Share on Facebook

Main News Page

ਸਵਾਲ ਜੋ ਜਵਾਬ ਮੰਗਦਾ ਹੈ

ਐਤਕੀਂ ਦੀ ਆਪਣੀ ਪੰਜਾਬ ਫੇਰੀ ਦੌਰਾਨ ਸਾਨੂੰ ਚਾਲੀ ਦੇ ਕਰੀਬ ਕੌਮ ਦੇ ਵਿਦਵਾਨਾਂ ਅਤੇ ਚਿੰਤਕਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਹਨਾਂ ਸਾਰਿਆਂ ਤੋਂ ਹੀ ਅਸੀਂ ਜੋ ਸਵਾਲ ਵਿਸ਼ੇਸ਼ ਤੌਰ ‘ਤੇ ਪੁਛਿਆ ਸੀ ਉਹੀ ਸਵਾਲ ਅੱਜ ਇਹ ਲੇਖ ਪੜ੍ਹ ਰਹੇ ਹਰ ਸਿੱਖ ਤੋਂ ਵੀ ਪੁੱਛ ਰਹੇ ਹਾਂ। ਸਵਾਲ ਹੈ—

ਸਿੱਖੀ ਨੇ ਆਪਣੇ ਜਨਮ ਤੋਂ ਹੀ ਸਮੇਂ ਦੀਆਂ ਅੱਤ ਜ਼ਾਲਮ ਤਾਕਤਾਂ ਨਾਲ ਲੋਹਾ ਲਿਆ ਹੈ। ਇਸ ਸੰਘਰਸ਼ ਦੀ ਵਿਥਿਆ ਨੂੰ ਹਰ ਸਿੱਖ ਆਪਣੇ ਦੋ ਵੇਲੇ ਦੀ ਅਰਦਾਸ ਵਿਚ ਦੁਹਰਾਂਉਂਦਾ ਵੀ ਹੈ। ਐਸੇ ਵੀ ਸਮੇਂ ਆਏ ਜਦੋਂ ਅੱਧੀ ਅੱਧੀ ਕੌਮ ਸ਼ਹੀਦ ਹੁੰਦੀ ਰਹੀ ਪਰ ਸਿੱਖ ਰਾਖ ਦੇ ਹਰ ਢੇਰ ਚੋਂ ਦਗਦੇ ਅਤੇ ਮਗਦੇ ਅੰਗਿਆਰ ਬਣ ਕੇ ਪ੍ਰਗਟ ਹੁੰਦੇ ਰਹੇ ਜਿਹਨਾਂ ਨੇ ਅੰਤ ਸਦੀਆਂ ਤੋਂ ਰਾਜ ਕਰ ਰਹੀਆਂ ਵਿਸ਼ਾਲ ਤਾਕਤਾਂ ਨੂੰ ਫਤਹਿ ਕਰਕੇ ਆਪਣਾ ਰਾਜ ਭਾਗ ਕਾਇਮ ਕਰ ਲਿਆ ਸੀ। ਪਰ ਸੰਨ ੧੯੮੪ ਦੇ ਘੋਲ ਤੋਂ ਬਾਅਦ ਕੌਮ ਬੇਹੱਦ ਨਿਰਾਸ਼ਤਾ ਅਤੇ ਢਹਿੰਦੀ ਕਲਾ ਵਿਚ ਕਿਓਂ ਚਲੇ ਗਈ?

ਇਸ ਸਵਾਲ ਦਾ ਤਸੱਲੀ ਬਖਸ਼ ਜਵਾਬ ਸਾਨੂੰ ਕਿਤੋਂ ਨਹੀਂ ਮਿਲਿਆ। ਕੁਝ ਇਸ਼ਾਰੇ ਜ਼ਰੂਰ ਮਿਲੇ ਸਨ ਜਿਹਨਾਂ ਦਾ ਜ਼ਿਕਰ ਅਸੀਂ ਇਥੇ ਕਰਾਂਗੇ—

ੳ) ਸਿਆਸਤ ਦੀ ਕੌੜੀ ਵੇਲ ਨੇ ਸਿੱਖੀ ਦੀ ਹਰ ਸ਼ਾਖ ਨੂੰ ਢਕ ਲਿਆ ਹੈ-:ਇਹ ਗੱਲ ਸਹੀ ਹੈ ਅਤੇ ਸਿੱਖ ਪੰਥ ਦੇ ਦੋ ਮਹਾਨ ਤਖਤਾਂ ‘ਤੇ ਸੇਵਾ ਕਰ ਚੁੱਕੇ ਇੱਕ ਗੁਰਸਿੱਖ ਨੇ ਤਾਂ ਸਾਨੂੰ ਕੁਝ ਅਹਿਮ ਹੱਡ ਬੀਤੀਆਂ ਘਟਨਾਵਾਂ ਬਾਰੇ ਦੱਸ ਕੇ ਹੈਰਾਨ ਹੀ ਕਰ ਦਿੱਤਾ ਕਿ ਨਾਂ ਕੇਵਲ ਅਜੋਕੀ ਅਕਾਲੀ ਪਾਰਟੀ ਦੇ ਆਗੂ ਹੀ ਸਗੋਂ ਆਰ ਐਸ ਐਸ ਦੇ ਆਗੂ ਵੀ ਸਿੱਖ ਧਰਮ ਨੂੰ ਰਾਜਨੀਤੀ ਦਾ ਦੁਬੇਲ ਬਣਾਉਣ ਲਈ ਕਿਸ ਹੱਦ ਤਕ ਨੀਂਵੇਂ ਜਾ ਸਕਦੇ ਹਨ।

ਅ) ਸਰਕਾਰੀ ਘੁਸਪੈਠ-:ਇੱਕ ਗੁਰ ਸਿੱਖ ਨੇ ਸਾਨੂੰ ਇੰਡਿਅਨ ਇੰਟੈਲੀਜੈਂਸ ਦੇ ਸਾਬਕਾ ਡਾਇਰੈਕਟਰ ਮਲੋਏ ਕਿ੍ਸ਼ਨਾਂ ਧਰ ਦੁਆਰਾ ਲਿਖੀਆਂ ਪੁਸਤਕਾਂ ‘ਖੁਲ੍ਹੇ ਭੇਤ’ ਅਤੇ ‘ਕੌੜੀ ਫਸਲ’ ਪੜ੍ਹਨ ਦੀ ਜ਼ੋਰਦਾਰ ਸਿਫਾਰਸ਼ ਕੀਤੀ ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਸਾਡ ਧਰਮਕ ਅਦਾਰਿਆਂ ਵਿਚ ਵੜ ਕੇ ਸਰਕਾਰ ਕੀ ਕੁਝ ਕਰਦੀ ਹੈ। ਇਹ ਘੁਸਪੈਠ ਬੇਹੱਦ ਖਤਰਨਾਕ ਹੋ ਸਕਦੀ ਹੈ। ਅਜੇਹੀ ਘੁਸਪੈਠ ਕਾਰਨ ਅੰਗ੍ਰੇਜ਼ ਰਾਜ ਸਮੇਂ ਲਾਲ ਸਿੰਘ ਤੇਜਾ ਸਿੰਘ ਵਰਗੇ ਜ਼ਰਖ੍ਰੀਦ ਸਿੱਖ ਰਾਜ ਦੇ ਪਤਨ ਦਾ ਕਾਰਨ ਬਣੇ ਸਨ। ਪਰ ਸਿੰਘ ਸਭਾ ਲਹਿਰ ਨੇ ਫਿਰੰਗੀ ਦੀ ਜੜ੍ਹ ਮੁੜ ਤੋਂ ਉਖੇੜ ਦਿੱਤੀ ਸੀ ਜਦ ਕਿ ਅੱਜ ਕੌਮ ਆਪਣੇ ਆਪ ਨੂੰ ਇੱਕ ਬੰਦ ਗਲੀ ਵਿਚ ਕੈਦ ਮਹਿਸੂਸ ਕਰਦੀ ਹੈ ਜਿਥੋਂ ਕਿ ਬਾਹਰ ਨਿਕਲਣ ਲਈ ਕੋਈ ਰਾਹ ਨਜ਼ਰ ਨਹੀਂ ਆਉਂਦਾ।

