Share on Facebook

Main News Page

ਕੌਨ ਕਹਤਾ ਹੈ ਆਸਮਾਂ ਮੇ ਛੇਦ ਨਹੀਂ ਹੋਤਾ

ਕਾਨਪੁਰ ਦੇ ਗਿ: ਪ੍ਰਹਿਲਾਦ ਸਿੰਘ ਜੀ, ਜੋ ਭਾਈ ਭਾਗ ਸਿੰਘ ਜੀ ਅਬਾੰਲਾ ਦੇ ਸਾਥੀ ਸੀ ਤੇ ਦਸਮ ਗ੍ਰੰਥ ਦੇ ਸਿਧਾੰਤਕ ਵਿਰੋਧੀ ਸੀ। ਆਪ ਜੀ ਨੇ ਆਪਣੀ ਸਾਰੀ ਜਿਦੰਗੀ ਅਧਿਐਨ-ਅਧਿਆਪਨ ਵਿਚ ਗੁਜਾਰੀ ਹੈ। ਆਪ ਨੇ ਪੰਥਕ ਤੌਰ ਤੇ ਦਸਮ ਗ੍ਰੰਥ ਬਾਰੇ ਆਪਣੀ ਸਮਰਥਾ ਅਤੇ ਸਾਧਨਾਂ ਨੂੰ ਵਰਤ ਕੇ ਪੰਥ ਦੀ ਬਹੁਤ ਹੀ ਸਲਾਘਾਯੋਗ ਸੇਵਾ ਕੀਤੀ ਹੈ। ਨਾ ਜਾਣੇ ਕਿਤਨਿਆਂ ਨੂੂੰ ਉਨ੍ਹਾਂ ਨੇ ਆਪਣੇ ਜੀਵਨ ਵਿਚ ਗੁਰੂ ਨਾਲ ਜੋੜਿਆ ਸੀ। ਆਪ ਜੀ ਦਾ ਮਿਤੀ 25-03-2011 ਨੂੰ ਅਕਾਲ ਚਲਾਣਾ ਹੋ ਗਿਆ ਸੀ, ਤੇ ਮੈਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਤੇ ਵੀ ਜਾਣ ਦਾ ਮੌਕਾ ਮਿਲਿਆ। ਜਿਥੇ ਸ਼ਹਿਰ ਦੀ ਸਾਰੀ ਹੀ ਸੰਗਤ ਪੁਜੀ। ਉਨ੍ਹਾਂ ਵਿਚ ਸਿੰਘ ਸਭਾਵਾਂ ਦੇ ਵੀ ਨੁਮਾਇਂਦੇ ਸ਼ਾਮਿਲ ਸਨ, ਤੇ ਗਿਆਨੀ ਜੀ ਨਾਲ ਹਿੱਤ ਰਖਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਮੌਜੂਦ ਸਨ। ਅਸੀਂ ਸਾਰੇ ਹੀ ਉਥੇ ਪੰਥਕ ਦੁਖ ਵਿੱਚ ਖਲੋਤੇ ਪੰਥਕ ਵਿਚਾਰ ਸਾਂਝੇ ਕਰਕੇ ਕੌਮ ਦੀ ਚੜ੍ਹਦੀ ਕਲਾ ਦੀ ਵਿਚਾਰਾਂ ਕਰ ਰਹੇ ਸੀ । ਸਾਡੇ ਸਾਰਿਆਂ ਦੇ ਅਜ਼ੀਜ਼ ਇੱਕ ਵੀਰ ਇੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਕੁੱਛ ਦਿਨ ਪਹਿਲਾਂ ਹੀ ਖਾਲਸਾ ਸਕੂਲ ਵਿੱਚ ਮੈਨੇਜਰ ਵਜੋਂ ਸੇਵਾ ਕਰਣੀ ਅਰੰਭੀ ਹੈ। ਉਨ੍ਹਾਂ ਦੇ ਸ਼ਾਮਿਲ ਹੋ ਜਾਣ ਨਾਲ ਸਾਡਾ ਵਿਸ਼ਾ ਖਾਲਸਾ ਸਕੂਲਾਂ ਦੇ ਵਿਦਿਅਕ ਪੱਧਰ ਵੱਲ ਮੁਣ ਜਾਣਾ, ਇੱਕ ਸੁਭਾਵਿਕ ਜਿਹੀ ਗੱਲ ਸੀ ਤੇ ਅਸੀ ਸੰਜੀਦਗੀ ਨਾਲ ਖਾਲਸਾ ਸਕੂਲਾਂ ਦਾ ਆਪਣੇ ਮਿਸ਼ਨ ਤੋਂ ਅਸਫਲ ਹੋ ਜਾਣ ਬਾਰੇ ਚਰਚਾ ਕਰਣ ਲੱਗ ਪਏ।

