Share on Facebook

Main News Page

ਬਿਬੇਕ
-: ਗੁਰਦੇਵ ਸਿੰਘ ਸੱਧੇਵਾਲੀਆ
sgurdev@hotmail.com

ਬਾਬਾ ਫੌਜਾ ਸਿੰਘ ਦੇ ਇੱਕ ਖਾਸ ਰਿਸ਼ਤੇਦਾਰ ਨੇ ਘਰੇ ਕੀਰਤਨ ਕਰਵਾਇਆ। ਕੀਰਤਨੀ ਜਥਾ ‘ਵਾਹਿਗੁਰੂ’ ਵਾਲਿਆਂ ਦਾ ਸੀ, ਉਸ ਦਾ ਕਾਰਨ ਕਿ ਉਨ੍ਹਾਂ ਦੀ ਇੱਕ ਬੱਚੀ ਨੇ ਅੰਮ੍ਰਿਤ ਉਨ੍ਹਾਂ ਤੋਂ ਤਾਜ਼ਾ ਹੀ ਛੱਕਿਆ ਸੀ, ਤੇ ਉਸ ਦੀ ਤਮੰਨਾ ਸੀ ਕਿ ਉਹ ਘਰੇ ਕੀਰਤਨ ਕਰਵਾਏ। ਕੁੜੀ ਦੀ ਮਾਂ ਬਾਬੇ ਨੂੰ ਕਹਿਣ ਲੱਗੀ ਕਿ ਭਾਅਜੀ ਗੁਰਦੁਆਰਾ ਸਾਹਿਬ ਤੋਂ ਦੇਖਿਓ ਜੇ ਛੋਟੀਆਂ ਪਲੇਟਾਂ ਸਟੀਲ ਦੀਆਂ ਮਿਲਦੀਆਂ ਹੋਣ। ਕੁੱਝ ਚਿਮਚੇ ਅਤੇ ਗਲਾਸ ਵੀ ਲਈ ਆਉਂਣੇ ‘ਸਿੰਘ’ ਪਲਾਸਟਿਕ ਵਿੱਚ ਕੁਝ ਖਾਂਦੇ-ਪੀਦੇ ਨਹੀਂ।

ਬਾਬੇ ਨੇ ਕਿਹਾ ਕਿ ਸਮ੍ਹਾਨ ਤਾਂ ਸਾਰਾ ਮੈਂ ਲਿਆ ਦਿੰਨਾ, ਪਰ ਛੱਕਣਾ ਉਨ੍ਹੀ ਫਿਰ ਵੀ ਕੁਝ ਨਹੀਂ

ਬੀਬੀ ਕਹਿਣ ਲੱਗੀ ਕਿ "ਕਿਉਂ ਨਹੀਂ ਮੈਂ ਸਭ ਕੁਝ ਇਸੇ ਲਈ ਘਰੇ ਬਣਾਇਆ ਕਿ ਉਹ ਬਾਹਰ ਦਾ ਖਾਂਦੇ ਨਹੀਂ"।

ਬਾਬੇ ਕਿਹਾ ਚਲੋ ਬਹਿਸ ਕਾਹਦੀ, ਆਪਾਂ ਛਕਾ ਕੇ ਦੇਖ ਲਾਂਗੇ ਪਰ ਇਹ ਤਾਂ ਅਪਣੀ ਸੱਕੀ ਮਾਂ ਹੱਥੋਂ ਨਹੀਂ ਖਾਂਦੇ ਤੂੰ ਕੀਹਦੀ ਵਿਚਾਰੀ ਏਂ।

ਜਿਸ ਦਿਨ ਕੀਰਤਨ ਸੀ ਮੀਂਹ ਕਣੀ ਜਿਹੀ ਦਾ ਮੌਸਮ ਸੀ, ਤੇ ਥੋੜੀ-ਥੋੜੀ ਬੂੰਦਾ-ਬਾਂਦੀ ਵੀ ਹੋ ਰਹੀ ਸੀ, ਖਾਣ-ਪੀਣ ਚਾਹ ਪਾਣੀ ਤੋਂ ਇਲਾਵਾ ਲਾਂਘਾ ਵੀ ਗਰਾਜ ਵਿੱਚ ਦੀ ਹੀ ਸੀ। ਬਾਬਾ ਫੌਜਾ ਸਿੰਘ ਦੀ ਬਕਾਇਦਾ ‘ਸੇਵਾ’ ਸੀ, ਕਿ ਆਏ ਗਏ ਨੂੰ ਚਾਹ ਪਾਣੀ ਛਕਾ ਕੇ ਅੰਦਰ ਜਾਣ ਦੇਣਾ। ਅੰਦਰ ਲਈ ਰਸਤਾ ਵੀ ਗਰਾਜ ਵਿੱਚ ਦੀ ਹੀ ਹੋਣ ਕਾਰਨ ਸਾਰਿਆਂ ਨੂੰ ਲੰਘਣਾ ਗਰਾਜ ਵਿੱਚੋਂ ਹੀ ਪੈ ਰਿਹਾ ਸੀ ਜਿਥੇ ਬਾਬਾ ‘ਨਾਕਾ’ ਲਾ ਕੇ ਬੈਠਾ ਸੀ!!

