Share on Facebook

Main News Page

ਪੁਜਾਰੀ ਵਾਦੀ ‘ਧੱਕੇਸ਼ਾਹੀ’ ਦੀ ਜਦੋਂ ਗੁਰਮਤਿ ਵਿੱਚ ਕੋਈ ਥਾਂ ਨਹੀਂ, ਤੇ ਇੱਕ ਸਿੱਖ ਉਸ ਦੀ ਹਿਮਾਇਤ ਕਿਵੇਂ ਕਰ ਸਕਦਾ ਹੈ
(ਤੱਤ ਗੁਰਮਤਿ ਪਰਿਵਾਰ ਦੇ ਸੰਪਾਦਕੀ ਲੇਖ ਦੇ ਆਦੇਸ਼ ਅਨੁਸਾਰ ਜਨਤਕ ਰੂਪ ਵਿਚ ਦਾਸ ਦਾ ਜਵਾਬ)

ਅਜ ਤੱਤ ਗੁਰਮਤਿ ਪਰਿਵਾਰ ਦਾ ਸੰਪਾਦਕੀ ਲੇਖ ‘ਪੁਜਾਰੀ ਵਾਦ ਦਾ ਜਾਗਰੂਕ ਪੰਥ ਤੇ ਇਕ ਹੋਰ ਹਮਲਾ’ ਪੜ੍ਹ ਕੇ ਜੋ ਜਾਨਕਾਰੀ ਮਿਲੀ, ਉਹ ਪੜ੍ਹਕੇ ਬਹੁਤ ਹੈਰਾਨਗੀ ਹੋਈ ਕੇ ‘ਸਿੱਖ ਮਾਰਗ’ ਤੇ ਚਲ ਰਹੀ ਅਕਾਲ ਤਖਤ ਬਾਰੇ ਚਰਚਾ ਵਿਚ ਹਿੱਸਾ ਲੈਣ ਵਾਲੇ ਇਕਬਾਲ ਸਿੰਘ ਢਿਲੋਂ ਨੂੰ ‘ਸਕਤਰੇਤ’ ਵਿਚ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਾਸ ਨੂੰ ਇਹ ਸਾਰੀ ਜਾਨਕਾਰੀ, ਤੱਤ ਗੁਰਮਤਿ ਪਰਿਵਾਰ ਤੋਂ ਹੀ ਪਹਿਲੀ ਵਾਰ ਪ੍ਰਾਪਤ ਹੋ ਰਹੀ ਹੈ।

ਦਾਸ ਦਾ ‘ਸਿੱਖ ਮਾਰਗ’ ਤੋਂ ਕੁਝ ਸਮਾਂ ਪਹਿਲਾਂ ਬਾਈਕਾਟ ਕਰ ਦਿਤਾ ਗਇਆ ਸੀ (ਇਸ ਦਾ ਕਾਰਣ ਮੇਰੀ ਸ਼ਬਦਾਵਲੀ ਦਾ ਸੁਹਿਰਦ ਨਾਂ ਹੋਣਾ ਤੇ ਕਿਸੇ ਵਿਦਵਾਨ ਵਲੋਂ ਜਾਰੀ ‘ਫਤਵੇ’ ਨੂੰ ਹੂ ਬ ਹੂ ਸਵੀਕਾਰ ਨਾਂ ਕਰਨਾ ਸੀ । ਬਾਈਕਾਟ ਕਰਨ ਵਾਲੇ ਸੰਪਾਦਕ ਜੀ ਨੇ ਜੋ ਸੁਹਿਰਦ ਸ਼ਬਦਾਵਲੀ ਮੇਰੇ ਪ੍ਰਤੀ ਆਪ ਵਰਤੀ ਸੀ ਉਹ ਸਭ ਨੇ ਪੜ੍ਹੀ ਸੀ।)। ਇਸ ਲਈ ਦਾਸ ਉਸ ਵੇਬਸਾਈਟ ਤੇ ਹੋ ਰਹੀ ਚਰਚਾ ਨੂੰ ਪੜ੍ਹ ਤੇ ਸਕਦਾ ਸੀ, ਲੇਕਿਨ ਉਸ ਬਾਰੇ ਕੁੱਝ ਵੀ ਲਿਖ ਨਹੀਂ ਸੀ ਸਕਦਾ। ਤੱਤ ਗੁਰਮਤਿ ਪਰਿਵਾਰ ਦੇ ਇਸ ਸੰਪਾਦਕੀ ਲੇਖ ਵਿਚ ਵੀਰ ਹਰਦੇਵ ਸਿੰਘ ਜੰਮੂ, ਵੀਰ ਸਰਬਜੀਤ ਸਿੰਘ ਇੰਡੀਆ ਅਵੇਅਰਨੇਸ ਤੇ ਮੇਰਾ ਨਾਮ ਲੈ ਕੇ ਇਹ ਆਦੇਸ਼ ਦਿਤਾ ਗਿਆ, ਹੈ ਕੇ ਇਸ ਬਾਰੇ ‘ਜਨਤਕ ਤੌਰ ਤੇ ਅਪਣਾਂ ਬਿਆਨ ਜਾਰੀ ਕਰਨ’। ਤੱਤ ਗੁਰਮਤਿ ਪਰਿਵਾਰ ਕੌਮ ਦੀ ਇਕ ਜਾਗਰੂਕ ਧਿਰ ਹੈ, ਤੇ ਉਸ ਦੀ ਕਿਸੇ ਵੀ ਗਲ ਨੂੰ ਨਜਰ ਅੰਦਾਜ ਕਰ ਦੇਣਾ ਕਿਸੇ ਵੀ ਪਖੋਂ ਜਾਇਜ਼ ਨਹੀਂ, ਉਨ੍ਹਾਂ ਦਾ ਸਤਕਾਰ ਤੇ ਸਨਮਾਨ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਵਿਸ਼ੈ ਤੇ ਜਨਤਕ ਤੌਰ ਤੇ (ਜੈਸਾ ਕੇ ਤੱਤ ਗੁਰਮਤਿ ਪਰਿਵਾਰ ਦਾ ਆਦੇਸ਼ ਹੈ) ਅਪਣਾ ਪੱਖ ਰਖ ਰਿਹਾ ਹਾਂ। ਤੱਤ ਗੁਰਮਤਿ ਪਰਿਵਾਰ ਵਲੋਂ ਉਠਾਏ ਗਏ ਮੁੱਦੇ ਵਿਚ ਦੋ ਨੁਕਤੇ ਹਨ, ਪਹਿਲਾ - ਇਕਬਾਲ ਸਿੰਘ ਢਿਲੋਂ ਵਲੋਂ ਛੇੜੀ ਗਈ ਉਸ ਚਰਚਾ ਬਾਰੇ। ਦੂਜਾ- ਪੁਜਾਰੀ ਵਾਦ ਦਾ ਜਾਗਰੂਕ ਧਿਰ ਤੇ ਇਕ ਹੋਰ ਹਮਲਾ। ਜਿਨ੍ਹਾਂ ਦੋਹਾਂ ਤੇ ਦਾਸ ਨੂੰ ਅਪਣਾ ਬਿਆਨ ਜਾਰੀ ਕਰਨ ਲਈ ਤੱਤ ਗੁਰਮਤਿ ਪਰਿਵਾਰ ਵਲੋਂ ਕਹਿਆ ਗਇਆ ਹੈ।

