Share on Facebook

Main News Page

ਪਿਆਰਾ ਸਿੰਘ ਭਨਿਆਰੇ ਵਾਲੇ ਦੀ ਅਸਲੀਯਤ

ਕਿਸੇ ਮਜ਼ਾਰ ਤੇ ਦੀਵਾ ਜਗਾਉਣ ਵਾਲਾ ਆਪਨੇ ਆਪ ਨੂੰ ਰੱਬ ਹੋਣ ਦਾ ਹੀ ਭਰਮ ਪਾਲ ਬੈਠਾ ਪਿਆਰਾ ਸਿੰਘ ਭਨਿਆਰੇ ਵਾਲਾ, ਅੱਜ ਕਲ੍ਹ ਜੇਲ੍ਹ ਅੰਦਰ ਸਰਕਾਰੀ ਰਾਸ਼ਨ ਖਾ ਰਿਹਾ ਹੈ। ਪਿਆਰਾ ਸਿੰਘ ਦਾ ਮੁੱਖ ਡੇਰਾ ਰੋਪੜ ਦੇ ਧਮਾਨਾਂ ਪਿੰਡ ਵਿੱਚ ਸੀ ਜਦ ਕੇ ਇਸ ਦੇ ਚੇਲਿਆਂ ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਸੀ । ਦੂਰ ਨੇੜੇ ਦੇ ਪਿੰਡਾਂ ਤੱਕ ਇਸ ਦੀਆਂ ਸ਼ਾਖਾਵਾਂ ਬਣ ਚੁਕੀਆਂ ਸਨ। ਪਿਆਰਾ ਸਿੰਘ ਦਾ ਪਿਤਾ ਤੁਲਸੀ ਰਾਮ ਉਸਾਰੀ ਦਾ ਕੰਮ ਕਰਦਾ ਸੀ, ਅਤੇ ਉਹ ਦੋ ਮਜ਼ਾਰਾਂ ਦੀ ਵੀ ਦੇਖਭਾਲ ਕਰਦਾ ਸੀ। ਤੁਲਸੀ ਰਾਮ ਦੀ ਮੌਤ ਤੋਂ ਬਾਅਦ ਮਜ਼ਾਰ ਦੀ ਦੇਖਭਾਲ ਪਿਆਰਾ ਸਿੰਘ ਕਰਨ ਲੱਗ ਪਿਆ ਸੀ ਅਤੇ ਕੁਝ ਚਿਰ ਬਾਅਦ ਉਸ ਨੇ ਆਪਣੇ ਆਪ ਨੂੰ ਗੁਰੂ ਬਾਬਾ ਹੋਣ ਦਾ ਐਲਾਨ ਕਰ ਦਿੱਤਾ, ਅਤੇ ਵੱਡੇ ਵੱਡੇ ਦਾਹਵੇ ਕਰਨ ਲੱਗਾ। ਥੋੜਾ ਬਹੁਤ ਤਵੀਤ ਧਾਗਾ ਕਰਨ ਲੱਗ ਪਿਆ ਅਤੇ ਲੋਕ ਉਸ ਦੇ ਘਰ ਆਉਣ ਲੱਗ ਪਏ । 1980 ਦੇ ਨੇੜੇ ਪਿਆਰਾ ਸਿੰਘ ਤਵੀਤ ਧਾਗਾ ਕਰਨ ਲੱਗ ਪਿਆ ਸੀ, ਪਰ ਜਦ ਵੱਡੇ ਲੀਡਰਾਂ ਨਾਲ ਸਬੰਧ ਬਣ ਗਏ ਤਾਂ ਪਿਆਰਾ ਸਿੰਘ ਨੇ ਪਿੰਡ ਧਾਮਾਨਾ 19 ਏਕੜ ਜਮੀਨ ਤੇ ਕਬਜ਼ਾ ਕਰ ਲਿਆ, ਇਨ੍ਹਾਂ ਦਿਨ੍ਹਾਂ ;ਚ ਭਾਰਤ ਸਰਕਾਰ ਦਾ ਕੇਂਦਰੀ ਮੰਤਰੀ ਬੂਟਾ ਸਿੰਘ ਜਿਸ ਦੀ ਪਤਨੀ ਮਨਜੀਤ ਕੌਰ ਕਈ ਬੀਮਾਰੀਆਂ ਤੋਂ ਪੀੜਤ ਸੀ, ਉਹ ਭਨਿਆਰੇ ਦੇ ਡੇਰੇ ਤੇ ਗੇੜਾ ਲਾ ਗਿਆ, ਜਿਸ ਨੇ ਪਿਆਰਾ ਸਿੰਘ ਨੂੰ ਮਸ਼ਹੂਰੀ ਦਿਵਾਈ। ਮਨਜੀਤ ਕੌਰ ਦਿਲ, ਗੁਰਦਾ, ਚਮੜੀ ਅਤੇ ਫੇਫੜਿਆਂ ਦੀ ਤਕਲੀਫ ਤੋਂ ਪੀੜਤ ਸੀ, ਅਤੇ ਰੋਪੜ ਦੀ ਰਿਜ਼ਰਵ ਸੀਟ ਤੇ ਵੀ ਬੂਟਾ ਸਿੰਘ ਦੀ ਨਿਗਾਹ ਸੀ, ਕਿ ਉਥੋਂ ਉਹ ਚੋਣ ਲੜਣਾ ਚਾਹੁੰਦਾ ਸੀ।

