Share on Facebook

Main News Page

ਇਸ਼ਨਾਨ

ਬਾਬਾ ਫੌਜਾ ਸਿੰਘ ਇਕ ਦਿਨ ਯੂ ਟਿਉਟ ਤੇ ਦੇਖ ਰਿਹਾ ਸੀ, ਕਿ ਇਕ ਪੁਜਾਰੀ ਸਵੇਰੇ ਸਵੇਰੇ ਹੀ ਮਾਤਾ ਦੀ ਮੂਰਤੀ ਦਾ ਇਸ਼ਨਾਨ ਕਰਾ ਕੇ ਉਸ ਦਾ ਮੇਕਅੱਪ ਯਾਨੀ ਉਸ ਨੂੰ ਕੱਪੜਾ-ਲੱਤਾ ਪਾ ਕੇ ਸਧੂੰਰ ਵਗੈਰਾ ਲਾ ਰਿਹਾ ਸੀ। ਬਾਬੇ ਨੂੰ ਦੇਖਦਿਆਂ ਸ਼ਰਮ ਆ ਰਹੀ ਸੀ, ਕਿ ਇੱਕ ਔਰਤ ਦੀ ਮੂਰਤੀ ਦੀਆਂ ਵਧੀਆਂ ਛਾਤੀਆਂ ਵਾਲੀ ਮੂਰਤੀ ਨੂੰ ਪੁਜਾਰੀ ਕਿਵੇਂ ਬੇਹਯਾਈ ਨਾਲ ਇਸ਼ਨਾਨ ਕਰਾ ਰਿਹਾ ਹੈ, ਪਰ ਪੁਜਾਰੀ ਨੂੰ ਕੋਈ ਸ਼ਰਮ ਨਹੀ ਸੀ ਆ ਰਹੀ। ਜਦ ਮੂਰਤੀ ਦੀਆਂ ਛਾਤੀਆਂ ਫੜਕੇ ਪਹਿਲਾਂ ਉਨ੍ਹਾਂ ਨੂੰ ਸ਼ਹਿਦ ਨਾਲ ਧੋਂਦਾ ਹੈ, ਫਿਰ ਉਨ੍ਹਾਂ ਨੂੰ ਦਹੀਂ ਮਲਣ ਤੋਂ ਬਾਅਦ ਦੁੱਧ ਅਤੇ ਆਖਰ ਪਾਣੀ ਨਾਲ ਇਸ਼ਨਾਨ ਕਰਾ ਕੇ, ਫਿਰ ਉਨ੍ਹਾਂ ਨੂੰ ਸਾਫ ਕੱਪੜੇ ਨਾਲ ਛਾਤੀਆਂ ਪੂੰਝਦਾ ਹੈ। ਇਸ ਸਾਰੀ ਕਾਰਵਾਈ ਨੂੰ ਦੇਵੀ ਮਾਂ ਦੇ ਦੋ ਹੋਰ ਸਪੂਤ ਨੇੜੇ ਖੜੇ ਦੇਖ ਰਹੇ ਅਤੇ ਇਸ਼ਨਾਨ ਕਰਾਉਂਣ ਵਾਲੇ ਪੁਜਾਰੀ ਦੀ ਮਦਦ ਕਰ ਰਹੇ ਹਨ। ਉਸ ਨੂੰ ਸੰਧੂਰ ਤੋਂ ਉਪਰੰਤ ਦੇਵੀ ਜੀ ਦੇ ਕੱਪੜੈ ਪਵਾ ਰਹੇ ਹਨ। ਸਾਰੀ ਕਾਰਵਾਈ ਤੋਂ ਬਾਅਦ ਆਖਰ ਉਨ੍ਹੀ ਦੇਵੀ ਉਪਰ ਚੁੰਨੀ ਚੜ੍ਹਾ ਦਿੱਤੀ ਤੇ ਗੋਡਿਆਂ ਪਰਨੇ ਹੋ ਕੇ ਮੱਥਾ ਟੇਕ ਦਿੱਤਾ।