ਪਹਿਲਾਂ ਗਲ ਕਰਨਾ ਚਾਹਾਂਗਾ, ਉਸ ਚਰਚਾ ਬਾਰੇ-ਸਿੱਖ ਮਾਰਗ ਤੇ ਕਈ ਵਾਰ ਗਿਆਨ ਤੇ ਖੋਜ ਦੇ ਨਾਮ ਤੇ ਕਈ ਐਸੇ ਵਿਸ਼ੈ ਲਏ ਜਾਂਦੇ ਹਨ ਜਿਨਾਂ ਦੀ ‘ਜਨਤਕ ਤੌਰ’ ਤੇ ਕੋਈ ਚਰਚਾ ਕਰਨੀ ਹੀ ਜਾਇਜ ਨਹੀਂ। ਮੈਂ ਅਪਣੇ ਲੇਖਾਂ ਵਿਚ ਕਈ ਵਾਰ ਇਹ ਲਿੱਖ ਚੁਕਾਂ ਹਾਂ, ਕਿ ਕਈ ਗਲਾਂ ਐਸੀਆਂ ਵੀ ਹੁੰਦੀਆਂ ਨੇ, ਜਿਨ੍ਹਾਂ ‘ਤੇ ਚਰਚਾ ਕਰਨ ਵੇਲੇ ਘਰ ਦੇ ਸਿਆਣੇ ਵਡੇਰੇ, ਘਰ ਦੇ ਬੱਚਿਆਂ ਨੂੰ ਬਾਹਰ ਜਾਣ ਲਈ ਕਹਿ ਦੇਂਦੇ ਨੇ, ਜਾਂ ਉਨ੍ਹਾਂ ਸਾਮ੍ਹਣੇ ਉਸ ਵਿਸ਼ੇ ‘ਤੇ ਉਹ ਚਰਚਾ ਨਹੀਂ ਕਰਦੇ। ਉਸ ਦਾ ਕਾਰਣ ਸਿਰਫ ਇਨਾਂ ਹੀ ਹੁੰਦਾ ਹੈ ਕੇ, ਉਨ੍ਹਾਂ ਬੱਚਿਆਂ ਦੀ ‘ਕੱਚੀ ਸੋਚ’ ਉਸ ਵਿਸ਼ੇ ਨੂੰ ਸਮਝਣ ਤੇ ਉਸ ਤੇ ਕੋਈ ਨਿਰਣਾ ਲੈਣ ਦੀ ਬਜਾਇ, ਉਨ੍ਹਾਂ ਨੂੰ ਕਈ ਪ੍ਰਕਾਰ ਦੇ ਭੰਬਲਭੁਸਿਆਂ ਵਿੱਚ ਪਾ ਸਕਦੀ ਹੈ। ਇਨਾਂ ਪੰਥਿਕ ਵੇਬਸਾਈਟਾਂ ਨੂੰ ਕੌਮ ਦਾ ਹਰ ਲੈਵਲ ਦਾ ਪਾਠਕ ਵਰਗ ਪੜ੍ਹਦਾ ਹੈ। ਜੋ ਵਰਗ ਹਲੀ ਗੁਰਮਤਿ ਤੋਂ ਅੰਜਾਣ ਹੈ ਤੇ ਉਸ ਬਾਰੇ ਹਲੀ ਉਹ ਕੁੱਝ ਜਾਨਣ ਦੀ ਕੋਸ਼ਿਸ਼ ਹੀ ਕਰ ਰਿਹਾ ਹੁੰਦਾ ਹੈ, ਉਹ ਇਨੇ ਭਾਰੀ ਭਰਕਮ ਵਿਸ਼ੇ ਨੂੰ ਕਿਵੇਂ ਪਚਾ ਸਕਦਾ ਹੈ? ਇਹ ਸਭ ਪੜ੍ਹ ਕੇ ਉਸ ਦੇ ਮੰਨ ਵਿਚ ‘ਆਸਥਾ ਤੇ ਵਿਸ਼ਵਾਸ਼’ ਦੀ ਉਹ ਕੰਧ ਚਰਮਰਾ ਕੇ ਢਹਿ ਜਾਂਦੀ ਹੈ, ਜਿਸਨੂੰ ਉਸਾਰਨ ਲਈ ਉਹ ਸਹੀ ਸੇਧ ਤੇ ਗਿਆਨ ਰੂਪੀ ਇੱਟਾਂ ਤੇ ਗਾਰੇ ਦਾ ਬ ਮੁਸ਼ਕਿਲ ਜੁਗਾੜ ਹੀ ਕਰ ਪਾਇਆ ਹੂੰਦਾ ਹੈ।

ਇਕਬਾਲ ਸਿੰਘ ਢਿਲੋਂ ਨੇ (ਜਿਨ੍ਹਾਂ ਦੀ ਵਿਦਵਤਾ ਦੀ ਪੈਰਵੀ ਤੱਤ ਗੁਰਮਤਿ ਪਰਿਵਾਰ ਅਪਣੇ ਸੰਪਾਦਕੀ ਵਿਚ ਕਰ ਰਹੇ ਹਨ।) ਹਮੇਸ਼ਾਂ ਹੀ ਅਪਣੇ ਲੇਖਾਂ ਵਿਚ ਉਨਾਂ ਵਿਸ਼ਿਆਂ ਨੂੰ ਹੀ ਚੁਣਿਆ ਹੈ ਜੋ ‘ਜਨਤਕ ਤੌਰ’ ਤੇ ਚਰਚਾ ਲਈ ਜਾਇਜ ਨਹੀਂ ਸਨ। ਜੇ ਇਕਬਾਲ ਸਿੰਘ ਢਿਲੋਂ ਨੂੰ ਅਪਣੀ ‘ਵਿਦਵਤਾ ਨੂੰ ਉਗਲਣ’ ਦੀ ਇਨੀ ਹੀ ਤਾਂਘ ਹੈ, ਤੇ ਉਹ ਇਸ ਲਈ ਆਪਣੀ ਵਖਰੀ ਕਿਤਾਬ ਛਾਪਕੇ, ਜਾਂ ਕੋਈ ਥੀਸਿਸ ਲਿਖਕੇ ਉਸ ਨੂੰ ਹੋਰ ਵਿਦਵਾਨਾਂ ਵਾਂਗ ਜਾਰੀ ਕਰਕੇ ਇਸ ਝਸ ਨੂੰ ਪੂਰਾ ਕਰ ਸਕਦੇ ਨੇ। ਉਹ ਹੀ ਇਸ ਕਿਤਾਬ ਨੂੰ ਪੜ੍ਹੇਗਾ ਜੋ ਇਸ ਵਿਸ਼ੈ ਨੂੰ ਜਾਨਣ ਦਾ ਜਿਗਿਆਸੂ ਹੋਵੇਗਾ। ਉਨਾਂ ਵਲੋਂ ਉਠਾਏ ਗਏ ਵਿਸ਼ਿਆਂ ਤੇ ਜੇ ਇਤਰਾਜ ਕਰੀਏ ਤੇ ਆਪ ਜੀ ਵਰਗੇ ਉਦਾਰਵਾਦੀ ਫੇਰ ਇਤਰਾਜ ਕਰਨ ਵਾਲਿਆਂ ਨੂੰ ‘ਸੰਪ੍ਰਦਾਈ’, ‘ਗੁਲਾਮ ਰੂੜੀਵਾਦੀ’ ‘ਹਾਲ ਦੁਹਾਈ ਪਾਣ ਵਾਲੇ’ ਤੇ ‘ਫਤਵੇ ਜਾਰੀ ਕਰਨ ਵਾਲੇ’ ਤੇ ਹੋਰ ਕਈ ਪ੍ਰਕਾਰ ਦੇ ਅਲੰਕਾਰਾਂ ਨਾਲ ਸਨਮਾਨਿਤ ਕਰ ਦੇਂਦੇ ਹਨ। ਲੇਕਿਨ ਜੇ ਹਰ ਵਿਸ਼ੇ ‘ਤੇ ਜਨਤਕ ਤੌਰ ਤੇ ਚਰਚਾ ਕਰਨਾ ਜਾਇਜ ਹੈ ਅਤੇ ਇਹ ਵਿਦਵਤਾ, ਗਿਆਨ, ਅਤੇ ਖੋਜ ਦੇ ਦਾਇਰੇ ਵਿਚ ਆਂਉਦੀ ਹੈ (ਆਪ ਜੀ ਦੇ ਅਨੁਸਾਰ ) ਤੇ ਉਨਾਂ ਲੇਖਾਂ ਵਿਚ ‘ਸੁਹਿਰਦਤਾ’ ਦੇ ਨਾਮ ਤੇ ਜੋ ਸ਼ਬਦਾਵਲੀ ਵਰਤੀ ਜਾਂਦੀ ਉਸ ਨੂੰ ਅਸੀ ਕਿਸੇ ਪਖੋਂ ਜਾਇਜ ਨਹੀਂ ਕਹਿ ਸਕਦੇ।

