Share on Facebook

Main News Page

ਆਨੰਦ ਕਾਰਜ ਅਤੇ ਦਿਸ਼ਾਵਾਂ

ਸਿੱਖ ਰਹਿਤ ਮਰਿਯਾਦਾ ਵਿੱਚ ਇੱਕ ਸਿੱਖ ਦੇ ਜੀਵਨ ਵਿਵਹਾਰ ਬਾਰੇ ਕੁੱਝ ਰਹਿਤੀ ਦਿਸ਼ਾ ਨਿਰਦੇਸ਼ ਹਨ, ਜਿਨ੍ਹਾਂ ਵਿੱਚ ਆਨੰਦ ਕਾਰਜ ਦਾ ਤਰੀਕਾ ਵੀ ਇੱਕ ਵਿਸ਼ਾ ਹੈ। ਇਸ ਬਾਰੇ ਕਈ ਸੱਜਣਾਂ ਦਾ ਵਿਚਾਰ ਹੈ, ਕਿ ਆਨੰਦ ਕਾਰਜ ਵੇਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੂਆਲੇ ਲਾਵਾਂ ਦੇ ਰੂਪ ਵਿੱਚ ਚਾਰ ਵਾਰੀ ਪਰਿਕ੍ਰਮਾ ਕਰਨੀ, ਸਾਨੂੰ ਹਿੰਦੂ ਮਤਿ ਨਾਲ ਜੋੜਦੀ ਪ੍ਰਤੀਤ ਹੁੰਦੀ ਹੈ। ਇਸ ਲਈ ਇਨ੍ਹਾਂ ਚਾਰ ਲਾਵਾਂ ਦਾ ਵਿਰੋਧ ਦਾ ਸਵਰ ਵੀ ਸੁਣਨ ਨੂੰ ਮਿਲਦਾ ਹੈ। ਇਹ ਸਹੀ ਹੈ ਕਿ ਹਿੰਦੂਮਤਿ ਵਿੱਚ ਫ਼ੇਰੇ ਹੁੰਦੇ ਹਨ, ਅਤੇ ਇਹ ਪਰੰਪਰਾ ਗੁਰੂ ਨਾਨਕ ਜੀ ਤੋਂ ਸਦੀਆਂ ਪਹਿਲੇ ਚਲੀ ਆ ਰਹੀ ਸੀ। ਇਹ ਵੀ ਪਰੰਪਰਾ ਬਹੁਤ ਪੁਰਾਣੀ ਹੈ, ਕਿ ਹਿੰਦੂ ਭਾਈਚਾਰੇ ਦੇ ਲੋਕ ਹੱਥ ਜੋੜ ਕੇ ਆਪਣੇ ਇਸ਼ਟਾਂ ਨੂੰ ਨਮਸਕਾਰ ਕਰਦੇ ਮੱਥੇ ਟੇਕਦੇ ਹਨ। ਹੁਣ ਸਿੱਖੀ ਦੇ ਦਰਸ਼ਨ ਦੇ ਸੋਮੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਉਸ ਅੱਗੇ ਸਿੱਖ ਵੀ ਬਾ-ਅਦਬ ਹੱਥ ਜੋੜ ਕੇ ਮੱਥਾ ਟੇਕਦੇ ਹਨ। ਕੀ ਮੱਥਾ ਟੇਕਣ ਦੀ ਸਰੀਰਕ ਕ੍ਰਿਆ ਕਰਨ ਮਾਤਰ ਕਾਰਣ ਸਿੱਖ ਐਸਾ ਕਰਦੇ ਹਿੰਦੂ ਪ੍ਰਤੀਤ ਹੁੰਦੇ ਹਨ?

ਜੇ ਕਰ ਲਾਵਾਂ ਦੇ ਵਿਰੋਧ ਦੇ ਤਰਕ ਨੂੰ ਮੰਨ ਲਿਆ ਜਾਵੇ ਤਾਂ, ਉਨ੍ਹਾਂ ਸੱਜਣਾ ਦੇ ਮੁਤਾਬਕ ਕੀ ਹੱਥ ਜੋੜ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸਤਿਕਾਰ ਵਜੋਂ ਮੱਥਾ ਟੇਕਣ ਦੀ ਕ੍ਰਿਆ ਦੇ ਬਜਾਏ ਸਿੱਖਾਂ ਨੂੰ ‘ਸਲੂਟ’ ਮਾਰਨਾ ਚਾਹੀਦਾ ਹੈ, ਤਾਂ ਕਿ ਉਹ ਹਿੰਦੂ ਪ੍ਰਭਾਵ ਤੋਂ ਦੂਰ ਨਜ਼ਰ ਆਉਂਣ? ਕੀ ਉਹ ਇਸ ਬਾਰੇ ਵੀ ਕੋਈ ਬਦਲਾਵ ਚਾਹੁੰਦੇ ਹਨ? ਅਗਰ ਨਹੀਂ ਤਾਂ ਕਿਉਂ ਨਹੀਂ? ਇਹ ਸਮਾਂ ਬਰਬਾਦ ਕਰਨ ਵਾਲੀਆਂ ਗੱਲਾਂ ਹਨ ਜਿਨ੍ਹਾਂ ਨਾਲ ਲੋੜੀਂਦੇ ਕੰਮ ਵੀ ਪ੍ਰਭਾਵ ਗੁਆ ਰਹੇ ਹਨ।

ਇਸ ਦੇ ਨਾਲ ਹੀ ਆਨੰਦ ਕਾਰਜ ਦੀ ਰਸਮ ਵਿੱਚ, ਅੱਗੇ-ਪਿਛੇ ਤੁਰਨ, ਸੱਜੇ-ਖੱਬੇ ਬੈਠਣ ਆਦਿ ਬਾਰੇ ਵੀ ਇਤਰਾਜ਼ ਦੇ ਸਵਰ ਸੁਣਨ ਨੂੰ ਮਿਲਦੇ ਹਨ। ਆਉ ਅੱਜ ਕੇਵਲ ਇਸ ਦੇ ਕੁੱਝ ਪੱਖਾਂ ਨੂੰ ਵਿਚਾਰਣ ਦਾ ਯਤਨ ਕਰੀਏ।

ਮਨੁੱਖਾ ਮਨੋਭਾਵਾਂ ਦੀ ਉੱਤਪਤਿ ਬੇਹਦ ਜਟਿਲ ਅਤੇ ਡੁੰਗੇ ਸੰਧਰਭਾਂ ਦਾ ਵਿਸ਼ਾ ਹੈ। ਇਸ ਨੂੰ ਸਮਝਣ ਵਾਲੇ ਗੁਰੂਆਂ ਦੇ ਮਨ ਦੀ ਚਰਮ ਅਵਸਥਾ ਮਨੁੱਖੀ ਸਮਝ ਵਿੱਚ ਆਉਣ ਵਾਲੇ ਸ਼ਬਦਾਂ ਦਿਆਂ ਹੱਦਾਂ ਤੋਂ ਵੀ ਪਰੇ ਤਕ ਪਹੁੰਚਦੀ ਹੈ। ਗੁਰੂ ਦੀ ਸਿੱਖਿਆ ਰਾਹੀਂ ਮਨੁੱਖ ਨੂੰ ਆਪਣੀ ਸਮਰਥਾ ਅਤੇ ਕਮਜੋਰਿਆਂ ਦਾ ਗਿਆਨ ਪ੍ਰਾਪਤ ਹੁੰਦਾ ਰਹਿੰਦਾ ਹੈ। ਗੁਰਮਤਿ ਮਨੁੱਖ ਨੂੰ ਕਿਸੇ ਵਿਚਾਰ ਨਾਲ ਜੁੜੇ ਵੱਖੋ-ਵੱਖ ਸੰਧਰਭਾਂ ਨੂੰ ਸਮਝਣ ਦੀ ਜੁਗਤ ਪਰਧਾਨ ਕਰਦੀ ਹੈ।

ਕੁੱਝ ਸਾਲ ਪਹਿਲਾਂ ਜੰਮੂ ਵਿੱਖੇ ਇੱਕ ਜਾਣੇ-ਪਹਿਚਾਣੇ ਵਿਚਾਰਕ-ਪ੍ਰਚਾਰਕ ਜੀ ਨੇ ਗੁਰਮਤਿ ਵਿਚਾਰਾਂ ਦੌਰਾਨ ਦਾਸ ਤੋਂ ਇਸਤਰੀ ਅਤੇ ਪੁਰਸ਼ ਦੀ ਬਰਾਬਰੀ ਪ੍ਰਤੀ ਇੱਕ ਸਧਾਰਨ ਜਿਹੇ ਨਜ਼ਰ ਆੳਣ ਵਾਲੇ ਅਹਿਮ ਨੂੰ ਸਵਾਲ ਪੁੱਛਿਆ;

“ਇਸਤਰੀ-ਮਰਦ ਦੀ ਬਰਾਬਰੀ ਪ੍ਰਤੀ ਗੁਰਮਤਿ ਬਾਰੇ ਆਪ ਜੀ ਦਾ ਦ੍ਰਿਸ਼ਟੀਕੋਣ ਕੀ ਹੈ”?
“ਬਰਾਬਰੀ ਅਤੇ ਨਾ-ਬਰਾਬਰੀ ਦਾ” ਮੇਰਾ ਜੁਆਬ ਸੀ।
ਉਹ ਸੱਜਣ ਕੁੱਝ ਚੌਂਕ ਗਏ ਅਤੇ ਪੁੱਛਣ ਲਗੇ; ਨਾ-ਬਰਾਬਰੀ ਦੀ ਗੱਲ ਕੀ ਗੁਰਮਤਿ ਅਨੁਸਾਰੀ ਹੈ”?
“ਜੀ ਹਾਂ ਗੁਰਮਤਿ ਅਨੁਸਾਰੀ ਹੀ ਹੈ” ਮੈਂ ਜੁਆਬ ਦਿੱਤਾ।
“ਗੁਰਮਤਿ ਅਨੁਸਾਰ ਹਵਾਲੇ ਰਾਹੀਂ ਕੋਈ ਮਿਸਾਲ ਦੇ ਸਕਦੇ ਹੋ”?

ਉਨ੍ਹਾਂ ਫ਼ਿਰ ਪੁੱਛਿਆ ਮੈਂ ‘ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ’ ਦਾ ਹਵਾਲਾ ਦਿੰਦੇ ਕਿਹਾ, ਕਿ ਇਹ ਹੁਕਮ ਦੀ ਰਜ਼ਾ ਹੀ ਹੈ, ਕਿ ਪੁਰਸ਼ ਅਤੇ ਇਸਤਰੀ ਸ਼ਰੀਰਕ ਲੱਛਣਾਂ ਬਦੌਲਤ ਬਰਾਬਰ ਨਹੀਂ ਹਨ, ਜਿਸ ਕਾਰਣ ਇਸਤਰੀ ਦੇ ਗਰਭ ਵਿੱਚੋਂ ਰਾਜੇ ਜਨਮ ਲੈਂਦੇ ਹਨ, ਪਰ ਇਹ ਸਮੱਰਥਾ ਪੁਰਸ਼ ਕੋਲ ਨਹੀਂ। ਨਾਲ ਹੀ, ਔਰਤ ਪੁਰਸ਼ ਦੇ ਮੁਕਾਬਲੇ ਘੱਟ ਸ਼ਰੀਰਕ ਤਾਕਤ ਰੱਖਦੀ ਹੈ। ਇਸੇ ਕਾਰਣ ਖੇਡ ਮੁਕਾਬਲਿਆਂ ਵਿੱਚ ਇਸਤਰੀ ਵਰਗ ਅਤੇ ਪੁਰਸ਼ ਵਰਗ ਦੇ ਮੁਕਾਬਲੇ ਵੱਖੋ-ਵੱਖ ਹੁੰਦੇ ਹਨ। ਜਿਸਦਾ ਅਰਥ ਇਹ ਨਹੀਂ ਹੁੰਦਾ, ਕਿ ਇਸਤਰੀ ਨੀਵੀਂ ਹੋਣ ਕਾਰਣ ਪੁਰਸ਼ਾਂ ਦੀ ਦੋੜ ਵਿੱਚ ਦੋੜਨ ਦਾ ਹੱਕ ਨਹੀਂ ਰੱਖਦੀ। ਉਹ ਦੋੜਨ ਦਾ ਹੱਕ ਰੱਖਦੀ ਹੈ, ਪਰ ਇਹ ਇੱਕ ਨਾ-ਬਰਾਬਰੀ ਦਾ ਮੁਕਾਬਲਾ ਹੋਵੇਗਾ, ਜਿਸ ਵਿੱਚ ਇਸਤਰੀ ਨੂੰ ਇੱਕ ਗਲਤ ਮੁਕਬਲੇ ਵਿੱਚ ਖੜਾ ਕੀਤਾ ਮੰਨਿਆ ਜਾਵੇਗਾ। ਇਹ ਬੇ-ਇਨਸਾਫ਼ੀ ਹੋਵੇਗੀ। ਇਸੇ ਲਈ ਕਾਨੂਨ ਵੀ ਬਰਾਬਰ ਹਾਲਾਤਾਂ ਵਿੱਚ ਹੀ ਬਰਾਬਰੀ ਦੇ ਸਿਧਾਂਤ ਦਾ ਪਾਲਨ ਕਰਦਾ ਹੈ।

ਅਸੀਂ ਇਸ ਕੁਦਰਤੀ ਵੱਖਰੇਵੇਂ (ਰਜ਼ਾ) ਤੋਂ ਇਨਕਾਰੀ ਨਹੀਂ ਹੋ ਸਕਦੇ। ਇਸਤਰੀ-ਪੁਰਸ਼ ਦੀ ਬਰਾਬਰੀ ਬਾਰੇ ਗੁਰਮਤਿ ਨਜ਼ਰੀਆ ਚੰਗੇ-ਮੰਦੇ ਜਾਂ ਉੱਤਮ-ਨੀਚ (ਸ਼ੁਪੲਰੋਿਰ-ੀਨਡੲਰੋਿਰ) ਦੇ ਪਰਿਪੇਖ ਵਿੱਚ ਬਿਲਕੁਲ ਬਰਾਬਰੀ ਦਾ ਹੈ। ਓਤੁੳਲ ਸ਼ਟੳਟੁਸ ਵਰਗਾ, ਜਿਸ ਵਿੱਚ ਇਸਤਰੀ ਬਰਾਬਰ ਦੇ ਸਤਿਕਾਰ/ਹੱਕ ਦੀ ਪਾਤਰ ਹੈ। ਲੇਕਿਨ ਗੁਰਮਤਿ ਇਸ ਸੰਧਰਭ ਵਿੱਚ ਕੁਦਰਤ ਦੀ ਉਸ ਰਜ਼ਾ ਨੂੰ ਅਨਦੇਖਾ ਕਰਨ ਦੀ ਪ੍ਰਰੇਰਨਾ ਨਹੀਂ ਦਿੰਦੀ, ਜਿਸ ਰਾਹੀਂ ਸਾਨੂੰ ਬਰਾਬਰੀ ਦੇ ਨਾਲ-ਨਾਲ ਇਸਤਰੀ-ਪੁਰਸ਼ ਵਿੱਚਲਾ ਕੁਦਰਤੀ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਆਖ਼ਿਰ ਐਸੇ ਸੰਜੋਗਾਂ ਅਤੇ ਵਿਜੋਗਾਂ ਨਾਲ ਹੀ ਤਾਂ ਕੁਦਰਤ ਦੀ ਕਾਰ ਚਲਦੀ ਹੈ। ਕਈ ਥਾਂ ਤਾਂ ਇਸਤਰੀ ਦੀ ਜ਼ਿਆਦਾ ਭਾਲ ਦੀ ਲੋੜ ਹੈ।