ਬਾਬੇ ਦਾ ਧਿਆਨ ਉਸ ਮਹਾਨ ਸਪੂਤ ਵਲ ਚਲਾ ਗਿਆ ਜਿਸ ਇਸ ਅਪਣੀ ਦੇਵੀ ਮਾਂ ਦੀ ਮੂਰਤੀ ਘੜੀ ਹੋਵੇਗੀ। ਇੱਕ ਇੱਕ ਅੰਗ ਮਾਂ ਆਪਣੀ ਦੇ ਨੂੰ ਉਸ ਘੜਿਆ ਹੋਵੇਗਾ, ਉਸ ਦਾ ਚਿਹਰਾ, ਨੱਕ, ਕੰਨ, ਹੱਥ, ਪੈਰ, ਮੂੰਹ, ਛਾਤੀਆਂ, ਲੱਤਾਂ ਤੇ....ਬਾਬੇ ਦਾ ਮਨ ਖਰਾਬ ਹੋ ਗਿਆ, ਇਸ ਗੱਲ ਨੂੰ ਸੋਚ ਕਿ ਇੱਕ ਮੂਰਤੀ ਘਾੜਾ ਮੂਰਤੀ ਘੜ ਰਿਹਾ ਹੈ, ਕਿਸੇ ਆਮ ਜਾਂ ਮੌਡਲ ਔਰਤ ਦੀ ਨਹੀਂ, ਬਲਕਿ ਇੱਕ ਓਸ ਔਰਤ ਦੀ ਜਿਸ ਨੂੰ ਉਸ ਨੇ ਮਾਂ ਕਹਿਣਾ ਹੈ, ਦੇਵੀ ਕਹਿ ਕੇ ਮੱਥਾ ਟੇਕਣਾ ਹੈ। ਬਾਬਾ ਫੌਜਾ ਸਿੰਘ ਸੋਚ ਰਿਹਾ ਸੀ, ਕਿ ਦੇਵੀ ਦੀ ਮੂਰਤੀ ਘੜਨ ਵਾਲਾ ਕੀ ਅਪਣੀ ਸਕੀ ਮਾਂ ਦੀ ਮੂਰਤੀ ਘੜ ਸਕਦਾ ਹੈ? ਜੇ ਘੜ ਸਕਦਾ ਹੋਵੇ ਤਾਂ ਅਪਣੀ ਹੀ ਮਾਂ ਦੀਆਂ ਛਾਤੀਆਂ ਤੇ.....

ਬਾਬਾ ਪੰਡੇ ਦੀ ਬੇਹਯਾਈ ਬਾਰੇ ਸੋਚ ਕੇ ਚਕਰਾ ਰਿਹਾ ਸੀ, ਕਿ ਜਿਸ ਨੂੰ ਇਹ ਮਾਂ ਕਹਿਕੇ ਪੂਜਦਾ, ਮੰਨਦਾ ਤੇ ਮੱਥਾ ਟੇਕਦਾ ਹੈ, ਪਰ ਇੱਕ ਮਾਂ ਨਾਲ ਇੰਨਾ ਦੁਰਵਿਹਾਰ? ਕਿ ਉਸ ਨੂੰ ਨੰਗੀ ਕਰਕੇ....?

ਫਿਰ ਬਾਬੇ ਨੇ ਆਪੇ ਸੋਚਿਆ ਕਿ ਪਾਂਡੇ ਦੇ ਤਾਂ ਗ੍ਰੰਥ ਭਰੇ ਪਏ ਅਜਿਹੀਆਂ ਕਹਾਣੀਆਂ ਦੇ। ਇਸ ਨੂੰ ਕੋਈ ਫਰਕ ਨਹੀ ਪੈਂਦਾ। ਪਾਂਡੇ ਨੂੰ ਪਤਾ ਸੀ ਕਿ ਜੀਹਨਾ ਦਾ ਮੈਂ ਜਲੂਸ ਕੱਢ ਰਿਹਾ ਹਾਂ ਮੈਂ ਇਨ੍ਹਾ ਨੂੰ ਕੀ ਸਮਝਦਾਂ?

