Share on Facebook

Main News Page

ਬਲੀ ਦੇ ਬੱਕਰਿਆਂ ਦੀ ਭਾਲ

ਇਕ ਕਹਾਵਤ ਹੈ ਕਿ ਬ੍ਰਾਹਮਣ ਸੌ ਸਾਲ ਪਹਿਲਾਂ ਸੋਚਦਾ ਹੈ ਕਿ, ਉਸ ਨੇ ਸੌ ਸਾਲ ਮਗਰੋਂ ਕੀ ਕਰਨਾ ਹੈ। ਮੁਸਲਮਾਨ ਇਕ ਸਾਲ ਪਹਿਲਾਂ ਸੋਚਦਾ ਹੈ ਕਿ ਉਸ ਨੇ ਅਗਲੇ ਸਾਲ ਕੀ ਕਰਨਾ ਹੈ ਅਤੇ ਸਿੱਖ ਕਰਨ ਮਗਰੋਂ ਸੋਚਦਾ ਹੈ ਕਿ, ਇਹ ਕੀ ਹੋਇਆ? ਵੈਸੇ ਤਾਂ ਹਰ ਕਿਸੇ ਦੇ ਆਪਣੇ-ਆਪਣੇ ਗੁਣ ਹੁੰਦੇ ਹਨ, ਸਿੱਖਾਂ ਨੂੰ ਅਕਾਲ-ਪੁਰਖ ’ਤੇ ਏਨਾ ਭਰੋਸਾ ਹੁੰਦਾ ਸੀ ਕਿ ਉਨ੍ਹਾਂ ਨੂੰ ਚਲਾਕੀਆਂ ਚੱਲਣ ਦੀ ਲੋੜ ਨਹੀਂ ਹੁੰਦੀ ਸੀ, ਇਸ ਲਈ ਉਨ੍ਹਾਂ ਨੂੰ ਕੋਈ ਵੀ ਫੈਸਲਾ ਲੈਣ ਵਿਚ ਕੋਈ ਦਿੱਕਤ ਨਹੀਂ ਹੁੰਦੀ ਸੀ। ਅੱਜ ਸਿੱਖਾਂ ਦੀ ਆਦਤ ਤਾਂ ਉਹੀ ਰਹਿ ਗਈ ਹੈ, ਬਿਨਾ ਜ਼ਿਆਦਾ ਸੋਚੇ ਵਿਚਾਰੇ ਫੈਸਲਾ ਕਰ ਲੈਣ ਦੀ।

ਪਰ ਉਨ੍ਹਾਂ ਨੂੰ ਪਰਮਾਤਮਾ ’ਤੇ ਭਰੋਸੇ ਦੀ ਥਾਂ ਆਪਣੀਆਂ ਚਲਾਕੀਆਂ ’ਤੇ ਜ਼ਿਆਦਾ ਭਰੋਸਾ ਹੋ ਗਿਆ ਹੈ। ਇਸ ਲਈ ਸਿਰਫ 5 % ਹੀ ਅਜਿਹੇ ਰਹਿ ਗਏ ਹਨ, ਜੋ ਉਸ ਕੀਤੇ ਕੰਮ ਦੇ ਨਿਕਲੇ ਸਿੱਟਿਆਂ ਤੋਂ ਸਬਕ ਲੈਂਦੇ ਹੋਏ, ਸਵੈ-ਪੜਚੋਲ ਕਰ ਕੇ ਅਗਾਂਹ ਤੋਂ ਉਸ ਗਲਤੀ ਨੂੰ ਨਾ ਦੁਹਰਾਉਣ ਦਾ ਪ੍ਰਣ ਕਰਦੇ ਹਨ।

95 % ਤਾਂ ਕੋਈ ਵੀ ਕੰਮ ਵਿਗੜ ਜਾਣ ਪਿੱਛੋਂ ਪਛਤਾਉਂਦੇ ਅਤੇ ਕਲਪਦੇ ਹੀ ਵੇਖੇ ਜਾ ਸਕਦੇ ਹਨ। ਕਿਸੇ ਕੰਮ ਦੇ ਵਿਗੜ ਜਾਣ ਪਿਛੋਂ ਉਸ ’ਤੇ ਵਿਚਾਰ ਕਰ ਲੈਣ ਦਾ ਤਦ ਹੀ ਲਾਭ ਹੁੰਦਾ ਹੈ, ਜੇ ਇਹ ਫੈਸਲਾ ਕੀਤਾ ਜਾਵੇ ਕਿ ਭਵਿੱਖ ਵਿਚ ਇਹ ਗਲਤੀ ਦੁਬਾਰਾ ਨਹੀਂ ਕੀਤੀ ਜਾਵੇਗੀ। ਪਰ ਏਥੇ ਤਾਂ ਸਦੀਆਂ ਤੋਂ ਇਹ ਹੋ ਰਿਹਾ ਹੈ ਕਿ ਇਕ ਕੰਮ ਵਿਗੜਨ ਤੇ, ਸਿੱਖ ਵਿਦਵਾਨ ਉਸ ਬਾਰੇ ਚਰਚਾ ਸ਼ੁਰੂ ਕਰਦੇ ਹਨ, ਪਰ ਉਸ ਦਾ ਮੰਤਵ, ਉਸ ਤੋਂ ਕੁਝ ਸਿਖਿਆ ਲੈਣ ਦਾ ਨਹੀਂ ਹੁੰਦਾ, ਬਲਕਿ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਨ ਦਾ ਹੁੰਦਾ ਹੈ। ਕੁਝ ਮਹੀਨੇ ਇਹ ਸਿੰਗ-ਫਸਾਈ ਚਲਦੀ ਹੈ, ਤਦ ਤੱਕ ਕੋਈ ਦੂਸਰੀ ਸਮੱਸਿਆ ਖੜੀ ਹੋ ਜਾਂਦੀ ਹੈ। ਫਿਰ ਉਹ ਪਹਿਲਾ ਵਿਸ਼ਾ ਵਿਚੇ ਹੀ ਛੱਡ ਕੇ, ਦੂਸਰੇ ਵਿਸ਼ੇ ’ਤੇ ਸਿੰਗ-ਫਸਾਈ ਸ਼ੁਰੂ ਹੋ ਜਾਂਦੀ ਹੈ। ਇਵੇਂ ਹੀ ਸਦੀਆਂ ਬੀਤ ਗਈਆਂ ਹਨ, ਪਰ ਸਿੱਖਾਂ ਨੇ ਇਕ ਵੀ ਉਲਝਣ ਨਹੀਂ ਸੁਲਝਾਈ। ਜਿਸ ਬਾਰੇ ਵਿਚਾਰ ਕਰਨ ਦੀ ਸਖਤ ਲੋੜ ਹੈ।