ੲ) ਲੀਡਰ ਸ਼ਿਪ ਦੇ ਦਸ ਪੂਰਬੀਏ ਅਤੇ ਤੇਰਾਂ ਚੁੱਲ੍ਹੇ-:ਇਹ ਗੱਲ ਸਸਮਝਾਉਣ ਲਈ ਇੱਕ ਗੁਰਸਿੱਖ ਨੇ ਅੰਗ੍ਰੇਜ਼ੀ ਦੀ ਇਸ ਕਹਾਵਤ ਦਾ ਆਸਰਾ ਲਿਆ ਸੀ ਕਿ One bad general is better than two good generals-ਭਾਵ ਕਿ ਇੱਕ ਮਾੜਾ ਜਰਨੈਲ ਦੋ ਵਧੀਆ ਜਰਨੈਲਾਂ ਤੋਂ ਚੰਗਾ ਹੁੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜਿਸ ਕੌਮ ਦੀ ਲੀਡਰਸ਼ਿਪ ਵੰਡੀ ਹੋਈ ਹੋਵੇ ਉਸ ਵਿਚ ਭਾਵੇਂ ਕਿੰਨੇ ਵੀ ਪਾਏਦਾਰ ਆਗੂ ਕਿਓਂ ਨਾਂ ਹੋਣ ਪਰ ਉਹ ਕੌਮ ਨੂੰ ਕਿਸੇ ਕਿਨਾਰੇ ਨਹੀਂ ਲਾ ਸਕਦੇ । ਅਜੇਹੇ ਆਗੂਆਂ ਦੀ ਬਹੁਤੀ ਤਾਕਤ ਆਪਸ ਵਿਚ ਲੱਤਾਂ ਖਿੱਚਣ ‘ਤੇ ਹੀ ਜ਼ਾਇਆ ਹੋ ਜਾਂਦੀ ਹੈ। ਇਸ ਦੇ ਮੁਕਾਬਲੇ ਜੇਕਰ ਕੋਈ ਕੌਮ ਕਿਸੇ ਇੱਕ ਆਗੂ ਦੇ ਮਗਰ ਲਾਮਬੰਦ ਹੋਵੇ ਉਹ ਕਿਸੇ ਨਾਂ ਕਿਸੇ ਪੱਤਣ ਜ਼ਰੂਰ ਲਾ ਦੇਵੇਗਾ।

