭਰਾ ਇਹਨਾਂ ਗੱਲਾਂ ਲਈ ਦੋਸ਼ੀ ਹੋਵੇਗਾ। ਭਾਵ ਇਹ ਕਿ ਜਦੋਂ ਕਿਸੇ ਵੀ ਤਾਕਤਵਰ ਹਸਤੀ ਨੇ ਕਿਸੇ ਨੂੰ ਆਪਣਾ ਸ਼ਿਕਾਰ ਬਣਾਉਣਾ ਹੋਵੇ ਤਾਂ ਬਹਾਨਿਆਂ ਦੀ ਕੋਈ ਘਾਟ ਨਹੀਂ ਹੁੰਦੀ। ਹੁਣੇ-ਹੁਣੇ ਅਮਰੀਕਾ ਜਿਹੇ ਦੇਸ਼ ਵੱਲੋਂ ਓਸਾਮਾ ਬਿਨ ਲਾਦੇਨ ਨੂੰ ਮਾਰਨ ਸਮੇਂ ਪਾਕਿਸਤਾਨ ਵਿਚ ਕੀਤੀ ਗਈ ਫੌਜੀ ਕਾਰਵਾਈ ਨੂੰ ਪੂਰੀ ਸਫਾਈ ਨਾਲ ਸੱਚਾ ਸਿੱਧ ਕਰ ਦਿੱਤਾ ਹੈ। ਭਾਵੇਂ ਕਿ ਸਭ ਨੂੰ ਇਸ ਗੱਲ ਦਾ ਗਿਆਨ ਹੈ ਕਿ ਜੇ ਅਜਿਹਾ ਹੀ ਮਸਲਾ ਕਦੇ ਅਮਰੀਕਾ ਨੂੰ ਦਰਪੇਸ਼ ਆਏ ਤਾਂ ਉਹ ਕਿਸੇ ਵੀ ਹੋਰ ਮੁਲਕ ਨੂੰ ਆਪਣੇ ਦੇਸ਼ ਵਿਚ ਸਿੱਧੀ ਕਾਰਵਾਈ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦੇਵੇਗਾ। ਭਾਵ ਕਿ ਤਾਕਤਵਰ ਹਸਤੀ ਹਮੇਸ਼ਾ ਆਪਣੀ ਗਲਤ ਗੱਲ ਨੂੰ ਵੀ ਨਹੀਂ ਸਿੱਧ ਕਰਨ ਲਈ ਤੱਤਪਰ ਰਹਿੰਦੀ ਹੈ। ਬਸਰਤੇ ਕਿ ਉਹ ਉਸ ਦੀ ਬਣੀ ਮਜ਼ਬੂਤ ਮਿੱਥ ਨੂੰ ਤੋੜਨ ਲਈ ਡਰ ਪੈਦਾ ਕਰ ਰਹੀ ਹੋਵੇ। ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਸਿੱਖ ਬੁੱਧੀਜੀਵੀ ਹਮੇਸ਼ਾ ਇਹ ਆਖਦੇ ਰਹੇ ਹਨ ਕਿ ਅਕਾਲ ਤਖ਼ਤ ਦੇ ਮੁੱਖ ਸੇਵਾਦਾਰਾਂ ਨੂੰ ਹੀ ਅਕਾਲ ਤਖ਼ਤ ਨਾ ਸਮਝਿਆ ਜਾਵੇ ਅਤੇ ਨਾ ਹੀ ਇਹਨਾਂ ਜਥੇਦਾਰ ਦੀ ਮਿੱਥ ਨੂੰ ਇਨਾਂ ਮਜ਼ਬੂਤ ਕੀਤਾ ਜਾਵੇ ਕਿ ਇਹ ਬੇਹੁਦੀਆਂ ਦਲੀਲਾਂ ਦੇ ਕੇ ਸ਼ੇਰ ਵਾਂਗ ਆਪਣੇ ਸ਼ਿਕਾਰ ਹੜੱਪ ਕਰ ਜਾਣ ਦੇ ਸਮਰੱਥ ਹੋ ਜਾਣ।

