Share on Facebook

Main News Page

ਧਰਮ ਸਿੰਘ ਨਿਹੰਗ ਨੂੰ, ਸ੍ਰੀ ਅਕਾਲ ਤਖਤ ਸਾਹਿਬ 'ਤੇ ਸੱਦ ਕੇ ਸਨਮਾਨਿਤ ਕਰੋ

ਅੱਜ ਜਿਹੜੇ ਬਾਬੇ ਦੀ ਚਰਚਾ ਅਸੀਂ ਕਰ ਰਹੇ ਹਾਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਚੁਨੌਤੀ ਦਿੱਤੀ ਹੈ, ਜਿਹੜਾ ਕਿ ਸਿੱਖ ਕੌਮ ਲਈ ਬੜਾ ਹੀ ਮੰਦਭਾਗਾ ਹੈ। ਇਹ ਅਖੌਤੀ ਨਿਹੰਗ ਸਿੰਘ ਦਸਮ ਗ੍ਰੰਥੀ ਹੈ, ਪਰ ਇਹ ਬਖਸ਼ਦਾ ਕਿਸੇ ਨੂੰ ਵੀ ਨਹੀਂ ਹੈ। ਹੁਣ ਤੱਕ ਤਾਂ ਦਸਮ ਗ੍ਰੰਥ ਦੇ ਹਿਮਾਇਤੀ ਬੜੇ ਖੁਸ਼ ਹੋ ਰਹੇ, ਸਨ ਕਿ ਇਹ ਅਖੌਤੀ ਨਿਹੰਗ ਉਨ੍ਹਾਂ ਦੇ ਹੱਕ ‘ਚ ਪ੍ਰਚਾਰ ਕਰ ਰਿਹਾ ਹੈ, ਪਰ ਜਦ ਇਹਨੇ ਇਹ ਵੀ ਕਹਿ ਦਿੱਤਾ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਮਦਮਾ ਸਾਹਿਬ ਵਿਖੇ ਲਿਖਵਾਇਆ ਹੀ ਨਹੀਂ ਗਿਆ, ਅਤੇ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਨਹੀਂ ਮਿਲੀ, ਉਨ੍ਹਾਂ ਨੂੰ ਵੀ ਸੋਚਣ ਤੇ ਮਜ਼ਬੂਰ ਹੋਣਾ ਪਵੇਗਾ। ਸਿੱਖ ਹਲਕਿਆਂ ਵਲੋਂ ਇਹ ਵਿਚਾਰ ਪਾਇਆ ਜਾ ਰਿਹਾ ਹੈ, ਕਿ ਇਹ ਕਿਸੇ ਡੂੰਘੀ ਸਾਜਿਸ਼ ਦਾ ਹਿਸਾ ਹੈ, ਜਿਸ ਅਧੀਨ ਇਹ ਗੁਰੂ ਸਾਹਿਬ ਦੀ ਥਾਂ ਤੇ ਆਪਣੇ ਅਸ਼ਲੀਲ ਗ੍ਰੰਥ ਨੂੰ ਲਿਆਉਣਾ ਚਾਹੁੰਦੇ ਹਨ। ਕੁੱਝ ਦਿਨ ਪਹਿਲਾਂ ਦਸਮ ਗ੍ਰੰਥ ਦੇ ਹਿਮਾਇਤੀਆਂ ਨੇ ਕਨੇਡਾ ਤੋਂ ਚੱਲਦੇ ਰੇਡੀਓ ਤੇ ਦੇ ਰੂਬਰੂ ਹੋਏ ਸਨ, ਜਿਹੜੇ ਸਰੋਤਿਆਂ ਦੇ 25 ਸਵਾਲਾਂ ਦੇ ਜਵਾਬ ਨਾ ਦੇ ਸਕੇ ਤੇ ਫਿਰ ਇਸ ਨਿਹੰਗ ਨੇ 9 ਮਾਰਚ ਨੂੰ ਖਾਲਸੇ ਨੂੰ ਚੈਲਿੰਜ ਕੀਤਾ ਸੀ, ਧਰਮ ਸਿੰਘ ਸ਼ੇਰੇ ਪੰਜਾਬ ਰੇਡੀਓ ਤੇ ਆਉਣ ਨੂੰ ਤਿਆਰ ਹੈ, ਤੇ ਦਸਮ ਗ੍ਰੰਥ ਬਾਰੇ ਚਰਚਾ ਕਰੇਗਾ। ਨਿਹੰਗ ਸਿੰਘ ਨੇ 13 ਮਾਰਚ ਨੂੰ ਸ਼ੇਰੇ ਪੰਜਾਬ ਰੇਡੀਓ ਦੇ ਸਰੋਤਿਆਂ ਦੇ ਰੂਬਰੂ ਹੋਣਾ ਸੀ, ਪਰ ਪ੍ਰੋਗ੍ਰਾਮ ਸ਼ੁਰੂ ਕਰਨ ਤੋਂ 9 ਮਿੰਟ ਪਹਿਲਾਂ ਧਰਮ ਸਿੰਘ ਦੇ ਚੇਲੇ ਨੇ ਅਸਟਰੇਲੀਆ ਤੋਂ ਸ਼ੇਰੇ ਪੰਜਾਬ ਦੇ ਭਾਈ ਕੁਲਦੀਪ ਸਿੰਘ ਨੂੰ ਈ-ਮੇਲ ਭੇਜੀ, ਕਿ ਨਿਹੰਗ ਧਰਮ ਸਿੰਘ ਰੇਡੀਓ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਰਿਹਾ, ਪਰ ਉਨ੍ਹਾਂ ਦਾ ਸੁਨੇਹਾ ਰੇਡੀਓ ਤੇ ਜਰੂਰ ਸੁਣਾ ਦਿੱਤਾ ਜਾਵੇ। 13 ਮਾਰਚ ਨੂੰ ਸ਼ੇਰੇ ਪੰਜਾਬ ਤੇ 2 ਘੰਟੇ ਇਸ ਵਿਸ਼ੇ ਤੇ ਇਸ ਨਿਹੰਗ ਬਾਰੇ ਹੀ ਚਰਚਾ ਚੱਲੀ।

