Share on Facebook

Main News Page

ਵਧਾਈਆਂ! ਕਿਸ ਗੱਲ ਦੀਆਂ?

ਮੇਰੀ ਪਤਨੀ ਦੱਸ ਰਹੀ ਸੀ, ਕਿ ਅੱਜ ਸਾਡੇ ਕੰਮ ਤੇ ਇੰਡੀਆ ਦਾ ਗੁੱਲੀ ਡੰਡਾ ਜਿਤੇ ਦੀ ਖੁਸ਼ੀ ਵਿੱਚ ਪੰਜਾਬੀ ਬੀਬੀਆਂ ਨੇ ਪਾਰਟੀ ਕੀਤੀ ਸੀ, ਤੇ ਲੱਡੂ-ਬਰਫੀਆਂ ਵੰਡੇ ਸਨ। ਉਸ ਤੋਂ ਇੱਕ ਦਿਨ ਪਹਿਲਾਂ ਬੇਟਾ ਮੇਰਾ ਸਕੂਲੋਂ ਖ਼ਬਰ ਲੈ ਕੇ ਆਇਆ ਸੀ, ਪੰਜਾਬੀ ਮੁੰਡੇ ਅੱਜ ਇੰਡੀਆਂ ਜਿੱਤੇ ਦੀ ਖੁਸ਼ੀ ਵਿੱਚ ਭੰਗੜੇ ਪਾ ਰਹੇ ਸਨ। ਸਾਡੀ ਬੇਸਮਿੰਟ ਵਾਲੀ ਦੱਸ ਰਹੀ ਸੀ, ਪੰਜਾਬੀ ਸਟੋਰਾਂ ਵਾਲਾ ਪਲਾਜਾ ਮੁੱਤੀਆਂ ਵਾਲੇ ਪੰਜਾਬੀ ਨੌਜਵਾਨਾਂ ਨੇ ਸਮੇਤ ਸੜਕ ਸਾਰਾ ਰੋਕਿਆ ਹੋਇਆ ਹੈ, ਗੱਡੀਆਂ ਉਪਰ ਤਿਰੰਗੇ ਲਾ ਕੇ ਅਤੇ ਗੱਡੀਆਂ ਦੇ ਉਪਰ ਚੜ੍ਹ ਕੇ ਭੰਗੜੇ ਪਾ ਰਹੇ ਹਨ, ਅਤੇ ਇਸ ਗੁੰਡਾ-ਗਰਦੀ ਨੂੰ ਦੇਖ ਪੁਲਿਸ ਵਾਲੇ ਟਿਕਟਾਂ ਦੇ ਰਹੇ ਹਨ। ਮੇਰੀ ਪਤਨੀ ਦੇ ਮਾਮੇ ਦਾ ਲੜਕਾ ਮੇਰਾ ਗਿੱਟਾ ਫੈਕਚਰ ਹੋਇਆ ਕਰਕੇ ਮੇਰਾ ਅੱਜ ਪਤਾ ਲੈਣ ਆਇਆ ਸੀ। ਜਦ ਉਹ ਆਇਆ ਤਾਂ ਸਾਹੋ-ਸਾਹੀ ਹੋਇਆ ਪਿਆ ਸੀ, ਉਹ ਆਉਂਦਾ ਹੀ ਕਹਿਣ ਲੱਗਾ ਭਾਈਆ ਵਧਾਈਆਂ ਇੰਡੀਆ ਜਿੱਤ ਗਿਆ। ਜੋ ਕੁਝ ਮੈਂ ਬੋਲਿਆ ਮੇਰੇ ਬੱਚੇ ਵੀ ਹੈਰਾਨ ਸਨ, ਕਿ ਇਹ ਮਾਮੇ ਦੀ ਜਹੀ-ਤਹੀ ਕਿਉਂ ਫੇਰ ਰਿਹਾ। ਉਹ ਸ਼ਰਮਿੰਦਾ ਜਿਹਾ ਹੋਇਆ, ਇਹ ਕਹਿਕੇ ਛੇਤੀ ਚਲਾ ਗਿਆ ਕਿ ਉਸ ਕਿਸੇ ਹਸਪਤਾਲ ਪਏ ਦੋਸਤ ਦਾ ਪਤਾ ਲੇੈਣ ਜਾਣਾ ਹੈ। ਦਰਅਸਲ ਉਹ ਦੌੜਾ-ਦੌੜਾ ਆਇਆ ਸੀ, ਉਸ ਨਾਲ ਬਾਹਰ ਕਾਰ ਵਿੱਚ ਹੋਰ ਵੀ ਮੰਡੀਰ ਬੈਠੀ ਸੀ, ਜਿਹੜੇ ਸ਼ਾਇਦ ਸਾਰੇ ਜਸ਼ਨ ਮਨਾਉਣ ਨਿਕਲੇ ਸਨ। ਜਦ ਪਤਨੀ ਮੇਰੀ ਉਸ ਨੂੰ ਦਰਵਾਜੇ ਤੱਕ ਵਿਦਾ ਕਰਨ ਗਈ, ਤਾਂ ਉਸ ਨੇ ਉਸ ਦੀ ਕਾਰ ਉਪਰ ਵੀ ਤਿਰੰਗਾ ਲੱਗਾ ਦੇਖ ਲਿਆ। ਮੁੰਡਾ ਕਹਿਣ ਲਗਾ ਭੈਣ! ਭੈਣ ਬਣਕੇ ਭਾਈਏ ਨੂੰ ਨਾ ਦੱਸੀਂ ਉਸ ਫਿਰ ਮੈਨੂੰ.... ਹਾਲੇ ਉਸ ਨੂੰ ਇਹ ਨਹੀ ਪਤਾ ਮੇਰੀ ਗੱਡੀ ਤੇ ਵੀ...

ਐਨ ਇਸੇ ਸਮਿਆਂ ਵਿੱਚ ਹੀ ਸਾਰੀ ਦੁਨੀਆਂ ਵਿੱਚ ਦੇਖਿਆ ਗਿਆ ਕਿ ਇੱਕ ਫਾਸ਼ੀ ਜ਼ਹਿਨੀਅਤ ਵਾਲੇ ਹਿੰਦੂ ਅਫਸਰ ਨੇ ਬਿਨਾ ਕਾਰਨ ਜਾਣ-ਬੁਝ ਕੇ ਜਲੀਲ ਕਰਨ ਵਾਸਤੇ ਸਿੱਖ ਨੌਜਵਾਨ ਦੀ ਪੱਗ ਸ਼ਰੇਆਮ ਲਾਹੀ। ਕਿਥੇ? ਜਿਥੋਂ ਦੇ ਇਹ ਬੇਗੈਰਤ ਲੋਕ ਝੰਡੇ ਚੁੱਕੀ ਫਿਰਦੇ ਹਨ। ਮੈਂ ਪਿੱਛੇ ਜਿਹੇ ਲਿਖਿਆ ਸੀ ਇਹ ਕੌਮ ਬੀਮਾਰ ਡਾਕਟਰਾਂ ਦੇ ਢਹੇ ਚ੍ਹੜ ਬੀਮਾਰ ਹੋ ਚੁੱਕੀ ਹੈ। ਸ਼ਾਇਦ ਕਈਆਂ ਨੂੰ ਇਹ ਗੱਲ ਗਵਾਰਾ ਨਾ ਲੱਗੀ ਹੋਵੇ, ਪਰ ਹੁਣ ਅਸੀਂ ਆਪਣੀਆਂ ਅੱਖਾਂ ਸਾਹਵੇਂ ਦੇਖਿਆ ਹੈ, ਕਿ ਇਦੋਂ ਵਧ ਬੀਮਾਰ ਲੋਕਾਂ ਦੀ ਮਿਸਾਲ ਹੋਰ ਕਿਹੜੀ ਹੈ। ਇਹ ਝੰਡੇ ਚੁੱਕੀ ਫਿਰਨ ਵਾਲੇ ਦੱਸਣ, ਕਿ ਕੱਲ ਜਿਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀਆਂ ਮਾਰੀਆਂ, ਉਹ ਗੁਰੂ ਕੀ ਮੁਸਲਮਾਨਾਂ ਦਾ ਸੀ? ਦਰਬਾਰ ਦਾ ਸਰੋਵਰ ਹਾਲੇ ਕੱਲ ਤੁਹਾਡਾ ਉਨੀ ਲਾਸ਼ਾਂ ਨਾਲ ਭਰਿਆ, ਉਸ ਨਾਲ ਤੁਹਾਡਾ ਕੋਈ ਰਿਸਤਾ ਨਹੀ? ਉਥੇ ਕੇਵਲ ਤੁਸੀਂ ਚੁੱਬੀਆਂ ਮਾਰ ਕੇ ਪਾਪ ਲਾਹੁਣ ਦਾ ਵਪਾਰ ਹੀ ਕਰਨ ਜਾਂਦੇ ਹੋ? ਕਦੇ ਖਾਮੋਸ਼ ਖੜੋਤੇ ਸ੍ਰੀ ਅਕਾਲ ਤਖਤ ਨੂੰ ਤੁਸੀਂ ਪੁੱਛਿਆ ਕਿ ਉਸ ਨਾਲ ਕੀ ਬੀਤੀਆਂ? ਤੇ ਉਹ ਹਜਾਰਾਂ ਮਾਵਾਂ ਤੇ ਬਾਪੂ ਇੰਨਾ ਬੇਹਯਾ ਲੋਕਾਂ ਦੇ ਕੁੱਝ ਨਹੀਂ ਲੱਗਦੇ, ਜਿਨ੍ਹਾਂ ਦੀਆਂ ਕੁੱਖਾਂ ਸੁੰਝੀਆਂ ਹੋ ਗਈਆਂ?

ਮੈਂ ਫਿਰ ਕਹਿੰਨਾ ਕੌਮ ਬੀਮਾਰ ਪੈ ਚੁੱਕੀ ਹੈ, ਬੀਮਾਰ ਡਾਕਟਰਾਂ ਨੂੰ ਕੌਮ ਦੇ ਗਲੋਂ ਲਾਹੋ। ਤੁਸੀਂ ਨਿਗਾਹ ਤਾਂ ਮਾਰੋ ਕਿ ਤੰਦਰੁਸਤੀ ਮਿਲੇ ਕਿਥੋਂ? ਤੁਹਾਡੇ ਬਾਬੇ ਬੀਮਾਰ, ਤੁਹਾਡੇ ਗ੍ਰੰਥੀ ਭਾਈ ਬੀਮਾਰ, ਅਗੋਂ ਉਨ੍ਹਾਂ ਨੂੰ ਚਲਾਉਣ ਵਾਲੇ ਗੁਰਦੁਆਰਿਆਂ ਦੇ ਪ੍ਰਬੰਧਕ ਬੀਮਾਰ, ਰਾਜਨੀਤਕ ਤਾਂ ਹੈ ਹੀ ਬੀਮਾਰ। ਹਰੇਕ ਪਾਸੇ ਤਾਂ ਬੀਮਾਰੀ ਫੈਲੀ ਹੋਈ, ਕੌਮ ਕਿਥੋਂ ਯਾਦ ਰੱਖ ਲੂ ਅਪਣੀ ਲੱਥੀ ਪੱਗ ਨੂੰ? ਟੱਲੀਆਂ ਖੜਕਾਉਂਣ ਜਾਂ ਬੱਤੀਆਂ ਬੰਦ ਕਰੀ ਢੋਲਕੀਆਂ ਕੁੱਟਣ ਨਾਲ ਕਦੇ ਕੌਮਾਂ ਵਿੱਚ ਇਨਕਲਾਬ ਆਏ ਸੁਣੇ? ਕਿਹੜਾ ਸਿਮਰਨ ਤੇ ਭਜਨ ਇਹ ਕਰ ਰਹੇ ਹਨ, ਸਮੁੱਚੀ ਕੌਮ ਦੀ ਗੈਰਤ ਹੀ ਮਰੀ ਜਾ ਰਹੀ ਹੈ। ਇਹ ਢੋਲਕੀਆਂ ਕੁੱਟਣੇ, ਟੱਲੀਆਂ ਖੜਕਾਉਂਣੇ ਤੇ ਬੱਤੀਆਂ ਬੰਦ ਕਰ-ਕਰ ਸਿਮਰਨਾ ਦੇ ਖੇਖਨ ਕਰਨ ਵਾਲੇ ਅਪਣੀਆਂ ਸਟੇਜਾਂ ਤੋਂ ਦਫਾ ਕਰੋ, ਸਿੱਖੋ ਨਹੀ ਤਾਂ ਭਵਿੱਖ ਤੁਹਾਡੀਆਂ ਨਸਲਾਂ ਦਾ ਇਹੋ ਜਿਹੇ ਬੇਗੈਰਤਾਂ ਦਾ ਹੀ ਹੋਵੇਗਾ। ਗੁਰੂ ਘਰਾਂ ਦਾ ਸਾਰਾ ਪ੍ਰਾਈਮ ਟਾਈਮ ਤਾਂ ਤੁਸੀਂ ਬੱਤੀਆਂ ਬੰਦ ਕਰਕੇ ਹਨੇਰੇ ਵਿੱਚ ਟੱਕਰਾਂ ਮਾਰਦੇ ਰਹਿੰਦੇ ਹੋ ਚਾਨਣ ਮਿਲੂ ਕਿਥੋਂ? ਚਾਨਣ ਦੇ ਸਾਹਵੇਂ ਵੀ ਹਨੇਰਾ?

