Share on Facebook

Main News Page

ੴ ਸਤਿ ਗੁਰ ਪ੍ਰਸਾਦਿ

ਸਿੱਖ ਦੀ ਜੀਵਨ ਜਾਚ (ਰਹਿਤ ਮਰਯਾਦਾ)

ਇਸ ਜੀਵਨ ਜਾਚ ਨੂੰ ਨਿਰਧਾਰਤ ਕਰਨ ਲਗਿਆਂ, ਸਭ ਤੋਂ ਪਹਿਲਾਂ ਸਾਨੂੰ ਸਿੱਖ ਦੀ ਪਰਿਭਾਸ਼ਾ, ਸਿੱਖ ਕੌਣ ਹੁੰਦਾ ਹੈ ? ਨਿਧਾਰਤ ਕਰਨ ਦੀ ਲੋੜ ਹੈ। ਦੁਨਿਆਵੀ ਬੋਲੀ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚਲਣ ਵਾਲੇ ਨੂੰ ਸਿੱਖ ਕਿਹਾ ਜਾਂਦਾ ਹੈ। ਜਦ ਅਸੀਂ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਛਦੇ ਹਾਂ ਤਾਂ ਉਹ ਸੇਧ ਦਿੰਦੇ ਹਨ,

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ॥1॥ (601-2)

ਏਸੇ ਸ਼ਬਦ ਵਿਚ ਅੱਗੇ ਲਿਖਿਆ ਹੈ,

ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ॥2॥

ਜੇਹੜੇ ਮਨੁੱਖ ਗੁਰ ਸ਼ਬਦ ਨੂੰ ਨਹੀਂ ਸਮਝਦੇ, ਆਪਣੀ ਮਨਮਤਿ ਅਨੁਸਾਰ ਹੀ ਕਰਮ ਕਰਦੇ ਹਨ, ਉਹ ਮੁੜ-ਮੁੜ ਕੇ ਮਰ-ਮਰ ਕੇ ਜੰਮਦੇ ਰਹਿੰਦੇ ਹਨ। ਗੁਰੁ ਗ੍ਰੰਥ ਸਾਹਿਬ ਜੀ ਅਨੁਸਾਰ, ਮਨੁਖਾ ਜਨਮ ਦਾ ਮਕਸਦ, ਪਰਮਾਤਮਾ ਨਾਲ ਮਿਲਾਪ ਹਾਸਲ ਕਰਨਾ ਹੈ, ਜਿਸ ਬਾਰੇ ਗੁਰਬਾਣੀ ਫੁਰਮਾਨ ਹੈ,

ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥ ਘਟ ਭੀਤਰਿ ਤੂ ਦੇਖੁ ਬਿਚਾਰਿ॥ ਕਹਤ ਕਬੀਰੁ ਜੀਤਿ ਕੈ ਹਾਰਿ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ॥5॥ (1159)