ਸਾਡੀਆਂ ਵਿਚਾਰਾਂ ਨੂੰ ਸੁਣ ਕੇ ਗਿਆਨੀ ਜੀ ਦੇ ਇਕ ਰਿਸ਼ਤੇਦਾਰ ਜੋ ਡਿਫੈਂਸ ਸਰਵਿਸੇਜ ਤੋਂ ਰਿਟਾਇਰ ਸੀ ਤੇ ਦਿੱਲੀ ਤੋ ਆਏ ਸਨ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਤੇ ਦਿੱਲੀ ਦੇ ਪੰਥਕ ਸਕੂਲਾਂ ਦਾ ਹਵਾਲਾ ਦੇਂਦੇ ਹੋਏ ਕੋਮ ਦੀ ਮਾਨਸਿਕ ਹਾਲਤ ਬਾਰੇ ਦਸਦੇ ਹੋਏ ਆਪਵਾ ਪ੍ਰਤਿਕਰਮ ਪੇਸ਼ ਕਰਦੇ ਹੋਏ ਆਖਦੇ ਕਿ ਉਸ ਕੌਮ ਦਾ ਕੀ ਹੋਵੇਗਾ ਜਿਥੇਂ ਸਕੂਟਰ ਚਲਾਣ ਵਾਲੇ ਡਰਾਇਵਰਾਂ ਨੂੰ ਆਪਣੇ ਰਾਜਨੀਤਕ ਸਵਾਰਥਾਂ ਦੀ ਪੂਰਤੀ ਲਈ ਪੰਥਕ ਅਕਵਾਣ ਵਾਲੇ ਅਖੋਤੀ ਨੇਤੇ ਛੇਅਰ ਪਰਸਨ ਬਣਾ ਦੇਂਦੇ ਹਨ।ਵੀਰ ਇੰਦਰਪਾਲ ਸਿੰਘ ਜੀ ਕੋਲ ਵੀ ਸਾਡੇ ਇਨ੍ਹਾਂ ਸਵਾਲਾਂ ਦਾ ਕੋਈ ਢੁੱਕਵਾਂ ਜਵਾਬ ਨਹੀਂ ਸੀ ਕਿ ਉਹ ਖਾਲਸਾ ਸਕੂਲਾਂ ਨੂੰ ਚੜਦੀ ਕਲਾਂ ਵੱਲ ਕਿਵੇਂ ਲੈ ਜਾਣ। ਉਸਦਾ ਕਾਰਣ ਵੀ ਸਪਸ਼ਟ ਤੇ ਸਿੱਧਾ ਜਿਹਾ ਸੀ, ਕਿ ਉਨ੍ਹਾਂ ਦੇ ਅੰਦਰੋ ਕਿ ਧੁਰ ਅੰਦਰੋ ਹੀ ਇਹ ਵਿਚਾਰ ਮੁੱਕ ਚੁਕੀ ਹੈ, ਕਿ ਖਾਲਸਾ ਸਕੂਲ ਸਾਡੇ ਪੰਥਕ ਚੜਦੀ ਕਲਾਂ ਵਿਚ ਕਿਵੇਂ ਸਹਾਈ ਹੋਣਗੇ। ਉਨ੍ਹਾਂ ਕੋਲ ਕੋਈ ਵੀ ਪੰਥਕ ਵਿਚਾਰ ਨਹੀਂ। ਕਾਰਣ ਬਿਲਕੁਲ ਸਪਸ਼ਟ ਹੈ, ਕਿ ਉਨ੍ਹਾਂ ਨੇ ਸਦਾ ਹੀ ਵਿਚਾਰ ਨੂੰ ਮੁੱਖ ਰਖਿਆ, ਕਿ ਅਸੀਂ ਸਕੂਲ ਨੂੰ ਅੱਗੇ ਕਿਵੇਂ ਵਧਣਾ ਹੈ, ਲੇਕਿਨ ਉਨ੍ਹਾਂ ਨੇ ਕਦੀ ਵੀ ਇਹ ਸੋਚਣ ਦੀ ਜੁਗਤ ਹੀ ਨਹੀਂ ਕੀਤੀ, ਕਿ ਸਕੂਲ ਨਾਲ ਕੌਮ ਨੂੰ ਕਿਵੇਂ ਅਗੇ ਵੱਧਣਾ ਹੈ। ਇਹ ਹਾਲਤ ਕੇਵਲ ਇੱਕ ਸਕੂਲ ਦੀ ਨਹੀਂ ਹੈ। ਇਹ ਤੇ ਕੇਵਲ ਇਕ ਉਦਾਹਰਣ ਹੈ, ਸਾਡੇ ਕੌਮੀ ਹਾਲਾਤਾਂ ਦਾ ਜੋ ਸਾਰੇ ਪਾਸੇ ਇਕੋ ਜਿਹੇ ਹੀ ਹਨ। ਜੋ ਅੱਜ ਤੋ ਨਹੀਂ ਪਿਛਲੇ ਕਈ ਦਹਾਕਿਆਂ ਤੋਂ ਇਕੋ ਜਿਹੇ ਚਲੇ ਆ ਰਹੇ ਹਨ।

