Share on Facebook

Main News Page

ਜਾਗਰੁਕ ਧਿਰਾਂ ਦੇ ਭੇਖ ਵਿੱਚ ਸਿੱਖ ਕੌਮ ਦੀਆਂ ਨੀਹਾਂ ਢਾਹੁਣ ਵਿੱਚ ਰੁਝੇ ਹੋਏ ਬਹਿਰੂਪੀਆਂ ਦੀਆਂ ਚਾਲਾਂ ਤੇਜ਼ ਹੋਈਆਂ

ਪਦਾਰਥਵਾਦ ਦੇ ਮੌਜੂਦਾ ਯੁੱਗ ਵਿਚ ਦੁਨੀਆ ਦੇ ਲਗਭਗ ਹਰ ਧਰਮ ਦੇ ਲੋਕਾਂ ਵਿਚ ਧਾਰਮਕ ਸਿਧਾਂਤ ਸਮਝਣ ਅਪਣਾਉਣ ਦੀ ਰੁਚੀ ਖ਼ਤਮ ਹੁੰਦੀ ਜਾ ਰਹੀ ਹੈ। ਇਸਾਈ ਹੋਣ ਭਾਵੇਂ ਮੁਸਲਮਾਨ, ਹਿੰਦੂ ਹੋਣ ਭਾਵੇਂ ਸਿੱਖ, ਪੜ੍ਹੇ-ਲਿਖ ਕੇ ਚੰਗੇ ਰੋਜ਼ਗਾਰ ਵਿੱਚ ਜੁਟੇ ਜਾਂ ਫਿਰ ਵਪਾਰ ਰਾਹੀਂ ਵੱਡੀਆਂ ਆਮਦਨਾਂ ਦੇ ਮਾਲਕ ਬਣੇ ਬੈਠੇ ਲੋਕ, ਆਪੋ ਆਪਣੇ ਧਰਮ ਗ੍ਰੰਥਾਂ ’ਚੋਂ ਨੈਤਿਕ ਸਿੱਖਿਆ ਗ੍ਰਹਿਣ ਕਰਕੇ ਆਪਣਾ ਜੀਵਨ ਉ¤ਚਾ-ਸੁੱਚਾ ਬਣਾਉਣ ਦੀ ਬਜਾਏ ਹਫ਼ਤੇ/ਮਹੀਨੇ ਦੇ ਖ਼ਾਸ ਦਿਨਾਂ ਜਾਂ ਫਿਰ ਤਿਉਹਾਰਾਂ ਸਮੇਂ ਆਪਣੇ ਧਰਮ ਅਸਥਾਨਾਂ ’ਤੇ ਜਾ ਕੇ, ਕੁਝ ਵਿਸ਼ੇਸ਼ ਕਰਮ-ਕਾਂਡਾਂ ਦੀ ਪੂਰਤੀ ਕਰਨ ਨੂੰ ਹੀ ‘ਧਰਮ’ ਸਮਝਦੇ ਹਨ। ਪਰ ਘੱਟ ਹੋਵੇਂ ਜਾਂ ਵੱਧ, ਹਰ ਧਰਮ ਵਿਚ ਕੁਝ ਅਜਿਹੇ ਲੋਕਾਂ ਦਾ ਵਰਗ ਵੀ ਹੁੰਦਾ ਹੈ, ਜੋ ਪੜ੍ਹਿਆ-ਲਿਖਿਆ, ਵਿਚਾਰਵਾਨ ਹੋਣ ਦੇ ਬਾਵਜੂਦ ਆਪਣੇ ਧਰਮ ਦੇ ਸਿਧਾਂਤਾਂ ਅਤੇ ਆਪਣੇ ਧਾਰਮਕ ਸਮਾਜ ਦੀਆਂ ਆਰਥਕ, ਸਮਾਜਕ, ਸਿਆਸੀ ਸਮੱਸਿਆਵਾਂ ਨੂੰ ਸਮਝਣ-ਵਿਚਾਰਣ ਵਿਚ ਰੁਚੀ ਰਖਦਾ ਹੈ। ਅਜਿਹੇ ਲੋਕਾਂ ਨੂੰ ਅਕਸਰ ਆਪੋ-ਆਪਣੇ ਧਰਮ ਦੀ ‘ਜਾਗਰੁਕ ਧਿਰ’ ਕਿਹਾ ਜਾਂਦਾ ਹੈ।

