Share on Facebook

Main News Page

ਕੇਸਰੀ ਟਿੱਕਾ

ਬਾਬਾ ਫੌਜਾ ਸਿੰਘ ਦਾ ਪੁਰਾਣਾ ਜਾਣੂੰ ਜਿਹੜਾ ਉਸ ਨਾਲ ਸ਼ੁਰੂ ਵਿੱਚ ਟਰੱਕ ਚਲਾਉਂਦਾ ਰਿਹਾ ਸੀ ਕਰੀਬਨ 6-7 ਸਾਲਾਂ ਬਾਅਦ ਨਗਰ ਕੀਰਤਨ ਵਿਚ ਅਚਾਨਕ ਮਿਲਿਆ। ਬਾਬੇ ਦੇਖਿਆ ਕਿ ਉਸ ਸਿਰ ਉਪਰ ‘ਕੇਸਰੀ’ ਪੱਗ ਬੰਨ ਕੇ ਨਾਲ ‘ਕੇਸਰੀ’ ਹੀ ਰੰਗ ਦਾ ਟਿੱਕਾ ਲਾਇਆ ਹੋਇਆ ਸੀ। ਉਸ ਦੂਰੋਂ ਹੀ ਬਾਬੇ ਨੂੰ ਵੇਖ ਦੌੜ ਕੇ ਜੱਫੀ ਪਾ ਲਈ ਤੇ ਬੜਾ ਹਿੱਤ ਜਤਾਇਆ।

ਹਾਲ-ਹਵਾਲ ਤੋਂ ਬਾਅਦ ਬਾਬੇ ਪੁੱਛਿਆ ਕਿ ਕਿਧਰ?

ਲੈ ਅੱਜ ਖਾਲਸਾ ਜੀ ਦੇ ਜਨਮ ਦਿਨ ਦਾ ਨਗਰ ਕੀਰਤਨ ਏ ਆਪਾਂ ਸੋਚਿਆ ਹਾਜਰੀਆਂ ਭਰ ਆਈਏ।

ਪੱਗ ਤਾਂ ਚਲ ਠੀਕ ਏ ਪਰ ਆਹ ਕੇਸਰੀ ਬਿੰਦਾ?

ਓ ਯਾਰ! ਕੀ ਦੱਸਾਂ! ਘਰ ਵਾਲੀ ਬੀਮਾਰ ਪੈ ਗਈ, ਛੋਟੇ ਜਵਾਕ ਦੀ ਸੈਕਲ ਤੋਂ ਡਿੱਗ ਲੱਤ ਟੁੱਟ ਗਈ, ਟਰੱਕ ‘ਜੈਕ-ਨੈਫ’ ਹੋ ਗਿਆ ਕਲੇਸ਼ ਹੀ ਕਲੇਸ਼ ਸ਼ੁਰੂ ਹੋ ਗਏ ਘਰ ਵਿੱਚ। ਰਿਸ਼ਤੇਦਾਰਾਂ ਦੱਸਿਆ ਕਿ ਕੋਈ ਉਪਾਅ ਕਰਵਾ ਕੋਈ ਰਾਹੂ-ਕੇਤੂ ਭਾਰੂ ਏ ਤੇ ਹੁਣ ‘ਇਲਾਜ’ ਕਰਵਾਏ ਤੋਂ ਮਾੜੀ ਜਿਹੀ ਸ਼ਾਂਤੀ ਵਰਤੀ।

ਇਲਾਜ ਕਿਥੋਂ ਕਾਹਦਾ ਕਰਵਾਇਆ?

ਕਿਸੇ ‘ਸਿਆਣੇ’ ਦੀ ਦੱਸ ਪਈ ਸੀ ਉਸ ਇੱਕ ਦੋ ਹੋਰ ਉਪਾਵਾਂ ਨਾਲ ਕੇਸਰ ਦਾ ਟਿੱਕਾ ਸਵਾ ਮਹੀਨਾ ਲਾਉਂਣ ਨੂੰ ਕਿਹਾ।

ਤੇ ਇਥੇ ਵੜੇਵੇਂ ਲੈਣ ਆਇਆਂ ਆਪਦੇ ਕੇਸਰ ਦੇ ਬਿੰਦੇ ਵਾਲੇ ਕੋਲੇ ਜਾਹ। ਬਾਬਾ ਖਿੱਝ ਕੇ ਬੋਲਿਆ।

ਮੱਤਲਬ?

