Share on Facebook

Main News Page

ਗੁਰੂ ਗ੍ਰੰਥ ਬਨਾਮ ਸਿੱਖ ਰਹਿਤ ਮਰਿਯਾਦਾ

ਸਿੱਖਾਂ ਦਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਇਸ ਲਈ ਸਿੱਖ ਨੇ ਜੋ ਵੀ ਰਹਿਣੀ ਬਹਿਣੀ ਦਾ ਸਵਿਧਾਨ ਤਿਆਰ ਕਰਨਾ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਇਕੱਲੇ ਸਿੱਖਾਂ ਦੇ ਹੀ ਰਹਿਨੁਮਾਂ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਹਨ। ਇਸ ਲਈ ਸਿੱਖ ਨੇ ਜੋ ਵੀ ਵਿਧਾਨ ਘੜਨਾ ਹੈ ਉਹ ਗੁਰੂ ਦੀਆਂ ਸਿਖਿਆਵਾਂ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਗੁਰੂ ਨੇ ਇੱਕ ਸਿੱਖ ਪੰਥ ਦੀ ਸਾਜਨਾ ਕੀਤੀ ਸੀ ਨਾਂ ਕਿ ਵੱਖ ਵੱਖ ਡੇਰੇ ਅਤੇ ਸੰਪ੍ਰਦਾਵਾਂ ਚਲਾਈਆਂ ਸਨ। ਗੁਰੂ ਇੱਕ, ਗੁਰੂ ਦਾ ਪੰਥ ਇੱਕ, ਨਿਸ਼ਾਨ ਇੱਕ ਅਤੇ ਵਿਧਾਨ (ਰਹਿਤ ਮਰਿਯਾਦਾ) ਵੀ ਇੱਕ ਹੈ।

ਅੱਜ ਪੰਥ ਦੀ ਅਧੋਗਤੀ ਹੀ ਸਮਝੀ ਜਾਣੀ ਚਾਹੀਦੀ ਹੈ ਕਿ ਇਸ ਵਿੱਚ ਵੱਖ ਵੱਖ ਸੰਪ੍ਰਦਾਵਾਂ ਅਤੇ ਡੇਰੇ ਪੈਦਾ ਹੋ ਗਏ ਅਤੇ ਹੋ ਰਹੇ ਹਨ। ਉਨ੍ਹਾਂ ਨੇ ਆਪੋ-ਆਪਣੇ ਵਿਧੀ ਵਿਧਾਨ ਵੀ ਬਣਾਏ ਹੋਏ ਹਨ। ਸੰਨ 1932 ਵੇਲੇ ਜਦ ਪੰਥ ਇਕੱਠਾ ਹੋ ਕੇ ਇੱਕ ਰਹਿਤ ਮਰਿਯਾਦਾ ਤਿਆਰ ਕਰ ਰਿਹਾ ਸੀ ਉਸ ਵੇਲੇ ਵੀ ਇਹ ਡੇਰੇਦਾਰ ਅਤੇ ਸੰਪ੍ਰਦਾਈ ਹਾਵੀ ਸਨ। ਇਸ ਕਰਕੇ ਅੱਜ ਜੇ ਸਿੱਖ ਰਹਿਤ ਮਰਿਯਾਦਾ ਵਿੱਚ ਕੁੱਝ ਗੁਰਮਤਿ ਦੇ ਉਲਟ ਦਿਸ ਰਿਹਾ ਹੈ ਤਾਂ ਇਨ੍ਹਾਂ ਭੱਦਰਪੁਰਸ਼ਾਂ ਦੀ ਹੀ ਦੇਣ ਹੈ। ਜਿਵੇਂ ਅੱਜ ਇਨ੍ਹਾਂ ਨਾਨਕਸ਼ਾਹੀ ਕੈਲੰਡਰ ਵਿੱਚ ਸਿੱਧਾ ਦਖਲ ਦੇ ਕੇ ਕੀਤਾ ਹੈ ਓਵੇਂ ਹੀ 1932 ਵਿੱਚ “ਸਿੱਖ ਰਹਿਤ ਮਰਿਯਾਦਾ” ਨਾਲ ਕੀਤਾ ਸੀ। ਅੱਜ ਜੇ ਅਜੋਕੀ ਸਿੱਖ ਰਹਿਤ ਮਰਿਯਾਦਾ ਵਿੱਚ ਵੀ ਥੋਥੇ ਕਰਮਕਾਂਡ ਦਿਸ ਰਹੇ ਹਨ ਤਾਂ ਉਹ ਇਨ੍ਹਾਂ ਦੀ ਹੀ ਦੇਣ ਹਨ।