ਇਸ ਸ਼ਬਦਾਵਲੀ ਨੂੰ ਵਰਤਨ ਪਿਛੇ ਲਿਖਾਰੀ ਦੀ ਜੋ ਨੀਯਤ ਸਾਮ੍ਹਣੇ ਆਂਉਦੀ ਹੈ, ਉਹ ਉਸ ਨੂੰ ਆਪ ਹੀ ਸ਼ੱਕ ਦੇ ਦਾਇਰੇ ਵਿੱਚ ਲਿਆ ਕੇ ਖੜਾ ਕਰ ਦੇਂਦੀ ਹੈ। ਜੇ ਸਰਬਜੀਤ ਸਿੰਘ ਵਰਗੇ ਹੋਰ ਵਿਦਵਾਨ ਇਨ੍ਹਾਂ ਨੂੰ ਕਿਸੇ ‘ਅਜੇਂਸੀ ਦਾ ਬੰਦਾ’ ਜਾਂ ‘ਕਾਮਰੇਡ’ ਕਹਿ ਕੇ ਲਿਖਦੇ ਹਨ ਤੇ ਇਸ ਵਿਚ ਤੁਹਾਨੂੰ ਇਤਰਾਜ ਨਹੀਂ ਹੋਣਾ ਚਾਹੀਦਾ? ਕਿਉਂਕਿ ਉਨਾਂ ਦਾ ਐਸਾ ਲਿਖਣਾ ਵਰਤੀ ਗਈ ਗਲਤ ਸ਼ਬਦਾਵਲੀ ਦਾ ਪ੍ਰਤੀਕਰਮ ਹੀ ਹੁੰਦਾ ਹੈ, ਉਨ੍ਹਾਂ ਦਾ ਦੋਸ਼ ਨਹੀਂ। ਕਦੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਤੇ ਚਰਚਾ ਦਾ ਬਹਾਨਾ ਕਰਕੇ, ਉਸ ਦੇ ਮੌਜੂਦਾ ਸਰੂਪ ਜਿਸਨੂੰ ਪੰਥ ਸ਼ਬਦ ਗੁਰੂ ਦੇ ਰੂਪ ਵਿੱਚ ਮੱਥਾ ਟੇਕਦਾ ਹੈ, ਨੂੰ ‘ਨਕਲੀ ਬੀੜ’ ਕਹਿ ਕੇ ਲਿਖਣਾ, ਕਦੀ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨਾਂ ਨੂੰ ‘ਭੁਲੜ” ਸਾਬਿਤ ਕਰਨਾ, ਕਦੀ ਅਕਾਲ ਤਖਤ ਸਾਹਿਬ ਜੋ ਸਿੱਖ ਕੌਮ ਦੀ ਆਜ਼ਾਦ ਹਸਤੀ ਤੇ ਵਖਰੀ ਹੋਂਦ ਦਾ ਇੱਕ ਸਿਧਾਂਤ ਤੇ ਵਿਵਸਥਾ ਹੈ, ਨੂੰ ‘ਅਖੌਤੀ ਅਕਾਲ ਤਖਤ’, ‘ਨਕਲੀ ਅਕਾਲ ਤਖਤ’ ਇਕ ‘ਅਡਾ’ ‘ਥੜਾ’ ਤੇ ਗੁਰੂ ਦੀ ‘ਰਿਹਾਇਸ਼ ਗਾਹ” ਐਲਾਨ ਕਰਨਾ, ਆਪ ਜੀ ਦੀ ਨਜਰ ਵਿਚ ਤੇ ਵਿਦਵਤਾ ਤੇ ਗਿਆਨ ਦਾ ਕੋਈ ਪਹਿਲੂ ਹੋ ਸਕਦਾ ਹੈ। ਇਸ ਸ਼ਬਦਾਵਲੀ ਨੂੰ ਪੰਥ ਦੀ ਕਿਸੇ ਸਤਕਾਰਤ ਸ਼ਖਸ਼ਿਯਤ ਜਾਂ ਅਦਾਰੇ ਜਾਂ ਵਿਵਸਥਾ ਪ੍ਰਤੀ ਵਰਤਣਾ, ਮੇਰੀ ਨਜਰ ਵਿੱਚ ਵਿਦਵਤਾ ਦਾ ਇਕ ਵਿਕ੍ਰਤ ਰੂਪ ਹੀ ਹੋ ਸਕਦਾ ਹੈ। ਜਾਂ ਕਿਸੇ ਖਾਸ ਟੀਚੇ ਤੇ ਮਕਸਦ ਦੀ ਪੂਰਤੀ ਲਈ ਜਾਣ ਬੁਝ ਕੇ ਕੀਤੀ ਗਈ ਸ਼ਰਾਰਤ ਹੀ ਹੋ ਸਕਦਾ ਹੈ।

ਗਿਆਨ ਤੇ ਖੋਜ ਦੀ ਜਰੂਰਤ ਨੂੰ ਅਸੀਂ ਕਿਤੇ ਵੀ ਆਪਣੇ ਤੋਂ ਲਾਂਭ੍ਹੇ ਕਰਨ ਦੇ ਹੱਕ ਵਿੱਚ ਨਹੀਂ ਹਾਂ ਤੇ ਨਾਂ ਹੀ ‘ਰੂੜੀਵਾਦੀ ਸਿਧਾਂਤ ਹੀਣ ਵਿਚਾਰ ਧਾਰਾ’ ਦੇ ਹਿਮਾਇਤੀ ਹਾਂ, ਲੇਕਿਨ ਉਸ ਚਰਚਾ ਵਿੱਚ ਭਾਗ ਲੈਣ ਵਾਲੇ ਦੀ ਨੀਯਤ ਵੀ ਸਾਫ ਤੇ ਸਪਸ਼ਟ ਹੋਣੀ ਜਰੂਰੀ ਹੈ, ਉਹ ਚਰਚਾ ਗਿਆਨ ਲੈਣ ਤੇ ਗਿਆਨ ਦੇਣ ਦਾ ਸਾਧਨ ਬਣੇ, ਨਾ ਕਿ ਆਪਣੀ ਕਹੀ ਗਲ ਨੂੰ ਹਰ ਹੀਲੇ ਦੂਜਿਆਂ ਤੇ ਥੋਪਣ ਦੀ ਗਲ ਕੀਤੀ ਜਾਵੇ। ਜੋ ਨਾ ਮਨੇ, ਉਸ ਨੂੰ ਬਾਹਰ ਨਿਕਲ ਜਾਣ ਦੀ ਸਜਾ ਦੇ ਦਿਤੀ ਜਾਏ। ਮਹੀਨਿਆਂ ਤੋਂ ਚਲ ਰਹੀ ਇਸ ਬਹਿਸ ਵਿ ਚ ਇਕ ਵਾਰ ਵੀ ਦਸ ਦਿਉ ਕਿ, ਇਕਬਾਲ ਸਿੰਘ ਨੇ ਹਰਦੇਵ ਸਿੰਘ ਜੰਮੂ, ਚਰਨਜੀਤ ਸਿੰਘ ਬਰੈਮਪਟਨ, ਜਸਬੀਰ ਸਿੰਘ ਕੈਲਗਰੀ ਤੇ ਹੋਰ ਕਿਸੇ ਵੀ ਵਿਦਵਾਨ ਦੀ ਇਕ ਗਲ ਨੂੰ ਵੀ ਸਵੀਕਾਰ ਕੀਤਾ ਹੋਵੇ। ਕੀ ਉਹ ਹੀ ਸਭ ਤੋਂ ਵਧ ਸਿਆਣੇ ਤੇ ਵਿਦਵਾਨ ਹਨ? ਇਸ ਚਰਚਾ ਵਿਚ ਹਿੱਸਾ ਲੈਣ ਵਾਲੇ ਹੋਰ ਸਾਰੇ ਵਿਦਵਾਨ ਫੇਰ ਆਪਣਾ ਟਾਈਮ ਹੀ ਖਰਾਬ ਕਰਨ ਲਈ ਇਸ ਵਿਚ ਰੁਝੇ ਹਨ? ਜੇ ਉਨ੍ਹਾਂ ਦਾ ਲਿਖਿਆ ਹੀ ਪਥਰ ਦੀ ਲਕੀਰ ਹੈ ਫੇ ਉਸਨੂੰ ਚਰਚਾ ਦਾ ਰੂਪ ਦੇਣ ਦਾ ਕੀ ਮੰਤਵ ਰਹਿ ਜਾਂਦਾ ਹੈ? ਅਪਣੀ ਗਲ ਨੂੰ ਹੀ ਅੰਤਿਮ ਸਚ ਸਾਬਿਤ ਕਰਨ ਲਈ ਸੁਹਿਰਦ ਸ਼ਬਦਾਵਲੀ ਦੀ ਆੜ ਵਿਚ, ਦੂਜੇ ਦੀ ਹਰ ਗਲ ਨੂੰ ਕਟਣਾਂ ਤੇ ਸਤਿਕਾਰਤ ਸ਼ਖਸ਼ਿਯਤਾਂ ਤੇ ਅਦਾਰਿਆਂ ਬਾਰੇ ਗਾਲਾਂ ਨਾਲੋਂ ਮਾੜੀ ਸ਼ਬਦਾਵਲੀ ਵਰਤਨ ਦਾ ਅਸੀਂ ਸਮਰਥਨ ਨਹੀਂ ਕਰ ਸਕਦੇ।

ਆਪ ਜੀ ਵੀ ਸ਼ਾਇਦ ਇਹ ਨੁਕਤਾ ਸਮਝ ਨਹੀਂ ਸਕੇ ਜਾਂ ਜਾਣਬੁਝ ਕੇ ਉਸ ਤੋ ਅੰਜਾਣ ਬਣੇ ਹੋਏ ਹੋ, ਕਿ ਕਿਸੇ ਵੀ ਸਿਧਾਂਤ ਤੇ ਵਿਵਸਥਾ ਨੂੰ ਸਿਰਫ ਇਸ ਲਈ ਰੱਦ ਨਹੀਂ ਕੀਤਾ ਜਾ ਸਕਦਾ, ਕਿ ਉਸ ਤੇ ਕੁਝ ਗਲਤ ਲੋਕਾਂ ਤੇ ‘ਬੁਰਛਾਗਰਦਾਂ’ ਦਾ ਕਬਜਾ ਹੋ ਗਿਆ ਹੋਵੇ। ਉਸ ਸੰਸਥਾ, ਵਿਵਸਥਾ ਜਾਂ ਅਦਾਰੇ ਨੂੰ ਅਸੀਂ ਉਨਾਂ ਅੰਨਸਰਾਂ ਤੋ ਅਜਾਦ ਕਰਵਾਉਣ ਦੀ ਬਜਾਇ, ਉਸ ਵਿਵਸਥਾ ਤੇ ਸਿਧਾਂਤ ਨੂੰ ਹੀ ਪੂਰੀ ਤਰ੍ਹਾਂ ਰੱਦ ਕਰ ਦੇਣ ਲਈ ਵਕਾਲਤ ਕਰੀਏ, ਉਹ ਵੀ ਉਸ ਨੂੰ ‘ਅਖੌਤੀ’ ,‘ਨਕਲੀ’ ਤੇ ‘ਅਡਾ’ ਐਲਾਨ ਕਰ ਕੇ। ਇਹ ਕਿਥੋਂ ਦੀ ਵਿਦਵਤਾ ਹੈ? ਐਸੇ ਵਿਦਵਾਨਾਂ ਨੂੰ ਅਸੀਂ ਖੁਲੀ ਛੁਟ ਨਹੀਂ ਦੇ ਸਕਦੇ, ਕਿ ਉਹ ਅਕਾਲ ਤਖਤ ਦੀ ਇੱਜਤ ਨੂੰ ਨਕਲੀ ਤੇ ਅਖੌਤੀ ਕਹਿ ਕੇ ਰੋਲਦੇ ਰਹਿਣ, ਤੇ ਅਸੀਂ ਚੁਪ ਚਾਪ ਉਸ ਨੂੰ ਬਰਦਾਸ਼ਤ ਕਰਦੇ ਰਹਿਏ। ਅਕਾਲ ਤਖਤ ਦਾ ਸਤਕਾਰ ਘਟਾ ਕੇ, ਇਹ ਕੌਮ ਦਾ ਨੁਕਸਾਨ ਹੀ ਕਰ ਰਹੇ ਨੇ ਫਾਇਦਾ ਨਹੀਂ।

ਆਪ ਜੀ ਇਸ ਵਿਦਵਾਨ ਦੀ ਵਿਦਵਤਾ ਦੀ ਪੈਰਵੀ ਤੇ ਬਹੁਤ ਜੋਰ ਸ਼ੋਰ ਨਾਲ ਕੀਤੀ, ਲੇਕਿਨ ਇਸ ਦੇ ਲੇਖਾਂ ਵਿੱਚ ਇਸ ਦੀ ਮਾੜੀ ਨੀਯਤ ਨੂੰ ਉਜਾਗਰ ਕਰਦੇ ਉਨਾਂ ‘ਸ਼ਬਦਾਂ’ ਪ੍ਰਤੀ ਆਪਜੀ ਨੇ ਅਜ ਤਕ ਕੋਈ ਜਿਕਰ ਨਹੀਂ ਕੀਤਾ। ਇਸ ਤੋਂ ਸਾਬਿਤ ਹੁੰਦਾ ਹੈ, ਕਿ ਆਪ ਉਸ ਲੇਖਕ ਦੀ ਇਸ ਸ਼ਬਦਾਵਲੀ ਦੇ ਵੀ ਪੈਰੋਕਾਰ ਹੋ। ਦਾਸ ਆਪ ਜੀ ਕੋਲੋਂ ਇਹ ਜਵਾਬ ਮੰਗਦਾ ਹੈ, ਕਿ ਅਕਾਲ ਤਖਤ ਦੇ ਸਿਧਾਂਤ ਨੂੰ ਕੀ ਤੁਸੀਂ ‘ਅਖੌਤੀ ਅਕਾਲ ਤਖਤ”, ‘ਨਕਲੀ ਅਕਾਲ ਤਖਤ” ਤੇ ‘ਅਡਾਂ’ ਕਹਿਨ ਦੇ ਹਕ ਵਿਚ ਹੋ? ਜੇ ਨਹੀਂ ਤਾਂ ਇਸ ਵਿਦਵਾਨ ਦੀ ਪੈਰਵੀ ਕਰਨ ਵੇਲੇ ਤੇ ਉਸ ਤੋਂ ਪਹਿਲਾਂ ਤੁਸੀਂ ਇਸ ਤੇ ਮੌਨ ਧਾਰਣ ਕਿਉਂ ਕੀਤੀ ਹੋਈ ਹੈ?
ਦਾਸ ਨਾ ਤੇ ਇਥੇ ਕਿਸੇ ਵੀ ਬੇਲੋੜੀ ਚਰਚਾ ਦਾ ਹਿੱਸਾ ਬਨਣ ਦਾ ਚਾਹਵਾਨ ਹੈ, ਤੇ ਨਾਂ ਹੀ ਮੇਰੇ ਕੋਲ ਇਨਾਂ ਟਾਈਮ ਹੀ ਹੈ। ਜੈਸਾ ਕੇ ਪਹਿਲਾਂ ਵੀ ਲਿਖ ਚੁੱਕਾ ਹਾਂ, ਕਿ ਤੱਤ ਗੁਰਮਤਿ ਪਰਿਵਾਰ ਨਾਲ ਸਾਡੇ ਕੁੱਝ ਥਾਵਾਂ ਤੇ ਵਿਚਾਰਕ ਮਤਭੇਦ ਤਾਂ ਹੋ ਸਕਦੇ ਨੇ, ਲੇਕਿਨ ਉਹ ਪੰਥ ਦੀ ਇਕ ਜਾਗਰੂਕ ਧਿਰ ਹੈ, ਤੇ ਜੇ ਕੌਮ ਦੀ ਕੋਈ ਜਾਗਰੂਕ ਧਿਰ ਮੇਰੇ ਵਰਗੇ ਤੁੱਛ ਬੰਦੇ ਕੋਲੋਂ ਜਨਤਕ ਤੌਰ ਤੇ ਆਪਣਾ ਬਿਆਨ ਜਾਰੀ ਕਰਨ ਲਈ ਕਹੇ, ਤੇ ਉਸ ਦੀ ਅਣਗਹਿਲੀ ਕਰਨਾਂ ਵੀ ਮੇਰੇ ਲਈ ਮੁਮਕਿਨ ਨਹੀਂ ਹੈ।