ਸ) ਸਿਰ ਚੜ੍ਹ ਕੇ ਬੋਲ ਰਹੇ ਮਾਇਆ ਦੇ ਗੱਫੇ-:ਬਹੁਤੇ ਗੁਰਸਿਖਾਂ ਦਾ ਇਹ ਖਿਆਲ ਸੀ ਕਿ ਅੱਜ ਦਾ ਮਨੁੱਖ ਕਿਓਂਕਿ ਬਹੁਤ ਮਾਇਆਧਾਰੀ ਹੋ ਗਿਆ ਹੈ ਇਸ ਕਰਕੇ ਅਨੈਤਿਕ ਹੋ ਗਿਆ ਹੈ ਜਿਸ ਕਾਰਨ ਕੌਮ ਢਹਿੰਦੀ ਕਲਾ ਵਿਚ ਹੈ। ਇਹ ਗੱਲ ਵੀ ਸਹੀ ਹੈ। ਅੱਜ ਦੇ ਸਿੱਖ ਲਈ ਠੀਕ ਅਤੇ ਗਲਤ ਅਤੇ ਹਲਾਲ ਅਤੇ ਹਰਾਮ ਦੀ ਤਮੀਜ਼ ਮਨਫੀ ਹੋ ਚੁੱਕੀ ਹੈ। ਮਾਇਆ ਦੇ ਬਹੁਤ ਰੂਪ ਹਨ ਅਤੇ ਸਭ ਤੋਂ ਖਤਰਨਾਕ ਰੂਪ ਹੈ ਲਾਲ ਬੱਤੀ ਵਾਲੀ ਕਾਰ ਅਤੇ ਉਸ ਦੇ ਮਗਰ ਲੱਗੀ ਹੋਈ ਟੁਕੜਬੋਚਾਂ ਦੀ ਲਾਈਨ ਦਾ। ਟੁਕੜਬੋਚਾਂ ਦੀ ਇਹ ਭੀੜ ਅਤੇ ਇਸ ਦੇ ਆਗੂ ਅੱਜ ਸਿੱਖਾਂ ਦੇ ਧਰਮ ਕਰਮ ਨਾਲ ਹਰ ਤਰਾਂ ਦੇ ਖਿਲਵਾੜ ਕਰਦੇ ਟੁਰੇ ਚਲੇ ਜਾਂਦੇ ਹਨ ਜਦ ਕਿ ਸਿੱਖ ਜਨਤਾ ਹਰ ਪੰਜੀ ਸਾਲੀਂ ਮੁੜ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਦੀ ਟੁਰੀ ਚਲੀ ਜਾਂਦੀ ਹੈ।)

ਹ) ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਚੈਲੰਜ-:ਸਿੱਖ ਕੌਮ ਵਿਚ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਤੋਂ ਇਲਾਵਾ ਕਰੀਬ ਕਰੀਬ ਹਰ ਮੁੱਦੇ ‘ਤੇ ਹੀ ਮੱਤਭੇਦ ਰਹੇ ਹਨ। ਹੁਣ ਦਸਮ ਗ੍ਰੰਥ ਅਤੇ ਹੋਰ ਕਈ ਗ੍ਰੰਥਾਂ ਨੂੰ ਸਿੱਖ ਗੁਰਦੁਆਰਿਆਂ ਵਿਚ ਸਥਾਪਤ ਕਰਨ ਦੀ ਸਾਜਿਸ਼ ਸਿੱਖ ਕੌਮ ਨੂੰ ਉਸ ਅਧਾਰ ਤੋਂ ਹੀ ਸਖਣਾਂ ਕਰ ਦੇਣਾਂ ਚਾਹੁੰਦੀ ਹੈ ਜਿਸ ਦੇ ਬਲਬੂਤੇ ਸਿੱਖਾਂ ਦੀ ਏਕਤਾ ਕਾਇਮ ਹੈ। ਇਸ ਕੰਮ ਵਿਚ ਉਹ ਧਿਰ ਤਾਂ ਜ਼ਿਆਦਾ ਹੀ ਪੱਬਾਂ ਭਾਰ ਹੈ ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਸਬੰਧੀ ਕੌਮ ਨੂੰ ਪਿਛਲੇ ਪੱਚੀ ਸਾਲ ਤੋਂ ਭੰਬਲਭੂਸੇ ਵਿਚ ਪਾਇਆ ਹੋਇਆ ਹੈ।