ਮੱਤਲਬ ਕਿ ਇਕ ਬੇੜੀ ਵਿਚ ਦਫਾ ਹੋ ਇਥੇ ਸਾਡੇ ਕਿੳ ਸਮੋਸੇ-ਪਕੌੜੇ ਖਾ ਕੇ ਹਰਾਮ ਕਰਨ ਡਿਹਾਂ ਏਂ।

ਯਾਰ ਬਾਬਾ ਇਸ ਵਿਚ ਨੁਕਸ ਕੀ ਏ ਡਾਕਟਰ ਕੋਲੇ ਵੀ ਤਾਂ ਆਪਾਂ ਜਾਨੇ ਈ ਆਂ।

ਚਲ ਦੱਸ ਘਰ ਵਾਲੀ ਬੀਮਾਰ ਹੋਣ ਤੇ, ਜਵਾਕ ਦੀ ਲੱਤ ਟੁੱਟੀ ਤੇ ਡਾਕਟਰ ਕੋਲੇ ਗਿਆ ਸੀ?

ਹਾਂਅ! ਉਹ ਤਾਂ ਜਾਣਾ ਹੀ ਪੈਣਾ ਸੀ।

ਟਰੱਕ ਲੈ ਕੇ ਮਕੈਨਿਕ ਦੇ ਗਿਆ ਸੀ?

ਹਾਂਅ! ਉਹ ਵੀ ਗਿਆ ਸੀ।

ਪਰ ਡਾਕਟਰ ਦੇ ਜਾਂ ਮਕੈਨਿਕ ਦੇ ਕੀ ਲੈਣ ਗਿਆ ਸੀ?

ਇਹ ਵੀ ਕੋਈ ਸਵਾਲ ਏ?

ਸਵਾਲ ਤਾਂ ਇਹੀ ਏ ਕਿ ਮੁੰਡੇ ਤੇਰੇ ਦੀ ਲੱਤ ਹਸਪਤਾਲ ਵਾਲਿਆਂ ਜੋੜੀ, ਘਰਵਾਲੀ ਦਾ ਇਲਾਜ ਹਸਤਪਤਾਲ ਵਾਲਿਆਂ ਕੀਤਾ, ਟਰੱਕ ਤੇਰਾ ਮਕੈਨਿਕ ਨੇ ਸਿੱਧਾ ਕੀਤਾ ਪਰ ਇਹ ਬਿੰਦੇ ਵਾਲਾ ਠੱਗ ਵਿੱਚ ਕੀ ਲੈਣ ਆਇਆ?

ਬਾਬਾ ਯਾਰ ਪਰ ਕੋਈ ਰਾਹੂ ਕੇਤੂ ਨਹੀ ਹੁੰਦੇ ਫਿਰ? ਮੈ ਸੁਣਿਆ ਦਸਵੇਂ ਗਰੰਥ ਵਿੱਚ ਗੁਰੂ ਜੀ ਨੇ ਇਨਾਂ ਬਾਰੇ ਲਿਖਿਆ! ਤੇ ਅਗੋਂ ਉਸ ਸਮੁੰਦਰ ਰਿੜਕਣ ਵਾਲੀ ਕਹਾਣੀ ਤੋਂ ਲੈ ਕੇ ‘ਅੰਮ੍ਰਤਿ-ਸ਼ਰਾਬ’ ਵੰਡਣ ਵਾਲੀ ਕਹਾਣੀ ਤੋਤੇ ਵਾਂਗ ਸੁਣਾ ਮਾਰੀ!

ਦਸਮੇ ਗਰੰਥ ਦੀ ਤਾਂ ਤੇਰੇ ਨਾਲ ਕਿਤੇ ਫਿਰ ਕਰਾਂਗਾ ਚਲ ਦੱਸ ਜਿਸ ਖਾਲਸੇ ਦੇ ਜਨਮ ਦਿਨ ਤੇ ਆਇਆਂ ਉਨ੍ਹਾਂ ਪੰਜਾ ਦੇ ਨਾਂ ਕੀ ਨੇ ਜੀਨ੍ਹਾਂ ਗੁਰੂ ਜੀ ਨੂੰ ਅਪਣੇ ਸਿਰ ਦਿੱਤੇ ਸਨ?

