Share on Facebook

Main News Page

ਵੀਰ ਇੰਦਰਜੀਤ ਸਿੰਘ ਜੀ ਦਾ ਇਕ ਨਵਾਂ ਲੇਖ “ਜਜਬਾਤੀ’ ਹੋਣਾਂ ਇਕ ਸਿੱਖ ਦਾ ‘ਗੁਣ’ ਤੇ ‘ਅੰਧ ਵਿਸ਼ਵਾਸ਼ੀ’ਹੋਣਾਂ ਇਕ ‘ਦੋਸ਼’ ਹੈ” ਬਾਰੇ ਤੱਤ ਗੁਰਮਤਿ ਪਰਿਵਾਰ ਦਾ ਪੱਖ

ਵੀਰ ਇੰਦਰਜੀਤ ਸਿੰਘ ਜੀ ਦਾ ਇਕ ਨਵਾਂ ਲੇਖ “ਜਜਬਾਤੀ’ ਹੋਣਾਂ ਇਕ ਸਿੱਖ ਦਾ ‘ਗੁਣ’ ਤੇ ‘ਅੰਧ ਵਿਸ਼ਵਾਸ਼ੀ’ ਹੋਣਾਂ ਇਕ ‘ਦੋਸ਼’ ਹੈ” ਆਇਆ ਹੈ। ਇਹ ਲੇਖ ‘ਤੱਤ ਗੁਰਮਤਿ ਪਰਿਵਾਰ’ ਦੀ ਇਕ ਲਿਖਤ ਦਾ ਪ੍ਰਤੀਕਰਮ ਹੈ। ਇਸ ਸੰਬੰਧੀ ਕੁਝ ਵਿਚਾਰ ਸਾਂਝੇ ਕਰਨ ਦਾ ਨਿਮਾਣਾ ਯਤਨ ਕਰ ਰਹੇ ਹਾਂ।

(1) ਵੀਰ ਜੀ ਨੂੰ ਬੇਨਤੀ ਹੈ ਕਿ ‘ਪਰਿਵਾਰ’ ਬਾਰੇ ਕੋਈ ਵੀ ਲਿਖਤ ਕਿਰਪਾ ਕਰਕੇ ਨਾਂ ਲੈ ਕੇ ਲਿਖਿਆ ਕਰਨ। ਨਾਂ ਲੈ ਕੇ ਕੀਤੀ ਆਲੋਚਨਾ ਪਾਰਦਰਸ਼ੀ ਹੁੰਦੀ ਹੈ। ਅਸੀਂ ਹਮੇਸ਼ਾਂ ਆਪਣੀ ਆਲੋਚਣਾ ਦਾ ਸੁਆਗਤ ਕਰਦੇ ਹਾਂ। ਅਸੀਂ ਫਿਰ ਵਿਸ਼ਵਾਸ ਦੁਆਉਂਦੇ ਹਾਂ ਕਿ ਆਪਣੀ ਆਲੋਚਣਾ ਤੋਂ ਖਿੱਝ ਕੇ, ਕੁਝ ਹੋਰ ਜਾਗਰੂਕ ਧਿਰਾਂ ਵਾਂਗ ਵਿਅੰਗਮਈ ਫਤਵੇ ਜਾਰੀ ਕਰਕੇ ਜਵਾਬਦੇਹੀ ਤੋਂ ਟਾਲਾ ਨਹੀਂ ਵਟਾਂਗੇ। ਇਸ ਲਈ ਵੀਰ ਜੀ ਸਮੇਤ ਕਿਸੇ ਵੀ ਧਿਰ ਨੂੰ ‘ਪਰਿਵਾਰ’ ਦੀ ਆਲੋਚਨਾ ਨਾਂ ਲੈ ਕੇ ਕਰਨ ਤੋਂ ਸੰਕੋਚ ਕਰਨ ਦੀ ਲੋੜ ਨਹੀਂ ਹੈ। ਆਸ ਹੈ ਵੀਰ ਜੀ ਅੱਗੇ ਤੋਂ ਬੇਨਤੀ ਪ੍ਰਵਾਨ ਕਰ ਲੈਣਗੇ, ਤਾਂ ਕਿ ਪਾਠਕਾਂ ਨੂੰ ਸਪਸ਼ਟ ਹੋ ਸਕੇ ਕਿ ਕਿਸ ਦੀ ਗੱਲ ਕੀਤੀ ਜਾ ਰਹੀ ਹੈ।