ਇਸ ਤਰ੍ਹਾਂ ਸਾਡੀ ਜੀਵਨ ਜਾਚ (ਰਹਿਤ ਮਰਯਾਦਾ) ਗੁਰੂ ਗ੍ਰੰਥ ਸਾਹਿਬ ਅਨੁਸਾਰੀ ਹੀ ਹੋਣੀ ਚਾਹੀਦੀ ਹੈ, ਤਾਂ ਜੋ ਅਸੀਂ ਇਹ ਜੀਵਨ ਖੇਡ, ਜਿੱਤ ਕੇ ਜਾਈਏ, ਹਾਰ ਕੇ ਨਹੀਂ। ਏਥੇ ਇਕ ਗੱਲ ਹੋਰ ਵਿਚਾਰਨੀ ਜ਼ਰੂਰੀ ਹੈ ਕਿ ਅਸੀਂ ਜੋ ਵੀ ਦੁਨਿਆਵੀ ਕਰਮ ਕਰਦੇ ਹਾਂ, ਉਹ ਸਿਰਫ ਸਰੀਰ ਪਾਲਣ ਦੇ ਸਾਧਨ ਵਜੋਂ ਹਨ। ਸਰੀਰ ਦੀ ਸਾਂਭ-ਸੰਭਾਲ ਵੀ ਬਹੁਤ ਜ਼ਰੂਰੀ ਹੈ, ਪਰ ਇਹ ਖਿਆਲ ਰਖਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ ਕਿ ਸਰੀਰ ਪਾਲਣਾ ਹੀ ਸਾਡਾ ਟੀਚਾ ਨਹੀਂ ਹੈ। ਸਾਡਾ ਟੀਚਾ, ਸਮਾਜ ਨੂੰ ਬਹੁਤ ਸੁਖਾਵਾਂ ਬਣਾ ਕੇ, ਉਸ ਰਾਹੀਂ ਪਰਮਾਤਮਾ ਨਾਲ ਮਿਲਾਪ ਕਰਨਾ ਹੈ। ਸਰੀਰ ਉਸ ਟੀਚੇ ਦੀ ਪਰਾਪਤੀ ਦਾ ਇਕ ਸਾਧਨ ਮਾਤ੍ਰ ਹੀ ਹੈ, ਅਤੇ ਰਹਿਤ-ਮਰਯਾਦਾ ਸਰੀਰ ਦੇ ਕਰਮਾਂ ਦਾ ਲੇਖਾ-ਜੋਖਾ ਹੀ ਹੁੰਦਾ ਹੈ। ਜੇ ਉਹ ਗੁਰਬਾਣੀ ਤੇ ਆਧਾਰਿਤ ਨਾ ਹੋਵੇ ਤਾਂ ਉਹ ਖਾਲੀ ਕਰਮ-ਕਾਂਡਾਂ ਦਾ ਪੁਲੰਦਾ ਮਾਤ੍ਰ ਹੀ ਹੋ ਕੇ ਰਹਿ ਜਾਂਦੀ ਹੈ। ਮਿਸਾਲ ਵਜੋਂ ਆਪਾਂ ਨਿੱਤ-ਨੇਮ ਦੀ ਹੀ ਗੱਲ ਕਰਦੇ ਹਾਂ।

ਨਿੱਤ-ਨੇਮ ਦਾ ਮਤਲਬ ਹੈ, ਉਹ ਕਰਮ, ਜੋ ਆਪਾਂ ਹਰ ਰੋਜ਼, ਬਿਲਾ-ਨਾਗਾ ਕਰਨੇ ਹਨ। ਗਰਬਾਣੀ ਅਨੁਸਾਰ ਉਹ ਕਰਮ, “ਹੁਕਮਿ ਰਜਾਈ ਚਲਣਾ” ਅਰਥਾਤ ਰਜ਼ਾ ਦੇ ਮਾਲਕ, ਪ੍ਰਭੂ ਦੇ ਹੁਕਮ ਵਿਚ ਚਲਣਾ ਹੈ। ਹੁਕਮ ਕੀ ਹੈ? ਇਸ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ?

ਇਸ ਨੂੰ ਸਮਝਣ ਲਈ ਗੁਰਬਾਣੀ ਦੀਆਂ ਦੋ ਤੁਕਾਂ ਸਮਝਣੀਆਂ ਪੈਣਗੀਆਂ,

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥2॥

ਜਿਹੜਾ ਬੰਦਾ ਉਸ ਪ੍ਰਭੂ ਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਕਦੇ ਵੀ ਹਉਮੈ ਦੀ ਗੱਲ ਨਹੀਂ ਕਰਦਾ। ਅਤੇ ਹੁਕਮ ਨੂੰ ਬੁਝਿਆ ਕਿਵੇਂ ਜਾ ਸਕਦਾ ਹੈ?

ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥7॥ (223)

ਅਰਥਾਤ ਸ਼ਬਦ ਗੁਰੂ ਦੀ ਉਹ ਸੇਵਾ, ਜਿਸ ਨਾਲ ਬੰਦੇ ਵਿਚੋਂ ਹਉਮੈ ਮਰ ਜਾਂਦੀ ਹੈ, ਉਹ ਸ਼ਬਦ ਦੀ ਵਿਚਾਰ ਕਰਨਾ ਹੀ ਹੈ। ਯਾਨੀ ਸ਼ਬਦ ਦੀ ਵਿਚਾਰ ਨਾਲ, ਹੁਕਮ ਬਾਰੇ ਸੋਝੀ ਹੁੰਦੀ ਹੈ, ਅਤੇ ਹੁਕਮ ਬਾਰੇ ਸੋਝੀ ਹੋਣ ਨਾਲ ਬੰਦੇ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ, ਜੋ ਪਰਮਾਤਮਾ ਨੂੰ ਮਿਲਣ ਦਾ ਇਕੋ-ਇਕ ਵਸੀਲਾ ਹੈ, ਇਸ ਨੂੰ ਗੁਰਬਾਣੀ ਇਵੇਂ ਵੀ ਸਮਝਾਉਂਦੀ ਹੈ,

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ (560)

ਹਉਮੈ ਅਤੇ ਨਾਮ ਦਾ, ਪਰਮਾਤਮਾ ਦੀ ਰਜ਼ਾ, ਪ੍ਰਭੂ ਦੇ ਹੁਕਮ ਦਾ ਆਪਸ ਵਿਚ ਏਨਾ ਵਿਰੋਧ, ਏਨੀ ਦੁਸ਼ਮਣੀ ਹੈ ਕਿ ਦੋਵੇਂ ਇਕ ਥਾਂ ਨਹੀਂ ਰਹਿ ਸਕਦੇ। ਜੇ ਮਨ ਵਿਚ ਹਉਮੈ ਹੈ ਤਾਂ ਕਰਤਾਰ ਦਾ ਹੁਕਮ ਮੰਨਣ ਦੀ ਗੱਲ ਕਿੱਥੇ? ਜੇ ਮਨ ਵਿਚ ਪਰਭੂ ਦਾ ਹੁਕਮ ਮੰਨਣ ਦੀ ਚਾਹ ਹੈ ਤਾਂ, ਉਸ ਵਿਚ ਹਉਮੈ ਦਾ ਕੀ ਕੰਮ?

ਇਸ ਵਿਚਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ, ਸ਼ਬਦ ਦੀ ਵਿਚਾਰ ਕਰਨਾ ਹੀ ਹੈ। (ਸਤਿਕਾਰ ਵਜੋਂ ਕੁਝ ਬਹੁਤ ਲੋੜੀਂਦੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਪਰ ਸੇਵਾ ਦੇ ਨਾਮ ਤੇ ਆਡੰਬਰ ਨਹੀਂ ਹੋਣੇ ਚਾਹੀਦੇ) ਇਸ ਦਾ ਅਰਥ ਹੈ ਕਿ ਸਿੱਖ ਦੇ ਨਿੱਤ-ਨੇਮ ਵਿਚ ਸ਼ਬਦ ਦੀ ਵਿਚਾਰ ਦਾ ਮੁੱਖ ਰੋਲ ਹੈ। ਪਰ

ਸਿੱਖੀ ਤੇ ਕਾਬਜ਼ ਪੁਜਾਰੀ ਲਾਣੇ ਨੇ ਕੀ ਕੀਤਾ ਹੈ?

