Share on Facebook

Main News Page

ਪੰਜਾਬ

ਬਾਬਾ ਫੌਜਾ ਸਿੰਘ ਨੇ ਪੰਜਾਬ ਗਏ ਨੇ ਇਕ ਦਿਨ ਸਕੀਮ ਬਣਾਈ ਕਿ ਅੱਜ ਲੋਕਲ ਬੱਸ ਵਿਚ ਹੂਟੇ ਲਏ ਜਾਣ ਤੇ ਭੀੜ ਭੜੱਕੇ ਬਾਰੇ ਕਿਉਂ ਨਾ ਤਜਰਬਾ ਕੀਤਾ ਜਾਵੇ। ਬਾਬਾ ਇਕ ਪ੍ਰਾਈਵੇਟ ਖਸਤਾ ਜਿਹੀ ਪਰ ਸਵਾਰੀਆਂ ਨਾਲ ਤੂੜੀ ਬੱਸ ਵਿਚ ਪੈਰ ਧਰਾਵਾ ਜਿਹਾ ਕਰਦਾ ਜਾ ਚੜ੍ਹਿਆ।

ਅਮਲੀ ਜਿਹਾ ਡਰਾਈਵਰ ਖੜੀ ਬੱਸ ਦੀ ਹੀ ਘਰਰਰਰ ਘਰਰਰਰਰ ਕਰਾਈ ਜਾ ਰਿਹਾ ਸੀ। ਉਸ ਦੇ ਲੂਹਰੀਆਂ ਉੱਠ ਰਹੀਆਂ ਸਨ ਕਿ ਕਦ ਕਡੰਕਟਰ ਸੀਟੀ ਮਾਰੇ ਤੇ ਮੈਂ ਇਸ ਦੀਆਂ ਪਦੀੜਾਂ ਪਵਾਵਾਂ। ਪਰ ਕੰਡਕਟਰ ਨੂੰ ਹਾਲੇ ਵੀ ਸਬਰ ਨਹੀ ਸੀ ਆ ਰਿਹਾ ਉਹ ਮੁਫਤੇ ਮਾਲ ਵਾਗੂੰ ਸਵਾਰੀਆਂ ਤੂੜੀ ਜਾ ਰਿਹਾ ਸੀ। ਉਸ ਜਦ ਵੇਖਿਆ ਕਿ ਬੱਸ ਦੇ ਅੰਦਰ ਤਾਂ ਬੱਸ ਹੋ ਗਈ ਹੈ ਉਸ ਸਵਾਰੀਆਂ ਉਪਰ ਨੂੰ ਚ੍ਹਾੜਨੀਆਂ ਸ਼ੁਰੂ ਕਰ ਦਿੱਤੀਆਂ। ਜਦ ਉਪਰ ਵੀ ਹਾਊਸ ਫੁੱਲ ਹੋ ਕੇ ਲੋਕ ਤੋਰੀਆਂ ਵਾਗੂੰ ਲਮਕਣੇ ਸ਼ੁਰੂ ਹੋ ਗਏ, ਤਾਂ ਉਸ ਤੁਰਨ ਦੀ ਸੀਟੀ ਮਾਰ ਦਿੱਤੀ। ਬੱਸ ਹਾਲੇ ਤੁਰੀ ਹੀ ਸੀ ਕਿ ਇੱਕ ਭਾਊ ਕੇਲਿਆਂ ਵਾਲਾ ਝੋਲਾ ਚੁੱਕੀ ਦੂਰੋਂ ਹੀ ਰੁਕਣ ਦੀਆਂ ਅਵਾਜਾਂ ਮਾਰਦਾ ਕੰਡੈਕਟਰ ਨੇ ਦੌੜਿਆਂ ਆਉਂਦਾ ਵੇਖ ਲਿਆ ਤਾਂ ਉਸ ਫਿਰ ਰੁਕਣ ਦੀ ਸੀਟੀ ਮਾਰ ਦਿੱਤੀ। ਡਰਾਈਵਰ ਨੂੰ ਕੋਈ ਪ੍ਰਵਾਹ ਨਹੀਂ ਸੀ ਕਿ ਜਿਸ ਬੱਸ ਦਾ ਮੈ ਡਰਾਈਵਰ ਹਾਂ ਉਹ ਉਪਰ ਤੀਕ ਤੂੜੀ ਪਈ ਹੈ। ਉਸ ਪੈਰ ਤੋ ਹੀ ਐਸੀ ਬਰੇਕ ਮਾਰੀ ਕਿ ਬੱਸ ਵਿਚ ਖੜੇ ਲੋਕ ਦੂਹਰੇ ਹੋ ਕੇ ਰਹਿ ਗਏ, ਉਪਰ ਵਾਲੇ ਡਿੱਗਦੇ ਬੱਚੇ ਤੇ ਲਮਕੇ ਹੋਇਆਂ ਦੇ ਹੱਥ ਛੁੱਟਣੋ। ਕਈਆਂ ਚੰਗੀ ਤੱਗੜੀ ਮਝੈਲੀ ਗ੍ਹਾਲ ਡਰਾਈਵਰ ਨੂੰ ਕੱਢ ਮਾਰੀ ਪਰ ਡਰਾਈਵਰ ਤਾਂ ਗਾਲ੍ਹਾਂ ਦਾ ਭਰਿਆ ਪਿਆ ਸੀ ਉਸ ਹੋਰ ਭਾਰੀ ਕਰਕੇ ਪਿੱਛੇ ਨੂੰ ਮੋੜ ਦਿੱਤੀ ਤੇ ਕਿਹਾ ਚੜ੍ਹਨ ਦਾ ਹੀ ਸ਼ੌਕ ਸੀ ਹੱਥ ਟੁੱਟੇ ਪਏ ਆ!

ਅੱਡੇ ਚੋਂ ਨਿਕਲਦਿਆਂ ਬੱਸ ਵਾਲੇ ਨੇ ਪ੍ਰੈਸ਼ਰ ਹਾਰਨ ਤੇ ਹੱਥ ਰੱਖ ਲਿਆ। ਉਸ ਨੂੰ ਜਿਵੇਂ ਕਚੀਚੀਆਂ ਆ ਰਹੀਆਂ ਸਨ ਕਿ ਆਹ ਛੋਟੀਆਂ ਗੱਡੀਆਂ ਯਾਨੀ ਕੀੜੇ ਮਕੌੜੇ ਤੁਰੇ ਕਿਉਂ ਫਿਰਦੇ ਸੜਕ ਤੇ। ਸੜਕ ਉਪਰ ਹਰੇਕ ਜੀਵ ਜੰਤੂ ਚਾਹੇ ਉਹ ਛੋਟਾ ਜਾਂ ਵੱਡਾ ਉਸਦਾ ਇਕੋ ਨਿਸ਼ਾਨਾ ਸੀ ਅਗੇ ਨਿਕਲਨਾ। ਇਸੇ ਗੇੜ ਵਿਚ ਬੱਸ ਦੇ ਅਗੇ ਜਾ ਰਿਹਾ ਇਕ ਰਿਕਸ਼ਾ ਲੱਕੜਾਂ ਦੀ ਉਪਰ ਤੋੜੀ ਭਰੀ ਟਰਾਲੀ ਨੂੰ ਜੋਰ ਲਾ ਕੇ ਪਾਸ ਕਰਦਾ ਮੁੜਕੋ ਮੁੜਕੀ ਹੋਇਆ ਪਿਆ ਸੀ। ਇਧਰ ਬੱਸ ਵਾਲੇ ਨੂੰ ਲੂਹਰੀਆਂ ਚੜ੍ਹ ਰਹੀਆਂ ਸਨ ਕਿ ਹੱਦ ਹੋ ਗਈ ਅੰਨ੍ਹੇ ਹੋਏ ਨੂੰ ਦਿੱਸਦਾ ਨਹੀ ਕਿ ਹਮ ਆ ਰਹੇ ਹੈਂ ਇਹ ਪਾਸੇ ਕਿਉਂ ਨਹੀ ਕਰਦਾ ਪਰ ਹੁਣ ਰਿਕਸ਼ਾ ਪਾਸੇ ਕਿਧਰ ਨੂੰ ਕਰਦਾ ਜਾਂ ਬਰੇਕ ਲਾਕੇ ਟਰਾਲੀ ਦੇ ਪਿੱਛੇ ਹੁੰਦਾ ਪਰ ਪਿੱਛੇ ਰਹਿ ਜਾਣਾ ਇਕ ਤਾਂ ਉਸ ਦੀ ਹੱਤਕ ਸੀ ਦੂਜਾ ਜਿਹੜਾ ਉਸ ਇੰਨਾ ਜੋਰ ਜਾ ਕੇ ਅੱਧਾ ਚਤੌੜ ਸਰ ਕੀਤਾ ਸੀ ਵਿਚਾਲੇ ਕਿਵੇਂ ਛੱਡ ਦਿੰਦਾ। ਬੱਸ ਨੂੰ ਉਨਾ ਚਿਰ ਰਾਹ ਨਹੀ ਸੀ ਮਿਲਣਾ ਜਿੰਨਾ ਚਿਰ ਰਿਕਸ਼ਾ ਕਿਸੇ ਪਾਸੇ ਨਾ ਲੱਗਦਾ ਤੇ ਬੱਸ ਕੋਲੇ ਇੱਕੋ ਹਥਿਆਰ ਸੀ ਤੇ ਉਹ ਸੀ ਪ੍ਰੈਸ਼ਰ ਹਾਰਨ ਜਿਸਦੀ ਉਸ ਰਜਵੀਂ ਵਰਤੋਂ ਕੀਤੀ।