ਉਹ ਇਸ ਵਿਸ਼ੇ ਤੇ ਆਪਣੀ ਸਹਿਮਤਿ ਜਤਾਉਂਦੇ ਇਸ ਕੁਦਰਤੀ ਰਜ਼ਾ ਪ੍ਰਤੀ ਰਜ਼ਾਮੰਦ ਹੋ ਗਏ।

ਜਿਵੇਂ ਕਿ, ਅਸੀਂ ਜਾਣਦੇ ਹਾਂ ਕਿ ਇਸਤਰੀ ਦਾ ਪੁਰਸ਼ ਨਾਲ ਸਬੰਧ ਮੁੱਖ ਰੂਪ ਵਿੱਚ ਮਾਂ, ਭੈਣ ਅਤੇ ਪਤਨੀ ਦਾ ਹੈ। ਇਸ ਚਰਚਾ ਵਿੱਚ ਪਹਿਲੇ ਇਨ੍ਹਾਂ ਤਿੰਨ ਸਬੰਧਾਂ ਨੂੰ ਵਿਚਾਰੀਏ।

ਪਹਿਲੇ ਦੋ ਸਬੰਧਾਂ (ਮਾਂ ਅਤੇ ਭੈਣ) ਦਾ ਸਬੰਧ ਕੁਦਰਤੀ ਨਿਯਮ ਸ਼੍ਰੇਣੀ ਵਿੱਚ ਆਉਂਦਾ ਹੈ, ਜਦਕਿ ਪਤਨੀ ਅਤੇ ਪਤੀ ਦਾ ਸਬੰਧ ਸਮਾਜਿਕ ਪ੍ਰਬੰਧ ਦੇ ਵਿਕਾਸ ਤੋਂ ਉਪਜਿਆ ਹੈ। ਇਸ ਨੂੰ ਥੋੜਾ ਹੋਰ ਵਿਚਾਰ ਲਈਏ।
ਮਾਂ ਦਾ ਬੇਟੇ ਨਾਲ ਸਬੰਧ ਅਤੇ ਬੇਟੇ ਦਾ ਭੈਣ ਨਾਲ ਸਬੰਧ, ਪਤੀ-ਪਤਨੀ ਵਰਗੇ ਸਮਾਜਿਕ ਪ੍ਰਬੰਧ ਦਾ ਕੁਦਰਤੀ ਸਿੱਟਾ ਹੈ, ਜਦ ਕਿ ਪਤੀ-ਪਤਨੀ ਹੋਣ ਦੀ ਸਵਕ੍ਰਿਤੀ ਸਮਾਜਿਕ ਵਿਵਸਥਾ ਹੈ, ਜਿਸਦੇ ਚਲਦੇ, ਸਿੱਟੇ ਵਜੋਂ, ਬੇਟਾ-ਬੇਟੀ ਅਤੇ ਭੈਣ-ਭਰਾ ਵਰਗੇ ਕੁਦਰਤੀ ਰਿਸ਼ਤੇ ਜਨਮ ਲੈਂਦੇ ਹਨ। ਪਤੀ-ਪਤਨੀ ਦਾ ਸਬੰਧ ‘ਸ਼ਰੀਰਕ ਮੇਲ’ ਦੇ ਸੰਧਰਭ ਵਿੱਚ ਕੁਦਰਤੀ ਨਿਯਮਾਂ ਅਧੀਨ ਹੁੰਦਾ ਹੈ, ਪਰ ਉਸ ਸਬੰਧ ਦੀ ਪਤੀ-ਪਤਨੀ ਦੇ ਰੂਪ ਵਿੱਚ ਸਵਕ੍ਰਿਤੀ ਇੱਕ ਪ੍ਰਕਾਰ ਦੀ ‘ਸਵੈ-ਇੱਛਾ’ ਅਤੇ ‘ਸਮਾਜਕ’ ਪਰਵਾਨਗੀ ਤੇ ਅਧਾਰਤ ਹੁੰਦੀ ਹੈ, ਜਿਸ ਨੁੰ ਸ਼ਾਦੀ ਵਰਗੀ ਸਮਾਜਿਕ ਜਾਂ ਫ਼ਿਰ ਕਾਨੂਨੀ ਰਸਮ ਰਾਹੀਂ ਸਥਾਪਿਤ ਕੀਤਾ ਜਾਂਦਾ ਹੈ। ਇਹ ਇੱਕ ਪ੍ਰਕਾਰ ਦੀ ਜ਼ਰੂਰੀ ਰਸਮ (੍ਰਟਿੁੳਲ) ਹੈ, ਜਿਸ ਵਿੱਚ ਮਾੜੀ ਗੱਲ ਨਹੀਂ। ਇਹ ਰਸਮ ਪਤੀ-ਪਤਨੀ ਦੇ ਸਬੰਧ ਤੋਂ ਜਨਮ ਲੌਣ ਵਾਲੇ ਜੀਵਾਂ ਦੀ ਸਮਾਜਕ ਪਛਾਣ ਲਈ ਅਤੇ ਪਤੀ-ਪਤਨੀ ਦੇ ਰਿਸ਼ਤੇ ਉਪਰੰਤ ਉਪਜਣ ਵਾਲੀ ਆਪਸੀ ਜਿੰਮੇਵਾਰੀਆਂ ਅਤੇ ਹਕੂਕਾਂ ਦੇ ਨਿਰਧਾਰਣ ਲਈ ਵੀ ਜ਼ਰੂਰੀ ਹੁੰਦੀ ਹੈ।

ਇਸਤਰੀ-ਪੁਰਸ਼ ਦੇ ਸ਼ਰੀਰਕ ਸਬੰਧ ਕੁਦਰਤੀ ਨਿਯਮਾਂ ਤੇ ਅਧਾਰਤ ਹਨ, ਜਿਨ੍ਹਾਂ ਦਾ ਸਿੱਟਾ ਜਰੂਰੀ ਨਹੀਂ, ਕਿ ਪਤਨੀ-ਪਤੀ ਦੇ ਸਬੰਧ ਦੇ ਰੂਪ ਵਿੱਚ ਹੀ ਸਥਾਪਤ ਹੋਵੇ। ਪਰ ਉਸ ਸਬੰਧ ਤੋਂ ਉਤਪੰਨ ਹੋਣ ਵਾਲੇ ਬੱਚਿਆਂ ਦਾ ਸਬੰਧ ਕੁਦਰਤੀ ਰੂਪ ਵਿੱਚ ਮਾਤਾ-ਪਿਤਾ ਨਾਲ ਇੱਕ ਰਿਸ਼ਤੇ ਦੇ ਰੂਪ ਵਿੱਚ ਸਥਾਪਤ ਹੁੰਦਾ ਹੈ, ਜੋ ਸ਼ਾਦੀ ਵਰਗੇ ਰਸਮੀ ਰਿਸ਼ਤੇ ਨਾਲੋਂ ਵੱਖਰੀ ਗੱਲ ਹੈ, ਜਿਸ ਰਾਹੀਂ ਦੋ ਅਲਗ-ਅਲਗ (ਇੱਕੋ ਮਾਂ-ਬਾਪ ਦੀ ਸੰਤਾਨ ਨਹੀਂ) ਮਨੁੱਖ ਰਸਮੀ ਤੌਰ ‘ਤੇ ਪਤੀ-ਪਤਨੀ ਵਰਗਾ ਇੱਕ ਪਰਵਾਣਤ ਸਬੰਧ ਸਥਾਪਤ ਕਰਦੇ ਹਨ। ਮਾਂ-ਬਾਪ ਰਸਮੀ ਤੌਰ ‘ਤੇ ਨਹੀਂ, ਬਲਕਿ ਕੁਦਰਤੀ ਤੌਰ ‘ਤੇ ਬੱਚਿਆਂ ਨਾਲ ਸਬੰਧਿਤ ਹੋ ਜਾਂਦੇ ਹਨ।

ਹੁਣ ਇਸੇ ਪਰਿਪੇਖ ਵਿੱਚ ਅਸੀਂ ਸ਼ਾਦੀ ਵਰਗੇ, ਸਮਾਜਕ ਪ੍ਰਬੰਧ ਤੇ ਵਿਚਾਰ ਕਰਾਂਗੇ। ਅਸੀਂ ਇਸ ਨੂੰ ਆਨੰਦ ਕਾਰਜ ਕਹਿੰਦੇ ਹਾਂ। ਆਨੰਦ ਕਾਰਜ ਬਾਰੇ ਵਿਚਾਰ ਕਰਨ ਵੇਲੇ ਸਾਨੂੰ ਇਹ ਯਾਦ ਰੱਖਣਾ ਹੀ ਚਾਹੀਦਾ ਹੈ, ਕਿ ਇਸ ਵਿੱਚ ਕੁਦਰਤੀ ਨਿਯਮਾਂ (ਬਰਾਬਰੀ) ਦੀ ਦੁਹਾਈ ਇੱਕ ਅਤਿ ਦੇ ਰੂਪ ਵਿੱਚ ਪਾਉਣੀ ਨਹੀਂ ਬਣਦੀ, ਜਦਕਿ ਸੱਚਾਈ ਇਹ ਹੈ, ਕਿ ਆਨੰਦ ਕਾਰਜ ਇੱਕ ਸਮਾਜਕ ਵਿਵਸਥਾ ਹੈ, ਜਿਸ ਨੂੰ ਪੂਰਾ ਕਰਨ ਲਈ ਇੱਕ ਰਸਮ (Ritual) ਦੀ ਲੋੜ ਹੁੰਦੀ ਹੈ, ਤਾਂ ਕਿ ਸਵੈ-ਇੱਛਾ ਅਤੇ ਸਮਾਜਕ ਪਰਵਾਨਗੀ ਪਰਵਾਨ ਚੜ ਸਕੇ। ਕੋਈ ਇਸ ਰਸਮ ਨੂੰ ਵੀ ਕਰਮਕਾਂਡ ਕਹਿ ਸਕਦਾ ਹੈ। ਧਿਆਨ ਯੋਗ ਗੱਲ ਇਹ ਹੈ, ਕਿ ਰਸਮ ਕੇਵਲ ਅਗਿਆਨਤਾ ਦੇ ਰੂਪ ਵਿੱਚ ਨਿੰਦਨੀਯ ਹੁੰਦੀ ਹੈ, ਨਾ ਸ਼ਾਦੀ ਵਰਗੀ ਰਸਮ ਦੇ ਰੂਪ ਵਿੱਚ। ਰਸਮ ਦੇ ਪਿੱਛੇ ਵਾਜਬ ਤਰਕ ਹੋਵੇ, ਤਾਂ ਕੋਈ ਮਾੜੀ ਗੱਲ ਨਹੀਂ।

ਸ਼ਾਦੀ ਵਰਗੇ ਸਬੰਧ ਦਾ ਮੁੱਖ ਆਧਾਰ ਤਾਂ ਇਸਤਰੀ-ਪੁਰਸ਼ ਦੀ ਸਵੈ-ਇੱਛਾ ਦੀ ਬੁਨਿਯਾਦ ‘ਤੇ ਨਿਰਭਰ ਕਰਦਾ ਹੈ। ਇਸ ਲਈ ਕਿਸੇ ਰਸਮ ਦੀ ਲੋੜ ਹੀ ਕਿਉਂ ਹੈ? ਤਰਕ ਤਾਂ ਇਹ ਵੀ ਹੋ ਸਕਦਾ ਹੈ, ਕਿ ਜਦ ਦੋ ਜੀਵ ਪਤੀ-ਪਤਨੀ ਦੇ ਰੂਪ ਵਿੱਚ ਇੱਕ ਹੋਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਨੰਦ ਕਾਰਜ ਵਰਗੀ ਕਿਸੇ ਰਸਮ ਦੀ ਲੋੜ ਦਾ ਪਾਬੰਦ ਕੀਤਾ ਹੀ ਕਿਉਂ ਜਾਂਦਾ ਹੈ? ਕੀ ਇਸ ਲਈ ਕਾਨੂਨੀ ਢੰਗ ਵੀ ਦਰਕਾਰ ਹੈ? ਕੋਈ ਪੁੱਛ ਸਕਦਾ ਹੈ ਕਿ ਦੋ ਜੀਵਾਂ ਦੀ ਸਵੈ-ਇੱਛਾ ਨਾਲ ਮਿਲਨ ਦੇ ਨਿਰਣੇ ਵਿੱਚ ਕਿਸੇ ਨੂੰ ਕਿਸੇ ਕਿਸਮ ਦੀ ਰਸਮੀ ਪਰਵਾਨਗੀ ਦੀ ਲਤ ਫ਼ਸਾਉਂਣ ਦੀ ਲੋੜ ਹੀ ਕੀ ਹੈ? ਜਾਂ ਫ਼ਿਰ ਕੀ ਆਨੰਦ ਕਾਰਜ ਦੇ ਰਸਮੀ ਤਰੀਕੇ ਪ੍ਰਤੀ, ਗੁਰਮਤਿ ਵਿੱਚ ਕੋਈ ਉਚੇਚਾ ਦਿਸ਼ਾ ਨਿਰਦੇਸ਼ ਹੈ? ਨਿਰਸੰਦੇਹ ਨਹੀਂ ਹੈ। ਤਾਂ ਫ਼ਿਰ ਇਹ ਰਸਮੀ ਤਰੀਕਾ ਆਪ ਹੀ ਤੈਅ ਕਰਨਾ ਬਣਦਾ ਸੀ, ਜਿਸ ਦਾ ਅਸਲ ਮਕਸਦ ਇਸ ਵਿਸ਼ੇ ਤੇ ਇੱਕਸਾਰ ਰਹਿਤ ਤਿਆਰ ਕਰਨਾ ਸੀ। ਆਖ਼ਿਰ ਗੁਰਮਤਿ ਫ਼ਲਸਫ਼ਾ ਇੱਕ ਕੁੰਡਾ ਹੈ, ਡੰਡਾ ਤਾਂ ਨਹੀਂ। ਅਸੀਂ ਅੱਗ ਦੇ ਬਜਾਏ ਗੁਰੂ ਦੇ ਦੂਆਲੇ ਫ਼ੇਰੇ ਲੈਣ ਦਾ ਨਿਰਨਾ ਕੀਤਾ।

