Share on Facebook

Main News Page

ਅਕਾਲ ਤਖਤ, ਅਕਾਲ ਤਖਤ ਦੀ ਇਮਾਰਤ, ਅਤੇ ਅਕਾਲ ਤਖਤ ਦਾ ਸੇਵਾਦਾਰ ਦਾ ਫਰਕ ਸਮਝਣ ਦੀ ਲੋੜ ਹੈ

ਮੈਂ ਕਈ ਵਾਰ ਕੀਰਤਨ ਕਰਦਿਆਂ ਸਟੇਜਾਂ ‘ਤੇ ਭੀ ਕਹਿ ਚੁਕਾ ਹਾਂ ਅਤੇ ਲਿਖਤੀ ਭੀ ਲਿੱਖ ਚੁੱਕਾ ਹਾਂ, ਕਿ ਇਹ ਤਿੰਨੋ ਬੇਸ਼ਕ ਆਪਸ ਵਿੱਚ ਸਬੰਧ ਰਖਦੀਆਂ ਹਨ, ਪਰ ਤਿੰਨੋ ਹੀ ਵੱਖ ਵੱਖ ਹਨ। ਅਸੀਂ ਆਮ ਕਰਕੇ ਅਗਿਆਨਤਾ ਵੱਸ ਇਨ੍ਹਾਂ ਤਿੰਨਾਂ ਨੂੰ ਰਲਗੱਡ ਕਰਨ ਦੀ ਵੱਡੀ ਭੁੱਲ ਕਰ ਰਹੇ ਹਾਂ, ਅਤੇ ਇਸ ਵਿਸ਼ੇ ਤੇ ਵੀਚਾਰ ਕਰਨ ਤੋਂ ਪਹਿਲਾਂ, ਇਹ ਫੈਸਲਾ ਨਹੀਂ ਕਰ ਰਹੇ, ਕਿ ਆਖਰ ਕਿਸ ਨੂੰ ਅਕਾਲ ਤਖਤ ਮੰਨਿਆ ਜਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਕਾਲ ਤਖਤ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰ, ਅਤੇ
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥2॥3॥5॥
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥

ਸਿਧਾਂਤ ਹੈ।

ਜੋ ਮੀਰੀ ਪੀਰੀ ਸਮੇਤ ਸਿੱਖ ਦੇ ਜੀਵਨ ਦੇ ਹਰ ਪਹਿਲੂ ਵਿਚ ਅਗਵਾਈ ਕਰਦਾ ਹੈ।

ਅਤੇ ਉਹ ਸਿਧਾਂਤ ਦੇਹ ਕਰਕੇ ਗੁਰੂ ਹਰ ਗੋਬਿੰਦ ਸਾਹਿਬ ਤੋਂ ਪਹਿਲੇ ਭੀ ਸੀ ਅਤੇ ਦਰਬਾਰ ਸਾਹਿਬ ਵਿਚ ਪ੍ਰਕਾਸ਼ ਹੋ ਚੁਕਾ ਸੀ, ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਇਕ ਅਸਥਾਨ ਇਸ ਲਈ ਬਣਾਇਆ, ਕਿ ਏਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਰੂਪ ਅਕਾਲ ਤਖਤ ਨੂੰ ਲੁਕਾਈ ਦੇ ਜੀਵਨ ਵਰਤਾਰੇ ਵਿੱਚ ਸਮਝਾਇਆ, ਫੈਲਾਇਆ, ਅਤੇ ਅਪਣਾਇਆ ਜਾ ਸੱਕੇ। ਬਸ ਇਸ ਅਸਥਾਨ ਦਾ ਇਹੋ ਹੀ ਮਕਸਦ ਸੀ ਅਤੇ ਹੈ।

ਗੁਰੂ ਨਾਨਕ ਤੋਂ ਆਰੰਭ ਹੋਇਆ ਮੀਰੀ ਪੀਰੀ ਦਾ ਅਕਾਲ ਤਖਤ

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥

ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ ॥ ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ ॥ ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ ॥ ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥ ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥ ਗੁਰ ਅਮਰਦਾਸ ਸਚੁ ਸਲ੍ਹ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥1॥21॥