ਕ) ਸਿੱਖ ਇਤਹਾਸ ਨੂੰ ਪਿੱਠ-: ਸਿੱਖ ਇਕ ਐਸੀ ਕੌਮ ਹੈ ਜਿਸ ਦਾ ਹਰ ਦਿਨ ਹੀ ਗੁਰੂ ਸਾਹਿਬਾਨ ਅਤੇ ਮਹਾਨ ਗੁਰਸਿੱਖਾਂ ਦੇ ਮਹਾਨ ਕਰਨਾਮਿਆਂ ਅਤੇ ਸ਼ਹਾਦਤਾਂ ਨਾਲ ਲਬਰੇਜ਼ ਹੈ। ਜਦੋਂ ਤਕ ਸਿੱਖ ਆਪਣੇ ਇਤਹਾਸ ਨਾਲ ਸਾਂਝ ਪਾਈ ਰੱਖੇਗਾ ਉਹ ਕੌਮੀ ਮਾਲਾ ਵਿਚ ਬੱਝਿਆ ਰਹੇਗਾ। ਪਰ ਅੱਜ ਖਾਲਸੇ ਦੇ ਬਹੁਮੁੱਲੇ ਇਤਹਾਸ ਨੂੰ ਪਿੱਠ ਦੇ ਕੇ ਕੌਮ ਵਿਚ ਅਨੇਕਾਂ ਪ੍ਰਕਾਰ ਦੇ ਸੰਤਾਂ, ਬਾਬਿਆਂ, ਛੋਟੇ ਵੱਡੇ ਮਹਾਂ ਪੁਰਖਾਂ, ਬ੍ਰਹਮ ਗਿਆਨੀਆਂ ਅਤੇ ਪੂਰਨ ਬ੍ਰਹਮ ਗਿਆਨੀਆਂ ਦੇ ਦਿਨ ਮਨਾਉਣ ਦੀ ਇੱਕ ਰੇਸ ਲੱਗ ਗਈ ਹੈ। ਡੇਰਾਵਾਦ ਵਿਚ ਖਖੜੀਆਂ ਹੋ ਚੁੱਕੇ ਸਿਖਾਂ ਲਈ ਦਸ ਗੁਰੂ ਸਾਹਿਬਾਨ ਨਾਲ ਸਬੰਧਤ ੩੧ ਗੁਰਪੁਰਬਾਂ ਦੀ ਓਨੀ ਵਿਸ਼ੇਸ਼ਤਾ ਨਹੀਂ ਰਹੀ ਜਿੰਨੀ ਕਿ ਆਪੋ ਆਪਣੇ ਬਾਬਿਆਂ ਨੂੰ ਪੂਜਣ ਦੀ ਹੈ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਨਾਂ ਕੇਵਲ ਗੁਰੂ ਸਾਹਿਬਾਨ ਸਗੋਂ ਉਹਨਾਂ ਦੇ ਪਰਾਤਨ ਗੁਰਸਿਖਾਂ ਦੇ ਇਤਹਾਸ ਨਾਲ ਜੇਕਰ ਸਿੱਖ ਸਾਂਝ ਪਾਈ ਰੱਖਣਗੇ ਤਾਂ ਕੌਮ ਇੱਕ ਮੁਠ ਰਹੇਗੀ ਵਰਨਾਂ ਸਿੱਖ ਸਿਧਾਂਤ ਅਨੇਕਤਾਵਾਦ ਦਾ ਸ਼ਿਕਾਰ ਹੋ ਜਾਵੇਗਾ ਜਿਵੇਂ ਹਿੰਦੂ ਬਹੁਦੇਵਵਾਦ ਵਿਚ ਉਲਝ ਗਏ ਸਨ।