ਪਿਆਰਾ ਸਿੰਘ ਅਖੌਤੀ ਪਛੜੀਆਂ ਜਾਤੀਆਂ ਨਾਲ ਸਬੰਧਤ ਸੀ, ਅਤੇ ਉਸ ਦੇ ਚੇਲੇ ਤੇ ਵੀ ਜਿਆਦਾਤਰ ਅਖੌਤੀ ਪਛੜੀਆਂ ਜਾਤੀਆਂ ਨਾਲ ਸਬੰਧਤ ਹੀ ਸਨ। ਜਿਉਂ ਬੂਟਾ ਸਿੰਘ ਨੇ ਧਾਮਾਨਾ ਪਿਆਰਾ ਸਿੰਘ ਦੇ ਡੇਰੇ ਤੇ ਗੇੜਾ ਲਾਇਆ ਤਾਂ ਉਸ ਨਾਲ ਪਿਆਰਾ ਸਿੰਘ ਦੀ ਬੜੀ ਮਸ਼ਹੂਰੀ ਹੋ ਗਈ, ਅਤੇ ਉਸ ਦਾ ਡੇਰਾ ਦਿਨੋ ਦਿਨ ਵਧਣ ਫੁਲਣ ਲੱਗਾ। ਬੂਟਾ ਸਿੰਘ ਨੇ ਆਪਣੇ ਮਕਸਦ ਲਈ 4-5 ਚੱਕਰ ਧਾਮਾਨਾ ਪਿੰਡ ਪਿਆਰਾ ਸਿੰਘ ਕੋਲ ਲਾਏ ਤਾਂ ਲੋਕਲ ਲੀਡਰ ਜਿਹੜੇ ਕਾਂਗਰਸ ਅਤੇ ਅਕਾਲੀ ਦਲ ਨਾਲ ਸਬੰਧਤ ਸਨ, ਉਨ੍ਹਾਂ ਦੀ ਬੂਟਾ ਸਿੰਘ ਦੇ ਦੌਰਿਆਂ ਨੇ ਚਿੰਤਾ ਵਧਾ ਦਿੱਤੀ ਅਤੇ ਉਹ ਵੀ ਇਸ ਡੇਰੇ ਤੇ ਹਾਜ਼ਰੀਆਂ ਭਰਨ ਲੱਗੇ। ਜਿੱਥੇ ਰਾਜਨੀਤਕ ਪਾਰਟੀਆਂ ਦੇ ਲੀਡਰ ਹਾਜ਼ਰੀਆਂ ਭਰਦੇ ਹੋਣ ਉਥੇ ਆਮ ਜਨਤਾ ਤੇ ਵੀ ਇਸ ਦਾ ਅਸਰ ਹੋਇਆ ਅਤੇ ਪਿਆਰਾ ਸਿੰਘ ਨੇ ਆਪਣੇ ਆਪ ਨੂੰ ਰੱਬ ਸਮਝ ਲਿਆ ਅਤੇ ਸਿੱਖਾਂ ਦੇ ਪਵਿਤਰ ਗ੍ਰੰਥ ਦੀ ਤਰਜ਼ ਤੇ ਆਪਣਾ ਗ੍ਰੰਥ ਬਨਾਉਣਾ ਸ਼ੁਰੂ ਕਰ ਦਿੱਤਾ। ਇਸ ਗ੍ਰੰਥ ਦਾ ਨਾਮ ਰੱਖਿਆ ਗਿਆ ‘ਭਵਸਾਗਰ ਗ੍ਰੰਥ ਅਮਰ ਬਾਣ'