ਹਿੰਦੂਆਂ ਨੇ ਸੱਠ ਸਾਲ ਕਰੀਬ ਪਹਿਲਾਂ ਇਕ ਸੰਸਥਾ ਬਣਾਈ ਸੀ, ਆਰ. ਐਸ. ਐਸ. (ਜੀ ਨਹੀਂ ਤੁਸੀਂ ਗਲਤ ਸੋਚ ਰਹੇ ਹੋ, ਮੈਂ ਅਸਲੀ ਆਰ. ਐਸ. ਐਸ. ਦੀ ਗੱਲ ਨਹੀਂ ਕਰ ਰਿਹਾ, ਮੈਂ ਨਕਲੀ ਆਰ. ਐਸ. ਐਸ ਦੀ ਗੱਲ ਕਰ ਰਿਹਾ ਹਾਂ, ਜਿਸ ਨੂੰ ਰਾਸ਼ਟ੍ਰੀ ਸਿੱਖ ਸੰਗਤ ਕਿਹਾ ਜਾਂਦਾ ਹੈ। ਮੈਂ ਇਕ ਲੇਖ ਵੀ ਲਿਖਿਆ ਸੀ ਕਿ ਸਿੱਖ ਸੰਗਤ, ਨਾ ਪ੍ਰਾਂਤੀ ਹੁੰਦੀ ਹੈ, ਨਾ ਰਾਸ਼ਟ੍ਰੀ ਅਤੇ ਨਾ ਹੀ ਅੰਤਰ-ਰਾਸ਼ਟਰੀ, ਸਿੱਖ ਸੰਗਤ ਤਾਂ ਪੂਰੇ ਬਰਹਿਮੰਡ ਵਿਚ ਇਕ ਹੀ ਹੁੰਦੀ ਹੈ। ਪਰ ਮੇਰੇ ਵਰਗੇ ਦੀ ਸੁਣਦਾ ਕੌਣ ਹੈ?) ਜਿਸ ਦਾ ਅੱਜ ਸਿੱਖਾਂ ਵਿਚ ਅਜਿਹਾ ਜਾਲ ਫੈਲ ਚੁੱਕਾ ਹੈ ਕਿ ਸੀ. ਬੀ. ਆਈ. ਦੇ ਡਾਇਰੈਕਟਰ ਤੋਂ ਰਾਜ-ਸਭਾ ਦੇ ਮੈਂਬਰ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੋਂ ਲੋਕਲ ਮੈਂਬਰਾਂ ਤਕ। ਕਹੇ ਜਾਂਦੇ ਤਖਤਾਂ ਦੇ ਅਖੌਤੀ ਜਥੇਦਾਰਾਂ, ਦਰਬਾਰ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਦਵਾਰਿਆਂ ਦੇ ਹੈਡ-ਗ੍ਰੰਥੀ ਅਤੇ ਗ੍ਰੰਥੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਰਧਾਨਾਂ ਤੋਂ ਆਮ ਮੈਂਬਰਾਂ ਤਕ। ਸਿੰਘ ਸਭਾਵਾਂ ਦੇ ਪਰਧਾਨਾਂ, ਸਕੱਤ੍ਰਾਂ, ਮੈਂਬਰਾਂ। ਵਪਾਰੀ ਤਬਕੇ ਵਿਚਲੇ ਵਪਾਰੀ। ਕਾਰ ਸੇਵਾ ਤੋਂ ਲੈ ਕੇ ਡੇਰਿਆਂ ਦੇ ਡੇਰੇਦਾਰਾਂ ਤਕ। ਵੱਡੇ-ਵੱਡੇ ਪਰਚਾਰਕਾਂ ਤੋਂ ਛੋਟੇ-ਛੋਟੇ ਰਾਗੀਆਂ, ਕਥਾਕਾਰਾਂ ਤਕ। ਰਾਧਾਸਵਾਮੀਆਂ, ਨਿਰੰਕਾਰੀਆਂ, ਝੂਠੇ ਸੌਦੇ ਵਾਲਿਆਂ, ਆਸ਼ੂ-ਤੋਸ਼ੀਆਂ, ਨਾਮਧਾਰੀਆਂ ਆਦਿ ਕਈ ਸ਼ਾਖਾਵਾਂ ਵਿਚ। ਪੰਜਾਬ ਦੀਆਂ ਯੂਨੀਵਰਸਟੀਆਂ ਦੇ ਡੀਨ, ਪ੍ਰੋਫੈਸਰ। ਖਾਲਸਾ ਕਾਲਜਾਂ, ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਆਮ ਟੀਚਰਾਂ ਤਕ। ਜੁਡੀਸ਼ਰੀ ਦੇ ਜੱਜਾਂ, ਵਕੀਲਾਂ ਤਕ ਸਿੱਖ ਸ਼ਕਲ ਦੇ ਸਾਬਤ-ਸੂਰਤ ਦਿਸਣ ਵਾਲੇ, ਉਸ ਆਰ. ਐਸ. ਐਸ. ਦੇ ਮੈਂਬਰ ਹਨ। ਇਨ੍ਹਾਂ ਸਾਰਿਆਂ ਨੂੰ ਕੇਂਦਰੀ ਏਜੈਂਸੀਆਂ ਤੋਂ ਅਲੱਗ-ਅਲੱਗ ਢੰਗ ਦੇ ਲਾਭ ਦਿੱਤੇ ਜਾਂਦੇ ਹਨ।

ਇਸ ਵਕਤ ਤੱਕ ਇਨ੍ਹਾਂ ਦੀ ਮਾਰਫਤ, ਸਿੱਖਾਂ ਨੂੰ ਕੁਰਾਹੇ ਪਾਇਆ ਜਾਂਦਾ ਸੀ, ਸਿੱਖਾਂ ਵਿਚ ਆਪਸੀ ਨਫਰਤ ਪੈਦਾ ਕਰ ਕੇ, ਏਕੇ ਵਿਚ ਪਾੜਾ ਪਾਇਆ ਜਾਂਦਾ ਸੀ। ਪਰ ਹੁਣ ਇਹ ਆਰ. ਐਸ. ਐਸ. ਜਵਾਨ ਹੋ ਗਈ ਹੈ, ਉਸ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਦਿਨੀਂ ਇਨ੍ਹਾਂ ਦੀ ਇਕ ਤਿੰਨ ਦਿਨਾ ਬੈਠਕ ਅਯੁਧਿਆ ਵਿਖੇ, ਵਿਵਾਦਤ ਰਾਮ ਮੰਦਰ ਵਾਲੀ ਥਾਂ ਤੇ ਹੋਈ। ਓਥੇ ਇਨ੍ਹਾਂ ਨੇ ਅਖੰਡ-ਪਾਠ ਵੀ ਕਰਵਾਇਆ। ਪ੍ਰੋਗਰਾਮ ਦੇ ਮੁੱਖ ਮਹਿਮਾਨ, ਸ੍ਰੀ ਰਾਮ ਕਿਲਾ ਦੇ ਮਹੰਤ, ਕਰੁਣਾ ਨਿਧਾਨ ਸਰਨ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ:

