Share on Facebook

Main News Page

ਪੰਜਾਬ ਫੇਰੀ ਸਮੇਂ ਬੇਰੀ ਚੋਂ ਖੂਨ ਨਿਕਲਦਾ ਅੱਖੀਂ ਦੇਖਿਆ

ਕਾਫੀ ਸਾਲਾਂ ਬਾਅਦ ਸਬੱਬ ਬਣਿਆਂ ਤੇ ਮੈਂ ਪੰਜਾਬ ਦੀ ਧਰਤੀ ਤੇ ਜਾਣ ਲਈ ਉਤਾਵਲਾ ਹੋ ਉਠਿਆ। ਗੱਲ ਕੁੱਝ ਇਸ ਤਰਾਂ ਬਣੀ ਕਿ ਮੇਰੀ ਭਾਣਜੀ ਦੇ ਵਿਆਹ ਦਾ ਸੁਨੇਹਾ ਆ ਗਿਆ, ਉਸ ਦਾ ਕਹਿਣਾ ਸੀ ਕਿ ਤੁਸੀਂ ਵਿਆਹ ਤੇ ਜਰੂਰ ਪਹੁੰਚਣਾ ਹੈ। ਅਗਸਤ ਦੇ ਆਖਰੀ ਹਫਤੇ ਦਾ ਵਿਆਹ ਸੀ। ਮੈਂ 21ਅਗਸਤ 2010 ਨੂੰ ਚਲਾ ਗਿਆ। ਫਲਾਈਟ 11 ਵਜੇ ਰਾਤ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੀ। ਸਾਨੂੰ ਅੰਮਿਤ੍ਰਸਰ ਏਅਰਪੋਰਟ ਤੋਂ ਸ੍ਰ. ਧਨਵੰਤ ਸਿੰਘ ਸੰਧੂ ਦੀ ਬੇਟੀ ਤੇ ਭਾਬੀ ਜੀ ਲੈਣ ਆਏ ਹੋਏ ਸਨ। ਅਸੀਂ ਘਰ ਪਹੁੰਚ ਕੇ ਜਲਦੀ-ਜਲਦੀ ਸਮਾਨ ਰੱਖ ਕੇ, ਸ੍ਰੀ ਦਰਬਾਰ ਸਾਹਿਬ ਨੂੰ ਚੱਲ ਪਏ। ਤਕਰੀਬਨ ਸਵੇਰੇ ਤਿੰਨ ਵਜੇ ਅਸੀਂ ਪਹੁੰਚੇ ਤੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਅੰਦਰ ਬੈਠ ਗਏ, ਰਸਭਿੰਨਾਂ ਕੀਰਤਨ ਚੱਲ ਰਿਹਾ ਸੀ। ਅਸੀਂ ਤਕਰੀਬਨ ਛੇ ਵਜੇ ਤੱਕ ਗੁਰੂ ਕੀ ਬਾਣੀ ਦਾ ਅਨੰਦ ਮਾਣਿਆ। ਫਿਰ ਅਸੀਂ ਸ੍ਰ. ਧਨਵੰਤ ਸਿੰਘ ਸੰਧੂ ਹੋਰਾਂ ਦੇ ਘਰ ਵਾਪਿਸ ਆ ਗਏ, ਅਤੇ ਚਾਹ ਪਾਣੀ ਦਾ ਸਵਾਦ ਮਾਣ ਹੀ ਰਹੇ ਸੀ, ਕਿ ਮੇਰੀ ਭੈਣਜੀ ਅਤੇ ਭਾਣਜੀ ਦਾ ਫੋਨ ਆ ਗਿਆ ਕੇ ਸਾਨੂੰ ਲੈਂਣ ਲਈ ਪਹੁੰਚ ਰਹੇ ਹਨ। ਮੈਂ ਉਨ੍ਹਾਂ ਨਾਲ ਚਲ ਪਿਆ ਅਸੀਂ ਸਾਰੇ ਜਾਣੇਂ ਬਾਬਾ ਬੁੱਢਾ ਜੀ ਅਤੇ ਸੰਨ ਸਾਹਿਬ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਲੋਹੀਆਂ ਖਾਸ ਆਣ ਪਹੁੰਚੇ। ਵਿਆਹ ਦੇਖਿਆ ਅਤੇ ਅੱਜ ਕੱਲ ਵਿਆਹਵਾਂ ਤੇ ਜੋ ਕੁੱਝ ਵੀ ਖੇਖਨ ਹੁੰਦੇ ਹਨ, ਦੇਖੇ। ਅਤੇ ਫਿਰ ਆਪਣੇ ਕੁਝ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲਣਾ ਸ਼ੁਰੂ ਕੀਤਾ। ਪਟਿਆਲੇ ਦੀ ਸੈਰ, ਜੋ ਕੇ ਜਰੂਰੀ ਸੀ ਦੋਸਤਾਂ ਨੂੰ ਮਿਲਣ ਤੋਂ ਇਲਾਵਾ ਗੁਰਮਤਿ ਕਾਲਿਜ ਵੀ ਜਾਣਾ ਸੀ ਅਤੇ ਦੂਖਨਿਵਾਰਨ ਵੀ ਜਾਣਾ ਸੀ, ਕਿਉਂਕਿ ਪਟਿਆਲੇ ਜਾਣਾ ਹੋਵੇ ਤਾਂ ਗੁਰੂ ਘਰ ਨਾ ਜਾਵੋ, ਤਾਂ ਫਿਰ ਪਟਿਆਲੇ ਜਾਣ ਦਾ ਕੀ ਫਾਇਦਾ।