ਇਸ ਗ੍ਰੰਥ ਵਿੱਚ ਰਾਜਨੀਤਕ ਲੀਡਰ ਜਿਹੜੇ ਡੇਰੇ ਤੇ ਹਾਜ਼ਰੀ ਭਰਦੇ ਰਹੇ ਉਨ੍ਹਾਂ ਦੀਆਂ ਵੀ ਤਸਵੀਰਾਂ ਲਾਈਆ ਗਈਆਂ ਸਨ ਅਤੇ ਸਿੱਖ ਧਰਮ ਬਾਰੇ ਇਤਰਾਜ਼ਯੋਗ ਗੱਲਾਂ ਵੀ ਲਿਖੀਆਂ ਹੋਈਆਂ ਸਨ।ਜਦ ਇਨ੍ਹਾਂ ਗੱਲਾਂ ਦਾ ਖੁਲਾਸਾ ਹੋਇਆ ਤਾਂ ਬੂਟਾ ਸਿੰਘ ਨੇ ਬਿਆਨ ਦੇ ਕੇ ਆਪਣੀ ਸ਼ਫਾਈ ਪੇਸ਼ ਕੀਤੀ, ਕਿ ਉਸ ਦਾ ਇਸ ਡੇਰੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ। ਹੋਰ ਸਥਾਨਕ ਕਾਂਗਰਸੀ ਅਤੇ ਅਕਾਲੀ ਲੀਡਰ ਵੀ ਆਪਣੇ ਪੈਰ ਪਿੱਛੇ ਖਿਚਣ ਲੱਗੇ, ਪਰ ਪਿਆਰਾ ਸਿੰਘ ਨੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਸਨ। ਇਸ ਨਵੇਂ ਬਣੇ ਗ੍ਰੰਥ ਬਾਰੇ ਜਦ ਜਾਣਕਾਰੀ ਬਾਹਰ ਆਉਣ ਲੱਗੀ ਤਾਂ ਸਿੱਖਾਂ ਵਿੱਚ ਇਸ ਡੇਰੇ ਵਿਰੁੱਧ ਰੋਸ ਪੈਦਾ ਹੋਣਾ ਸ਼ੁਰੂ ਹੋ ਗਿਆ ਅਤੇ ਇਸ ਮਸਲੇ ਨਾਲ ਨਜਿੱਠਣ ਲਈ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਇੱਕ ਖਾਲਸਾ ਐਕਸ਼ਨ ਕਮੇਟੀ ਬਣਾਈ ਗਈ। ਇੱਕ ਦਿਨ ਲੁਧਿਆਣਾ ਵਿੱਚ ਪਿਆਰਾ ਸਿੰਘ ਦੇ ਕਿਸੇ ਚੇਲੇ ਦੇ ਘਰ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਨੂੰ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸਿੱਖਾਂ ਨੇ ਬੰਦ ਕਰਾ ਦਿੱਤਾ।

ਪਿਆਰਾ ਸਿੰਘ ਜਿਹੜਾ ਕਿ ਗੁਰੂ ਬਣ ਚੁੱਕਾ ਸੀ ਨੇ ਇਸ ਦਾ ਬਦਲਾ ਆਪਣੇ ਚੇਲਿਆਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਗਨ ਭੇਟ ਕਰਵਾ ਕੇ ਲਿਆ। ਵੱਖ ਵੱਖ ਥਾਵਾਂ ਤੇ ਦਰਜਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਗਨ ਭੇਟ ਹੋ ਗਈਆਂ ਜਿਨ੍ਹਾਂ ਦੇ ਪਿੱਛੇ ਭਨਿਆਰੇ ਦਾ ਹੱਥ ਸਮਝਿਆ ਜਾ ਰਿਹਾ ਸੀ। ਭਨਿਆਰੇ ਦੇ ਤਿੰਨ ਚੇਲਿਆਂ ਨੇ ਕਾਫੀ ਦੇਰ ਬਾਹਦ ਇਹ ਖੁਲਾਸਾ ਕੀਤਾ ਸੀ, ਜਿਹੜਾ ਦੇਸ ਸੇਵਕ ‘ਚ ਛਪਿਆ ਸੀ ਪਿਆਰਾ ਸਿੰਘ ਦੇ ਚੇਲੇ ਸ਼ੁਰੂ ‘ਚ ਉਸ ਦੇ ਕਹਿ ਤੇ ਇਹ ਗਲਤ ਕੰਮ ਨਹੀਂ ਸੀ ਕਰਨਾ ਚਾਹੁੰਦੇ, ਪਰ ਪਿਆਰਾ ਸਿੰਘ ਨੇ ਆਪਣੇ ਚੇਲਿਆਂ ਨੂੰ ਗੰਨ ਪੁਆਇੰਟ ਤੇ ਇਹ ਆਰਡਰ ਦਿੱਤਾ ਸੀ। ਇਹ ਖੁਲਾਸਾ ਪਿਆਰਾ ਸਿੰਘ ਦੇ ਚੇਲਿਆਂ ਜਸਵਿੰਦਰ ਸਿੰਘ, ਬਿੰਦਰ ਸਿੰਘ ਅਤੇ ਅਸੋਕ ਕੁਮਾਰ ਨੇ ਅਕਤੂਬਰ 2001 ‘ਚ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਆਪਣਾ ਗ੍ਰੰਥ ਸਾੜੇ ਜਾਣ ਤੇ ਪਿਆਰਾ ਸਿੰਘ ਬੜਾ ਗੁੱਸੇ ‘ਚ ਸੀ ਅਤੇ ਉਸ ਨੇ ਇਨ੍ਹਾਂ ਚੇਲਿਆਂ ਨੂੰ ਬੰਦੂਕ ਦੀ ਨੋਕ ਤੇ ਕਿਹਾ ਸੀ, ਕਿ ਜੇਕਰ ਪਿਆਰਾ ਸਿੰਘ ਦਾ ਹੁਕਮ ਨਾ ਮੰਨਿਆਂ ਤਾਂ ਉਹ ਉਨ੍ਹਾਂ ਨੂੰ ਮਾਰ ਦੇਵੇਗਾ। ਪਿਆਰਾ ਸਿੰਘ ਦੇ ਚੇਲਿਆਂ ਨੇ ਰਾਮਗੜ੍ਹ ਦੇ ਗੁਰਦੁਆਰੇ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਸੀ, ਅਤੇ ਰਸੂਲਪੁਰ ਭਨਿਆਰੇਵਾਲੇ ਦੇ ਡੇਰੇ ਤੇ ਅਗਨ ਭੇਟ ਕੀਤਾ ਸੀ। ਇਸ ਤਰ੍ਹਾਂ ਦਰਜਨਾਂ ਘਟਨਾਵਾਂ 2001 ‘ਚ ਵਾਪਰੀਆਂ ਸਨ।