ਸੋਚਦਿਆਂ ਸੋਚਦਿਆਂ ਬਾਬਾ ਫੌਜਾ ਸਿੰਘ ਸਿੱਖਾਂ ਦੇ ਪੰਡਿਆਂ ਬਾਰੇ ਸੋਚਣ ਲਗਾ, ਤਾਂ ਉਸ ਨੂੰ ਇੱਕ ਬਾਬਾ ਜੀ ਦੀ ਕਹਾਣੀ ਯਾਦ ਆਈ ਕਹਿੰਦੇ ਨੇ ਕਿ, ਬਾਬਾ ਜੀ ਇਕ ਦਿਨ ਇਸ਼ਨਾਨ ਕਰ ਰਹੇ ਸਨ ਉਨ੍ਹਾਂ ਦੀ ਲਿਵ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਈ ਤੇ ਜਦ ਸ੍ਰੀ ਗੁਰੂ ਜੀ ਦਾ ਪ੍ਰਕਾਸ਼ ਕੀਤਾ ਤਾਂ ਗੁਰੂ ਜੀ ਦੇ ਪੱਤਰੇ ਗਿੱਲੇ ਪਾਏ ਗਏ!! ਯਾਨੀ ਬਾਬਾ ਜੀ ਦੀ ਦੇਹ ਦਾ ਗੰਦਾ ਪਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਗਿਆ ਤੇ ਪੱਤਰੇ ਭਿੱਜ ਗਏ? ਇਸ ਕਹਾਣੀ ਤੋਂ ਤਾਂ ਜਾਪਦਾ ਸੀ ਕਿ ਸਿੱਖਾਂ ਦੇ ਪੰਡੇ ਵੀ ਗੁਰੂ ਜੀ ਨੂੰ ਇਦਾਂ ਕੁ ਹੀ ਸਮਝਦੇ, ਜਿਵੇਂ ਬ੍ਰਹਮਾਣ ਪੰਡਾ ਅਪਣੇ ਵਿਸ਼ਨੂੰ, ਬ੍ਰਹਮਾ ਨੂੰ ਸਮਝਦਾ ਸੀ ਨਹੀਂ ਤਾਂ ਕੋਈ ਕਾਰਨ ਨਹੀਂ ਕਿ ਹੋਰ ਕਹਾਣੀਆਂ ਤੋਂ ਇਲਾਵਾ ਸਿੱਖਾਂ ਦੇ ਪੰਡਿਆਂ ਦਾ ਵੀ ਇਕ ਅਜਿਹੇ ਗ੍ਰੰਥ ਨੂੰ ਘਰ ਘਰ ਪਹੁੰਚਾਉਂਣ ਦਾ ਜੋਰ ਲੱਗਾ ਪਿਆ, ਜਿਹੜਾ ਉਸ ਦੇ ਗੁਰੂ ਨੂੰ ਬੇਗਾਨੀਆਂ ਔਰਤਾਂ ਦੀਆਂ ਕੰਧਾਂ ਟਪਾਈ ਫਿਰਦਾ ਸਾਬਤ ਕਰਦਾ ਹੈ।