ਗੁਰਮਤਿ ਕਾਲਿਜ ਵਿੱਚ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆਂ ਤੇ ਸੀਤਲ ਢਾਬੇ ਤੋਂ ਪ੍ਰਸ਼ਾਦਾ ਛੱਕ ਕੇ ਵਾਪਿਸ ਆ ਗਏ। ਫਿਰ ਇਕ ਦਿਨ ਮੇਰੇ ਭੈਣ ਜੀ ਕਹਿਣ ਲਗੇ, ਕਿ ਚੱਲ ਬੇਰ ਸਾਹਿਬ ਸੁਲਤਾਨਪੁਰ ਮੱਥਾ ਟੇਕ ਆਈਏ। ਦੋ ਸਤੰਬਰ ਨੂੰ ਅਸੀਂ ਸਵੇਰੇ ਸਵੇਰੇ ਹੀ ਚੱਲ ਪਏ ਅਤੇ ਗੁਰੂ ਘਰ ਪਹੁੰਚ ਕੇ ਮੱਥਾ ਟੇਕ ਗੁਰਬਾਣੀ ਜਸ ਸਰਵਨ ਕਰਨ ਬੈਠ ਗਏ। ਕੁੱਝ ਚਿਰ ਮਗਰੋਂ ਅਸੀਂ ਉਠੇ ਅਤੇ ਗੁਰੂ ਨਾਨਕ ਸਾਹਿਬ ਦੀ ਛੋਹ ਪ੍ਰਾਪਤ ਬੇਰੀ ਵੱਲਦੀ ਵੇਂਈ ਨੂੰ ਵੇਖਣ ਲਈ ਜਾਣ ਹੀ ਲੱਗੇ ਸੀ (ਕਿਉਂਕਿ ਪਤਾ ਲੱਗਾ ਸੀ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੇ ਉਸ ਵੇਂਈ ਦਾ ਕਾਫੀ ਸੁਧਾਰ ਕੀਤਾ ਹੈ)। ਹਾਲੇ ਉਸ ਪਾਸੇ ਦੀਆਂ ਪੌੜੀਆਂ ਚੜੇ ਹੀ ਸੀ ਕਿ ਇੱਕ ਅਵਾਜ਼ ਕੰਨੀਂ ਪਈ ਕੇ ਬੇਰੀ ਵਿੱਚੋਂ ਖੂਨ ਨਿਕਲ ਰਿਹਾ ਹੈ। ਮੈਂ ਇੱਕ ਦਮ ਪਿਛੇ ਨੂੰ ਭੱਜਿਆ ਕੇ ਵੇਖਾਂ ਤਾਂ ਸਹੀ ਕਿ ਇਹ ਕੀ ਮਾਜਰਾ ਹੈ। ਜਦ ਓਥੇ ਪਹੁੰਚਿਆ ਤਾਂ ਇਕ ਬੀਬੀ ਜਿਸ ਨੇ ਖੁਦ ਗਾਤਰਾ ਪਹਿਨਿਆ ਹੋਇਆ ਸੀ, ਹੱਥ ਜੋੜ ਕੇ ਖੜੀ ਕਹਿ ਰਹੀ ਸੀ, ਵਾਹਿਗੁਰੂ ਭਲੀ ਕਰੇ ਦੁਨੀਆਂ ਤੇ ਭਾਰੀ ਹੈ। ਅਤੇ ਉਸ ਬੀਬੀ ਨੇਂ ਮੈਨੂੰ ਦੇਖਾਇਆ ਕਿ ਦੇਖੋ ਬੇਰੀ ਚੋਂ ਖੂਨ ਨਿਕਲ ਰਿਹਾ ਹੈ। ਉਹ ਆਪ ਉਸ ਥਾਂ ਖੜੀ ਸੀ ਜਿਥੇ ਬੇਰੀ ਚੋਂ ਤੁਬਕੇ ਡਿੱਗੇ ਹੋਏ ਸਨ। ਮੈਂ ਉਸ ਬੀਬੀ ਨੂੰ ਪੁਛਿਆ ਕੇ ਇਹ ਤਾਂ ਖੂਨ ਨਹੀ ਲੱਗਦਾ ਤਾਂ ਕਹਿੰਦੀ, ਨਹੀਂ ਭਾਈ ਇਹ ਖੂਨ ਹੀ ਹੈ, ਅੱਗੇ ਵੀ ਜਦੋਂ ਕਿਤੇ ਦੁਨੀਆਂ ਤੇ ਭਾਰੀ ਹੁੰਦੀ ਹੈ ਤਾਂ ਇਥੋਂ ਖੂਨ ਨਿਕਲਣ ਲੱਗ ਪੈਂਦਾਂ ਹੈ। ਅਤੇ ਉਸ ਨੇ ਇੱਕ ਓਥੇ ਖੜੇ ਸੇਵਾਦਾਰ ਨੂੰ ਕਿਹਾ ਕੇ ਜਲਦੀ-ਜਲਦੀ ਇਸ ਨੂੰ ਸੁੱਚੇ ਕਪੜੇ ਨਾਲ ਸਾਫ ਕਰ ਦੇਹ। ਮੈਂ ਹਾਲੇ ਸੋਚ ਹੀ ਰਿਹਾ ਸੀ ਕੇ ਕੀ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਬੇਰੀ ਵਿੱਚੋਂ ਖੂਨ ਨਿਕਲ ਆਵੇ। ਏਨੇ ਨੂੰ ਉਸ ਸੇਵਾਦਾਰ ਨੇ ਫਟਾ ਫਟ ਖੂਨ ਨੂੰ ਸਾਫ ਕਰ ਦਿਤਾ।

