Share on Facebook

Main News Page

ਹਰਿਆਣਾ ਦੇ ਸਿੱਖ ਬਨਾਮ ਸ਼੍ਰੋਮਣੀ ਅਕਾਲੀ ਦਲ (ਬਾਦਲ)

ਇਸੇ ਵਰ੍ਹੇ ਕਿਸੇ ਸਮੇਂ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਕ ਪਾਸੇ ਤਾਂ ਹਰਿਆਣਾ ਦੇ ਆਮ ਸਿੱਖ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਕਾਬਲੇ ਆਪਣੀ ਸੁਤੰਤਰ ਹੋਂਦ ਦਾ ਅਹਿਸਾਸ ਕਰਵਾਉਣ ਪ੍ਰਤੀ ਦ੍ਰਿੜ੍ਹ ਸੰਕਲਪ ਜਾਪਦੇ ਹਨ, ਅਤੇ ਦੂਸਰੇ ਪਾਸੇ ਉਹ ਰਾਜ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੇ ਚਲੇ ਆ ਰਹੇ, ਸ. ਝੀਂਡਾ ਅਤੇ ਸ. ਨਲਵੀ ਵਿੱਚ ਚਲ ਰਹੀ ਆਪਸੀ ਅਦਾਵਤ ਤੋਂ ਬਹੁਤ ਦੁਖੀ ਵੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਇਨ੍ਹਾਂ ਦੋਹਾਂ ਵਿੱਚ ਇਸੇ ਤਰ੍ਹਾਂ ਅਦਾਵਤੀ ਜੰਗ ਛਿੜੀ ਰਹੀ ਤਾਂ ਹਰਿਆਣਾ ਦੇ ਸਿੱਖਾਂ ਨੂੰ ਇਸਦਾ ਭਾਰੀ ਮੁੱਲ ਚੁਕਾਣਾ ਪੈ ਸਕਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਵਿਚਲੇ ਟਕਰਾਉ ਦੇ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਰਿਆਣਾ ਲਈ ਸੁਤੰਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੀ ਮੰਗ ਨੂੰ ਢਾਹ ਲਗ ਸਕਦੀ ਹੈ ਅਤੇ ਇਹ ਮੰਗ ਕਰ ਰਹੇ ਸਿੱਖਾਂ ਨੂੰ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ ਜਿਸਦੇ ਦੇ ਫਲਸਰੂਪ ਸ਼੍ਰੋਮਣੀ ਅਕਾਲੀ ਦਲ (ਬਾਦਲ) ਫਾਇਦੇ ਵਿੱਚ ਰਹਿ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਰਾਜ ਦੇ ਸਿੱਖ ਸਥਾਨਕ ਲੋਕਾਂ ਨਾਲੋਂ ਪੂਰੀ ਤਰ੍ਹਾਂ ਅਲਗ-ਥਲਗ ਹੋ ਕੇ ਰਹਿ ਜਾਣਗੇ।