ਬੱਸ ਦੇ ਪ੍ਰੈਸ਼ਰ ਹਾਰਨ ਨੇ ਰਿਕਸ਼ੇ ਨੂੰ ਇੰਨਾ ਪ੍ਰੈਸ਼ਰ ਚ ਕਰ ਦਿੱਤਾ ਕਿ ਉਹ ਜੋਰ ਲਾ ਕੇ ਟਰਾਲੀ ਨੂੰ ਆਖਰ ਲੰਘ ਹੀ ਗਿਆ। ਰਿਕਸ਼ਾ ਲੰਘਣ ਤੇ ਬੱਸ ਵਾਲੇ ਨੇ ਰਿਕਸ਼ਾ ਅਤੇ ਟਰਾਲੀ ਲੰਘ ਕੇ ਸੁੱਖ ਦਾ ਸਾਹ ਲਿਆ। ਬੱਸ ਵਾਲਾ ਪਾਸੇ ਜਿਹੇ ਮਾਰਦਾ ਸ਼ੀਸੇ ਵਿੱਚ ਦੀ ਸਵਾਰੀਆਂ ਅਤੇ ਅਪਣੇ ਦਾਹੜੀ ਦੇ ਕੱਢੇ ਖੱਤ ਦੇਖਣ ਵਿਚ ਰੁਝ ਗਿਆ ਕਿ ਅੱਗੋਂ ਬੋਅ ਹੋਈ ਗੁੱਡੀ ਨੂੰ ਲੁੱਟਣ ਦੇ ਗੇੜ ਵਿਚ ਇੱਕ ਬੱਚਾ ਬੱਸ ਹੇਠ ਆਉਂਦਾ ਆਉਂਦਾ ਬੱਚਿਆ। ਬੱਸ ਦੀ ਬਰੇਕ ਨੇ ਉਪਰ ਬੈਠੀ ਲੁਕਾਈ ਦਾ ਜਿਵੇਂ ਤ੍ਰਾਹ ਕੱਢ ਕੇ ਰੱਖ ਦਿੱਤਾ। ਬੀਬੀਆਂ ਅੱਧੇ ਨਿਕਲ ਰਹੇ ਵਾਹਗੁਰੂ ਦਾ ਜਾਪ ਕਰਨ ਲੱਗ ਪਈਆਂ ਬੰਦਿਆਂ ਨੂੰ ਸਮਝ ਨਹੀ ਸੀ ਆਈ ਕਿ ਹੋਇਆ ਕੀ ਹੈ। ਬੱਚਾ ਦੌੜ ਗਿਆ ਸੀ ਬੱਸ ਵਾਲੇ ਬਾਰੀ ਵਿਚਦੀ ਮੂੰਹ ਕੱਢਕੇ ਦੌੜੇ ਜਾਂਦੇ ਬੱਚੇ ਦੇ ਚੰਗੀਆਂ ਤਗੜੀਆਂ ਵਗਾਤੀਆਂ ਗ੍ਹਾਲਾਂ ਮਾਰੀਆਂ ਤੇ ਵਿਚੇ ਮਾਵਾਂ ਧਰ ਲਈਆਂ ਕਿ ਹਰਾਮਦੀਆਂ ਕੁੱਤੀਆਂ ਜੰਮ ਕੇ ਸੁੱਟ ਦਿੰਦੀਆਂ ਸੜਕਾਂ ਤੇ, ਸਾਂਭਣੇ ਥੋਡੇ ਪਿਓ ਨੇ ਹਨ ਮਰਵਾ ਕੇ ਰੱਖ ਤੇ ਸੀ। ਗਾਲ੍ਹਾਂ ਕੱਢ ਕੇ ਵੀ ਡਰਾਈਵਰ ਨੂੰ ਸੌਖਾ ਸਾਹ ਨਹੀ ਸੀ ਆ ਰਿਹਾ ਉਸ ਦਾ ਦਿਲ ਕਰਦਾ ਸੀ ਕਿ ਮੈਨੂੰ ਇਹ ਮਿਲ ਜਾਏ ਛਿਤਰੌਲ ਫੇਰਾਂ ਰੱਜਕੇ!!

ਬੱਸ ਇਧਰੋਂ ਵਿਹਲੀ ਹੋ ਕੇ ਹਾਲੇ ਅਪਣੀ ਸਪੀਡ ਵਿਚ ਆਉਂਣ ਹੀ ਲੱਗੀ ਸੀ ਕਿ ਅੱਗੇ ਖਾਲੀ ਟਰਾਲੀ ਵਾਲਾ ਅਪਣੇ ਹੀ ਛੈਣੇ ਜਿਹੇ ਖੜਕਾਈ ਤੁਰਿਆ ਧੂੜਾਂ ਪੁੱਟੀ ਜਾ ਰਿਹਾ ਸੀ। ਸੜਕ ਅਤੇ ਟਰੈਫਿਕ ਦੇ ਹਿਸਾਬ ਟਰਾਲੀ ਵਾਲੀ ਸਪੀਡ ਹੀ ਕਾਫੀ ਸੀ ਪਰ ਬੱਸ ਵਾਲੇ ਨੂੰ ਸਬਰ ਕਿੱਥੇ। ਉਸ ਫਿਰ ਪ੍ਰੈਸ਼ਰ ਹਾਰਨ ਤੇ ਹੱਥ ਧਰ ਲਿਆ ਪਰ ਟਰਾਲੀ ਦਾ ਅਪਣਾ ਹੀ ਰੌਲਾ ਇੰਨਾ ਸੀ ਕਿ ਉਸ ਨੂੰ ਹਾਰਨ ਕਿੱਥੇ ਸੁਣਦਾ ਤੇ ਜੇ ਸੁਣਦਾ ਵੀ ਹੁੰਦਾ ਉਹ ਅਪਣੀ ਸਪੀਡ ਕਿਉਂ ਘੱਟ ਕਰਦਾ। ਉਧਰ ਟਰਾਲੀ ਦੇ ਕੁੰਡਿਆਂ ਨਾਲ ਦੋਧੀ ਧੂਈ ਦੇ ਜਾ ਰਹੇ ਸਨ। ਬੱਸ ਹੁਣ ਟੈਸ਼ਨ ਚ ਆ ਗਈ। ਬੱਸ ਟਰਾਲੀ ਦੇ ਇੰਨੀ ਉਪਰ ਚੜ੍ਹੀ ਆਉਂਦੀ ਸੀ ਕਿ ਜੇ ਟਰਾਲੀ ਵਾਲਾ ਬਰੇਕ ਤਾਂ ਕੀ ਰੇਸ ਵੀ ਘੱਟ ਕਰਦਾ ਤਾਂ ਬੱਸ ਟਰਾਲੀ ਉਪਰ ਚੜ੍ਹੀ ਕਿ ਚੜ੍ਹੀ ਸੀ। ਪਰ ਬੱਸ ਇਸ ਗੱਲੋਂ ਬੇਫਿਕਰ ਹਾਰਨ ਦੀ ਘੰਡੀ ਦੱਬੀ ਤੁਰਿਆ ਆ ਰਿਹਾ ਸੀ। ਆਖਰ ਬੱਸ ਨੇ ਜਦ ਅਗੋਂ ਥੋੜੀ ਜਿਹੀ ਵਿੱਥ ਦੇਖੀ ਤਾਂ ਉਸ ਪਾਸਾ ਜਿਹਾ ਵੱਟ ਬੱਸ ਦੀ ਰੇਸ ਚੁੱਕ ਦਿੱਤੀ। ਅੱਗੋਂ ਆ ਰਿਹਾ ਸਕੂਟਰ ਬੱਸ ਨੇ ਬੇਸ਼ਕ ਦੇਖ ਲਿਆ ਸੀ ਪਰ ਛੋਟੀ ਸਵਾਰੀ ਨੂੰ ਤਾਂ ਵੱਡੇ ਬੰਦਾ ਹੀ ਨਹੀ ਸਮਝਦੇ ਤੇ ਬੱਸ ਨੇ ਅਪਣੀ ਧੁੰਨ ਨਾ ਛੱਡੀ ਤੇ ਸਕੂਟਰ ਨੂੰ ਸਿਵਾਏ ਖਤਾਨਾ ਵਿਚ ਉਤਰਨ ਦੇ ਕੋਈ ਚਾਰਾ ਨਹੀ ਸੀ। ਬੱਸ ਜਦ ਜੋਰ ਲਾਕੇ ਟਰਾਲੀ ਨੂੰ ਲੰਘਣ ਹੀ ਵਾਲੀ ਸੀ ਕਿ ਅੱਗੋਂ ਤੂੜੀ ਦਾ ਲੱਦਿਆ ਟਰੱਕ ਆ ਰਿਹਾ ਮਿਲ ਪਿਆ। ਬੱਸ ਨੇ ਇੱਕ ਦਮ ਬਿਨਾ ਦੇਖੇ ਕਿ ਮੈ ਪੂਰਾ ਲੰਘ ਵੀ ਗਿਆਂ ਉਸ ਟਰਾਲੀ ਵਾਲੇ ਪਾਸੇ ਨੂੰ ਬੱਸ ਵੱਟ ਦਿੱਤੀ। ਟਰਾਲੀ ਵਾਲਾ ਇੱਕ ਦਮ ਬਰੇਕ ਮਾਰ ਤੇ ਪਾਸਾ ਵੱਟ ਕੇ ਅਪਣਾ ਆਪ ਤਾਂ ਬਚਾ ਗਿਆ ਪਰ ਪਿੱਛੇ ਲਮਕੇ ਆ ਰਹੇ ਦੋਧੀਆਂ ਦੇ ਦੋਹਣੇ ਸਮੇਤ ਦੋਧੀਆਂ ਇੰਝ ਰਿੜਦੇ ਫਿਰਦੇ ਸਨ ਜਿਵੇਂ ਤੇਜ ਹਵਾਵਾਂ ਨਾਲ ਰੇਗਸਤਾਨਾ ਵਿੱਚ ਮਲ੍ਹੇ ਉੱਡਦੇ ਫਿਰਦੇ ਹਨ ਹਾਲੇ ਸ਼ੁਕਰ ਇਹ ਕਿ ਉਹ ਡਿੱਗੇ ਕੱਚੇ ਵਲ ਨਹੀ ਤਾਂ ਪਨੀਰ ਉਨ੍ਹਾਂ ਦਾ ਸੜਕ ਤੇ ਹੀ ਬਣਿਆ ਹੁੰਦਾ।

ਬੱਸ ਨੂੰ ਟਰਾਲ਼ੀ ਅਤੇ ਰਿਕਸ਼ਾ ਲੰਘ ਹਾਲੇ ਸੁੱਖ ਦਾ ਸਾਹ ਆਇਆ ਹੀ ਸੀ ਕਿ ਅਗੱੇ ਰਿਹੜਾ ਤੇ ਟਾਂਗਾ ਐਨ ਸੜਕ ਦੇ ਵਿਚਾਲੇ ਇਸ਼ਕ ਪੇਚਾ ਪਾਈ ਖੜੇ ਸਨ। ਦਰਅਸਲ ਰਿਹੜੇ ਨੇ ਖੱਬਿਓਂ ਆ ਕੇ ਮੇਨ ਸੜਕ ਤੇ ਚੜਨਾ ਸੀ ਪਰ ਇਥੇ ਹਰੇਕ ਜਣਾ ਸਰਦਾਰ ਬਣਿਆ ਜਾ ਰਿਹਾ ਹੁੰਦੈ ਉਹ ਅਪਣੇ ਅਗੇ ਜਾਂ ਵਿਚਾਲੇ ਪੈਣਾ ਕਿਸੇ ਨੂੰ ਬਰਦਾਸ਼ਤ ਨਹੀ ਕਰਦਾ ਟਾਂਗੇ ਨੇ ਸੋਚਿਆ ਜੇ ਰਿਹੜਾ ਅੱਗੇ ਆਕੇ ਪੈ ਗਿਆ ਤਾਂ ਮੈ ਆਫਿਸ ਵਿਚੋਂ ਲੇਟ ਹੋ ਜਾਣਾ ਹੈ ਤੇ ਇਸ ਦੀ ਕੀ ਜੁਅਰਤ ਅਗੇ ਫਸ ਜਾਏ। ਰਿਹੜਾ ਗਾਜਰਾਂ ਦੀਆਂ ਬੋਰੀਆਂ ਨਾਲ ਭਰਿਆ ਪਿਆ ਸੀ ਰਿਹੜੇ ਦੀ ਕੋਸ਼ਿਸ਼ ਸੀ ਕਿ ਜੇ ਖੜੋਣਾ ਪੈ ਗਿਆ ਤਾਂ ਘੋੜੇ ਦਾ ਜੋਰ ਲੱਗਣਾ ਜਾਂ ਹੋ ਸਕਦਾ ਕਿਤੇ ਬੈਕ ਗੇਅਰ ਹੀ ਮਾਰ ਜਾਏ ਸੋ ਇਸੇ ਕੋਸ਼ਿਸ ਵਿਚ ਦੋਵੇਂ ਫਸ ਗਏ। ਰਿਹੜੇ ਦੀ ਟਾਂਗੇ ਨਾਲ ਕੋਈ ਅਜਿਹੀ ਕੁੰਡੀ ਫਸੀ ਕਿ ਪਿਛੋਂ ਜੋਰ ਦੀ ਆ ਰਿਹਾ ਰਿਹੜਾ ਟਾਂਗੇ ਨੂੰ ਹੀ ਧੁਹ ਤੁਰਿਆ। ਇਸੇ ਖਿੱਚਾ ਖਿੱਚੀ ਵਿਚ ਟਾਂਗਾ ਤੇ ਰਿਹੜਾ ਇਸ ਪੁਜੀਸ਼ਨ ਤੇ ਆ ਗਏ ਕਿ ਉਨ੍ਹੀ ਸਾਰੀ ਸੜਕ ਮੱਲ ਲਈ। ਹੁਣ ਦੋਵੇਂ ਬੇਥਵਾ ਜੋਰ ਲਾਈ ਜਾਂਦੇ ਸਨ ਪਰ ਬਰਾਬਰ ਦੇ ਭਲਵਾਨਾਂ ਵਾਂਗ ਕੋਈ ਫੈਸਲਾ ਨਹੀ ਸੀ ਹੋ ਪਾ ਰਿਹਾ।

ਲੋਕਾਂ ਥੋੜਾ ਚਿਰ ਤਾਂ ਇਹ ਮੁਫਤੀ ਤਮਾਸ਼ਾ ਦੇਖਿਆ ਪਰ ਗੱਲ ਕਿਸੇ ਬੰਨੇ ਨਾ ਲੱਗਦੀ ਦੇਖ ਸਕੂਟਰ ਮੋਟਸਾਈਕਲਾਂ ਪਾਸਿਓਂ ਦੀ ਇਕ ਖੁੱਡ ਜਿਹੀ ਲੱਭ ਵਿਚ ਦੀ ਧੁਸਰਨਾ ਸ਼ੁਰੂ ਕਰ ਦਿੱਤਾ। ਇਦਾਂ ਦੀ ਤਰਲੋ ਮੱਛੀ ਜਿਹੀ ਵਿਚ ਇਕ ਕਾਰ ਵਾਲੇ ਸੋਚਿਆ ਕਿ ਟਰਾਈ ਲੈਣ ਵਿਚ ਕੋਈ ਹਰਜ ਨਹੀ ਉਸ ਸਕੂਟਰਾਂ ਦੇ ਮਗਰੇ ਧੁਰਲੀ ਮਾਰ ਦਿੱਤੀ ਪਰ ਕਾਰ ਤੇ ਸਕੂਟਰ ਵਿਚ ਫਰਕ ਤਾਂ ਹੈ ਕਾਰ ਕੱਚੇ ਲਹਿ ਕੇ ਪਾਸੇ ਵਾਲੇ ਟੋਏ ਵਿਚ ਡਿੱਗਦੀ ਡਿੱਗਦੀ ਬੱਚੀ। ਡਰਾਈਵਰ ਭਾਈ ਨੂੰ ਪੈ ਭਾਜੜਾਂ ਗਈਆਂ। ਵਹੁਟੀ ਉਸਦੀ ਗੋਟੇ ਵਾਲੀ ਚੁੰਨੀ ਤੇ ਕਾਕਾ ਸਾਂਭਦੀ ਘਰਵਾਲੇ ਨੂੰ ਬੁਰਾ ਭਲਾ ਕਹਿੰਦੀ ਬਾਹਰ ਆ ਗਈ। ਚੰਗੀ ਸੁਹਣੀ ਔਰਤ ਵਿਚੋਂ ਨਿਕਲੀ ਦੇਖ ਕਾਰ ਨੂੰ ਧੱਕਾ ਲਾ ਕੇ ਕੱਢਣ ਵਾਲੇ ਕਈ ਇਕੱਠੇ ਹੋ ਗਏ। ਪਹਿਲੀ ਕਾਰ ਦੀ ਕੁਰਾਬਨੀ ਸਦਕਾ ਪਿੱਛੇ ਖੜੇ ਕਈਆਂ ਦੇ ਹੌਸਲੇ ਬੁਲੰਦ ਹੋ ਗਏ। ਉਨ੍ਹਾਂ ਤਾਂ ਖੱਡ ਜਿਹੀ ਵਿਚ ਹੀ ਲਾ ਭੀੜਾਂ ਦਿੱਤੀਆਂ। ਉਨ੍ਹਾਂ ਦੀ ਇਸ ਬਹਾਦਰੀ ਨੂੰ ਦੇਖ ਬੱਸ ਵਾਲੇ ਦੇ ਡੋਡਿਆਂ ਨੇ ਵੀ ਉਬਾਲਾ ਮਾਰਿਆ ਤੇ ਉਸ ਵੀ ਚੜ੍ਹਜਾ ਬੱਚਾ ਸੂਲੀ ਵਾਲੀ ਗੱਲ ਕਰਦਿਆਂ ਬੱਸ ਰਿਹੜੇ ਪਾ ਦਿੱਤੀ। ਬਾਬੇ ਫੌਜਾ ਸਿੰਘ ਨੂੰ ਜਾਪਿਆ ਕਿ ਹੁਣ ਗਏ! ਕਨੇਡਾ ਦੇ ਬਕਸੇ ਦੀ ਬਜਾਇ ਇਥੇ ਹੀ ਮੱਚੂ ਹੁਣ ਸਿਵਾ। ਉਹੀ ਗੱਲ ਹੋਈ ਉਪਰ ਤੀਕ ਲੱਦੀ ਬੱਸ ਇੱਕ ਪਾਸੇ ਨੂੰ ਟੇਢੀ ਹੋ ਗਈ। ਬੱਸ ਉਲਟਣੋਂ ਬੇਸ਼ਕ ਬੱਚ ਗਈ ਪਰ ਉਸ ਦੀ ਮਾੜੀ ਹਾਲਤ ਦੇਖ ਭੱਜ-ਭੱਜ ਬੱਸ ਨੂੰ ਚਿੰਬੜਨ ਵਾਲਿਆਂ ਮਿੰਟ ਨਹੀ ਲਾਇਆ ਕਿ ਹਾਰੀ ਪਾਰਟੀ ਵਿਚੋਂ ਛਾਲਾਂ ਮਾਰਨ ਵਾਂਗ ਉਹ ਬਿਨਾ ਵੇਖਿਆਂ ਕਿ ਕਿਥੇ ਡਿੱਗਣ ਲਗੇ ਹਾਂ ਛਾਲਾਂ ਮਾਰ ਦਿੱਤੀਆਂ।

ਧਰਤੀ ਦੇ ਇਸ ਇੰਚ ਕੁ ਟੁਕੜੇ ਤੇ ਹਲਾਤ ਬੜੇ ਅਜੀਬ ਜਿਹੇ ਬਣੇ ਪਏ ਸਨ। ਕਈਆਂ ਡਰਾਈਵਰ ਨੂੰ ਗਲੋਂ ਜਾ ਫੜਿਆ ਜਿਹੜਾ ਇੰਨੀ ਦੁਨੀਆਂ ਦੀਆਂ ਕਬਰਾਂ ਲੱਗਾ ਸੀ ਖੋਦਣ। ਟਾਂਗੇ ਰਿਹੜੇ ਵਲ ਕਿਸੇ ਦਾ ਹੁਣ ਧਿਆਨ ਨਹੀ ਸੀ ਕਿਉਂਕਿ ਹੁਣ ਉਸ ਤੋਂ ਵੱਡਾ ਤਮਾਸ਼ਾ ਉਨ੍ਹਾਂ ਨੂੰ ਮਿਲ ਗਿਆ ਸੀ। ਲੋਕ ਮਿੱਟੀਓ ਮਿੱਟੀ, ਧੂੰਇਓਂ-ਧੂੰਈਂ, ਗਾਹਲੋ-ਗਾਹਲੀ ਤੇ ਪਤਾ ਨਹੀ ਹੋਰ ਕਿੰਨਾ ਕੁਝ ਹੋਏ ਪਏ ਸਨ। ਤੇ ਆਖਰ ਸਭ ਨੂੰ ਕੋਈ ਰਾਹ ਨਹੀ ਨਿਕਲਣ ਨੂੰ ਸਿਵਾਏ ਕਿ ਬੱਸ ਨੂੰ ਧੱਕਾ ਲਾ ਕੇ ਕੱਢਿਆ ਜਾਏ। ਸਾਰੀ ਲੁਕਾਈ ਹੁਣ ਬੱਸ ਨੂੰ ਧੱਕੇ ਦੁਆਲੇ ਹੋ ਗਈ। ਖਾਲੀ ਬੱਸ ਦੁਨੀਆਂ ਦੇ ਧੱਕੇ ਐਸੀ ਚੜ੍ਹੀ ਕਿ ਜੋਰ ਲਾ ਕੇ ਨਿਕਲਦੀ ਬੱਸ ਨੇ ਰਿਹੜੇ ਨਾਲ ਪਤਾ ਨਹੀ ਕੀ ਕੁੰਡੀ ਫਸਾ ਲਈ ਕਿ ਬੱਸ ਰਿਹੜੇ ਨੂੰ ਧੁਹ ਤੁਰੀ। ਮੁੱਲਖ ਨੇ ਰੌਲਾ ਚੁੱਕ ਦਿੱਤਾ ਪਰ ਧੁੱਤ ਡਰਾਈਵਰ ਨੇ ਕੁਝ ਨਾ ਸੁਣਿਆਂ। ਰਿਹੜੇ ਨਾਲ ਪਹਿਲਾਂ ਹੀ ਫਸਿਆ ਬੈਠਾ ਟਾਂਗਾ ਵੀ ਸਮੇਤ ਘੋੜੇ ਧੂਹਿਆ ਗਿਆ। ਟਾਂਗੇ ਦੇ ਘੋੜੇ ਦੀਆਂ ਹਾਲੇ ਲੱਤਾਂ ਚੁੱਕਣ ਹੀ ਵਾਲੀਆਂ ਸਨ ਕਿ ਕਿਸੇ ਦੌੜ ਕੇ ਡਰਾਈਵਰ ਦਾ ਜਾ ਸ਼ੀਸਾ ਭੰਨਿਆ ਕਿ ਰੁੱਕ! ਬੱਸ ਨਾਲ ਰਿਹੜਾ ਫਸਣ ਨਾਲ ਟਾਂਗਾ ਅਤੇ ਰਿਹੜਾ ਤਾਂ ਨਿਕਲ ਗਏ ਪਰ ਹੁਣ ਬੱਸ ਅਤੇ ਟਾਂਗਾ ਫੱਸ ਗਏ ਸਨ।

