Share on Facebook

Main News Page


ਦਸਮ ਗ੍ਰੰਥ ਦਾ ਆਕਾਰ ਤੇ ਭੱਵਿਖ ਦੀ ਚੁਨੌਤੀ

ਭਾਈ ਕਾਹਨ ਸਿੰਘ ਜੀ ‘ਨਾਭਾ’ ਮਹਾਨ ਕੋਸ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿਚ ਲਿਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਬੀੜਾਂ ਦਾ ਵੇਰਵਾ ਦੇਂਦੇ ਹਨ। ਪਹਿਲੀ ਬੀੜ ਉਹ, ਜੋ ਭਾਈ ਗੁਰਦਾਸ ਜੀ ਨੇ ਲਿਖੀ ਸੀ, ਦੂਜੀ ਉਹ ਬੀੜ ਜਿਸਦੀ ਜਿੱਲਦ ਭਾਈ ਬੰਨੋ ਨੇ ਤਿਆਰ ਕੀਤੀ ਸੀ। ਪਹਿਲੀ ਬੀੜ ਵਿਚ ਉਨ੍ਹਾਂ ਨੇ ਪੱਤਰੇ ਦੀ ਗਿਣਤੀ 975, ਤੇ ਦੁਸਰੀ ਬੀੜ ਵਿਚ 467 ਪੱਤਰੇ ਦਸੇ ਹਨ। ਇਸ ਤਰ੍ਹਾਂ ਨਾਲ ਤੀਸਰੀ ਬੀੜ ਸਾਹਿਬ ਉਹ ਦੱਸੀ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਿਆਰ ਕਰਵਾਇਆ ਸੀ, ਤੇ ਸੰਮਤ 1818 (1761 ਈ:) ਦੇ ਰੁੱਪਰਹੀੜੇ ਦੇ ਜੰਗ ਵਿੱਚ “ਵੱਡੇ ਘੱਲੂਘਾਰੇ” ਦੇ ਸਮੇਂ ਖਾਲਸਾ ਪੰਥ ਦੇ ਹੱਥੋਂ ਚਲੀ ਗਈ। ਇਸ ਦੇ ਕਈ ਉਤਾਰੇ ਹੋ ਚੁਕੇ ਸਨ।

ਇਸ ਤੋਂ ਇਹ ਗੱਲ ਪੱਕੇ ਤੌਰ ਤੇ ਸਾਬਿਤ ਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਹੱਥ ਲਿਖਤ ਸਰੂਪ ਸਾਹਿਬਾਨ ਦੇ ਸਰੂਪ ਅੰਕਾਂ ਦੀ ਗਿਣਤੀ ਵਿੱਚ ਇੱਕ ਸਮਾਨ ਨਹੀਂ ਸਨ। ਬੀੜਾ ਦਾ ਹੱਥ ਲਿਖਤ ਹੋਣ ਕਾਰਣ ਉਨ੍ਹਾਂ ਦੇ ਪੱਤਰਿਆਂ ਦੀ ਗਿਣਤੀ ਘੱਟ ਵੱਧ ਹੋਣਾ, ਇਕ ਸੁਭਾਵਿਕ ਗੱਲ ਸੀ। ਜਦੋਂ ਮਸ਼ੀਨੀ ਛਾਪੇ ਖਾਨਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਦਾ ਕਾਰਜ ਅਰੰਭ ਹੋਇਆ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਆਕਾਰ ਨਿਸ਼ਚਿਤ ਕੀਤਾ ਗਿਆ ਹੋਵੇਗਾ। ਵੱਖ-ਵੱਖ ਛਾਪੇ ਖਾਨਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕੀਤੀ ਗਈ ਸੇਵਾ ਕਰਕੇ, ਉਨ੍ਹਾਂ ਵਿੱਚ ਵੀ ਕਈ ਵਾਰ ਵੱਖ-ਵੱਖ ਪਤਰਿਆਂ ਤੇ ਬਾਣੀ ਦੀ ਇਕ-ਅੱਧ ਪੰਕਤੀ ਦਾ ਵਧਾ ਘਟਾ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ, ਲੇਕਿਨ ਪੰਥ ਵਿੱਚ ਕਿਸੇ ਤਰੀਕੇ ਦਾ ਵਿਵਾਦ ਜਾਂ ਭਰਮ ਨਾ ਖੜਾ ਹੋਵੇ, ਇਸ ਕਰਕੇ ਛਾਪੇ ਖਾਨੇ ਵਿੱਚ ਛੱਪੇ ਸਾਰੇ ਸਰੂਪਾਂ ਦੀ ਸਮਾਪਤੀ 1430 ਅੰਕ ‘ਤੇ ਹੀ ਹੁੰਦੀ ਹੈ। ਹੁਣ ਛਪ ਰਹੇ ਪਾਵਨ ਸਰੂਪਾਂ ਵਿੱਚ ਐਸੀ ਗੱਲ ਵੇਖਣ ਵਿੱਚ ਨਹੀਂ ਮਿਲਦੀ ਹੈ। ਸਾਰੇ ਤੇ ਸਾਰੇ ਪਾਵਨ ਸਰੂਪ ਅੱਖਰ ਅੱਖਰ ਇਕੋ ਜਿਹੇ ਹੁੰਦੇ ਹਨ, ਤੇ ਸਾਰੇ ਹੀ ਸਰੂਪਾਂ ਦੀ ਸਮਾਪਤੀ 1430 ਪੱਤਰੇ ਤੇ ਹੀ ਹੁੰਦੀ ਹੈ।

