Share on Facebook

Main News Page

ਸਾਜਨਾ ਦਿਵਸ ਜਾਂ ਪਰਖ ਦਿਵਸ?

ਸਿੱਖ ਸਮਾਜ ਵਿਚ ਬਹੁਤੀਆਂ ਮਾਨਤਾਵਾਂ ਗੁਰੂ ਆਸ਼ੇ (ਗੁਰਮਤਿ) ਤੋਂ ਉਲਟ ਪ੍ਰਚਲਿਤ ਹੋ ਚੁੱਕੀਆਂ ਹਨ। ਬਾਬਾ ਨਾਨਕ ਜੀ ਵਲੋਂ ਸੁਚੇਤ ਹੋ ਕੇ ਤਰਕ ਆਧਾਰਿਤ (ਜਿਵੇਂ ਜਨੇਉ ਦੀ ਰਸਮ ਵਾਲਾ ਕੌਤਕ) ਫੈਸਲੇ ਲੈਣ ਦੀ ਪਹੁੰਚ ਨੂੰ ਦਸਵੇਂ ਪਾਤਸ਼ਾਹ ਜੀ ਵੇਲੇ ਤੱਕ ‘ਦਾਦੂ ਦੀ ਕਬਰ ’ਤੇ ਨਮਸਕਾਰ ਵਾਲੇ ਕੌਤਕ’ ਦੀ ਮਿਸਾਲ ਦੇ ਰੂਪ ਵਿਚ ਸੰਜੋਅ ਕੇ ਰੱਖਿਆ ਮਿਲਦਾ ਹੈ। ਪਰ ਉਸ ਤੋਂ ਬਾਅਦ ਤਕਰੀਬਨ 100 ਸਾਲਾਂ ਤੱਕ ਬਿਖੜੇ ਕੌਮੀ ਹਾਲਾਤਾਂ ਦਾ ਫਾਇਦਾ ਚੁੱਕ ਕੇ ਪੁਜਾਰੀਵਾਦੀ ਸ਼੍ਰੇਣੀ ਨਿਰਮਲੇ ਅਤੇ ਉਦਾਸੀਆਂ ਦੇ ਭੇਖ ਵਿਚ ‘ਗੁਰਧਾਮਾਂ’ ’ਤੇ ਛਾ ਗਈ। ਇਸ ਸ਼੍ਰੇਣੀ ਨੇ ਹੋਲੀ-ਹੋਲੀ ਗੁਰਬਾਣੀ ਨੂੰ ਸਮਝ ਵਿਚਾਰ ਕੇ ਪੜ੍ਹਣ ਦੀ ਰੁਚੀ ਘਟਾ ਕੇ, ਵਿਚਾਰ-ਰਹਿਤ ਰਟਨ ਦੀ ਬਿਰਤੀ ਨੂੰ ਵਧਾਇਆ। ਅਖੰਡ ਪਾਠ ਦੀ ਰਸਮ ਦੀ ਸ਼ੁਰੂਆਤ ਇਸੇ ਮਕਸਦ ਲਈ ਕੀਤੀ, ਇਕ ਰਸਮ ਸੀ। ਇਸ ਤਰ੍ਹਾਂ ਬੁਧੀ/ਤਰਕ ਆਧਾਰਿਤ ਫੈਸਲੇ ਲੈਣ ਦੀ ਰੂੱਚੀ ਘਟਾ ਕੇ, ਸ਼ਰਧਾ ਅਤੇ ਭਾਵਨਾਵਾਂ ਦੇ ਆਧਾਰ ’ਤੇ ਫੈਸਲੇ ਲੈਣ ਦੀ ਪ੍ਰਵਿਰਤੀ ਨੂੰ ਵਧਾਇਆ ਗਿਆ।