ਗੁਰਦੁਆਰਿਆਂ ਦੇ ਰੋਜ਼ਾਨਾ ਪ੍ਰੋਗਰਾਮ ਨੂੰ ਸਿਰਫ਼ ਰਸਮੀ ਪਾਠ ਜਾਂ ਕੀਰਤਨ (ਗਾਇਨ) ਤੱਕ ਸੀਮਤ ਰੱਖਣ ਅਤੇ ਪੰਥਕ ਮੁੱਦਿਆਂ ਤੇ ਗੁਰਮਤਿ ਸਿਧਾਂਤਾਂ ਬਾਰੇ ਗੁਰਦੁਆਰਿਆਂ ਵਿਚ ਚਰਚਾ ’ਤੇ ਇਕ ਨਾ-ਐਲਾਨੀ ਰੋਕ ਲਾਗੂ ਹੋਣ ਕਾਰਨ ਸਿੱਖ ਸਮਾਜ ਦਾ ਬਹੁਤ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੇ ਮੁਢਲੇ ਉਪਦੇਸ਼ਾਂ ਤੋਂ ਨਾਵਾਕਿਫ਼ ਹੈ। ਫਿਰ ਵੀ ਕੁਝ ਕਿਸਮਤ ਵਾਲੇ ਲੋਕ ਖ਼ੁਦ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਕੇ ਅਤੇ ਵੱਖ-ਵੱਖ ਪੁਸਤਕਾਂ ਪੜ੍ਹ / ਸੀ.ਡੀਆਂ ਆਦਿਕ ਸੁਣ ਕੇ ਲਕੀਰ ਦੇ ਫਕੀਰ ਦੀ ਸਥਿਤੀ ’ਚੋਂ ਅੱਗੇ ਨਿਕਲਣ ਵਿਚ ਕਾਮਯਾਬ ਰਹਿੰਦੇ ਹਨ। ਅਜਿਹੇ ਲੋਕਾਂ ਦੇ ਵਰਗ ਨੂੰ ਸੁਭਾਵਕ ਤੌਰ ’ਤੇ ਸਿੱਖ ਸਮਾਜ ਦਾ ਜਾਗਰੁਕ ਵਰਗ ਕਿਹਾ ਜਾਂਦਾ ਰਿਹਾ ਹੈ। ਵੱਖ-ਵੱਖ ਸਿੱਖ ਮੁੱਦਿਆਂ ਬਾਰੇ ਇਸ ਵਰਗ ਦੇ ਵਿਚਾਰ ਹੀ, ਗਿਆਨ ਪੱਖੋਂ ਕਮਜ਼ੋਰ ਪਰ ਮਨੋਂ ਸਿੱਖੀ ਨੂੰ ਪ੍ਰਣਾਏ ਹੋਏ ਲੋਕਾਂ ਲਈ ਚਾਣਨ-ਮੁਨਾਰੇ ਦਾ ਕੰਮ ਕਰਦੇ ਰਹੇ ਹਨ। ਸ਼ਾਇਦ ਇਸੇ ਲਈ ਬ੍ਰਾਹਮਣਵਾਦੀਆਂ ਨੇ ‘ਜਾਗਰੁਕ ਧਿਰ’ ਵਿਚ ਵੀ ਆਪਣੇ ਏਜੰਟਾਂ ਦੀ ਭਰਮਾਰ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ।

ਅਜਿਹਾ ਇਕ ਅਖੌਤੀ ਜਾਗਰੁਕ ਵਿਦਵਾਨ, ਪਰ ਅਸਲ ਵਿਚ ਬ੍ਰਾਹਮਣਵਾਦੀਆਂ ਦਾ ਏਜੰਟ ਖ਼ੁਦ ਅਤੇ ਆਪਣੇ ਸਾਥੀਆਂ ਰਾਹੀਂ ਇਹ ਪ੍ਰਚਾਰ ਕਰਵਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਨਹੀਂ ਦਿੱਤੀ ਸੀ (ਇਸ ਬਾਬਤ ਕੋਈ ਸਬੂਤ ਪੇਸ਼ ਕਰੋ), ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ ਨਕਲੀ ਹੈ (ਅਸਲੀ ਤਾਂ ਸ੍ਰੀਚੰਦੀਆਂ ਨੇ ਸਾੜ ਦਿੱਤਾ ਸੀ), ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਸ਼ਬਦ’ ਪਰਮਾਤਮਾ ਸਰੂਪ ਗੁਰੂ ਨਹੀਂ ਹੈ (ਪਰਮਾਤਮਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਵੀ ਮੌਜੂਦ ਸੀ) ਆਦਿਕ।