ਆਖਰ ਬੱਸ ਇਥੋਂ ਨਿਕਲੀ ਤਾਂ ਛਾਲਾਂ ਮਾਰ ਕੇ ਦੌੜਨ ਵਾਲੀ ਦੁਨੀਆਂ ਬੱਸ ਨੂੰ ਫਿਰ ਤੋਂ ਮਖਿਆਲ ਵਾਂਗੂ ਚਿੰਬੜ ਗਈ। ਡਰਾਈਵਰ ਨੇ ਨਿਕਲ ਕੇ ਸੌਖਾ ਸਾਹ ਲਿਆ ਕਿ ਅੱਜ ਬੁਰੇ ਬੱਚੇ ਮਾਰ ਤੇ ਸੀ ਰਿਹੜੇ-ਟਾਂਗੇ ਦੀ ਲੜਾਈ ਨੇ।

ਵੱਡੀ ਭਵਜਲ ਚੋਂ ਲੰਘਿਆ ਕਰਕੇ ਅਗਲੀਆਂ ਮੁਸ਼ਕਲਾਂ ਉਸ ਨੂੰ ਹੁਣ ਛੋਟੀਆਂ-ਛੋਟੀਆਂ ਜਾਪ ਰਹੀਆਂ ਸਨ ਪਰ ਉਸ ਅਪਣੀ ਪ੍ਰੈਸ਼ਰ ਹਾਰਨ ਵਾਲੀ ਆਦਤ ਨਹੀ ਸੀ ਬਦਲੀ। ਸੜਕ ਦੇ ਇਸ ਰਾਮ-ਰੌਲੇ ਨਾਲ ਦੋ-ਚਾਰ ਹੁੰਦਾ ਹਾਲੇ ਉਹ ਬਹੁਤਾ ਦੂਰ ਨਹੀ ਸੀ ਗਿਆ ਕਿ ਸ਼ਹਿਰੋਂ ਨਿਕਲਣ ਦਾ ਆਖਰੀ ਫਾਟਕ ਬੰਦ ਹੋ ਗਿਆ! ਸਬਰ-ਸੰਤੋਖ ਤੋਂ ਬਿਨਾ ਡਰਾਈਵਰ ਕੋਲੇ ਹੁਣ ਹੋਰ ਕੋਈ ਚਾਰਾ ਨਹੀ ਸੀ ਉਸ ਫਾਟਕ ਵਾਲੇ ਅਤੇ ਗੱਡੀ ਨੂੰ ਦੋ-ਚਾਰ ਗਾਲ੍ਹਾਂ ਕੱਢਕੇ ਅਪਣਾ ਢਿੱਡ ਹੌਲਾ ਕੀਤਾ ਅਤੇ ਬੱਸ ਬੰਦ ਕਰਕੇ ਬੈਠ ਗਿਆ। ਗੱਡੀ ਦਾ ਹਾਲੇ ਦੂਰ ਤੱਕ ਵੀ ਕੋਈ ਨਾ-ਨਿਸ਼ਾਨ ਨਹੀ ਸੀ ਉਧਰ ਖੌਪੀਆ ਹੋਣ ਵਾਲਾ ਸੀ ਸੂਰਜ ਅਸਤ ਰਿਹਾ ਸੀ ਡਰਾਈਵਰ ਦੇ ਅੰਦਰਲੇ ਸ਼ਰਾਬ ਦੇ ਕੀੜਿਆਂ ਕੌਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ।

ਵੇਖਦਿਆਂ ਹੀ ਵੇਖਦਿਆਂ ਫਾਟਕ ਅਗੇ ਸਕੂਟਰ, ਸਾਈਕਲ, ਰਿਕਸ਼ੇ ਆਦਿ ਕੀੜਿਆਂ ਦੇ ਭੌਂਣ ਵਾਂਗ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਲੁਕਾਈ ਨੂੰ ਪਰ ਗੱਡੀ ਆਉਂਣ ਤੱਕ ਦੀ ਜਰੈਂਦ ਕਿਥੇ ਸੀ ਸਾਈਕਲਾਂ-ਸਕੂਟਰਾਂ ਫਾਟਕ ਦੀਆਂ ੱਿਵਥਾਂ ਵਿੱਚਦੀ ਸੰਨ੍ਹ ਲਾਉਂਣੀ ਸ਼ੁਰੂ ਕਰ ਦਿੱਤੀ ਤਾਂ ਰਿਕਸ਼ਿਆਂ ਵਾਲੇ ਪਿੱਛੇ ਕਿਉਂ ਰਹਿਣ? ਉਹ ਪਹਿਲਾਂ ਰਿਕਸ਼ੇ ਦਾ ਮੂੰਹ ਫਾਟਕ ਹੇਠ ਘਸੋੜਦੇ ਮੁੜ ਮੂੰਹ ਉਸ ਦਾ ਉਪਰ ਚੁੱਕ ਕੇ ਬਾਕੀ ਬੱਚਿਆ ਰਿਕਸ਼ਾ ਬਾਹਰ ਕੱਢ ਲੈਂਦੇ ਯਾਨੀ ਰਿਕਸ਼ਾ ਦੋਂਹ ਕਿਸ਼ਤਾਂ ਵਿੱਚ ਲੰਘਦਾ ਸੀ। ਇਸ ਖਹਿ ਖੁਹਾਈ ਵਿੱਚ ਕਈ ਵਾਰ ਪਿਛਲਾ ਆ ਕੇ ਅਗਲੇ ਵਿੱਚ ਵੱਜਦਾ ਤੇ ਦੋਵੇਂ ਆਪਸ ਵਿੱਚ ਖਹਿ ਜਾਂਦੇ ਪਰ ਉਥੇ ਹਾਲਾਤ ਇਦਾਂ ਦੇ ਸਨ ਕਿ ਲੜਾਈ ਖੁਲ੍ਹ ਕੇ ਨਹੀ ਸੀ ਹੋ ਸਕਦੀ ਇਸ ਲਈ ਬਾਹਰ ਆ ਤੈਨੂੰ ਦੇਖਦਾਂ ਕਹਿ ਤਸੱਲੀ ਦੇ ਲੈਂਦੇ ਪਤਾ ਦੋਵਾਂ ਧਿਰਾਂ ਨੂੰ ਹੁੰਦਾ ਸੀ ਬਾਹਰ ਜਾਣ ਤੱਕ ਤਾਂ ਉਥੇ ਅਪਣੇ ਨਿਆਣੇ ਜਾਂ ਬੀਬੀਆਂ ਨਹੀ ਸਨ ਲੱਭਦੀਆਂ ਲੜਨ ਵਾਲਾ ਬੰਦਾ ਕਿਥੋਂ ਲੱਭਣਾ ਸੀ!