ਪਰ ਉਨ ਕਹਿਣਾ ਬੋਲ ਵੇ ਧਰਮੀਅੜਿਆ ਮੋਨ ਕਤ ਧਾਰੀ ਰਾਮ ਤੇ ਬੋਲੇ ਕਿਹੜਾ? ਕਿਸੇ ਫਾਹੇ ਲੱਗਣਾ? ਕਿਸੇ ਦਾ ਵੀਜਾ ਕੈਂਸਲ ਹੋ ਜਾਏਗਾ! ਕਿਸੇ ਦੀ ਉਥੇ ਪਿੱਛੇ ਉਸਾਰੀ ਲੰਕਾ ਉਜੜ ਜਾਏਗੀ। ਕਈਆਂ ਝੰਡੀਆਂ ਵਾਲੀਆਂ ਕਾਰਾਂ ਝੂਟਣੀਆਂ ਹੁੰਦੀਆਂ। ਬਾਬਿਆਂ ਦੇ ਜਗੀਰਨੁਮਾ ਡੇਰਿਆਂ ਦਾ ਕੀ ਬਣੇਗਾ, ਤੁਹਾਡੇ ਮਸ਼ਹੂਰ ਕਲਾਕਾਰ ਰਾਗੀ ਭਾਈਆਂ ਦੀਆਂ ਤੁਹਾਡੇ ਹੀ ਲਹੂ ਪਸੀਨੇ ਦੀ ਕਮਾਈ ਨਾਲ ਖੜੀਆਂ ਕੀਤੀਆਂ ਮਹਿਲਨੁਮਾ ਕੋਠੀਆਂ ਤੇ ਮਹਿੰਗੀਆਂ ਕਾਰਾਂ ਦਾ ਕੀ ਬਣੇਗਾ? ਅੰਨਦਪੁਰ ਵਾਸੀ ਦੇ ਗੱਲਾਂ ਨਾਲ ਅੰਨਦਪੁਰ ਉਜਾੜਨੇ ਬੜੇ ਸੌਖੇ, ਪਰ ਜਦ ਅਪਣੇ ਘਰ ਦੀ ਇੱਟ ਨੂੰ ਖਰੌਂਚ ਆਉਂਦੀ ਦਿੱਸਦੀ, ਪਤਾ ਲਗੱਦਾ ਕੀ ਭਾਅ ਤੁਲਦੀ। ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਉਪਰ ਤੁਰਨ ਦੇ ਸੀਨ ਨੂੰ ਵਿੰਗੇ-ਟੇਡੇ ਮੂੰਹ ਕਰਕੇ ਤੇ ਅੱਖਾਂ ਭਰ-ਭਰ ਸੁਣਾਉਣ ਦਾ ਬੜਾ ਸੁਆਦ ਆਉਂਦਾ ਪਰ ਅਪਣੀ ਵਾਰੀ ਜੁਬਾਨ ਠਾਕੀ ਜਾਂਦੀ ਹੈ। ਉਸੇ ਅਨੰਦਪੁਰ ਵਾਸੀ ਨਾਲ ਊਂਟ-ਪਟਾਂਗ ਭਰਿਆ ਗੰਦ ਛੱਡਿਆ ਜਾ ਰਿਹਾ ਕੌਣ ਸਾਧ ਬੋਲਿਆ? ਕਿਹੜਾ ਗ੍ਰੰਥੀ ਭਾਈ ਬੋਲਿਆ? ਕਿਹੜਾ ਤੁਹਾਡਾ ਜਗਾਧਰੀ, ਰੰਗੀਲਾ, ਚਮਕੀਲਾ ਜਾਂ ਅਨੂਪ ਸਿਉਂ ਬੋਲਿਆ? ਹਾਂਅ! ਕੁਝ ਬੋਲੇ, ਬੜੀ ਜੁੱਅਰਤ ਨਾਲ ਬੋਲੇ, ਅਗਲਿਆਂ ਛੇਕ ਕੇ ਬਾਹਰ ਮਾਰੇ, ਗੁਰਦੁਆਰਿਆਂ ਦੇ ਮਸੰਦਾ ਤੁਹਾਡਿਆਂ ਬੂਹੇ ਉਨ੍ਹਾਂ ਲਈ ਬੰਦ ਕਰ ਲਏ। ਕੀ ਇਹ ਬੀਮਾਰ ਹੋਣ ਦੀਆਂ ਨੀਸ਼ਾਨੀਆਂ ਨਹੀਂ? ਆਮ ਲੋਕਾਂ ਨੂੰ ਕੀ ਦੋਸ਼ ਦਈਏ? ਉਹ ਤਾਂ ਝੰਡੇ ਚੁੱਕੀ ਹੀ ਫਿਰਨਗੇ! ਨਹੀਂ?

ਅਗਲਿਆ ਆਹ ਗੁੱਲੀ ਡੰਡੇ ਜਿਹੇ ਦੀ ਜਿੱਤ ਉਪਰ ਹੀ ਮੀਡੀਏ ਉਪਰ ਲੱਖਾਂ ਖਰਚ ਦਿੱਤਾ। ਕਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਦੇ ਅਸਟੀਮ ਮੀਡੀਏ ਨੇ ਇਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਖ਼ਬਰ ਬਣਾ ਕੇ ਪੇਸ਼ ਕੀਤਾ, ਜਿਸ ਦਾ ਨਤੀਜਾ ਕਿ ਤੁਹਾਡੀ ਨਵੀ ਪੀਹੜੀ ਸਭ ਕੁੱਟ-ਛਿੱਤਰ ਭੁਲਾ ਕੇ ਝੰਡੇ-ਝੰਡੀਆਂ ਚੁੱਕੀ ਸੜਕਾਂ ਤੇ ਨਿਕਲ ਆਈ। ਕਦੇ ਫੋਨ ਕਰ ਕਰ ਲੋਕਾਂ ਗੁਰੂ ਨਾਨਕ ਸਾਹਿਬ ਦੇ ਪੁਰਬ ਤੇ ਜਾਂ ਖਾਲਸੇ ਦੇ ਜਨਮ ਤੇ ਕਿਸੇ ਨੂੰ ਇੰਨੀਆਂ ਵਧਾਈਆਂ ਨਹੀਂ ਦਿੱਤੀਆਂ ਹੋਣੀਆ, ਜਿੰਨੀ ਝੜੀ ਇੰਨੀ ਵਧਾਈਆਂ ਦੀ ਹੁਣ ਲਾਈ ਪਈ ਸੀ। ਤੁਸੀਂ ਦੱਸੋ ਤੁਹਾਡੇ ਕਿਸੇ ਗੁਰਦੁਆਰੇ ਦੇ ਪ੍ਰਬੰਧਕ ਨੇ 84 ਦੇ ਦੋਂਹ ਘੱਲੂਘਾਰਿਆਂ ਦੇ ਜ਼ਖਮਾਂ ਨੂੰ ਤਾਜਿਆ ਰਹਿਣ ਲਈ ਕਦੇ ਕੋਈ ਲਿਟਰੇਚਰ, ਕੋਈ ਸੀ.ਡੀ, ਕੋਈ ਡਾਕੂਮੈਂਟਰੀ, ਕੋਈ ਸੈਮੀਨਰ, ਕੋਈ ਦੁਨੀਆਂ ਪੱਧਰ ਤੇ ਹਾਲ-ਦੁਹਾਈ ਲਈ ਦੁੱਕੀ ਵੀ ਖਰਚੀ ਹੋਵੇ। ਹਾਂਅ! ਇਹ ਵੀ ਲੱਖਾਂ ਡਾਲਰ ਖਰਚਦੇ ਹਨ, ਪਰ ਅਪਣੇ ਕਬਜੇ ਬਣਾਈ ਰੱਖਣ ਲਈ ਵਕੀਲਾਂ ਨੂੰ ਦੇਣ ਲਈ!!

