Share on Facebook

Main News Page

ਅੰਨੁ ਨ ਖਾਇਆ ਸਾਦੁ ਗਵਾਇਆ

ਗੁਰੁ ਨਾਨਕ ਸਾਹਿਬ ਨੇ ਸਾਰੇ ਸੰਸਾਰ ਨੂੰ ਉਪਦੇਸ਼ ਕਰਦਿਆਂ ਜਪੁਜੀ ਸਾਹਿਬ ਦੇ ਅਰੰਭਤਾ ਦੇ ਸਲੋਕ ਵਿਚ ਪਰਮਾਤਮਾ ਦੇ ਗੁਣ ਅਤੇ ਉਸਦੀ ਹਸਤੀ ਦੇ ਬਾਰੇ ਦਸਿਆ ਹੈ। ਸਲੋਕ ਤੋਂ ਬਾਦ ਪਹਿਲੀ ਪਉਣੀ ਵਿਚ ਸਤਿਗੁਰੂ ਜੀ ਨੇ ਧਰਮ ਦੇ ਨਾਮ ਤੇ ਹੋ ਰਹੇ ਅਡੰਬਰਾਂ ਦੀ ਗੱਲ ਕਰਦਿਆ ਗੁਰਮਤਿ ਦੇ ਮਹਾਨ ਸਿਧਾੰਤ ਪਰਮਾਤਮਾ ਦੇ ਹੁਕਮ ਵਿਚ ਚਲਣ ਨੂੰ ਦ੍ਰਿੜ ਕਰਵਾਇਆ ਹੈ। ਧਰਮ ਦੇ ਪ੍ਰਭਾਵ ਵਿਚ ਹੋ ਰਹੇ ਪਖੰਡਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਗੁਰੁ ਨਾਨਕ ਸਾਹਿਬ ਨੇ ਧਰਮ ਦੇ ਨਾਮ ਤੇ ਭੁਖੇ ਰਹਿ ਕੇ ਭਗਤੀ ਕਰਣ ਵਾਲਿਆਂ ਦੀ ਗੱਲ ਕੀਤੀ:

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਪੰਨਾ 1

ਹਿੰਦੂ ਮਤ ਵਿਚ ਇਹ ਗੱਲ ਆਮ ਪ੍ਰਚਲਿਤ ਹੈ ਕਿ ਹਿੰਦੂ ਵੀਰ ਆਪਣੇ ਇਸ਼ਟ ਦੀ ਭਗਤੀ ਲਈ ਕੁਝ ਸਮੇਂ ਲਈ ਅੰਨ, ਜਲ ਆਦਿਕ ਦਾ ਤਿਆਗ ਕਰ ਦੇਂਦੇ ਹਨ। ਜਿਸ ਲਈ ਉਨ੍ਹਾਂ ਦਾ ਇਹ ਵਿਚਾਰ ਹੈ ਕਿ ਏਸਾ ਕਰਣ ਨਾਲ ਤੁਨ੍ਹਾਂ ਦਾ ਇਸ਼ਟ ਉਨ੍ਹਾਂ ਤੋਂ ਖੁਸ਼ ਹੋ ਕੇ ਆਪਣਿਆਂ ਸਾਰਿਆਂ ਬਖਸ਼ਸ਼ਾਂ ਉਨ੍ਹਾਂ ਨੁੰ ਕਰ ਦੇਂਦਾ ਹੈ। ਇਸੀ ਤਰ੍ਹਾਂ ਨਾਲ ਸਾਡੇ ਮੁਸਲਿਮ ਭਾਈ ਭੀ ਇਦਾ ਦਾ ਹੀ ਵਿਚਾਰ ਰਖਦੇ ਹਨ ਕਿ ਰਮਜਾਨ ਦੇ ਮਹੀਨੇ (ਜੋ ਇਸਲਾਮ ਵਿਚ ਇਕ ਪਵਿਤਰ ਮਹੀਨਾ ਮਨਿਆ ਜਾੰਦਾ ਹੈ) ਵਿਚ ਕੁਝ ਸਮੇਂ ਲਈ ਅੰਨ ਜਲ ਦਾ ਤਿਆਗ ਕਰ ਦੇਂਦੇ ਹਨ ਤੇ ਪਰਮਾਤਮਾ ਦੀ ਭਗਤੀ ਕਰਣ ਵਿਚ ਰੁਝ ਜਾਂਦੇ ਹਨ। ਇਨ੍ਹਾਂ ਮੱਤਾਂ ਮੁਤਾਬਿਕ ਅੰਨ ਦਾ ਤਿਆਗ ਕਰਕੇ ਆਪਣੇ ਇਸ਼ਟ ਨੂੰ ਖੂਸ਼ ਜਾਂ ਰਾਜੀ ਕਰਣ ਦਾ ਇਹ ਇਕ ਅਸਾਨ ਤਰੀਕਾ ਹੈ। ਇਸ ਤਰੀਕੇ ਨਾਲ ਉਹ ਮੰਨਦੇ ਹਨ ਕਿ ਅਸਾਨੀ ਨਾਲ ਲੀਵ ਜੁੜ ਜਾੰਦੀ ਹੈ। ਲੇਕਿਨ ਗੁਰਮਤਿ ਇਸ ਤਰੀਕੇ ਨੂੰ ਪ੍ਰਵਾਨ ਨਹੀਂ ਕਰਦੀ ਹੈ।

ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥ ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥ ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥1॥ ਪੰਨਾ 164

ਗੁਰਮਤਿ ਸਿਧਾੰਤ ਮੁਤਾਬਿਕ ਭੂਖੇ ਦੀ ਪ੍ਰੀਤ ਤਾਂ ਅੰਨ ਨਾਲ ਹੀ ਹੋਵੇਗੀ। ਉਸਦਾ ਧਿਆਨ ਦਾ ਕੇਂਦਰ ਅੰਨ ਹੀ ਹੋਵੇਗਾ ਨਾ ਕਿ ਉਸਦਾ ਇਸ਼ਟ। ਦੂਨਿਆਵੀ ਅਤੇ ਸਰੀਰ ਦੀਆਂ ਲੋੜਾਂ ਪੂਰਿਆ ਨਾ ਹੋਣ ਤੇ ਮਨੂਖ ਦਾ ਧਿਆਨ ਆਪਣਿਆਂ ਲੌੜਾਂ ਵੱਲ ਹੀ ਰਹੇਗਾ। ਉਹ ਸਹਿਜਤਾ ਨਾਲ ਪ੍ਰਭੂ ਪਰਮਾਤਮਾਂ ਨਾਲ ਨਹੀਂ ਜੂੜ ਸਕੇਗਾ। ਗੁਰੁ ਨਾਨਕ ਸਾਹਿਬ ਭੂਖੇ ਰਹਿ ਕੇ ਭਗਤੀ ਕਰਣ ਨੂੰ ਪ੍ਰਵਾਨ ਨਹੀਂ ਕਰਦੇ। ਉਨ੍ਹਾਂ ਮੁਤਾਬਿਕ ਪਰਮਾਤਮਾ ਦੀ ਰਜਾ (ਹੁਕਮ) ਵਿਚ ਜੀਵਨ ਬਤੀਤ ਕਰਣਾ ਹੀ ਸ੍ਰੇਸ਼ਟ ਹੈ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ ਪੰਨਾ 1

ਸਿੱਖ ਧਰਮ ਵਿਚ ਅੰਨ ਛੱਡ ਕੇ ਭਗਤੀ ਕਰਣ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਇਸ ਤਰ੍ਹਾਂ ਦੇ ਕਰਮ ਨੂੰ ਪਰਮਾਤਮਾ ਦੀ ਭਗਤੀ ਦਾ ਸਾਧਨ ਨਹੀਂ ਮੰਨਦੀ:-

ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥
ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥
ਪੰਨਾ 905

ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥
ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥ ॥
ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥14॥
ਪੰਨਾ 1025

ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥
ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥3॥
ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥
ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥4॥
ਪੰਨਾ 873

ਬੋਲੈ ਨਾਹੀ ਹੋਇ ਬੈਠਾ ਮੋਨੀ ॥ ਅੰਤਰਿ ਕਲਪ ਭਵਾਈਐ ਜੋਨੀ ॥
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥ ਹੁਕਮੁ ਨ ਬੂਝੈ ਵਿਆਪਿਆ ਮਮਤਾ॥
ਪੰਨਾ 1348

