Share on Facebook

Main News Page

ਸਿੱਖ ਮਾਰਗ ਦੇ ਸੰਪਾਦਕ ਸ੍ਰ. ਮੱਖਣ ਸਿੰਘ ਵਲੋਂ ਜਵਾਬੀ ਸੰਪਾਦਕੀ ਟਿੱਪਣੀ

ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਸਿੱਖ ਮਾਰਗ ਦੇ ਸੰਪਾਦਕ ਸ੍ਰ. ਮੱਖਣ ਸਿੰਘ ਜੀ ਵਲੋਂ ਕਿਤੀ ਟਿੱਪਣੀ ਦਾ ਜਵਾਬ

ਗੁਰੂ ਸਵਾਰੇ ਵੀਰ ਸ. ਮੱਖਣ ਸਿੰਘ ਜੀਓ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਵੀਰ ਜੀਓ, ਬੀਤੇ ਸਮੇਂ ਵਿਚੋਂ ਆਪਜੀ ਨੇ ਮੇਰੀ ਜੀਵਨ ਸ਼ੈਲੀ ਦਾ ਅੰਦਾਜ਼ਾ ਲਾ ਲਿਆ ਹੋਵੇਗਾ, ਮੈਂ ਆਪਣੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਨਮਾਨ ਲਈ ਜੂਝ ਰਿਹਾ ਹਾਂ, ਇਹੋ ਮੇਰੇ ਜੀਵਨ ਸੰਘਰਸ਼ ਦੀ ਮੰਜ਼ਿਲ ਹੈ, ਇਸੇ ਲਈ ਮੈਂ ਕਿਸੇ ਹੋਰ ਵਿਸ਼ੇ ਤੇ ਜਵਾਬ ਸਵਾਲ ਜਾਂ ਟਕਰਾਓ ਵਿੱਚ ਕਦੀ ਨਹੀਂ ਪਿਆ, ਪਰ ਆਪ ਜੀ ਵਲੋਂ ਲਿੱਖੀ ਟਿਪਣੀ ਵਿਚੋਂ ਮੈਨੂੰ ਅਨਜਾਣੇ ਹੀ ਆਪਣੇ ਤੇ ਲੱਗਿਆ ਇੱਕ ਇਲਜ਼ਾਮ ਜਿਹਾ ਦਿਸਿਆ, ਤਾਂ ਆਪਣੇ ਸਬੰਧੀ ਦੋ ਕੁ ਲਾਈਨਾ ਲਿਖਣੀਆਂ ਜਰੂਰੀ ਸਮਝੀਆਂ।

ਵੀਰ ਜੀ, ਜਦੋਂ ਵੈਨਕੁਵਰ ਦੇ ਅਸਥਾਨਾਂ ਲਈ ਕੁਰਸੀਆਂ ਜਾਂ ਤੱਪੜਾਂ ਦਾ ਹੁਕਮਨਾਮਾ ਜਾਰੀ ਹੋਇਆ ਸੀ, ਮੈਂ ਉਸ ਦਿਨ ਤੋਂ ਹੀ ਕਈ ਵਾਰ ਰੇਡੀਓ ‘ਤੇ ਅਤੇ ਜੇ ਉਨ੍ਹਾਂ ਦਿਨਾਂ ਵਿੱਚ ਹੀ ਹੋਈ ਪੁਰਾਨੀ ਵੀਡੀਓ ਟੇਪ ਕਢਾਈ ਜਾਵੇ, ਤਾਂ ਰਘਬੀਰ ਸਿੰਘ ਸਮੱਘ ਸਾਹਿਬ ਦੇ ਟੀਵੀ ਪ੍ਰੋਗਰਾਮ ਟੋਰਾਂਟੋ ਤੋਂ ਬੋਲਦਿਆਂ, ਮੈਂ ਸਪਸ਼ਟ ਕੀਤਾ ਸੀ ਕਿ ਕੁਰਸੀਆਂ ਤੱਪੜਾਂ ਦਾ ਝਗੜਾ ਫਜ਼ੂਲ ਹੈ, ਲੰਗਰ ਦਾ ਅਰਥ ਹੈ, ਲੋੜਵੰਦ ਨੂੰ ਭੋਜਨ ਮਿਲੇ, ਜਿਸਨੂੰ ਪੁਰਾਤਨਤਾ ਕਹਿੰਦੇ ਹਨ, ਉਸ ਵੱਕਤ ਤਾਂ ਬਰਾਤਾਂ ਭੀ ਤੱਪੜਾਂ ਤੇ ਰੋਟੀ ਖਾਂਦੀਆਂ ਸਨ।