ਇਸੇ ਅਖੌਤੀ ਵਿਦਵਾਨ ਦੇ ਸਾਥੀ ਰਹਿ ਚੁੱਕੇ ਪਰ ਹੁਣ ਆਪਣਾ ਅਲਗ ਧੜਾ ਬਣਾ ਚੁੱਕੇ ਕੁਝ ਹੋਰ ਲੋਕਾਂ ਦਾ ਸਮੂਹ ਇਹ ਪ੍ਰਚਾਰ ਕਰ ਰਿਹਾ ਹੈ ਕਿ ਨਾਨਕ ਨੂੰ ਗੁਰੂ ਨਹੀਂ ਕਹਿਣਾ/ਮੰਨਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨਾ ਕਥਿਤ ਤੌਰ ’ਤੇ ਸ਼ਬਦ-ਗੁਰੂ ਦੇ ਸਿਧਾਂਤ ਦੀ ਉਲੰਘਣਾ ਹੈ। ਇਹੀ ਸਮੂਹ ਸਿੱਖ ਰਹਿਤ ਮਰਿਆਦਾ ਨੂੰ ਵੀ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਲਈ (ਲੋੜੀਂਦੀਆਂ ਉਕਾਈਆਂ ਵਿਚ ਸੋਧ ਮਾਤਰ ਤੱਕ ਸੀਮਤ ਰਹਿਣ ਲਈ ਨਹੀਂ) ਉਤਾਵਲਾ ਹੈ ਅਤੇ ਉਨ੍ਹਾਂ ਦੀਆਂ ਅਜਿਹੀਆਂ ਬਚਕਾਨੀਆਂ ਹਰਕਤਾਂ ਵਿਚ ਸਾਥ ਨਾ ਦੇਣ ਵਾਲੇ ਪੰਥ-ਦਰਦੀ ਪ੍ਰਚਾਰਕਾਂ ’ਤੇ ਨਪੇ-ਤੁਲੇ ਸ਼ਬਦ-ਜਾਲ ਰਾਹੀਂ ਵਾਰ ਕਰਨ ਅਤੇ ਉਨ੍ਹਾਂ ਦੀ ਮੁਹਿੰਮ ਨੂੰ ਨੀਵਾਂ ਦਿਖਾ ਕੇ, ਹੋਰਨਾਂ ਸਿੱਖਾਂ ਨੂੰ ਇਸ ਮੁਹਿੰਮ ਵਿਚ ਨਾ ਜੁਟਣ ਲਈ ਪ੍ਰੇਰਿਤ ਕਰਨ ਦੀ ਨਿਸ਼ਕਾਮ ਸੇਵਾ ਕਰ ਰਿਹਾ ਹੈ।

ਇਸੇ ਸਮੂਹ ਦਾ ਇਕ ਹੋਰ ਜਾਗਰੁਕ ਵਿਦਵਾਨ ਵੀ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਨਵੇਂ ਫਰੰਟ ਖੋਲ੍ਹਣ ਵਿਚ ਰੁਝਾ ਹੋਇਆ ਹੈ। ਪਹਿਲਾਂ ਇਸ ਵਿਦਵਾਨ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਖੜੇ ਕਰਨ ਲਈ ਦਾਅਵਾ ਕੀਤਾ ਸੀ ਕਿ ਕਰਤਾਰਪੁਰੀ ਬੀੜ ਨਕਲੀ ਹੈ। ਹੁਣ ਇਸੇ ਜਾਗਰੁਕ ਵਿਦਵਾਨ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਅਕਾਲ ਤਖ਼ਤ ਵੀ ਇਕ ਨਕਲੀ ਤਖ਼ਤ ਹੈ ਕਿਉਂਕਿ ਕਈ ਪੁਰਾਤਨ ਇਹਿਤਾਸਕ ਦਸਤਾਵੇਜ਼ਾਂ ਵਿਚ ਇਸਦਾ ਨਾਮ ‘ਅਕਾਲ ਬੁੰਗੇ’ ਵਜੋਂ ਆਉਂਦਾ ਹੈ, ਅਤੇ ਅਕਾਲ ਯਾਨੀ ਪਰਮਾਤਮਾ ਦਾ ਕੋਈ ਤਖ਼ਤ ਨਹੀਂ ਹੁੰਦਾ (ਹਾਲਾਂਕਿ ਪਰਮਾਤਮਾ ਕਿਸੇ ਬੁੰਗੇ ਵਿਚ ਵੀ ਨਹੀਂ ਰਹਿੰਦਾ)। ਉਕਤ ਜਾਗਰੁਕ ਵਿਦਵਾਨ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਜਿਸ ਤਰ੍ਹਾਂ ਸਿੱਖਾਂ ਨੇ ਬਚਿੱਤਰ ਨਾਟਕ ਦੇ ਅਧਾਰ ’ਤੇ ਹੇਮਕੁੰਟ ਸਾਹਿਬ ਅਤੇ ਮਿਥਿਹਾਸਕ ਕਹਾਣੀ ਦੇ ਅਧਾਰ ’ਤੇ ਦੁਖਭੰਜਨੀ ਬੇਰੀ ਨੂੰ ਮਾਨਤਾ ਦੇ ਦਿੱਤੀ ਹੈ, ਇਸੇ ਤਰ੍ਹਾਂ ਕਥਿਤ ਤੌਰ ’ਤੇ ਅੰਗਰੇਜ਼ਾਂ ਦੀਆਂ ਚਾਲਾਂ ਕਾਰਨ ਅਕਾਲ ਬੁੰਗੇ ਨੂੰ ਅਕਾਲ ਤਖ਼ਤ ਬਣਾ ਦਿੱਤਾ ਗਿਆ ਹੈ (ਹਾਲਾਂਕਿ ਅੰਗਰੇਜ਼ਾਂ ਨੇ ਅਕਾਲ ਤਖ਼ਤ ਦੇ ਮੁੱਖ ਪੁਜਾਰੀ ਨੂੰ ਆਪਣੇ ਹਮਾਇਤੀ ਵਜੋਂ ਵਰਤਣ ਦੀ ਹੀ ਚਾਲ ਚੱਲੀ ਸੀ, ਅਕਾਲ ਤਖ਼ਤ ਦੀ ਸਿਰਜਣਾ ਦੀ ਨਹੀਂ)।

ਵਿਦਵਾਨਾਂ/ਪ੍ਰਚਾਰਕਾਂ ਦੇ ਇਲਾਵਾ ਖ਼ੁਦ ਨੂੰ ਪੰਥ ਲਈ ਕੁਰਬਾਨੀ ਦੇਣ ਵਾਲੀਆਂ ਸੰਸਥਾਵਾਂ ਦੇ ਆਗੂ ਵੀ ਸਿੱਖੀ ਦੇ ਨਾਮ ’ਤੇ ਬੇਸ਼ੁਮਾਰ ਬ੍ਰਾਹਮਣਵਾਦ ਦਾ ਪ੍ਰਚਾਰ ਕਰ ਰਹੇ ਹਨ। ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿਚ ਇਕ ਹੋਰ ਵਿਵਾਦਿਤ ਗ੍ਰੰਥ ਨੂੰ ਗੁਰਗੱਦੀ ਦਿਵਾਉਣ ਅਤੇ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਵਾਂਗ ਪਵਿੱਤਰ ਪ੍ਰਚਾਰਨ ਪ੍ਰਤੀ ਪੂਰੀ ਤਾਕਤ ਲਗਾ ਰਹੇ ਹਨ ਤਾਂ ਕਿ ਇਕ ਤਾਂ ਆਮ ਸਿੱਖ ਉਨ੍ਹਾਂ ਦੇ ਪਿਛਲੱਗੂ ਬਣ ਕੇ ਬ੍ਰਾਹਮਣਵਾਦ ਦਾ ਸ਼ਿਕਾਰ ਹੋ ਜਾਣ ਅਤੇ ਦੂਜਾ ਗੁਰਮਤਿ ਨੂੰ ਸਮਰਪਿਤ ਸਿੱਖਾਂ ਦਾ ਸਾਰਾ ਸਮਾਂ ਇਸ ਕੂੜ ਮੁਹਿੰਮ ਦਾ ਵਿਰੋਧ ਕਰਨ ਵਿਚ ਹੀ ਖਚਿਤ ਹੁੰਦਾ ਰਹੇ। ਇਨ੍ਹਾਂ ਦੀ ਨਸਲ ਦੇ ਇਕ ਪ੍ਰਚਾਰਕ ਨੇ ਕਰਤਾਰਪੁਰੀ ਬੀੜ ਅਸਲੀ ਨਹੀਂ ਆਦਿਕ ਢੁੱਚਰਾਂ ਦੇ ਇਲਾਵਾ ਹੁਣ ਇਥੋਂ ਤੱਕ ਕਹਿ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਹੀ ਨਹੀਂ ਗਈ ਸੀ।