ਜਿਹੜਾ ਆਵੇ ਬਾਬਾ ਹੱਥ ਜੋੜੀ ਖੜਾ ਹੋਵੇ ਕਿ ਖਾਲਸਾ ਜੀ ਚਾਹ ਪਾਣੀ ਛੱਕ ਕੇ। ਰਿਸ਼ਤੇਦਾਰ, ਜਾਣ ਪਛਾਣ ਵਾਲੇ ਚਾਹ ਪਾਣੀ ਛੱਕ ਕੇ ਜਾਂਦੇ, ਪਰ ਗੁਰੂ ਦੇ ਦਿੱਸਦੇ ਅਤੇ ਚੋਲਿਆਂ-ਦੁਮਾਲਿਆਂ ਵਿੱਚ ਸੋਭਦੇ ਗੁਰੂ ਦਾ ਹੀ ਰੂਪ ਜਾਪਦੇ ‘ਸਿੰਘ-ਸਿੰਘਣੀਆਂ’ ਬਾਬੇ ਦੇ ਜੋੜੇ ਹੱਥਾਂ ਤੋਂ ਡਰ ਡਰ ਅੰਦਰ ਨੂੰ ਭੱਜਦੇ। ਬਾਬੇ ਦੇ ਹੱਥ ਜੁੜੇ ਹੀ ਰਹਿ ਜਾਂਦੇ ਪਰ ‘ਸਿੰਘ’ ਹੁਰੀਂ ‘ਹੀ, ਹੀ, ਨਹੀਂ ਜੀ, ਬੱਅਸ ਛੱਕ ਕੇ ਆਏ ਆਂ’ ਕਹਿ ਕੇ ਔਹ ਜਾਂਦੇ। ਬਾਬਾ ਬਥੇਰਾ ਘਰੋੜ ਕੇ ਕਹਿੰਦਾ ਕਿ ਖਾਲਸਾ ਜੀ ਸਭ ਪਦਾਰਥ ਘਰ ਦੇ ਬਣੇ ਹੋਏ ਨੇ ਕ੍ਰਿਪਾ ਕਰੋ। ਪਰ ਉਨ੍ਹਾਂ ਨੂੰ ਜਾਪਦਾ ਇਹ ਬੰਦਾ ਜਰੂਰ ਕੋਈ ਸਰਕਾਰੀ ਏਜੰਟ ਏ, ਤੇ ਕਿਸੇ ਸਾਜਸ਼ ਤਹਿਤ ਇਥੇ ਬੈਠਾਇਆ ਹੋਇਆ ਘਰ ਦੇ ਪਦਾਰਥ ਕਹਿ ਕੇ ਸਾਨੂੰ ਗੁਮਰਾਹ ਕਰ ਰਿਹੈ!

ਇਥੇ ਹੁਣ ਬਾਬੇ ਲਈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਸਾਰੇ ਹੀ ਜਵਾਬ ਦਈ ਗਏ, ਪਰ ਬੀਬੀ ਬੜੀ ਪ੍ਰੇਸ਼ਾਨ ਹੋ ਰਹੀ ਸੀ ਜਿਸ ਨੂੰ ਹਫਤਾ ਹੋ ਗਿਆ ਸੀ ਖੱਪਦੀ ਨੂੰ ਕਿ ‘ਖਾਲਸਾ ਜੀ’ ਨੇ ਬਾਹਰ ਦਾ ਛੱਕਣਾ ਕੁਝ ਨਹੀਂ। ਉਸ ਦੀਆਂ ਮਟਰੀ, ਬੂੰਦੀ, ਪਿੰਨੀਆਂ, ਵੇਸਣ, ਮਫਨ, ਸਮੋਸੇ-ਪਕੌੜੇ ਘਰੇ ਬਣਾਉਂਦੀ ਦੀਆਂ ਬਾਹਾਂ ਰਹਿ ਗਈਆਂ ਸਨ ਪਰ...

