Share on Facebook

Main News Page

ਹਰ ਗਧੇ-ਘੋੜੇ ਦਾ ਫੁਰਮਾਨ ਅੱਜ ਸਿੱਖਾਂ ਲਈ, ਇਲਾਹੀ ਫੁਰਮਾਨ ਬਣਾ ਦਿੱਤਾ ਗਿਆ ਹੈ, ਜੋ ਕਿ ਅਕਾਲ-ਤਖਤ ਦੇ ਸਿਧਾਂਤ ਦੀ ਸਰਾ-ਸਰ ਉਲੰਘਣਾ ਹੈ

ਅਕਾਲ ਤਖਤ ਦੇ ਵਿਸ਼ੇ ਬਾਰੇ ਵਿਚਾਰ-ਸਾਂਝ ਕਰਨ ਤੋਂ ਪਹਿਲਾਂ, ਇੱਕ ਵਿਚਾਰ ਕਰਨੀ ਜ਼ਰੂਰੀ ਹੈ। ਵਿਰਾਸਤ ਉਹ ਚੀਜ਼ ਹੈ, ਜਿਸ ਤੋਂ ਸੇਧ ਲੈ ਕੇ, ਬੰਦਾ ਅਗਾਂਹ ਦਾ ਪ੍ਰੋਗਰਾਮ ਉਲੀਕਦਾ ਹੈ। ਸਿਰਫ ਇੰਸਾਨ ਹੀ ਅਜਿਹਾ ਜੀਵ ਹੈ, ਜੋ ਆਪਣੀ ਵਿਰਾਸਤ ਤੋਂ ਸੇਧ ਲੈਣ ਦੇ ਸਮਰੱਥ ਹੁੰਦਾ ਹੈ। ਜੇ ਗਲਤ ਹੱਥਾਂ ਵਿੱਚ ਆ ਕੇ, ਵਿਰਾਸਤ ਦੀ ਦੁਰ-ਵਰਤੋਂ ਹੋਣ ਲਗ ਜਾਵੇ, ਤਾਂ ਉਸ ਦਾ ਹੱਲ ਇਹ ਹੈ ਕਿ, ਉਸ ਵਿਰਾਸਤ ਨੂੰ ਸਹੀ ਹੱਥਾਂ ਵਿੱਚ ਲਿਆ ਕੇ ਉਸ ਦਾ ਸਹੀ ਰੂਪ ਉਜਾਗਰ ਕੀਤਾ ਜਾਵੇ। ਨਾ ਕਿ ਉਸ ਵਿਰਾਸਤ ਨੂੰ ਹੀ ਨਕਾਰ ਦਿੱਤਾ ਜਾਵੇ। ਲੋਕ ਆਪਣੀ ਵਿਰਾਸਤ ਨੂੰ ਸਜਾਉਂਦੇ-ਸਵਾਰਦੇ ਅਤੇ ਉਸ ਤੇ ਮਾਣ ਕਰਦੇ ਹਨ। ਅਕਾਲ ਤਖਤ ਦਾ, ਨਾਨਕ ਜੋਤ ਵਲੋਂ ਮਿਲਿਆ ਉਹ ਫਲਸਫਾ ਹੈ, ਜਿਸ ਦੇ ਦੁਆਲੇ ਸਿੱਖ ਜੁੜਦੇ ਰਹੇ ਹਨ, ਬੜੇ ਵੱਡੇ-ਵੱਡੇ ਫੈਸਲੇ ਲੈਂਦੇ ਰਹੇ ਹਨ। ਉਨ੍ਹਾਂ ਫੇਸਲਿਆਂ ਤੇ ਅੱਜ ਵੀ ਸਿੱਖ ਮਾਣ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਮਾਣ ਕਰਦੇ ਰਹਿਣਗੇ। ਇਹ ਗੱਲ ਵੱਖਰੀ ਹੈ ਕਿ ਪੁਜਾਰੀ ਸ਼੍ਰੇਣੀ ਨੇ ਸਿੱਖਾਂ ਨੂੰ ਕੁਰਾਹੇ ਪਾਉਂਦਿਆਂ, ਇਨ੍ਹਾਂ ਸਿਧਾਂਤਾਂ ਨਾਲੋਂ ਤੋੜ ਕੇ, ਇਨ੍ਹਾਂ ਸਿਧਾਂਤਾਂ ਦੇ ਪਰਤੀਕ, ਆਕਾਰ ਬਣਾ ਕੇ, ਉਨ੍ਹਾਂ ਨਾਲ ਹੀ ਜੋੜ ਦਿੱਤਾ ਹੈ। ਲੋੜ ਹੈ ਸਿੱਖਾਂ ਨੂੰ ਜਾਗਰੂਕ ਕਰ ਕੇ, ਉਨ੍ਹਾਂ ਸਿਧਾਂਤਾਂ ਦੇ ਅਸਲ ਪੱਖ ਨੂੰ ਸਮਝਾਉਂਦਿਆਂ, ਆਕਾਰਾਂ ਤੋਂ ਮੁਕਤ ਕਰਾਉਣ ਦੀ।

ਅਕਾਲ ਤਖਤ ਕੋਈ ਬਿਲਡਿੰਗ ਨਹੀਂ ਹੈ, ਜਿਵੇਂ ਅੱਜ ਸਿੱਖਾਂ ਵਿਚ, ਦਰਬਾਰ ਸਾਹਿਬ ਪਰੀਸਰ ਵਿੱਚ ਖੜੀ ਬਿਲਡਿੰਗ ਹੀ ਅਕਾਲ ਦਾ ਤਖਤ ਹੈ, ਉਸ ਤੇ ਕਾਬਜ਼, ਹਰ ਗਧੇ-ਘੋੜੇ ਦਾ ਫਰਮਾਨ ਅੱਜ ਸਿੱਖਾਂ ਲਈ, ਇਲਾਹੀ ਫਰਮਾਨ ਬਣਾ ਦਿੱਤਾ ਗਿਆ ਹੈ, ਜੋ ਕਿ ਅਕਾਲ-ਤਖਤ ਦੇ ਸਿਧਾਂਤ ਦੀ ਸਰਾ-ਸਰ ਉਲੰਘਣਾ ਹੈ। ਅਕਾਲ ਤਖਤ ਦੇ ਸਿਧਾਂਤ ਅਨੁਸਾਰ, ਦੁਨੀਆ ਦਾ ਵੱਡੇ ਤੋਂ ਵੱਡਾ ਰਾਜ, ਉਸ ਤੇ ਰਾਜ ਕਰਨ ਵਾਲਾ ਰਾਜਾ ਅਤੇ ਜਿਸ ਤਖਤ ਤੇ ਉਹ ਬੈਠਦਾ ਹੈ, ਸਭ ਅਕਾਲ ਤਖਤ ਦੇ ਮੁਕਾਬਲੇ ਤੇ ਹੇਚ ਹਨ। ਦੁਨਿਆਵੀ ਤਖਤਾਂ ਦੀ ਮਿਆਦ, ਕੁੱਝ ਸਾਲਾਂ ਤਕ ਹੀ ਸੀਮਿਤ ਹੁੰਦੀ ਹੈ, ਜਦ ਕਿ ਅਕਾਲ ਦਾ ਤਖਤ ਸਦੀਵੀ ਹੈ। ਨਾਨਕ ਜੋਤ ਨੇ ਸਿੱਖਾਂ ਨੂੰ, ਦੁਨਿਆਵੀ ਤਖਤਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ, ਇੱਕ ਅਕਾਲ ਦੇ ਤਖਤ ਦੀ ਰਿਆਇਆ ਬਣਨ ਦਾ ਉਪਦੇਸ਼ ਦਿੱਤਾ ਸੀ। ਜਦ ਤਕ ਸਿੱਖ, ਇਸ ਫਲਸਫੇ ਨੂੰ ਸਮਝਦੇ, ਇਸ ਇਤਿਹਾਸਿਕ ਅਸਥਾਨ ਤੇ ਜੁੜ ਕੇ, ਆਪਣੇ ਫੇਸਲੇ ਲੈਂਦੇ ਰਹੇ, ਤਦ ਤਕ ਉਹ ਚੜ੍ਹਦੀ ਕਲਾ ਵਿੱਚ ਰਹੇ। ਦੋ-ਦੋ ਸਿੱਖਾਂ ਨੇ, ਪੂਰੇ ਭਾਰਤ ਦੇ ਤਖਤ ਨੂੰ, ਰਾਜ ਨੂੰ ਲਲਕਾਰਨ ਵਿਚ, ਕਦੇ ਕੋਈ ਸੰਕੋਚ ਨਹੀਂ ਕੀਤਾ। ਸਿੱਖਾਂ ਨੂੰ, ਅਕਾਲ ਤਖਤ ਦੇ ਸਿਧਾਂਤ ਵਿਚੋਂ ਮਿਲੀ, ਆਜ਼ਾਦੀ ਦੀ ਖੁਸ਼ਬੂ, ਨਾ ਕਿਸੇ ਜਰਵਾਣੇ ਨੂੰ ਅੱਜ ਤਕ ਬਰਦਾਸ਼ਤ ਹੋਈ ਹੈ, ਅਤੇ ਨਾ ਹੀ ਕਦੀ ਬਰਦਾਸਤ ਹੋਵੇਗੀ। ਭਾਵੇਂ ਉਹ ਜਰਵਾਣਾ ਮੁਗਲ ਭੇਸ ਵਿੱਚ ਸੀ, ਭਾਵੇਂ ਸਿੱਖ ਭੇਸ ਵਿੱਚ ਸੀ, ਭਾਵੇਂ ਅਮਗਰੇਜ਼ਾਂ ਦੇ ਭੇਸ ਵਿੱਚ ਸੀ, ਤੇ ਭਾਵੇਂ ਅੱਜ ਹਿੰਦੂਆਂ ਦੇ ਭੇਸ ਵਿੱਚ ਹੈ। ਰਾਜ ਕਰਨ ਵਾਲਿਆਂ ਨੂੰ, ਆਜ਼ਾਦੀ ਦੀ ਇਹ ਖੁਸ਼ਬੂ, ਹਮੇਸ਼ਾ ਪਰੇਸ਼ਾਨ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ, ਹਮੇਸ਼ਾ ਪਰੇਸ਼ਾਨ ਕਰਦੀ ਰਹੇਗੀ।

ਇਹ ਗੱਲ ਵੱਖਰੀ ਹੈ ਕਿ ਸਿੱਖ, ਆਪਣੀ ਵਿਰਾਸਤ ਨੂੰ ਸਾਂਭ ਨਹੀਂ ਸਕੇ, ਪਰ ਇਸ ਵਿੱਚ ਸਿੱਖਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਸਿੱਖ ਆਪਣੇ ਸਿਧਾਂਤਾਂ ਦੀ ਸ਼ਮ੍ਹਾ ਨੂੰ ਰੌਸ਼ਨ ਰੱਖਣ ਲਈ, ਪਰਵਾਨੇ ਬਣ ਕੇ, ਉਸ ਵਿੱਚ ਆਪਣੇ ਲਹੂ ਦਾ ਤੇਲ ਮਚਾਉਂਦੇ ਰਹੇ ਹਨ। ਦੂਸਰੇ ਪਾਸੇ ਸਿੱਖੀ ਭੇਸ ਵਿਚ, ਸਵਾਰਥੀ ਲੋਕਾਂ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਇਹ ਪਰਵਾਨੇ, ਸ਼ਮ੍ਹਾ ਤੋਂ ਕੁਰਬਾਨ ਹੋ ਜਾਣ, ਫਿਰ ਅਸੀਂ ਉਸ ਦੀ ਲੋ ਦੇ ਵਾਰਸ ਬਣ ਕੇ ਮੌਜਾਂ ਕਰਾਂਗੇ। ਹਰ ਮੁਸੀਬਤ ਦੇ ਨਾਲ ਪਰਵਾਨੇ ਘਟਦੇ ਗਏ ਅਤੇ ਸਵਾਰਥੀ ਲੋਕਾਂ ਵਿੱਚ ਵਾਧਾ ਹੁੰਦਾ ਗਿਆ। ਇਵੇਂ ਪਰਵਾਨੇ ਘਟਦੇ ਜਾ ਰਹੇ ਹਨ ਅਤੇ ਸ਼ਮ੍ਹਾ ਦੀ ਰੌਸ਼ਨੀ ਮੱਧਮ ਹੁੰਦੀ ਜਾ ਰਹੀ ਹੈ।

ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਮੂਰਤੀਆਂ ਦੀ ਪੂਜਾ ਨਹੀਂ ਕਰਨੀ, ਇੱਕ ਅਕਾਲ ਦੀ ਹੀ ਪੂਜਾ ਕਰਨੀ ਹੈ। ਸਿੱਖ ਬਣੇ ਸਵਾਰਥੀ ਲੋਕਾਂ ਨੇ ਮਨ ਵਿੱਚ ਕਿਹਾ, ਬਾਬਾ ਘਬਰਾ ਨਹੀਂ, ਤੇਰੇ ਸਿਧਾਂਤ ਦੇ ਪਰਵਾਨਿਆਂ ਨੂੰ ਜ਼ਰਾ ਘੱਟ ਲੈਣ ਦੇ, ਅਸੀਂ ਤੇਰੀਆਂ ਹੀ ਮੂਰਤੀਆਂ ਬਣਾ ਕੇ, ਸਿੱਖਾਂ ਕੋਲੋਂ ਉਨ੍ਹਾਂ ਦੀ ਹੀ ਪੂਜਾ ਕਰਵਾਉਣੀ ਹੈ। ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਤੀਰਥਾਂ ਤੇ ਇਸ਼ਨਾਨ ਦਾ ਕੋਈ ਆਤਮਕ ਲਾਭ ਨਹੀਂ। ਤੁਸੀਂ ਸ਼ਬਦ ਵਿਚਾਰ ਰਾਹੀਂ ਪਰਾਪਤ ਕੀਤੇ ਗਿਆਨ ਆਸਰੇ, ਨਾਮ ਦੇ ਤੀਰਥ ਤੇ ਹੀ ਇਸ਼ਨਾਨ ਕਰਨਾ ਹੈ। ਇਨ੍ਹਾਂ ਸਵਾਰਥੀ ਤੱਤਾਂ ਨੇ ਕਿਹਾ, ਬਾਬਾ ਘਾਬਰ ਨਹੀਂ, ਜ਼ਰਾ ਇਨ੍ਹਾਂ ਪਰਵਾਨਿਆਂ ਨੂੰ ਘਟ ਲੈਣ ਦੇ, ਅਸੀਂ ਤੇਰੇ ਨਾਲ ਸਬੰਧਤ ਅਸਥਾਨਾਂ ਨੂੰ ਹੀ ਨਹੀਂ, ਮਨੋ-ਕਲਪਿਤ ਅਸਥਾਨਾਂ ਨੂੰ ਵੀ ਤੇਰੇ ਨਾਮ ਨਾਲ ਜੋੜ ਕੇ, ਉਨ੍ਹਾਂ ਥਾਵਾਂ ਤੇ ਤੀਰਥ ਬਣਾ ਦੇਣੇ ਹਨ, ਉਨ੍ਹਾਂ ਵਿੱਚ ਇਸ਼ਨਾਨ ਕਰਨ ਦੇ ਚਾਹਵਾਨ ਸਿੱਖਾਂ ਦੀਆਂ ਲਾਈਨਾਂ ਲਵਾ ਦੇਣੀਆ ਹਨ। ਤੂੰ ਕਹਿੰਦਾ ਹੈਂ, ਪੁਜਾਰੀ ਆਤਮਕ ਪੰਧ ਵਿੱਚ ਕੋਈ ਮਦਦ ਨਹੀਂ ਕਰ ਸਕਦੇ, ਤੇਰੇ ਸਿੱਖ ਉਨ੍ਹਾਂ ਤੀਰਥਾਂ ਤੇ ਸਮਾਨ ਢੋਣ ਵਾਲੇ ਗਧਿਆਂ-ਘੋੜਿਆਂ ਦੀ ਸੇਵਾ ਕਰ ਕੇ, ਉਨ੍ਹਾਂ ਤੋਂ ਵੀ ਸਵਰਗ ਦੀਆਂ ਟਿਕਟਾਂ ਭਾਲਿਆ ਕਰਨਗੇ।

ਨਾਨਕ ਜੋਤ ਨੇ ਕਿਹਾ ਸੀ, ਸਿੱਖ ਨੂੰ ਕਰਮ-ਕਾਂਡ ਨਹੀਂ ਕਰਨੇ ਚਾਹੀਦੇ, ਇਨ੍ਹਾਂ ਦਾ ਕੋਈ ਲਾਭ ਨਹੀਂ। ਸਵਾਰਥੀ ਤੱਤਾਂ ਨੇ ਮਨ ਵਿੱਚ ਕਿਹਾ, ਬਾਬਾ ਫਿਕਰ ਨਾ ਕਰ, ਸਮਾ ਆਉਣ ਦੇਹ, ਅਸੀਂ ਤੇਰੀਆਂ ਧਰਮ-ਸ਼ਾਲਾਵਾਂ, ਗੁਰਦਵਾਰਿਆਂ ਵਿੱਚ ਹੀ ਸਿੱਖਾਂ ਕੋਲੋਂ ਸਾਰੇ ਕਰਮ-ਕਾਂਡ ਕਰਵਾਇਆ ਕਰਾਂਗੇ। ਨਾਨਕ ਜੋਤ ਨੇ ਕਿਹਾ ਸੀ, ਸਿੱਖਾਂ ਨੂੰ ਉਸ ਇਕੋ-ਇਕ ਸਾਹਿਬ ਨਾਲ ਜੁੜਨਾ ਚਾਹੀਦਾ ਹੈ। ਦੇਵੀ-ਦੇਵਤਿਆਂ ਦਾ ਮੂਲ, ਮਾਇਆ ਹੈ, ਉਨ੍ਹਾਂ ਨਾਲ ਜੁੜਨਾ, ਮਾਇਆ ਨਾਲ ਜੁੜਨਾ ਹੈ। ਸਿੱਖੀ ਭੇਸ ਵਿੱਚ ਲੁਕੇ ਸਵਰਥੀ ਤੱਤਾਂ ਨੇ ਕਿਹਾ, ਬਾਬਾ ਸਮਾ ਆ ਲੈਣ ਦੇਹ, ਤੇਰੇ ਇਸ ਸਿਧਾਂਤ ਨੂੰ ਕਿਸ ਮੰਨਣਾ ਹੈ, ਅਸੀਂ ਤੇਰੇ ਇਸ ਦਰਬਾਰ ਸਾਹਿਬ ਦੇ ਸਿਧਾਂਤ ਨੂੰ ਹੀ, ਇੱਕ ਇਮਾਰਤ ਤੱਕ ਮਹਿਦੂਦ ਕਰ ਕੇ, ਉਸ ਇਮਾਰਤ ਨੂੰ ਹੀ ਵਿਸ਼ਨੂ, ਹਰੀ ਦਾ ਮੰਦਰ ਬਣਾ ਕੇ, ਤੇਰੇ ਸਿੱਖਾਂ ਕੋਲੋਂ ਉਸ ਬਿਲਡਿੰਗ ਦੀ ਹੀ ਪੂਜਾ ਕਰਵਾਉਣੀ ਹੈ। ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਤੁਸੀਂ ਇੱਕ ਅਕਾਲ ਦੀ ਹੀ ਰਿਆਇਆ ਬਣ ਕੇ ਰਹਿਣਾ ਹੈ, ਇਨ੍ਹਾਂ ਜਰਵਾਣੇ ਰਾਜਿਆਂ ਦੀ ਈਨ ਨਹੀਂ ਮੰਨਣੀ। ਸਿੱਖੀ ਭੇਸ ਵਿਚਲੇ ਸਵਾਰਥੀ ਤੱਤਾਂ ਨੇ ਮਨ ਵਿੱਚ ਕਿਹਾ, ਬਾਬਾ ਵੇਖਦਾ ਰਹੁ, ਆਉਣ ਵਾਲੇ ਸਮੇ ਵਿਚ, ਤੇਰੇ ਇਨ੍ਹਾਂ ਸਿਧਾਂਤਾਂ ਦਾ ਮਲੀਆ-ਮੇਟ ਕਰ ਕੇ, ਇੱਕ ਭਵਨ ਨੂੰ ਹੀ ਅਕਾਲ ਦਾ ਤਖਤ ਬਣਾ ਕੇ, ਅਸੀਂ ਉਸ ਤੇ ਆਪਣਾ ਜੁੱਤੀ-ਚੱਟ ਬਿਠਾਵਾਂਗੇ, ਸਿੱਖੀ ਵਿੱਚ ਉਸ ਦੀ ਏਨੀ ਮਾਨਤਾ ਕਰਵਾ ਦੇਵਾਂਗੇ ਕਿ, ਸਾਡੀ ਇੱਛਾ ਅਨੁਸਾਰ, ਉਸ ਦੇ ਮੂੰਹ ਵਿਚੋਂ ਨਿਕਲਿਆ ਇੱਕ ਬਚਨ ਵੀ, ਸਿੱਖਾਂ ਲਈ ਇਲਾਹੀ ਫਰਮਾਨ ਬਣ ਜਾਵੇਗਾ।

ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਤੁਸੀਂ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ, ਆਪਣੀ ਜੀਵਨ-ਜਾਚ ਘੜਨੀ ਹੈ। ਕਿਸੇ ਦੇਹ-ਧਾਰੀ ਮਗਰ ਨਹੀਂ ਲੱਗਣਾ। ਸਿੱਖੀ ਤੇ ਕਬਜ਼ਾ ਕਰਨ ਦੀ ਚਾਹਵਾਨ, ਪੁਜਾਰੀ ਜਮਾਤ ਨੈ ਦਿਲ ਵਿੱਚ ਕਿਹਾ, ਬਾਬਾ ਬੇਫਿਕਰ ਰਹੁ, ਆਉਣ ਵਾਲੇ ਸਮੇ ਵਿੱਚ ਅਸੀਂ ਤੇਰੇ ਨਾਮ ਥੱਲੇ ਹੀ ਏਨੇ ਗ੍ਰੰਥ ਬਣਾ ਦੇਣੇ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੋਵੇਗੀ। ਤੇਰੇ ਧਰਮ-ਅਸਥਾਨਾਂ, ਗੁਰ ਦਵਾਰਿਆਂ ਵਿੱਚ ਉਨ੍ਹਾਂ ਗਰੰਥਾਂ ਦੀਆਂ ਹੀ ਕਥਾ-ਕਹਾਣੀਆਂ ਹੋਇਆ ਕਰਨਗੀਆਂ। ਤੇਰੇ ਗ੍ਰੰਥ ਨੂੰ ਤਾਂ, ਅਸੀਂ ਰੁਮਾਲਿਆਂ ਥੱਲੇ ਦੱਬ ਕੇ, ਉਸ ਦੇ ਸਿਧਾਂਤ ਦੀ ਤਾਂ ਸਿੱਖਾਂ ਨੂੰ ਸੂਹ-ਸੁੰਧਕ ਵੀ ਨਹੀਂ ਲੱਗਣ ਦੇਣੀ। ਤੇਰੇ ਸਿੱਖ ਸਾਡੇ ਕੋਲੋਂ ਹੀ, ਪੈਸੇ ਦੇ ਕੇ, ਤੇਰੇ ਗ੍ਰੰਥ ਦਾ ਪਾਠ ਕਰਵਾਇਆ ਕਰਨਗੇ। ਨਾਨਕ ਜੋਤ ਨੇ ਕਿਹਾ ਸੀ, ਸਿੱਖੋ ਜਦ ਵੀ ਕੋਈ ਭੀੜ ਬਣ ਜਾਵੇ, ਕੋਈ ਦੁਵਿਧਾ ਖੜੀ ਹੋ ਜਾਵੇ ਤਾਂ, ਇਕੱਠੇ ਹੋ ਕੇ, ਆਪਸ ਵਿੱਚ ਪਿਆਰ ਸਹਿਤ, ਜੁੜ ਬੈਠ ਕੇ, ਆਪਸੀ ਵਿਚਾਰ ਆਸਰੇ, ਉਸ ਦੁਵਿਧਾ ਨੂੰ ਦੂਰ ਕਰ ਲੈਣਾ। ਤਾਂ ਸਿੱਖੀ ਭੇਸ ਵਿਚਲੇ ਸਵਾਰਥੀ ਤੱਤਾਂ ਨੇ ਮਨ ਵਿੱਚ ਕਿਹਾ ਸੀ, ਬਾਬਾ ਇਨ੍ਹਾਂ ਗਿਣਤੀ ਦੇ ਪਰਵਾਨਿਆਂ ਨੂੰ ਖਤਮ ਹੋ ਲੈਣ ਦੇਹ। ਫਿਰ ਅਸੀਂ ਤੇਰੇ ਪੰਥ ਵਿਚ, ਏਨੀਆਂ ਦੁਬਿਧਾਵਾਂ ਖੜੀਆਂ ਕਰ ਦੇਵਾਂਗੇ, ਜਿਨ੍ਹਾਂ ਵਿੱਚ ਹਰ ਚੜ੍ਹਦੇ ਸੂਰਜ, ਕੋਈ ਨਾ ਕੋਈ ਵਾਧਾ ਹੁੰਦਾ ਹੀ ਰਹੇਗਾ। ਪਰ ਤੇਰੇ ਸਿੱਖ, ਕਿਸੇ ਇੱਕ ਦੁਬਿਧਾ ਨੂੰ ਵੀ, ਮਿਲ ਬੈਠ ਕੇ, ਸਦੀਆਂ ਵਿੱਚ ਵੀ ਦੂਰ ਨਹੀਂ ਕਰ ਸਕਣਗੇ। ਸਿੱਖੀ ਭੇਸ ਵਿਚਲੇ ਉਨ੍ਹਾਂ ਸਵਾਰਥੀ ਤੱਤਾਂ ਨੇ, ਅੱਜ ਇਹ ਸਭ ਕੁੱਝ ਕਰ ਵਿਖਾਇਆ ਹੈ। ਇਨ੍ਹਾਂ ਵਿਚੋਂ ਕਿਸ-ਕਿਸ ਸੰਸਥਾ ਨੂੰ ਖਤਮ ਕਰ ਦੇਵੋਗੇ? ਜੇ ਤੁਹਾਨੂੰ ਇਹੀ ਠੀਕ ਜਾਪਦਾ ਹੈ ਕਿ ਇਹ ਸੰਸਥਾਵਾਂ ਖਤਮ ਕਰ ਦੇਣੀਆਂ ਹੀ, ਸਿੱਖੀ ਦੇ ਮੌਜੂਦਾ ਸੰਕਟ ਦਾ ਹੱਲ ਹੈ, ਤਾਂ ਇੱਕ ਗੱਲ ਸਮਝ ਲਵੋ, ਇਹ ਸਾਰੀਆਂ ਸੰਸਥਾਵਾਂ ਖਤਮ ਕਰਨ ਲਈ, ਤੁਹਾਡੇ ਵਲੋਂ ਕੀਤੇ ਕਿਸੇ ਉੱਦਮ ਦੀ ਲੋੜ ਨਹੀਂ।