ਸਿੱਖ ਵਿਦਵਾਨਾਂ ਦੇ ਇਸ ਸੁਝਾਅ ਨੂੰ ਅੱਖੋਂ ਉਹਲੇ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ¦ਮਾ ਸਮਾਂ ਪ੍ਰਧਾਨ ਰਹੇ ਸਵ. ਗੁਰਚਰਨ ਸਿੰਘ ਟੌਹੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ-ਧਰਤਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿੱਜੀ ਲਾਭਾਂ ਲਈ ਜਥੇਦਾਰਾਂ ਦੀ ਹਸਤੀ ਨੂੰ ‘ਸਰਬਸਮਰੱਥ ਹਸਤੀ’ ਵਜੋਂ ਪੇਸ਼ ਕਰਕੇ ਸਿੱਖ ਕੌਮ ਨੂੰ ਨਵੇਂ ਕੰਡੇ ਬੀਜ ਦਿੱਤੇ ਹਨ (ਭਾਵ ਸਮੇਂ ਸਮੇਂ ਸਿਰ ਇਹਨਾਂ ਆਗੂਆਂ ਨੇ ਜਥੇਦਾਰਾਂ ਨੂੰ ਨੌਕਰਾਂ ਵਾਂਗ ਹੀ ਵਰਤਿਆ ਹੈ) ਡਾ. ਇਕਬਾਲ ਸਿੰਘ ਢਿੱਲੋਂ ਮਾਮਲੇ ਵਿਚ ਵੀ ਜਥੇਦਾਰਾਂ ਨੂੰ ਸਰਬਸਮਰੱਥ ਤਾਕਤ ਵਜੋਂ ਕੀਤਾ ਗਿਆ ਝੂਠਾ ਸੰਕਲਪ ਕੋਮ ਵਿਚ ਹੋਰ ਫੁੱਟ ਪੈਦਾ ਕਰ ਸਕਦਾ ਹੈ। ਡਾਕਟਰ ਇਕਬਾਲ ਸਿੰਘ ਢਿੱਲੋਂ ਇਕ ਬਹੁਤ ਹੀ ਦਲੀਲ ਨਾਲ ਆਪਣੇ ਵਿਚਾਰ ਪੇਸ਼ ਕਰਨ ਵਾਲੇ ਸਿੱਖ ਵਿਦਵਾਨਾਂ ਵਿਚੋਂ ਹਨ। ਇਹਨਾਂ ਨੇ ਸਮੇਂ ਸਮੇਂ ਸਿਰ ਅਕਾਲ ਤਖ਼ਤ ਦੇ ਸਿੱਖ ਸੰਕਲਪ ਨੂੰ ਬਾਖੂਬੀ ਪੇਸ਼ ਕੀਤਾ ਹੈ ਜਿਸ ਨੂੰ ਸਾਡਾ ਪੁਜਾਰੀ ਵਰਗ ਆਪਣੀ ਹਸਤੀ ਨੂੰ ਚੁਣੌਤੀ ਮੰਨ ਰਿਹਾ ਹੈ। ਇਸ ਸਿੱਖ ਵਿਦਵਾਨ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਸ਼ੇਰ ਦੁਆਰਾ ਲ਼ੇਲੇ ਨੂੰ ਦਿੱਤੀਆਂ ਦਲੀਲਾਂ ਵਾਂਗੂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਸ ਨੇ ਅਕਾਲ ਤਖ਼ਤ ਨੂੰ ‘ਅਖੌਤੀ’ ਸ਼ਬਦ ਨਾਲ ਕਿਉਂ ਸੰਬੋਧਨ ਕੀਤਾ ਹੈ। ਜਦਕਿ ਭਾਸ਼ਾ ਵਿਗਿਆਨੀ ਹੀ ਨਹੀਂ ਸਗੋਂ ਹਰ ਪੰਜਾਬੀ ਸਾਹਿਤ ਨਾਲ ਜੁੜਿਆ ਬੰਦਾ ਇਹ ਗੱਲ ਨੂੰ ਚੰਗੀ ਤਰਾਂ ਜਾਣਦਾ ਹੈ ਕਿ ਸ਼ਬਦ ‘ਅਖੌਤੀ’ ਕਿਸੇ ਵੀ ਤਰਾਂ ਨਾ ਤਾਂ ਬੁਰਾ ਸ਼ਬਦ ਹੈ ਅਤੇ ਨਾ ਹੀ ਇਹ ਅਜਿਹਾ ਸ਼ਬਦ ਹੈ ਜਿਸ ਨੂੰ ਨੈਗੇਟਿਵ ਰੂਪ ਵਿਚ ਵਰਤਿਆ ਜਾਂਦਾ ਹੋਵੇ। ਅਸਲ ਵਿਚ ਇਸ ਸ਼ਬਦ ਦਾ ਮਤਲਬ ਕਥਿਤ ਭਾਵ ‘ਕਥਿਆ ਜਾਂਦਾ’ ਜਾਂ ‘ਆਖਿਆ ਜਾਂਦਾ’ ਬਣਦਾ ਹੈ।