ਬਾਬਾ ਫੌਜਾ ਸਿੰਘ ਹੋਰ ਭੱਵਿਖ ਵਿਚ ਚਲਾ ਗਿਆ, ਉਸ ਨੂੰ ਇੰਝ ਦਿੱਸਣ ਲੱਗਾ ਜਿਵੇਂ ਆਉਂਣ ਵਾਲੇ 100-50 ਸਾਲ ਨੂੰ ਸਿੱਖਾਂ ਦੇ ਪਾਂਡੇ ਵੀ ਸ੍ਰੀ ਗੁਰੂ ਜੀ ਦੀ ਮੂਰਤੀ ਦਾ ਇਸ਼ਨਾਨ ਇੰਝ ਹੀ ਕਰਾ ਰਹੇ ਹਨ, ਜਿਵੇਂ ਪੰਡੀਆ ਅਪਣੀ ਮਾਂ ਦਾ ਕਰਾ ਰਿਹਾ ਸੀ ਹਾਲੇ ਸ਼ੁਕਰ ਇਸ ਗੱਲ ਦਾ ਹੈ ਸਿੱਖ ਗੁਰੂ ਸਰੀਰ ਕਰਕੇ ਮਰਦ ਜਾਤ ਵਿੱਚੋਂ ਸਨ ਪਰ ਫਿਰ ਵੀ ਇੱਕ ਪਿਓ ਦੇ ਕੱਪੜੇ ਉਤਾਰ ਕੇ....

ਬਾਬਾ ਫੌਜਾ ਸਿੰਘ ਚਿੱਤਰਕਾਰ ਸੋਭਾ ਸਿੰਘ ਦੇ ਵੱਡੇ ਜਿਗਰੇ ਬਾਰੇ ਸੋਚਣ ਲੱਗਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਵਰਗੇ ਰਹਿਬਰ ਨੂੰ ਅਪਣੇ ਕਾਲੇ-ਪੀਲੇ ਬੁਰਸ਼ਾਂ ਵਿੱਚ ਕੈਦ ਕਰਨ ਦੀ ਸਮਰਥਾ ਰੱਖਦਾ ਸੀ। ਉਹ ਬਾਬਾ ਜਿਹੜਾ ਕਹਿੰਦੇ ਕਹਾਉਂਦੇ ਖੱਬੀ ਖਾਨਾਂ ਕੋਲੋਂ, ਪੰਡਿਆਂ, ਮੁਲਾਣਿਆਂ, ਜੋਗੀਆਂ, ਸਿੱਧਾਂ ਤੋਂ ਕੈਦ ਨਾ ਹੋਇਆ ਉਸ ਬਾਬੇ ਨੂੰ ਕੈਦ ਕਰਨ ਦੀ ਪਿਰਤ ਪਾਉਂਣ ਵਾਲੇ ਸੋਭਾ ਸਿੰਘ ਨੂੰ ਕੀ ਧੰਨ ਨਹੀ ਕਹਿਣਾ ਪਵੇਗਾ?