ਇਸ ਦੀ ਮਿਸਾਲ ਇਤਿਹਾਸ ਵਿਚ ਦਸਮ ਗ੍ਰੰਥ ਅਤੇ ਰਾਗਮਾਲਾ ਸੰਬੰਧੀ ਲਏ ਫੈਸਲਿਆਂ ਤੋਂ ਮਿਲਦੀ ਹੈ। ਦਸਮ ਗ੍ਰੰਥ ਦੀ ਬੀੜ ਇਕੱਠੀ ਰੱਖਣ ਬਾਰੇ ਫੈਸਲਾ ਬਿਬੇਕ ਦੀ ਥਾਂ ਇਹ ਸ਼ਰਤ ’ਤੇ ਕੀਤਾ ਗਿਆ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਮੱਸੇ ਰੰਘੜ ਦਾ ਸਿਰ ਵੱਡ ਕੇ ਲਿਆਉਣ ਵਿਚ ਸਫਲ ਹੁੰਦੇ ਹਨ ਜਾਂ ਅਸਫਲ? ‘ਰਾਗਮਾਲਾ’ ਦੇ ਗੁਰਬਾਣੀ ਹੋਣ ਜਾਂ ਨਾ ਹੋਣ ਬਾਰੇ ਫੈਸਲਾ ਕਰਨ ਲਈ ਬਿਬੇਕ ਨੂੰ ਪਹਿਲ ਦੇਣ ਦੀ ਥਾਂ ‘ਸਰੋਵਰ ਵਿਚ ਪਰਚੀਆਂ ਪਾਉਣ’ ਦਾ ਢੰਗ ਅਪਨਾਇਆ ਗਿਆ। ਇਸੇ ਸ਼੍ਰੇਣੀ ਨੇ ਅਖੌਤੀ ਸ਼ਰਧਾ ਨੂੰ ਬੜ੍ਹਾਵਾ ਦੇ ਕੇ ਤਰਕ ਕਰਨ ਦੀ ਰੁਚੀ (ਕਿੰਤੂ-ਪ੍ਰੰਤੂ) ਨੂੰ ‘ਧਰਮ ਵਿਰੋਧੀ’ ਕੰਮ ਪ੍ਰਚਾਰਿਆ ਗਿਆ। ਅੱਜ ਦੇ ਸਮੇਂ ਵੀ ਇਸ ਦਾ ਸਪਸ਼ਟ ਪ੍ਰਭਾਵ ਦੇਖਿਆ ਜਾ ਸਕਦਾ ਹੈ। ਜੇ ਕਿਸੇ ਆਮ ਸਿੱਖ ਨੂੰ ਗੁਰਮਤਿ ਵਿਰੁਧ ਹੁੰਦੇ ਕਰਮਕਾਂਡ ਬਾਰੇ ਸੱਚ ਸਮਝਾਉਣ ਦਾ ਜਤਨ ਕੀਤਾ ਜਾਵੇ ਤਾਂ ਉਸ ਦਾ ਜਵਾਬ ਹੁੰਦਾ ਹੈ ਕਿ ਕਿੰਤੂ-ਪ੍ਰੰਤੂ ਕਰਨਾ ਚੁੰਚ-ਗਿਆਨੀਆਂ ਦਾ ਕੰਮ ਹੈ, ਧਰਮੀ ਲੋਕਾਂ ਦਾ ਨਹੀਂ। ਐਸੇ ਮਾਹੌਲ ਵਿਚ ਜ਼ਿਆਦਾਤਰ ਪ੍ਰਚਾਰਕ ਤਾਂ ਗਲਤ ਪ੍ਰਚਲਿਤ ਰਸਮਾਂ ਦੀ ਪੜਚੋਲ ਕਰਨ ਤੋਂ ਕਿਨਾਰਾ ਕਰ ਜਾਂਦੇ ਹਨ ਜਾਂ ਉਸ ਬਾਰੇ ਸੱਚ ਪੇਸ਼ ਕਰਨ ਤੋਂ ਸੰਕੋਚ ਕਰਦੇ ਹਨ। ਜੇ ਕੁਝ ਇਮਾਨਦਾਰੀ ਨਾਲ ਥੋੜਾ ਬਹੁਤ ਸੱਚ ਪੇਸ਼ ਕਰਨ ਵੀ ਤਾਂ ਉਹ ਪਹਿਲਾਂ ਹੀ ਘਰ ਕਰ ਚੁੱਕੀਆਂ ਧਾਰਨਾਵਾਂ ਦੇ ਪ੍ਰਭਾਵ ਅਤੇ ਮਜ਼ਬੂਰੀਆਂ ਵੱਸ ਹੋ ਕੇ ਖਰਾ ਅਤੇ ਖੁੱਲ ਕੇ ਸੱਚ ਪੇਸ਼ ਨਹੀਂ ਕਰਦੇ। ਹੁਣ ਤਾਂ ਸੁਚੇਤ ਧਿਰਾਂ ਵਿਚ ਵੀ ਕੁਝ ਲੋਕ ਐਸੇ ਸ਼ਾਮਲ ਹੋ ਗਏ ਹਨ, ਜੋ ਕਿਸੇ ਪ੍ਰਚਲਿਤ ਮਾਨਤਾ ਦੀ ਪੜਚੋਲ ਕਰਨ ’ਤੇ ਭਾਵਨਾਵਾਂ ਅਤੇ ਸ਼ਰਧਾ ਨੂੰ ਠੇਸ ਪਹੁੰਚਣ ਦੀ ਦੁਹਾਈ ਦੇਣ ਲਗ ਪਏ ਹਨ।