ਪ੍ਰੋ. ਦਰਸ਼ਨ ਸਿੰਘ ਨੇ ਜਿਹੜੇ ਪਿਛਲੇ ਦੋ ਸਾਲ ਤੋਂ ਸਿੱਖਾਂ ਨੂੰ ਸੁਚੇਤ ਕਰਦੇ ਆ ਰਹੇ ਹਨ ਕਿ ਇਨ੍ਹਾਂ ਨੇ ਹੌਲੀ ਹੌਲੀ ਇਨ੍ਹਾਂ ਨੇ ਗ੍ਰੰਥ ਨੂੰ ਬਦਲ ਦੇਣਾ ਹੈ ਤੇ ਗੁਰੂ ਸਾਹਿਬ ਦੀ ਥਾਂ ਤੇ ਇਸ ਗ੍ਰੰਥ ਦਾ ਪ੍ਰਕਾਸ਼ ਕਰਾਉਣ ਦੀ ਕੋਸ਼ਿਸ਼ ਕਰਨਗੇ।ਉਨ੍ਹਾਂ ਨੇ ਇਸ ਨਿਹੰਗ ਦੀ ਗੱਲ ਸੁਣਦਿਆਂ, ਕਿ ਉਨ੍ਹਾਂ ਦੇ ਇਹ ਗਲ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦ ਨਿਹੰਗ ਸਿੰਘ ਦੇ ਬਿਆਨ ਸੁਣੇ। ਪ੍ਰੋ.ਸਾਹਿਬ ਨੇ ਭਾਈ ਕੁਲਦੀਪ ਸਿੰਘ ਨਾਲ ਇੰਟਰਵਿਊ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੋ ਭਾਈ ਗੁਰਦਾਸ ਬਣਾ ਦਿੱਤੇ, ਦੋ ਭਾਈ ਮਨੀ ਸਿੰਘ ਬਣਾ ਦਿੱਤੇ, ਇਸ ਤਰ੍ਹਾਂ ਦੋ ਗ੍ਰੰਥ ਬਣਾ ਦਿੱਤੇ। ਤਾਂ ਕਿ ਭਰਮ ਭੁਲੇਖੇ ਇਸ ਤਰ੍ਹਾਂ ਦੇ ਪੈਦਾ ਕਰ ਦਿੱਤੇ ਜਾਣ ਤਾਂ ਕਿ ਸਿੱਖਾਂ ਨੂੰ ਪਤਾ ਹੀ ਲੱਗੇ ਕਿ ਉਨ੍ਹਾਂ ਦਾ ਗੁਰੁ ਕਿਹੜਾ ਹੈ? ਨਿਹੰਗ ਕਹਿੰਦਾ ਹੈ, ਕਿ ਭਾਈ ਗੁਰਦਾਸ ਜੀ ਨੇ ਕੋਈ ਗ੍ਰੰਥ ਲਿਖਿਆ ਅਤੇ ਨਾ ਹੀ ਪੰਜਵੇਂ ਗੁਰੂ ਨੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹੀ ਕੀਤਾ । ਅੱਗੇ ਉਹ ਕਹਿੰਦਾ ਸੀ ਜੇ ਉਹ ਪਰਕਾਸ਼ ਕਰਦੇ, ਤਾਂ ਆਪ ਕਿੱਥੇ ਬਹਿੰਦੇ ਸੱਜੇ ਕੇ ਖੱਬੇ ਜਾਂ ਪੜ੍ਹ ਕੇ ਅਰਥ ਕਰਦੇ (ਇਹਨੂੰ ਨਸ਼ਈ ਨਿਹੰਗ ਜਿਹੜਾ ਖੁਲੇਆਮ ਨਸ਼ੇ ਦਾ ਪਰਚਾਰ ਕਰਦਾ ਹੈ, ਏਨੀ ਵੀ ਅਕਲ ਨਹੀਂ ਕਿ ਉਸ ਸਮੇਂ ਇਸ ਗ੍ਰੰਥ ਨੂੰ ਪੋਥੀ 'ਪਰਮੇਸ਼ਰ ਕਾ ਥਾਨ' ਕਿਹਾ ਜਾਂਦਾ ਸੀ ਅਤੇ ਸੰਪੂਰਨ ਹੋ ਕੇ ਗੁਰਗੱਦੀ 1708 ‘ਚ ਮਿਲੀ ਸੀ) ਨਿਹੰਗ ਅਗੇ ਕਹਿੰਦਾ ਹੈ, ਦਮਦਮਾ ਸਾਹਿਬ ਵਿਖੇ ਗੁਰੂ ਸਾਹਿਬ ਬੱਚਿਆਂ ਨੂੰ ਇੱਕ ਇੱਕ ਪਤਰਾ ਲਿਖਣ ਲਈ ਦਿੰਦੇ ਸਨ, ਤਾਂ ਉਹ ਪੱਤਰੇ ਇਕੱਠੇ ਕਰ ਲੈਂਦੇ ਸਨ, ਤੇ ਉਹ ਗ੍ਰੰਥ ਬਣ ਜਾਂਦਾ ਸੀ, ਤੇ ਫਿਰ ਅਮੀਰ ਸਿੱਖ ਇਨ੍ਹਾਂ ਗ੍ਰੰਥਾਂ ਨੂੰ ਖਰੀਦ ਕੇ ਲੈ ਜਾਂਦੇ ਸਨ। ਇਸ ਤਰ੍ਹਾਂ ਹੀ ਉਨ੍ਹਾਂ ਦਾ ਗੁਜਾਰਾ ਚਲਦਾ ਸੀ। ਇਸ ਨਿਹੰਗ ਦਾ ਕਹਿਣਾ ਹੈ, ਕਿ ਜਿਹੜਾ ਅਸੀਂ ਹੁਣ ਤੱਕ ਸੁਣਦੇ ਆਏ ਹਾਂ, ਕਿ ਦਸ਼ਮੇਸ਼ ਪਿਤਾ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਲਿਖਵਾਉਣਾ ਸਭ ਝੂਠ ਹੈ। ਦਸਮ ਗ੍ਰੰਥ ਦਾ ਪੁਜਾਰੀ ਕਹਿੰਦਾ ਹੈ, ਕਿ ਕਿਸ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਨਹੀਂ ਮਿਲੀ, ਨਾਦੇੜ ਸਾਹਿਬ ਤਾਂ ਕੋਈ ਗ੍ਰੰਥ ਮੌਜੂਦ ਹੀ ਨਹੀ ਸੀ। ਇਹ ਕਹਿੰਦਾ ਹੈ ਕਿ ਕੋਠਾ ਸਾਹਿਬ ‘ਚ ਸੁਖ ਆਸਨ ਤੇ ਭਾਈ ਗੁਰਦਾਸ ਜੀ ਤੋਂ ਬੀੜ ਲਿਖਵਾਉਣਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣਾ ਕਹਿਣਾ ਇਹ ਸਭ ਝੂਠ ਹੈ।

ਲਉ ਜੀ ਹੋਰ ਗਪੌੜ ਸੁਣੋ, ਦਸਮ ਗ੍ਰੰਥ ਦਾ ਪੁਜਾਰੀ ਇਹ ਵੀ ਕਹਿ ਰਿਹਾ ਹੈ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ 18 ਘੰਟੇ ਪਹਿਲਾਂ, ਗੁਰੂ ਸਾਹਿਬ ਜੀ ਨੇ ਇੱਕ ਰੱਥ ਤੇ ਦਸਮ ਗ੍ਰੰਥ ਦੀਆਂ ਪੋਥੀਆਂ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰੀ ਜੀ ਨੂੰ ਬਾਹਰ ਭੇਜ ਦਿੱਤਾ ਸੀ। ਇਸ ਤੇ ਟਿੱਪਣੀ ਕਰਦਿਆਂ ਡਾਕਟਰ ਕੰਗ ਨੇ ਕਿਹਾ, ਕੇ ਸਿਰਫ ਦਸਮ ਗ੍ਰੰਥ ਹੀ ਉਨ੍ਹਾਂ ਨੇ ਕਿਵੇਂ ਬਾਹਰ ਜਾਣ ਦਿੱਤਾ, ਕਲ੍ਹ ਨੂੰ ਇਹ ਨਾ ਕਹਿਣ ਕਿ ਇਹ ਗ੍ਰੰਥ ਸਾਡੇ ਘਰ ਪਿਆ ਸੀ, ਸਾਡੇ ਵਡੇਰਿਆਂ ਨੇ ਸਾਂਭ ਕੇ ਰੱਖਿਆ ਸੀ। ਇਹ ਵਿਅਕਤੀ ਇਹ ਵੀ ਕਹਿੰਦਾ ਹੈ, ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਅੰਦਰ ਜ਼ੁਲਮ ਅਤੇ ਕੁਬੁਧਿ ਸ਼ਬਦ ਨਹੀਂ ਆਇਆ, ਤੇ ਨਾ ਹੀ ਨਸ਼ਿਆਂ ਵਿਰੁਧ ਕੁਝ ਲਿਖਿਆ ਹੋਇਆ ਹੈ, ਇਸ ਨਸ਼ਿਆਂ ਦਾ ਹਿਮਾਇਤੀ ਹੈ, ਤੇ ਕਹਿੰਦਾ ਹੈ ਜਿਹੜੇ ਲੋਕ ਨਸ਼ਿਆਂ ਦਾ ਵਿਰੋਧ ਕਰਦੇ ਹਨ, ਉਹ ਸਨਾਤਨੀ ਹਨ। ਗੁਰਬਾਣੀ ਨਸ਼ਿਆਂ ਦੇ ਖਿਲਾਫ ਨਹੀਂ ਬੋਲਦੀ। ਮਿਸ਼ਨਰੀ ਵੀ ਨਸ਼ਿਆਂ ਦੇ ਖਿਲਾਫ ਬੋਲਦੇ ਹਨ ਤੇ ਪੰਡਤ ਵੀ ਨਸ਼ਿਆਂ ਦੇ ਖਿਲਾਫ ਬੋਲਦੇ ਹਨ। ਇਹ ਕਹਿੰਦਾ ਹੈ, ਕਿ ਖੁਸ਼ੀ ਨਾਲ ਫੌਜ਼ੀ ਫੋਜ਼ ‘ਚ ਜਾਂਦਾ ਹੈ ਤੇ ਸਰਾਬ ਪੀ ਕੇ ਗੋਲੀ ਖਾਂਦਾ ਹੈ, ਤੇ ਕਹਿੰਦਾ ਹੈ ਨਸ਼ਾ ਉਹਦਾ ਡਰ ਲਾਹ ਦਿੰਦਾ ਹੈ। ਨਸ਼ਿਆਂ ਦੇ ਖਿਲਾਫ ਸੰਤ ਤੇ ਨਸ਼ਿਆਂ ਦੇ ਖਿਲਾਫ ਪੰਡਤ ਬੋਲਦੇ ਹਨ । ਨਸ਼ਾ ਮੌਤ ਤੋਂ ਨਿਰਭੈ ਕਰ ਦਿੰਦਾ ਹੈ। ਗੁਰਬਾਣੀ ਨਸ਼ਿਆਂ ਤੋਂ ਨਹੀਂ ਰੋਕਦੀ ਦੁਰਮਤ ਤੋਂ ਰੋਕਦੀ ਹੈ।

ਅੱਜ ਜਿਸ ਬਾਬੇ ਦੀ ਆਪਾਂ ਗਲ ਕਰ ਰਹੇ ਹਾਂ ਉਹ ਕੋਈ ਇੰਡੀਆ ਵਾਲਾ ਚੋਲੇ ਵਾਲਾ ਬਾਬਾ ਨਹੀਂ, ਸਗੋਂ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜ਼ਾਂ ਦਾ ਮੈਂਬਰ ਹੋਣ ਦਾ ਦਾਹਵੇਦਾਰ ਹੈ, ਜਿਸ ਦੇ ਨਾਮ ਨਾਲ ਇੱਕ ਵਾਰ ਨਹੀਂ, ਬਲਕਿ ਦੋ ਵਾਰ ਸਿੰਘ ਲੱਗਿਆ ਹੈ, ਧਰਮ ਸਿੰਘ ਨਿਹੰਗ ਸਿੰਘ ਪਰ ਕਾਰਨਾਮੇ ਬਹੁਤ ਹੀ ਘਟੀਆ ਕਰ ਰਿਹਾ ਹੈ । ਪਹਿਲੀ ਵਾਰ ਜੇਕਰ ਤੁਸੀਂ ਇਸ ਨਿਹੰਗ ਸਿੰਘ ਨੂੰ ਸੁਣੋਗੇ ਤਾਂ ਇਹੀ ਪ੍ਰਭਾਵ ਲਉਗੇ, ਕਿ ਇਹ ਵਿਅਕਤੀ ਮਾਨਸਿਕ ਰੋਗੀ ਹੈ, ਪਾਗਲ ਹੈ । ਪਰ ਨਹੀਂ ਇਸ ਦੇ ਪਿੱਛੇ ਇੱਕ ਸੰਸਥਾ ਵੀ ਹੈ, ਜਿਸ ਦੇ ਮੈਂਬਰ ਬਾਹਰਲੇ ਦੇਸਾਂ ‘ਚ ਹਨ ਤੇ ਪੰਜਾਬ ‘ਚ ਹੈਡਕੁਆਰਟਰ ਖੰਨੇ ‘ਚ ਹੈ । ਇਸ ਨੂੰ ਸੱਚ ਖੋਜ ਅਕੈਡਮੀ ਪਰਮੋਟ ਕਰ ਰਹੀ ਹੈ। ਮੈਨੂੰ ਲਗਦਾ ਹੈ ਕਿ ਇਹਨੂੰ ਪਰਮੋਟ ਕਰਨ ਵਾਲੇ ਵੀ ਝੱਲੇ ਹੀ ਹਨ ਨਹੀਂ, ਤੇ ਇਹੋ ਜਿਹੀਆਂ ਉਹ ਗੱਲਾਂ ਨਾ ਕਰਨ ਦਿੰਦੇ ਤੇ ਉਹਦੀਆਂ ਇਹ ਊਲ ਜਲੂਲ ਕਹੀਆਂ ਗੱਲਾਂ ਨੂੰ ਇੰਟਰਨੈਟ ਤੇ ਨਾ ਪਾਉਂਦੇ। ਇਹ ਨਿਹੰਗ ਸਿੰਘ ਟਰਾਂਟੋ ਕਨੇਡਾ ‘ਚ ਰਹਿੰਦਾ ਹੈ।

ਇਨ੍ਹਾਂ ਨੇ ਸੱਚ ਖੋਜ ਅਕੈਡਮੀ ਵੈਬਸਾਈਟ ਵੀ ਬਣਾਈ ਹੋਈ ਹੈ, ਜਿਸ ਤੇ 2800 ਤੋਂ ਉੱਪਰ ਵੀਡੀਓ ਪਾਏ ਗਏ ਹਨ। ਇਨ੍ਹਾਂ ਨੇ ਫੇਸਬੁੱਕ ਵੀ ਸੱਚ ਖੋਜ ਅਕੈਡਮੀ ਬੰਦ ਗਰੁੱਪ ਬਣਾਇਆ ਹੋਇਆ ਹੈ, ਮੈਂ ਵੀ ਦੋ ਕੁ ਮਹੀਨੇ ਅਣਜਾਨੇ ‘ਚ ਹੀ ਇਨ੍ਹਾਂ ਦੇ ਮੈਂਬਰਾਂ ਦੀ ਲਿਸਟ ‘ਸੀ ਪਰ ਮੈਂ ਇਨ੍ਹਾਂ ਦਾ ਲਿਟਰੇਚਰ ਜਾਂ ਆਡੀਓ ਵੇਡੀਓ ਨਹੀਂ ਦੇਖੀ ਸੀ, ਦੋ ਕੁ ਹਫਤੇ ਪਹਿਲਾਂ ਮੈਂ ਵੀ ਇਹ ਗਰੁਪ ਛੱਡ ਦਿੱਤਾ ਸੀ, ਉਸ ਵੇਲੇ ਤੱਕ ਵੀ ਮੈਂਨੂੰ ਇਹਨਾ ਬਾਰੇ ਕੋਈ ਜਾਣਕਾਰੀ ਨਹੀ ਸੀ ਪਰ 4 ਕੁ ਦਿਨ ਇਹਦੇ ਚੇਲੇ ਨੇ ਮੈਨੂੰ ਨਾਲ ਕੁਝ ਸਵਾਲ ਭੇਜੇ ਤਾਂ ਮੈਂ ਇਨ੍ਹਾਂ ਬਾਰੇ ਖੋਜ ਕੀਤੀ ਕਿ ਇਹ ਕਿਹੜਾ ਵਿਅਕਤੀ ਹੈ ਜੋ ਕਹਿ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਨਹੀਂ ਸੀ ਮਿਲੀ। ਇਨਾਂ ਬਾਰੇ ਹੋਰ ਖੋਜ ਕਰਨ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਹ ਦੂਜੇ ਲੋਕਾਂ ਵਾਂਗ ਗੁਰਬਾਣੀ ਦੇ ਸ਼ਬਦੀ ਅਰਥ ਨਹੀਂ ਕਰਦੇ ਇਹ ਗੁਰਬਾਣੀ ਖੋਜ਼ਦੇ ਹਨ, ਜਿਸ ਦੀ ਖੋਜ ਕਰਕੇ ਇਹ ਨਿਹੰਗ ਕਹਿ ਰਿਹਾ ਹੈ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸੇ ਗ੍ਰੰਥ ਦਾ ਪ੍ਰਕਾਸ਼ ਕੀਤਾ ਹੀ ਨਹੀਂ, ਕੀ ਲੋੜ ਸੀ ਉਹਨਾਂ ਨੂੰ ਪ੍ਰਕਾਸ਼ ਕਰਨ ਦੀ?  ਇਹ ਨਿਹੰਗ ਗੁਰੂ ਸਾਹਿਬ ਬਾਰੇ ਵੀ ਖੁਸ਼ਕ ਜਿਹੀ ਬੋਲੀ ਬੋਲਦਾ ਹੈ, ਤੇ ਕਹਿੰਦਾ ਹੈ ਕਿ ਦੇਹ ਅੱਗੇ ਅਰਦਾਸ ਕਰੀ ਜਾਂਦੇ ਹਨ, ਇਹ ਇਤਰਾਜ਼ ਕਰਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਅਰਦਾਸ ਸਮੇਂ ਗੁਰੂ ਰਾਮ ਦਾਸ (ਗੁਰੁ ਤਾਂ ਮੈਂ ਲਿਖ ਦਿੱਤਾ ਇਹ ਤਾਂ ਇਕੱਲਾ ਰਾਮ ਦਾਸ ਹੀ ਕਹਿੰਦਾ ਹੈ) ਦਾ ਨਾਮ ਕਿਉਂ ਲਿਆ ਜਾਂਦਾ ਹੈ । ਉਨ੍ਹਾਂ ਦਾ ਨਾਮ ਲੈਣ ਨੂੰ ਇਹ ਦੇਹ ਅੱਗੇ ਅਰਦਾਸ ਕਰਨਾ ਕਹਿੰਦਾ ਹੈ।

ਸਿੱਖ ਕੌਮ ਦੀ ਇਹ ਤਰਾਸਦੀ ਰਹੀ ਹੇ ਕੇ ਇਸ ਨੂੰ ਬਾਹਰਲੇ ਦੁਸਮਣਾ ਦੇ ਨਾਲ ਨਾਲ ਅੰਦਰਲੇ ਦੁਸ਼ਮਣਾਂ ਨਾਲ ਵੀ ਲੜਣਾ ਪੈਂਦਾ ਰਿਹਾ ਹੈ । ਸਾਡੇ ਬਾਹਰਲੇ ਦੁਸਮਣਾ ਦਾ ਤਾਂ ਫਿਰ ਵੀ ਪਤਾ ਹੁੰਦਾ ਹੈ, ਜਿਨ੍ਹਾਂ ਤੋਂ ਸੁਚੇਤ ਹੋਇਆ ਜਾ ਸਕਦਾ ਹੈ, ਪਰ ਸਿੱਖ ਕੌਮ ਦੇ ਅੰਦਰ ਹੀ ਸਿੱਖੀ ਭੇਸ ‘ਚ ਛਿਪੇ ਦੁਸ਼ਮਣਾ ਤੋਂ ਕਈ ਵਾਰ ਪਤਾ ਹੀ ਨਹੀਂ ਚੱਲਦਾ, ਤੇ ਉਹ ਸਿੱਖੀ ਨੂੰ ਅੰਦਰੋਂ ਖੋਖਲਾ ਕਰਨ ਦੀਆਂ ਚਾਲਾਂ ਚੱਲਦੇ ਰਹਿੰਦੇ ਹਨ ਤੇ ਕਈ ਵਾਰ ਵਾਰ ਇਨ੍ਹਾਂ ਬਾਰੇ ਜਦ ਪਤਾ ਲਗਦਾ ਹੈ, ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸਦੀਆਂ ਤੱਕ ਸਿੱਖੀ ਤੇ ਹਮਲਾ ਸਰੀਰਕ ਤੌਰ ਤੇ ਹੁੰਦਾ ਰਿਹਾ, ਜਿਸ ਨਾਲ ਕੌਮ ਵਿੱਚ ਸ਼ਹੀਦਾਂ ਦੀ ਇੱਕ ਲਾਈਨ ਲੱਗ ਚੁੱਕੀ ਹੈ, ਪਰ 1984 ਤੋਂ ਜਿਹੜਾ ਹਮਲਾ ਸਿੱਖੀ ਤੇ ਹੁੰਦਾ ਆਇਆ ਹੈ, ਸਰੀਰਕ ਤੌਰ ਤੇ ਵੀ ਲੱਖ ਤੋਂ ਉੱਪਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ, ਪਰ ਫਿਰ ਵੀ ਸਿੱਖਾਂ ਦਾ ਹੌਸਲਾ ਪਸਤ ਨਹੀਂ ਹੋ ਸਕਿਆ, ਤਾਂ ਸਿੱਖੀ ਵਿਰੋਧੀਆਂ ਦਾ ਹਮਲਾ ਸਿੱਖ ਸਿਧਾਂਤ 'ਤੇ ਜਿਆਦਾ ਜ਼ੋਰ ਸ਼ੋਰ ਨਾਲ ਕਈ ਫਰੰਟਾਂ ਤੋਂ ਕੀਤਾ ਜਾ ਚੁੱਕਾ ਹੈ।

ਨਿੱਕਰਧਾਰੀਆਂ ਦਾ ਲੰਬੇ ਸਮੇਂ ਤੋਂ ਹੀ ਜੋਰ ਲੱਗਿਆ ਹੋਇਆ ਹੈ, ਕਿ ਹਿੰਦੋਸਤਾਨ ਦੀ ਧਰਤੀ ਤੇ ਪੈਦਾ ਹੋਏ ਦੁਜੇ ਧਰਮਾਂ ਬੁੱਧ ਅਤੇ ਜੈਨ ਧਰਮ ਵਾਂਗ ਸਿੱਖ ਧਰਮ ਨੂੰ ਵੀ, ਹਿੰਦੂ ਧਰਮ ‘ਚ ਹੀ ਜਜ਼ਬ ਕੀਤਾ ਜਾ ਸਕੇ। ਬਿਪਰਵਾਦ ਨੇ ਅਜੇ ਵੀ ਖੁੱਲ੍ਹੇ ਦਿਲ ਨਾਲ ਸਿੱਖ ਧਰਮ ਨੂੰ ਵੱਖਰਾ ਧਰਮ ਨਹੀਂ ਮੰਨਿਆਂ, ਜਿਸ ਕਰਕੇ ਸਵਿਧਾਨ ਬਨਾਉਣ ਲੱਗਿਆਂ ਕਾਨੂੰਨੀ ਤੌਰ ਤੇ ਵੀ ਸਿੱਖਾਂ ਨੂੰ ਹਿੰਦੂ ਐਕਟ ਨਾਲ ਹੀ ਨਰੜ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਸਵਿਧਾਨ ਘੱੜਨੀ ਸਭਾ ਦੇ ਦੋਹਾਂ ਅਕਾਲੀ ਮੈਂਬਰਾਂ ਨੇ ਸਵਿਧਾਨ ਦੇ ਖਰੜੇ ਉਪਰ ਆਪਣੇ ਦਸਤਖਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਬਿਪਰਵਾਦ ਨੇ ਜਦ ਤੋਂ ਬਾਦਲ ਨਾਲ ਸਾਂਝ ਪਾਈ ਹੈ ਉਨ੍ਹਾਂ ਨੇ ਆਪਣੇ ਸਿੱਖੀ ਵਿਰੋਧੀ ਏਜੰਡੇ ਤੇ ਆਪਣੇ ਯਤਨ ਹੋਰ ਤੇਜ਼ ਕਰ ਦਿੱਤੇ ਹਨ । ਇੱਕ ਪਾਸੇ ਇਨ੍ਹਾਂ ਦੀ ਸਾਂਝ ਬਾਦਲ ਪਰੀਵਾਰ ਨਾਲ ਹੈ, ਤੇ ਦੁਜੇ ਪਾਸੇ ਡੇਰੇਦਾਰਾਂ ਨਾਲ ਸਾਂਝ ਪਾ ਕੇ ਗੁਰੂ ਸਾਹਿਬਾਨ ਨਾਲੋਂ ਸ੍ਰੀ ਚੰਦ ਨੂੰ ਜਿਆਦਾ ਮਹੱਤਤਾ ਦੇ ਕੇ ਇਸ ਏਜੰਡੇ ਨੂੰ ਡੇਰੇਦਾਰਾਂ ਰਾਹੀਂ ਲਾਗੂ ਕਰਵਾ ਰਹੇ ਹਨ। ਪਿਛਲੇ ਸਾਲ ਜਿਸ ਤਰ੍ਹਾਂ ਪਹਿਲੀ ਵਾਰ ਸਰਕਾਰੀ ਛੁੱਟੀ ਕਰਕੇ ਅਤੇ ਜਥੇਦਾਰਾਂ ਨੇ ਬਾਬਾ ਸ੍ਰੀ ਚੰਦ ਦਾ ਜਨਮ ਦਿਨ ਮਨਾਉਣ ਵਾਲੇ ਜਸ਼ਨਾ ‘ਚ ਭੇਜ ਕੇ ਨਿੱਕਰਧਾਰੀਆਂ ਨੇ ਆਪਣੇ ਮਨਸੂਬੇ ‘ਚ ਕਾਮਯਾਬੀ ਹਾਸਿਲ ਕੀਤੀ ਹੈ ਤੇ ਅਸੀਂ ਅਜੇ ਵੀ ਜਾਗੇ ਤਾਂ ਬਾਹੁਤ ਦੇਰ ਹੋ ਜਾਵੇਗੀ।