ਉਸ ਲੇਖਕ ਦੀ ਪੈਰਵੀ ਤੇ ਸਮਰਥਨ ਵਿਚ ਖੜੇ ਹੋਣ ਵੇਲੇ ਉਸ ਦੀ ਵਿਦਵਤਾ ਦੇ ਕੁੱਝ ਪਹਿਲੂਆਂ ਨੂੰ ਆਪ ਸਾਫ ਤੌਰ ਤੇ ‘ਇਗਨੋਰ’ ਕਰ ਜਾਂਦੇ ਹੋ, ਜਿਨਾਂ ਦਾ ਜਿਕਰ ਵੀਰ ਹਰਦੇਵ ਸਿੰਘ ਜੰਮੂ. ਚਰਣਜੀਤ ਸਿੰਘ ਬਰੈਂਪਟਨ, ਜਸਬੀਰ ਸਿੰਘ ਕੈਲਗਰੀ ਤੇ ਵੀਰ ਗੁਰਮੁਖ ਸਿੰਘ ਨੇ ਸਿੱਖ ਮਾਰਗ ਤੇ ਕੀਤਾ ਹੈ (ਵੀਰ ਗੁਰਮੁਖ ਸਿੰਘ ਜੀ ਦੀਆਂ ਕੁਝ ਲਾਈਨਾਂ 27.04.11ਤੇ 28.04.11 ਸਿੱਖ ਮਾਰਗ ਪੜ੍ਹੋ)। ਤੁਹਾਨੂੰ ਵੀਰ ਸਰਬਜੀਤ ਸਿੰਘ ਤੇ ਬਹੁਤ ਨਾਰਾਜਗੀ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਲੇਖ ਵਿਚ ਸੱਚ ਦੀ ਗਲ ਕੀਤੀ। ਤੁਹਾਨੂੰ ਮੇਰੇ ਤੋਂ ਵੀ ਬਹੁਤ ਨਰਾਜਗੀ ਹੈ, ਕਿਉਂਕਿ ਮੈਂ ‘ਗੁਰੂਪਦ’ ਵਾਲੇ ਮੁੱਦੇ ਦੀ ਅਲੋਚਨਾਂ ਆਪਣੀ ਕਵਿਤਾ ਵਿੱਚ ਕੀਤੀ, ਜਿਸਨੂੰ ਆਪਨੇ ਜਜਬਾਤ ਵਿਚ ਲਿਖੀ ਕਵਿਤਾ ਕਹਿਕੇ ਛਾਪਣ ਤੋਂ ਇਨਕਾਰ ਕਰ ਦਿਤਾ। ਵੀਰ ਜੀ ਤੁਸੀ ਸਾਨੂੰ ‘ਫਤਵੇ ਜਾਰੀ ਕਰਨ ਵਾਲੇ’ ਜਾਂ ‘ਹਾਲ ਦੁਹਾਈ ਪਾਉਣ ਵਾਲੇ’ ਕੁੱਝ ਵੀ ਲਿਖੋ ਸਾਨੂੰ ਬੁਰਾ ਨਹੀਂ ਲਗਦਾ ਕਿਉਂਕਿ ਆਪ ਜੀ ਦੀ ਹੀ ਨਸੀਹਤ ਹੈ, ਤੁਸਾਂ ਹੀ ਸਾਨੂੰ ਸਿਖਾਇਆ ਹੈ ਕੇ ‘ਅਸੀ ਹਰ ਗਲ ਨੂੰ ਹਾਂ ਪਖੀ ਸੋਚ ਨਾਲ ਸਵੀਕਾਰ ਕਰਨਾ ਹੈ’। ਅਸੀਂ ਇਸ ਤੇ ਅਮਲ ਵੀ ਕਰਨਾ ਸ਼ੁਰੂ ਕਰ ਦਿਤਾ ਹੈ, ਪਰ ਕੀ ਤੁਸੀਂ ਇਸ ਤੇ ਆਪ ਅਮਲ ਕਰਦੇ ਹੋ?