ਸੋ ਸਪਸ਼ਟ ਹੈ ਕਿ ਵਿਦਵਾਨ ਸਿੱਖਾਂ ਦੀ ਇਕ-ਦੂਜੇ ਨਾਲ ਈਰਖਾ, ਪੰਥਕ ਚੁਣੌਤੀਆਂ ਪ੍ਰਤੀ ਸਾਂਝੇ ਤੌਰ ’ਤੇ ਕੰਮ ਕਰਨ ਪ੍ਰਤੀ ਸਪਸ਼ਟ ਅਰੁਚੀ ਅਤੇ ਸਿਰਫ਼ ਆਪਣੀ ਗੱਲ ਨੂੰ ਅੰਤਮ ਸੱਚ ਮੰਨਣ ਦੀ ਪ੍ਰਵਿਤੀ ਕਾਰਨ ਸੈਂਕੜੇ ਧੜਿਆਂ ਵਿਚ ਵੰਡੀ ਹੋਈ ਸਿੱਖ ਸਮਾਜ ਦੀ ‘ਜਾਗਰੁਕ ਧਿਰ’ ਵਿਚ ਬ੍ਰਾਹਮਣਵਾਦੀ ਏਜੰਟ ਬੜੀ ਸਫਲਤਾ ਨਾਲ ਘੁਸਪੈਠ ਕਰ ਗਏ ਹਨ ਤੇ ਆਪਣੇ ਟੀਚੇ ਮੁਤਾਬਿਕ, ਬੜੇ ਸੂਖਮ ਢੰਗ ਨਾਲ ਸਿੱਖੀ ਦੇ ਮੁਢਲੇ ਸੰਕਲਪਾਂ (ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ਅਕਾਲ ਤਖ਼ਤ, ਰਹਿਤ ਮਰਿਆਦਾ) ਆਦਿ ਪ੍ਰਤੀ ਸਿੱਖਾਂ ਨੂੰ ਗੁੰਮਰਾਹ ਕਰਕੇ ਸਿੱਖੀ ਦਾ ਖ਼ਾਤਮਾ ਕਰ ਦੇਣਾ ਚਾਹੁੰਦੇ ਹਨ। ਇਸਲਈ ਜਿਹੜੇ ਵੀ ਵਿਦਵਾਨ/ਪ੍ਰਚਾਰਕ ਦਿਲੋਂ-ਮਨੋਂ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨਦੇ ਹਨ ਅਤੇ ਸਿੱਖ ਸਮਾਜ ਦੀ ਭਲਾਈ ਲੋਚਦੇ ਹਨ, ਉਨ੍ਹਾਂ ਨੂੰ ਆਪਣੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਅਤੇ ਇਕ-ਦੂਜੇ ਪ੍ਰਤੀ ਪਿਛਲੀਆਂ ਸ਼ਿਕਾਇਤਾਂ ਨੂੰ ਨਜ਼ਰ-ਅੰਦਾਜ਼ ਕਰਕੇ ਸਿੱਖੀ ਦੇ ਮੁਢਲੇ ਸੰਕਲਪਾਂ ਨੂੰ ਬਚਾਉਣ ਵਾਸਤੇ ਜੰਗੀ ਸਤਰ ’ਤੇ ਕੁਝ ਕਰਨਾ ਚਾਹੀਦਾ ਹੈ। ਨਹੀਂ ਤਾਂ ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ।

- ਸਰਬਜੀਤ ਸਿੰਘ -
ਸੰਪਾਦਕ : ਇੰਡੀਆ ਅਵੇਅਰਨੈਸ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top