ਹਰ ਨੁਕਤੇ ਤੇ ਬੇਲੋੜੇ ਨੁੱਕਤੇ ਖੜੇ ਕਰਨਾ, ਚਿੰਤਨ ਦੀ ਅਤਿ ਹੀ ਕਹੀ ਜਾ ਸਕਦੀ ਹੈ, ਉਹ ਵੀ ਇਸ ਤੱਥ ਦੇ ਮੱਦੇਨਜ਼ਰ, ਕਿ ਜਿਸ ਵੇਲੇ ਇਹ ਸਪਸ਼ਟ ਹੋਵੇ ਕੀ ਆਨੰਦ ਕਾਰਜ ਦੀ ਰਸਮ ਦਾ ਤਰੀਕਾ ਆਪਣੇ ਆਪ ਵਿੱਚ ਇੱਕ ਰਸਮੀ ਤੌਰ ‘ਤੇ ਕੀਤਾ ਜਾਣ ਵਾਲਾ ਸਮਾਜਕ ਪ੍ਰਬੰਧ ਹੈ, ਨਾ ਕਿ ਗੁਰੂ ਦਾ ਕੋਈ ਉਚੇਚਾ ਨਿਰਦੇਸ਼। ਸ਼ਾਦੀ ਦੀ ਰਸਮ ਦੇ ਨਿਰਵਾਹ ਵਿੱਚ ਅਪਣਾਈ ਗਈ ਇੱਕਸਾਰਤਾ ਦੀ ਮੂਲ ਭਾਵਨਾ ਨੂੰ, ਵਹਿਮ ਕਹਿ ਕੇ ਇਸ ਦੀ ਨਿੰਦਾ ਕਰਨਾ, ਇੱਕ ਰਸਮ ਪ੍ਰਤੀ ਆਪਣਾ ਵਹਿਮ ਹੀ ਹੋ ਸਕਦਾ ਹੈ। ਸਪਸ਼ਟ ਹੈ ਕਿ ਰਹਿਤ ਮਰਿਯਾਦਾ ਦੇ ਲਿਖਣ ਵਾਲੇ, ਇਨ੍ਹਾਂ ਮੱਦਾ ਨੂੰ ਵਹਿਮਾਂ ਦੇ ਤੌਰ ‘ਤੇ ਰਹਿਤ ਮਰਿਯਾਦਾ ਵਿੱਚ ਨਹੀਂ ਸੀ ਲਿਖ ਰਹੇ। ਉਨ੍ਹਾਂ ਦੀ ਮੂਲ ਭਾਵਨਾ ਇਕ ਕੌਮੀ ਇੱਕਸਾਰਤਾ ਨੂੰ ਕਾਯਮ ਕਰਨਾ ਸੀ, ਜਿਸ ਦੀ ਅਣਹੋਂਦ ਵਿੱਚ ਕਿੱਧਰੇ ਸਿੱਖ, ਵੱਖੋ-ਵੱਖ ਕਰਮਕਾਂਡਾ ਦਾ ਸ਼ਿਕਾਰ ਹੋ, ਬਿਖਰ ਹੀ ਨਾ ਜਾਣ। ਉਹ ਕੌਮ ਦੀ ਇੱਕਸਾਰਤਾ ਲਈ ਐਸੀਆਂ ਰਸਮਾਂ ਨੂੰ ਤੈਅ ਕਰ ਰਹੇ ਸੀ, ਉਹ ਵੀ ਇਸ ਤਾਕੀਦ ਦੇ ਨਾਲ ਕਿ ਸਿੱਖ ਨੇ “ਭਰਮ-ਰੂਪ ਕਰਮਾਂ ਉਤੇ ਨਿਸ਼ਚਾ ਨਹੀਂ ਕਰਨਾ” (ਸਿੱਖ ਰਹਿਤ ਮਰਿਯਾਦਾ, ਪੰਨਾ 20) ਇਸ ਲਈ ਸਿੱਖ ਰਹਿਤ ਮਰਿਯਾਦਾ ਦੀਆਂ ਮੱਦ ਵਿੱਚ ਦਿੱਤੀਆਂ ਹਿਦਾਇਤਾਂ ਨੂੰ ਭਰਮ-ਵਹਿਮ ਦੇ ਰੂਪ ਦੇ ਭਾਵ ਨਾਲ ਨਾ ਦੇਖਣ ਦਾ ਭਾਵ ਸਮਝ ਆਉਂਦਾ ਹੈ।

ਆਨੰਦ ਕਾਰਜ ਸ਼ੈਲੀ ਤੇ ਖ਼ੇਦ ਜਤਾਉਣ ਵਾਲੇ ਸੱਜਣ ਪਹਿਲਾਂ ਇਹ ਤਾਂ ਸਪਸ਼ਟ ਕਰਨ, ਕਿ ਕੀ ਆਨੰਦ ਕਾਰਜ ਆਪਣੇ ਆਪ ਵਿੱਚ ਇੱਕ ਰਸਮ (Ritual) ਮਾਤਰ ਨਹੀਂ? ਕੀ ਇਹ ਸਿੱਧਾ ਰੱਬੀ ਸਿਧਾਂਤ ਹੈ, ਜਾਂ ਸਮਾਜਿਕ ਪ੍ਰਬੰਧ ਦਾ ਬਿੰਬ? ਜੇ ਕਰ ਇਹ ਸਮਾਜਿਕ ਪ੍ਰਬੰਧ ਦਾ ਬਿੰਬ ਹੈ, ਤਾਂ ਇਸ ਬਿੰਬ ਨੂੰ ਕਬੂਲਣ ਵਿੱਚ ਕੋਈ ਹਰਜ ਨਹੀਂ।

ਆਨੰਦ ਕਾਰਜ ਲਈ ਗੁਰੂ ਦੇ ਆਲੇ ਦੁਆਲੇ ਚਾਰ ਲਾਵਾਂ ਇੱਕ ਪੂਜਾ ਪੱਧਤੀ ਨਾਲੋਂ ਵੱਖਰੀ ਗੱਲ ਹੈ, ਜਿਸ ਦੇ ਚਲਦੇ ਕਿਸੇ ਇਸ਼ਟ ਦੇ ਆਲੇ ਦੂਆਲੇ ਉਸ ਨੂੰ ਖੁਸ਼ ਕਰਨ ਲਈ ਪਰਿਕ੍ਰਮਾ ਵਰਗੀ ਕਰਮ-ਕਾਂਡੀ ਰਸਮ ਕੀਤੀ ਜਾਂਦੀ ਹੈ। ਪੂਜਾ ਨਾ ਪਰਿਕ੍ਰਮਾ ਰਾਹੀਂ ਹੁੰਦੀ ਹੈ ਨਾ ਹੀ ਮੱਥਾ ਟੇਕਣ ਨਾਲ। ਗੁਰਮਤਿ ਇਸ ਨੂੰ ਨਹੀਂ ਮੰਨਦੀ। ਆਨੰਦ ਕਾਰਜ ਇੱਕ ਪੂਜਾ ਪੱਧਤੀ ਨਹੀਂ, ਬਲਕਿ ਇੱਕ ਅਹਿਦ ਹੈ, ਇੱਕ ਦੂਜੇ ਨੂੰ ਕਬੂਲ ਕਰਨ ਦਾ। ਸਾਂਝੀ ਜਿੰਮੇਵਾਰੀ ਨਾਲ ਸਾਂਝੇ ਸਫ਼ਰ ਦਾ। ਸਮਾਜਕ ਪਰਵਾਨਗੀ ਅਤੇ ਪਛਾਣ ਦਾ ਜਿਸ ਨੂੰ ਗੁਰੂ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਹੈ। ਪਰ ਇਸ ਬਾਰੇ ਦਿਸ਼ਾਵਾਂ ਦਾ ਮਤਿ ਭੇਦ ਹੈ।