ਇਹ ਹਾਲ ਪੰਥ ਦੀ ਇਕ ਸੰਸਥਾ ਜਾ ਸਕੂਲਾਂ ਦਾ ਹੀ ਨਹੀਂ ਸਗੋਂ ਪੰਥ ਦੀਆਂ ਸਾਰਿਆਂ ਹੀ ਸੰਸਥਾਵਾਂ ਦਾ ਇਹ ਹਾਲ ਹੈ, ਕਿ ਕੋਈ ਨਹੀਂ ਜਾਣਦਾ ਕਿ ਪੰਥ ਦੀ ਚੜਦੀ ਕਲਾ ਲਈ, ਸਾਡੀਆਂ ਪੰਥਕ ਸੰਸਥਾਵਾਂ ਨੇ ਆਪਣਾ ਕੀ ਰੋਲ ਨਿਭਾਣਾ ਹੈ। ਇਥੇਂ ਗਾਲਿਬ ਦੀ ਇਹ ਤੁਕਾਂ ਬਿਲਕੁਲ ਢੁੱਕਦੀਆਂ ਹਨ:

ਗੁਲਸਿਤਾ ਬਰਬਾਦ ਕਰਨੇ ਕੋ ਏਕ ਹੀ ਉਲੂ ਕਾਫੀ ਹੈ
ਹਾਲ ਏ ਗੁਲਸਿਤਾ ਕਿਆ ਹੋਗਾ ਹਰ ਸ਼ਾਖ ਪੇ ਉਲੂ ਬੈਠਾ ਹੈ

ਮੈਕਾਲਿਫ ਨੇ ਸਿੱਖ ਹਿਸੱਟਰੀ ਵਿਚ ਸਿੱਖਾਂ ਦੇ ਹਾਲਾਤਾਂ ਬਾਰੇ ਇਹ ਲਿਖਿਆ ਸੀ, ਕਿ ਸਿੱਖਾਂ ਨੂੰ ਹਿੰਦੂ ਰੂਪੀ ਅਜਗਰ ਲਗਾਤਾਰ ਨਿਗਲਦਾ ਜਾ ਰਿਹਾ ਹੈ। ਇਸੇ ਸੰਦਰਭ ਵਿੱਚ ਕੁਲਬੀਰ ਸਿੰਘ ਜੀ ਕੌੜਾ ਨੇ ਇੱਕ ਪੁਸਤਕ ਹੀ ਲਿਖ ਦਿੱਤੀ ਕਿ ਸਿੱਖ ਵੀ ਨਿਗਲਿਆ ਗਿਆ। ਜਿਸ ਨੇ ਪੰਥ ਦੇ ਵਿਚਾਰਵਾਨਾਂ ਦੇ ਸੋਚਣ ਦੇ ਨਜਰੀਏ ਨੂੰ ਹੀ ਬਦਲ ਦਿੱਤਾ। ਇਸ ਪੁਸਤਕ ਦੇ ਆਲੋਚਕਾਂ ਨੇ ਇਸ ਨੂੰ ਲੇਖਕ ਦੀ ਨਕਰਾਤਮਕ ਸੋਚ ਦਾ ਹੀ ਪ੍ਰਗਟਾਵਾ ਹੀ ਦੱਸਿਆ। ਲੇਕਿਨ ਉਨ੍ਹਾਂ ਵਲੋਂ ਚੁਕਿਆ ਸਵਾਲ ਜੋ ਮੈ.ਏ. ਮੈਕਾਲਿਫ ਨੇ ਅੱਜ ਤੋਂ ਲਗਭਗ ਸੌ ਸਾਲ ਤੋਂ ਵੀ ਪਹਿਲਾਂ ਚੁਕਿਆ ਸੀ, ਅੱਜ ਦੇ ਹਾਲਾਤਾਂ ਵਿੱਚ ਬਿਲਕੁਲ ਠੀਕ ਤੇ ਵਾਜਿਬ ਜਾਪਦਾ ਹੈ। ਅੱਜ ਸਾਡੇ ਪੰਥਕ ਹਲਾਤ ਇਸ ਕੱਧਰ ਦੇ ਭਿਆਨਕ ਹੋ ਗਏ ਹਨ ਕਿ ਸਾਡੀ ਕੋਈ ਵੀ ਸੰਸਥਾ ਪੰਥਕ ਹਿਤਾਂ ਦੀ ਪੂਰਤੀ ਕਰਣ ਵਿਚ ਸਮਰੱਥ ਨਹੀਂ ਦਿੱਸਦੀ ਹੈ।