ਘਰ ਦੀ ਸੁਆਣੀ ‘ਸਿੰਘ-ਸਿੰਘਣੀਆਂ’ ਦਾ ਰਵਈਆ ਦੇਖ ਬੜੀ ਪ੍ਰੇਸ਼ਾਨ ਜਿਹੀ ਹੋਣ ਲੱਗੀ। ਦਰਅਸਲ ਉਸ ਬੜੀ ਭਾਵਨਾ ਨਾਲ ਸਭ ਕੁਝ ਘਰੇ ਤਿਆਰ ਕੀਤਾ ਸੀ, ਉਸ ਨੂੰ ਇੰਨੇ ਕੁਰੱਖਤ ਰਵਈਏ ਦੀ ਉਮੀਦ ਨਹੀਂ ਸੀ ਜਿਹੜਾ ‘ਧਰਮ ਕਮਾਉਂਣ’ ਦੇ ਨਾਂ ਉਨ੍ਹਾਂ ਅਖਤਿਆਰ ਕੀਤਾ ਹੋਇਆ ਸੀ।

ਜੋ ਵੀ ਸੀ ਕੀਰਤਨ ਸ਼ੁਰੂ ਹੋ ਚੁੱਕਿਆ ਸੀ, ਬਾਬੇ ਨੇ ਵੀ ਘਰ ਦੇ ਬਣੇ ਸਮੋਸਿਆਂ ਅਤੇ ਪਿੰਨੀਆਂ ਨੂੰ ਹੱਥ ਫੇਰਿਆਂ ਅਤੇ ਕੀਰਤਨ ਵਿੱਚ ਜਾ ਬੈਠਿਆ। ਕੀਤਰਨ ਦਾ ਜਥੇ ਚੰਗਾ ਰੰਗ ਬੰਨਿਆ। ਵਿੱਚੇ ‘ਨਾਮ ਸਿਮਰਨ’ ਸ਼ੁਰੂ ਹੋ ਜਾਂਦਾ। ਬਾਬੇ ਨੂੰ ਪਿੱਛੇ ਯਾਰਡ ਵਿੱਚ ਬਣ ਰਹੇ ਲੰਗਰ ਵਿਚੋਂ ਆਵਾਜ ਪੈ ਗਈ। ਲੰਗਰ ਦਾ ਹੀ ਕੁਝ ਸਮ੍ਹਾਨ ਲੈਣ ਬਾਬਾ ਬੇਸਮਿੰਟ ਵਿੱਚ ਉਤਰਿਆ ਤਾਂ ਉਸ ਦੇਖਿਆ ਕਿ ਚੁੱਲਿਆਂ ਉਪਰ ਇੱਕ ਸਿੰਘ ਉਥੇ ‘ਸਰਬ-ਲੋਹ’ ਦੇ ਬਾਟੇ ਖੜਕਾਈ ਜਾ ਰਿਹਾ ਸੀ। ਪਤਾ ਲੱਗਾ ਕਿ ‘ਸਿੰਘ’ ਪ੍ਰਸਾਦ ਅਪਣਾ ਹੀ ਬਣਾਉਂਦੇ ਹਨ। ਉਸ ਦਾ ਕਾਰਨ ਇਹ ਸੀ ਕਿ ਇਹ ‘ਨਿਆਰੇ ਖਾਲਸੇ’ ਕਈ ਪ੍ਰਸਾਦ ਵੀ ਗੁਰੂ ਦੀ ਹਜੂਰੀ ਵਿੱਚੋਂ ਕਿਸੇ ਦੇ ਘਰ ਦਾ ਨਹੀਂ ਸਨ ਲੈਂਦੇ। ਚੂੰਕਿ ਗੁਰੂ ਦੀ ਹਜੂਰੀ ਵਿੱਚੋਂ ਕੜਾਹ-ਪ੍ਰਸਾਦ ਨੂੰ ਵੀ ਨੱਕ-ਬੁੱਲ ਮਾਰਨਾ ਇਕ ਮਾੜੀ ਹਰਕਤ ਹੈ, ਦੇ ਉਲ੍ਹਾਮੇ ਤੋਂ ਬੱਚਣ ਲਈ ਇਹੀ ਸੌਖਾ ਰਾਹ ਹੈ, ਕਿ ਪ੍ਰਸਾਦ ਹੀ ਅਪਣਾ ਬਣਾ ਲਵੋ ਸਾਡਾ ਬਣਾਇਆ ਤਾਂ ਸਾਰੇ ਛੱਕਣਗੇ ਹੀ, ਪਰ ਕਿਸੇ ਦਾ ਬਣਾਇਆ ਅਸੀਂ ਨਹੀਂ ਛੱਕ ਸਕਦੇ ਕਿਉਂਕਿ ਅਸੀਂ ‘ਨਿਆਰੇ’ ਜੂ ਹੋਏ!