ਬੜੇ ਚਿਰਾਂ ਬਾਅਦ ਦੂਰ ਕਿਤੋਂ ਗੱਡੀ ਨੇ ਚੀਖ ਮਾਰੀ ਸੀ। ਹੁਣ ਤੱਕ ਫਾਟਕ ਦੇ ਵਿਚਾਲੇ ਘੋੜੀਆਂ ਵੇਚਣ ਵਾਲੀ ਮੰਡੀ ਬਣ ਗਈ ਹੋਈ ਹੈ ਕਿਸੇ ਨੂੰ ਕਿਸੇ ਦੀਆਂ ਚੀਖਾਂ ਨਹੀ ਸਨ ਸੁਣਦੀਆਂ ਉਨ੍ਹਾਂ ਨੂੰ ਤਾਂ ਅਗਲਾ ਪਾਸਾ ਹੀ ਦਿੱਸਦਾ ਸੀ ਜਿਥੇ ਲੰਘ ਕੇ ਹੀ ਉਨ੍ਹਾਂ ਦੀ ਜਿੱਤ ਸੀ। ਤੇ ਆਖਰ ਗੱਡੀ ਵਾਲੇ ਵੀ ਬੱਸ ਦੇ ਪ੍ਰੈਸ਼ਰ ਹਾਰਨ ਵਾਂਗ ਜਦ ਚੀਖਾਂ ਮਾਰਨੀਆਂ ਨਾ ਹੀ ਛੱਡੀਆਂ ਤਾਂ ਫਿਰ ਕਿਤੇ ਜਾ ਕੇ ਲੁਕਾਈ ਨੂੰ ਸਮਝ ਆਈ ਕਿ ਗੱਡੀ ਤਾਂ ਸਿਰ ਚੜ੍ਹਨ ਵਾਲੀ ਹੈ। ਪਰ ਬਜਾਇ ਕਿ ਉਹ ਹਾਲੇ ਵੀ ਸ਼ਾਤੀ ਕਰ ਲੈਂਦੇ ਉਹ ਸਗੋਂ ਹੋਰ ਤੇਜ ਹੋ ਗਏ। ਉਨ੍ਹਾਂ ਨੂੰ ਜਾਪਦਾ ਸੀ ਕਿ ਬੱਅਸ! ਅੱਜ ਹੀ ਜਿੰਦਗੀ ਹੈ ਤੇ ਉਹ ਵੀ ਗੱਡੀ ਲੰਘਣ ਤੋਂ ਪਹਿਲਾਂ ਪਹਿਲਾਂ ਫਿਰ ਇਹ ਕੁੰਭ ਦਾ ਮੇਲਾ ਬਾਰਾਂ ਸਾਲਾਂ ਬਾਅਦ ਆਵੇ ਕਿ ਨਾ ਸੋ ਅੱਜ ਹੀ, ਹੁਣੇ ਲੰਘ ਜੋ ਜਿਸ ਇਸ ਭਵਜਲ ਵਿੱਚੋਂ ਲੰਘਣਾ ਹੈ। ਇਸ ਭਵਜਲ ਪਾਰ ਕਰਨ ਦੇ ਗੇੜ ਵਿੱਚ ਵਾਹੋ ਦਾਹੀ ਹੋਈ ਪਈ ਲੁਕਾਈ ਬੜੀ ਅਜੀਬੋ ਬਰੀਬ ਲੱਗ ਰਹੀ ਸੀ। ਉਧਰ ਗੱਡੀ ਨੇੜੇ ਦੇਖ ਟਰੱਕਾਂ ਤੇ ਬੱਸਾਂ ਵਾਲੇ ਭਾਊਆਂ ਖੜੀਆਂ ਗੱਡੀਆਂ ਦੀਆਂ ਰੇਸਾਂ ਦੇ ਦੇ ਧੂਏਂ ਅਤੇ ਘੱਟੇ ਨਾਲ ਲੋਕਾਂ ਨੂੰ ਨਿਹਾਲ ਕਰ ਛੱਡਿਆ। ਪਰ ਇਸ ਧੂੰਏ ਅਤੇ ਘੱਟੇ ਦੀ ਦੂਹਰੀ ਵਰਖਾ ਵਲੋਂ ਬੇਪ੍ਰਵਾਹ ਲੁਕਾਈ ਫੜਲੌ-ਮਾਰਲੌ ਕਰਦੀ ਅਬਦਾਲੀ ਦੇ ਧਾਵਿਆਂ ਵਾਂਗ ਫਾਟਕ ਵਲ ਨੂੰ ਹਾਲੇ ਵੀ ਧੂੜਾਂ ਪੱਟੀ ਜਾ ਰਹੀ ਸੀ। ਭੀੜ ਇੰਨੀ ਜਿਆਦਾ ਹੋ ਗਈ ਸੀ ਕਿ ਮਾਵਾਂ ਨੇ ਪੁੱਤ ਨਾ ਸਾਂਭੇ ਵਰਗੇ ਜੰਗੀ ਹਲਾਤ ਹੋਏ ਪਏ ਸਨ। ਬਾਬਾ ਫੌਜਾ ਸਿੰਘ ਅਪਣੇ ਪਾਸੇ ਬਚਾਉਂਦਾ ਪਾਸੇ ਖੜਾ ਲੁਕਾਈ ਦੇ ਇਸ ਧੰਨਤਾ ਜੋਗ ਕਾਰਿਆਂ ਨੂੰ ਵੇਖ ਵੇਖ ਇਸ ਕਾਦਰ ਦੇ ਰੰਗਾਂ ਤੋਂ ਬਲਿਹਾਰੇ ਜਾ ਰਿਹਾ ਸੀ ਜਿਸ ਇਸ ਨਿੱਕੇ ਜਿਹੇ ਟੁੱਕੜੇ ਤੇ ਅਜੀਬ ਖੇਲ ਰਚਾ ਰੱਖਿਆ ਸੀ।