ਅਜਿਹੇ ਹਾਲਾਤ ਬਣਨ ਦਾ ਕਾਰਣ ਉਹ ਇਹ ਦਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਹਰਿਆਣਾ ਦੇ ਸਿੱਖਾਂ ਪੁਰ ਲਗਾਤਾਰ ਇਹ ਦਬਾਉ ਬਣਾਇਆ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਹਰਿਆਣਾ ਦੇ ਹਿਤਾਂ ਦੀ ਕੀਮਤ ਤੇ ਪੰਜਾਬ ਦੇ ਹਿਤਾਂ ਦੀ ਰਖਿਆ ਕਰਨ ਲਈ ਉਨ੍ਹਾਂ ਦਾ ਸਾਥ ਦੇਣ। ਚੰਡੀਗੜ੍ਹ, ਪਾਣੀਆਂ ਦੀ ਵੰਡ ਅਤੇ ਪੰਜਾਬੀ ਬੋਲਦੇ ਇਲਾਕਿਆਂ ਆਦਿ ਦੇ ਸਬੰਧ ਵਿੱਚ ਉਨ੍ਹਾਂ ਨੂੰ ਹਰਿਆਣੇ ਦੇ ਵਿਰੁੱਧ ਪੰਜਾਬ ਦਾ ਸਮਰਥਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਜਦਕਿ ਹਰਿਆਣੇ ਦੇ ਸਿੱਖ ਇਨ੍ਹਾਂ ਮੁਦਿੱਆਂ ਤੇ ਹਰਿਆਣਾ ਦੇ ਨਾਲ ਖੜੇ ਹਨ ਅਤੇ ਅਗੋਂ ਵੀ ਖੜਿਆਂ ਰਹਿਣਾ ਚਾਹੁੰਦੇ ਹਨ, ਕਿਉਂਕਿ ਉਹ ਆਪਣੇ ਆਪਨੂੰ ਹਰਿਆਣੇ ਦੇ ਪੱਕੇ ਵਾਸੀ ਹੀ ਮੰਨਦੇ ਹਨ ਅਤੇ ਉਹ ਸਮਝਦੇ ਹਨ ਕਿ ਉਨ੍ਹਾਂ ਦੇ ਹਿਤ ਹਰਿਆਣੇ ਨਾਲ ਹੀ ਜੁੜੇ ਹੋਏ ਹਨ। ਇਸ ਹਾਲਤ ਵਿੱਚ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਿਤ ਹੁੰਦੀ ਹੈ, ਤਾਂ ਹਰਿਅਣਾ ਦੇ ਦੂਜੇ ਵਾਸੀਆਂ ਵਿੱਚ ਇਹ ਸੰਦੇਸ਼ ਚਲਾ ਜਾਣਾ ਸੁਭਾਵਕ ਹੈ ਕਿ ਹਰਿਆਣਾ ਵਿੱਚ ਵਸਦੇ ਸਿੱਖ ਆਪਣੇ ਰਾਜ ਦੇ ਹਿਤਾਂ ਦੀ ਰਖਿਆ ਕਰਨ ਪ੍ਰਤੀ ਈਮਾਨਦਾਰ ਨਹੀਂ ਹਨ। ਅਜਿਹਾ ਸੰਦੇਸ਼ ਜਾਣਾ ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਹਿਤ ਵਿੱਚ ਨਹੀਂ ਹੋਵੇਗਾ। ਫਲਸਰੂਪ ਉਨ੍ਹਾਂ ਨੂੰ ਕਦਮ-ਕਦਮ ਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸਲਈ ਉਹ ਚਾਹੁੰਦੇ ਹਨ ਕਿ ਸ. ਝੀਂਡਾ ਅਤੇ ਸ. ਨਲਵੀ ਆਪਣੇ ਮਤਭੇਦ ਤਿਆਗ, ਇੱਕ ਜੁਟ ਹੋ ਹਰਿਆਣੇ ਦੇ ਸਿੱਖਾਂ ਦੇ ਹਿਤਾਂ ਦੀ ਰਖਿਆ ਕਰਨ।

ਇਕ ਅਕਾਲੀ ਨੇਤਾ ਇਹ ਵੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਰਾਸ਼ਟਰੀ ਮੀਤ ਪ੍ਰਧਾਨ ਹੋਣ ਦੇ ਦਾਅਵੇਦਾਰ ਇੱਕ ਨੇਤਾ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਮੀਡੀਆ ਵਿੱਚ ਆਪਣੇ ਫੋਟੋ ਛਪਵਾਉਣ ਦਾ ਬਹੁਤ ਸ਼ੌਕ ਹੈ। ਮੌਕਾ ਹੋਵੇ ਜਾਂ ਬੇਮੌਕਾ ਉਂਹ ਕਿਸੇ ਨਾ ਕਿਸੇ ਬਹਾਨੇ ਉਹ ਆਪਣੇ ਫੋਟੋ ਖਿਚਵਾ ਲੈਂਦੇ ਹਨ ਅਤੇ ਤੁਰੰਤ ਹੀ ਮੀਡੀਆ ਵਿੱਚ ਛਪਣ ਲਈ ਭੇਜ ਦਿੰਦੇ ਹਨ। ਦਸਿਆ ਗਿਆ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਇਕ ਗੁਰਦੁਆਰੇ ਵਿੱਚ ਇਲਾਕੇ ਦੇ ਇਕ ਸੱਜਣ ਦੀ ਆਤਮਕ ਸ਼ਾਂਤੀ ਲਈ ਹੋਏ ਅਰਦਾਸ-ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਆ। ਭੋਗ ਅਤੇ ਅਰਦਾਸ ਤੋਂ ਬਾਅਦ ਉਨ੍ਹਾਂ ਕੁਝ ਲੋਕਾਂ ਨਾਲ ਖੜਿਆਂ ਹੋ, ਆਪਣੇ ਕੁਝ ਫੋਟੋ ਖਿਚਵਾਏ ਅਤੇ ਛਪਣ ਲਈ ਭੇਜ ਦਿਤੇ। ਜਦੋਂ ਉਨ੍ਹਾਂ ਨਾਲ ਖੜੇ ਲੋਕਾਂ ਨੇ ਇਨ੍ਹਾਂ ਫੋਟੋਆਂ ਨੂੰ ਅਗਲੇ ਦਿਨ ਇਸ ਕੈਪਸ਼ਨ, ‘... ਲੋਕ ਉਨ੍ਹਾਂ, ਜ. …ਸਿੰਘ ਨੂੰ …ਦਲ ਦੀ “ਫਲਾਂ’ ਕਲਬ ਦੀਆਂ ਚੋਣਾਂ ਵਿੱਚ ਹੋਈ ਜਿਤ ਲਈ ਵਧਾਈ ਦੇ ਰਹੇ ਹਨ’, ਦੇ ਨਾਲ ਛਪਿਆਂ ਵੇਖਿਆ, ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਕਿ ਉਹ ਤਾਂ ਉਨ੍ਹਾਂ ਕੋਲ ਖੜੇ ਸਵਰਗੀ ਸੱਜਣ ਦੇ ਸਬੰਧ ਵਿੱਚ ਗਲ ਕਰ ਰਹੇ ਸਨ, ਇਹ ਵਧਾਈ ਕਿਥੋਂ ਆ ਗਈ? ਜਦੋਂ ਉਨ੍ਹਾਂ ਸਬੰਧਤ ਅਕਾਲੀ ਨੇਤਾ ਨਾਲ ਸ਼ਿਕਵਾ ਕੀਤਾ ਤਾਂ ਉਸਨੇ ਹਸ ਕੇ ਕਿਹਾ ਕਿ ਤੁਹਾਡਾ (ਆਪਣਾ ਨਹੀਂ ਉਨ੍ਹਾਂ ਦਾ) ਫੋਟੋ ਛਪਵਾਉਣ ਲਈ ਇਤਨਾ-ਕੁ ਕੁਫਰ ਤਾਂ ਤੋਲਣਾ ਪੈਣਾ ਹੀ ਸੀ।

ਸਮਾਚਾਰ ਦਾ ਖੰਡਨ: ਬੀਤੇ ਦਿਨੀਂ ਦਿੱਲੀ ਦੇ ਇਕ ਸਿੱਖ ਰਾਜਸੀ ਗੁਟ ਦੇ ਮੁਖੀਆਂ ਵਲੋਂ ਯਮੁਨਾ ਪਾਰ ਦੇ ਇਕ ਸਿੱਖ ਪਬਲਕ ਸਕੂਲ ਦੇ ਚੇਅਰਮੈਨ ਪੁਰ ਯੌਨ-ਸ਼ੋਸ਼ਣ ਦਾ ਦੋਸ਼ ਲਾ, ਬੜਾ ਹੋ-ਹਲਾ ਮਚਾਇਆ ਗਿਆ। ਹੁਣ ਦਸਿਆ ਗਿਆ ਹੈ ਕਿ ਇਸ ਮਾਮਲੇ ਨਾਲ ਸਬੰਧਤ ਗਰਦਾਨੇ ਗਏ ਸਟਾਫ ਟੀਚਰ ਨੇ ਸਕੂਲ ਦੀ ਸਰਪ੍ਰਸਤ ਸੰਸਥਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੋ ਨਾਂ ਲਿਖੇ ਇਕ ਪੱਤਰ ਵਿੱਚ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਲਿਖਿਆ ਹੈ ਕਿ ਕੁਝ ਸੁਆਰਥੀ ਲੋਕ ਦਵੈਸ਼ ਭਾਵਨਾ ਦਾ ਸ਼ਿਕਾਰ ਹੋ ਗੁਰਦੁਆਰਾ ਕਮੇਟੀ ਅਤੇ ਉਸਦੀਆਂ ਵਿਦਿਅਕ ਸੰਸਥਾਵਾਂ ਦੀ ਛਬੀ ਖਰਾਬ ਕਰਨ ਦੇ ਉਦੇਸ਼ ਨਾਲ ਜਾਣ-ਬੂਝ ਕੇ ਮਨਘੜਤ ਕਹਾਣੀਆਂ ਘੜ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ।

ਗਲ ਬਾਦਲ ਦਲ ਦੇ ਵਿਰੋਧ ਦੀ: ਪੰਜਾਬ ਤੋਂ ਇੱਕ ਅਕਾਲੀ ਮੁੱਖੀ, ਜਿਨ੍ਹਾਂ ਨਾਲ ਤਕਰੀਬਨ 1978 ਤੋਂ ਸਬੰਧ ਚਲੇ ਆ ਰਹੇ ਹਨ ਅਤੇ ਜੋ ਇਸ ਸਮੇਂ ਦੌਰਾਨ ਮੇਰੀਆਂ ਲਿਖਤਾਂ ਪੁਰ ਸੰਤੁਲਤ ਅਤੇ ਸਕਾਰਾਤਮਕ ਟਿੱਪਣੀਆਂ ਕਰਦਿਆਂ ਮੇਰਾ ਮਾਰਗ ਦਰਸ਼ਨ ਕਰਨ ਵਿੱਚ ਵੀ ਸਹਾਈ ਹੂੰਦੇ ਚਲੇ ਆਏ ਹਨ, ਬੀਤੇ ਦਿਨੀਂ ਦਿੱਲੀ ਆਏ ਤਾਂ ਅਚਾਨਕ ਹੀ ਮੈਂਨੂੰ ਮਿਲਣ ਦੇ ਲਈ ਮੇਰੇ ਨਿਵਾਸ ਤੇ ਆ ਗਏ। ਸੁਖ-ਸਾਂਦ ਪੁਛਣ ਤੋਂ ਬਾਅਦ ਉਹ ਅਚਾਨਕ ਹੀ ਸਹਿਜ ਭਾਵ ਨਾਲ ਕਹਿਣ ਲਗੇ ਕਿ ਅੱਜ ਤਕ ਮੈ ਕਦੀ ਵੀ ਤੁਹਾਡੀ ਸੋਚ ਤੇ ਕਿੰਤੂ-ਪ੍ਰੰਤੂ ਨਹੀਂ ਕੀਤਾ ਅਤੇ ਨਾ ਹੀ ਅੱਜ ਕਰਾਂਗਾ। ਬੀਤੇ ਕਾਫੀ ਸਮੇਂ ਤੋਂ ਮੇਰੇ ਦਿੱਲ ਵਿੱਚ ਇੱਕ ਸੁਆਲ ਬਾਰ-ਬਾਰ ਉਠਦਾ ਚਲਿਆ ਆ ਰਿਹਾ ਹੈ, ਜੇ ਤੁਸੀਂ ਗ਼ਲਤ ਨਾ ਸਮਝੋ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸਦਾ ਜੁਆਬ ਦੇ ਕੇ ਮੈਂਨੂੰ ਸੰਤੁਸ਼ਟ ਕਰੋ? ਮੇਰੇ ਵਲੋਂ ਸਹਿਮਤੀ ਮਿਲ ਜਾਣ ਤੇ ਉਨ੍ਹਾਂ ਗਲ ਸ਼ੁਰੂ ਕੀਤੀ। ਬਿਨਾਂ ਕਿਸੇ ਲਗ-ਲਪੇਟ ਦੇ ਉਨ੍ਹਾਂ ਪੁਛਿਆ ਕਿ ਤੁਸੀਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੂਖਬੀਰ ਸਿੰਘ ਬਾਦਲ ਦਾ ਇਤਨਾ ਵਿਰੋਧ ਕਿਉਂ ਕਰਦੇ ਚਲੇ ਆ ਰਹੇ ਹੋ?

ਇਸ ਸੁਆਲ ਦੀ ਕਲਪਨਾ ਮੈਂ ਉਨ੍ਹਾਂ ਦੇ ਅਚਾਨਕ ਆਉਣ ਦੇ ਨਾਲ ਹੀ ਦਿੱਲ ਹੀ ੱਿਦਲ ਵਿੱਚ ਕਰ ਰਿਹਾ ਸਾਂ ਅਤੇ ਉਨ੍ਹਾਂ ਵਲੋਂ ਇਹ ਸੁਆਲ ਪੁਛੇ ਜਾਣ ਤਕ ਇਸਦਾ ਜੁਆਬ ਦੇਣ ਦੇ ਲਈ ਮੈਂ ਆਪਣੇ-ਆਪ ਨੂੰ ਤਿਅਰ ਵੀ ਕਰ ਲਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਮਾਮਲੇ ’ਚ ਮੈਂਨੂੰ ਗ਼ਲਤ ਸਮਝਿਆ ਜਾਂਦਾ ਹੋ। ਮੈਂ ਕਦੀ ਵੀ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸ. ਸੁਖਬੀਰ ਸ਼ਿੰਘ ਬਾਦਲ ਦਾ ਜ਼ਾਤੀ (ਨਿਜੀ) ਵਿਰੋਧ ਨਹੀਂ ਕੀਤਾ। ਜਿਥੋਂ ਤਕ ਉਨ੍ਹਾਂ ਦੀ ਸ਼ਖਸੀਅਤ ਦਾ ਸਬੰਧ ਹੈ ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ ਅਤੇ ਉਨ੍ਹਾਂ ਦੀ ਕਾਰਜ-ਸ਼ੈਲੀ ਦੀ ਜੋ ਗਲ ਹੈ ਉਸਦਾ ਮੈਂ ਕਾਇਲ ਹੀ ਨਹੀਂ ਸਗੋਂ ਪ੍ਰਸ਼ੰਸਕ ਵੀ ਹਾਂ।

ਮੈਂ ਹੋਰ ਦਸਿਆ ਕਿ ਮੈਂ ਉਨ੍ਹਾਂ ਦੀ ਰਾਜਸੀ ਸੋਚ ਤੇ ਨੀਤੀ ਦਾ ਵੀ ਵਿਰੋਧੀ ਨਹੀਂ, ਕਿਉਂਕਿ ਮੈਂ ਜਾਣਦਾ ਹਾਂ ਕਿ ਲੋਕਤੰਤਰ ਵਿੱਚ ਜੇ ਸਫਲਤਾ ਪ੍ਰਾਪਤ ਕਰਨੀ ਹੈ, ਤਾਂ ਤੁਹਾਨੂੰ ਹਰ ਵਰਗ ਨੂੰ ਸੰਤੁਸ਼ਟ ਰਖਣਾ ਹੋਵੇਗਾ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਚਲਣ ਲਈ ਉਨ੍ਹਾਂ ਦੇ ਨਾਲ ਸਾਂਝ ਬਣਾ ਕੇ ਰਖਣੀ ਹੋਵੇਗੀ। ਡੇਰੇਦਾਰਾਂ ਦੀਆਂ ਹਾਜ਼ਰੀਆਂ ਵੀ ਭਰਨੀਆਂ ਪੈਣਗੀਆਂ, ਉਨ੍ਹਾਂ ਦੇ ਹਿਤਾਂ ਦਾ ਖਿਆਲ ਵੀ ਰਖਣਾ ਹੋਵੇਗਾ, ਹਵਨ ਵੀ ਕਰਵਾਉਣੇ ਅਤੇ ਮੱਥੇ ਤਿਲਕ ਵੀ ਲਗਵਾਉਣੇ ਪੈਣਗੇ। ਕਿਉਂਕਿ ਇਸਤੋਂ ਬਿਨਾਂ ਉਨ੍ਹਾਂ ਦੇ ਪ੍ਰਭਾਵ ਹੇਠਲੇ ਉਸ ‘ਵੋਟ-ਬੈਂਕ’ ਪੁਰ ਕਾਬੂ ਪਾ ਸਕਣਾ ਸੰਭਵ ਨਹੀਂ ਹੁੰਦਾ, ਜਿਸਦੀ ਲੋਕਤਾਂਤ੍ਰਿਕ ਵਾਤਾਵਰਣ ਵਿੱਚ ਬਹੁਤ ਹੀ ਜ਼ਿਆਦਾ ਮਹਤੱਤਾ ਅਤੇ ਲੋੜ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਰਾਜਸੀ ਖੇਤ੍ਰ ਵਿੱਚ ਅਜਿਹੇ ਸਮਝੌਤੇ ਕਰਨੇ ਮਜਬੂਰੀ ਬਣ ਜਾਂਦੇ ਹਨ, ਭਾਵੇਂ ਇਹ ਪਾਰਟੀ ਦੀਆਂ ਨਿਸ਼ਚਿਤ ਨੀਤੀਆਂ ਤੋਂ ਹਟ ਕੇ ਹੋਣ ਅਤੇ ਉਨ੍ਹਾਂ ਨੂੰ ਸਿਧਾਂਤ-ਵਿਰੋਧੀ ਮੰਨਿਆ ਜਾਂਦਾ ਹੋਵੇ।