ਇਥੇ ਕਿਹੜਾ ਕਿਸੇ ਪੁੱਛਣਾ ਕਿ ਖੰਡ ਕਿਵੇਂ ਬਣੀ ? ਗੰਨਾ ਕੀ ਅੰਮ੍ਰਤਿਧਾਰੀਆਂ ਬੀਜਿਆ ਸੀ ? ਖੰਡ ਦੀ ਮਿੱਲ 'ਤੇ ਕੀ ਅੰਮ੍ਰਿਤ ਦੇ ਛੱਟੇ ਮਾਰੇ ਗਏ ਸਨ ? ਬੋਰੀਆਂ ਵਿੱਚ ਭਰਨ ਵਾਲੇ, ਅਗੇ ਵੇਚਣ ਵਾਲੇ, ਸਟੋਰਾਂ ਵਾਲੇ....? ਤੇ ਘਿਉ ? ਗਾਂ, ਫਿਰ ਚੋਣ ਵਾਲਾ, ਮੱਖਣ ਤੋਂ ਬਟਰ ਬਣਾਉਂਣ ਵਾਲਾ... ਇਹ ਬੜਾ ਲੰਮਾ ਸਿਲਸਲਾ ਹੈ, ਪਰ ਕੌਣ ਆਖੇ ਰਾਣੀਏ ਅਗਾ ਢੱਕ ?

ਨਾਸਤਿਕ ਕੌਣ ਬਣਨਾ ਚਾਹੁੰਦਾ? ਸਾਰੇ ਤਾਂ ਧਰਮੀ ਅਖਵਾਉਂਣਾ ਲੋਚਦੇ। ਤੇ ਧਰਮੀ ਤਾਂ ਹੀ ਬਣਿਆ ਜਾਵੇਗਾ ਜੇ ‘ਧਰਮੀਆਂ’ ਦੀ ਜੈ-ਜੈ ਕਾਰ ਕਰੇਗਾ, ‘ਧਰਮੀਆਂ’ ਵਾਂਗ ਅੱਖਾਂ ਮੀਚੀ ਸਿਰ ਮਾਰੇਗਾ। ਹੁਣ ਬਾਬੇ ਫੌਜਾ ਸਿੰਘ ਵਰਗੇ ਨੂੰ ਕਿਸੇ ਧਰਮੀ ਕੀ ਕਹਿਣਾ ਹੋਇਆ, ਜਿਸ ਨੂੰ ਹਰ ਗੱਲੇ ਤਕਲੀਫ ਹੁੰਦੀ ਹੈ। ਦੱਸ ਤੈਂ ਕੀ ਲੈਂਣਾ ਤੂੰ ਬਣਿਆ ਬਣਾਇਆ ‘ਸੁੱਚਾ’ ਪ੍ਰਸਾਦ ਛੱਕ ਤੇ ਸਿਰ ਮਾਰ ਤੇ ‘ਧਰਮੀ’ ਬਣ। ਨਹੀਂ? ਪਰ....