ਪਉੜੀ ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ ਜੋ ਕੀਨ੍‍ੀ ਕਰਤਾਰਿ ਸਾਈ ਭਲੀ ਗਲ॥ ਜਿਨੀ ਪਛਾਤਾ ਖਸਮੁ ਸੇ ਦਰਗਾਹ ਮਲ ॥ ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥16॥

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

ਏਕੋ ਤਖਤੁ ਏਕੋ ਪਾਤਿਸਾਹੁ ॥ਸਰਬੀ ਥਾਈ ਵੇਪਰਵਾਹੁ ॥ ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥5॥ ਏਕਾ ਮੂਰਤਿ ਸਾਚਾ ਨਾਉ ॥ ਤਿਥੈ ਨਿਬੜੈ ਸਾਚੁ ਨਿਆਉ ॥ ਸਾਚੀ ਕਰਣੀ ਪਤਿ ਪਰਵਾਣੁ ॥ ਸਾਚੀ ਦਰਗਹ ਪਾਵੈ ਮਾਣੁ ॥6॥

ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨμਦੁ ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ

ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥4॥ ਅਤੇ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਐਥੇ ਇੱਕ ਹੋਰ ਗੱਲ ਵਿਚਾਰਨ ਵਾਲੀ ਹੈ, ਕਿ ਦੇਹ ਕਰਕੇ ਗੁਰੂ ਰਾਮਦਾਸ ਜੀ ਭੀ {ਰਾਜ ਜੋਗ ਤਖਤ} ਅਕਾਲ ਤਖਤ ਨਹੀਂ ਹਨ, ਕਿਉਂਕੇ ਫਾਨੀ ਦੇਹ ਅਕਾਲ ਤਖਤ ਨਹੀਂ ਹੋ ਸਕਦੀ, ਹਾਂ ਸਿਧਾਂਤ ਰੂਪ ਅਕਾਲ ਤਖਤ ਗੁਰੂ ਰਾਮ ਦਾਸ ਜੀ ਨੂੰ ਸੌਂਪਿਆ ਗਿਆ ਹੈ, ਕਿ ਇਸ ਨੂੰ ਸੰਸਾਰ ਵਿੱਚ ਫੈਲਾਓ {ਲਾਗੂ ਕਰੋ}।

ਅਕਾਲ ਤਖਤ ਲਫਜ਼ ਵਿੱਚ, “ਦੀ”, “ਦਾ” ਕੋਈ ਲਫਜ਼ ਨਹੀਂ ਹੈ, ਪਰ ਅਕਾਲ ਤਖਤ ਦੀ ਇਮਾਰਤ ਵਿੱਚ ਦੀ ਅਤੇ ਅਕਾਲ ਤਖਤ ਦਾ ਸੇਵਾਦਾਰ ਲਫਜ਼ ਵਿੱਚ “ਦਾ”, ਇਮਾਰਤ ਅਤੇ ਸੇਵਾਦਾਰ ਨੂੰ ਅਕਾਲ ਤਖਤ ਤੋਂ ਵੱਖ ਕਰਦੇ ਹਨ, ਅਤੇ ਉਸਦੇ ਰਿਸ਼ਤੇ ਵਿੱਚ ਇਕ ਸ਼ਰਤ ਬਣ ਜਾਂਦੀ ਹੈ, ਕਿ ਜੇ ਇਮਾਰਤ ਵਿੱਚ ਸਿਧਾਂਤ ਰੂਪ ਅਕਾਲ ਤਖਤ ਹੈ, ਤਾਂ ਇਮਾਰਤ ਅਕਾਲ ਤਖਤ ਦੀ ਹੈ ਨਹੀਂ ਤਾਂ ਨਹੀਂ ,ਜੇ ਸੇਵਾਦਾਰ ਵਿੱਚ ਸਿਧਾਂਤ ਰੂਪ ਅਕਾਲ ਤਖਤ ਹੈ, ਅਤੇ ਉਹ ਉਸ ਸਿਧਾਂਤ ਦਾ ਮੁਖ ਪ੍ਰਚਾਰਕ ਹੈ ਤਾਂ ਅਕਾਲ ਤਖਤ ਦਾ ਸੇਵਾਦਾਰ ਹੈ ਜੇ ਨਹੀਂ ਤਾਂ ਨਹੀਂ। ਪਰ ਕਿਸੇ ਇਮਾਰਤ ਜਾਂ ਵਿਅਕਤੀ ਨੂੰ ਆਪਣੇ ਆਪ ਵਿੱਚ ਅਕਾਲ ਤਖਤ ਤਾਂ ਆਖਿਆ ਹੀ ਨਹੀਂ ਜਾ ਸਕਦਾ। ਕਿਉਂਕਿ ਅਕਾਲ ਤਖਤ ਅਤੇ ਇਮਾਰਤ ਜਾਂ ਸੇਵਾਦਾਰ ਦੇ ਨਾਮ ਦੇ ਦਰਮਿਆਨ “ਦੀ” ਜਾਂ “ਦਾ” ਖੜੇ ਹਨ।