ਅਕਤੂਬਰ 2001 ਨੂੰ ਪਿਆਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਵਾਂ ਬਣਿਆਂ ਗ੍ਰੰਥ ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਗਈ। ਕੁੱਝ ਕਾਪੀਆਂ ਸਾੜ ਦਿੱਤੀਆਂ ਗਈਆਂ। ਪਹਿਲਾਂ ਸਰਕਾਰ ਨੇ ਪਿਆਰਾ ਸਿੰਘ ਵਿਰੁੱਧ ਕੋਈ ਕਾਰਵਾਈ ਨਾ ਕੀਤੀ, ਪਰਕਾਸ਼ ਸਿੰਘ ਦੀ ਭਾਜਪਾ ਨਾਲ ਸਾਂਝੀ ਸਰਕਾਰ ਨੇ ਢਿੱਲਮੱਠ ਦੀ ਨੀਤੀ ਅਪਣਾਈ ਰੱਖੀ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਵਲੋਂ ਸਰਕਾਰ ਤੇ ਦਬਾਅ ਬਣਾ ਕੇ ਇਸ ਵਿਰੁੱਧ ਕਾਰਵਾਈ ਗਈ ਸੀ।ਜਿੱਥੇ ਸਾਧ ਦਾ ਡੇਰਾ ਸੀ ਉਹ ਢਾਹ ਦਿੱਤਾ ਗਿਆ ਅਤੇ ਗੁਰਦੁਆਰਾ ਬਨਾਉਣ ਦੇ ਯਤਨ ਹੋਣ ਲੱਗੇ।ਇਹ ਨਵਾਂ ਗ੍ਰੰਥ ਬਣਾ ਕੇ ਪਿਆਰਾ ਸਿੰਘ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੁੱਖ ਪੁਚਾਇਆ ਸੀ ਜਿਸ ਕਾਰਣ ਸਿੱਖਾਂ ਵਿੱਚ ਬਾਹੁਤ ਗੁੱਸਾ ਸੀ। ਪਿਆਰਾ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਅਧੀਨ ਜੇਲ੍ਹ ਭੇਜਿਆ ਗਿਆ ਸੀ ਅਤੇ ਉਸ ਤੇ ਕਈ ਤਰ੍ਹਾਂ ਦੇ ਕੇਸ ਦਰਜ਼ ਹੋਏ ਸਨ। ਪਿਆਰਾ ਸਿੰਘ ਦੇ ਕਈ ਚੇਲੇ ਵੀ ਜੇਲ੍ਹ ਭੇਜੇ ਗਏ । ਉਨ੍ਹਾਂ ਵਿੱਚੋਂ ਕਈਆਂ ਤੇ ਜੇਲ੍ਹ ‘ਚ ਦੁਜੇ ਸਿੱਖ ਕੈਦੀਆਂ ਵਲੋਂ ਹਮਲੇ ਵੀ ਕੀਤੇ ਗਏ ਸਨ।ਇਸ ਦੇ ਕੁਝ ਚੇਲਿਆਂ ਤੇ ਚਾਕੂ ਅਤੇ ਤੇਜ਼ਾਬ ਨਾਲ ਵੀ ਹਮਲੇ ਕੀਤੇ ਗਏ। ਗ੍ਰੰਥ ਨੂੰ ਗੈਰ ਕਨੂੰਨੀ ਕਰਾਰ ਦੇਣ ਤੇ ਜਿਸ ਕਿਸੇ ਕੋਲ ਵੀ ਗ੍ਰੰਥ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ । ਜਿਹੜੀਆਂ ਕਾਪੀਆਂ ਛਪ ਰਹੀਆਂ ਸਨ ਉਹ ਵੀ ਪੁਲੀਸ ਨੇ ਆਪਣੇ ਕਬਜ਼ੇ ‘ਚ ਕਰ ਲਈਆਂ ਸਨ।ਕਈ ਥਾਵਾਂ ਤੇ ਭਨਿਆਰੇ ਦੇ ਬਣੇ ਡੇਰਿਆਂ ਨੂੰ ਗੁਰਦੁਆਰੇ ਬਣਾ ਦਿੱਤੇ ਗਏ ਸਨ।