ਹਿੰਦੂਤਵ ’ਤੇ ਸੰਕਟ ਵੇਲੇ, ਸਿੱਖਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ, ਇਸ ਦਾ ਮੁਕਾਬਲਾ ਕੀਤਾ। ਹਿੰਦੂਤਵ ਦੀ ਰੱਖਿਆ ਵਿਚ ਸਿੱਖ ਪੰਥ ਦਾ ਅਹਿਮ ਰੋਲ ਹੈ।”

ਰਾਸ਼ਟ੍ਰੀ ਸਿੱਖ ਸੰਗਤ ਦੇ ਮੀਡੀਆ ਇੰਚਾਰਜ ਡਾ. ਅਵਤਾਰ ਸਿੰਘ ਨੇ ਮੀਡੀਏ ਨੂੰ ਦੱਸਿਆ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਇਕੱਠੇ ਹੋਏ। ਇਹ ਪ੍ਰੋਗ੍ਰਾਮ ਰਾਸ਼ਟ੍ਰੀ ਸਿੱਖ ਸੰਗਤ ਅਤੇ ਗੁਰਦਵਾਰਾ ਬ੍ਰਹਮ-ਕੁੰਡ ਨੇ ਮਿਲ ਕੇ ਕੀਤਾ।

ਰਾਸ਼ਟ੍ਰੀ ਸਿੱਖ ਸੰਗਤ ਦੇ ਪਰਮੁੱਖ ਆਗੂ ਪ੍ਰਕਾਸ਼ ਜੈਸਵਾਲ ਅਤੇ ਉਤ੍ਰਾਖੰਡ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ, ਸੁਖਦੇਵ ਸਿੰਘ ਨਾਮਧਾਰੀ ਆਦਿ ਨੇ ਵੀ ਭਾਗ ਲਿਆ। ਪਰਮੁੱਖ ਹਿੰਦੂ ਲੀਡਰ ਅਸ਼ੋਕ ਸਿੰਘਲ ਨੇ ਆਪਣੇ ਭਾਸ਼ਨ ਵਿਚ ਕਿਹਾ:

ਸਿੱਖ ਪੰਥ ਦੇ ਸਹਿਯੋਗ ਤੋਂ ਬਿਨਾ, ਰਾਮ-ਮੰਦਰ ਪੂਰਾ ਨਹੀਂ ਹੋ ਸਕਦਾ।

ਪਹਿਲਾਂ ਥੋੜਾ ਵਿਚਾਰ ਰਾਸ਼ਟ੍ਰੀ ਸਿੱਖ ਸੰਗਤ ਬਾਰੇ ਕਰ ਲੈਣਾ ਲਾਹੇ ਵੰਦ ਹੋਵੇਗਾ।

ਇਹ ਸਿੱਖਾਂ ਦੀ ਉਹ ਸੰਸਥਾ ਹੈ, ਜਿਸ ਨੇ ਅੱਜ-ਤਕ 1984 ਵਿਚ ਦਰਬਾਰ ਸਾਹਿਬ ਤੇ ਹਮਲੇ ਬਾਰੇ, ਸਿੱਖਾਂ ਦੇ ਕਤਲੇਆਮ ਬਾਰੇ, ਜਾਂ ਇੰਸਾਫ ਦੀ ਉਡੀਕ ਵਿਚ 26 ਸਾਲ ਤੋਂ ਉਪਰ ਦਾ ਸਮਾਂ ਬੀਤ ਜਾਣ ਬਾਰੇ, ਕਦੀ ਆਪਣੀ ਜ਼ਬਾਨ ਨੂੰ ਕਸ਼ਟ ਨਹੀਂ ਦਿੱਤਾ। ਸਿੱਖਾਂ ਵਿਚ ਇਹ ਉਹ ਸੰਸਥਾ ਹੈ, ਜੋ ਸ਼ਿਕਾਰੀ ਵਲੋਂ ਪਾਲੇ ਬਟੇਰੇ ਦਾ ਕੰਮ ਕਰਦੀ ਹੈ। ਜਿਵੇਂ ਸ਼ਿਕਾਰੀ ਜਾਲ ਲਗਾ ਕੇ ਓਥੇ ਆਪਣੇ ਪਾਲਤੂ ਬਟੇਰੇ ਵਾਲਾ ਪਿੰਜਰਾ ਰੱਖ ਦਿੰਦਾ ਹੈ। ਉਹ ਬਟੇਰਾ ਆਪਣੀ ਬੋਲੀ ਬੋਲ-ਬੋਲ ਕੇ ਆਪਣੇ ਭਰਾਵਾਂ ਨੂੰ ਜਾਲ ਥੱਲੇ ਇਕੱਠੇ ਕਰ ਲੈਂਦਾ ਹੈ। ਇਵੇਂ ਜੋ ਬਟੇਰੇ ਉਸ ਦੇ ਕੋਲ ਆ ਜਾਂਦੇ ਹਨ, ਉਹ ਜਾਲ ਵਿਚ ਫੱਸ ਕੇ ਆਪਣੀ ਆਜ਼ਾਦੀ ਗਵਾ ਲੈਂਦੇ ਹਨ। ਇਹੀ ਕੰਮ ਇਹ ਰਾਸ਼ਟ੍ਰੀ ਸਿੱਖ ਸੰਗਤ ਕਰ ਰਹੀ ਹੈ।

ਉਸ ਨੇ ਰਾਮ ਮੰਦਰ ਵਾਲੀ ਵਿਵਾਦਤ ਥਾਂ ਤੇ ਇਕੱਠ ਕਰ ਕੇ, ਅਖੰਡ-ਪਾਠ ਕਰਵਾ ਕੇ, ਨੇਤਿਆਂ ਰਾਹੀਂ ਇਹੀ ਸੰਦੇਸ਼ ਦਿੱਤਾ ਹੈ ਕਿ “ਜਦ ਵੀ ਹਿੰਦੂਆਂ ’ਤੇ ਸੰਕਟ ਆਇਆ ਹੈ ਤਾਂ ਸਿੱਖਾਂ ਨੇ ਆਪਣੀਆਂ ਆਹੂਤੀਆਂ ਦੇ ਕੇ ਹਿੰਦੂਤਵ ਦੀ ਰਕਸ਼ਾ ਕੀਤੀ ਹੈ।” ਅਤੇ “ਸਿੱਖ ਪੰਥ ਦੇ ਪੂਰਨ ਸਹਿਯੋਗ ਤੋਂ ਬਿਨਾ, ਰਾਮ ਮੰਦਰ ਨਹੀਂ ਬਣ ਸਕਦਾ।”

ਸਿੱਧੀ ਜਿਹੀ ਗੱਲ ਹੈ, ਹਿੰਦੂ ਲੀਡਰਾਂ ਦਾ ਸੁਨੇਹਾ ਹੈ ਕਿ ਰਾਮ-ਮੰਦਰ ਬਨਾਉਣ ਲਈ, ਸਿੱਖਾਂ ਦੇ ਸਹਿਯੋਗ ਦੀ ਲੋੜ ਹੈ। ਹੁਣ ਸਿੱਖ ਵੀ ਆਪਣੇ ਪੁਰਖਿਆਂ (ਗੁਰੂ ਤੇਗਬਹਾਦਰ ਜੀ) ਵਾਙ, ਸਾਡੀ ਰਕਸ਼ਾ ਲਈ ਆਪਣੀਆਂ ਅਹੂਤੀਆਂ ਦੇਣ। (ਇਸ ਤੋਂ ਅਗਾਂਹ ਦੀ ਗੱਲ ਨਹੀਂ ਬੋਲ ਰਹੇ ਪਰ ਮਨ ਵਿਚ ਇਹੀ ਸੋਚ ਰਹੇ ਹੋਣੇ ਹਨ ਕਿ, ਉਸ ਮਗਰੋਂ ਤੁਹਾਡੇ ਬੱਚਿਆਂ ਅਤੇ ਤੁਹਾਡੇ ਪੋਤਿਆਂ ਦਾ ਵੀ ਉਹੀ ਹਾਲ ਕਰਾਂਗੇ, ਜੋ ਸਾਡੇ ਵੱਡਿਆਂ ਨੇ, ਗੁਰੂ ਤੇਗ ਬਹਾਦਰ ਜੀ ਦੇ ਪੁਤ੍ਰ ਅਤੇ ਪੋਤਿਆਂ ਦਾ ਕੀਤਾ ਸੀ)