ਦੂਜੇ ਪਾਸੇ ਦਸਮ ਗ੍ਰੰਥ ਦਾ ਵੀ ਆਕਾਰ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੂਜਾ ਗ੍ਰੰਥ ਤਿਆਰ ਕਰਕੇ, ਸਿੱਖਾਂ ਵਿਚ ਉਨ੍ਹਾਂ ਦੇ ਗੁਰੂ ਦੇ ਸਬੰਧ ਵਿਚ ਭਰਮ ਖੜਾ ਕਰਣ ਦੇ ਮਨੋਰਥ ਨਾਲ, ਹੀ ਪ੍ਰਕਾਸ਼ਕਾਂ ਵਲੋਂ ਇਸ ਦਾ ਵੀ ਅਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਗਭਗ 1428 ਪੱਤਰਿਆ ਦਾ ਹੀ ਤਿਆਰ ਕੀਤਾ ਗਿਆ ਹੈ। ਡਾ: ਰਤਨ ਸਿੰਘ ਜੱਗੀ ਆਪਣੀ ਸੰਪਾਦਿਤ ਪੁਸਤਕ “ਦਸਮ ਗ੍ਰੰਥ ਦਾ ਬਾਣੀ ਬਿਉਰਾ” ਵਿੱਚ ਦਸਮ ਗ੍ਰੰਥ ਦੇ ਸਬੰਧ ਵਿਚ ਲਿਖਦੇ ਹਨ, “ਸਿੱਖ ਧਰਮ ਦੇ ਵਿਦਵਾਨਾਂ ਵਿੱਚ ਇਸ ਗ੍ਰੰਥ ਸਬੰਧੀ ਪਰਸਪਰ ਵਿਰੋਧੀ ਵਿਵਾਦ ਇਸ ਦੇ ਸਕੰਲਨ-ਕਾਲ ਤੋਂ ਹੀ ਚਲ ਪਿਆ ਸੀ, ਜੋ ਅੱਜ ਤਕ ਚੱਲ ਰਿਹਾ ਹੈ। ਕੁੱਝ ਵਿਦਵਾਨ ਇਸ ਸੰਪੂਰਣ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ, ਅਤੇ ਕੁਝ ਵਿਦਵਾਨਾਂ ਅਨੁਸਾਰ ਇਸ ਵਿਚ ਬਹੁਤ ਥੋੜਾ ਅੰਸ਼ ਗੁਰੂ ਜੀ ਦਾ ਆਪਣਾ ਲਿਖਿਆ ਹੋਇਆ ਹੈ, ਬਾਕੀ ਹਿੱਸਾ ਦਰਬਾਰੀ ਕਵੀਆਂ ਦੀ ਰਚਨਾ ਮਾਤਰ ਹੈ।