ਭੋਗ ਕਰੀਬਨ ਪੈਣ ਵਾਲਾ ਸੀ ਕੀਰਤਨ ਅਪਣੇ ਪੂਰੇ ਜੋਬਨ ਤੇ ਸੀ। ‘ਨਾਮ ਸਿਰਮਨ’ ਕਰਦੇ ‘ਸਿੰਘ-ਸਿੰਘਣੀਆਂ’ ਸਾਹੋ ਸਾਹੀ ਹੋਏ ਪਏ ਸਨ। ਜਥੇ ਦੇ ਇਕ ਪੁਰਾਣੇ ਬਜ਼ੁਰਗ ਕੀਰਤਨ ਕਰ ਰਹੇ ਸਨ ਜਦ ਬਾਬਾ ਫੌਜਾ ਸਿੰਘ ਹੇਠਾਂ ਬੇਸਮਿੰਟ ਵਿੱਚ ਲੰਗਰ ਦੀ ਅਰਦਾਸ ਦੀ ਤਿਆਰੀ ਲਈ ਘਰ ਦੀ ਸੁਆਣੀ ਦੀ ਮਦਦ ਕਰ ਰਿਹਾ ਸੀ। ਉਪਰ ਸੰਗਤ ਜਿਆਦਾ ਹੋਣ ਕਰਕੇ ਕੁਝ ਲੋਕ ਹੇਠਾ ਬੇਸਮਿੰਟ ਵਿੱਚ ਬੈਠਣੇ ਸ਼ੁਰੂ ਹੋ ਗਏ ਸਨ। ਬੇਸਮਿੰਟ ਖਾਲੀ ਹੋਣ ਕਾਰਨ ਸੰਗਤ ਨੂੰ ਮੁੱਖ ਰੱਖਦਿਆਂ ਸਪੀਕਰ ਹੇਠਾਂ ਵੀ ਲਾਏ ਹੋਏ ਸਨ ਸੋ ਕੀਰਤਨ ਦੀ ਬਕਾਇਦਾ ਆਵਾਜ ਹੇਠਾਂ ਵੀ ਆ ਰਹੀ ਸੀ।

ਥਾਲ ਸਾਫ ਕਰਦਾ ਬਾਬਾ ਵਾਹਿਗੁਰੂ ਜੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਾਹਿਗੁਰੂ ਉਥੇ ਕਿਥੇ ਸੀ। ਸਾਜਾਂ ਦੇ ਸ਼ੋਰ ਵਿਚ ਚਾਗਾਂ ਜਿਹੀਆਂ ਵੱਜਦੀਆਂ ਸੁਣੀਦੀਆਂ ਸਨ। ਘਰ ਦੀ ਸੁਆਣੀ ਦੇ ਹੱਥੋਂ ਸੱਚਮੁੱਚ ਉਸ ਵੇਲੇ ਕੌਲੀ ਛੁੱਟ ਗਈ, ਜਦ ਜੋਸ਼ ਵਿਚ ਆਏ ਬਜ਼ੁਰਗ ਕੀਰਤਨੀਏ ਨੇ ਚਾਂਗਰ ਮਾਰਨ ਵਾਂਗ ਉੱਚੀ ਦੇਣੀ ‘ਉਰਰਰਰਰਰਰਰਰਰਰਰਰ’ ਕੀਤੀ!! ਉਸ ਦੀ ਉਰਰਰਰਰਰਰਰ ਇੰਨੀ ਉੱਚੀ ਜੋਸ਼ ਅਤੇ ਦਿਲ ਚੀਰਵੀ ਸੀ ਕਿ ਨਵੇ ਬੰਦਿਆਂ ਦੀਆਂ ਵੱਖੀਆਂ ਵਿਚ ਦੀ ਨਿਕਲ ਗਈ।

ਟਅਨ... ਕਰਦੀ ਕੌਲੀ ਜਦ ਪੱਕੀ ਫਲੋਰ 'ਤੇ ਡਿੱਗੀ ਤਾਂ ਸਾਹਵੇਂ ਬੈਠੇ ਲੋਕਾਂ ਵਿੱਚ ਕੁਝ ਇੱਕ ਜਥੇ ਵਾਲੇ ਵੀ ਸਨ। ਉਨ੍ਹਾਂ ਸੁਆਣੀ, ਬਾਬੇ ਅਤੇ ਕੁਝ ਹੋਰ ਨਵੇਂ ਲੋਕਾਂ ਦੇ ਘੁੱਟੇ ਮੂੰਹਾਂ ਨੂੰ ਚੀਰ-ਚੀਰ ਜਾਂਦਾ ਹਾਸਾ ਤਾੜ ਲਿਆ। ਬੇਸ਼ਕ ਉਨ੍ਹਾਂ ਮੂੰਹਾਂ ਆਪਣਿਆਂ ਨੂੰ ਤਾੜਨਾ ਕੀਤੀ ਹੋਈ ਸੀ, ਪਰ ਵੱਖੀਆਂ ਉਨ੍ਹਾਂ ਦੀਆਂ ਵੀ ਚੁਗਲੀ ਕਰਨੋਂ ਬਾਜ ਨਾ ਆਈਆਂ। ਚਾਂਗਰ ਜਿਹੀ ਕਾਰਨ ਅਚਾਨਕ ਹੱਥੋਂ ਛੁੱਟੀ ਕੌਲੀ ਦੀ ਟਨਕਾਹਟ ਅਤੇ ਸ਼ਰਮੋ ਸ਼ਰਮੀ ਧੱਕੇ ਨਾਲ ਰੋਕੇ ਸਾਹਾਂ ਨੇ ਮਹੌਲ ਬੜਾ ਅਜੀਬ ਜਿਹਾ ਕਰ ਦਿੱਤਾ ਸੀ ਖੁਦ ਜਥੇ ਵਾਲਿਆਂ ਦੀਆਂ ਵੀ ਵੱਖੀਆਂ ਹਿੱਲਣੋਂ ਨਾ ਰਹੀਆਂ।