ਤੇ ਆਖਰ ਗੱਡੀ ਨੇ ਜਦ ਫਾਟਕ ਦੇ ਵਿਚਾਲੇ ਹੀ ਆਣ ਦਗੜ ਦਗੜ ਕੀਤੀ ਤਾਂ ਕਿਤੇ ਜਾ ਕੇ ਲੁਕਾਈ ਨੇ ਸਾਹ ਲਿਆ ਪਰ ਉਨ੍ਹਾਂ ਦਾ ਧਿਆਨ ਗੱਡੀ ਦੇ ਆਖਰੀ ਡੱਬੇ ਵਲ ਸੀ ਕਿ ਕਦ ਇਹ ਦਫਾ ਹੋਵੇ ਤੇ ਅਸੀਂ ਫਿਰ ਸਿਰ ਤੁੰਨੀਏ। ਡੱਬਾ ਹਾਲੇ ਲੰਘਾ ਹੀ ਸੀ ਪਰ ਫਾਟਕ ਨੂੰ ਤਾਂ ਸਮਾ ਲੱਗਣਾ ਸੀ ਪਰ ਕਿਹੜਾ ਅਪਣੇ ਕੀਮਤੀ ਸਮੇ ਦੀ ਕੁਰਬਾਨੀ ਦੇਵੇ ਉਨ੍ਹੀ ਫਾਟਕ ਚੁੱਕੇ ਜਾਣ ਦੀ ਇੰਤਜਾਰ ਚ ਸਮਾ ਖਰਾਬ ਕਰਨਾ ਮੁਨਾਸਬ ਨਾ ਸਮਝਿਆ ਤੇ ਬੰਦ ਫਾਟਕ ਹੇਠ ਹੀ ਫਿਰ ਸਿਰ ਦੇਣੇ ਸ਼ੁਰੂ ਕਰ ਦਿੱਤੇ। ਇਸ ਭਗਦੜ ਵਿੱਚ ਕਈਆਂ ਦੇ ਨਿਆਣੇ ਗੁਆਚੇ ਫਿਰਦੇ ਸਨ ਤੇ ਕਈਆਂ ਦੀਆਂ ਗੋਟੇ ਵਾਲੀਆਂ ਜਿਹੜੀਆਂ ਉਨ੍ਹਾਂ ਅਗੇ ਜਾ ਕੇ ਲੱਭਣੀਆਂ ਸਨ! ਫਾਟਕ ਨੇ ਜਦ ਸਿਰੀ ਜਿਹੀ ਚੁੱਕੀ ਤਾਂ ਟਰੱਕ ਬੱਸਾਂ ਦੇ ਸਬਰ ਦਾ ਪਿਆਲਾ ਵੀ ਭਰ ਗਿਆ। ਉਨ੍ਹਾਂ ਦੇਹ ਤੇਰੀ ਦੀ ਹਾਰਨ, ਰੇਸਾਂ, ਲੂਹਰੀਆਂ ਤੇ ਇਕ ਦੂਜੇ ਉਪਰ ਚਾਹੜੀ ਤੁਰੇ ਆ ਰਹੇ ਸਨ। ਆਟੋਆਂ, ਕਾਰਾਂ ਅਪਣੀ ਘੱੜਮਸ ਪਾਈ ਹੋਈ ਸੀ। ਨਵੀਆ ਕਾਰਾਂ ਵਾਲੇ ਬੜੇ ਸੰਭਲ-ਸੰਭਲ ਪੱਭ ਧਰ ਰਹੇ ਸਨ ਪਰ ਆਟੋਆਂ ਵਾਲੇ ਜਾਣ ਬੁੱਝ ਕੇ ਖਹਿਣ ਖਹਿਣ ਕਰਦੇ ਸਨ ਉਨ੍ਹਾਂ ਨੂੰ ਪਤਾ ਸੀ ਕਿ ਸਾਡਾ ਜਾਣਾ ਕੁਝ ਨਹੀ ਤੇ ਕਾਰ ਦੇ ਝਰੀਟ ਵੱਜ ਗਈ ਤਾਂ ਰਹਿਣਾ ਕੁਝ ਨਹੀ। ਇਕ ਇੰਚ ਦੀ ਦੂਰੀ ਵੀ ਕੋਈ ਨਹੀ ਛੱਡਣੀ ਚਾਹੁੰਦਾ ਕਿਉਂਕਿ ਵਿੱਥ ਕਿਸੇ ਨੂੰ ਲੱਭੀ ਨਹੀ ਤੇ ਦੂਜਾ ਭਲਵਾਨ ਫਸਿਆ ਨਹੀ।

ਏਸ ਧੱਕਾ-ਮੁੱਕੀ ਵਿੱਚ ਬਾਬੇ ਵਾਲੀ ਬੱਸ ਵੀ ਪੁੱਠੀ-ਸਿੱਧੀ ਹੁੰਦੀ ਫਾਟਕ ਦੇ ਵਿਚਾਲੇ ਤੱਕ ਪਹੁੰਚ ਗਈ ਸੀ। ਬਾਬੇ ਵਾਲੇ ਐਸਕਪਰਟ ਡਰਾਈਵਰ ਨੇ ਵੀ ਰੇਸਾਂ ਹਾਰਨਾ ਦੀਆਂ ਧੂੜਾਂ ਪੁੱਟ-ਪੁੱਟ ਉਹ ਖੇਹ ਉਡਾਈ ਕਿ ਕੁੱਕੜ ਦੀ ਉਡਾਈ ਖੇਹ ਵਾਂਹ ਉਹ ਬੱਸ ਵਿੱਚ ਆ ਕੇ ਹੀ ਲੋਕਾਂ ਦਾ ਦਮ ਘੁੱਟਣ ਲੱਗ ਪਈ। ਲੋਕ ਉਥੋਂ ਦੇ ਪਰ ਖੇਹ-ਮਿੱਟੀ ਦੇ ਆਦੀ ਸਨ ਕੋਈ ਫਰਕ ਨਹੀ ਪਿਆ ਉਨ੍ਹਾਂ ਨੂੰ ਪਰ ਬਾਬਾ ਪਛਤਾ ਰਿਹਾ ਸੀ ਅਜਿਹੇ ਤਜਰਬੇ ਨੂੰ। ਬਾਬੇ ਨੂੰ ਜਾਪਦਾ ਸੀ ਕਿ ਅੰਦਰ ਉਸਦੇ ਮਿੱਟੀ ਹੀ ਮਿੱਟੀ ਇੱਕਠੀ ਹੋ ਗਈ ਹੈ ਜਿਹੜੀ ਧੂੰਏ ਨਾਲ ਰਲਕੇ ਰਾਤ ਉਸ ਦੇ ਅੰਦਰਲੇ ਸਾਰੇ ਫਾਟਕ ਬੰਦ ਕਰ ਦਏਗੀ।