ਪ੍ਰਬੰਧਕ, ਗ੍ਰੰਥੀ, ਜਾਂ ਬਾਬੇ ਨੇ ਕਿਸੇ ਨੇ ਤੁਹਾਡੀ ਸਿੱਖੀ ਤੋਂ ਜਾਂ ਕੌਮ ਉਪਰ ਹੋਵੇ ਜੁਲਮ ਤੋਂ ਵੜੇਵੇਂ ਨਹੀਂ ਲੈਣੇ, ਇਹ ਵਪਾਰੀ ਹਨ ਘਟੀਆ ਕਿਸਮ ਦੇ ਵਪਾਰੀ ਇਸ ਕੌੜੇ ਸੱਚ ਨੂੰ ਚਾਹੇ ਤੁਸੀਂ ਅੱਜ ਮੰਨ ਲੌ ਚਾਹੇ ਸਮਾ ਵਿਹਾਣ ਤੇ ਮੰਨ ਲਿਓ। ਕਿਸੇ ਗੁਰਦੁਆਰੇ ਨੇ ਆਏ ਲੋਕਾਂ ਨੂੰ ਦੱਸਿਆ ਕਿ ਝੰਡੇ ਚੁੱਕੀ ਫਿਰਨ ਵਾਲਿਓ ਸ਼ਰਮ ਕਰੋ, ਆਹ ਤੁਹਾਡੀ ਪੱਗ ਲੱਥ ਰਹੀ ਤੇ ਤੁਸੀਂ ਜਸ਼ਨ ਮਨਾ ਰਹੇ ਹੋ? ਕੋਈ ਗ੍ਰੰਥੀ ਭਾਈ ਬਾਬਾ ਬੋਲਿਆ? ਕਿਸੇ ਕੌਮ ਨੂੰ ਅਹਿਸਾਸ ਕਰਵਾਇਆ ਇਹ ਗੈਰਤਮੰਦ ਕੌਮਾਂ ਦਾ ਕੰਮ ਨਹੀਂ, ਕਿ ਅਗਲਾ ਛਿੱਤਰ ਮਾਰੇ, ਪੱਗ ਲਾਹਵੇ ਤੇ ਤੁਸੀਂ ਉਸ ਦੇ ਝੰਡੇ ਕਾਰਾਂ ਤੇ ਲਹਿਰਾਈ ਫਿਰੋ? ਦੱਸੋ ਕੌਣ ਬੋਲਿਆ? ਫਿਰ ਕਿਸਨੂੰ ਤੁਸੀਂ ਤੰਦਰੁਸਤ ਮੰਨ ਰਹੇ ਹੋ?