ਖ਼ੈਰ, ਆਉ ਪਹਿਲੇ ਇਸ ਵਿਚਾਰ ਨੂੰ ਵਿਚਾਰੀਏ, ਕਿ ਕਈਆਂ ਅਨੁਸਾਰ ਲਾਵਾਂ ਵਿੱਚ ਅੱਗੇ-ਪਿੱਛੇ ਤੁਰਨ ਦੀ ਸਮੱਸਿਆ ‘ਉੱਤਮ’ (ਅੱਗੇ ਤੁਰਨ ਵਾਲਾ) ‘ਨੀਚ’ (ਪਿੱਛੇ ਤੁਰਨ ਵਾਲਾ) ਹੋਣ ਵਰਗੀ ਗੱਲ ਹੈ। ਵੈਸੇ ਗੁਰੂ ਨਾਨਕ ਨੇ ਕਿਸੇ ਦਿਸ਼ਾ ਨੂੰ ਉੱਚੀ-ਨੀਵੀਂ (Superior - Inferior) ਨਹੀਂ ਮੰਨਿਆ, ਲੇਕਿਨ ਅੱਜ ਦੀ ਜਾਗਰੂਕਤਾ ਦਿਸ਼ਾ ਨਾਲ ਜੂੜੇ ਉੱਚੇ ਨੀਵੇਂ ਦੇ ਚੱਕਰ ਵਿੱਚ ਚੱਲ ਰਹੀ ਹੈ। ਸ਼ਾਇਦ ਕਿੱਧਰੇ ਇਸ ਵਿਸ਼ੇ ‘ਤੇ ਸੁਚੇਤਤਾ ਦੀ ਦਿਸ਼ਾ ਸਹੀ ਨਹੀਂ। ਹੁਣ ਚਲਣ-ਬੈਠਣ ਵਾਲੇ ਜੇਕਰ ਦੋ ਹਨ, ਤਾਂ ਦਿਸ਼ਾਵਾਂ ਵੀ ਦੋ ਹੋਣੀਆਂ ਲਾਜ਼ਮੀ ਹਨ। ਕੋਈ ਚਾਰਾ ਨਹੀਂ। ਬੜੀ ਗੰਭੀਰ ਸਮੱਸਿਆ ਹੈ ਭਈ। ਵੈਸੇ ਹੈ, ਤਾਂ ਮਨਮਤਿ, ਪਰ ਚਲੋ ਇਸ ਚਰਚਾ ਲਈ, ਕੁੱਝ ਚਿਰ ਵਾਸਤੇ ਅਸੀਂ ਪੱਕੇ ਤੌਰ ‘ਤੇ ਇਹ ਮੰਨ ਲੇਂਦੇ ਹਾਂ ਕੀ ‘ਅੱਗੇ ਹੋਣ’ ਜਾ ‘ਸੱਜੇ ਪਾਸੇ’ ਹੋਣ ਦਾ ਮਤਲਬ ਉੱਚਾ (Superior) ਹੋਣਾ ਹੀ ਹੈ। ਆਉ ਹੁਣ ਬਰਾਬਰੀ ਦਾ ਹੱਲ ਵਿਚਾਰਣ ਦਾ ਯਤਨ ਕਰੀਏ;

ਪਹਿਲਾ ਹੱਲ:- ਪੁਰਸ਼ ਨੂੰ ਪਿੱਛੇ ਲਗਾ ਦਿੱਤਾ ਜਾਵੇ! ਪਰ ਇਹ ਕੀ ਹੋਇਆ? ਬਰਾਬਰੀ ਤਾਂ ਨਾ ਹੋਈ! ਪੁਰਸ਼ ਨੀਵਾਂ ਹੋ ਗਿਆ, ਕਿਉਂਕਿ ਪਿੱਛੇ ਹੋਣ ਦਾ ਮਤਲਬ ਨੀਵਾਂ ਹੋਣਾ ਹੈ। ਸਮੱਸਿਆ ਹੱਲ ਨਹੀਂ ਹੋਈ। ਫ਼ਿਰੇ ਮੇਰੇ ਵਰਗਾ ਕੋਈ ਅਲਪ ਮਤਿ ‘ਧਰਤੀ ਗੋਲ’ ਹੈ, ਕਿਹ ਕੇ ਅੱਗੇ ਵਾਲੇ ਨੂੰ ਪਿੱਛੇ, ਤੇ ਪਿੱਛੇ ਵਾਲੇ ਨੂੰ ਦਰਅਸਲ ਅੱਗੇ ਸਮਝ ਗਿਆ, ਤਾਂ ਹੋਰ ਸਮੱਸਿਆ। ਅਸਹਿਮਤੀ ਦੇ ਅੱਥਰੂ ਨਹੀਂ ਰੁੱਕਦੇ।

ਦੂਜਾ ਹੱਲ:- ਦੋ ਲਾਵਾਂ ਵਿੱਚ ਪੁਰਸ਼ ਅੱਗੇ ਤੇ ਦੋ ਲਾਵਾਂ ਵਿੱਚ ਔਰਤ ਅੱਗੇ! ਪਰ ਗੱਲ ਬਣੀ ਨਹੀਂ! ਪਹਿਲੀ ਵਾਰ ਅੱਗੇ ਹੋਣ ਵਾਲਾ ਜ਼ਿਆਦਾ ਭਾਰੂ ਹੋ ਗਿਆ। ਨਾਲ ਹੀ, ਭਾਵੇਂ ਕੁੱਝ ਚਿਰ ਵਾਸਤੇ ਹੀ ਸਹੀ, ਅਸੀਂ ਦੋਹਾਂ ਨੂੰ ਇੱਕ ਦੂਜੇ ਦੇ ਮੁਕਾਬਲੇ ਉੱਚਾ ਨੀਵਾਂ ਕਰ ਦਿੱਤਾ, ਕਿਉਂਕਿ ਅਸੀਂ ਆਪ ਦਿਸ਼ਾ ਵਿਸ਼ੇਸ਼ ਨੂੰ ਉੱਚਾ ਨੀਵਾਂ ਮੰਨ ਕੇ ਤੂਰ ਰਹੇ ਹਾਂ। ਬਰਾਬਰੀ ਤਾਂ ਹਰ ਪਲ ਦੀ ਹੋਣੀ ਚਾਹੀਦੀ ਸੀ। ਦਿਲ ਦੂਖੀ ਹੀ ਰਿਹਾ ਕਿਉਂਕਿ ਸਾਡੀ ਨਿਗਾਹ ਅਸਲੀਯਤ (ਦਿਸ਼ਾ ਉੱਤਮ-ਨੀਚ ਨਹੀਂ ਹੁੰਦੀ) ਵੱਲ ਨਹੀਂ ਅਗਿਆਨਤਾ ਵੱਲ ਹੈ।

ਤੀਜਾ ਹੱਲ:- ਦੋਵੇਂ ਬਰਾਬਰ ਚਲਣ! ਪਰ ਇਹ ਕੀ ਹੋਈਆ? ਸੱਜੇ ਪਾਸੇ ਕੌਣ ਚਲੇ ਤੇ ਖੱਬੇ ਪਾਸੇ ਕੌਣ? ਸੱਜੇ ਪਾਸੇ ਹੋਣਾ ਉੱਚਾ ਹੋਣਾ ਹੈ, ਅਤੇ ਖੱਬੇ ਪਾਸੇ ਨੀਵਾਂ। ਬਹੁਤੇ ਤਾਂ ਇਹੀ ਸੋਚਦੇ ਹਨ ਇਹੀ ਸੋਚੀਆ ਜਾ ਰਿਹਾ ਹੈ।

ਚੌਥਾ ਹੱਲ:- ਚਲੋ ਦੋ ਵਾਰੀ ਪੁਰਸ਼ ਸੱਜੇ ਅਤੇ ਦੋ ਵਾਰੀ ਔਰਤ ਸੱਜੇ। ਪਰ ਇਹ ਕੀ ਹੋਈਆ? ਪਹਿਲੀ ਵਾਰ ਸੱਜੇ ਹੋਣ ਵਾਲਾ ਭਾਰੂ ਹੋ ਗਿਆ। ਨਾਲ ਹੀ ਕੁੱਝ ਚਿਰ ਵਾਸਤੇ ਸਹੀ, ਅਸੀਂ ਇੱਕ ਨੂੰ ਦੂਜੇ ਨਾਲੋਂ ਉੱਚਾ ਕਰ ਦਿੱਤਾ।ਕਿਉਂਕਿ ਸਾਡਾ ਰੋਣਾ ਹੀ ਇੱਕ ਦਿਸ਼ਾ ਨੂੰ ਉੱਚਾ ਮੰਨਣ ਕਾਰਣ ਹੈ।