ਇਨ੍ਹਾਂ ਸਭ ਹਾਲਾਤਾਂ ਨੂੰ ਇਕ ਕਿਨਾਰੇ ਰੱਖ ਕੇ, ਅੱਜ ਅਸੀਂ ਇਕ ਪੁਰਾਤਨ ਮਾਨਤਾ ਦੀ ਪੜਚੋਲ ਗੁਰਮਤਿ ਅਤੇ ਦਲੀਲ ਦੀ ਰੋਸ਼ਨੀ ਵਿਚ ਕਰਨ ਦਾ ਯਤਨ ਕਰਾਂਗੇ। ਇਹ ਮਾਨਤਾ 1699 ਦੀ ਵੈਸਾਖੀ ਵਾਲੇ ਦਿਹਾੜੇ ’ਤੇ ਦਸ਼ਮੇਸ਼ ਜੀ ਵਲੋਂ ਕੀਤੇ ਕੌਤਕ ਦੀ ਯਾਦ ਨਾਲ ਸੰਬੰਧਿਤ ਹੈ। ਕੌਮ ਵਲੋਂ ਹਰ ਸਾਲ ਇਸ ਦਿਨ ਦੀ ਯਾਦ ਨੂੰ ‘ਖਾਲਸੇ ਦਾ ਸਾਜਨਾ/ਸਿਰਜਣਾ/ਜਨਮ ਦਿਵਸ’ ਕਰ ਕੇ ਮਨਾਇਆ ਜਾਂਦਾ ਹੈ। ਇੱਥੇ ਅਸੀਂ ਦਿਹਾੜੇ ਮਨਾਉਣ ਦੇ ਗਲਤ ਪ੍ਰਚਲਿਤ ਤਰੀਕੇ ਬਾਰੇ ਚਰਚਾ ਨਹੀਂ ਕਰਾਂਗੇ, ਉਹ ਵੱਖਰਾ ਵਿਸ਼ਾ ਹੈ। ਸਿਰਫ ਦਿਹਾੜੇ ਦੇ ਪ੍ਰਚਲਿਤ ਨਾਂ ਦੀ ਪੜਚੋਲ ਕਰਨ ਦਾ ਯਤਨ ਕਰਾਂਗੇ। ਇਸ ਦਿਨ ‘ਖਾਲਸੇ ਦੇ ਜਨਮ ਦਿਨ ਦੀਆਂ ਵਧਾਈਆਂ ਹੋਣ’ ਵਰਗੇ ਸੁਨੇਹੇ ਆਮ ਪੜ੍ਹਣ/ਵੇਖਣ/ਸੁਨਣ ਨੂੰ ਮਿਲ ਜਾਂਦੇ ਹਨ।

ਪਹਿਲਾ ਸਵਾਲ, ਖੜਾ ਹੁੰਦਾ ਹੈ ਕਿ 1699 ਦੀ ਵੈਸਾਖੀ ਤੋਂ ਪਹਿਲਾਂ ‘ਖਾਲਸਾ’ ਹੋਂਦ ਵਿਚ ਨਹੀਂ ਸੀ?

ਦੂਜਾ ਸਵਾਲ, ਕੀ ਗੁਰਮਤਿ ਵਿਚ ਖਾਲਸਾ ਵਿਸ਼ੇਸ਼ਣ ਉਸ ਤੋਂ ਪਹਿਲਾਂ ਵਰਤਿਆ ਨਹੀਂ ਮਿਲਦਾ?

ਦੂਜੇ ਸਵਾਲ ਦਾ ਸਪਸ਼ਟ ਜਵਾਬ, ਇਸ ਗੁਰਬਾਣੀ ਹਵਾਲੇ ਵਿਚੋਂ ਮਿਲਦਾ ਹੈ।

“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਨ ਜਾਨੀ॥” (ਪੰਨਾ 655)

ਭਾਵ ‘ਖਾਲਸਾ’ ਵਿਸ਼ੇਸ਼ਣ ‘ਗੁਰਮਤਿ ਇਨਕਲਾਬ’ ਦੀ ਸ਼ੁਰੂਆਤ ਵਿਚ ਵੀ ਮਿਲਦਾ ਹੈ। ਇਸ ਗੁਰਵਾਕ ਅਨੁਸਾਰ ‘ਖਾਲਸਾ’ ਉਹ ਮਨੁੱਖ ਹੈ, ਜਿਸ ਨੇ ਪ੍ਰੇਮਾ-ਭਗਤੀ ਨੂੰ ਸਮਝ ਕੇ ਅਪਣਾ ਲਿਆ ਹੈ। ‘ਖਾਲਸਾ’ ਲਫਜ਼ ਦਾ ਸ਼ਬਦਿਕ ਅਰਥ ‘ਸ਼ੁਧ’ (ਖਾਲਸ) ਵੀ ਹੁੰਦਾ ਹੈ। ਇਕ ਹੋਰ ਅਰਥ ਇਹ ਵੀ ਹੈ ਕਿ ਉਹ ਜ਼ਮੀਨ ਜੋ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ। ਸਿੱਖਾਂ ਲਈ ‘ਗੁਰਵਾਕ’ ਵਿਚ ਸਮਝਾਏ ਅਰਥ ਹੀ ਪਹਿਲਾਂ ਹਨ। ਇਸ ਕਸਵੱਟੀ ਅਨੁਸਾਰ ਸੱਚ ਨਾਲ ਜੁੜੇ, ਪ੍ਰੇਮਾ ਭਗਤੀ ਵਾਲੇ ਸਾਰੇ ਜਨ ਹੀ ‘ਖਾਲਸਾ’ ਹਨ। ਭਾਈ ਮਰਦਾਨਾ ਜੀ ਵੀ ਖਾਲਸੇ ਸਨ। ਗੁਰਮਤਿ ਇਨਕਲਾਬ ਦੀ ਸ਼ੁਰੂਆਤ ਤੋਂ ਲੈ ਕੇ ਦਸ਼ਮੇਸ਼ ਪਾਤਸ਼ਾਹ ਜੀ ਵੇਲੇ ਤੱਕ ਸਿੱਖ ‘ਖਾਲਸਾ’ ਹੀ ਸਨ।