ਜੋ ਵੀ ਸੀ ਆਖਰ ਪਾਸੇ ਮਾਰਦੀ ਬਾਬੇ ਵਾਲੀ ਬੱਸ ਲੰਘ ਹੀ ਗਈ। ਹੁਣ ਤੱਕ ਮੁਨੇਰਾ ਹੋ ਗਿਆ ਸੀ ਬਾਬੇ ਸੁੱਖ ਦਾ ਸਾਹ ਲਿਆ। ਉਸ ਦਾ ਪਿੰਡ ਹੁਣ ਦੋ ਕੁ ਕਿ: ਮੀ: ਹੀ ਸੀ ਬੱਸ ਵਾਲੇ ਵੀ ਸੁੱਖ ਦਾ ਸਾਹ ਲਿਆ ਕੰਨੈਕਟਰ ਵੀ ਲੋਕਾਂ ਦੇ ਪੈਰ ਮਿੱਧਦਾ ਡਰਾਈਵਰ ਦੇ ਨਾਲ ਬੋਲਟ ਤੇ ਜਾ ਬੈਠਾ ਅਤੇ ਲਾਈਆਂ ਗਈਆਂ ਕੁੰਡੀਆਂ ਦਾ ਲੇਖਾ-ਜੋਖਾ ਕਰਕੇ ਡਰਾਈਵਰ ਨਾਲ ਮਸ਼ਵਰੇ ਵਿੱਚ ਰੁਝ ਗਿਆ ਕਿ ਕਿੰਨੇ ਬੋਲਤ ਲਈ ਬਚੇ ਅਤੇ ਬਾਕੀ ਕੀ ਰਿਹਾ। ਬੋਤਲ ਦਾ ਸਮਾ ਨੇੜੇ ਜਾਣ ਕੇ ਡਰਾਈਵਰ ਦੀਆਂ ਖੱਤ ਕੱਢੀਆਂ ਮੁੱਛਾਂ ਚੂਹੇ ਵਾਂਗ ਫਰਕਨ ਲੱਗ ਪਈਆਂ ਸਨ ਤੇ ਉਸ ਨੇ ਜੋਸ਼ ਵਿੱਚ ਰੇਸ ਉਪਰ ਪੈਰ ਹੋਰ ਭਾਰਾ ਕਰ ਦਿੱਤਾ ਸੀ। ਬਾਹਰਲੀ ਤਾਜੀ ਤੇ ਠੰਡੀ ਹਵਾ ਨੇ ਜਿਥੇ ਉਪਰ ਬੈਠਿਆਂ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ ਉਥੇ ਘੁੱਟੇ ਬੈਠੇ ਅੰਦਰਲਿਆਂ ਨੂੰ ਸੁੱਖ ਦਾ ਸਾਹ ਨਸੀਬ ਹੋਇਆ ਸੀ। ਉਪਰ ਹੇਠਾਂ ਟੰਗੀ ਪਈ ਲੁਕਾਈ ਨੂੰ ਅਪਣੇ ਘਰ ਹੁਣ ਨੇੜੇ-ਨੇੜੇ ਪ੍ਰਤੀਤ ਹੋਣ ਲੱਗੇ ਸਨ ਉਹ ਨਿਆਣਿਆਂ ਲਈ ਲਏ ਕੇਲਿਆਂ ਦੇ ਝੋਲੇ ਹਾਲੇ ਜੋਹਣ ਹੀ ਢਹੇ ਸਨ ਕਿ ਭੀੜ ਵਿੱਚ ਫਿਸੇ ਤਾਂ ਨਹੀ ਕਿ ਬੱਸ ਦੇ ਪਠਾਕੇ ਨੇ ਉਨ੍ਹਾਂ ਦੇ ਛੇਤੀ ਘਰ ਪਹੁੰਚਣ ਦੇ ਸਾਰੇ ਸੁਪਨੇ ਚੂਰ ਕਰ ਦਿੱਤੇ। ਬੱਸ ਡਿੱਬੀ ਖਾਧੇ ਨਿਆਣੇ ਵਾਂਗ ਡਿੱਕੋ-ਡੋਲੇ ਜਿਹੇ ਖਾਦੀ ਕੱਚੇ ਲਹਿ ਗਈ। ਡਰਾਈਵਰ ਨੇ ਇੱਕ ਭਾਰੀ ਗ੍ਹਾਲ ਪਤਾ ਨਹੀ ਬੱਸ ਨੂੰ ਟਾਇਰ ਨੂੰ ਜਾਂ ਅਪਣੇ ਆਪ ਨੂੰ ਕੱਢੀ ਤੇ ਛਾਲ ਮਾਰ ਟਾਇਰ ਦੇਖਣ ਹੇਠਾਂ ਆ ਗਿਆ।

ਬੱਸ ਦੀ ਭਾਰ ਨਾਲ ਬਸ ਹੋਈ ਪਈ ਸੀ ਟਾਇਰ ਉਥੇ ਕੀ ਕਰਦਾ। ਸਵਾਰੀਆਂ ਬੱਸ ਦੇ ਤੌਰ ਬਦਲੇ ਦੇਖ ਮਾਰ ਛਾਲਾਂ ਗਈਆਂ। ਵੇਹਦਿਆਂ-ਵੇਹਦਿਆਂ ਭੱਜ ਭੱਜ ਚਿੰਬੜਨ ਵਾਲਿਆ ਮੁੜ ਬੱਸ ਵਲੀਂ ਅੱਖ ਪੁੱਟਕੇ ਵੀ ਨਾ ਵੇਖਿਆ ਜਿਵੇਂ ਬੇਲੋੜੇ ਬੁੱਢੇ ਨੂੰ ਫੂਕਣ ਤੋਂ ਬਾਅਦ ਕੋਈ ਨਹੀ ਵਿੰਹਦਾ। ਉਥੇ ਸਭ ਤੋਂ ਦੁੱਖੀ ਜੀਵ ਡਰਾਈਵਰ ਅਤੇ ਕੰਨਡੈਕਟਰ ਸਨ ਜੀਨ੍ਹਾਂ ਨੂੰ ਜੇ ਕੋਈ ਪ੍ਰਬੰਧ ਨਾ ਹੋ ਸਕਿਆ ਤਾਂ ਬੱਸ ਦੇ ਸਰ੍ਹਾਣੇ ਹੀ ਪਰਾਲੀ ਸੇਕਣੀ ਪੈਣੀ ਸੀ। ਬਾਬਾ ਫੌਜਾ ਸਿੰਘ ਸੋਚਣ ਲੱਗਾ ਕਿ ਪਿੰਡ ਦੂਰ ਨਹੀ, ਬੱਸ ਦਾ ਲੁਤਫ ਤਾਂ ਮਾਣ ਲਿਆ ਕਿਉਂ ਨਾ ਬਾਕੀ ਦਾ ਹੁਣ ਤੁਰਨ ਦਾ ਹੀ ਲੁਤਫ ਮਾਣਿਆ ਜਾਵੇ। ਬਾਬਾ ਪੱਕੀ ਛੱਡ ਛਾਟ ਹੋ ਗਿਆ ਜਿਹੜਾ ਨੇੜੇ ਵੀ ਪੈਂਦਾ ਸੀ ਅਤੇ ਸੜਕ ਦੇ ਰੌਲੇ-ਗੌਲੇ ਤੋਂ ਮਹਿਫੂਜ ਵੀ। ਮਨੇਰੇ ਹੀ ਨਿਸਰ ਰਹੀਆਂ ਕਣਕਾਂ ਦੀ ਡੰਡੀਓ-ਡੰਡੀ ਤੁਰਨ ਦਾ ਅਪਣਾ ਹੀ ਸਵਾਦ ਸੀ। ਉਪਰ ਤਾਰੇ ਡਲਕਣ ਲਗ ਪਏ ਸਨ ਠੰਡੀ ਜਿਹੀ ਹਵਾ ਬੇਸ਼ਕ ਹੱਡਾਂ ਨੂੰ ਰੜਕਦੀ ਸੀ ਪਰ ਚੰਗੀ ਲੱਗ ਰਹੀ ਸੀ ਬਾਬੇ ਨੂੰ ਜਾਪ ਰਿਹਾ ਸੀ ਕਿ ਜਿਵੇਂ ਧਰਤੀ ਉਪਰਲੇ ਹੀ ਨਰਕ ਵਿੱਚੋਂ ਧੂਹ ਕੇ ਉਸ ਨੂੰ ਕਿਸੇ ਸਵਰਗ ਵਿੱਚ ਸੁੱਟ ਦਿੱਤਾ ਹੋਵੇ ਤੇ ਬਾਬਾ ਲੰਮੇ-ਲੰਮੇ ਸਾਹ ਭਰਦਾ ਲਮੀਆਂ ਉਲਾਘਾਂ ਪੁੱਟਦਾ ਬੱਸ ਦਾ ਤਜਰਬਾ ਸਾਂਭੀ ਆਖਰ ਘਰ ਪਹੁੰਚ ਗਿਆ।

ਪਰ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਜਦ ਬੱਸ ਨੇ ਹਾਲੇ ਰੇਸ ਚੁੱਕ ਮੋਸ਼ਨ ਫੜਿਆ ਹੀ ਸੀ ਇਕ ਠਾਹ ਖੜਕੇ ਨੇ ਨੇੜੇ ਦਿੱਸਦੇ ਘਰ ਪਲਾਂ ਚ ਹੀ ਦੁਰ ਕਰ ਦਿੱਤੇ। ਦਰਅਸਲ ਭਾਰ ਲੋੜੋਂ ਜਿਆਦਾ ਸੀ ਤੇ ਬੱਸ ਦੇ ਟਾਇਰ ਤੇ ਪੰਜਾਬ ਦੀਆਂ ਬੱਸਾਂ ਵਰਗੇ ਹੀ ਹੋਣੇ ਸਨ ਸੋ ਪਿੱਛਲੇ ਇੱਕ ਟਾਇਰ ਦਾ ਪਟਾਕਾ ਬੋਲ ਗਿਆ।

ਗੁਰਦੇਵ ਸਿੰਘ ਸੱਧੇਵਾਲੀਆ

sgurdev@hotmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top