ਉਹ ਤਾਂ ਯਾਦ ਨਹੀ! ਤੂੰ ਤਾਂ ਬਾਬਾ ਹੁਣ ਇਮਿਤਿਆਹਨ ਜਿਹਾ ਲੈਣ ਲੱਗ ਪਿਆ ਦੱਸ ਮੈਂ ਕੋਈ ਗੁਰਦੁਆਰੇ ਦਾ ਭਾਈ ਆਂ?

ਵਾਹ ਤੇਰੇ ਮੇਰੀਏ ਕੌਮੇ? ਤੂੰ ਮੰਦਰ ਦਾ ਕੀ ਪੁਜਾਰੀ ਏਂ ਜਿਸ ਨੂੰ ਰਾਹੂ-ਕੇਤੂ ਤੇ ਦੇਵ-ਰਾਖਸ਼ਾਂ ਦੀਆਂ ਕਹਾਣੀਆਂ ਤੋਤੇ ਵਾਂਗ ਯਾਦ ਨੇ?

ਉਸ ਦੀ ਗਰੀਬ ਮਾਨਸਿਕਤਾ ਵਿਚੋਂ ਬਾਬੇ ਫੌਜਾ ਸਿੰਘ ਨੂੰ ਪੂਰੀ ਕੌਮ ਦੀ ਹੀ ਤ੍ਰਸਾਦੀ ਦੀ ਝਲਕ ਸਪੱਸ਼ਟ ਦਿੱਸ ਰਹੀ ਸੀ ਜਿਹੜੇ ਭੀੜਾਂ ਦੀਆਂ ਭੀੜਾਂ ਅਜਿਹੇ ਸਮਾਗਮਾ ਤੇ ਇੱਕਠੀਆਂ ਤਾਂ ਹੋ ਜਾਂਦੀਆਂ ਪਰ ਸਮੋਸੇ ਜਲੇਬਾਂ ਨਾਲ ਲਿਹੜਨ ਤੋਂ ਬਿਨਾ ਪਤਾ ਬਹੁਤਿਆਂ ਨੂੰ ਨਹੀ ਹੁੰਦਾ ਕਿ ਇਸ ਦਿਨ ਦੀ ਮਹੱਤਤਾ ਕੀ ਏ।

ਇੱਕ ਸਰਵੇ ਵਿਚ ਬਾਬੇ ਨੇ ਦੇਖਿਆ ਸੀ। ਵਿਸਾਖੀ ਦੇ ਦਿਨ ਦੀ ਮਹੱਤਤਾ ਜਦ ਕੈਮਰੇ ਵਾਲਾ ਕੇਸਗੜ ਸਾਹਬ ਆਏ ਲੋਕਾਂ ਨੂੰ ਪੁੱਛ ਰਿਹਾ ਸੀ ਤਾਂ ਉਹ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੀ ਦੱਸੀ ਜਾ ਰਹੇ ਸਨ। ਤੇ ਪੰਜ ਪਿਆਰਿਆਂ ਦੇ ਨਾਂ ਮਰਕੇ ਇੱਕ ਬੱਚੀ ਨੇ ਸੁਣਾਏ ਸਨ। ਗਾਤਰਿਆਂ ਵਾਲੇ ਉਮਰ ਵਿਹਾ ਚੁੱਕਿਆਂ ਨੂੰ ਹਾਲੇ ਤੱਕ ਅਪਣੇ ਦੱਸ ਗੁਰੂਆਂ ਦੇ ਨਾਂ ਦਾ ਨਹੀ ਸੀ ਪਤਾ।

ਭੀੜਾਂ ਦਾ ਨਾਂ ਸਿੱਖ ਨਹੀ। ਬਾਬੇ ਫੌਜਾ ਸਿੰਘ ਦਾ ਗੁਆਂਢੀ ਜਦ ਇਸ ਵਾਰੀ ਨਗਰ ਕੀਰਤਨ ਤੋਂ ਆਇਆ ਤਾਂ ਬਾਬੇ ਜਾਣ ਕੇ ਪੁੱਛਿਆ ਕਿ ਸੁਣਾ ਫਿਰ ਕਿਵੇਂ ਰਿਹਾ ਨਗਰ ਕੀਰਤਨ?