ਆਮ ਤੋਰ ਤੇ ਅੰਨ ਦਾ ਤਿਆਗ ਕਰਣ ਵਾਲਿਆ ਵਲੋਂ ਇਹ ਦੋ ਦਲੀਲਾਂ ਸੁਣਿਆਂ ਜਾੰਦਿਆ ਹਨ:-
1. ਹਫਤੇ ਜਾਂ ਪੰਦਰਾਂ ਦਿਨਾਂ ਵਿਚ ਭੁਖੇ ਰਹਿਣ ਨਾਲ ਪੇਟ ਸਾਫ ਰਹਿੰਦਾ ਹੈ। ਜਿਸ ਕਰਕੇ ਜਲਦੀ ਬਿਮਾਰੀ ਨਹੀਂ ਪਕਣਦੀ।
2. ਧਰਤੀ ਤੇ ਅੰਨ ਦੀ ਬਹੁਤ ਜਿਆਦਾ ਘਾਟ ਹੈ। ਜੇ ਅਸੀ ਸਾਰੇ ਕੂਝ ਸਮੇ ਲਈ ਅੰਨ ਛੱਡ ਦਈਏ ਤਾਂ ਉਸ ਸਮੇਂ ਦਾ ਅੰਨ ਬੱਚ ਜਾਵੇਗਾ। ਜਿਸ ਨਾਲ ਸਾਡੇ ਉਹ ਭਾਈ ਜੋ ਅੰਨ ਨਾ ਹੋਣ ਕਰਕੇ ਜਾ ਉਚਿਆਂ ਕੀਮਤਾਂ ਦੇ ਕਰਕੇ ਅੰਨ ਨਹੀਂ ਛੱਕ ਪਾਉਂਦੇ, ਉਨ੍ਹਾਂ ਨੂੰ ਭੀ ਉਹ ਅੰਨ ਮਿਲ ਜਾਵੇਗਾ।

ਗੱਲਾਂ ਤਾਂ ਦੋਨੋ ਹੀ ਦਰੁਸਤ ਹਨ।ਪਹਿਲ਼ਾਂ ਸਾਡਾ ਤੰਦਰੁਸਤ ਹੋਣਾ ਬਹੁਤ ਹੀ ਜਰੂਰੀ ਹੈ।ਕੁਛ ਸਮਾਂ ਜੇ ਅਸੀਂ ਆਪਣੀ ਸੇਹਤਯਾਬੀ ਲਈ ਭੁਖੇ ਰਹ ਸਕਦੇ ਹਾਂ ਤਾਂ ਇਹ ਠੀਕ ਹੈ। ਜੇ ਕਿਧਰੇ ਅਸੀਂ ਏਸੀ ਬਿਮਾਰੀ ਨਾਲ ਗ੍ਰਸਤ ਹਾਂ ਜਿਸ ਨਾਲ ਭੂਖਾਂ ਰਹਿਣਾਂ ਨੁਕਸਾਨਕਾਰੀ ਹੈ ਤੇ ਐਵੇਂ ਭੁਖਾ ਨਹੀਂ ਰਹਿਣਾ ਚਹਿਦਾ।

ਦੂਜੇ ਨੁਕਤੇ ਲਈ, ਅੰਨ ਬਚਾਉਣ ਲਈ ਅੰਨ ਛਡਣਾ ਉਤਨਾ ਹੀ ਸਹੀ ਹੈ ਜਿਤਨਾ ਸਾਡਾ ਸਰੀਰ ਮੰਨੇ। ਆਖਿਰ ਇਹ ਭੀ ਦਲੀਲ ਗੁਰੁ ਨਾਨਕ ਸਾਹਿਬ ਦੇ ਮੁਖ ਤੀਨ ਸਿਧਾੰਤਾਂ ਵਿਚੋ ਵੰਡ ਕੇ ਛਕਣ ਦੇ ਸਿਧਾੰਤ ਤੇ ਹੀ ਖਲੋਤੀ ਹੈ। ਗੁਰੂ ਨਾਨਕ ਸਾਹਿਬ ਅੰਨ ਹੀ ਨਹੀਂ ਪਾਣੀ ਦੀ ਵੀ ਲੋੜ ਮੁਤਾਬਿਕ ਘੱਟ ਤੋਂ ਘੱਟ ਵਰਤੋਂ ਦਾ ਉਪਦੇਸ਼ ਕਰਦੇ ਹਨ:-

ਸੇਵ ਕੀਤੀ ਸੰਤੋਖਈ ਜਿਨੀ ਸਚੋ ਸਚੁ ਧਿਆਇਆ ॥
ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਪੰਨਾ 467