ਆਉ ਹੁਣ ਇਸ ਬਾਰੇ ਵਿਚਾਰ ਕਰੀਏ ਕਿ ਇਨ੍ਹਾਂ ਬਟੇਰਿਆਂ ਵਲੋਂ ਤੁਹਾਨੂੰ ਜਿਸ ਜਾਲ ਵਿਚ ਫਸਾਇਆ ਜਾ ਰਿਹਾ ਹੈ, ਉਸ ਵਿਚੋਂ ਕੀ ਨਿਕਲਣ ਵਾਲਾ ਹੈ ?

  1. ਸਭ ਤੋਂ ਪਹਿਲਾਂ, ਮੁਸਲਮਾਨਾਂ ਵਿਚ ਇਹ ਸੁਨੇਹਾ ਜਾਵੇਗਾ ਕਿ, ਸਿੱਖ ਅਤੇ ਹਿੰਦੂ ਇਕੋ ਚੀਜ਼ ਹਨ। ਜੋ ਸਿੱਖ, ਘੱਟ ਗਿਣਤੀਆਂ ਦੇ ਇਕੱਠੇ ਹੋਣ ਦੀ ਗੱਲ ਕਰਦੇ ਹਨ, ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਅਤੇ ਉੜੀਸਾ ਅਤੇ ਉਤ੍ਰ-ਪਰਦੇਸ਼ ਵਿਚ ਈਸਾਈਆਂ ਦੀ ਬੁਰੀ ਹਾਲਤ ਬਾਰੇ ਗੱਲ ਕਰਦੇ ਹਨ, ਉਹ ਸਿਰਫ ਵਿਖਾਵਾ ਹੈ। ਇਸ ਤਰ੍ਹਾਂ ਭਾਰਤ ਵਿਚਲੀਆਂ ਘੱਟ-ਗਿਣਤੀਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਖਤਮ ਹੋ ਜਾਵੇਗੀ।
  2. ਰਾਮ ਮੰਦਰ ਬਨਾਉਣ ਵੇਲੇ, ਇਨ੍ਹਾਂ ਬਟੇਰਿਆਂ ਦੀ ਨਮਾਇਸ਼ ਕਰ ਕੇ, ਸਿੱਖਾਂ ਅਤੇ ਮੁਸਲਮਾਨਾਂ ਵਿਚ ਹੋਰ ਨਫਰਤ ਪੈਦਾ ਕੀਤੀ ਜਾਵੇਗੀ, ਜਿਸ ਨਾਲ 1984 ਵਰਗੀ ਘਟਨਾ ਮੁੜ ਵਾਪਰਨ ’ਤੇ, ਮੁਸਲਮਾਨਾਂ ਵਲੋਂ ਸਿੱਖਾਂ ਦੀ ਕੀਤੀ ਜਾਣ ਵਾਲੀ ਮਦਦ ਦੀ ਸੰਭਾਵਨਾ ਬਿਲਕੁਲ ਖਤਮ ਹੋ ਜਾਵੇਗੀ।
  3. 1984 ਦੇ ਸਿੱਖ ਕਤਲੇਆਮ ਨੂੰ ਲੈ ਕੇ, ਦੂਸਰੇ ਮੁਲਕਾਂ ਵਿਚਲੇ ਸਿੱਖਾਂ ਵਲੋਂ, ਦੂਸਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਜਾਗਰਤ ਕਰ ਕੇ ਸਿੱਖਾਂ ਦੀ ਮਦਦ ’ਤੇ ਆਉਣ ਅਤੇ ਸਿੱਖਾਂ ਦੇ ਹੱਕਾਂ ਨੂੰ ਨਿਸ਼ਚਿਤ ਕਰਵਾਉਣ ਦੇ ਉਪਰਾਲੇ ਨੂੰ ਸੱਟ ਵੱਜੇਗੀ, ਦੂਸਰੇ ਮੁਲਕਾਂ ਦੇ ਲੋਕ ਅਤੇ ਸਰਕਾਰਾਂ, ਸਿੱਖਾਂ ’ਤੇ ਵਿਸ਼ਵਾਸ ਕਰਨਾ ਘੱਟ ਕਰ ਦੇਣਗੇ।
  4. ਦੇਸ਼ ਵਿਚ ਵੀ 26 ਸਾਲ ਤੋਂ ਇੰਸਾਫ ਨਾ ਮਿਲਣ ਵਿਰੁੱਧ ਉਠ ਰਹੀ ਲਹਿਰ ਨੂੰ, ਕਾਫੀ ਧੱਕਾ ਵੱਜੇਗਾ ਅਤੇ ਭਾਰਤ ਸਰਕਾਰ ਨੂੰ, 1984 ਦੇ ਦੋਸ਼ੀਆਂ ਨੂੰ ਤਦ ਤੱਕ ਰਾਹਤ ਦੇਣਾ ਸੰਭਵ ਹੋ ਜਾਵੇਗਾ, ਜਦ ਤਕ ਉਹ ਅਤੇ ਉਨ੍ਹਾਂ ਵਿਰੁੱਧ ਗਵਾਹੀ ਦੇਣ ਵਾਲੇ ਆਪ ਹੀ ਨਹੀਂ ਮਰ ਜਾਂਦੇ।
  5. ਰਾਮ ਮੰਦਰ ਦੇ ਮੁੱਦੇ ਨੂੰ ਲੈ ਕੇ ਸਿੱਖਾਂ ਦੇ ਮੁਸਲਮਾਨਾਂ ਵਲੋਂ ਕਤਲ ਹੋਣਗੇ। ਮੁਸਲਿਮ ਦੇਸ਼ਾਂ ਵਿਚ ਵਸਦੇ ਸਿੱਖਾਂ ’ਤੇ ਵੀ ਪਰਲੋ ਆ ਜਾਵੇਗੀ। (ਯਕੀਨਨ ਇਹ ਉਹ ਸਿੱਖ ਨਹੀਂ ਹੋਣਗੇ, ਜੋ ਬਟੇਰਿਆਂ ਦੀ ਜਮਾਤ ਵਿਚੋਂ ਹਨ। ਇਹ ਸਿੱਖ ਉਹ ਹੀ ਹੋਣਗੇ, ਜੋ ਸਿੱਖਾਂ ਦੀ ਆਜ਼ਾਦ ਹਸਤੀ ਲਈ ਜੂਝ ਰਹੇ ਹਨ। ਭਾਵੇਂ ਉਹ ਮੁਸਲਮਾਨਾਂ ਹੱਥੋਂ ਮਰਨ, ਭਾਵੇਂ ਮੁਸਲਮਾਨਾਂ ਦੀ ਆੜ ਵਿਚ, ਇਨ੍ਹਾਂ ਨੂੰ ਗਾਂਧੀ-ਵਾਦੀ ਮਾਰ ਦੇਣ।
  6. ਭਵਿੱਖ ਵਿਚ, 1984 ਵਰਗੇ ਕਿਸੇ ਕਾਂਡ ਦੇ ਵਾਪਰਨ ’ਤੇ ਸਿੱਖਾਂ ਨੂੰ ਦੁਨਿਆਵੀ ਭਾਈਚਾਰੇ ਤੋਂ, ਕੋਈ ਮਦਦ ਨਹੀਂ ਮਿਲੇਗੀ, ਸਾਰੇ ਹੀ ਇਸ ਨੂੰ ਇਕ ਘਰੇਲੂ ਝਗੜਾ ਸਮਝ ਕੇ ਅਣਗੌਲਿਆ ਕਰ ਦੇਣਗੇ।