ਬਾਈ ਜੀ ਪੁੱਛੋ ਕੁਝ ਨਾ! ਕੋਈ ਅੰਤ ਨਹੀ ਸੰਗਤ ਦੀ ‘ਸ਼ਰਧਾ’ ਦਾ ਬਈ। ਮਾਅਰ ਜਲੇਬ, ਪੀਜੇ, ਛੋਲੇ-ਪੂਰੀਆਂ, ਗਰਮਾ-ਗਰਮ ਪਕੌੜੇ. ਬੱਚਿਆਂ ਤਾਂ ਆਈਸਕ੍ਰੀਮਾਂ ਦੀਆਂ ਲਿਹੜਾਂ ਕੱਢੀਆਂ। ਨਾਸਾਂ ਬੰਦ ਹੋ ਗਈਆਂ ਫੜਕੇ!!

ਨਗਰ ਕੀਰਤਨਾਂ ਤੋਂ ਮੁੜਿਆਂ ਬਹੁਤਿਆਂ ਦੇ ਖਿਆਲ ਕੁਝ ਇੰਝ ਦੇ ਹੀ ਹੁੰਦੇ ਹਨ, ਕਿ ਉਥੇ ਖਾਣ-ਪੀਣ ਲਈ ਪਦਾਰਥ ਕਿੰਨੇ ਸਨ। ਸਿੱਖੀ ਪਕੌੜਿਆਂ ਨਾਲ ਲਿਹੜਨ ਦਾ ਨਾ ਤੇ ਨਗਰ ਕੀਰਤਨ ਇੱਕ ਮੇਲਾ ਬਣ ਕੇ ਰਹਿ ਗਏ ਨੇ। ਲੋਕ ਖੁਸ਼ ਨੇ ਫਿਰ-ਤੁਰ ਆਉਂਦੇ, ਵੰਨ ਸੁਵੰਨੇ ਛੋਲੇ-ਪੂਰੀਆਂ-ਪਕੌੜੇ ਖਾ ਆਉਂਦੇ ਹਨ, ਬੱਚੇ ਖੁਸ਼ ਕਿ ਖੇਡ ਆਉਂਦੇ ਹਨ, ਪ੍ਰਬੰਧਕ ਖੁਸ਼ ਕਿ ਇੱਕ ਤਾਂ ਛੇ ਮਹੀਨੇ ਦੀ ਕਿਸ਼ਤ ਬੰਨੇ ਦੂਜਾ ਲੀਡਰਾਂ ਵਿੱਚ ਟਹੁਰ ਤੇ ਜਾਣ ਪਛਾਣ ਨਾਲ ਨਿਆਂਣਿਆਂ ਦੀਆਂ ਜੌਬਾਂ ਦਾ ਪ੍ਰਬੰਧ ਹੋ ਜਾਂਦਾ, ਲੀਡਰ ਖੁਸ਼ ਸਿਰ ਖੱਟਾ ਪਰਨਾ ਬੰਨ ਅਤੇ ਨਕਲੀ ਜਿਹੀ ਫਤਿਹ ਬੁਲਾ ਕੇ ਵੋਟਾਂ ਪੱਕੀਆਂ ਕਰ ਲਈਆਂ, ਗਰੰਥੀ ਭਾਈ ਖੁਸ਼ ਕਿ ਉਨ੍ਹੀ ਸ੍ਰੀ ਗੁਰੂ ਜੀ ਦੀ ਹਜੂਰੀ ਵਿੱਚ ਕਾਲਕਾ ਦੇਵੀ ਵਾਹਣੇ ਪਾ ਅੱਧੀਆਂ ਕੁ ਟਿੱਕਟਾਂ ਖਰੀਆਂ ਕਰ ਲਈਆਂ। ਇਹ ਦਿਨ ਕਾਸ ਲਈ ਹਨ, ਇਸ ਦੀ ਮਹੱਤਤਾ ਕੀ ਏ, ਅਸੀਂ ਇੱਕਠੇ ਕਿਉਂ ਹੋਏ, ਇਸ ਵਿਚੋਂ ਸਿੱਖਿਆ ਕੀ ਮਿਲੀ, ਇਹ ਗੱਲਾਂ ਫਜੂਲ ਹਨ ਤੇ ਇਹ ਪੁੱਛਣ ਵਾਲੇ ਬਾਬੇ ਫੌਜਾ ਸਿੰਘ ਨੂੰ ਨਾਸਤਿਕ ਕਰਾਰ ਦਿੱਤਾ ਜਾ ਸਕਦਾ ਹੈ!!