ਮੇਰੀ ਗਲ ਸੁਣ, ਉਹ ਕਹਿਣ ਲਗੇ ਕਿ ਫਿਰ ਤੂਹਾਨੂੰ ਬਾਦਲ ਦਲ ਵਿਰੋਧੀ ਕਿਉਂ ਮੰਨਿਆ ਜਾਂਦਾ ਹੈ? ਉਨ੍ਹਾਂ ਦੇ ਇਸ ਸੁਆਲ ਪੁਰ ਮੈਂ ਉਨ੍ਹਾਂ ਨੂੰ ਦਸਿਆ ਕਿ ਮੇਰੀ ਅਲੋਚਨਾ ਸਾਰਥਕ ਅਤੇ ਉਸਾਰੂ ਸੋਚ ਪੁਰ ਅਧਾਰਤ ਹੁੰਦੀ ਹੈ। ਜੇ ਉਸਨੂੰ ਤੁਸੀਂ ਨਕਾਰਾਤਮਕ ਸੋਚ ਨੂੰ ਮੁੱਖ ਰਖ ਕੇ ਵੇਖਣ ਦੀ ਬਜਾਏ, ਨਿਰਪੱਖ ਸੋਚ ਦੇ ਆਧਾਰ ਤੇ ਵਿਚਾਰੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਮੈਂ ਬਾਦਲ ਅਕਾਲੀ ਦਲ ਦੀਆਂ ਕੇਵਲ ਉਨ੍ਹਾਂ ਨੀਤੀਆਂ ਅਤੇ ਕੰਮਾਂ ਦੀ ਅਲੋਚਨਾ (ਵਿਰੋਧਤਾ ਨਹੀਂ) ਕਰਦਾ ਹਾਂ, ਜੋ ਉਸਦੀਆਂ ਸਥਾਪਤ ਆਪਣੀਆਂ ਨੀਤੀਆਂ ਅਤੇ ਉਸਦੇ ਆਪਣੇ ਹਿਤਾਂ ਵਿਰੁਧ ਹੁੰਦੀਆਂ ਹਨ। ਇਸ ਗਲ ਨੂੰ ਜੇ ਸਮਝ ਲਿਆ ਜਾਏ ਤਾਂ ਬਾਦਲ ਅਕਾਲੀ ਦਲ ਦੇ ਮੁਖੀ ਆਪਣੀ ਸੋਚ ਤੇ ਆਚਰਣ ਵਿੱਚ ਸੁਧਾਰ ਲਿਆ ਕੇ ਆਪਣੇ ਤੇ ਦਲ ਦੇ ਆਧਾਰ ਨੂੰ ਜ਼ਮੀਨ ਨਾਲ ਜੋੜ ਕੇ ਚਲ ਸਕਦੇ ਹਨ। ਕੁਝ ਤਾਂ ਮੇਰੀ ਇਸ ਨੀਤੀ ਨੂੰ ਸਮਝ ਲੈਂਦੇ ਹਨ ਅਤੇ ਕੁਝ ਵਿਰੋਧੀ ਭਾਵਨਾ ਦੇ ਚਲਦਿਆਂ ਵਿਰੋਧ ਕਰਨ ਲਗਦੇ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਆਪ ਮੇਰੇ ਕਿਸੇ ਵੀ ਅਜਿਹੇ ਮਜ਼ਮੂਨ ਨੂੰ, ਜਿਸਨੂੰ ਉਹ ਬਾਦਲ ਦਲ ਦੇ ਵਿਰੁਧ ਸਮਝਦੇ ਹਨ, ਮੇਰੇ ਇਸ ਦਾਅਵੇ ਨੂੰ ਮੁਖ ਰਖਕੇ ਪੜ੍ਹ ਵੇਖਣ।

