Share on Facebook

Main News Page

ਗੁਰੂ ਨੂੰ ਕਿਹੜੇ ਪਰਵਾਨ ਨੇ?

ਦੁਨੀਆਂ ਅੰਦਰ ਬੂਟੇ ਚਾਹੇ ਕਈ ਪ੍ਰਕਾਰ ਦੇ ਹਨ ਪਰ ਗੁਰਬਾਣੀ ਵਿੱਚ ਚੰਦਨ ਨੂੰ ਹੀ ਸਭ ਤੋਂ ਵੱਧ ਸਲਾਹਿਆ ਗਿਆ ਹੈ, ਸਵਾਲ ਪੈਦਾ ਹੁੰਦਾ ਹੈ ਕਿਉਂ? ਚੰਦਨ ਵਿੱਚ ਐਸਾ ਕੀ ਗੁਣ ਹੈ, ਜਿਸ ਦੀ ਉਸਤਤ ਗੁਰਬਾਣੀ ਵਿੱਚ ਕੀਤੀ ਗਈ ਹੈ। ਆਉ ਚੰਦਨ ਦੇ ਗੁਣਾਂ ਬਾਰੇ ਭਗਤ ਕਬੀਰ ਜੀ ਕੋਲੋਂ ਜਾਣਕਾਰੀ ਲੈਂਦੇ ਹਾਂ ਭਗਤ ਜੀ ਕਹਿੰਦੇ ਹਨ, ਚੰਦਨ ਇੱਕ ਅਜਿਹਾ ਖੁਸ਼ਬੂਦਾਰ ਬੂਟਾ ਹੈ, ਜੋ ਆਪਣੀ ਖੁਸ਼ਬੂ ਆਪਣੇ ਤੱਕ ਹੀ ਨਹੀਂ ਰੱਖਦਾ ਸਗੋਂ ਆਪਣੇ ਆਸ ਪਾਸ ਦੇ ਪੌਦਿਆਂ ਨੂੰ ਵੀ ਵੰਡਦਾ ਹੈ, ਅਤੇ ਉਹ ਵੀ ਚੰਦਨ ਵਰਗੇ ਹੀ ਖੁਸ਼ਬੂ ਵਾਲੇ ਬਣ ਜਾਂਦੇ ਹਨ।

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓਹ ਢਾਕ ਪਲਾਸ॥ ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥ (ਅੰਕ 1365)

ਕੀ ਭਗਤ ਜੀ ਚੰਦਨ ਆਪਣੀ ਖੁਸ਼ਬੂ ਸਾਰਿਆਂ ਵਿੱਚ ਭਰ ਦੇਂਦਾ ਹੈ, ਜਾਂ ਕੋਈ ਐਸਾ ਰੁੱਖ ਵੀ ਹੈ ਜੋ ਚੰਦਨ ਦੀ ਇਸ ਖੁਸ਼ਬੂ ਤੋਂ ਅਧੂਰਾ ਰਹਿੰਦਾ ਹੈ, ਤਾਂ ਭਗਤ ਜੀ ਕਹਿੰਦੇ ਹਨ ਹਨ ਕਿ ਵਾਂਸ ਉੱਚਾ ਤੇ ਭਾਂਵੇਂ ਬਹੁਤ ਹੈ ਪਰ ਇਸ ਉੱਚੇ ਪਨ ਦੇ ਹੰਕਾਰ ਕਾਰਣ ਉਹ ਉਹ ਚੰਦਨ ਦੇ ਕੋਲ ਵਸਦਾ ਹੋਇਆ ਵੀ ਇਸ ਸੁਗੰਧੀ ਤੋਂ ਅਧੂਰਾ ਰਹਿੰਦਾ ਹੈ।

ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ॥ (ਅੰਕ 1365)