ਬਾਬਾ ਨੇ ਰੋਕੀ ਉਲਟੀ ਵਾਂਗ ਜਦ ਬਾਹਰ ਜਾ ਕੇ ਹਾਸੇ ਦੀ ਉਲਟੀ ਕੀਤੀ ਤਾਂ ਪ੍ਰੀਵਾਰ ਵਾਲੇ ਖੁਦ ਹੈਰਾਨ ਸਨ ਕਿ ਇਸ ਚੰਗੇ ਭਲੇ ਨੂੰ ਕੀ ਦੌਰਾ ਪਿਆ ਹੈ

ਲੰਗਰ ਦੀ ਅਰਦਾਸ ਲਈ ਕਈ ਗੇੜੇ ਅੰਦਰ ਮਾਰੇ ਪਰ ਕੋਈ ਜਥੇ ਵਾਲਾ ਲੰਗਰ ਦੀ ਅਰਦਾਸ ਨਹੀਂ ਕਰਨ ਆਇਆ। ਉਹ ਸੋਚਦੇ ਸਨ ਇਨ੍ਹਾਂ ‘ਦਬੜੂ-ਘੁਸੜੂਆਂ’ ਦਾ ਤਿਆਰ ਕੀਤਾ ਪ੍ਰਸ਼ਾਦਾ ਜਦ ਅਸੀਂ ਛੱਕਣਾ ਹੀ ਨਹੀਂ ਤਾਂ ਅਰਦਾਸ ਕਾਹਦੀ? ਉਂਝ ਬਿਨਾਂ ‘ਬਿਬੇਕ’ ਅਤੇ ‘ਮਰਿਯਾਦਾ’ ਤੋਂ ਤਿਆਰ ਕੀਤੇ ਪ੍ਰਸ਼ਾਦੇ ਦੀ ਅਰਦਾਸ ਕਰਕੇ ਅਸੀਂ ਪਾਪਾਂ ਦੇ ਭਾਗੀ ਕਿੳ ਬਣੀਏ? ਵੈਸੇ ਵੀ ਗੁਰੂ ਜੀ ਸਾਡੀ ਕੀਤੀ ਅਰਦਾਸ ਦਾ ਪ੍ਰਸਾਦਾ ਜੇ ਛੱਕ ਗਏ ਤਾਂ ਅਸੀਂ ਕੀ ਮੂੰਹ ਦੇਵਾਂਗੇ ਕਿ ‘ਐਰੇ-ਗੈਰੇ’ ਜਿਹੇ ਲੋਕਾਂ ਦਾ ਪ੍ਰਸਾਦਾ ਗੁਰੂ ਜੀ ਨੂੰ ਛਕਾ ਦਿੱਤਾ? ਅਸੀਂ ‘ਅਪਣੇ’ ਕੜਾਹ ਪ੍ਰਸ਼ਾਦ ਦੀ ਅਰਦਾਸ ਕਰ ਤਾਂ ਦਿੱਤੀ ਤੁਹਾਡਾ ਠੇਕਾ ਲਿਆ? ਆਖਰ ਜਦ ਕੋਈ ਨਾ ਆਇਆ ਤਾਂ ਪ੍ਰੀਵਾਰ ਦੀ ਪ੍ਰੇਸ਼ਾਨੀ ਵੇਖ ਬਾਬਾ ਕਹਿਣ ਲੱਗਾ, ਕਿ ਹੱਦ ਹੋ ਗਈ ਅਪਣੀਆਂ ਲੱਤਾਂ ਨਹੀਂ ਭਾਰ ਝੱਲਦੀਆਂ ਲਿਆਓ ਅਪਣਾ ਵੀ ਗੁਰੂ ਉਨਾਂ ਹੀ ਹੈ, ਜਿੰਨਾ ਇੰਨਾ ਦਾ ਅਰਦਾਸ ਆਪਾਂ ਖੁਦ ਕਰਦੇ ਆਂ।