…ਅਤੇ ਅੰਤ ਵਿਚ : ਦਸਿਆ ਗਿਆ ਹੈ ਕਿ ਬੰਗਾਲ ਤੋਂ ਕਿਸੇ ਸਜਣ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਕ ਚਿਂਠੀ ਲਿਖਕੇ ਕਿਹਾ ਹੈ ਕਿ ਰੋਜ਼ ਸਵੇਰੇ ਇਕ ਟੀ ਵੀ ਚੈਨਲ ਤੇ ਜਦੋਂ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੋ ਰਹੇ ਕੀਰਤਨ ਦਾ ਸ੍ਰਵਣ ਕਰ ਰਹੇ ਹੋਈਦਾ ਹੈ, ਤਾਂ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਪਿਛੇ ਬੈਠਣ ਲਈ ਕਈ ਸ਼ਰਧਾਲੂਆਂ ਨੂੰ ਸੇਵਾਦਾਰ ਨੂੰ ਹਥ ਜੋੜ ਬੇਨਤੀ ਕਰਦਿਆਂ ਵੇਖੀਦਾ ਹੈ। ਸੇਵਾਦਾਰ ਆਪਣੀ ਮਰਜ਼ੀ ਅਨੁਸਾਰ ਕਿਸੇ ਨੂੰ ਬਿਠਾਣ ਲਈ ਪਹਿਲਾਂ ਬੈਠੇ ਕਿਸੇ ਸਜਣ ਨੂੰ ਉਠਾ ਦਿੰਦਾ ਹੈ ਤੇ ਕਿਸੇ ਨੂੰ ਬਾਹਰ ਧਕ ਦਿੰਦਾ ਹੈ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਕੋਈ ਹੋਰ ਅਹੁਦੇਦਾਰ ਪੁਜਦਾ ਹੈ, ਤਾਂ ਉਹ ਸੇਵਾਦਾਰ ਰਾਗੀ ਸਿੰਘਾਂ ਦੇ ਬਿਲਕੁਲ ਪਿਛੇ ਬੈਠੇ ਸ਼ਰਧਾਲੂਆਂ ਨੂੰ ਵੀ ਉਠਾਣ ਤੋਂ ਗੁਰੇਜ਼ ਨਹੀਂ ਕਰਦਾ। ਇਸਦੇ ਨਾਲ ਉਥੇ ਸੰਗਤ ਵਿਚ ਬੈਠਿਆਂ ਦੀ ਬਿਰਤੀ ਤਾਂ ਟੁਟਦੀ ਹੀ ਹੋਵੇਗੀ, ਉਨ੍ਹਾਂ ਦੀ ਬਿਰਤੀ ਵੀ ਕੀਰਤਨ ਸ੍ਰਵਣ ਕਰਨ ਵਲੋਂ ਹਟ ਕੇ ਸੇਵਾਦਾਰ ਦੇ ਕਰਮਾਂ ਵਲ ਹੋ ਜਾਂਦੀ ਹੈ, ਜਿਹੜੇ ਸ਼ਰਧਾਲੂ ਟੀ ਵੀ ਤੇ ਕੀਰਤਨ ਸ੍ਰਵਣ ਕਰ ਰਹੇ ਹੁੰਦੇ ਹਨ। ਉਸ ਸਜਣ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸਲਾਹ ਦਿਤੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਰਾਗੀ ਸਿੰਘਾਂ ਦੇ ਪਿਛੇ ਦੀਆਂ ਸੀਟਾਂ ਰਾਖਵੀਆਂ ਕਰ ਦਿਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਸੀਟਾਂ ਤੇ ਉਹੀ ਬੈਠ ਸਕਣ ਜਿਨ੍ਹਾਂ ਲਈ ਉਹ ਰਾਖਵੀਆਂ ਹੋਣ। ਇਸਤਰ੍ਹਾਂ ਨਾ ਸੇਵਾਦਾਰ ਨੂੰ ਕੋਈ ਤਰਦਦ ਕਰਨਾ ਪਵੇਗਾ ਕਿ ਉਹ ਕਿਸ ਨੂੰ ਉਥੇ ਬਿਠਾਏ ਤੇ ਕਿਸ ਨੂੰ ਉਥੋਂ ੳਠਾਏ ਅਤੇ ਨਾ ਹੀ ਸੰਗਤ ਦੀ ਬਿਰਤੀ ਭੰਗ ਹੋਵੇਗੀ।

- ਜਸਵੰਤ ਸਿੰਘ ‘ਅਜੀਤ’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top