ਦੂਜੇ ਸਵਾਲ ਦੇ ਜਵਾਬ ਨਾਲ ਹੀ ਪਹਿਲੇ ਸਵਾਲ ਦੀ ਤੰਦ ਵੀ ਜੁੜ ਜਾਂਦੀ ਹੈ। ਜੇ 1699 ਦੀ ਵੈਸਾਖੀ ਵਾਲੇ ਦਿਨ ਤੋਂ ਪਹਿਲਾਂ ਹੀ ‘ਖਾਲਸਾ’ ਮੌਜੂਦ ਸੀ ਤਾਂ ਉਸ ਦਿਨ ਨੂੰ ‘ਖਾਲਸੇ ਦਾ ਜਨਮ ਦਿਨ’ ਮੰਨਣਾ ਸਹੀ ਨਹੀਂ। ਇਹ ਨਾਂ ਇਕ ਅਣਗਹਿਲੀ/ਨਾਸਮਝੀ ਜਾਂ ਸਾਜਿਸ਼ ਦੇ ਹਿੱਸੇ ਵਜੋਂ ਪ੍ਰਚਾਰਿਆ ਗਿਆ ਅਤੇ ਪੰਥ ਨੇ ਸ਼ਰਧਾ ਦੇ ਪ੍ਰਭਾਵ ਹੇਠ ਇਸ ਨੂੰ ਭੁਲੇਖੇ ਵਿਚ ਅਪਣਾ ਲਿਆ।

ਗੁਰਮਤਿ ਇਨਕਲਾਬ ਵਿਚ ਖਾਲਸੇ ਦੀ ਸਿਰਜਣਾ ਬਾਬਾ ਨਾਨਕ ਜੀ ਵਲੋਂ ਹੀ ਕੀਤੀ ਗਈ ਸੀ, ਕਿਉਂਕਿ ਉਹੀ ਇਸ ਇਨਕਲਾਬ ਦੇ ਮੋਢੀ ਸਨ। ਬਾਬਾ ਨਾਨਕ ਜੀ ਨੂੰ ਵਿਸਾਰ ਕੇ ਲਗਭਗ 250 ਸਾਲ ਬਾਅਦ ਦਸ਼ਮੇਸ਼ ਜੀ ਨੂੰ ਖਾਲਸੇ ਦਾ ‘ਸਿਰਜਣਹਾਰ’ ਮੰਨਣਾ ਇਕ ਸਾਜਿਸ਼ ਦੇ ਪ੍ਰਭਾਵ ਹੇਠ ਪਿਆ ਭੁਲੇਖਾ ਹੀ ਹੈ। ਇਸ ਸਾਜਿਸ਼ ਦੇ ਤਾਰ ਅਖੌਤੀ ਦਸਮ ਗ੍ਰੰਥ ਨਾਲ ਜੁੜਦੇ ਹਨ। ਦਸਮ ਗ੍ਰੰਥ ਦੀ ਰਚਨਾ ਪਿੱਛੇ ਭਾਵਨਾ ਇਹ ਦਰਸਾਉਣ ਦੀ ਵੀ ਸੀ ਕਿ ਦਸਮ ਪਾਤਸ਼ਾਹ ਜੀ ਨਾਨਕ ਰਹਿਬਰ ਲੜੀ ਦੀ ਦਸਵੀਂ ਕੜੀ ਨਹੀਂ ਸਨ, ਬਲਕਿ ਉਸ ‘ਨਾਨਕ ਜੋਤ’ ਤੋਂ ਵੱਖਰੇ ਸਨ। ਇਹ ਗ੍ਰੰਥ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਕਾਟ ਕਰਨ ਦੇ ਮਕਸਦ ਨਾਲ ਹੀ ਰਚਿਆ ਗਿਆ ਸੀ।

ਦਸਮ ਗ੍ਰੰਥ ਅਤੇ ਖਾਲਸੇ ਦਾ ਜਨਮ ਦਿਹਾੜਾ

ਦਸਮ ਗ੍ਰੰਥ ਨੂੰ ਦਸ਼ਮੇਸ਼ ਪਾਤਸ਼ਾਹ ਜੀ ਦੀ ਰਚਨਾ ਦਰਸਾਉਣ ਦਾ ਇਕ ਮਕਸਦ ਇਹ ਵੀ ਸੀ ਕਿ ਉਹ ‘ਨਾਨਕ ਛਾਪ’ ਦਾ ਤਿਆਗ ਕਰਕੇ ਬਾਣੀ ਰਚਣ ਵਾਲੇ ਹਨ। ਇਸ ਰਾਹੀਂ ਉਹ ‘ਨਾਨਕ ਜੋਤ’ ਤੋਂ ਵੱਖਰੇ ਜੋ ਸਾਬਿਤ ਕਰਨੇ ਸਨ, ਕਿਉਂਕਿ ਇਸ ਤੋਂ ਪਹਿਲਾਂ ਇਸ ਲੜੀ ਦੇ ਕਿਸੇ ਵੀ ਰਹਿਬਰ ਨੇ ‘ਨਾਨਕ ਛਾਪ’ ਤੋਂ ਵੱਖਰੀ ਬਾਣੀ ਨਹੀਂ ਰਚੀ। ਨਾ ਹੀ ਕਿਸੇ ਰਹਿਬਰ ਵਲੋਂ ਅਪਣੀ ਗੁਰਮਤਿ ਫਲਸਫੇ ਨੂੰ ਨਕਾਰਦੀ ‘ਜਨਮ-ਕਥਾ’ ਲਿਖਣ ਦੀ ਲੋੜ ਭਾਸੀ। ਅਖੌਤੀ ਦਸਮ ਗ੍ਰੰਥ ਦੀਆਂ ਪਹਿਲੀਆਂ ਰਚਨਾਵਾਂ ਵਿਚੋਂ ਇਕ ‘ਬਚਿਤ੍ਰ ਨਾਟਕ’ ਦੇ ਕੁਝ ਅੰਸ਼ ਵਿਚਾਰੋ:

ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ॥ ਸਪਤ ਸਿੰਰਗ ਤੇ ਨਾਮ ਕਹਾਵਾ, ਪੰਡਰਾਜ ਤਹਿਂ ਜੋਗ ਕਮਾਵਾ॥ ਤਹਿਂ ਹਮ ਅਧਿਕ ਤਪਸਿਆ ਸਾਧੀ, ਮਹਾਕਾਲ ਕਾਲਕਾ ਆਰਾਧੀ॥.......

ਅਕਾਲ ਪੁਰਖ ਬਾਚ॥
ਮੈਂ ਅਪਣਾ ਪੁਤ ਤੋਹਿ ਨਿਵਾਜਾ, ਪੰਥ ਪ੍ਰਚੂਰ ਕਰਬੇ ਕੋ ਸਾਜਾ॥ ਜਹਾ ਤਹਾ ਤੈ ਧਰਮ ਚਲਾਏ, ਕੁਬੁਧਿ ਕਰਨ ਤੇ ਲੋਕ ਹਟਾਏ॥ ਹਮ ਇਹ ਕਾਜ ਜਗਤ ਮੋਹਿ ਆਏ, ਧਰਮਹੇਤ ਗੁਰਦੇਵ ਪਠਾਏ॥ ਜਹਾਂ ਜਹਾਂ ਤੁਮ ਧਰਮ ਬਿਥਾਰੋ, ਦੁਸਟ ਦੋਖਿਅਨ ਕੋ ਪਕਰ ਪਛਾਰੋ॥......

ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੇਹੁ ਸਾਧੂ ਸਭ ਮਰਮੰ॥ ਧਰਮ ਚਲਾਵਨ ਸੰਤ ਉਬਾਰਨ, ਦੁਸਟ ਸਭਨ ਕੋ ਮੂਲ਼ ਉਪਾਰਨ॥..........

ਉਪਰੋਕਤ ਕੁਝ ਬੰਦ ਸਪਸ਼ਟ ਕਰ ਰਹੇ ਹਨ ਕਿ ਇਸ ਰਚਨਾ ਅਨੁਸਾਰ ਦਸ਼ਮੇਸ਼ ਪਾਤਸ਼ਾਹ ਜੀ ਨੂੰ (ਬ੍ਰਾਹਮਣ ਦੇ ਥਾਪੇ) ਪ੍ਰਮਾਤਮਾ ਵਲੋਂ ‘ਖਾਲਸਾ’ ਦੀ ਸਿਰਜਣਾ ਕਰਨ ਲਈ ਖਾਸ ਤੌਰ ’ਤੇ ਭੇਜਿਆ ਗਿਆ ਸੀ, ਕਿਉਂਕਿ ਪਹਿਲਾਂ ਹੋਏ ਸਾਰੇ ਰਹਿਬਰਾਂ, ਭਗਤਾਂ ਆਦਿ ਨੇ ‘ਪ੍ਰਮਾਤਮਾ’ ਦੀ ਥਾਂ ਅਪਣਾ ਨਾਂ ਜਪਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਰਚਨਾ ਰਾਹੀਂ ਇਹੀ ਦਰਸਾਇਆ ਗਿਆ ਹੈ ਕਿ ਦਸਵੇਂ ਪਾਤਸ਼ਾਹ ਜੀ ਦਸਵੀਂ ਕੜੀ ਵਜੋਂ ਨਹੀਂ ਬਲਕਿ ਸਿੱਧੇ ਹੀ ‘ਪ੍ਰਮਾਤਮਾ’ ਤੋਂ ਬਖਸ਼ਿਸ਼ਾਂ ਲੈ ਕੇ ‘ਖਾਲਸਾ’ ਸਾਜਣ ਆਏ ਸਨ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ 1699 ਦੀ ਵਿਸਾਖੀ ਵਾਲੇ ਕੌਤਕ ਨੂੰ ਖਾਲਸੇ ਦਾ ਜਨਮ/ਸਿਰਜਣਾ ਦਿਹਾੜਾ ਕਹਿਣ ਦੀ ਮਾਨਤਾ ਇਕ ਸਾਜਿਸ਼ ਹੇਠ ਪ੍ਰਚਾਰੀ ਗਈ। ਹੋਰ ਕੁਰੀਤੀਆਂ ਅਤੇ ਮਾਨਤਾਵਾਂ ਵਾਂਗੂ ਕੌਮ ਨੇ ਇਸ ਗਲਤ ਮਾਨਤਾ ਨੂੰ ਵੀ ਅਪਣਾ ਲਿਆ। ਜੇ ਇਸ ਦਿਨ ਨੂੰ ਖਾਲਸੇ ਦਾ ਜਨਮ ਦਿਨ ਮੰਨ ਲਇਆ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਉਸ ਦਿਨ ਤੋਂ ਪਹਿਲਾਂ ਕੋਈ ‘ਖਾਲਸਾ’ (ਸ਼ੁਧ) ਨਹੀਂ ਸੀ। ਕਿਤਨੀ ਹੈਰਾਨੀ ਦੀ ਗੱਲ ਹੈ ਕਿ ਐਸੀ ਮਾਨਤਾ ਨੂੰ ਅਪਨਾਉਣ ਵੇਲੇ ਜਾਂ ਬਾਅਦ ਵੀ ਕਿਸੇ ਸਮੇਂ ਕੌਮ ਨੇ ਇਸ ਬਾਰੇ ਸੋਚਿਆ ਨਹੀਂ। ਵੈਸੇ ਵੀ ਸੋਚਣ ਦੀ ਅਤੇ ਪੜਚੋਲ ਕਰਨ ਦੀ ਰੁਚੀ ਤਾਂ ਇਸ ਸਾਜਿਸ਼ ਰਾਹੀਂ ਘਟਾ ਹੀ ਦਿੱਤੀ ਗਈ ਸੀ। ਕਿਸੇ ਵੀ ਗਲਤ ਰਸਮ ਦੀ ਪੜਚੋਲ ਕਰਨ ਵਾਲੇ ਮਨੁੱਖ ਆਮ ਤੋਰ ’ਤੇ ‘ਚੁੰਚ ਗਿਆਨੀ’, ‘ਨਾਸਤਕ’ ਆਦਿ ਮੰਨੇ ਜਾਂਦੇ ਹਨ। ਸ਼ਰਧਾ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਬਹਾਨੇ ਬਣਾ ਕੇ ਐਸੇ ਯਤਨਾਂ ਨੂੰ ਦਬਾ ਦਿਤਾ ਜਾਂਦਾ ਹੈ। ਜੇ ਕੋਈ ਬਹੁਤਾ ‘ਸ਼ੇਰ-ਦਿਲ’ ਬਣ ਕੇ ਇਸ ਦਬਾਅ ਵਿਚ ਨਾ ਆਵੇ ਤਾਂ ‘ਅਕਾਲ ਤਖਤ’ ਦਾ ਹਉਆ ਵਰਤ ਕੇ ਪੁਜਾਰੀਆਂ ਵਲੋਂ ਛੇਕ ਦਿਤਾ ਜਾਂਦਾ ਹੈ।