ਪਰ ਮੈਂ ਉਸ ਜਗਾ ਕੁੱਝ ਚਿਰ ਰੁੱਕ ਕੇ ਸਾਰਾ ਕੁੱਝ ਦੇਖ ਕੇ ਆਪਣੇ ਮਨ ਨਾਲ ਵਿਚਾਰ ਕੀਤਾ, ਕਿ ਉਹ ਖੂਨ ਨਹੀਂ ਬੇਰੀ ਵਿੱਚੋਂ ਗੁਲਾਬੀ ਰੰਗ ਦਾ ਪਾਣੀ ਚੋ ਰਿਹਾ ਸੀ, ਜੋ ਕਿ ਅਕਸਰ ਹੀ ਰੁੱਖਾਂ ਵਿੱਚੋਂ ਜਿਥੋਂ ਰੁੱਖ ਨੂੰ ਕੱਟਿਆ ਹੋਇਆ ਹੋਵੇ, ਓਥੋਂ ਇਹ ਪਾਣੀ ਨਿਕਲਣ ਲੱਗ ਪੈਂਦਾ ਹੈ। ਬੇਰੀ ਦਾ ਆਪਣਾ ਅੰਦਰੂਨੀ ਰੰਗ ਵੀ ਥੋੜਾ ਗੁਲਾਬੀ ਹੁੰਦਾਂ ਹੈ। ਮੈਂ ਸੋਚਦਾ ਹਾਂ ਕਿ ਜਿਸ ਅਸਥਾਨ ਤੋਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇਂ ਵਹਿਮਾਂ ਭਰਮਾਂ ਤੋ ਮੁਕਤ ਹੋਣ ਦਾ ਸੁਨੇਹਾ ਦਿਤਾ ਸੀ, ਓਸੇ ਸ਼ਹਿਰ ਵਿੱਚ ਰਹਿ ਕੇ ਕਾਜ਼ੀਆਂ ਪੰਡਿਤਾਂ ਨੂੰ ਸਿੱਧਾ ਰਸਤਾ ਦਿਖਾਇਆ, ਓਸੇ ਜਗ੍ਹਾ ਤੇ ਅੱਜ ਅਸੀਂ ਓਸ ਨਾਨਕ ਪਾਤਸ਼ਾਹ ਦੀ ਬੰਦਗੀ ਵਾਲੇ ਅਸਥਾਨ ਤੇ ਹੀ ਕਿਨੇ ਵਹਿਮਾਂ ਵਿੱਚੋਂ ਦੀ ਲੰਘ ਰਹੇ ਹਾਂ, ਅਤੇ ਲੋਕਾਂ ਨੂੰ ਗਲਤ ਪ੍ਰਚਾਰ ਰਾਹੀਂ ਸਿੱਖੀ ਤੋਂ ਦੂਰ ਕਰ ਰਹੇ ਹਾਂ। ਲੋੜ ਹੈ ਸਿੱਖਾਂ ਨੂੰ ਜਾਗਰੂਕ ਹੋਣ ਦੀ, ਜਿਸ ਨਾਲ ਸਿੱਖੀ ਤੋਂ ਕੋਹਾਂ ਦੂਰ ਜਾ ਰਹੇ ਸਿੱਖਾਂ ਨੂੰ ਸਹੀ ਰਸਤਾ ਦਿਖਾਇਆ ਜਾਵੇ। ਇਸੇ ਹੀ ਤਰਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੁਨਣ ਵਿੱਚ ਆਉਂਦੀਆਂ ਹਨ, ਜੋ ਕਿ ਬਹੁਤੇ ਭੇਖ ਹੀ ਹੁੰਦੇ ਹਨ ਅਤੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਸਾਨੂੰ ਲੋੜ ਹੈ ਜਾਗਰੂਕ ਹੋਣ ਦੀ ਅਤੇ ਗੁਰਬਾਣੀ ਅਨੁਸਾਰ ਜੀਵਨ ਜੀਊਣ ਦੀ, ਨਾ ਕਿ ਵਹਿਮਾਂ ਵਿੱਚ ਪੈ ਕੇ ਗਲਤ ਰਸਤੇ ਤੇ ਚਲਣ ਦੀ।

ਲਖਵਿੰਦਰ ਸਿੰਘ
ਡੇਟਨ ਓਹਾਇਓ
513-300-4020


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top