ਜਦ ਸ਼ਰੋਮਣੀ ਅਕਾਲੀ ਪਾਰਟੀ ਬਣੀ ਸੀ ਉਸ ਤੋਂ ਇੱਜ ਮਹੀਨਾ ਪਹਿਲਾਂ ਸਿੱਖ ਪਾਰਲੀਮੈਂਟ ਹੋਂਦ ‘ਚ ਲਿਆਂਦੀ ਗਈ ਸੀ ਤੇ ਇਸ ਧਾਰਮਿਕ ਪਾਰਟੀ ਨੇ ਹੀ ਸਿੱਖਾਂ ਦੇ ਸਿਆਸੀ ਉਦੇਸ਼ ਲਈ ਸਿਆਸੀ ਪਾਰਟੀ ਵੀ ਬਣਾਈ ਜਿਸ ਦਾ ਧਰਮ ਤੇ ਕੁੰਡਾ ਸੀ ਇਸ ਪਾਰਟੀ ਦਾ ਮੈਂਬਰ ਸਿੱਖ ਹੀ ਬਣ ਸਕਦਾ ਸੀ ਉਸ ਸਮੇਂ ਸਿੱਖ ਕਹਿ ਸਕਦੇ ਹਨ ਕਿ ਉਨ੍ਹਾਂ ਦਾ ਧਰਮ ਤੇ ਸਿਆਸਤ ਇਕੱਠੇ ਹਨ ਪਰ 1995 ਵਿਚ ਇਹ ਪੰਥ ਨਾ ਰਹਿ ਕੇ ਪੰਜਾਬੀ ਪਾਰਟੀ ਬਣ ਗਈ ਤਾਂ ਇਸ ਕੋਲ ਧਾਰਮਿਕ ਅਗਵਾਈ ਕਰਨ ਦਾ ਕੋਈ ਅਧਾਰ ਨਹੀਂ ਰਹਿ ਜਾਂਦਾ। ਹੁਣ ਬਾਦਲ ਦਲ ‘ਚ ਸਭ ਧਰਮਾਂ ਦੇ ਮੈਂਬਰ ਸ਼ਾਮਿਲ ਹਨ ਤੇ ਦੂਜੇ ਧਰਮਾਂ ਨੂੰ ਖੁਸ਼ ਕਰਨ ਲਈ ਤੇ ਰਾਜਨੀਤਕ ਲਾਹਾ ਲੈਣ ਲਈ ਬਾਦਲ ਸਿੱਖ ਧਰਮ ਨੂੰ ਹੀ ਦਾਅ ਤੇ ਲਾਉਂਦਾ ਆ ਰਿਹਾ ਹੈ। ਅੱਜ ਸਿੱਖ ਧਰਮ ਤੇ ਸਿਆਸਤ ਨੂੰ ਵੱਖ ਵੱਖ ਕਰਨ ਦੀ ਲੋੜ ਹੈ ਤਾਂ ਕਿ ਸਿਆਸੀ ਲੋਕ ਆਪਣੇ ਸੌੜੇ ਮੰਤਵਾਂ ਲਈ ਧਰਮ ਦੀ ਬਲੀ ਨਾ ਦੇ ਸਕਣ ਤੇ ਇਨ੍ਹਾਂ ਦੋਹਾਂ ਦੇ ਅਧਿਕਾਰ ਖੇਤਰ ਅਲੱਗ ਅਲੱਗ ਹੋਣੇ ਚਾਹੀਦੇ ਹਨ। ਸਿੱਖ ਰਾਜਸੀ ਪਾਰਟੀਆਂ ਲਈ ਸਿਆਸਤ ਅਤੇ ਧਰਮ ਦੇ ਖੇਤਰ ਦੀ ਲਕੀਰ ਸਪੱਸ਼ਟ ਖਿੱਚੀ ਹੋਣੀ ਚਾਹੀਦੀ ਹੈ ਤਾਂ ਕਿ ਸਿਆਸਤ ਧਰਮ ਵਿੱਚ ਬੇਲੋੜਾ ਦਖਲ ਨਾ ਦੇ ਸਕੇ।ਇੱਕ ਵਿਅਕਤੀ ਜਾਂ ਤਾਂ ਵਿਧਾਇਕ ਹੋਵੇ ਜਾਂ ਸ਼ਰੋਮਣੀ ਕਮੇਟੀ ਮੈਂਬਰ।ਇਹ ਦੋਵੇਂ ਆਹੁਦੇ ਇੱਕ ਵਿਅਕਤੀ ਨੂੰ ਨਹੀਂ ਮਿਲਣੇ ਚਾਹੀਦੇ।

ਜੇਕਰ ਇਹ ਸਿਰਫ ਇੱਕ ਵਿਅਕਤੀ ਕੋਈ ਇਹੋ ਜਿਹਾ ਬਿਆਨ ਦੇ ਜਾਂਦਾ ਤਾਂ ਅਸੀਂ ਸਮਝ ਸਕਦੇ ਕਿ ਉਹ ਮਾਨਸਿਕ ਰੋਗੀ ਹੋਵੇਗਾ ਤੇ ਉਸ ਨਾਲ ਹਮਦਰਦੀ ਕਰਦਿਆ ਉਸ ਦਾ ਇਲਾਜ਼ ਕਰਾਉਣ ਦੀ ਕੋਸ਼ਿਸ਼ ਕਰਦੇ ਪਰ ਇਥੇ ਤਾਂ ਇਸ ਦੇ ਪਿਛੇ ਪੂਰੀ ਸੰਸਥਾ ਹੈ ਜਿਹੜੀ ਉਹਨੂੰ ਪਰਮੋਟ ਕਰ ਰਹੀ ਹੈ।