ਪੰਜਵਾਂ ਹੱਲ:- ਲਾਵਾਂ ਬੰਦ ਅਤੇ ਕੇਵਲ ਬੈਠ ਜਾਉ! ਪਰ ਹੁਣ ਸੱਜੇ ਕੌਣ ਬੈਠੇ ਤੇ ਖੱਬੇ ਕੌਣ? ਜੇ ਕਰ ਇਥੇ ਵੀ ਗੱਲ ਵਾਰੀਆਂ ਤੇ ਆ ਗਈ, ਤਾਂ ਵਾਰਾਂ ਵਿੱਚੋਂ ਪਹਿਲੀ ਵਾਰ ਸੱਜੇ ਬੈਠਣ ਵਾਲਾ ਭਾਰੂ। ਹੁਣ ਕੀ ਲਿਖੀਏ?
ਛੇਵਾਂ ਹੱਲ:- ਹਰ ਆਨੰਦ ਕਾਰਜ ਤੋਂ ਪਹਿਲਾਂ, ਬਾਹਰ ਹੀ ਅੱਗੇ-ਪਿੱਛੇ, ਸੱਜੇ-ਖੱਬੇ ਬਾਰੇ ਪਰਚੀਆਂ ਪਾ ਲੋ ਜਾਂ ‘ਟਾਸ’ ਕਰ, ਫ਼ੈਸਲਾ ਰਹਿਤ ਮਰਿਯਾਦਾ ‘ਤੇ ਨਹੀਂ ਇੱਕ ਰੂਪਏ ਦੇ ਸਿੱਕੇ ਤੇ ਛੱਡ ਦੇਵੋ। ਪਰ ਯਕੀਨ ਜਾਣੋਂ ‘ਟਾਸ’ ਜਿੱਤਣ ਵਾਲੀ ਧਿਰ ਵੀ ਸੀਟੀਆਂ ਮਾਰਦੀ ਆਪਣੇ ਨੂੰ ਜੇਤੂ (ਉੱਚਾ) ਮੰਨੇਗੀ। ਫ਼ਿਰ ਕੀ ਕਰਾਂਗੇ? ਉਤਮ ਹੋਣ ਦੀ ਮਾਨਸਿਕਤਾ ਨੂੰ ਤਾਂ ਬਹਾਨਾ ਚਾਹੀਦਾ ਹੈ। ਲੱਭ ਹੀ ਲਵੇਗੀ ਕੋਈ ਨਾ ਕੋਈ। ਅੱਗੇ ਜਾਂ ਸੱਜੇ ਤੁਰਨ ਨਾਲ ਸਮੱਸਿਆ ਹੱਲ ਹੁਮਦਿ, ਤਾਂ ਗੁਰੂ ਨਾਨਕ ਆਪ ਹੀ ਸਥਾਨ ਤੈਅ ਕਰ ਜਾਂਦੇ।

ਇਹ ਸਾਰੇ ਹੱਲ ਵਿਚਾਰਣ ਤੋਂ ਬਾਅਦ, ਜੇ ਕਰ ਇੱਕ ਵਾਰ ਫ਼ਿਰ ਮੇਰੇ ਵਰਗਾ ਅਲਪ ਮਤਿ ਬੰਦਾ ਮਨਮਤਿ ਕਰਦੇ, ਇਹ ਕਹਿ ਬੈਠਾ ਕਿ ਲੜਕੀ ਲੜਕੇ ਦੇ ਖੱਬੇ ਪਾਸੇ ਹੀ ਬੈਠਣੀ ਚਾਹੀਦੀ ਹੈ, ਕਿਉਂਕਿ ਐਸਾ ਕਰਕੇ ਉਸ ਨੂੰ, ਬੈਠਣ ਵੇਲੇ, ਗੁਰੂ ਦੇ ਸੱਜੇ ਪਾਸੇ ਬੈਠਣ ਦਾ ਮੌਕਾ ਦਿੱਤਾ ਗਿਆ ਹੈ, ਤਾਂ ਕਿ ਉਸ ਨੂੰ ਨੀਚ ਤੋਂ ਉਤਮ ਸਾਬਤ ਕੀਤਾ ਜਾਵੇ, ਫ਼ਿਰ ਤਾਂ ਪਾਸਿਆਂ ਦਾ ਹਿਸਾਬ ਹੀ ਉਲਟਾ ਹੋ ਜਾਏਗਾ। ਹੁਣ ਦਿਸ਼ਾ ਆਪਣੇ ਪਾਸਿਯੋਂ ਤੈਅ ਕਰੀਏ ਜਾਂ ਗੁਰੂ ਦੀ ਤਾਬਿਆ ਦੇ ਪਾਸਿਯੋਂ? ਗੁਰੂ ਦੇ ਸੱਜੇ ਬੈਠਣਾ ਤਾਂ ਲੜਕੇ ਦੇ ਸੱਜੇ ਬੈਠਣ ਨਾਲੋਂ ਵੱਧੀਆ ਹੋ ਗਿਆ। ਉਹ ਵੀ ਉਸ ਗੁਰੂ ਦੇ, ਜੋ ਆਪ ਸੱਜੇ-ਖੱਬੇ ਦੇ ਚੱਕਰ ਤੋਂ ਸਹਿਮਤਿ ਨਹੀਂ। ਹੁਣ ਤਾਂ ਹੋ ਹੀ ਗਈ ਬਰਾਬਰੀ! ਭਾਵੇਂ 30 ਮਿੰਟਾ ਲਈ ਹੀ ਸਹੀ!

ਗੁਰੁ ਨਾਨਕ ਜੀ ਨੇ ਤੀਰਥਾਂ ਤੇ “ਸ਼ੁੱਧੀ ਇਸ਼ਨਾਨ” ਨਾਲੋਂ ਸਪਸ਼ਟ ਅਸਹਿਮਤੀ ਪ੍ਰਗਟ ਕੀਤੀ, ਪਰ ਇਸ ਦਾ ਮਤਲਭ ਇਹ ਤਾਂ ਨਹੀਂ ਕਿ ੳਨ੍ਹਾਂ ਸਰੀਰ ਸਾਫ਼ ਰੱਖਣ ਲਈ ਨਹਾਉਣ ਤੇ ਕੋਈ ਰੋਕ ਲਗਾਈ ਸੀ। ਉਹ ਅਗਿਆਨੀ ਮਾਨਸਿਕਤਾ ਨੂੰ ਠੀਕ ਕਰਨਾ ਚਾਹੁੰਦੇ ਸੀ।

ਬਿਨ੍ਹਾਂ ਇਹ ਸਮਝੇ-ਸਮਝਾਏ ਕਿ ਦਿਸ਼ਾ ਵਿਸ਼ੇਸ਼ ਉੱਚੀ ਨੀਵੀਂ ਨਹੀਂ ਹੁੰਦੀ, ਕਈ ਥਾਂ ਅਸੀਂ ਆਪ ਦਿਸ਼ਾ ਵਿਰੋਧ ਦੇ ਚੱਕਰ ਵਿੱਚ ਪੈ ਗਏ ਪ੍ਰਤੀਤ ਹੁੰਦੇ ਹਾਂ। ਐਸੇ ਹੱਲ ਤਾਂ ਉਹ ਗੱਲ ਹੋ ਗਈ ਕਿ ਕੋਈ ‘ਉੱਚੀ ਜਾਤ-ਨੀਵੀਂ ਜਾਤ’ ਦਾ ਫ਼ਰਕ ਮਿਟਾਉਣ ਲਈ, ਬ੍ਰਾਹਮਣ ਨੂੰ ਸ਼ੂਦਰ ਅਤੇ ਸ਼ੂਦਰ ਨੂੰ ਬ੍ਰਾਹਮਣ ਕਰ ਦੇਵੋ, ਬਿਨ੍ਹਾਂ ਇਹ ਸਮਝੇ-ਸਮਝਾਏ ਕਿ ਜਨਮ ਤੋਂ ਉੱਚਾ-ਨੀਵਾਂ ਕੋਈ ਨਹੀਂ ਹੁੰਦਾ। ਗੁਰੂ ਨਾਨਕ ਨੇ ਕਦੇ ਬ੍ਰਾਹਮਣ-ਸ਼ੂਦਰ ਸ਼ਬਦਾਂ ਤੋਂ ਪਰਹੇਜ਼ ਨਹੀਂ ਕੀਤਾ, ਬਲਕਿ ਸ਼ੂਦਰ ਨੂੰ ਬ੍ਰਾਹਮਣ ਦੇ ਬਰਾਬਰ ਸਮਝਿਆ ਅਤੇ ਚੰਗੇ ਕਿਰਦਾਰ ਹੋਣ ਦੀ ਸੂਰਤ ਵਿੱਚ ਉੱਚਾ ਵੀ। ਉਨ੍ਹਾਂ ਸ਼ੂਦਰ ਨੂੰ ਉੱਚਾ ਕਰਨ ਲਈ ਸ਼ੂਦਰ ਨੂੰ ਜਨੇਉ ਧਾਰਨ ਕਰਨ ਦਾ ਸੁਝਾਵ ਨਹੀਂ ਦਿੱਤਾ।