ਖ) ਰਹਿਤ ਮਰਿਯਾਦਾ ਦੇ ਨਾਮ ‘ਤੇ ਝਗੜੇ-: ਸਿੱਖਾਂ ਨੂੰ ਵੰਡਣ ਦਾ ਸਭ ਤੋਂ ਕਾਰਗਰ ਤਰੀਕਾ ਇਹਨਾਂ ਵਿਚ ਰਹਿਤ ਮਰਿਯਾਦਾ ਦੇ ਨਾਮ ‘ਤੇ ਭੰਬਲਭੂਸਾ ਖੜ੍ਹਾ ਕਰ ਦੇਣਾਂ ਹੈ। ਸਾਡੇ ਪੁਰਾਤਨ ਗੁਰਸਿਖਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਇੱਕ ਰਹਿਤ ਮਰਿਯਾਦਾ ਬਣਾਈ ਸੀ ਪਰ ਅੱਜ ਉਸ ਪ੍ਰਤੀ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ। ਇਹ ਗੱਲ ਨਿਸ਼ਚਿਤ ਹੈ ਕਿ ਜਦੋਂ ਤਕ ਸਿੱਖ ਇੱਕ ਗੁਰਮਤ ਰਹਿਤ ਮਰਿਯਾਦਾ ਨੂੰ ਸਨਮੁਖ ਰਹੇਗਾ ਉਤਨੀ ਦੇਰ ਕੌਮ ਵਿਚ ਏਕਾ ਰਹੇਗਾ ਅਤੇ ਜਿਓਂ ਹੀ ਉਹ ਇਸ ਤੋਂ ਆਨਾ ਕਾਨੀ ਕਰੇਗਾ ਦੁਸ਼ਵਾਰੀਆਂ ਖੜ੍ਹੀਆਂ ਹੋ ਜਾਣਗੀਆਂ।

ਉਕਤ ਸਭ ਨੁਕਤਿਆਂ ‘ਤੇ ਵਿਚਾਰ ਕਰਨ ਮਗਰੋਂ ਜਿਹੜਾ ਵਿਸ਼ੇਸ਼ ਨੁਕਤਾ ਬਾਕੀ ਰਹਿ ਜਾਂਦਾ ਹੈ ਉਹ ਆਪਣੇ ਆਪ ਵਿਚ ਬੜਾ ਹੀ ਗੰਭੀਰ ਅਤੇ ਸੰਜੀਦਾ ਵਿਚਾਰ ਦੀ ਮੰਗ ਕਰਦਾ ਹੈ। ਇਤਹਾਸਕ ਤੌਰ ‘ਤੇ ਕਦੀ ਖਾਲਸੇ ਨੇ ਅਮਨ ਪੂਰਵਕ ਕੁਰਬਾਨੀਆਂ ਦਿੱਤੀਆਂ ਅਤੇ ਕਦੀ ਰਣ ਤੱਤੇ ਵਿਚ ਸਨਮੁਖ ਹੋ ਕੇ ਜੂਝਿਆ। ਹਰ ਸਮੇਂ ਦੀ ਆਪਣੀ ਰਣਨੀਤੀ ਹੁੰਦੀ ਹੈ। ਗਲਤ ਨੀਤੀ ਦੀ ਚੋਣ ਖੁਦਕੁਸ਼ੀ ਸਾਬਤ ਹੋ ਸਕਦੀ ਹੈ। ਦੁਨੀਆਂ ਦੀ ਚੌਥੀ ਵੱਡੀ ਫੌਜੀ ਤਾਕਤ ਨੂੰ ਸਿੱਖਾਂ ਨੇ ਕੀ ਭਾਰਤ ਦੇ ਮੈਦਾਨੀ ਇਲਾਕੇ ਪੰਜਾਬ ਵਿਚ ਦੋ ਹੱਥ ਕਰਨ ਲਈ ਲਲਕਾਰਨਾਂ ਹੈ ਜਾਂ ਕਿ ਫਿਰ ਬੀਤ ਗਏ ਤੋਂ ਸਬਕ ਸਿੱਖ ਕੇ ਸਮੇਂ ਦੇ ਹਾਣ ਦੀ ਰਣਨੀਤੀ ਬਣਾ ਕੇ ਲਲਕਾਰਨਾਂ ਹੈ ਇਹ ਫੈਸਲਾ ਕੌਮ ਦੇ ਆਗੂਆਂ ਨੇ ਕਰਨਾ ਹੈ।

ਕੁਲਵੰਤ ਸਿੰਘ

kulwantsinghdhesi@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top