ਇਕ ਬਾਬਾ ਜੀ ਨੇ ਪਰ ਹੋਰ ਛਾਲ ਕੱਢ ਮਾਰੀ। ਗੁਰੂ ਨਾਨਕ ਪਾਤਸ਼ਾਹ ਅਖੇ ਪ੍ਰਤੱਖ ਦਰਸ਼ਨ ਦੇ ਕੇ ਅਪਣੀ ਮੂਰਤੀ ਬਣਵਾ ਕੇ ਗਏ ਸਨ। ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਜੇ ਬਾਬਿਆਂ ਦੀ ਗੱਲ ਮੰਨ ਲਈ ਜਾਵੇ ਤਾਂ ਇਤਿਹਾਸ ਮੁਤਾਬਕ ਤਾਂ ਮਗਰਲੀ ਉਮਰੇ ਗੁਰੂ ਜੀ ਹੱਲ ਵਾਹੁੰਦੇ ਰਹੇ ਨੇ ਕਰਤਾਰਪੁਰ। ਜੇ ਪ੍ਰਤੱਖ ਦਰਸ਼ਨ ਦੇ ਕੇ ਬਾਬਾ ਜੀ ਨੇ ਅਪਣੀ ਮੂਰਤੀ ਬਣਵਾਉਂਣੀ ਸੀ ਫਿਰ ਮੂਰਤੀ ਬਾਬਾ ਜੀ ਨੇ ਬਲਦਾਂ ਨਾਲ ਖੜੋ ਕੇ ਬਣਾਉਂਣੀ ਸੀ ਪਰ ਇਸ ਮੂਰਤੀ ਮੁਤਾਬਕ ਸਮਝ ਨਹੀਂ ਆਉਂਦੀ, ਕਿ ਬਾਬਾ ਜੀ ਹੱਲ-ਪੰਜਾਲੀ ਸਾਂਭਦੇ ਹੋਣਗੇ ਜਾਂ ਪੰਜ-ਸੱਤ ਪਾਈਆਂ ਹੋਈਆਂ ਮਾਲਾ? ਜਾਂ ਹੋ ਸਕਦਾ ਬਾਬਿਆਂ ਮੂਰਤੀ ਬਣਵਾਉਂਣ ਆਏ ਗੁਰੂ ਜੀ ਨੂੰ ਮਾਲਾ ਕੋਲੋਂ ਦੇ ਦਿੱਤੀਆਂ ਹੋਣ ਕਿ ਪਾਤਸ਼ਾਹ ਆਹ ਬਲਦਾਂ ਢੱਗਿਆਂ ਵਾਲਾ ਕੰਮ ਸਾਥੋਂ ਹੋਣਾ ਨਹੀਂ ਐਵੇਂ ਮੁਸੀਬਤ ਨੂੰ ਫੜੇ ਜਾਵਾਂਗੇ, ਘੜੀ ਦੀ ਘੜੀ ਆਹ ਪੰਜ ਸੱਤ ਮਾਲਾ ਪਾ ਲਵੋ ਬਲਦ ਆਵਦੇ ਬਾਹਰ ਬੰਨ ਦਿਓ।

ਤੇ ਹੁਣ? ਹੁਣ ਜਿਹੜਾ ਮਰਜੀ ਲੰਡੂ ਜਿਹਾ ਚਿੱਤਰਕਾਰ ਉੱਠਦਾ, ਉਠ ਕੇ ਬਾਬਾ ਜੀ ਉਪਰ ਬੁਰਸ ਫੇਰ ਜਾਂਦਾ, ਮਰਜੀ ਦੀਆਂ ਰੰਗ-ਗਰੰਗੀਆਂ ਮਾਲਾ ਪਾ ਜਾਂਦਾ, ਕਿਸੇ ਦਾ ਦਿਲ ਕਰਦਾ ਤਾਂ ਬਾਬਾ ਜੀ ਦੇ ਲਿੱਪਸਟਕ ਲਾ ਜਾਂਦਾ, ਕੋਈ ਬਾਬਾ ਜੀ ਦੇ ਖੱਤ ਕੱਢ ਜਾਂਦਾ, ਕੋਈ ਬਾਬਾ ਜੀ ਦੇ ਭਰੱਵਟੇ ਛਾਂਗ ਜਾਂਦਾ, ਕੋਈ ਪੁੱਛਣ ਵਾਲਾ ਨਹੀਂ ਤੇ ਕਾਲੇ ਪੀਲੇ ਬੁਰਸ਼ਾਂ ਹੇਠ ਬਾਬਾ ਜੀ ਦੇ ਪਾਵਨ ਬੱਚਨਾਂ ਦੀ ਤਬਾਹੀ ਹੋਈ ਜਾਂਦੀ। ਸਿੱਖ ਘਰਾੜੇ ਮਾਰ ਰਿਹਾ ਜਾਂ ਮੂਰਤੀਆਂ ਅਗੇ ਹੀ ਸਿਰ ਸੁੱਟੀ ਨਿੱਸਲ ਹੋਇਆ ਪਿਆ ਹੈ।

ਗੁਰਦੇਵ ਸਿੰਘ ਸੱਧੇਵਾਲੀਆ

sgurdev@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top