ਤੇ ਪ੍ਰਬੰਧਕ ਨੂੰ ਲੋਕਾਂ ਦੀ ਮਾਨਸਿਕਤਾ ਦਾ ਪਤਾ ਹੈ ਉਨ੍ਹੀ ਗੁਰੂ ਘਰਾਂ ਵਿੱਚ ਵੀ ਵੱਧ ਤੋਂ ਵੱਧ ਗਰਮਾ-ਗਰਮ ਪਕੌੜਿਆਂ ਦਾ ਪ੍ਰਬੰਧ ਕਰ ਛੱਡਿਆ ਹੈ ਵੈਸੇ ਆਮ ਹਾਲਤਾਂ ਵਿਚ ਗੁਰਦੁਆਰੇ ਜਾਣ ਵਾਲਾ ‘ਸਿੱਖ’ ਵੀ ਮਚਲਾ ਹੈ ਉਹ ਸੋਚਦਾ ਡਾਲਰ ਪਾ ਕੇ ‘ਬਫੇ’ ਕਰ ਆਈਦਾ ਨਾਲੇ ਮਿੱਤਰਾਂ-ਦੋਸਤਾਂ ਨਾਲ ਗੱਪ-ਸ਼ੱਪ ਹੋ ਜਾਂਦੀ ਹੋਰ ਕੀ ਚਾਹੀਦਾ। ਬੀਬੀਆਂ? ਉਹ ਇੰਡੀਆਂ ਤੋਂ ਬਣਕੇ ਆਏ ਨਵੇਂ ਸੂਟ ਸਹੇਲੀਆਂ ਨੂੰ ਦਿਖਾ ਆਉਂਦੀਆਂ ਨਾਲੇ ਘਰ ਦੇ ਭਾਂਡੇ ਮਾਂਜਣ ਤੋਂ ਛੁਟਕਾਰਾ ਤੇ ਉਥੋਂ ਲਿਹੜ ਕੇ ਸਟੋਰਾਂ ‘ਚ ਘੁੱਮੋ ਹੋਰ ਗੁਰਦੁਆਰੇ ਦਾ ਕੀ ਮੱਤਲਬ ਏ? ਜੇ ਗੁਰਦੁਆਰੇ ਲੋਕ ਕੁਝ ਸਿੱਖਣ ਜਾਂਦੇ ਹੋਣ ਜਾਂ ਗੁਰੂ ਘਰਾਂ ਵਿੱਚ ਕੁਝ ਸਿਖਾਏ ਜਾਣ ਦੀ ਇੱਛਾ ਹੋਵੇ ਤਾਂ ਗੁਰੂ ਦੇ ਸਿੱਖ ਇੰਝ ਹੀ ਮੱਥਿਆਂ ਤੇ ਬਿੰਦੇ ਲਾਈ ਉਂਗਲਾਂ ਵਿੱਚ ਪੱਥਰ ਗੀਟੇ ਪਾਈ ਫਿਰਨ ਅਤੇ ਬੀਬੀਆਂ ਕਰਵਾਚੌਥ ਦੀਆਂ ਫੈਣੀਆਂ ਤੇ ਮੱਠੇ ਖਰੀਦ ਦੀਆਂ ਫਿਰਨ?