24 ਸਿਤੰਬਰ ਨੂੰ ਦਿਨ ਦੇ ਗਿਆਰਾਂ ਵਜੇ 2003 ਨੂੰ ਭਨਿਆਰੇ ਨੂੰ ਅੰਬਾਲਾ ਦੀ ਅਦਾਲਤ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ ਅਗਨ ਭੇਟ ਕਰਾਉਣ ਸਬੰਧੀ ਅਦਾਲਤ ‘ਚ ਪੇਸ਼ ਕਰਨਾ ਸੀ। ਪਿਆਰਾ ਸਿੰਘ ਪੁਲੀਸ ਦੀ ਗੱਡੀ ‘ਚ ਬੈਠਾ ਸੀ।ਜਿਲਾ ਪਟਿਆਲੇ ਦੇ ਸਮਾਨਾ ਕਸਬੇ ਦਾ ਗੋਪਾਲ ਸਿੰਘ ਇਸ ਦਾ ਚੇਲਾ ਬਣ ਕੇ ਅਸ਼ੀਰਵਾਦ ਲੈਣ ਦੇ ਬਹਾਨੇ ਆਇਆ ਇਸ ਦੇ ਨੇੜੇ ਆਇਆ ਤੇ 20 ਰੁਪੇ ਭੇਟਾ ਰੱਖ ਕੇ ਉਸ ਨੇ ਚਾਕੂ ਕੱਢ ਲਿਆ ਅਤੇ ਫੁਰਤੀ ਨਾਲ ਉਸ ਤੇ ਵਾਰ ਕੀਤੇ ਜਿਸ ਨਾਲ ਉਸ ਦੀ ਧੋਣ ਅਤੇ ਲੱਕ ‘ਚ ਚਾਕੂ ਦੇ ਜਖਮ ਹੋਏ ਤੇ ਪੁਲੀਸ ਨੇ ਗੋਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸੁਖਦੇਵ ਸ਼ੰਕਰ ਡੀ.ਐਸ ਪੀ ਦੀ ਅਗਵਾਹੀ ਹੇਠ ਇਸ ਸਾਧ ਬੂਬਨੇ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ । ਇਥੇ ਦੇ ਡਾਕਟਰਾਂ ਨੇ ਇਸ ਨੂੰ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ। ਖੂਨ ਨਾਲ ਭਿੱਜੇ ਕਪੜਿਆਂ ਚ ਪਿਆਰਾ ਸਿੰਘ ਚਿਲਾ ਰਿਹਾ ਸੀ।ਇਸ ਘਟਣਾ ਨਾਲ ਪਿਆਰਾ ਸਿੰਘ ਧੁਰ ਅੰਦਰ ਤੱਕ ਹਿਲ ਗਿਆ ਪਰ ਉਹ ਬਚ ਗਿਆ। ਬੱਬਰ ਖਾਲਸਾ ਨਾਲ ਸਬੰਧਤ ਇੱਕ ਹੋਰ ਗੱਭਰੂ ਗੁਰਦੀਪ ਸਿੰਘ ਰਾਣਾ ਵੀ ਪਿਆਰਾ ਸਿੰਘ ਨੂੰ ਬੰਬ ਨਾਲ ਉਡਾਉਣ ਦੇ ਕੇਸ ਵਿੱਚ 2005 ‘ਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ ਜੇਲ੍ਹ ‘ਚ ਹੈ।

ਪਿਆਰਾ ਸਿੰਘ ਦੇ ਅਨੇਕਾਂ ਔਰਤਾਂ ਨਾਲ ਸਬੰਧਾਂ ਦੀ ਗੱਲ ਹੋ ਸਕਦੀ ਹੈ ਪਰ ਉਸ ਨੇ ਕੁਸਮ ਦੇਵੀ, ਰੁਪਿੰਦਰ ਕੌਰ ਅਤੇ ਸੁਰਜੀਤ ਕੌਰ ਨਾਲ ਸ਼ਾਦੀਆਂ ਰਚਾਈਆਂ ਸਨ ਅਤੇ ਉਸ ਦੇ ਤਿੰਨ ਪੁੱਤਰ ਹਨ। ਤਿੰਨ ਪੁਤਰਾਂ ਨੂੰ ਉਸ ਨੇ ਤਿੰਨ ਵੱਖ ਵੱਖ ਰੂਪ ਦੇ ਰੱਖੇ ਸਨ ਤਾਂ ਕਿ ਸਭ ਧਰਮਾਂ ਨੂੰ ਡੇਰੇ ਵਲ ਖਿੱਚਿਆ ਜਾ ਸਕੇ। ਇੱਕ ਜੜਾਵਾਂ ਵਾਲਾ ,ਇੱਕ ਹਿੰਦੂ ਅਤੇ ਤੀਜਾ ਸਿੱਖ ਸਰੂਪ ‘ਚ। ਪਿਆਰੇ ਨੇ ਜਿਹੜੀ ਅਰਬਾਂ ਰੁਪਏ ਦੀ ਜਇਦਾਦ ਬਣਾਈ ਉਸ ਦੀਆਂ ਪਤਨੀਆਂ ਦੇ ਨਾਂ ਤੇ ਵੰਡੀ ਹੋਈ ਹੈ ਜਿਸ ਤੇ ਸ਼ਰਤ ਲੱਗੀ ਹੈ ਕਿ ਉਹ ਇਸ ਜਇਦਾਦਨੂੰ ਵੇਚ ਨਹੀ ਸਕਦੀਆਂ ਪਰ ਆਪਣੇ ਬੱਚਿਆਂ ਨੂੰ ਹੀ ਦੇ ਸਕਦੀਆਂ ਹਨ।