ਹੁਣ ਜੇ ਇਹ ਸਪਸ਼ਟ ਹੋਣ ਉਪਰੰਤ ਕਿ ‘ਖਾਲਸੇ ਦਾ ਜਨਮ/ਸਿਰਜਣਾ ਦਿਵਸ’ ਮੰਨਣ ਦੀ ਮਾਨਤਾ ਗਲਤ ਹੈ, ਸਵਾਲ ਉਠਦਾ ਹੈ ਕਿ ਇਸ ਦਿਹਾੜੇ ਦਾ ਢੁੱਕਵਾਂ ਨਾਂ ਕੀ ਹੋਣਾ ਚਾਹੀਦਾ ਹੈ? ਇਤਨਾ ਤਾਂ ਸਪਸ਼ਟ ਹੈ ਕਿ ਉਸ ਦਿਨ ਦਸ਼ਮੇਸ਼ ਪਾਤਸ਼ਾਹ ਜੀ ਨੇ ਆਨੰਦਪੁਰ ਵਿਖੇ ਕੋਈ ਕੌਤਕ ਰਚਿਆ ਸੀ। ਇਸ ਲਈ ਨਾਮਕਰਨ ਲਈ ਉਸ ਕੌਤਕ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਕੁਝ ਸੁਹਿਰਦ ਗੁਰਮੁਖਾਂ/ਧਿਰਾਂ ਵਲੋਂ ਇਸ ਗਲਤ ਨਾਮ ਤੋਂ ਛੁਟਕਾਰਾ ਪਾਉਣ ਦੇ ਮਕਸਦ ਨਾਲ ਇਸ ਲਈ ‘ਖਾਲਸਾ ਪ੍ਰਗਟ/ਪ੍ਰਕਟ ਦਿਵਸ’ ਨਾਮ ਵਰਤਿਆ ਜਾਣ ਲਗ ਪਿਆ ਹੈ। ਬੇਸ਼ਕ ਇਹ ਚੰਗੀ ਭਾਵਨਾ ਹੇਠ ਕੀਤਾ ਗਿਆ ਉਪਰਾਲਾ ਹੈ। ਪਰ ਜ਼ਰੂਰੀ ਹੈ ਕਿ ਜਦੋਂ ਅਸੀਂ ਕਿਸੇ ਗਲਤ ਮਾਨਤਾ ਨੂੰ ਬਦਲ ਕੇ ਉਸ ਵਿਚ ਸੁਧਾਰ ਕਰਨ ਦਾ ਜਤਨ ਕਰੀਏ ਤਾਂ ਉਸ ਨਵੀਂ (ਸੋਧੀ ਹੋਈ) ਮਾਨਤਾ ਬਾਰੇ ਹਰ ਪੱਖੋਂ ਵਿਚਾਰ ਕਰ ਲਈਏ। 1699 ਦੀ ਵੈਸਾਖੀ ਵਾਲੇ ਇਸ ਕੌਤਕ ਨੂੰ ‘ਖਾਲਸਾ ਪ੍ਰਕਟ ਦਿਵਸ’ ਨਾਮ ਦੇਣ ਨਾਲ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਇਸ ਦਿਨ ਤੋਂ ਪਹਿਲਾਂ ਖਾਲਸਾ ਛੁਪਿਆ ਹੋਇਆ ਸੀ? ਕੀ ਕੁਝ ਸਮਾਂ ਪਹਿਲਾਂ ਹੀ ਨੌਵੇਂ ਪਾਤਸ਼ਾਹ ਜੀ ਨਾਲ ਕੁਝ ਸਿੰਘਾਂ ਵਲੋਂ ਸ਼ਹੀਦੀ ਪ੍ਰਾਪਤ ਕਰਨ ਦੀ ਘਟਨਾ ਖਾਲਸੇ ਦੇ ਪ੍ਰਕਟ ਹੋਣ ਦੀ ਇਕ ਮਿਸਾਲ ਨਹੀਂ ਹੈ? 1699 ਦੀ ਵਿਸਾਖੀ ਤੋਂ ਪਹਿਲਾਂ ਅਨੇਕਾਂ ਐਸੀਆਂ ਮਿਸਾਲਾਂ ਮਿਲਦੀਆਂ ਹਨ। ਸੋ ਇਹ ਨਾਮ ਵੀ ਢੁੱਕਵਾਂ ਨਹੀਂ ਲਗਦਾ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਕੌਤਕ ਬਾਰੇ ਮਿਲਦੇ ਵੱਖਰੇ-ਵੱਖਰੇ ਇਤਹਾਸਿਕ ਹਵਾਲਿਆਂ ਕਾਰਨ ਇਸ ਕੌਤਕ ਦੇ ਪੂਰਨ ਸਵਰੂਪ ਬਾਰੇ ਸਪਸ਼ਟਤਾ ਹੋਣ ਦੀ ਥਾਂ ਭੁਲੇਖੇ ਹਨ। ਪਰ ਇਸ ਨੁਕਤੇ ’ਤੇ ਤਾਂ ਲਗਭਗ ਸਾਰੇ ਹਵਾਲੇ ਸਹਿਮਤ ਹਨ ਕਿ ਉਸ ਦਿਨ ਦਸ਼ਮੇਸ਼ ਜੀ ਵਲੋਂ ਆਨੰਦਪੁਰ ਵਿੱਖੇ ਸਿੱਖਾਂ ਦੀ ਪ੍ਰੀਖਿਆ ਲਈ ਗਈ। ਪੰਜ ਕਕਾਰੀ ਵਰਦੀ ਬਾਰੇ ਬਣੀ ਧਾਰਨਾ ਬਾਰੇ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਉਸ ਦਿਨ ਪੰਜ ਕਕਾਰੀ ਵਰਦੀ ਨੂੰ ਪੱਕਿਆਂ ਕਰਨ ਦੀ ਗੱਲ ਕੀਤੀ ਗਈ ਹੋਵੇ, ਪਰ ਇਹ ਨਹੀਂ ਕਿਹਾ ਸਕਦਾ ਕਿ ਇਨ੍ਹਾਂ ਪੰਜ ਕਕਾਰਾਂ ਦੀ ਗੱਲ ਪਹਿਲੀ ਵਾਰ ਉਸੇ ਦਿਨ ਕੀਤੀ ਗਈ ਸੀ। ਸਿੱਖ ਇਤਿਹਾਸ ਬਾਰੇ ਆਮ ਸੂਝ ਵਾਲਾ ਬੰਦਾ ਵੀ ਇਹ ਸਹਿਜੇ ਹੀ ਪਛਾਣ ਸਕਦਾ ਹੈ ਕਿ 1699 ਦੀ ਵੈਸਾਖੀ ਤੋਂ ਪਹਿਲਾਂ ਵੀ ਸਿੱਖ ਕੇਸ ਰੱਖਦੇ ਸਨ (ਪਹਿਲਾ ਕਕਾਰ), ਉਨ੍ਹਾਂ ਦੀ ਸੰਭਾਲ ਲਈ ਕੰਘਾ ਵੀ ਵਰਤਦੇ ਹੋਣਗੇ, ਕਛਹਿਰਾ ਵੀ ਜ਼ਰੂਰ ਪਹਿਣਦੇ ਹੋਣਗੇ, ਹਥਿਆਰ (ਕਿਰਪਾਨ) ਦੀ ਵਰਤੋਂ ਵੀ ਕਰਦੇ ਰਹੇ ਸਨ।