ਭੋਗ ਪੈ ਗਿਆ, ‘ਆਪਣਾ’ ਹੀ ਤਿਆਰ ਕੀਤਾ ਪ੍ਰਸ਼ਾਦ ਉਨੀ ਵਰਤਾਇਆ ਵੀ ਆਪੇ। ਇੱਕ ਦੋ ਬੰਦੇ ਤੱਰਦਦ ਕਰਨ ਲੱਗੇ ਪਰ ‘ਖਾਲਸਾ ਜੀ’ ਨੇ ਕਿਸੇ ‘ਦਬੜੂ-ਘੁਸੜੂ’ ਨੂੰ ਹੱਥ ਨਾ ਲਾਉਂਣ ਦਿੱਤਾ ਅਤੇ ਆਪ ਹੀ ਲੱਕ ਬੰਨ ਕੇ ‘ਮਰਿਯਾਦਾ’ ਨਾਲ ਪ੍ਰਸ਼ਾਦ ਵਰਤਾਇਆ। ਲੰਗਰ ਛੱਕਣ ਵੇਲੇ ਫਿਰ ਉਹੀ ਕੁਝ। ਛੱਕ ਕੇ ਆਏ ਆਂ।

ਪ੍ਰਵਾਰ ਵਾਲਿਆਂ ਬਥੇਰੇ ਤਰਲੇ ਕੀਤੇ। ਬਾਬੇ ਨੇ ਹਾਰ ਕੇ ਇੱਕ ਬੀਬੀ ਨੂੰ ਪੁੱਛ ਹੀ ਲਿਆ ਕਿ ਬੀਬਾ ਤੁਸੀਂ ਛੱਕ ਕੇ ਆਏ ਜਾਂ ਕਿਸੇ ਦੇ ਛੱਕਦੇ ਹੀ ਨਹੀਂ। ਬਾਬੇ ਦੇ ਜਿਆਦਾ ਜੋਰ ਦੇਣ ਤੇ ਉਹ ਪੋਲੇ ਜਿਹੇ ਮੰਨ ਗਈ ਕਿ ਵੀਰ ਜੀ! ਅਸੀਂ ਬਿਬੇਕੀ ਹੁੰਨੇ ਆਂ... ਤੇ ਬਾਬੇ ਨੂੰ ਬਾਅਦ ਵਿਚ ਪਤਾ ਚਲਿਆ ਕਿ ਇਨ੍ਹੀ ਨੇੜੇ ਹੀ ਕਿਸੇ ਹੋਰ ‘ਬਿਬੇਕੀ’ ਘਰ ਪ੍ਰਬੰਧ ਕੀਤਾ ਹੋਇਆ ਸੀ ਪ੍ਰਸ਼ਾਦਾ ਉਥੇ ਜਾ ਕੇ ਛੱਕਣਗੇ!!