ਇਸਦਾ ਕਾਰਣ ਜੋ ਸਿੱਧੇ ਤੋਰ ਤੇ ਸਾਫ ਪ੍ਰਤੀਤ ਹੁੰਦਾ ਹੈ, ਉਹ ਅੱਜ ਦੀ ਸਾਡੀ ਵਿਚਾਰਧਾਰਾ ਤੋ ਗਿਰੀ ਹੋਈ ਰਾਜਨੀਤੀ ਹੈ। ਠੀਕ ਹੈ ਅੱਜ ਅਸੀ ਰਾਜਨੀਤਿਕ ਪੱਧਰ ਤੇ ਨਿਚਲੇ ਪਾਸੇ ਆ ਗਏ ਹਾਂ ਤੇ ਇਸ ਤੋ ਘਬਰਾ ਕੇ ਅਸੀਂ ਰਾਜਨੀਤਕ ਪਖ ਬਾਰੇ ਸੋਚਣਾ ਵੀ ਲਗਭਗ ਬੰਦ ਹੀ ਕਰ ਦਿੱਤਾ ਹੈ। ਅੱਜ ਸਾਨੂੰ ਲੋੜ ਹੈ ਪੀਰੀ ਦੀ ਵਿਚਾਰ ਦੇ ਹੇਠਾਂ ਆ ਕੇ ਆਪਣਿਆਂ ਪੰਥਕ ਸੰਸਥਾਵਾਂ ਨੂੰ ਕੌਮ ਦੀ ਚੜਦੀ ਕਲਾਂ ਲਈ ਮੀਰੀ ਦੇ ਸਿਧਾੰਤ ਮੁਤਾਬਿਕ ਵੱਡੇ ਨਤੀਜੇ ਕੱਢਨ ਵਾਲੇ ਪ੍ਰੋਜੇਕਟ ਬਣਾ ਕੇ ਸਾਰੇ ਸੰਸਾਰ ਵਿਚ ਸਿੱਖੀ ਦੇ ਸਿਧਾਂਤ ਨੂੰ ਕਾਇਮ ਕਰਣ ਲਈ ਕੰਮ ਕੀਤਾ ਜਾਵੇਂ। ਇਨ੍ਹਾਂ ਟੀਚਿਆਂ ਦੀ ਪੂਰਤੀ ਲਈ ਸਾਨੂੰ ਅੱਜ ਹਿੱਮਤ-ਏ-ਮਰਦਾ ਮਰਦੇ ਖੁਦਾ ਦੀ ਕਹਾਵਤ ਮੁਤਾਬਿਕ, ਆਪਣੇ ਗੁਰੂ ਲਈ ਸਮਰਪਿਤ ਹੋ ਕੇ ਪੰਥਕ ਕਾਰਜਾਂ ਨੂੰ ਕਰਣ ਲਈ ਜੰਗ ਜੂ ਹੋਣਾ ਪਵੇਗਾ ਤੇ ਜਲਦੀ ਹੀ ਅਸੀਂ ਸਾਰੀ ਦੁਨਿਆ ਵਿੱਚ ਕੇਸਰੀ ਨਿਸ਼ਾਨ ਝੁਲਾਉਣ ਵਿੱਚ ਕਾਮਯਾਬ ਹੋਵਾਂਗੇ।ਫਿਰ ਸਾਨੂੰ ਵੇਖ ਕੇ ਲੋਕ ਇਹ ਹੀ ਆਖਣਗੇ

ਕੌਨ ਕਹਿਤਾ ਹੈ ਕਿ ਆਸਮਾਂ ਮੇ ਛੇਦ ਨਹੀਂ ਹੋਤਾ
ਬਸ! ਜਰੂਰਤ ਹੈ ਸ਼ਿਦੱਤ ਸੇ ਪੱਥਰ ਫੇਕਨੇ ਕੀ

ਅੱਜ ਲੋੜ ਹੈ ਸਾਨੂੰ ਇਕ ਜੁਟ ਹੋ ਕੇ ਨਵੇਂ ਪ੍ਰੋਜੇਕਟ ਬਣਾ ਕੇ ਸਮਰਪਿਤ ਭਾਵ ਨਾਲ ਕੰਮ ਕਰਣ ਦੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top