  1. ਸਿੱਖੀ ਦੇ ਕੇਂਦਰੀ ਅਸਥਾਨ “ਦਰਬਾਰ ਸਾਹਿਬ” ਵਿਚ ਤਾਂ ਇਸ ਦਾ ਮੂਲੋਂ ਹੀ ਭੋਗ ਪਾ ਦਿੱਤਾ ਹੈ।
  2. ਪੰਥ ਪਰਵਾਣਿਕਤਾ ਦੇ ਨਾਮ ਥੱਲੇ ਪਰਚਾਰੀ ਜਾਂਦੀ ਰਹਿਤ ਮਰਯਾਦਾ ਵਿਚ, ਕਿਤੇ ਵੀ ਸ਼ਬਦ ਵਿਚਾਰ ਬਾਰੇ ਕੋਈ ਗੱਲ ਨਹੀਂ ਹੈ। ਗੱਲ ਹੈ ਸਿਰਫ ਕਥਾ ਦੀ, ਅਤੇ ਸਾਰੇ ਜਾਣਦੇ ਹਨ ਕਿ ਗੁਰਦਵਾਰਿਆਂ ਵਿਚ ਕਥਾ-ਕਾਰ ਕਿਸ ਤਰ੍ਹਾਂ ਦੀ ਕਥਾ ਕਰਿਆ ਕਰਦੇ ਸਨ? ਅਤੇ ਅੱਜ ਦੇ ਕਹੇ ਜਾਂਦੇ ਜਾਗਰੂਕਤਾ ਦੇ ਦੌਰ ਵਿਚ ਵੀ (ਕੁਝ ਉਂਗਲੀਆਂ ਤੇ ਗਿਣੇ ਜਾਣ ਵਾਲੇ ਕਥਾ-ਕਾਰਾਂ ਨੂੰ ਛੱਡ ਕੇ, ਜੋ ਪਿਛਲੇ ਪੰਜਾਹ ਸਾਲ ਦੀ ਜਾਗ੍ਰਤੀ ਦੀ ਦੇਣ ਹਨ) ਹਜ਼ਾਰਾਂ ਨਹੀਂ, ਲੱਖਾਂ ਕਥਾ-ਕਾਰ ਕਿਸ ਢੰਗ ਦੀ ਕਥਾ ਕਰਦੇ ਹਨ? ਉਸ ਵਿਚ ਸੰਗਤ ਦਾ ਕੀ ਰੋਲ ਹੁੰਦਾ ਹੈ?  ਖੈਰ ਗੱਲ ਨੂੰ ਜ਼ਿਆਦਾ ਵਿਸਤਾਰ ਨਾ ਦੇ ਕੇ ਏਨਾ ਹੀ ਕਹਿਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਉਹ ਅਸੂਲ ਜੋ ਸਿੱਖ ਦੀ ਰਹਿਣੀ ਦਾ ਮਹੱਤਵਪੂਰਨ ਅੰਗ ਹਨ,

ਜਿਵੇਂ,

1. ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥1॥ (522)
ਅਤੇ
2. ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥1॥ (1349)
ਅਤੇ
3. ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (591)
ਅਤੇ
4. ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (141)
ਅਤੇ
5. ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (142)
ਅਤੇ
6. ਪਰ ਕਾ ਬੁਰਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥3॥ (386)
ਅਤੇ
7. ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥1॥ (1185)

ਆਦਿ ਦਾ ਪੂਰਾ ਧਿਆਨ ਰਖਦੇ ਹੋਏ, ਇਨ੍ਹਾਂ ਨਿਯਮਾਂ ਅਨੁਸਾਰ ਹੀ ਸਿੱਖ ਦੀ ਜੀਵਨ ਜਾਚ (ਰਹਿਤ ਮਰਯਾਦਾ) ਤਿਆਰ ਕਰਨ ਦੀ ਲੋੜ ਹੈ। ਜੋ ਖਿਲਰੀ ਹੋਈ ਸਿੱਖੀ ਨੂੰ ਮੁੜ ਇਕ ਮੁੱਠ ਕਰ ਸਕਦੀ ਹੈ।

ਅਮਰਜੀਤ ਸਿੰਘ ਚੰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top