(2) ਆਪ ਜੀ ਨੇ ‘ਪਰਵਾਰ’ ਬਾਰੇ ਪਾਠਕਾਂ ਨੂੰ ਵਾਰ-ਵਾਰ ਇਹ ਕਹਿ ਕੇ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ ਕਿ ਅਸੀਂ ਜ਼ਜਬਾਤੀ ਹੋਣ ਨੂੰ ਇਕ ‘ਦੋਸ਼’ਦੱਸਿਆ ਹੈ। ਜਦਕਿ ਅਸੀਂ ਪਿਛਲੀ ਟਿੱਪਣੀ ਵਿਚ ਇਹ ਸਪਸ਼ਟ ਕਰ ਦਿੱਤਾ ਸੀ ਕਿ ਜ਼ਜਬਾਤ ਦੀ ਲੋੜ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅਸੀਂ ਇਹ ਵੀ ਸਪਸ਼ਟ ਕੀਤਾ ਸੀ ਕਿ ਜ਼ਜਬਾਤ ਆਪਣੇ ਆਪ ਵਿਚ ਕੋਈ ਗੁਣ ਜਾਂ ਦੋਸ਼ ਨਹੀਂ ਹਨ। ਗੁਣ ਜਾਂ ਦੋਸ਼ ਦਾ ਫੈਸਲਾ ਤਾਂ ਉਸ ਜ਼ਜਬਾਤ ਦੇ ਅਸਰ ਹੇਠ ਕੀਤੇ ਕਰਮ ਨੂੰ ਵੇਖ ਕੇ ਕੀਤਾ ਜਾ ਸਕਦਾ ਹੈ। ਜ਼ਜਬਾਤਾਂ ਦੇ ਗਲਤ ਪ੍ਰਭਾਵ ਹੇਠ ਮਨੁੱਖ ਖੁਦਕੁਸ਼ੀ ਵੀ ਕਰ ਲੈਂਦਾ ਹੈ, ਜ਼ਜਬਾਤੀ ਹੋ ਕੇ ਹਰ ਮੈਦਾਨ ਫਤਹਿ ਵੀ ਕਰ ਲੈਂਦਾ ਹੈ। ਹਰ ਅੰਧਵਿਸ਼ਵਾਸ ਦੀ ਨੀਂਹ ਵਿਚ ਗਿਆਨ ਦੇ ਕੁੰਡੇ ਤੋਂ ਸੱਖਣੇ ਜ਼ਜਬਾਤ ਹੀ ਹੁੰਦੇ ਹਨ। ਇਸ ਲਈ ਸਾਡੀ ਦਲੀਲ ਸੀ ਕਿ ਜ਼ਜਬਾਤ ਜ਼ਰੂਰੀ ਹਨ, ਪਰ ਉਹ ਗੁਣ ਤਾਂ ਹੀ ਬਣ ਸਕਦੇ ਹਨ ਜੇ ਉਨ੍ਹਾਂ ਉਤੇ ਗਿਆਨ ਦਾ ਕੁੰਡਾ ਰਖਿਆ ਜਾਵੇ। ਆਪ ਜੀ ਨੂੰ ਇਹ ਦਲੀਲ ਹਲਕੀ ਜਾਪੀ, ਇਹ ਤੁਹਾਡੀ ਸਮਝ ਹੈ। ਜੇ ਆਪ ਜੀ ਨੇ ਅੰਤਿਮ ਫੈਸਲਾ ਕਰ ਹੀ ਲਿਆ ਹੈ ਕਿ ਹਰ ਪ੍ਰਕਾਰ ਦੇ ਜਜ਼ਬਾਤ ਗੁਣ ਹੀ ਹਨ ਤਾਂ ਕਿਸੇ ਦੇ ਕੁਝ ਵੀ ‘ਮੰਨ ਲੈਣ ਬਾਰੇ ਕੋਈ ਰੋਕ ਤਾਂ ਲਾਈ ਨਹੀਂ ਜਾ ਸਕਦੀ। ਬਾਬਾ ਨਾਨਕ ਜੀ ਦੀ ਮਿਸਾਲ ਸਾਡੇ ਸਾਹਮਣੇ ਹੈ। ਜੇ ਉਨ੍ਹਾਂ ਦੇ ਪੁਤਰਾਂ ਨੂੰ ਉਨ੍ਹਾਂ ਦੀਆਂ ਗੁਰਮਤਿ ਆਧਾਰਿਤ ਦਲੀਲਾਂ ਹਲਕੀਆਂ ਲਗੀਆਂ ਅਤੇ ਉਹ ਉਸ ਤੋਂ ਮੁਨਕਰ ਹੋ ਕੇ ਜਤੀ-ਸਤੀ ਹੋ ਗਏ ਤਾਂ ਇਹ ਉਨ੍ਹਾਂ ਦੀ ਆਪਣੀ ਸਮਝ ਹੈ। ਬਾਬਾ ਨਾਨਕ ਦਾ ਇਸ ਵਿਚ ਕੀ ਦੋਸ਼ ਹੈ? ਨਾ ਹੀ ਬਾਬਾ ਨਾਨਕ ਜੀ ਅਪਣਾ ਸੱਚ ਉਨ੍ਹਾਂ ਉੱਤੇ ਥੋਪਣ ਲਈ ਕਲਪੇ ਹੋਣਗੇ, ਕਿਉਂਕਿ ਬਾਬਾ ਨਾਨਕ ਜੀ ਦਾ ਮਕਸਦ ਆਪਣੀ ਸਮਝ ਅਨੁਸਾਰ ਖਰਾ ਸੱਚ ਪੇਸ਼ ਕਰਨਾ ਸੀ, ਜਿਸ ਨੂੰ ਚੰਗਾ ਲਗੇ ਅਪਣਾ ਲਵੇ, ਜਿਸ ਨੂੰ ਨਹੀਂ ਭਾਇਆ, ਉਸ ਨੇ ਨਹੀਂ ਅਪਨਾਇਆ। ਅੱਜ ਵੀ ਜਨੇਊ ਪਾਏ ਜਾ ਰਹੇ ਹਨ, ਥਾਲ ਘੁੰਮਾ ਕੇ ਆਰਤੀਆਂ ਹੋ ਰਹੀਆਂ ਹਨ। ਅਸੀਂ ਵੀ ਬਾਬਾ ਨਾਨਕ ਜੀ ਤੋਂ ਸੇਧ ਲੈ ਕੇ ਆਪਣੀ ਗੁਰਮਤਿ ਸਮਝ ਅਨੁਸਾਰ ਖਰਾ ਸੱਚ ਪੇਸ਼ ਕਰਨ ਦਾ ਨਿਮਾਣਾ ਯਤਨ ਕਰਦੇ ਹਾਂ, ਜਿਸ ਨੂੰ ਚੰਗਾ ਲਗੇ ਅਪਨਾ ਲਵੇ, ਜੇ ਕੋਈ ਖਿੱਝ ਕੇ ਆਰ. ਐਸ. ਐਸ. ਦੇ ਏਜੰਟ ਦੇ ਫਤਵੇ ਦੇਵੇ ਤਾਂ ਵੀ ਕੋਈ ਗਿਲਾ ਅਤੇ ਪਰਵਾਹ ਨਹੀਂ।