ਜਿਹੜਾ ਪਿਆਰਾ ਸਿੰਘ ਨੇ ਨਵਾਂ ਗ੍ਰੰਥ ਬਣਾਇਆ ਸੀ ਉਸ ਵਿੱਚ ਵੀ ਬਹੁਤ ਕੂੜ-ਕਬਾੜ ਦਾ ਭਰਿਆ ਪਿਆ ਸੀ। ਇਸ ਵਿੱਚ ਕਈ ਝੂਠੀਆਂ ਕਹਾਣੀਆਂ ਅਤੇ ਕੁਝ ਸਿੱਖ ਮਾਨਸਿਕਤਾ ਨੂੰ ਦੁਖੀ ਕਰਨ ਵਾਲੀਆਂ ਗੱਲਾਂ ਲਿਖੀਆਂ ਹੋਈਆਂ ਹਨ। ਉਸ ਨੇ ਸਿੱਖਾਂ ਅਤੇ ਗੁਰੂ ਸਾਹਿਬਾਨ ਦੀ ਸ਼ਾਨ ਵਿਰੁੱਧ ਵੀ ਲਿਖਿਆ ਸੀ। ਉਸ ਦਾ ਇਹ ਗ੍ਰੰਥ ਪੂਰਾ ਕਰਨ ਲਈ ਸਰਕਾਰੀ ਨੌਕਰੀ ਕਰਦੇ ਕਰਮਚਾਰੀਆਂ ਅਧਿਆਪਕਾਂ ਅਤੇ ਪੁਲੀਸ ਵਾਲੇ 21 ਵਿਅਕਤੀ ਸ਼ਾਮਿਲ ਸਨ ਜਿਨ੍ਹਾਂ ‘ਚ 5 ਔਰਤਾਂ ਵੀ ਸ਼ਾਮਿਲ ਸਨ। ਪਿਆਰਾ ਸਿੰਘ ਨੇ ਆਪਣੇ ਡੇਰੇ ‘ਚ ਇੱਕ ਜਗਾਹ ਬਣਾਈ ਹੋਈ ਸੀ ਜਿਸ ਨੂੰ ਉਹ ਕਹਿੰਦਾ ਸੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲੋਂ ਵੀ ਜਿਆਦਾ ਪਵਿਤਰ ਹੈ। ਉਸ ਨੇ ਆਪਣੇ ਚੇਲਿਆਂ ਦੇ ਵਾਸਤੇ ਅਸਥੀਆਂ ਪਾਉਣ ਵਾਸਤੇ ਵੀ ਇੱਕ ਖਾਸ ਪਾਣੀ ਦਾ ਛੱਪੜ ਬਣਾ ਰੱਖਿਆ ਸੀ। ਪਿਆਰਾ ਸਿੰਘ ਨੇ ਇਹ ਐਲਾਨ ਕਰ ਰੱਖਿਆ ਸੀ ਕਿ ਜਿਸ ਮਰੇ ਹੋਏ ਵਿਅਕਤੀ ਦੀਆਂ ਅਸਥੀਆਂ ਇਸ ਜਗ੍ਹਾ ਤੇ ਪਾਣੀ ‘ਚ ਪਾਈਆਂ ਜਾਣਗੀਆਂ ਉਹ ਸਿੱਧੇ ਸਵਰਗ ਨੂੰ ਜਾਣਗੇ। ਭਨਿਆਰੇ ਵਾਲਾ ਇਥੇ ਅਸਥੀਆਂ ਪਾਉਣ ਦੀ 1000 ਰੁਪਏ ਫੀਸ ਲੈਂਦਾ ਸੀ।

ਭਨਿਆਰੇ ਵਾਲਾ ਇਹ ਕਹਿੰਦਾ ਰਿਹਾ ਕੇ ਉਸ ਨੇ ਸਿੱਖਾਂ ਵਾਸਤੇ ਕੁਝ ਗਲਤ ਨਹੀਂ ਲਿਖਿਆ ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਲਈਆਂ ਹਨ -