ਬਾਕੀ ਕੁੱਛ ਸਮਾਂ ਤਾਂ ਇਹ ਅਸਥਾਨ ਆਪਣੇ ਹਾਲਾਤਾਂ ਵਿੱਚ ਉਲਝੇ ਰਹੇ, ਇਨ੍ਹਾਂ ਸਮਾਂ ਮੰਗਿਆ ਹੀ ਨਹੀਂ, ਅੱਜ ਤੋਂ ਚਾਰ ਪੰਜ ਸਾਲ ਪਹਿਲੇ ਇਕ ਹੋਰ ਅਸਥਾਨ ਅਤੇ ਰੌਸ ਸਟਰੀਟ ਗੁਰਦੁਆਰੇ ਵਾਲਿਆਂ ਨੇ ਸਮਾਂ ਮੰਗਿਆ ਤਾਂ ਮੈਂ ਕਿਹਾ, ਦੋਵਾਂ ਥਾਵਾਂ ਤੇ ਜਾਵਾਂਗਾ, ਮਿਲਕੇ ਪ੍ਰੋਗਰਾਮ ਬਣਾ ਲਉ। ਜਦੋਂ ਮੈਂ ਵੈਨਕੁਵਰ ਪੁਜ ਗਿਆ, ਤਾਂ ਦੂਜੀ ਧਿਰ ਵਿਰੋਧ ਵਿੱਚ ਟਕਰਾਓ ‘ਤੇ ਤੁਲ ਗਈ। ਮੈਂ ਰੌਸ ਸਟਰੀਟ ਦੇ ਪ੍ਰਬੰਧਕਾਂ ਨਾਲ ਉਸ ਵਕਤ ਬਚਨ ਕੀਤਾ ਸੀ, ਕਿ ਮੈਂ ਦੋਹਾਂ ਦੇ ਸਾਂਝੇ ਪ੍ਰੋਗਰਾਮ ਲਈ ਆਇਆ ਸੀ, ਪਰ ਤੁਹਾਡੇ ਇਸ ਟਕਰਾਓ ਨੇ ਮੈਨੂੰ ਬੇਚੈਨ ਕੀਤਾ ਹੈ, ਇਸ ਵਾਰ ਮੈਂ ਕਿਤੇ ਭੀ ਪ੍ਰੋਗਰਾਮ ਨਹੀਂ ਕਰ ਰਿਹਾ।

ਪਰ ਕਿਉਂਕਿ ਇਸ ਵਿਰੋਧ ਵਿੱਚ ਤੁਹਾਡਾ ਕੋਈ ਦੋਸ਼ ਨਹੀਂ, ਇਸ ਲਈ ਤੁਹਾਡੇ ਨਾਲ ਬਚਨ ਕਰਦਾ ਹਾਂ, ਕਿ ਮੈਂ ਕੀਰਤਨ ਕਰਨ ਲਈ ਜੇ ਵੈਨਕੁਵਰ ਵਿੱਚ ਆਵਾਂਗਾ, ਤਾਂ ਪਹਿਲਾ ਕੀਰਤਨ ਤੁਹਾਡੇ ਕੋਲ ਰੌਸ ਸਟਰੀਟ ਕਰਾਂਗਾ। ਸੋ ਪੰਜ ਸਾਲ ਪਹਿਲੇ ਕੀਤੇ ਬਚਨ ਨੂੰ ਪਾਲਦਿਆਂ, ਜਦੋਂ ਇਸ ਵਾਰ ਇੰਦਰਜੀਤ ਸਿੰਘ ਕਲੋਨਾ, ਸ. ਬਚਿੱਤਰ ਸਿੰਘ, ਸ. ਕੁਲਦੀਪ ਸਿੰਘ ਸ਼ੇਰੇ ਪੰਜਾਬ ਰੇਡਿਓ ਹੁਰਾਂ ਨੇ ਪ੍ਰੋਗਰਾਮ ਬਣਾਇਆ, ਤਾਂ ਉਨ੍ਹਾਂ ਵੀਰਾਂ ਕੋਲੋਂ ਪੁਛਿਆ ਜਾ ਸਕਦਾ ਹੈ, ਕਿ ਮੈਂ ਸਾਫ ਆਖਿਆ ਕਿ ਮੇਰਾ ਰੌਸ ਸਟਰੀਟ ਨਾਲ ਕੀਤਾ ਹੋਇਆ ਬਚਨ ਪਾਲਣਾ ਜਰੂਰੀ ਹੈ, ਅਤੇ ਪੰਜ ਸਾਲ ਪਹਿਲਾਂ ਕੀਤਾ ਹੋਇਆ ਉਹ ਬਚਨ ਪਾਲਿਆ, ਕਿਉਂਕੇ ਮੇਰੇ ਵੀਚਾਰਾਂ ਅਨੁਸਾਰ ਪਹਿਲੇ ਤੋਂ ਹੀ ਕੁਰਸੀਆਂ ਅਤੇ ਤੱਪੜਾਂ ਦਾ ਕੋਈ ਝਗੜਾ ਨਹੀਂ ਹੈ।