ਉਹ ਤਾਂ ਗੋਰਿਆਂ ਦੀ ਸੌਰੀ ਵਾਂਗ ਦੋ ਲਫਜ਼ ‘ਬਿਬੇਕੀ ਹੁੰਨੇ ਆਂ’ ਆਖ ਰਾਹੇ ਪਏ, ਪਰ ਘਰ ਦੀ ਸੁਆਣੀ ਸਟੀਲ ਦੇ ਭਾਂਡੇ ਰਾਤ ਬਾਰਾਂ ਵੱਜੇ ਤੱਕ ਮਾਂਜਦੀ "ਬਿਬੇਕ" ਦੇ ਅਰਥ ਸਮਝਣ ਦੀ ਕੋਸ਼ਿਸ ਕਰ ਰਹੀ ਸੀ, ਜਿਸ ਦਾ ਬਿਬੇਕ ਦੇ ਚੱਕਰ ਵਿੱਚ ਹਫਤਾ ਭਰ ਪਹਿਲਾਂ ‘ਬਿਬੇਕ’ ਬਣਿਆ ਰਿਹਾ ਸੀ, ਅਤੇ ਹੁਣ ਸਟੀਲ ਦੇ ਭਾਂਡਿਆਂ ਵਿਚ ਸਿਰ ਤੁੰਨੀ ਉਹ ‘ਬਿਬੇਕ’ ਲੱਭ ਰਹੀ ਸੀ, ਪਰ ਬਿਬੇਕ ਹੁਰਾਂ ਦੇ ਉਸ ਦੀ ਮਾਨਸਿਕ ਪੀੜਾ ਚਿੱਤ ਚੇਤੇ ਵੀ ਨਹੀਂ ਸੀ, ਜਿਸਦਾ ਇੰਨੀ ਭਾਵਨਾ ਨਾਲ ਸਭ ਕੁਝ ਤਿਆਰ ਕੀਤਾ ਹੋਇਆ ‘ਬਿਬੇਕ’ ਦੀ ਭੇਂਟ ਚ੍ਹੜ ਗਿਆ ਸੀ, ਤੇ ਸਭ ਤੋਂ ਵੱਡਾ ਜੋ ਭੇਟ ਚੜ੍ਹਿਆ ਉਸ ਸੀ ਉਸ ਦਾ ਅਗਲਾ ਰਹਿੰਦਾ ਜੀਵਨ ਜਿਸ ਵਿੱਚ ਉਸ ਸੋਚਿਆ ਸੀ, ਕਿ ਇੰਨੇ ਸੁਹਣੇ ਤੇ ਚੰਗੇ ਲੱਗਦੇ ਮਨੁੱਖਾਂ ਵਿੱਚ ਸ਼ੁੱਕਰ ਏ ਮੇਰੀ ਧੀ ਰਲੀ ਏ ਅਤੇ ਭਵਿੱਖ ਵਿੱਚ ਮੈਂ ਵੀ ਸਮੇਤ ਪਰਿਵਾਰ ਇੰਨਾ ਵਰਗੀ ਬਣਕੇ ਗੁਰੂ ਅਪਣੇ ਦੇ ਹੋਰ ਨੇੜੇ ਹੋਵਾਂਗੀ, ਪਰ ਹੁਣ ਉਹ ਸੋਚ ਰਹੀ ਸੀ ਕਿ ਮੇਰੀ ਧੀ ਕਿੰਨੇ ‘ਗਲਤ ਰਾਹੇ’ ਪੈ ਗਈ ਏ ਜੇ ਸਿੰਘ ਸੱਜ ਕੇ ਇੰਝ ਦੇ ਹੋਈਦਾ ਹੈ ਤਾਂ ਤੋਬਾ ਮੇਰੀ.....

ਸੱਚਮੁੱਚ ਜਵਾਨ ਧੀ ਨੇ ਭਾਂਡੇ ਅੱਡ ਕਰ ਲਏ, ਲੋਹੇ ਦੇ ਬਾਟੇ ਚੁੱਕ ਅਪਣੇ ਉਹ ਬੇਸਮਿੰਟ ਵਿੱਚ ਲੈ ਗਈ ਤੇ ਧੀ ਦਾ ਖਾਣ-ਪੀਣ ਦੇਖ ਹਉਕੇ ਲੈਂਦੀ ਮਾਂ ਦੂਜੇ ਬੱਚਿਆਂ ਨੂੰ ‘ਬਚਾਉਂਣ’ ਦੀ ਕੋਸ਼ਿਸ਼ ਕਰ ਰਹੀ ਹੈ ਇਸ ਬਿਬੇਕ ਤੋਂ.....?

ਤੇ ਬਾਬਾ ਗੁਰੂ ਜੀ ਦੀ ਭਾਈ ਲਾਲੋ ਘਰ ਫੇਰੀ ਬਾਰੇ ਸੋਚਦਾ ਘਰ ਆ ਗਿਆ, ਕਿ ਜਦ ਬਾਬਾ ਜੀ ਭਾਈ ਲਾਲੋ ਦੇ ਘਰ ਗਏ ਹੋਣਗੇ ਤਾਂ ਕੀ ਗੁਰੂ ਜੀ ਨੇ ਭਾਈ ਲਾਲੋ ਦੀ ਭਾਵਨਾ ਵੇਖੀ ਜਾਂ ਉਸ ਦਾ ਬਿਬੇਕ ਪੁੱਛਿਆ? ਤੇ ਭਾਈ ਮਰਦਾਨਾ? ਜਿਸ ਨੂੰ ਮਰਾਸੀ ਕਹਿੰਦੇ ਸਨ, ਲੋਕ ਪਰ ਮਰਦਾਨੇ ਤੋਂ ਸਦਕੇ ਜਾਂਦੇ ਸਨ ਬਾਬਾ ਜੀ, ਪਰ ਕੀ ਭਾਈ ਸਾਹਬ ਬਿਬੇਕ ਕੀ ਘਰੋਂ ਹੀ ਲੈ ਕੇ ਆਏ ਸਨ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top