ਇਹ ਵੀ ਨਹੀਂ ਹੈ ਕਿ ਪ੍ਰੀਖਿਆ ਲੈਣ ਦੀ ਜੁਗਤ ਪਹਿਲੀ ਵਾਰ ਦਸ਼ਮੇਸ਼ ਜੀ ਨੇ 1699 ਦੀ ਵੈਸਾਖੀ ਵਾਲੇ ਦਿਨ ਹੀ ਵਰਤੀ ਹੈ। ਨਾਨਕ ਪਾਤਸ਼ਾਹ ਜੀ ਵਲੋਂ ਉਧਰਾਧਿਕਾਰੀ ਥਾਪਣ ਵੇਲੇ ਸਿੱਖਾਂ ਦੀਆਂ ਕੁਝ ਪ੍ਰੀਖਿਆਵਾਂ ਲੈਣ ਦੇ ਹਵਾਲੇ ਇਤਿਹਾਸ ਵਿਚ ਮਿਲਦੇ ਹਨ। ‘ਦਾਦੂ ਦੀ ਕਬਰ ’ਤੇ ਤੀਰ ਨਾਲ ਨਮਸਕਾਰ ਕਰਨ’ ਵਾਲਾ ਕੌਤਕ ਵੀ ਐਸੀ ਪ੍ਰੀਖਿਆ ਦੀ ਇਕ ਮਿਸਾਲ ਹੈ, ਜਿਸ ਰਾਹੀਂ ਸਿੱਖਾਂ ਦੀ ‘ਸੁਚੇਤਤਾ’ ਦੀ ਪਰਖ ਕੀਤੀ ਗਈ ਸੀ। 1699 ਦੀ ਵੈਸਾਖੀ ਵਾਲਾ ਕੌਤਕ ਵੀ ਇਸੇ ਤਰਜ਼ ਦੀ ਇਕ ਪ੍ਰੀਖਿਆ ਸੀ। ਬੇਸ਼ਕ ਇਸ ਪ੍ਰੀਖਿਆ ਦਾ ਪੱਧਰ ਅਤੇ ਮਕਸਦ ਵੱਡਾ ਅਤੇ ਖਾਸ ਸੀ। ਇਹ ਪਰਖ ਇਸ ਗੱਲ ਨੂੰ ਜ਼ਹਿਨ ਵਿਚ ਰੱਖ ਕੇ ਲਈ ਗਈ ਸੀ ਕਿ ਨਿਕਟ ਭਵਿੱਖ ਵਿਚ ਹੀ ਪਾਤਸ਼ਾਹ ਜੀ ਵਲੋਂ ‘ਸ਼ਖਸੀ ਅਗਵਾਈ’ ਦੀ ਪਿਰਤ ਨੂੰ ਬਦਲੇ ਹਾਲਾਤਾਂ ਕਾਰਨ ਬੰਦ ਕਰਨਾ ਸੀ।