ਗੁਰੂ ਗ੍ਰੰਥ ਦੇ ਪੰਥ ਦਾ ਦਾਸ
ਦਰਸ਼ਨ ਸਿੰਘ ਖਾਲਸਾ

ਸਿੱਖ ਮਾਰਗ ਦੇ ਸੰਪਾਦਕ ਸ੍ਰ. ਮੱਖਣ ਸਿੰਘ ਵਲੋਂ ਸੰਪਾਦਕੀ ਟਿੱਪਣੀ

(ਸੰਪਾਦਕੀ ਟਿੱਪਣੀ:- ਦਰਸ਼ਨ ਸਿੰਘ ਜੀ, ਮੈਂ ਵੈਨਕੂਵਰ ਤੋਂ ਤਕਰੀਬਨ 425 ਮੀਲ ਨੌਰਥ ਵੱਲ ਰਹਿੰਦਾ ਹਾਂ, ਇਸ ਲਈ ਵੈਨਕੂਵਰ ਅਤੇ ਇਸ ਦੇ ਨਾਲ ਲੱਗਦੇ ਹੋਰ ਗੁਰਦੁਰਿਆਂ ਦੇ ਪ੍ਰਬੰਧਕਾਂ ਵਿੱਚ ਆਪਸੀ ਚੌਧਰ ਦੀ ਜਾਂ ਹੋਰ ਕਿਸੇ ਧੜੇਬੰਦੀ ਦੀ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ। ਜੋ ਕੁੱਝ ਅਖਬਾਰਾਂ, ਰੇਡੀਓ ਜਾਂ ਜੇਹੜੇ ਵਿਆਕਤੀ ਖੁਦ ਉਥੇ ਜਾ ਕੇ ਸੁਣ ਕੇ ਆਏ ਹੋਣ ਉਹਨਾ ਤੋਂ ਮਿਲੀ ਜਾਣਕਾਰੀ ਤੋਂ ਹੀ ਅੰਦਾਜ਼ਾ ਲਉਣਾ ਪੈਂਦਾ ਹੈ ਕਿ ਉਥੇ ਕੀ ਹੋ ਰਿਹਾ ਹੈ।