ਇੱਕ ਅੰਮ੍ਰਿਤਧਾਰੀ ਰੋਜ਼ਾਨਾ ਗੁਰਦੁਆਰੇ ਜਾਂਦਾ ਸੀ ਉਸ ਦੀ ਹਾਲਤ ਬੜੀ ਮਾੜੀ ਸੀ ਜੋ ਕੇ ਕਿਸੇ ਤਰ੍ਹਾਂ ਵੀ ਨਾ ਸੁਧਰ ਸਕੀ। ਫਿਰ ਉਹ ਭਨਿਆਰੇ ਵਾਲੇ ਕੋਲ ਆਇਆ ਜਿਸ ਨੇ ਉਸ ਤੇ ਆਪਣੀਆਂ ਅਧਿਆਤਮਕ ਸ਼ਕਤੀਆਂ ਨਾਲ ਕ੍ਰਿਪਾ ਦ੍ਰਿਸ਼ਟੀ ਪਾਈ --ਇੱਕ ਵਾਰ ਇੱਕ ਅੰਮ੍ਰਿਤਧਾਰੀ ਸਿੱਖ ਭਨਿਆਰੇਵਾਲੇ ਕੋਲ ਆਇਆ ਤੇ ਪੁੱਛਣ ਲੱਗਾ ਕਿ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ ਹੈ? ਬਾਬਾ ਜੀ ਨੇ ਕਿਹਾ ਇਸ ਦੀ ਇਥੇ ਕੋਈ ਮਹੱਤਤਾ ਨਹੀਂ ਤੇ ਉਹ ਅੰਮ੍ਰਿਤਧਾਰੀ ਸਿੱਖ ਗੁਸੇ ਹੋ ਗਿਆ ਅਤੇ ਵਾਪਸ ਚਲਾ ਗਿਆ। ਕੁਝ ਚਿਰ ਬਾਅਦ ਦੁਰਘਟਣਾਂ ‘ਚ ਉਸ ਦੀਆਂ ਲੱਤਾਂ ਟੁੱਟ ਗਈਆਂ - ਅੱਗੇ ਲਿਖਦਾ ਹੈ ਕਿ ਉਹ ਬਾਬਾ ਜੀ ਕੋਲ ਆ ਕੇ ਉਸ ਦੀਆਂ ਲੱਤਾਂ ਠੀਕ ਹੋ ਗਈਆਂ। ਉਹ ਵਿਅਕਤੀ ਮਹਿਤਾ ਗੁਰਦੁਆਰੇ ਸੇਵਾ ਕਰਦਾ ਸੀ, ਉਹ ਅੰਮ੍ਰਿਤਧਾਰੀ ਉਥੇ ਕਿਉਂ ਨਾ ਠੀਕ ਹੋ ਸਕਿਆ? (ਪੰਨਾ 700)।------ਅੱਗੇ ਲਿਖਦਾ ਹੈ ਕਿ ਕਰਮਜੀਤ ਸਿਘ ਗ੍ਰੰਥੀ ਦੀ ਡਿਉਟੀ ਕਰਦਾ ਸੀ, ਕਿਸੇ ਬੀਮਾਰੀ ਨਾਲ ਉਸ ਦੀਆਂ ਅੱਖਾਂ ਦੀ ਜੋਤ ਖਤਮ ਹੋ ਗਈ ਅਤੇ ਉਸ ਦੀ ਪਤਨੀ ਦਾ ਵੀ ਇੱਕ ਪਾਸਾ ਖੜ ਗਿਆ ਸੀ, ਉਨ੍ਹਾਂ ਨੇ ਦਰਬਾਰ ਸਾਹਿਬ ਅਖੰਡ ਪਾਠ ਕਰਵਾਇਆ ਸੇਵਾ ਕੀਤੀ ਪਰ ਠੀਕ ਨਾ ਹੋ ਸਕੇ। ਬਾਬਾ ਜੀ ਨੇ ਉਨ੍ਹਾਂ ਨੂੰ ਠੀਕ ਕਰ ਦਿੱਤਾ।

1999 ਵਿੱਚ ਕਰਮਜੀਤ ਸਿੰਘ ਖਾਲਸੇ ਦੀ ਤੀਜੀ ਸ਼ਤਾਬਦੀ ‘ਚ ਸ਼ਾਮਿਲ ਹੋਣ ਜਾਣਾ ਚਾਹੁੰਦਾ ਸੀ ਅਤੇ ਆਪਣੀ ਪਤਨੀ ਨੂੰ ਨਾਲ ਲਿਜਾਣਾ ਚਾਹੁੰਦਾ ਸੀ ਪਰ ਉਸ ਨੇ ਪਤੀ ਨਾਲ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਬਾਬਾ ਜੀ ਕੋਲ ਆ ਗਈ। ਬਾਬਾ ਜੀ ਨੇ ਕਿਹਾ ਜਿਹੜੇ ਅਨੰਦਪੁਰ ਸਾਹਿਬ ਜਾਣਗੇ, ਉਹ ਕਦੇ ਮੁਕਤ ਨਹੀਂ ਹੋਣਗੇ ਅਤੇ 84 ਲੱਖ ਜੂਨਾਂ ਦੇ ਚੱਕਰਾਂ ‘ਚ ਪਏ ਰਹਿਣਗੇ, ਜੇਕਰ ਉਥੇ ਜਾਣ ਦਾ ਕੋਈ ਫਾਇਦਾ ਹੁੰਦਾ ਤਾਂ ਉਹ ਠੀਕ ਹੋ ਗਏ ਹੁੰਦੇ।

--ਇੱਕ ਵਾਰ ਇੱਕ ਬੀਬੀ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਸੀ, ਉਸ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ, ਉਹ ਗੁਰਦੁਆਰੇ ਕਿਉਂ ਜਾ ਰਹੀ ਹੈ? ਉਥੇ ਕੁਝ ਨਹੀਂ ਇਸ ਲਈ ਤੁੰ ਡੇਰਾ ਭਨਿਆਰੇ ਤੇ ਜਾਹ, ਸਤਿਗੁਰੂ ਤਾਂ ਉਥੇ ਹਾਜ਼ਰ ਹਨ, ਉਥੇ ਹੀ ਤੈਨੂੰ ਮੁਕਤੀ ਮਿਲੇਗੀ। (ਸਫਾ 1240)