ਕਿ ਅੰਨ ਛਡੜਾ ਧਰਮ ਦਾ ਵਿਸ਼ਾ ਹੋ ਸਕਦਾ ਹੈ? ਇਹ ਤਾਂ ਮਨ ਦੀ ਅਗਿਆਨਤਾ ਹੈ ਕਿ ਅੰਨ ਛਡੜ ਨਾਲ ਰੱਬ ਮਿਲ ਪਵੇਗਾ। ਜੇ ਅੰਨ ਛਡੜ ਨਾਲ ਰੱਬ ਮਿਲ ਰਿਹਾ ਹੋਵੇ ਤਾਂ ਇਸ ਸੰਸਾਰ ਵਿਚ ਬਥੇਰੇ ਖਿਤੇ ਐਸੇ ਹਨ ਜਿਥੇਂ ਦੇ ਲੋਕਾਂ ਨੂੰ ਅੰਨ ਨਸੀਬ ਹੀ ਨਹੀਂ ਹੈ। ਉਨ੍ਹਾਂ ਸਾਰਿਆਂ ਨੂੰ ਪਰਮਾਤਮਾ ਮਿਲ ਪਵੇਗਾ। ਜਦਕਿ ਧਰਮ ਦਾ ਮੁਖ ਵਿਸ਼ਾ ਕੁੜਿਆਰ ਤੋ ਸਚਿਆਰ ਹੋਣਾ ਹੈ ਨਾ ਕਿ ਭੁਖ ਦੇ ਕਰਮਕਾੰਡ ਵਿਚ ਫੱਸ ਕੇ ਆਪਣੀ ਮਾਨਸਿਕ ਧਾਰਮਕ ਅਜਾਦੀ ਨੂੰ ਭੁਖ ਦੀ ਵਾਸਨਾ ਦੇ ਗੁਲਾਮ ਬਨਾਣਾ। ਮਾਨਸਿਕ ਗੁਲਾਮੀ ਵਿਚ ਕੋਈ ਮਨੁਖ ਕਿਤਨੀ ਕੁ ਆਪਣੀ ਸੁਰਤ ਪਰਮਾਤਮਾ ਵਿਚ ਜੋੜ ਸਕਦਾ ਹੈ ਇਸਦਾ ਅੰਦਾਜਾ ਇੱਕ ਧਾਰਮਕ ਮਨੂਖ ਨੂੰ ਖੂਬ ਹੁਂਦਾ ਹੈ। ਅੰਨ ਖਾਣ ਨਾ ਖਾਣ ਦੇ ਸਬੰਧ ਵਿਚ ਗੁਰੁ ਨਾਨਕ ਸਾਹਿਬ ਸ੍ਰੀ ਰਾਗ ਦੇ ਇਸ ਪਾਵਨ ਸ਼ਬਦ ਵਿਚ ਬਹੁਤ ਹੀ ਖੁਬਸੁਰਤ ਸਮਝਾੰਦੇ ਹਨ:-

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥1॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥
ਪੰਨਾ 16

ਸਾਨੂੰ ਉਸ ਸਭ ਤੁ ਖਾਣ ਵਿਚ ਪਰਹੇਜ ਕਰਣਾ ਚਾਹਿਦਾ ਹੈ ਜਿਸ ਨਾਲ ਸਾਡੇ ਆਤਮਕ ਜੀਵਨ ਨੂੰ ਨੁਕਸਾਨ ਹੋਵੇਂ ਤੇ ਸਾਨੂੰ ਉਨ੍ਹਾਂ ਸਾਰਿਆ ਕਰਮਾਂ ਤੋ ਭੀ ਪਰਹੇਜ ਕਰਣਾ ਚਾਹਿਦਾ ਹੈ ਜਿਸ ਨਾਲ ਸਾਡਾ ਆਤਮਿਕ ਜੀਵਨ ਲੁਟਿਆ ਜਾਵੇਂ। ਸਾਨੂੰ ਅੰਨ ਛੱਡ ਕੇ ਪ੍ਰਭੂ ਭਗਤੀ ਦਾ ਕਰਮਕਾੰਡ ਨਹੀਂ ਕਰਣਾ ਚਾਹੀਦਾ, ਬਲਕਿ ਪਰਮੇਸ਼ਵਰ ਨਾਲ ਮਿਲਾਪ ਲਈ ਆਪਣੇ ਅਚਾਰ ਅਤੇ ਵਿਚਾਰ ਦੀ ਮੈਲ ਨੂੰ ਨਾਮ ਦੇ ਸਾਬੂਣ ਨਾਲ ਧੋ ਕੇ ਪਰਮਾਤਮਾਂ ਦੇ ਚਰਣਾਂ ਵਿਚ ਸੁਰਤ ਜੋੜਿਐ ਤਾਂਹਿ ਸਾਚੀ ਦਰਗਹ ਥਾਂ ਪ੍ਰਾਪਤ ਹੋ ਸਕੇਗੀ।

ਮਨਮੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top