ਇਸ ਦਿਹਾੜੇ ਦਾ ਨਾਮਕਰਨ ਰੱਖਣ ਵਾਸਤੇ ਉਪਰੋਕਤ ਨੁਕਤਿਆਂ ਅਤੇ ਤੱਥਾਂ ਨੂੰ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੈ। ਸਿੱਖ ਇਤਿਹਾਸ ਵਿਚ ਅਨੇਕਾਂ ਅਦਾਰਿਆਂ, ਦਿਹਾੜਿਆਂ ਦੇ ਨਾਮਕਰਨ ਵੇਲੇ ਅਣਗਹਿਲੀ ਅਤੇ ਸਾਜਿਸ਼ ਕਾਰਨ ਗੁਰਮਤਿ ਅਤੇ ਦਲੀਲ ਤੋਂ ਉਲਟ ਨਾਮਕਰਨ ਕਰ ਦਿੱਤੇ ਗਏ। ਕਿਸੇ ਬੰਦੇ ਦੇ ਨਾਮਕਰਨ ਵੇਲੇ ਅਣਗਹਿਲੀ ਵਰਤੀ ਜਾਵੇ ਤਾਂ ਇਤਨਾ ਨੁਕਸਾਨ ਨਹੀਂ ਹੈ ਪਰ ਕੌਮੀ ਅਦਾਰਿਆਂ ਅਤੇ ਦਿਹਾੜਿਆਂ ਦੇ ਨਾਮਕਰਨ ਵੇਲੇ ਐਸੀ ਅਣਗਹਿਲੀ ਕਾਫੀ ਨੁਕਸਾਨਦਾਇਕ ਅਤੇ ਅਫਸੋਸਜਨਕ ਹੈ।

ਦਸ਼ਮੇਸ਼ ਜੀ ਦੇ ਉਸ ਕੌਤਕ ਦੀ 312ਵੀਂ ਇਤਿਹਾਸਕ ਯਾਦ ਵੇਲੇ ਜਾਗਰੂਕ ਧਿਰਾਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਗੁਰਮਤਿ ਅਤੇ ਦਲੀਲ ਦੀ ਰੋਸ਼ਨੀ ਵਿਚ ਆਪਸੀ ਵਿਚਾਰ ਰਾਹੀਂ ਇਸ ਦਿਹਾੜੇ ਦੇ ਪ੍ਰਚਲਿਤ ਨਾਮ ਦੀ ਪੜਚੋਲ ਕਰ ਕੇ ਕੋਈ ਢੁੱਕਵਾਂ/ਸਹੀ ਨਾਂ ਅਪਣਾਉਣ ਲਈ ਗੰਭੀਰ ਯਤਨ ਕੀਤੇ ਜਾਣ। ‘ਤੱਤ ਗੁਰਮਤਿ ਪਰਿਵਾਰ’ ਦੇ ਵਿਚਾਰ ਅਨੁਸਾਰ ਇਸ ਦਿਹਾੜੇ ਦਾ ਨਾਂ ‘ਪਰਖ/ਪ੍ਰੀਖਆ ਦਿਵਸ’ ਢੁੱਕਵਾਂ ਹੋ ਸਕਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top