ਉਸ ਸੰਸਥਾ ਦਾ ਨਾਮ ਤਾਂ ਭਾਵੇਂ ਸੱਚ ਖੋਜ ਅਕਾਡਮੀ ਰੱਖਿਆ ਹੈ ਪਰ ਇਨ੍ਹਾਂ ਦੇ ਕਾਰੇ ਦੇਖ ਤਾਂ ਕੂੜ ਖੋਜ਼ ਅਕਾਡਮੀ ਕਹਿਣ ਨੂੰ ਦਿਲ ਕਰਦਾ ਹੈ। ਅੱਜ ਲੋੜ ਹੈ ਕਿ ਸਿੱਖ ਕੌਮ ਵਿੱਚ ਪੈ ਰਹੀਆਂ ਵੰਡੀਆਂ ਨੂੰ ਘਟਾਇਆ ਜਾਵੇ ਅਤੇ ਕੌਮ ਦੇ ਮਸਲਿਆਂ ਦੇ ਸਾਰਥਿਕ ਹੱਲ ਲੱਭਣ ਲਈ ਸਿੱਖ ਕੌਮ ਦੇ ਲੀਡਰਾਂ ਤੇ ਵਿਦਵਾਨਾ ਨੂੰ ਸਿਰ ਜੋੜਣ ਦੀ ਲੋੜ ਹੈ। ਇਹ ਤਾਂ ਦਸਮ ਗ੍ਰੰਥ ਦੇ ਹਿਮਾਇਤੀਆਂ ਨੂੰ ਵੀ ਪਤਾ ਹੈ ਕਿ ਸਾਰਾ ਗ੍ਰੰਥ ਗੁਰੂ ਦੀ ਕ੍ਰਿਤ ਨਹੀਂ ਹੋ ਸਕਦਾ ਪਰ ਸਵਾਲ ਧੜੇ ਦਾ ਬਣ ਚੁਕਿਆ ਹੈ ਤੇ ਮੈ ਨਾ ਮਾਨੁੰ ਦੀ ਰਟ ਲਾਈ ਜਾ ਰਹੀ ਹੈ। ਸ਼ਰੋਮਣੀ ਕਮੇਟੀ ਤੇ ਅਸੰਬਲੀ ਦੀ ਚੋਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਨੇ ਦਸਮ ਗ੍ਰੰਥ ਵਿਰੋਧੀ ਅਤੇ ਹਮਾਇਤੀਆਂ ਨੂੰ ਕਿਸੇ ਵੀ ਸੂਰਤ ‘ਚ ਇਕੱਠੇ ਨਹੀਂ ਹੋਣ ਦੇਣਾ।

ਜਿਨ੍ਹਾਂ ਚਿਰ ਦੋਵੇਂ ਧਿਰਾਂ ਇਸ ਮਸਲੇ ਲਈ ਰਲਕੇ ਕੋਸ਼ਿਸ਼ ਨਹੀਂ ਕਰਦੀਆਂ ਇਹ ਮਲਸਾ ਸੁਲਗਦਾ ਰਹੇਗਾ ਤੇ ਬਾਦਲ ਵੀ ਇਹੀ ਚਾਹੁੰਦਾ ਹੈ ਹੋਰ ਉਹਨੂੰ ਧ੍ਰਮ ਨਾਲ ਕੋਈ ਮਤਲਬ ਨਹੀਂ, ਉਹਨੂੰ ਸਿਰਫ ਸਿਆਸੀ ਲਾਹਾ ਹੀ ਚਾਹੀਦਾ ਹੈ। ਜੇਕਰ ਸਾਰੇ ਹੀ ਗੁਰੂ ਨਾਨਕ ਜੀ ਦੇ ਸਿੱਖ ਹੋ ਤੇ ਦਸ਼ਮੇਸ਼ ਪਿਤਾ ਦੇ ਪੁੱਤਰ ਅਖਵਾ ਕੇ ਮਾਨ ਮਹਿਸੂਸ ਕਰਦੇ ਹੋ, ਫਿਰ ਇਹ ਫਰਕ ਮਿਟਾਉਣ ਲਈ ਇਕੱਠੇ ਹੋਣ ਦੇ ਯਤਨ ਕਿਉਂ ਨਹੀਂ ਕਰਦੇ। ਅੱਜ ਲੋੜ ਹੈ ਸਮੇਂ ਦੀ ਧਾਰਮਿਕ ਲੀਡਰਸ਼ਿਪ ਆਪਣਾ ਫਰਜ਼ ਸਮਝਦਿਆਂ, ਇਹੋ ਜਿਹੇ ਵਿਅਕਤੀ ਜਿਹੜੇ ਸਿੱਖੀ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਸ ਦਾ ਸਖਤ ਨੋਟਿਸ ਲਵੇ ਤਾਂ ਕਿ ਹਰ ਕੋਈ ਉਠ ਕੇ ਆਪਣੀ ਸਿਆਣਪ ਘੋਟਦਿਆਂ, ਸਿੱਖੀ ਤੇ ਇਸ ਤਰ੍ਹਾਂ ਦੇ ਹਮਲੇ ਕਰਨ ਦੀ ਜੁਅਰਤ ਨਾ ਕਰ ਸਕੇ। ਪਰ ਇਸ ਤਰ੍ਹਾਂ ਨਹੀਂ ਹੋਵੇਗਾ, ਪਿਛਲੇ ਦੋ ਸਾਲ ਦਾ ਧਾਰਮਿਕ ਲਡਿਰਸ਼ਿਪ ਦਾ ਰਿਕਾਰਡ ਦੇਖਦਿਆਂ ਤਾਂ ਇੰਜ ਲੱਗਦਾ ਹੈ ਧਰਮ ਸਿੰਘ ਨਿਹੰਗ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਸਨਮਾਨਿਤ ਕਰਨਗੇ।

ਜਸਵਿੰਦਰ ਸਿੰਘ ਮੁੱਦਕੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top