ਉਨ੍ਹਾਂ ਦੀ ਇਹ ਵਿਚਾਰ 100% ਵਾਜਿਬ ਹੈ। ਇਸ ਵਿਚਾਰ ਦਾ ਮੁਖ ਬਿੰਦੂ ਹੈ, ਕੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਉਚਾਰੀ ਬਾਣੀ ਹੈ? ਦਸਮ ਗ੍ਰੰਥ ਦੇ ਸਬੰਧ ਵਿਚ ਵਿਵਾਦ ਇਸ ਦੀ ਰਚਨਾ ਦੇ ਸਮੇ ਤੋਂ ਹੀ ਚਲ ਪਿਆ ਸੀ, ਤੇ ਸਾਰੇ ਪੰਥ ਨੇ ਕਦੀ ਵੀ ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਰਚਿਆ ਨਹੀਂ ਮਨਿਆ ਹੈ। ਕੁੱਝ ਲੋਕ ਇਸ ਦੀਆਂ ਕੁੱਝ ਬਾਣਿਆਂ ਨੂੰ ਗੁਰੂ ਕ੍ਰਿਤ ਮੰਨਦੇ ਨੇ ਤੇ ਕੁੱਝ ਲੋਕ ਇਸ ਦੀਆਂ ਕੁੱਝ ਹੋਰ ਬਾਣਿਆਂ ਨੂੰ ਗੁਰੂ ਕ੍ਰਿਤ ਮੰਨ ਕੇ, ਵਿਵਾਦ ਕਰਦੇ ਹਨ। ਕਾਫੀ ਸੰਗਤ ਇਸ ਵਿਚਾਰ ਨਾਲ ਵੀ ਸਹਿਮਤ ਹੈ ਕਿ ਸੰਪੂਰਣ ਦਸਮ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਨੇ ਰਚਿਆ, ਤੇ ਇਸ ਤਰ੍ਹਾਂ ਦੇ ਵਿਚਾਰ ਰਖਣ ਵਾਲੇ ਵਿਦਵਾਨਾਂ ਦਾ ਵੀ ਕੋਈ ਘਾਟਾ ਨਹੀਂ, ਜੋ ਸਾਰੇ ਦੇ ਸਾਰੇ ਦਸਮ ਗ੍ਰੰਥ ਨੂੰ ਹੀ ਗੁਰੂ ਦੀ ਰਚਨਾ ਮੰਨਣ ਤੋ ਇਨਕਾਰ ਕਰਦੇ ਹਨ। ਇਹ ਗੱਲ ਬੜੀ ਹੀ ਵਿਚਾਰ ਜੋਗ ਹੈ, ਕਿ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣ ਵਾਲਿਆਂ ਦੀ ਗਿਣਤੀ ਬਥੇਰੀ ਐਸੀ ਹੈ, ਜਿਨ੍ਹਾਂ ਨੇ ਅੱਜ ਤੱਕ ਦਸਮ ਗ੍ਰੰਥ ਪੜਨਾ ਤੇ ਦੂਰ, ਦਸਮ ਗ੍ਰੰਥ ਨੂੰ ਵੇਖਿਆ ਤੱਕ ਵੀ ਨਹੀਂ ਹੈ। ਦੂਜੇ ਪਾਸੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਾ ਮੰਨਣ ਵਾਲੇ ਵਿਦਵਾਨਾਂ ਨੇ, ਦਸਮ ਗ੍ਰੰਥ ਦੀਆਂ ਅੰਦਰਲਿਆਂ ਰਚਨਾਵਾਂ ਨੂੰ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾੰਤ ਤੇ ਹੀ ਪਰਖ ਕੇ ਆਪਣੇ ਨਤੀਜੇ ਕੱਢੇ ਹਨ।