ਅਕਾਲ ਤਖਤ, ਇੱਕ ਪਵਿਤਰ ਸਿਧਾਂਤ ਹੈ ਜੋ ਮਰਦਾ ਜਾਂ ਬਦਲਦਾ ਨਹੀਂ।

ਅਕਾਲ ਤਖਤ ਦੀ ਇਮਾਰਤ ਸਮੇਂ ਨਾਲ ਢਹਿ ਜਾਂਦੀ, ਜਾਂ ਢਾਹੀ ਜਾਂਦੀ ਹੈ, ਬਦਲ ਜਾਂਦੀ ਹੈ, ਜੋ ਕਈ ਵਾਰ ਹੋਇਆ ਹੈ, ਇਸ ਲਈ ਇਮਾਰਤ ਅਕਾਲ ਤਖਤ ਨਹੀਂ ਹੋ ਸਕਦੀ।

ਅਕਾਲ ਤਖਤ ਦਾ ਸੇਵਾਦਾਰ ਮਰਦਾ ਹੈ, ਬਦਲਿਆ ਜਾਂਦਾ ਹੈ ਅਤੇ ਇੱਕ ਆਮ ਆਦਮੀ ਉਸਨੂੰ ਬਦਲ ਦੇਂਦਾ ਹੈ, ਇਸ ਲਈ ਉਹ ਅਕਾਲ ਤਖਤ ਨਹੀਂ ਹੋ ਸਕਦਾ।

ਇਸੇ ਲਈ 5 ਦਸੰਬਰ 2009 ਨੂੰ ਪੇਸ਼ੀ ਸਮੇਂ ਦਾਸ ਨੇ ਭੇਂਟ ਕੀਤੀ ਗਈ ਫਾਈਲ ਦੇ ਕਵਰਿੰਗ ਲੈਟਰ ਵਿੱਚ ਇਹ ਫਰਕ ਸਪਸ਼ਟ ਕਰ ਦਿੱਤਾ ਸੀ।

ਕਵਰਿੰਗ ਲੈਟਰ

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥

ਸੱਚੇ ਅਕਾਲ ਤਖ਼ਤ ਦੇ ਮਾਲਕ, ਸੱਚੇ ਪਾਤਸ਼ਾਹ ਜੀਉ!
ਪਰਮ ਸਤਿਕਾਰ ਸਹਿਤ ਨਮਸਕਾਰ।

ਸੱਚੇ ਪਾਤਸ਼ਾਹ ਜੀਉ! ਇੱਕ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਚਿੱਠੀ ਰਾਹੀਂ ਦਾਸ ਨੂੰ ਸੰਦੇਸ਼ ਪੁੱਜਿਆ ਕਿ ਆਪ ਜੀ ਦੇ ਤਖ਼ਤ ਸਾਹਿਬ ਅੱਗੇ ਪੁੱਜ ਕੇ ਸਪਸ਼ਟੀਕਰਨ ਦੇਵਾਂ।

ਸੱਚੇ ਪਾਤਸ਼ਾਹ ਜੀਉ! ਮੈਨੂੰ ਯਕੀਨ ਹੈ ਕਿ ਆਪ ਤਾਂ ਅੰਤਰਜਾਮੀ ਹੋ, ਆਪ ਜੀ ਨੂੰ ਤਾਂ ਕਿਸੇ ਸਪਸ਼ਟੀਕਰਨ ਦੀ ਲੋੜ ਹੀ ਨਹੀਂ:

ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਇਐ॥

ਪਰ ਭੋਲੀ ਭਾਲੀ ਸਿੱਖੀ ਦੀ ਗਿਆਤ ਲਈ ਜੇ ਸ੍ਰੀ ਅਕਾਲ ਤਖ਼ਤ ਦੇ ਨਾਮ ਹੇਠ ਸਪਸ਼ਟੀਕਰਨ ਪੁੱਜ ਜਾਵੇ ਤਾਂ ਭਲਾ ਹੀ ਹੋਵੇਗਾ। ਇਸ ਲਈ ਸਪਸ਼ਟੀਕਰਨ ਸਬੰਧੀ ਫਾਈਲ ਭੇਂਟ ਕਰਨ ਲਈ ਅਕਾਲ ਤਖ਼ਤ ਦੇ ਅਸਥਾਨ 'ਤੇ ਹਾਜ਼ਰ ਹੋਇਆ ਹਾਂ, ਤਾਂਕਿ ਇਸ ਵਿਚਲੀ ਸੱਚਾਈ ਇੱਕੋ ਇੱਕ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਦੇ ਹਿਰਦਿਆਂ ਤੱਕ ਪਹੁੰਚ ਸਕੇ ਅਤੇ ਉਹ ਇੱਕੋ ਇੱਕ ਤਖ਼ਤ ਚਵਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਜਾਗ ਉਠਣ।

-------------

ਅਤੇ ਇਓਂ, ਮੈਂ ਜੱਥੇਦਾਰ ਨੂੰ ਅਕਾਲ ਤਖਤ ਮੰਨ ਕੇ ਪੇਸ਼ ਨਹੀਂ ਹੋਇਆ, ਅਕਾਲ ਤਖਤ ਦੀ ਇਮਾਰਤ ਦੇ ਸਾਹਮਣੇ ਪੇਸ਼ ਹੋਇਆ, ਜਿਥੋਂ ਸੰਗਤ ਅਤੇ ਪੰਥ ਦੀ ਹਾਜ਼ਰੀ ਵਿੱਚ ਅਕਾਲ ਤਖਤ ਰੂਪ ਇਨਸਾਫ ਅਤੇ ਸੱਚ ਨਿਯਾਏਂ ਦੀ ਆਸ ਰੱਖੀ ਜਾਂਦੀ ਹੈ, ਪਰ 5 ਦਸੰਬਰ 2009 ਨੂੰ ਜਦੋਂ ਉਸ ਅਕਾਲ ਤਖਤ ਦੀ ਇਮਾਰਤ ਦੇ ਛੱਜੇ ਤੇ ਖਲੋ ਕੇ, ਅਕਾਲ ਤਖਤ ਦਾ ਜੱਥੇਦਾਰ ਅਖਵਾਉਣ ਵਾਲੇ ਨੇ, ਸਭ ਸੰਗਤਾਂ ਦੇ ਸਾਹਮਣੇ ਗੁਰੂ ਦਰਬਾਰ ਦੀ ਭੈ ਲਾਹ ਕੇ, ਕੋਰਾ ਝੂਠ ਬੋਲਿਆ, ਕਿ ਸਿੰਘ ਸਹਿਬਾਨ ਅਕਾਲ ਤਖਤ ਤੇ ਬੈਠੇ ਇੰਤਜ਼ਾਰ ਕਰਦੇ ਰਹੇ, ਪਰ ਦਰਸ਼ਨ ਸਿੰਘ ਆਇਆ ਹੀ ਨਹੀਂ, ਬੱਸ ਉਸ ਦਿਨ ਤੋਂ ਮੇਰੇ ਸਮੇਤ ਜਾਗਰੂਕ ਸੰਗਤਾਂ ਦੇ ਦਿਲਾਂ ਵਿੱਚ ਇੱਕ ਸਵਾਲ ਨੇ ਜਨਮ ਲੈ ਲਿਆ, ਕਿ ਆਖਿਰ ਅਕਾਲ ਤਖਤ ਕਿਥੇ ਹੈ?

ਗੁਰੂ ਗ੍ਰੰਥ ਦੇ ਪੰਥ ਦਾ ਦਾਸ
ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top