ਭਗਤ ਜੀ ਇਹ੍ਹਨਾਂ ਸਲੋਕਾਂ ਵਿੱਚ ਬਹੁਤ ਹੀ ਸੁੰਦਰ ਸਿਖਿਆ ਦੇ ਰਹੇ ਹਨ ਆਉ ਇਸ ਪਵਿੱਤਰ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਇਸੇ ਤਰਾਂ ਗੁਰੂ ਜੀ ਵਿੱਚ ਵੀ ਚੰਦਨ ਵਾਲੇ ਗੁਣ ਹਨ ਗੁਰੂ ਜੀ ਕੋਲੋਂ ਉਹ ਹੀ ਇਨਸਾਨ ਗੁਣ ਲੈ ਜਾਂਦੇ ਹਨ ਜਿਹ੍ਹੜੇ ਨਿੰਮ੍ਰਤਾ ਵਿੱਚ ਰਹਿ ਕੇ ਗੁਰੂ ਜੀ ਦੇ ਹੁਕਮ ਨੂੰ ਖਿੜੇ ਮੱਥੇ ਪਰਵਾਨ ਕਰਦੇ ਹਨ ਅਤੇ ਉਹ ਗੁਣਾਂ ਰੂਪੀ ਸੁਗੰਧੀ ਨਾਲ ਭਰ ਜਾਂਦੇ ਹਨ,ਪਰ ਜਿਹ੍ਹੜੇ ਆਪਣੇ ਹੰਕਾਰ ਦੇ ਕਾਰਣ ਵੱਡੇ ਬਣੇ ਰਹਿੰਦੇ ਹਨ ਉਹ ਗੁਰੂ ਜੀ ਕੋਲੋਂ ਗੁਣ ਨਹੀ ਪ੍ਰਾਪਤ ਨਹੀ ਕਰ ਸਕਦੇ, ਚਾਹੇ ਉਹ ਗੁਰੂ ਜੀ ਦੇ ਬਿੰਦੀ ਪੁੱਤਰ ਹੀ ਕਿਉਂ ਨਾ ਹੋਣ। ਭਾਈ ਗੁਰਦਾਸ ਜੀ ਨੇ 26 ਵਾਰ ਦੀ 33 ਪਾਉੜੀ ਅੰਦਰ ਉਹਨਾਂ ਵਿਅਕਤੀਆਂ ਦਾ ਜਿਕਰ ਕੀਤਾ ਹੈ ਜਿਹ੍ਹੜੇ ਗੁਰੂ ਘਰ ਵਿੱਚ ਪੈਦਾ ਹੋਕੇ ਵੀ ਗੁਰੂ ਜੀ ਕੋਲੋਂ ਸੁਚੱਜੀ ਜੀਵਨ ਜਾਚ ਨਹੀ ਲੈ ਸਕੇ।

ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਪੁੱਤਰ ਸ੍ਰੀ ਚੰਦ ਦੀ ਗੱਲ ਕਰਦੇ ਹਨ, ਕਿ ਉਹ੍ਹਨਾਂ ਨੇ ਗੁਰੂ ਜੀ ਦੀ ਸਿਖਿਆ ਦੇ ਉਲਟ ਕੰਮ ਕੀਤੇ, ਜਿਵੇਂ ਸ੍ਰੀ ਚੰਦ ਆਪਣੇ ਆਪ ਨੂੰ ਜਤੀ ਅਖਵਾਉਂਦਾ ਸੀ, ਭਾਵ ਵਿਆਹ ਕਰਾਉਣ ਦੇ ਉਲਟ ਸੀ, ਪਰ ਗੁਰੂ ਨਾਨਕ ਸਾਹਿਬ ਜੀ ਤੇ ਫੁਰਮਾਉਂਦੇ ਹਨ "ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥" ਕੋਈ ਵੈਸੇ ਵਿਆਹ ਨਾ ਕਰਵਾਏ ਤਾਂ ਵੱਖਰੀ ਗੱਲ ਹੈ, ਪਰ ਵਿਆਹ ਨਾ ਕਰਵਾ ਕੇ ਆਪਣੇ ਆਪ ਨੂੰ ਵੱਡਾ ਅਤੇ ਦੂਜਿਆਂ ਨਾਲੋਂ ਜਿਆਦਾ ਧਰਮੀ ਦੱਸਣਾਂ ਗੁਰਬਾਣੀ ਦੇ ਉਲਟ ਹੈ।