ਵੀਰੋ! ਜੋ ਗਲ ਤੁਸੀਂ ਕਹਿ ਦਿਉ ਉਸ ਤੋਂ ਜੇ ਅਸੀ ਸਹਿਮਤ ਨਾ ਹੋਈਏ, ਜੇ ਅਸੀਂ ਉਸ ਗਲ ਦਾ ਸਮਰਥਨ ਨਾਂ ਕਰੀਏ ਤੇ ਤੁਸੀਂ ਝੱਟ ਨਰਾਜ ਹੋ ਜਾਂਦੇ ਹੋ, ਤੇ ਉਸ ਦੀ ਆਲੋਚਨਾ ਹਰ ਅਖਰ ਦਾ ਪੋਸਟ ਮਾਰਟਮ ਕਰ ਕਰ ਕੇ ਕਰਦੇ ਹੋ। ਵੀਰ ਜੀਉ! ਜੇ ਤੁਸੀਂ ਸਾਡੀਆਂ ਕੁੱਝ ਗਲਾਂ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਸ ਦੀ ਆਲੋਚਨਾ ਕਰ ਸਕਦੇ ਹੋ, ਤੇ ਇਹ ਅਧਿਕਾਰ ਸਾਨੂੰ ਵੀ ਤੇ ਬਰਾਬਰ ਦਾ ਹੈ, ਕਿ ਤੁਹਾਡੀ ਜਿਸ ਗਲ ਨਾਲ ਵਿਚਾਰਕ ਰੂਪ ਵਿਚ ਅਸੀਂ ਸਹਿਮਤ ਨਹੀਂ, ਉਸ ਦਾ ਪ੍ਰਗਟਾਵਾ ਅਸੀਂ ਵੀ ਕਰ ਸਕਦੇ ਹਾਂ। ਵੀਰ ਜੀ ਤੁਸੀਂ ਤੇ ਨਾਮ ਲਿਖ ਲਿਖ ਕੇ ਆਪਣੇ ‘ਹਮਸਫਰ ਵੀਰਾਂ’ ਦੀ ਆਲੋਚਨਾ ਕਰਦੇ ਹੋ, ਫੇਰ ਵੀ ਅਸੀਂ ਸਿਰ ਮੱਥੇ ਤੇ ਉਸ ਨੂੰ ਸਵੀਕਾਰ ਕਰਦੇ ਹਾਂ, ਲੇਕਿਨ ਤੁਸੀਂ ਤੇ ਅਪਣੀ ਅਸਿਧੇ ਤੌਰ ਤੇ ਕੀਤੀ ਗਈ ਆਲੋਚਨਾ ਨੂੰ ਵੀ ਬਰਦਾਸ਼ਤ ਨਹੀਂ ਕਰਦੇ। ਇਸ ਦਾ ਮਤਲਬ ਤਾਂ ਇਹ ਹੈ ਕਿ ਜੋ ਆਪ ਕਹੋ ਉਹ ਇਕ ‘ਫਤਵਾ’ ਮਨ ਕੇ ਸਾਰੇ ਮੰਨ ਲੈਣ ਤੇ ਤੁਸੀਂ ਖੁਸ਼ ਹੋ, ਕਿਉਂਕਿ ਤੁਸੀਂ ਆਪਣੀ ਸੋਚ ਨੂੰ ਹੀ ਅੰਤਿਮ ਸੱਚ ਮਨਵਾਉਣਾਂ ਚਾਹੁੰਦੇ ਹੋ। ਵੀਰ ਜੀ ਤੁਸੀ ਹਾਂ ਪੱਖੀ ਸੋਚ ਦਾ ਹੋਕਾ ਦੇਂਦੇ ਹੋ, ਇਸ ਲਈ ਤੁਹਾਨੂੰ ਇਹ ਗਲ ਨਹੀਂ ਫਬਦੀ। ਫਤਵੇ ਕੌਣ ਜਾਰੀ ਕਰ ਰਿਹਾ ਹੈ, ਇਸ ਗਲ ਦਾ ਫੈਸਲਾ ਤੇ ਪੜਚੋਲ ਆਪ ਖੁਦ ਕਰੋ ਜੀ। ਹਾਂ ਜਿਸ ਇਕਬਾਲ ਸਿੰਘ ਢਿਲੋਂ ਦੀ ਤੁਸੀਂ ਪੈਰਵੀ ਤੇ ਸਮਰਥਨ ਵਿਚ ‘ਅਚਾਨਕ’ ਸਾਮ੍ਹਣੇ ਆ ਕੇ ਖੜੇ ਹੋ ਗਏ ਹੋ, ਉਸ ਵਿਚ ਵੀ ਇਹ ‘ਟੇਂਨਡੇਂਸੀ’ ਹੈ ਕੇ ਉਹ ਜੋ ਲਿਖ ਦੇਂਦਾ ਹੈ, ਉਸ ਨੂੰ ਹੀ ਅੰਤਿਮ ਸੱਚ ਮੰਨਦਾ ਹੈ, ਭਾਵੇਂ ਉਸ ਸੋਚ ਦੇ ਖਿਲਾਫ ਤੁਸੀਂ ਕਿੰਨੇ ਹੀ ਸਬੂਤ, ਪ੍ਰਮਾਣ ਤੇ ‘ਲਾਜਿਕ’ ਪੇਸ਼ ਕਰੋ, ਉਹ ਟਸ ਤੋਂ ਮਸ ਨਹੀਂ ਹੁੰਦਾ। ਜੋ ਉਸ ਨੇ ਕਹਿ ਦਿਤਾ ਉਹ ਹੀ ਅੰਤਿਮ ਸੱਚ ਹੈ, ਬਾਕੀ ਸਭ ਝੂਠ। ਇਹ ਵਿਦਵਤਾ ਦੀ ਨਿਸ਼ਾਨੀ ਨਹੀਂ ਬਲਕਿ ‘ਹਉਮੇ’ ਤੇ ‘ਅਹੰਕਾਰ’ ਦਾ ਪ੍ਰਗਟਾਵਾ ਹੈ।

ਉਨ੍ਹਾਂ ਦੇ ਲੇਖਾਂ ਦੇ ਬਾਰੇ ਬਹੁਤ ਕੁੱਝ ਲਿਖਣ ਦੀ ਲੋੜ ਨਹੀਂ ਕਿਉਂਕਿ ਇਸ ਬਾਰੇ ਵੀਰ ਹਰਦੇਵ ਸਿੰਘ ਜੰਮੂ, ਵੀਰ ਚਰਨਜੀਤ ਸਿੰਘ ਬਰੈਂਪਟਨ, ਜਸਬੀਰ ਸਿੰਘ (ਕੇਲਗਰੀ) ਤੇ ਵੀਰ ਸਰਬਜੀਤ ਸਿੰਘ, ਇੰਡੀਆ ਅਵੇਅਰਨੇਸ ਵਾਲਿਆਂ ਨੇ ਪਹਿਲਾਂ ਵੀ ਬਹੁਤ ਕੁਝ ਲਿਖ ਦਿਤਾ ਹੈ, ਜੋ ਆਪ ਸਮੇਤ ਸਾਰੇ ਪਾਠਕਾਂ ਨੇ ਬਹੁਤ ਧਿਆਨ ਨਾਲ ਪੜ੍ਹਿਆ ਹੋਣਾ ਹੈ। ਵੀਰ ਗੁਰਮੁਖ ਸਿੰਘ ਜਿਨਾਂ ਨੇ ਕੁਝ ਲਾਈਨਾਂ ਵਿਚ ਹੀ ਇਕਬਾਲ ਸਿੰਘ ਢਿਲੋਂ ਨੂੰ ਜੋ ਸ਼ੀਸ਼ਾ ਦਿਖਾ ਦਿਤਾ ਹੈ, ਉਹ ਕੋਈ ਪੂਰਾ ਗ੍ਰੰਥ ਲਿਖ ਕੇ ਵੀ ਨਹੀਂ ਦਿਖਾ ਸਕਦਾ (27 ਤੇ 28 ਮਾਰਚ ਸਿੱਖ ਮਾਰਗ ਵਿਚ ਇਨਾਂ ਦੇ ਖਤ ਪੜ੍ਹੋ ਜੀ)। ਮੈਂ ਇਹ ਸਭ ਇਸ ਲਈ ਨਹੀਂ ਲਿਖ ਰਿਹਾ ਕਿ ਮੈਂ ਇਕਬਾਲ ਸਿੰਘ ਢਿਲੋ ਦੇ ਲੇਖਾਂ ਵਿਚ ਵਰਤੀ ਗਈ ਸ਼ਬਦਾਵਲੀ ਦੇ ਹੱਕ ਵਿੱਚ ਨਹੀਂ। ਜੇ ਸਾਨੂੰ ਹਾਂ ਪੱਖੀ ਸੋਚ ਦੀ ਪੈਰੋਕਾਰੀ ਕਰਨੀ ਹੈ, ਤੇ ਸੱਚੇ ‘ਸਮਰਥਨ’ ਤੇ ਸਚੇ ‘ਵਿਰੋਧ’ ਦੋਹਾਂ ਦਾ ਸਨਮਾਨ ਬਰਾਬਰ ਕਰਨਾ ਪਵੇਗਾ।