ਇਹ ਤੁਹਾਡਾ ਪੂਰਾ ਤਾਣਾ-ਬਾਣਾ ਹੀ ਬੀਮਾਰ ਹੋ ਚੁੱਕਾ ਹੈ, ਕਿਉਂਕਿ ਤੁਸੀਂ ਅਸੀਂ ਖੁਦ ਬੀਮਾਰ ਹੋ ਚੁੱਕੇ ਹਾਂ। ਸਾਡੇ ਵਿੱਚ ਤਾਂ ਇੰਨੀ ਹਿੰਮਤ ਨਹੀਂ ਰਹੀ ਕਿ ਅਸੀਂ ਖੁਦ ਅਪਣੇ ਗੁਰੂ ਅਗੇ ਖੜ ਕੇ ਅਰਦਾਸ ਹੀ ਕਰ ਸਕੀਏ। ਸਾਨੂੰ ਅਰਦਾਸ ਲਈ ਵੀ ਘੁਟਣੀ ਪੰਜਾਮੀ ਵਾਲਾ ਭਾਈ ਚਾਹੀਦਾ, ਜਿਹੜਾ ਖੁਦ ਪ੍ਰਬੰਧਕਾਂ ਦਾ ਮੰਗਤਾ ਉਸ ਨੂੰ ਤੁਸੀਂ ਅਪਣੇ ਲਈ ਗੁਰੂ ਕੋਲੋਂ ਮੰਗਣ ਲਾ ਦਿੰਦੇ ਹੋ, ਤੇ ਗੁਰੂ ਤੁਹਾਡੀਆਂ ਲੱਤਾਂ ਵਿੱਚ ਜਾਨ ਕਿਥੋਂ ਪਾ ਦਏ। ਹਿੰਦੂ-ਮੁਸਲਿਮ ਦੇ ਦਲਾਲਾਂ, ਪੰਡਤ-ਮੁਲਾਣੇ ਨੂੰ ਕੀ ਗੁਰੂ ਨੇ ਆੜੇ ਹੱਥੀਂ ਨਹੀਂ ਲਿਆ, ਤੇ ਫਿਰ ਤੁਹਾਡੇ ਦਲਾਲਾਂ ਦੀਆਂ ਅਰਦਾਸਾਂ ਗੁਰੂ ਕਿਉਂ ਸੁਣੇਗਾ? ਬੀਮਾਰੀਆਂ ਤਾਂ ਅਸੀਂ ਖੁਦ ਸਹੇੜੀਆਂ ਹਨ, ਅਣਖ ਕਿਥੋਂ ਰਹੇਗੀ। ਅਣਖ, ਗੈਰਤ, ਸਵੈਮਾਨ ਸਿਖਾਉਂਦਾ ਗੁਰੂ ਦਾ ਚਾਨਣ, ਗੁਰੂ ਦੀ ਬਾਣੀ ਜਿਹੜੀ ਅਸੀਂ ਆਪ ਪੜ੍ਹਨੀ ਛੱਡ ਦਿੱਤੀ ਤੇ ਦਲਾਲ ਰੱਖ ਲਏ। ਮੁੱਲ ਦੀ ਬਜਾਰੂ ਚੀਜ ਬੀਮਾਰ ਹੀ ਕਰੇਗੀ। ਬੀਮਾਰ ਪ੍ਰਬੰਧਕ ਪਰ ਖੁਸ਼ ਹੈ, ਪਾਠਾਂ ਵਿੱਚ ਆਮਦਨ ਬਹੁਤ ਹੈ, ਭਾਈ ਖੁਸ਼ ਹੈ ਗੁਣ-ਗੁਣ ਕਰਨ ਦੇ ਜਿਸ ਨੂੰ ਪੈਸੇ ਮਿਲਦੇ ਹੋਰ ਕੀ ਚਾਹੀਦਾ। ਇਦੋਂ ਸੌਖਾ ਵਪਾਰ ਕੀ ਏ। ਬਾਬਿਆਂ ਹੋਰ ਛਾਲ ਕੱਢ ਮਾਰੀ, ਉਨੀ ਸੰਪਟ ਤੇ ਫਿਰ ਮਹਾਂ ਸੰਪਟ 31-31-51-51 ਹਜਾਰ ਵਾਲੇ ਪਾਠਾਂ ਦੀਆਂ ਝੜੀਆਂ ਲਾ ਦਿੱਤੀਆਂ। ਕੌਮ ਨੇ ਕਦੇ ਸੋਚਿਆ ਅਸੀਂ ਅੱਜ ਖੜੇ ਕਿਥੇ ਹਾਂ? 20 ਸਾਲ ਵੀ ਪਈ ਕੁੱਟ ਨੂੰ ਯਾਦ ਨਹੀਂ ਰੱਖ ਸਕੇ। ਅਗਲਾ ਹਜਾਰਾਂ ਸਾਲਾਂ ਤੋਂ ਰਾਵਣ ਫੂਕੀ ਤੁਰਿਆ ਆ ਰਿਹਾ ਹੈ, ਸਾਡੇ ਨਾਲੋਂ ਤਾਂ ਆਖਿਆ ਜਾਂਦਾ ਡਰੂ ਜਿਹਾ ਬਾਣੀਆਂ ਹੀ ਗੈਰਤ ਵਾਲਾ ਨਿਕਲਿਆ!

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top