ਬਾਬਾ ਫੌਜਾ ਸਿੰਘ ਨੂੰ ਯਾਦ ਏ ਕਿ ਬਾਬਾ ਅਪਣੇ ਸਹੁਰੇ ਪਿੰਡ ਗਿਆ। ਉਸ ਦੇ ਸਾਲੇ ਦੇ ਜੁੜਵੇਂ ਜੁਵਾਕ ਕੋਈ 8 ਕੁ ਸਾਲ ਦੇ ਨੇ। ਬਾਬਾ ‘ਲੈਪ-ਟੌਪ’ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੋਟੋਜ਼ ਵਿਚੋਂ ਕੋਈ ਫੋਟੋ ਚੁਣ ਰਿਹਾ ਸੀ ਉਸ ਨੂ ਚਾਹੀਦੀ ਸੀ। ਬੱਚੇ ਖੇਡਦੇ ਬਾਬੇ ਕੋਲੇ ਆ ਗਏ। ਬਾਬਾ ਬੰਦਾ ਸਿਘ ਜੀ ਦੀ ਫੋਟੋ ਦੇਖ ਕੇ ਇੱਕ ਕਹਿਣ ਲੱਗਾ, ‘ਫੁੱਫੜ ਜੀ! ਇਹ ਕਿਸ ਬਾਬਾ ਜੀ ਦੀ ਫੋਟੋ ਹੈ? ਬਾਬੇ ਦੱਸਿਆ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਹੈ। ਉਹ ਅਗੋਂ ਕਹਿਣ ਲੱਗਾ ਕਿ ਇਹ ਬਾਬਾ ਬੰਦਾ ਸਿੰਘ ਕੌਣ ਸੀ? ਬਾਬਾ ਸੋਚੀਂ ਪੈ ਗਿਆ। ਬਾਬੇ ਨੇ ਜਾਣ ਕੇ ਮੋੜਵਾਂ ਸਵਾਲ ਕੀਤਾ ਕਿ ਬੇਟਾ ਇਸ ਬਾਰੇ ਤੈਨੂੰ ਮੈਂ ਫੇਰ ਦੱਸਾਂਗਾ ਪਹਿਲਾਂ ਦੱਸ ਹੰਨੂਮਾਨ ਕੌਣ ਸੀ?

ਉਹ ਤੋਤੇ ਵਾਂਗ ਬੋਲ ਪਿਆ ਤੇ ਕਈ ਕੁਝ ਹਨੂੰਮਾਨ ਬਾਰੇ ਉਸ ਸੁਣਾ ਮਾਰਿਆ। ਬਾਬੇ ਪੁੱਛਿਆ ਕਿ ਚਲ ਦੱਸ ਸ੍ਰੀ ਰਾਮ ਚੰਦ੍ਰ ਕੌਣ ਸੀ? ਉਸ ਬਾਰੇ ਵੀ ਉਸ ਕਈ ਕੁਝ ਦੱਸ ਦਿੱਤਾ। ਬਾਬੇ ਕਿਹਾ ਕਿ ਚਲ ਦੱਸ ਸ੍ਰੀ ਗੁਰੂ ਰਾਮਦਾਸ ਜੀ ਕੌਣ ਸਨ? ਇਥੇ ਆ ਕੇ ਫਿਰ ਉਸ ਦੀਆਂ ਬਰੇਕਾਂ ਲੱਗ ਗਈਆਂ। ਉਹ ਕਹਿਣ ਲੱਗਾ ਫੁੱਫੜ ਜੀ ਇਹ ਸ੍ਰੀ ਗੁਰੂ ਰਾਮਦਾਸ ਜੀ ਕੌਣ ਸਨ?

ਬਾਬੇ ਨੇ ਉਸ ਨੂੰ ਤੇ ਕੁਝ ਨਹੀਂ ਕਿਹਾ ਉਸ ਦੀ ਮਾਂ ਨੂੰ ਸੱਦ ਕੇ ਦੱਸਿਆ ਕਿ ਜਿਥੇ ਤੇਰੇ ਵਰਗੀਆਂ ਮਾਵਾਂ ਹੋਣ ਉਸ ਘਰ ਦੇ ਬੱਚੇ ਡਰੱਗੀ, ਸਮੈਕੀ, ਨਸ਼ੇੜੀ, ਅਫੀਮੀ-ਭੰਗੀ ਨਹੀ ਹੋਣਗੇ ਤਾਂ ਕੀ ਹੋਵੇਗਾ। ਕੌਮ ਦੀ ਬਦਕਿਸਮਤ ਮਾਂ ਹੋਰ ਕਿਹੜੀ ਹੋਵੇਗੀ ਧਰਤੀ ਉਪਰ ਜਿਹੜੀ ਅਪਣੇ ਬੱਚੇ ਨੂੰ ਅਪਣੇ ਅਸਲੇ ਤੋਂ ਹੀ ਜਾਣੂੰ ਨਹੀਂ ਕਰਵਾ ਸਕੀ? ਮੈ ਵਰਾਂ-ਸਰਾਪਾਂ ਵਿੱਚ ਵਿਸਵਾਸ਼ ਰੱਖਦਾ ਹੋਵਾਂ ਤਾਂ ਮੇਰਾ ਦਿਲ ਕਰਦਾ ਤੇਰੇ ਵਰਗੀਆਂ ਮਾਵਾਂ ਨੂੰ ਸਰਾਪ ਦੇ ਦੇਵਾਂ ਕਿ ਅਜਿਹੀਆਂ ਮਾਵਾਂ ਬੱਚੇ ਹੀ ਨਾ ਜੰਮ ਸਕਣ ਜੇ ਉਹ ਉਨ੍ਹਾਂ ਨੂੰ ਗੈਰਤਮੰਦ ਮਨੁੱਖਾਂ ਬਾਰੇ ਦੱਸ ਕੇ ਉਨ੍ਹਾਂ ਨੂੰ ਚੰਗੇ ਗੁਣ ਨਹੀਂ ਦੇ ਸਕਦੀਆਂ।