ਇਕਬਾਲ ਸਿੰਘ ਢਿਲੋਂ ਨੇ ਅਪਣੇ ਲੇਖਾਂ ਵਿਚ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖਤ ਲਈ ‘ਅਖੌਤੀ’ ,’ਨਕਲੀ’ ਤੇ ‘ਅਡਾ’ ਜਹੇ ਸ਼ਬਦ ਵਰਤੇ ਹਨ ਉਹ ਕਿਸੇ ਵੀ ਪੱਖੋਂ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। ਇਸ ਵਿਚ ਕੋਈ ਹੈਰਾਨਗੀ ਵਾਲੀ ਗਲ ਨਹੀਂ ਕਿ ਤੱਤ ਗੁਰਮਤਿ ਵਾਲੇ ਵੀਰਾਂ ਦੀ ਭਾਵਨਾਂ ਨੂੰ ਇਸ ਸ਼ਬਦਾਵਲੀ ਨਾਲ ਕੋਈ ਠੇਸ ਨਹੀਂ ਪਹੁੰਚੀ, ਕਿਉਂਕਿ ਉਹ ਜਜ਼ਬਾਤੀ ਨਹੀਂ ਹਨ, ਲੇਕਿਨ ਜਜ਼ਬਾਤੀ ਪਾਠਕਾਂ ਨੂੰ ਇਸ ਨਾਲ ਠੇਸ ਪਹੁੰਚੀ ਹੈ, ਇਸ ਵਿਚ ਕੋਈ ਸ਼ੱਕ ਨਹੀਂ। ਇਥੇ ਜਜਬਾਤੀ, ਭਾਵੁਕ ਜਾਂ ਸੇਂਟੀਮੇਂਟਲ ਲਫਜਾਂ ਤੇ ਵੀ ਥੋੜਾ ਵੀਚਾਰ ਕਰਨਾ ਬਣਦਾ ਹੈ। ਜਿਸ ਇਨਸਾਨ ਵਿਚ ਜਜ਼ਬਾਤ ਜਾ ਸੇਂਟੀਮੇਂਟ ਨਹੀਂ ਹੁੰਦੇ ਉਹ ਇਨਸਾਨ ਨਹੀਂ, ਇਕ ਪੱਥਰ ਦਾ ਬੱਤ ਹੁੰਦਾ ਹੈ। ਜਿਸ ਜਜ਼ਬਾਤ ਨੂੰ ਤੁਸੀਂ ਸਾਡੇ ਮੱਥੇ ਤੇ ਇਕ ਦੋਸ਼ ਬਣਾ ਕੇ ਮੜ੍ਹਦੇ ਹੋ, ਉਹ ਉਨਾਂ ਸਿੱਖਾਂ ਦੇ ਜਜ਼ਬਾਤ ਹੀ ਸਨ, ਕਿ ਉਸ ਤਖਤ ਤੇ ਹਮਲਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਘਰ ਜਾਕੇ ਸੋਧਾ ਲਾਇਆ, ਤੇ ਕੌਮ ਦੇ ਮੱਥੇ ਤੇ ‘ਬੁਜ਼ਦਿਲ’ ਨਾਮ ਦੇ ਠੱਪੇ ਨੂੰ ਲਗਣ ਤੋਂ ਬਚਾ ਲਿਆ। ਉਹ ਸਿੱਖਾਂ ਦੇ ਜਜ਼ਬਾਤ ਹੀ ਸਨ, ਜਿਸਦੀ ਵਜਿਹ ਨਾਲ ਗੁਰੂ ਦੇ ਇਕ ਇਸ਼ਾਰੇ ਤੇ ਆਪਣਾ ਸਿਰ ਦੇਣ ਲਈ ਤਿਆਰ ਹੋ ਜਾਂਦੇ ਸਨ। ਲਖਾਂ ਸਿੱਖਾਂ ਦੇ ਸਿੱਖੀ ਪ੍ਰਤੀ ਜਜ਼ਬਾਤ ਹੀ ਸਨ, ਜਿਨ੍ਹਾਂ ਵਿੱਚ ਉਤ ਪ੍ਰੋਤ ਹੋ ਕੇ, ਹੀ ਉਹ ਕੌਮ ਲਈ ਸ਼ਹਾਦਤ ਦਾ ਜਾਮ ਪੀ ਜਾਂਦੇ ਸਨ। ਵੀਰ ਜੀਉ! ਆਪਣੇ ਗੁਰੂਆਂ ਪ੍ਰਤੀ ਕੌਮ ਪ੍ਰਤੀ ਜਜ਼ਬਾਤੀ ਹੋਣਾਂ ਇਕ ‘ਗੁਣ’ ਹੈ ‘ਦੋਸ਼’ ਨਹੀਂ।

ਹੁਣ ਗਲ ਕਰਦੇ ਹਾਂ ‘ਪੁਜਾਰੀਵਾਦ ਦੇ ਜਾਗਰੂਕ ਧਿਰ ਤੇ ਹੋ ਰਹੇ ਹਮਲੇ ਦੀ’। ਦਾਸ ਪੁਜਾਰੀਵਾਦ ਤੇ ਇਨ੍ਹਾਂ ਦੀ ਬਣਾਈ ਆਪ ਹੁਦਰੀ ਝੂਠੀ ਧਕੇਸ਼ਾਹੀ (ਵਿਕ੍ਰਤ ਵਿਵਸਥਾ) ਦਾ ਕੱਟਰ ਵਿਰੋਧੀ ਹੈ ਤੇ ਹਮੇਸ਼ਾਂ ਇਸ ਦੀ ਕੜੇ ਸ਼ਬਦਾਂ ਵਿੱਚ ਨਿਖੇਦੀ ਕਰਦਾ ਆਇਆ ਹੈ। ਇਸ ਬਾਰੇ ਦਾਸ ਨੂੰ ਬਹੁਤ ਸਫਾਈ ਜਾ ਬਿਆਨ ਦੇਣ ਦੀ ਜਰੂਰਤ ਨਹੀਂ ਹੈ। ਕੁਝ ਦਿਨ ਪਹਿਲਾਂ ਛਪੇ ਲੇਖ ‘ਇਹ ਅਕਾਲ ਤਖਤ ਦਾ ਮੁਲਾਜਿਮ ਹੈ ਕੇ ਥਾਣੇਦਾਰ’ ਵਿਚ ਮੇਰਾ ਸਪਸ਼ਟ ਸਟੈਂਡ ਇਸ ਬਾਰੇ ਪੜ੍ਹ ਸਕਦੇ ਹੋ। ਰਹੀ ਗਲ ਇਕਬਾਲ ਸਿੰਘ ਢਿਲੋਂ, ਤਰਸੇਮ ਸਿੰਘ, ਜਰਮਨੀ ਜਾਂ ਹੋਰ ਕਿਸੇ ਵੀ ਸਿੱਖ ਨੂੰ ‘ਸਕਤਰੇਤ’ ਵਿਚ ਬਲਾਉਣ ਬਾਰੇ, ਉਸ ਦਾ ਦਾਸ ਪੂਰੀ ਤਰ੍ਹਾਂ ਵਿਰੋਧ ਕਰਦਾ ਹੈ, ਕਿਉਂਕਿ ਗੁਰੂ ਦੇ ਸਿਰਜੇ ਅਕਾਲ ਤਖਤ ਦੀ ਸੰਸਥਾ ਤੋਂ ਕੇਵਲ ਕੌਮੀ ਮਸਲਿਆਂ ਨੂੰ ਹਲ ਕਰਨ ਲਈ ‘ਸਰਬਤ ਖਾਲਸਾ’ ਦੇ ਇਕਠ ਰਾਹੀਂ ਮਤੇ ਤੇ ਖਰੜ ਤੇ ਕੌਮ ਦੇ ਨਾਮ ਸੰਦੇਸ਼ੇ ਜਾਰੀ ਕਰਨ ਦੀ ਵਿਵਸਥਾ ਰਹੀ ਹੈ। ਕਿਸੇ ਤਨਖਾਹ ਤੇ ਕੰਮ ਕਰ ਰਹੇ ਮੁਲਾਜਿਮ ਪਾਸੋਂ, ਕਿਸੇ ਵੀ ਸਿੱਖ ਨੂੰ ਡਰਾਉਣ ਤੇ ਧਮਕਾਉਣ ਲਈ ਨੋਟਿਸ ਜਾਰੀ ਕਰਨ ਦਾ ਕੋਈ ਵਿਧਾਨ ਤੇ ਵਿਵਸਥਾ ਸਿੱਖੀ ਵਿਚ ਮੌਜੂਦ ਨਹੀਂ ਹੈ ਤੇ ਨਾਂ ਕਦੀ ਰਿਹਾ ਹੈ। ਜੇ ਕੋਈ ਵੀ ਪੁਜਾਰੀ ਅਕਾਲ ਤਖਤ ਦਾ ਲੇਟਰ ਪੇਡ ਤੇ ਮੁਹਰ ਵਰਤ ਕੇ ਕਿਸੇ ਵੀ ਸਿੱਖ ਨੂੰ ‘ਸਕਤਰੇਤ’ ਵਿਚ ਹਾਜਿਰ ਹੋਣ ਲਈ ਮਜਬੂਰ ਕਰਦਾ ਹੈ, ਤੇ ਉਹ ਗੈਰ ਕਾਨੂਨੀ ਤੇ ਗੁਰਮਤਿ ਦਾ ਉਲੰਘਣ ਕਰਨ ਦਾ ਦੋਸ਼ੀ ਕਰਾਰ ਦਿਤਾ ਜਾਣਾ ਚਾਹੀਦਾ ਹੈ।