ਜਾਗਰੂਕਤਾ ਦਾ ਮਤਲਭ ਆਪ ਵਹਿਮੀ ਬਣ ਜਾਣਾ ਤਾਂ ਨਹੀਂ ਹੁੰਦਾ। ਇਸਤਰੀ-ਪੁਰਸ਼ ਦੀ ਬਰਾਬਰੀ ਦਾ ਗੁਰਮਤਿ ਸਿਧਾਂਤ ਦਿਸ਼ਾ ਨਾਲ ਨਹੀਂ, ਬਲਕਿ ਬਰਾਬਰ ਦੇ ਸਤਿਕਾਰ ਦੀ ਹਾਰਦਕ ਪਰਵਾਣਗੀ ਨਾਲ ਜੁੜਦਾ ਹੈ, ਨਾ ਕਿ ਰਸਮੀ ਤੌਰ ‘ਤੇ ਅੱਗੇ-ਪਿੱਛੇ ਜਾਂ ਸੱਜੇ ਖੱਬੇ ਕਰਨ ਨਾਲ। ਕਿਸੇ ਨੇ ਦਿਸ਼ਾ ਵਿਸ਼ੇਸ਼ ਨੂੰ ਉੱਚਾ ਕਰਾਰ ਦਿੱਤਾ ਹੈ, ਪਰ ਗੁਰੂ ਨਾਨਕ ਨੇ ਬਿਲਕੁਲ ਨਹੀਂ। ਅਸੀਂ ਦਿਸ਼ਾਵਾਂ ਤਾਂ ਮਿਟਾ ਨਹੀਂ ਸਕਦੇ। ਅਸੀਂ ਕੇਵਲ ਦਿਸ਼ਾ ਪ੍ਰਤੀ ਇਸ ਭੁਲੇਖੇ ਨੂੰ ਦੂਰ ਕਰਨ ਦੀ ਜੁਗਤ ਕਰਨੀ ਹੈ। ਅਸੀਂ ਆਪ ਕਿਵੇਂ ਔਰਤ ਦੇ ਪਿੱਛੇ ਚਲਣ ਨੂੰ ਜਾਂ ਖੱਬੇ ਬੈਠਣ ਨੂੰ ਨੀਵਾਂ ਸਮਝ ਕੇ ਤੁਰ ਸਕਦੇ ਹਾਂ? ਸਿੱਖ ਰਹਿਤ ਮਰਿਯਾਦਾ ਵਿੱਚ ਸਪਸ਼ਟ ਹੈ, ਕਿ ਸਿੱਖ ਲਈ ਊਂਚ-ਨੀਚ ਵਰਗੇ ਵਹਿਮ ਕਰਨਾ ਗੁਰਮਤਿ ਨਹੀਂ।

ਇਸ ਲਈ ਰਹਿਤ ਮਰਿਯਾਦਾ ਵਿੱਚ ਲਿੱਖਿਆਂ ਕੁੱਝ ਮੱਦਾਂ ਨੂੰ ਵਾਜਬ ਰਸਮਾਂ ਦੇ ਪਰਿਪੇਖ ਵਿੱਚ ਦੇਖਣ ਦੀ ਲੋੜ ਹੈ, ਨਾ ਕਿ ਵਹਿਮਾਂ ਦੇ ਪਰਿਪੇਖ ਵਿੱਚ। ਰਹੀ ਗੱਲ ਵਹਿਮ ਦੀ, ਤਾਂ ਉਹ ਕਿਸੇ ਦੀ ਆਪਣੀ ਅਗਿਆਨਤਾ ਹੀ ਹੋ ਸਕਦੀ ਹੈ, ਗੁਰਮਤਿ ਨਹੀਂ। ਮਿਸਾਲ ਦੇ ਤੌਰ ‘ਤੇ ਨਿਤਨੇਮ ਦੀ ਜ਼ਰੂਰੀ ਰਹਿਤ, ਜੇਕਰ ਕਈਆਂ ਲਈ ਕਰਮਕਾੰਡੀ ਢੰਗ ਨਾਲ ਕੀਤੇ ਜਾਣ ਵਾਲੀ ਕ੍ਰਿਆ ਹੈ, ਤਾਂ ਇਸ ਬਾਰੇ ਸੁਚੇਤ ਹੋਣ ਦੀ ਲੋੜ ਤੇ ਜ਼ੋਰ ਹੀ ਦਿੱਤਾ ਜਾ ਸਕਦਾ ਹੈ ਨਾ ਕਿ ਇਸ ਨੂੰ ਬੰਦ ਕਰਨ ‘ਤੇ। ਇਸੇ ਪਰਿਪੇਖ ਵਿੱਚ ਅਸੀਂ ਕਈ ਹੋਰ ਮੱਦਾਂ ਨੂੰ ਵੀ ਵਿਚਾਰ ਸਕਦੇ ਹਾਂ।

ਜਾਗਰੂਕਤਾ ਤਾਂ ਇਸ ਗੱਲ ਦੀ ਸਪਸ਼ਟਤਾ ਵਿੱਚ ਹੈ, ਕਿ ਸਿੱਖ ਫ਼ਲਸਫ਼ਾ ਅੱਗੇ-ਪਿੱਛੇ ਜਾਂ ਸੱਜੇ ਖੱਬੇ ਹੋ ਜਾਣ ਨੂੰ ਉੱਤਮ-ਨੀਚ ਹੋਣਾ ਨਹੀਂ ਮੰਨਦਾ। ਦਿਸ਼ਾਵਾਂ ਬਰਾਬਰ ਹਨ, ਉੱਤਮ ਜਾਂ ਨੀਚ ਨਹੀਂ। ਇਹੀ ਗੁਰਮਤਿ ਹੈ। ਅੱਗੇ-ਸੱਜੇ ਨੂੰ ਉਤਮ ਸਮਝਣ ਵਿੱਚ ਅਗਿਆਨਤਾ ਹੈ। ਜੋ ਅੱਗੇ-ਸੱਜੇ ਸਥਾਨ ਦਾ ਦਾਵਾ ਕਰਦਾ ਹੈ, ਉਹ ਉਥੇ ਬੈਠ ਕੇ ਵੀ ਨੀਵਾਂ ਹੈ। ਇਸਤਰੀ ਦੇ ਅਸਲ ਸਤਿਕਾਰ ਅਤੇ ਬਰਾਬਰੀ ਨੂੰ ਵਾਚਣ-ਭਾਲਣ ਦਾ ਖੇਤਰ ਚਾਰ ਲਾਵਾਂ ਦੀ ਰਸਮ ਨਹੀਂ, ਬਲਕਿ ਉਨ੍ਹਾਂ ਸਮਾਜਿਕ ਅਵਸਥਾਵਾਂ ਵਿੱਚ ਹੈ, ਜਿਸ ਵਿੱਚ ਉਸ ਨੂੰ ਰੋਜ਼ ਜੀਣਾ ਪੈਂਦਾ ਹੈ, ਅਤੇ ਬਹੁਤੀ ਬਾਰ ਜੀਉਣ ਤੋਂ ਪਹਿਲਾਂ ਮਰਨਾ ਵੀ।

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top