ਹਾਂ, ਜੇ ਕਰ ਮੈਂ ਖੁਦ ਉਥੇ ਜਾ ਕੇ ਕਈਆਂ ਨੂੰ ਮਿਲ ਕੇ ਇਸ ਬਾਰੇ ਪੁੱਛ ਪੜਤਾਲ ਕਰਾਂ ਤਾਂ ਅਸਲੀਅਤ ਦਾ ਪਤਾ ਲੱਗ ਸਕਦਾ ਹੈ। ਤੁਹਾਡੇ ਬਾਰੇ ਜੋ ਪਹਿਲਾਂ ਟਿੱਪਣੀ ਕੀਤੀ ਸੀ ਉਹ ਜੋ ਕੁੱਝ ਅਖਬਾਰਾਂ ਵਿੱਚ ਛਪਿਆ ਸੀ ਜਾਂ ਉਸ ਵੇਲੇ ਆਮ ਲੋਕਾਂ ਦੀ ਜ਼ਬਾਨ ਤੇ ਸੀ, ਉਸ ਦੇ ਅਧਾਰ ਤੇ ਹੀ ਕੀਤੀ ਸੀ। ਜੋ ਕੁੱਝ ਹੁਣ ਤੁਸੀਂ ਦੱਸ ਰਹੇ ਹੋ ਇਸ ਬਾਰੇ ਮੈਂ ਨਾ ਤਾਂ ਅਖਬਾਰ ਵਿੱਚ ਪੜ੍ਹਿਆ ਸੀ ਅਤੇ ਨਾ ਹੀ ਕਿਸੇ ਤੋਂ ਸੁਣਿਆਂ ਸੀ। ਹੋ ਸਕਦਾ ਹੈ ਕਿ ਕਿਸੇ ਅਖਬਾਰ ਵਿੱਚ ਛਪਿਆ ਵੀ ਹੋਵੇ ਅਤੇ ਮੈਨੂੰ ਨਾ ਪਤਾ ਲੱਗਾ ਹੋਵੇ। ਉਂਜ ਵੀ ਸਾਡੇ ਸ਼ਹਿਰ ਵਿੱਚ ਇਕ-ਦੋ ਹੀ ਅਖਬਾਰਾਂ ਆਉਂਦੀਆਂ ਸਨ/ਹਨ ਸਾਰੀਆਂ ਨਹੀਂ ਜਿਹੜੀਆਂ ਕਿ ਉਥੇ ਛਪਦੀਆਂ ਹਨ। ਰਾਤ ਨੂੰ ਮੈਂ ਕੰਮ ਕਰਦਾ ਹੈ ਅਤੇ ਦਿਨ ਨੂੰ ਬਹੁਤਾ ਸਮਾ ਸਿੱਖ ਮਾਰਗ ਲਈ ਲੱਗ ਜਾਂਦਾ ਹੈ ਇਸ ਲਈ ਟੀ. ਵੀ. ਦੇ ਪ੍ਰੋਗਰਾਮ ਦੇਖਣ ਲਈ ਸਮਾ ਨਹੀਂ ਬਚਦਾ। ਰਘਬੀਰ ਸਿੰਘ ਦਾ ਗੁਰਬਾਣੀ ਪ੍ਰੋਗਰਾਮ ਕਿਤੇ ਸਮਾ ਮਿਲੇ ਤਾਂ ਦੇਖ ਲੈਂਦਾ ਹਾਂ ਪਰ ਉਸ ਨੂੰ ਚੰਗੇ ਪ੍ਰੋਗਰਾਮ ਪੇਸ਼ ਕਰਨ ਦੇ ਕਾਰਨ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਲਗਭੱਗ 500 ਡਾਲਰ ਭੇਜ ਦਿੰਦਾ ਰਿਹਾ ਹਾਂ।

ਜੇ ਕਰ ਤੁਹਾਡੇ ਵਿਚਾਰਾਂ ਅਨੁਸਾਰ ਪਹਿਲਾਂ ਤੋਂ ਹੀ ਕੋਈ ਕੁਰਸੀਆਂ ਅਤੇ ਤੱਪੜਾਂ ਦਾ ਝਗੜਾ ਨਹੀਂ ਹੈ ਤਾਂ ਚੰਗੀ ਗੱਲ ਹੈ। ਇਹ ਹੋਰ ਵੀ ਚੰਗੀ ਗੱਲ ਹੈ ਤੁਸੀਂ ਖੁਦ ਹੀ ਇਸ ਦਾ ਸਪਸ਼ਟੀਕਰਨ ਦੇ ਦਿੱਤਾ ਹੈ। ਕਿਸੇ ਨੂੰ ਜਾਣਬੁੱਝ ਕੇ ਬਦਨਾਮ ਕਰਨਾ, ਜਿਸ ਤਰ੍ਹਾਂ ਕਈ ਆਮ ਸਿੱਖ ਕਰਦੇ ਹਨ ਜਾਂ ਕਿਸੇ ਸਵਾਲ ਜਵਾਬ ਵਿੱਚ ਉਲਝਾਉਣਾ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top