ਬਾਬੇ ਫੌਜਾ ਸਿੰਘ ਦੇ ਇੰਨੇ ਕੁਰੱਖਤ ਰਵਈਏ ਤੋਂ ਉਹ ਹੈਰਾਨ ਦੇ ਨਾਲ ਪ੍ਰੇਸ਼ਾਨ ਵੀ ਹੋ ਗਈ। ਪਰ ਅਖੀਰ ਉਹ ਮਨ ਭਰ ਆਈ ਤੇ ਕਹਿਣ ਲੱਗੀ ਕਿ ਕਸੂਰ ਨਾ ਬੱਚਿਆਂ ਦਾ ਨਾ ਸਾਡਾ ਸਾਨੂੰ ਵੀ ਤਾਂ ਪੀਹੜੀ ਦਰ ਪੀਹੜੀ ਕਿਸੇ ਕੁਝ ਨਹੀ ਦੱਸਿਆ।

ਤੇ ਬਾਬਾ ਹੈਰਾਨ ਸੀ ਕਿ ਫਿਰ ਇਹ ਸਿੱਖੀ ਦੇ ਪ੍ਰਚਾਰ ਦੇ ਧੂੜ ਧੜੱਕੇ ਕਾਹਦੇ? ਖੇਹ ਉਡਾਉਂਦੇ ਫਿਰਦੇ ਹਨ ਸੜਕਾਂ ਤੇ ਮਹਿੰਗੇ ਕਲਾਕਾਰ ਰੰਗੀਲੇ, ਜਗਾਧਰੀ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ। ਜਹਾਜਾਂ ਦੇ ਜਹਾਜ ਉੱਡੀ ਜਾਂਦੇ ਹਨ ਬਾਹਰ ਵਲ ਨੂ ਚਿੱਟੇ ਬਗਲਿਆਂ ਦੇ ਕਿ ਸਿੱਖੀ ਦਾ ਪ੍ਰਚਾਰ ਕਰਨ ਚਲੇ ਹਾਂ, ਲੈਗਜ਼ਰੀ ਗੱਡੀਆਂ ਨੇ ਪੰਜਾਬ ਦੀਆਂ ਸੜਕਾਂ ਪੁੱਟਣੀਆਂ ਲਈਆਂ ਕਿ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ, ਮਾਅਰ ਕੋਤਰੀਆਂ, ਸੰਪਟ ਪਾਠਾਂ, ਚਲੀਹਿਆਂ ਅਤੇ ਚੁਪੈਹਰਿਆਂ ਦਾ ਕੋਈ ਅੰਤ ਨਹੀ ਪਰ...? ਪਰ ਸਿੱਖ ਫਿਰ ਵੀ ਸ਼ਰੇਆਮ ਬਿੰਦੇ ਲਾਈ ਘੁੱਮ ਰਹੇ ਹਨ ਤੇ ਪਕੌੋੜਿਆਂ ਨਾਲ ਲਿਹੜਨ ਨੂੰ ਜਾਂ ਬੱਤੀਆਂ ਬੰਦ ਕਰੀ ਪਾਗਲਾਂ ਵਾਂਗ ਸਿਰ ਮਾਰਨ ਨੂੰ ਹੀ ਸਿੱਖੀ ਸਮਝੀ ਤੁਰੇ ਆ ਰਹੇ ਹਨ ਕਿ ਆਹ ਹਾ ਹਾ ਬੜਾ ਅਨੰਦ ਆਇਆ.....?

ਗੁਰਦੇਵ ਸਿੰਘ ਸੱਧੇਵਾਲੀਆ

sgurdev@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top