ਪਰ ਪਿਛਲੇ ਦਿਨੀਂ ਕੌਮ ਦੇ ਮਹਾਨ ਅਖਵਾਉਣ ਵਾਲੇ ਢਾਡੀ ਨੇ ਆਪਣੇ ਲੈਕਚਰ ਦੌਰਾਨ ਇਥੋਂ ਤੱਕ ਕਹਿ ਦਿੱਤਾ, ਕਿ ਗੁਰੂ ਨਾਨਕ ਸਾਹਿਬ ਜੀ ਦਾ ਤੇ ਸ੍ਰੀ ਚੰਦ ਦਾ ਘਰ ਕੋਈ ਵੱਖ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਜੀ ਨੇ ਤੇ ਆਪ ਹੀ ਸ੍ਰੀ ਚੰਦ ਨੂੰ ਉਦਾਸੀ ਭੇਖ ਧਾਰਨ ਕਰਨ ਲਈ ਕਿਹਾ ਸੀ, ਤੇ ਗਰੂ ਜੀ ਨੇ ਕਈ ਵਰ ਦਿੱਤੇ, ਕਿ ਸ੍ਰੀ ਚੰਦਾ ਤੇਰੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਹੋਣਗੀਆਂ, ਤੇਰਾ ਇਹ ਉਦਾਸੀ ਪੰਥ ਕੌਮ ਦੀ ਬਹੁਤ ਸੇਵਾ ਕਰੇਗਾ। ਉਹ ਢਾਡੀ ਉਦਾਸੀ ਸਾਧਾਂ ਨੂੰ ਖੁਸ਼ ਕਰਦਿਆਂ ਇਥੋਂ ਤੱਕ ਕਹਿ ਜਾਂਦਾ ਹੈ, ਕਿ ਗੁਰੂ ਅਮਰਦਾਸ ਜੀ ਨੇ ਵੀ ਆਪਣਾ ਪੁੱਤਰ ਮੋਹਨ ਸ੍ਰੀ ਚੰਦ ਦਾ ਚੇਲਾ ਬਣਾਇਆ ਸੀ।(ਕਿਉਂਕਿ ਸ੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਜੀ ਦੀ ਆਪ ਗੱਲ ਨਹੀਂ ਮੰਨੀ ਤੇ ਮੋਹਨ ਵੀ ਗੁਰੂ ਅਮਰਦਾਸ ਦੀ ਗੱਲ ਮੰਨਣ ਤੋਂ ਆਕੀ ਹੀ ਰਿਹਾ, ਤੇ ਇਹੋ ਜਿਹੇ ਗੁਰੂਆਂ ਦੇ ਚੇਲੇ ਵੀ ਇਹੋ ਜਿਹੇ ਹੀ ਹੁੰਦੇ ਹਨ) ਜਿਹ੍ਹੜਾ ਸ੍ਰੀ ਚੰਦ ਗੁਰੂ ਦੀ ਹੁਕਮ ਵਾਲੀ ਕਸਵੱਟੀ ਤੇ ਖਰਾ ਨਹੀਂ ਉਤਰਦਾ, ਉਸ ਸ੍ਰੀ ਚੰਦ ਦੇ ਪੈਰ (ਚਰਨ ਕੇਵਲ ਗੁਰੂ ਜੀ ਦੇ ਹੁੰਦੇ ਹਨ) ਗੁਰੂ ਰਾਮਦਾਸ ਜੀ ਦੇ ਦਾੜੇ ਨਾਲ ਇਸ ਢਾਡੀ ਨੇ ਸਾਫ ਕਰਵਾਏ ਹਨ ਅਤੇ ਕਿਹਾ ਅੱਜ ਵੀ ਬਾਬਾ ਸ੍ਰੀ ਚੰਦ ਲੋਕਾਂ ਦੀਆਂ ਝੋਲੀਆਂ ਭਰਦਾ, ਪਰ ਜਿਸ ਨੂੰ ਭਰਵਾਉਣੀਆਂ ਆਉਦੀਆਂ ਹੋਣ? ਹੋਰ ਕਿਸੇ ਦੀਆਂ ਝੋਲੀਆਂ ਭਰਨ ਚਾਹੇ ਨਾ ਭਰਨ, ਪਰ ਇਹੋ ਜਿਹਾ ਕੱਚਘੱਰੜ ਇਤਿਹਾਸ ਪੇਸ਼ ਕਰਕੇ ਸ੍ਰੀ ਚੰਦ ਦਾ ਡੇਰਾ ਚਲਾਉਣ ਵਾਲੇ ਬਾਬਿਆਂ ਨੇ ਇਸ ਢਾਡੀ ਦੀਆਂ ਝੋਲੀਆਂ ਜਰੂਰ ਭਰ ਦਿੱਤੀਆਂ ਹੋਣੀਆਂ ਨੇ।