ਜਿਸ ਤਰ੍ਹਾਂ ਇਹ ਗ੍ਰੰਥ ਵਿਵਾਦ ਦਾ ਵਿਸ਼ਾ ਰਿਹਾ ਹੈ, ਠੀਕ ਉਸੀ ਤਰ੍ਹਾਂ ਨਾਲ ਇਸ ਦਾ ਸਰੂਪ ਵੀ ਸਦਾ ਵਿਵਾਦਿਤ ਰਿਹਾ ਹੈ। ਇਸ ਦਾ ਮੁਖ ਕਾਰਣ ਇਸਦਾ ਆਕਾਰ ਹੈ। ਸਿੱਖ ਮਿਸ਼ਨਰੀ ਕਾਲੇਜ ਵਲੋਂ ਪ੍ਰਕਾਸ਼ਿਤ ਪੁਸਤਕ ‘ਦਸਮ ਗ੍ਰੰਥ ਦੀ ਸੰਖੇਪ ਜਾਣਕਾਰੀ’ ਵਿੱਚ ਦਿੱਤਾ ਹੈ, “ਦਸਮ ਗ੍ਰੰਥ ਦੀਆਂ ਪ੍ਰਾਚੀਨ ਬੀੜਾਂ ਵਿੱਚ ਬੀੜਾਂ ਦੀ ਤਰਤੀਬ ਅਤੇ ਗਿਣਤੀ ਇੱਕ ਸਮਾਨ ਨਹੀਂ ਹੈ। ਹੁਣ ਜੋ ਮੌਜੂਦਾ ਛਪਿਆ ਹੋਇਆ ਦਸਮ ਗ੍ਰੰਥ ਮਿਲਦਾ ਹੈ, ਉਸਦੇ 1428 ਪੰਨੇ ਹਨ।” ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੇਕਲੀ ਗੁਰੂ ਹਸਤੀ ਨੂੰ ਚੁਨੌਤੀ ਦੇਣ ਲਈ ਕਾਫੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੇ 1430 ਅੰਕ (ਪੇਜ) ਹਨ ਤੇ ਹੁਣ ਛੱਪ ਰਹੇ ਦਸਮ ਗ੍ਰੰਥ ਦੇ 1428 ਪੇਜ ਹਨ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕਾਂ ਤੋਂ ਸਿਰਫ 2 ਪੇਜ (1 ਪੰਨਾ) ਹੀ ਘੱਟ ਹਨ। ਜੋ ਆਮ ਘੱਟ ਪੜੇ ਲਿਖੇ ਜਾਂ ਅਨਪੜ ਸਿੱਖਾਂ ਵਿੱਚ ਭਰਮ ਪਾਉਣ ਦਾ ਹੀ ਉਪਰਾਲਾ ਸਾਬਿਤ ਹੋਵੇਗਾ। ਜਿਸ ਦਾ ਸਿੱਧਾ ਜਿਹਾ ਕਾਰਣ ਸਿੱਖਾਂ ਵਿੱਚ ਵੱਧ ਰਹੀ ਧਾਰਮਿਕ ਪੱਧਰ ਦੀ ਅਵਿਦਿਆ ਹੈ। ਅੱਜ ਸਿੱਖ ਗੁਰਬਾਣੀ ਅਤੇ ਧਾਰਮਿਕ ਸਾਹਿਤ ਦੇ ਪਠਨ ਪਾਠਨ ਵਿੱਚ ਬਿਲਕੁਲ ਅਵੇਸਲੇ ਹੁੰਦੇ ਜਾ ਰਹੇ ਹਨ। ਜੋ ਗੁਰਸਿੱਖ ਧਾਰਮਿਕ ਸਾਹਿਤ ਅਤੇ ਗੁਰਬਾਣੀ ਦੇ ਪੜਨ ਵਿਚ ਰੁਚੀ ਰੱਖਦੇ ਹਨ, ਉਨ੍ਹਾਂ ਦੀ ਗਿਣਤੀ ਸਿੱਖਾਂ ਵਿੱਚ ਹੀ ਬਹੁਤ ਥੋੜੀ ਹੁੰਦੀ ਜਾ ਰਹੀ ਹੈ। ਸੰਸਾਰ ਪਧਰ ਤੇ ਵੈਸੇ ਵੀ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਤੋਂ ਥੋੜੀ ਹੈ। ਇਸ ਕਰਕੇ ਗੁਰਬਾਣੀ ਸਾਹਿਤ ਵੱਲ ਧਿਆਨ ਦੇਣ ਵਾਲਿਆਂ ਦੀ ਗਿਣਤੀ ਸੰਸਾਰ ਪੱਧਰ ਤੇ ਨਾ ਦੇ ਬਰਾਬਰ ਹੀ ਹੈ। ਸਿੱਖਾਂ ਵਿਚ ਤੇਜੀ ਨਾਲ ਵੱਧ ਰਹੀ ਧਾਰਮਿਕ ਅਵਿਦਿਆ ਵੀ ਜੰਗਲ ਦੀ ਅੱਗ ਵਿੱਚ ਹਵਾ ਦਾ ਹੀ ਕੰਮ ਕਰ ਰਹੀ ਹੈ। ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਦਸਮ ਗ੍ਰੰਥ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਆਕਾਰ ਆਮ ਸੰਗਤ ਵਿਚ ਨਿਰਾ ਭੁਲੇਖਾ ਖੜਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੇਕਲੀ ਗੁਰੂ ਹਸਤੀ ਨੂੰ ਚੁਨੌਤੀ ਹੀ ਦੇਵੇਗਾ।

ਮਨਮੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top