(3) ਵੀਰ ਜੀ ਅਸੀਂ ਹਰ ਧੱਕੇ ਦਾ ਵਿਰੋਧ ਕਰਨ ਦਾ ਯਤਨ ਕਰਦੇ ਹਾਂ ਅਤੇ ਜੇ ਆਪ ਜੀ ਚਾਹੋ ਕੇ ਸਿਰਫ ਵਿਚਾਰਕ ਅਸਹਿਮਤੀ ਕਾਰਨ ਅਸੀਂ ਕਿਸੇ ਸ਼ਖਸ ਪ੍ਰਤੀ ਆਪ ਜੀ ਵਾਂਗ ਮਨ ਵਿਚ ਨਫਰਤ ਪਾਲ ਲਈਏ ਤਾਂ ਇਹ ਸਾਡੇ ਤੋਂ ਨਹੀਂ ਹੋ ਸਕਣਾ। ਨਫਰਤ ਤਾਂ ਅਸੀਂ ਦਸਮ ਗ੍ਰੰਥੀਆਂ ਤੋਂ ਵੀ ਨਹੀਂ ਕਰਦੇ।

(4) ਵੀਰ ਜੀ ਸਾਨੂੰ ਇਸ ਵਿਚ ਕੋਈ ਸ਼ੱਕ ਨਹੀਂ ਸੀ ਅਤੇ ਨਾ ਹੀ ਕਦੀ ਰਹੇਗਾ ਕਿ ਆਪ ਜੀ ਇਕ ਸੱਚੇ-ਸੁੱਚੇ ਪੰਥਦਰਦੀ ਹੋ। ਬੇਸ਼ਕ ਆਪ ਜੀ ਦੇ ਕਈਂ ਨੁਕਤਿਆਂ ਨਾਲ ਅਸੀਂ ਸਹਿਮਤ ਨਹੀਂ। ਆਪ ਜੀ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ‘ਪਰਿਵਾਰ’ ਸਮੇਤ ਕਿਸੇ ਵੀ ਬਾਰੇ ਗਲਤ ਗੱਲਾਂ ਪੇਸ਼ ਕਰ ਕੇ ਪਾਠਕਾਂ ਨੂੰ ਜਾਣੇ/ਅੰਜਾਣੇ ਗੁੰਮਰਾਹ ਕਰਨ ਦਾ ਯਤਨ ਨਾ ਕਰਿਆ ਕਰੋ। ਇਸ ਪੱਤਰ ਲੜੀ ਵਿਚ ਆਪ ਜੀ ਨੇ ‘ਪਰਿਵਾਰ’ ’ਤੇ ‘ਜਜ਼ਬਾਤਾਂ’ ਨੂੰ ਰੱਦ ਕਰਕੇ, ਇਨ੍ਹਾਂ ਨੂੰ ਇਕ ਦੋਸ਼ ਦੱਸਣ ਦਾ ਇਲਜ਼ਾਮ ਲਾਇਆ ਹੈ। ਸਾਡੇ ਕਈਂ ਵਾਰ ਇਹ ਲਿਖਣ ਕਿ “ਪਰਿਵਾਰ ਅਕਾਲ ਤਖਤ ਬਾਰੇ ਚਰਚਾ ਵਿਚ ਇਕਬਾਲ ਸਿੰਘ ਜੀ ਦੇ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤ ਨਹੀਂ” ਦੇ ਬਾਵਜੂਦ ਆਪ ਜੀ ਸਾਨੂੰ ਉਨ੍ਹਾਂ ਦਾ ਹਿਮਾੲਤੀ ਐਲਾਨ ਰਹੇ ਹੋ। ਅਸੀਂ ਪੁਜਾਰੀਆਂ ਦੇ ਧੱਕੇ ਖਿਲਾਫ ਉਨ੍ਹਾਂ ਨਾਲ ਖੜੇ ਹਾਂ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top