ਲੱਖਮੀ ਦਾਸ ਜੋ ਗੁਰੂ ਨਾਨਕ ਸਾਹਿਬ ਜੀ ਦੇ ਛੋਟੇ ਪੁੱਤਰ ਸਨ, ਉਨ੍ਹਾਂ ਨੇ ਵਿਆਹ ਤੇ ਕਰਵਾਇਆ, ਪਰ ਗੁਰੂ ਜੀ ਦੀ ਸੱਚ ਵਾਲੀ ਕਸਵੱਟੀ ਉਪਰ ਉਹ ਵੀ ਖਰੇ ਨਹੀਂ ਉਤਰੇ, ਲਖਮੀ ਦਾਸ ਦੇ ਬੇਟੇ ਧਰਮ ਚੰਦ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ। ਇਸੇ ਤਰਾਂ ਗੁਰੂ ਅਗੰਦ ਸਾਹਿਬ ਜੀ ਦੇ ਪੁੱਤਰਾਂ ਦਾਤੂ ਤੇ ਦਾਸੂ ਵੀ ਆਪਣੇ ਆਪ ਨੂੰ ਗੁਰੂ ਤੋਂ ਘੱਟ ਨਹੀਂ ਸੀ ਅਖਵਾਉਂਦੇ। ਗੁਰੂ ਅਮਰ ਦਾਸ ਹੀ ਦੇ ਪੁੱਤਰ ਮੋਹਰੀ ਨੇ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਸਵੀਕਾਰ ਕਰ ਲਿਆ, ਪਰ ਵੱਡਾ ਪੁੱਤਰ ਮੋਹਨ ਆਪਣੇ ਆਪ ਨੂੰ ਗੁਰੂ ਤੋਂ ਘੱਟ ਨਹੀਂ ਅਖਵਾਉਂਦਾ, ਪਰ ਸਾਡੀ ਕੌਮ ਦੇ ਪ੍ਰਚਾਰਕ ਰਾਗੀ ਢਾਡੀ, ਗੁਰੂ ਅਰਜਨ ਸਾਹਿਬ ਜੀ ਨੂੰ ਗੁਰਬਾਣੀ ਦੀਆਂ ਪੋਥੀਆਂ ਲੈਣ ਮੋਹਨ ਕੋਲ ਗੋਇੰਦਵਾਲ ਭੇਜਦੇ ਹਨ, ਮੋਹਨ ਦੇ ਸਬੰਧ ਵਿੱਚ ਸ਼ਬਦ ਉਚਾਰਨ ਕੀਤੇ ਹੋਏ ਦੱਸਦੇ ਹਨ, ਜੋ ਬਿਲਕੁਲ ਹੀ ਕੋਰਾ ਝੂਠ ਹੈ।

ਭਾਈ ਗੁਰਦਾਸ ਜੀ ਨੇ ਜਿਸ ਮੋਹਨ ਬਾਰੇ ਕਮਲੇ ਸ਼ਬਦ ਵਰਤੇ ਹੋਣ, ਅਜਿਹੇ ਮੋਹਨ ਕੋਲ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਬਾਣੀ ਦੀਆਂ ਪੋਥੀਆਂ ਲੈਣ ਭੇਜਣਾਂ ਗੁਰੂ ਦੀ ਨਿੰਦਿਆਂ ਕਰਣ ਤੁਲ ਹੈ। ਇਸ ਤੋਂ ਬਆਦ ਭਾਈ ਸਾਹਿਬ ਜੀ ਗੁਰੂ ਰਾਮ ਦਾਸ ਜੀ ਦੇ ਪੁੱਤਰਾਂ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਪ੍ਰਿਥੀ ਚੰਦ ਗੁਰੂ ਰਾਮ ਦਾਸ ਜੀ ਕੋਲੋਂ ਗੁਣ ਨਹੀਂ ਲੈ ਸਕਿਆ, ਅਤੇ ਮੀਣੇਪਨ ਦੀਆਂ ਸਾਰੀ ਹੱਦਾਂ ਪਾਰ ਕਰਦਿਆਂ ਹੋਇਆਂ ਨੂੰ ਗੁਰੂ ਅਰਜਨ ਸਾਹਿਬ ਜੀ ਵਿਰੁਧ ਕਈ ਪ੍ਰਕਾਰ ਦੀਆਂ ਚਾਲ੍ਹਾਂ ਚੱਲੀਆਂ, ਜਿੰਨ੍ਹਾਂ ਵਿੱਚ ਉਹ ਸਫਲ ਨਹੀਂ ਹੋ ਸਕਿਆ। ਭਾਈ ਸਾਹਿਬ ਜੀ ਇਸ ਤੋਂ ਬਆਦ ਗੁਰੂ ਰਾਮ ਦਾਸ ਜੀ ਦੇ ਦੂਜੇ ਪੁੱਤਰ ਮਹਾਦੇਵ ਬਾਰੇ ਇਥੋਂ ਤੱਕ ਲਿਖਦੇ ਹਨ ਕਿ ਮਹਾਦੇਵ ਆਪਣੇ ਹੰਕਾਰ ਦੇ ਕਾਰਣ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੀ ਰਿਹਾ। ਭਾਈ ਸਾਹਿਬ ਜੀ ਇਹ੍ਹਨਾਂ ਸਾਰਿਆਂ ਨੂੰ ਬਾਂਸ ਦੇ ਬਰਾਬਰ ਕਹਿੰਦੇ ਹਨ, ਜੋ ਆਪਣੇ ਅੰਹਕਾਰ ਦੇ ਕਾਰਣ ਗੁਰੂ ਚੰਦਨ ਕੋਲੋਂ ਗੁਣਾਂ ਰੂਪੀ ਸੁਗੰਧੀ ਦਾ ਅਨੰਦ ਨਹੀ ਲੈ ਸਕੇ ।

ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ। ਲਖਮੀ ਦਾਸਹੁ ਧਰਮ ਚੰਦ ਪੋਤਾ ਹੋਇ ਕੈ ਆਪ ਗਣਾਇਆ।
ਮੰਜੀ ਦਾਸੁ ਬਹਾਲਿਆ ਦਾਤਾ ਸਿਧਾਸਣ ਸਿਖਿ ਆਇਆ ।
ਮੋਹਣੁ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ।
ਮੀਣਾ ਹੋਆ
ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ। ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖੁ ਕੁਤਾ ਭਉਕਾਇਆ ।
ਚੰਦਨ ਵਾਸ ਨ ਵਾਸ ਬੋਹਾਇਆ।
(ਵਾਰ 26 ਪਾਉੜੀ 33)

ਭਾਈ ਗੁਰਦਾਸ ਜੀ ਆਪਣੀ ਇਸ ਵਾਰ ਵਿੱਚ ਉਹ੍ਹਨਾਂ ਗੁਰੂ ਪੁੱਤਰਾਂ ਦਾ ਜਿਕਰ ਕਰ ਰਹੇ ਹਨ ਜਿੰਨਾਂ ਨੇ ਆਪਣੀ ਹਉਂ ਦੇ ਕਾਰਣ ਗੁਰੂ ਤੋਂ ਆਪਣੀ ਦੂਰੀ ਬਣਾਈ ਰੱਖੀ। ਇਸ ਤੋਂ ਸਾਨੂੰ ਕੀ ਸਿਖਿਆ ਮਿਲਦੀ ਹੈ ਆਉ ਵੀਚਾਰ ਕਰੀਏ? ਜੇ ਗੁਰੂ ਸਾਹਿਬ ਜੀ ਦਾ ਹੁਕਮ ਨਾ ਮੰਨਕੇ ਉਹ੍ਹਨਾਂ ਦੇ ਆਪਣੇ ਬਿੰਦੀ ਪੁੱਤਰ ਉਨ੍ਹਾਂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਸਕਦੇ, ਤਾਂ ਕੀ ਗੁਰੂ ਜੀ ਸਾਨੂੰ ਪਰਵਾਨ ਕਰਨਗੇ? ਆਉ ਵਿਚਾਰੀਏ ਕਿਤੇ ਅਸੀਂ ਵੀ ਗੁਰੂ ਚੰਦਨ ਕੋਲ ਬਾਂਸ ਵਾਂਗੂ ਆਪਣੇ ਹੰਕਾਰ ਦੇ ਕਾਰਣ ਗੁਣਾਂ ਰੂਪੀ ਸੁਗੰਧੀ ਤੋਂ ਖਾਲੀ ਨਾ ਰਹਿ ਜਾਈਏ।

ਪ੍ਰੋ: ਸਰਬਜੀਤ ਸਿੰਘ ਧੂੰਦਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top