ਜੋ ਸਦੀਆਂ ਤੋਂ ਇਹ ਵਿਉਂਤ-ਬੰਦੀ ਕਰ ਕੇ ਚਲ ਰਹੇ ਹਨ, ਉਨ੍ਹਾਂ ਨੇ ਆਪ ਹੀ ਇਨ੍ਹਾਂ ਸਭ ਸੰਸਥਾਵਾਂ ਦਾ ਭੋਗ ਪਾ ਦੇਣਾ ਹੈ। ਤੁਹਾਨੂੰ ਸਿਰਫ “ਮਨੂ ਸਿਮਿਰਤੀ “ ਪੜ੍ਹਨ ਦੀ ਲੋੜ ਹੈ, ਜਿਸ ਰਾਹੀਂ ਤੁਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੋ। ਉਸ ਵਿੱਚ ਤੁਹਾਨੂੰ ਇਕ “ਸ਼ੂਦਰ” ਦੇ ਅਧਿਕਾਰ ਸਰਲਤਾ ਪੂਰਵਕ ਲੱਭ ਪੈਣਗੇ। ਤੁਸੀਂ ਉਸ ਅਨੁਸਾਰ ਹੀ ਆਪਣੀ ਤਿਆਰੀ ਕਰੋ. ਕਿਉਂਕਿ ਬਹੁ ਗਿਣਤੀ ਸਿੱਖ ਸ਼ੁਦਰਾਂ ਵਿਚੋਂ ਹੀ ਬਣੇ ਸਨ। ਸਿੱਖੀ ਸੰਸਥਾਵਾਂ ਖਤਮ ਹੋਣ ਨਾਲ ਤੁਹਾਨੂੰ ਉਸ ਅਸਥਾਨ ਤੇ ਹੀ ਮੁੜਨਾ ਪੈਣਾ ਹੈ। ਭਾਰਤ ਵਿਚਲੀਆਂ, ਅੱਜ ਦੀਆਂ ਪੱਛੜੀਆਂ ਜਾਤੀਆਂ, ਉਸ ਦੀ ਜਿਊਂਦੀ-ਜਾਗਦੀ ਮਿਸਾਲ ਹਨ। ਜੇ ਕਰ ਸਕਦੇ ਹੋ ਤਾਂ ਇਨ੍ਹਾਂ ਸਿਧਾਂਤ ਰੂਪੀ ਸੰਸਥਾਵਾਂ ਤੇ ਸਵਾਰਥੀ ਲੋਕਾਂ ਵਲੋਂ, ਪਾਇਆ ਕੂੜਾ-ਕਰਕਟ ਸਾਫ ਕਰ ਕੇ, ਉਨ੍ਹਾਂ ਨੂੰ ਸਹੀ ਰੂਪ ਵਿਚ, ਦੁਨੀਆਂ ਦੇ ਸਾਰੇ ਬੰਦਿਆਂ ਸਾਹਵੇਂ ਪੇਸ਼ ਕਰੋ। ਇਸ ਵਿੱਚ ਸਿੱਖਾਂ ਦਾ ਹੀ ਨਹੀਂ, ਪੂਰੇ ਸੰਸਾਰ ਦੇ ਲੋਕਾਂ ਦਾ ਭਲਾ ਹੈ। ਜੇ ਇਹ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਵੇਲੇ ਆਪਣਾ ਮੂੰਹ ਹੀ ਬੰਦ ਕਰ ਲਵੋ, ਸਿੱਖਾਂ ਵਿੱਚ ਹੋਰ ਭੰਬਲ-ਭੂਸਾ ਖੜਾ ਕਰਨ ਦਾ ਕਾਰਨ ਨਾ ਬਣੋ।

ਅਮਰਜੀਤ ਸਿੰਘ ਚੰਦੀ

ਫੋਨ:- ੯੫੬੮੫ ੪੧੪੧੪


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top