ਵਿਚਾਰਕ ਮਤਭੇਦ ਕਿਸੇ ਵੀ ਹਦ ਤਕ, ਕਿਸੇ ਨਾਲ ਵੀ ਹੋ ਸਕਦੇ ਨੇ ਲੇਕਿਨ ਇਸ ਦਾ ਮਤਲਬ ਇਹ ਨਹੀਂ ਕੇ ‘ਸਿਧਾਂਤ’ ਦੇ ਨਾਲ ਸਮਝੌਤਾ ਕਰ ਲਿਆ ਜਾਵੇ। ‘ਸਿਧਾਂਤ’ ਬਦਲਦਾ ਨਹੀਂ। ਉਹ ਕਿਸੇ ਲਈ ਹੋਰ ਤੇ ਕਿਸੇ ਲਈ ਹੋਰ ਨਹੀ ਹੁੰਦਾ। ਗੁਰਮਤਿ ਦੀ ਸੇਧ ਵਿਚ ਅਸੀਂ ਇਸ ‘ਪੁਜਾਰੀ ਵਾਦ’ ਨੂੰ ਕੋਈ ਮਾਨਤਾ ਨਹੀਂ ਦੇਂਦੇ ਕਿਉਂਕਿ, ਕਿਸੇ ਨੂੰ ਡਰਾ ਧਮਕਾ ਕੇ ‘ਸਕਤਰੇਤ’ ਨਾਮ ਦੀ ਬਣਾਈ ‘ਕਾਲ ਕੋਠਰੀ’ ਤੋਂ ਕਿਸੇ ਵੀ ਸਿੱਖ ਨੂੰ ਨੋਟਿਸ ਭੇਜਣਾ ‘ਬੁਰਛਾਗਰਦੀ” ਹੈ ਹੋਰ ਕੁੱਝ ਨਹੀਂ। ਕਈ ਵਾਰ ਸਵਾਲ ਉਠਦਾ ਹੈ ਕਿ ਆਪ ‘ਸਕਤਰੇਤ’ ਨੂੰ ਕਾਲ ਕੋਠਰੀ ਕਿਉਂ ਕਹਿੰਦੇ ਹੋ, ਇਸ ਵਿਚ ਕੋਈ ਹਨੇਰਾ ਤੇ ਹੁੰਦਾ ਨਹੀਂ। ਇਸ ਦਾ ਜਵਾਬ ਇਹ ਹੈ ਕੇ ਇਹ ਕਾਲ ਕੋਠਰੀ, ‘ਕਾਲ’ ਦੇ ਪੁਜਾਰੀਆਂ ਦੀ ਬਣਾਈ ਤੇ ਸਿਰਜੀ ਗਈ ਇਕ ‘ਅਰਾਮ ਗਾਹ ਹੈ। ਦੂਜੇ ‘ਕਾਲ’ ਦਾ ਮਤਲਬ ‘ਕਾਲਾ’ ਜਾ ‘ਹਨੇਰੇ’ ਨਾਲ ਹੈ। ਇਸ ਵਿਚ ਘੋਰ ਅੰਧੇਰਾ ਹੈ ਕਿਉਂਕਿ ਇਸ ਵਿਚ ਸਾਡੇ ‘ਸ਼ਬਦ ਗੁਰੂ’ ਦਾ ਪ੍ਰਕਾਸ਼ ਤੇ ਹਜੂਰੀ ਨਹੀਂ ਹੈ, ਤੇ ਗੁਰਬਾਣੀ ਅਨੁਸਾਰ-

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ (463)

ਗੁਰ ਬਿਨੁ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ॥ ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥(584)

ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥  ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥ (60)

ਵੀਰ ਜੀ, ਦਾਸ ਨੇ ਆਪਜੀ ਦੇ ਆਦੇਸ਼ ਦਾ ਪਾਲਨ ਕਰਦਿਆਂ ਆਪਣਾ ਸਟੈਂਡ ਦੋਹਾਂ ਨੁਕਤਿਆਂ ਬਾਰੇ ਬਿਨਾਂ ਦੇਰ ਕੀਤੇ ਜਨਤਕ ਤੌਰ ਤੇ ਦੇ ਦਿਤਾ ਹੈ। ਦਾਸ ਕੋਲੋਂ ਜਲਦੀ ਵਿਚ ਕੋਈ ਗਲਤ ਗਲ ਲਿਖੀ ਗਈ ਹੋਵੇ, ਤੇ ਆਪ ਜੀ ਦੀ ਨਸੀਹਤ ਅਨੁਸਾਰ ਉਸ ਨੂੰ ਹਾਂ-ਪੱਖੀ ਲੈਣ ਦੀ ਕਿਰਪਾਲਤਾ ਕਰਨੀ ਜੀ।

ਗੁਰੂ ਘਰ ਦਾ ਕੂਕਰ
ਇੰਦਰਜੀਤ ਸਿੰਘ

ਨੋਟ: ਕਿਉਂਕਿ ਇਹ ਲੇਖ ਸਿੱਖ ਮਾਰਗ ਤੇ ਵੀ ਛਪਿਆ ਹੈ, ਤੇ ਇਸ ਵਿਚ ਮੇਰਾ ਨਾਮ ਵੀ ਲਿਆ ਗਇਆ, ਹੈ ਇਸ ਲਈ ਇਸ ਲੇਖ ਨੂੰ (ਬਾਈਕਾਟ ਹੋਣ ਤੋ ਬਾਦ ਪ੍ਰਕਾਸ਼ਨ ਲਈ ਪਹਿਲਾ ਖਤ) ਸਿੱਖ ਮਾਰਗ ਤੇ ਵੀ ਭੇਜ ਰਿਹਾ ਹਾਂ। ਸੰਪਾਦਕ ਜੀ ਨੂੰ ਪੂਰਾ ਹਕ ਹੈ ਕੇ ਇਸ ਨੂੰ ਛਾਪਣ ਭਾਵੇ ਨਾਂ ਛਾਪਣ। ਦਾਸ ਕਿਸੇ ਬੇਲੋੜੀ ਚਰਚਾ ਦੀ ਕਿਸੇ ਲੜੀ ਵਿਚ ਨਹੀ ਪੈਣਾ ਚਾਹੇਗਾ। ਇਹ ਸਿੱਖ ਮਾਰਗ ਵਿਚ ਛਪੇ ਤੱਤ ਗੁਰਮਤਿ ਵਾਲੇ ਵੀਰਾਂ ਦੇ ਖਤ ਦਾ ਜਵਾਬ ਹੈ, ਜਿਸ ਵਿਚ ਮੇਰਾ ਨਾਮ ਵੀ ਲਿਆ ਗਇਆ ਹੈ। ਜੇ ਇਹ ਖਤ ਸਿੱਖ ਮਾਰਗ ਵਿਚ ਨਾ ਛਪਦਾ, ਤੇ ਦਾਸ ਨੇ ਇਸ ਖਤ ਨੂੰ ਸਿੱਖ ਮਾਰਗ ਤੇ ਪ੍ਰਕਾਸ਼ਨ ਲਈ ਭੇਜਨ ਦੀ ਗੁਸਤਾਖੀ ਹਰਗਿਜ ਨਹੀਂ ਸੀ ਕਰਨੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top