--ਇੱਕ ਵਿਅਕਤੀ ਨੇ ਬਾਬਾ ਜੀ ਨੂੰ ਅਕਾਲ ਤਖਤ ਤੇ ਸੱਦਿਆ ਸੀ ਤੇ ਬਾਬਾ ਜੀ ਨੇ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਮੈਂ ਕਿਸੇ ਅਕਾਲ ਤਖਤ ਨੂੰ ਨਹੀਂ ਮੰਨਦਾ ,ਰੱਬ ਨੇ ਮੈਨੂੰ ਕਿਹਾ ਹੈ ਕਿ ਇਹ ਸੱਭ ਕੁਝ ਝੁਠਾ ਹੈ ਅਤੇ ਝਠਾ ਸੱਭ ਕੁਝ ਫਨਾਅ ਹੋਜਾਵੇਗਾ। ਭਨਿਆਰੇ ਵਾਲੇ ਨੇ ਗੁਰਬਾਣੀ ਦੀਆਂ ਪੰਗਤੀਆਂ ਨੂੰ ਵੀ ਤੋੜ ਮਰੋੜ ਕੇ ਆਪਣੇ ਗ੍ਰੰਥ ‘ਚ ਲਿਖੀਆਂ ਸਨ।

ਜਿਵੇਂ ਸੇਵਾ ਸਿੰਘ ਤਰਮਾਲਾ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਡੇਰਾ ਸਥਾਪਤ ਕਰ ਚੁਕਾ ਹੈ, ਭਨਿਆਰਾ ਵੀ ਜੇਲ਼੍ਹ ਤੋਂ ਰਿਹਾ ਹੋ ਕੇ ਚੁੱਪ ਕਰਕੇ ਨਹੀਂ ਬੈਠੇਗਾ ਜਦ ਵੀ ਰਿਹਾ ਹੋਵੇਗਾ ਉਸ ਦੀ ਪਿੱਠ ਦੇ ਬਿਪਰਵਾਦੀ ਤਾਕਤਾਂ ਫਿਰ ਖੜ੍ਹੀਆਂ ਹੋਣਗੀਆਂ ਜਿਹੜੀਆਂ ਇੰਡੀਆ ‘ਚ ਹੋਰ ਡੇਰਾਧਾਰੀਆਂ ਨੂੰ ਖੁੱਲੇਆਮ ਮਦਦ ਦੇ ਰਹੀਆਂ। ਇਹ ਮੁੱਦਾ ਫਿਰ ਉਠਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਸ ਲਈ ਬਾਬਾਵਾਦ ਤੇ ਡੇਰਾਵਾਦ ਵਿਰੁੱਧ ਸਿਖਾਂ ਨੂੰ ਅਜੇ ਤਕੜੀ ਲੜਾਈ ਲੜਣੀ ਪੈਣੀ ਹੈ, ਕਿਉਂਕਿ ਉਨ੍ਹਾਂ ਦੀ ਪਿੱਠ ਤੇ ਆਰ ਐਸ.ਐਸ.ਕੇਂਦਰ ਦੀਆਂ ੲਜੰਸੀਆਂ ਖੜ੍ਹੀਆਂ ਹਨ, ਜੋ ਸਿੱਖਾਂ ਨੂੰ ਹਰ ਹਾਲਤ ‘ਚ ਇਹੋ ਜਿਹੇ ਮੁੱਦਿਆਂ ਤੇ ਹੀ ਉਲਝਾ ਕੇ ਰਖਦੀਆਂ ਆ ਰਹੀਆਂ ਹਨ, ਅਤੇ ਪੰਜਾਬ ਸਰਕਾਰ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਉਨ੍ਹਾਂ ਡੇਰੇਦਾਰਾਂ ਨੂੰ ਵੋਟਾਂ ਖਾਤਰ ਨਰਾਜ਼ ਨਹੀਂ ਕਰਨਾ ਚਾਹੁੰਦੀ ਅਤੇ ਉਨਾਂ ਦੇ ਡੇਰਿਆਂ ਤੇ ਸਾਂਝੀ ਸਰਕਾਰ ਦੇ ਮੰਤਰੀ, ਮੁੱਖ ਮੰਤਰੀ ਅਤੇ ਹੋਰ ਆਗੂ ਹਾਜ਼ਰੀ ਭਰਦੇ ਰਹਿੰਦੇ ਹਨ। ਡੇਰਾਵਾਦ ਦੇ ਵਿਰੁੱਧ ਫੇਸ ਬੁੱਕ ਤੇ ਪਿਛਲੇ ਤਿੰਨ ਮਹੀਨਿਆਂ ਤੋਂ ‘ਸੰਤਾਂ ਦੇ ਕੌਤਿਕ ਗਰੁੱਪ' ਸਿੱਖਾਂ ਨੂੰ ਡੇਰਾਵਾਦ ਵਿਰੁੱਧ ਦੇਸ਼ ਵਿਦੇਸ਼ ‘ਚ ਜਾਗਰੁਕ ਕਰਨ ਦੇ ਯਤਨ ਕਰ ਰਿਹਾ ਹੈ, ਜਿਸ ਦੇ ਇਸ ਵੇਲੇ 5650 ਮੈਂਬਰ ਹਨ। ਸਾਰਿਆਂ ਸਿੱਖਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ, ਕਿ ਇਸ ਸੇਵਾ ‘ਚ ਆਪਣਾ ਵੱਧ ਤੋਂ ਵੱਧ ਹਿਸਾ ਪਾਉ ਜੀ।

ਜਸਵਿੰਦਰ ਸਿੰਘ ਮੁੱਦਕੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top