ਇਕ ਗੱਲ ਹੋਰ ਧਿਆਨ ਮੰਗਦੀ ਹੈ ਕਿ, ਜੇ ਇਸ ਵਾਰ ਕੋਈ ਘਟਨਾ ਵਾਪਰਦੀ ਹੈ ਤਾਂ, 1984 ਵਿਚ ਸਿੱਖਾਂ ਕੋਲ ਆਪਣੀ ਰੱਖਿਆ ਲਈ ਪਰਯਾਪਤ ਹਥਿਆਰ ਸਨ, ਜਿਨ੍ਹਾਂ ਦੇ ਹੁੰਦਿਆਂ ਸਿੱਖਾਂ ਨੇ ਆਪਣਾ ਕਾਫੀ ਬਚਾਅ ਕਰ ਲਿਆ ਸੀ, ਪਰ ਇਸ ਵਾਰ ਸਿੱਖਾਂ ਕੋਲ, ਉਸ ਵੇਲੇ ਨਾਲੋਂ ਦਸਵਾਂ ਹਿੱਸਾ ਵੀ ਹਥਿਆਰ ਨਹੀਂ ਹਨ। 1984 ਵੇਲੇ ਸਿੱਖ ਫੌਜਾਂ ਦੀ ਬਗਾਵਤ ਨੇ ਵੀ, ਸਿੱਖਾਂ ਦਾ ਕਾਫੀ ਬਚਾਅ ਕਰ ਦਿੱਤਾ ਸੀ, ਇਸ ਵੇਲੇ ਸਿੱਖ ਫੋਜੀ ਆਪ ਹੀ ਪਲਟਣਾਂ ਵਿਚ ਇਸ ਤਰ੍ਹਾਂ ਵੰਡੇ ਹੋਏ ਹਨ ਕਿ, ਉਨ੍ਹਾਂ ਦੀਆਂ ਪਲਟਣਾਂ ਵਿਚ ਹੀ ਉਨ੍ਹਾਂ ਨੂੰ, ਬੜੇ ਸੌਖਿਆਂ ਮਾਰ ਦਿੱਤਾ ਜਾਵੇਗਾ।

1984 ਵੇਲੇ ਨਾਲੋਂ, ਸਿੱਖਾਂ ਦੇ ਲੀਡਰਾਂ ਦੀਆਂ ਨੀਤੀਆਂ ਸਦਕਾ, ਸਿੱਖਾਂ ਵਿਚ ਉਹ ਜਜ਼ਬਾ ਨਹੀਂ ਹੈ, ਜਿਸ ਆਸਰੇ ਮੁਸੀਬਤਾਂ ਦਾ ਟਾਕਰਾ ਕੀਤਾ ਜਾਂਦਾ ਹੈ। ਨਾ ਹੀ, ਇਕ ਦੂਜੇ ਦੀ ਮਦਦ ਕਰਨ ਦੀ ਭਾਵਨਾ ਹੈ। ਬਹੁਤਿਆਂ ਦੇ ਦਿਮਾਗ ਵਿਚ ਇਹ ਭਰ ਗਿਆ ਹੋਇਆ ਹੈ ਕਿ ਸਾਡੇ ਕੇਸ ਕੱਟੇ ਹੋਣ ਕਾਰਨ ਸਾਡਾ ਬਚਾਅ ਹੋ ਹੀ ਜਾਣਾ ਹੈ। ਇਵੇਂ ਹਿੰਦੂਆਂ ਲਈ, ਨੀਮ ਫੌਜੀ ਬਲਾਂ ਆਸਰੇ, ਸਿੱਖਾਂ ਦਾ ਹਸ਼ਰ ਬੋਧੀਆਂ ਵਾਲਾ ਕਰਨ ਵਿਚ ਬਹੁਤੀ ਅੜਚਨ ਨਹੀਂ ਆਵੇਗੀ, ਅਤੇ ਸਿੱਖ ਪੰਥ ਵੀ ਵਿਦੇਸ਼ਾਂ ਵਿਚ ਹੀ ਬਚ ਪਾਵੇਗਾ।

ਅਜਿਹੀ ਹਾਲਤ ਨੂੰ ਵੇਖਦੇ ਹੋਏ, ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਸਿੱਖੀ ਨੂੰ ਸਮਰਪਿਤ ਸਿੱਖ, ਇਨ੍ਹਾਂ ਬਟੇਰਿਆਂ ਤੋਂ ਬਚਣ ਅਤੇ ਕਿਸੇ ਭੜਕਾਹਟ ਵਿਚ ਆ ਕੇ ਬਲੀ ਦੇ ਬੱਕਰੇ ਨਾ ਬਣਨ, ਇਸ ਵਿਚ ਹੀ ਉਨ੍ਹਾਂ ਅਤੇ ਪੰਥ ਦੀ ਭਲ਼ਾਈ ਹੈ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top