ਸ੍ਰ. ਇਕਬਾਲ ਸਿੰਘ ਢਿੱਲੋਂ ਦੇ ਲੇਖ ‘ਅਖੌਤੀ ਅਕਾਲ ਤਖ਼ਤ ਅਤੇ ਸਿਧਾਂਤ ਦਾ ਮੁੱਦਾ’ ਦਾ ਭਾਵ ਜਾਂ ਦੂਸਰਾ ਸਿਰਲੇਖ ‘ਆਖੇ ਜਾਂਦੇ ਅਕਾਲ ਤਖ਼ਤ ਤੇ ਸਿਧਾਂਤ ਦਾ ਮੁੱਦਾ’ ਬਣਦਾ ਹੈ ਜੋ ਬਿਲਕੁਲ ਇਤਰਾਜ਼ਯੋਗ ਨਹੀਂ ਹੈ। ਇਥੇ ਗੱਲ ‘ਅਖੌਤੀ’ ਦੀ ਨਹੀਂ ਸਗੋਂ ਇਸ ਲੇਖ ਵਿਚ ਪੁਜਾਰੀਵਾਦ ਨੂੰ ਦਿੱਤੀ ਗਈ ਚੁਣੌਤੀ ਹੀ ਲੁਕਵੇਂ ਰੂਪ ਵਿਚ ਜਥੇਦਾਰ ਦੀਆਂ ਜੜਾਂ ’ਚ ਤੇਲ ਦਿੰਦੀ ਪ੍ਰਤੀਤ ਹੋ ਰਹੀ ਹੈ ਸੋ ਸ਼ੇਰ ਦੇ ਬਹਾਨਿਆਂ ਵਾਂਗ ਜਥੇਦਾਰ ਇਕ ਵਾਰ ਫਿਰ ਇਕ ਹੋਰ ਸਿੱਖ ਵਿਦਵਾਨ ਨੂੰ ਡੱਸਣ ਦਾ ਸੁਨਹਿਰੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਚਾਹੀਦਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੀ ਸੂਝਬੂਝ ਵਾਲੇ ਵਿਦਵਾਨਾਂ ਦਾ ਇਕ ਪੈਨਲ ਬਣਾ ਕੇ ਅਜਿਹੇ ਲੇਖਾਂ ਦਾ ਦਲੀਲ ਪੂਰਵਕ ਜਵਾਬ ਦੇਣ ਦਾ ਪ੍ਰਬੰਧ ਕਰੇ ਤਾਂ ਜੋ ਸਿਧਾਂਤ ਦੇ ਮਾਮਲੇ ’ਚ ਕੌਮ ਵਿਚ ਫੁੱਟ ਪੈਣ ਦੀ ਥਾਂ ਸਗੋਂ ਏਕਤਾ ਦੇ ਮੌਕੇ ਵਧ ਜਾਣ ਅਤੇ ਕੋਈ ਵੀ ਜਗਿਆਸੂ ਅਜਿਹੇ ਮਾਮਲਿਆਂ ’ਚ ਇਸ ਪੈਨਲ ਤੋਂ ਆਪਣੇ ਸੁਆਲ ਦੇ ਜਵਾਬ ਲੈ ਸਕੇ। ਇਸ ਤਰਾਂ ਕਰਨ ਨਾਲ ਸਭ ਦਾ ਭਲਾ ਹੋ ਸਕਦਾ ਹੈ ਅਤੇ ਸਿੱਖ ਕੌਮ ਵਿਚ ਫੁੱਟ ਦੇਖਣ ਦੇ ਚਾਹਵਾਨ ਵੀ ਢਿੱਲੇ ਪੈ ਜਾਣਗੇ।

- ਗੁਰਸੇਵਕ ਸਿੰਘ ਧੌਲਾ
94632-16267


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top