ਅੱਜ ਮੀਡੀਏ ਕਰਕੇ ਪੰਥ ਕੁੱਝ ਜਾਗ੍ਰਿਤ ਹੋਇਆ ਹੈ ਤਾਂ ਉਸ ਨੂੰ ਇਕੱਠੇ ਹੋ ਕੇ “ਸਿੱਖ ਰਹਿਤ ਮਰਿਯਾਦਾ” ਚੋਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਲਾ ਕੇ ਮਰਿਯਾਦਾ ਵਿੱਚ ਸੋਧ ਕਰ ਲੈਣੀ ਚਾਹੀਦੀ ਹੈ। ਸਮੇਂ ਅਨੁਸਾਰ ਜੋ ਸੰਸਾਰ ਵਿੱਚ ਸਾਰਥਕ ਬਦਲਾਵ ਆਉਂਦੇ ਹਨ ਉਸ ਮੁਤਾਬਕ ਰਹਿਣ-ਸਹਿਣ ਵੀ ਬਦਲਦਾ ਹੈ ਅਤੇ ਮਰਿਯਾਦਾ ਵੀ ਉਹ ਹੋਣੀ ਚਾਹੀਦੀ ਹੈ ਜੋ ਸਮੁੱਚੇ ਸੰਸਾਰ ਵਿੱਚ ਅਪਣਾਈ ਜਾ ਸੱਕੇ। ਉਹ ਕੇਵਲ ਤੇ ਕੇਵਲ ਸਰਬਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ “ਗੁਰੂ ਗ੍ਰੰਥ ਸਾਹਿਬ” ਜੀ ਦੇ ਸਰਬਕਾਲੀ ਸਿਧਾਂਤਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ ਨਾਂ ਕਿ ਡੇਰੇਦਾਰ ਸਾਧਾਂ ਸੰਪ੍ਰਦਾਈਆਂ ਜਾਂ ਕਿਸੇ ਵਿਸ਼ੇਸ਼ ਸੰਤ ਅਨੁਸਾਰ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਖੀ ਮੰਨਣ ਨਾਲ ਸਿੱਖਾਂ ਵਿੱਚ ਏਕਤਾ ਪੈਦਾ ਹੁੰਦੀ ਹੈ ਪਰ ਅੱਜ ਤਾਂ ਹੋਰ ਹੀ ਭਾਣੇ ਵਰਤਾਏ ਜਾ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਨ ਮਰਿਯਾਦਾ ਘਟਾਉਣ ਲਈ ਹੋਰ ਕਈ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਹਨ। ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਇਆ ਜਾ ਰਿਹਾ ਹੈ। ਕਾਸ਼ ਸਿੱਖ ਕਦੋਂ ਸੋਚਣਗੇ ਕਿ “ਗੁਰੂ ਗ੍ਰੰਥ ਸਾਹਿਬ” ਪੂਰਾ ਗੁਰੂ ਹੈ ਅਧੂਰਾ ਨਹੀਂ ਜੇ ਅਧੂਰੇ ਹਾਂ ਤਾਂ ਅਸੀਂ ਹਾਂ ਜੋ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਵਿਸ਼ਵਾਸ਼ ਨਹੀਂ ਕਰਦੇ ਟਪਲੇ ਖਾ ਕੇ ਹੋਰ ਗ੍ਰੰਥਾਂ ਅਤੇ ਸੰਤਾਂ ਦੇ ਵੀ ਮੱਗਰ ਤੁਰੇ ਫਿਰਦੇ ਹਾਂ।

ਆਓ, ਭਲਿਓ ਦੁਬਿਧਾ ਦੂਰ ਕਰਕੇ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਦੇ ਸੱਚੇ ਦਿਲੋਂ ਲੜ ਲੱਗੀਏ ਅਤੇ ਜੋ ਵੀ ਵਿਧੀ ਵਿਧਾਨ ਮਰਿਯਾਦਾ ਬਣਾਈਏ ਉਹ “ਗੁਰੂ ਗ੍ਰੰਥ ਸਾਹਿਬ” ਜੀ ਦੀ ਕਸਵੱਟੀ ਪੂਰੀ ਹੋਵੇ ਨਾਂ ਕਿ ਕਿਸੇ ਡੇਰੇ ਸੰਪ੍ਰਦਾਈ ਸਾਧ ਦੀਆਂ ਮਿਥਿਹਾਸਕ ਸਾਖੀਆਂ ਤੇ। ਗੁਰੂ ਭਲੀ ਕਰੇ ਆਪਾਂ ਸਾਰੇ ਗੁਰੂ ਦੇ ਸਿੱਖ ਸੁਚੇਤ ਹੋਈਏ, ਇਸ ਵਿੱਚ ਹੀ ਸਿੱਖ ਪੰਥ ਦੀ ਚੜ੍ਹਦੀ ਕਲ੍ਹਾ ਦਾ ਰਾਜ ਹੈ।

 ਅਵਤਾਰ ਸਿੰਘ ਮਿਸ਼ਨਰੀ (510 432 5827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top