Share on Facebook

Main News Page

ਇਸ ਹਫਤੇ ਦੀਆਂ ਘਟਨਾਵਾਂ ਨੇ ਸਪਸ਼ਟ ਕਰ ਦਿੱਤਾ ਹੈ, ਕਿ ਸਿੱਖ ਪੰਥ ਦੇ ਆਗੂ ਪੰਥ ਵਿਰੋਧੀ ਕਿਸੇ ਅਦਿੱਖ ਸ਼ਕਤੀ ਦੇ ਹੱਥਾਂ ਵਿੱਚ ਖੇਡ ਰਹੇ ਹਨ

- ਇਨਫਰਮੇਸ਼ਨ ਟੈਕਨੋਲੋਜੀ ਦੇ ਅੱਜ ਦੇ ਯੁੱਗ ਵਿੱਚ ਜਿਸ ਨੂੰ ਗੁਰੂ ਗ੍ਰੰਥ ਸਹਿਬ ਜੀ ’ਤੇ ਪਿਛਲੇ 15 ਦਿਨਾਂ ਤੋਂ ਕੀਤੇ ਗਏ ਇੰਨੇ ਵੱਡੇ ਹਮਲੇ ਦੀ ਜਾਣਕਾਰੀ ਤੱਕ ਨਹੀਂ, ਉਹ ਸਖਸ਼ ਪ੍ਰਧਾਨਗੀ ਦੇ ਕਾਬਲ ਹੀ ਨਹੀਂ ਹੈ

ਇਸ ਹਫਤੇ ਦੀ ਸਭ ਤੋਂ ਅਹਿਮ ਘਟਨਾ ਹੈ, ਕਿ 13 ਮਾਰਚ ਨੂੰ ਸੇਰੇ ਪੰਜਾਬ ਰੇਡੀੳ ’ਤੇ ਹੋਈ ਲਾਈਵ ਟਾਕ ਸ਼ੋ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦਸਮ ਗ੍ਰੰਥ ਨੂੰ ਗੁਰੂ ਦੀ ਪਦਵੀ ’ਤੇ ਸ਼ਸੋਭਿਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਸਹਿਬਾਨ ਵੱਲੋਂ ਕੀਤੀ ਸੰਪਾਦਨਾ ਅਤੇ ਗੁਰਿਆਈ ਦਿੱਤੇ ਜਾਣ ਤੋਂ ਹੀ ਬਿਲਕੁਲ ਇਨਕਾਰ ਕੀਤਾ ਜਾਣ ਲੱਗ ਪਿਆ ਹੈ। ਇਹ ਦੱਸਣ ਯੋਗ ਕਿ 27 ਫਰਵਰੀ ਨੂੰ ਸ਼ੇਰੇ ਪੰਜਾਬ ਰੇਡੀੳ ’ਤੇ ਦਸਮ ਗ੍ਰੰਥ ਦੇ ਸਬੰਧ ਵਿੱਚ ਇਸ ਗ੍ਰੰਥ ਦਾ ਪੱਖ ਪੂਰਣ ਅਤੇ ਵਿਰੋਧ ਕਰਨ ਵਾਲੀਆਂ ਧਿਰਾਂ ਵਿੱਚ ਲਾਈਵ ਟਾਕ ਸ਼ੋ ਹੋਈ, ਜਿਸ ਦੌਰਾਨ ਇਸ ਗ੍ਰੰਥ ਦਾ ਪੱਖ ਪੂਰਨ ਵਾਲੀ ਧਿਰ, ਵਿਰੋਧੀਆਂ ਵੱਲੋਂ ਪੁੱਛੇ ਗਏ 20-25 ਸਵਾਲਾਂ ਦੇ ਕਿਸੇ ਇੱਕ ਦਾ ਵੀ ਜਵਾਬ ਨਹੀਂ ਦੇ ਸਕੇ।

ਇਸ ਟਾਕ ਸ਼ੋ ਦਾ ਹਵਾਲਾ ਦੇਕੇ, ਇੱਕ ਦਸਮ ਗ੍ਰੰਥ ਪੱਖੀ ਨੇ, ਖੰਨਾ ਵਿਖੇ ਸੱਚ ਖੋਜ ਅਕੈਡਮੀ ਚਲਾ ਰਹੇ ਨਿਹੰਗ ਧਰਮ ਸਿੰਘ ਤੋਂ ਪੁਛਿਆ ਕਿ ਸੰਗਤਾਂ ਦੀ ਦੁਬਿਧਾ ਦੂਰ ਕਰਨ ਲਈ ਜੇ ਤੁਹਾਥੋਂ ਇਹ ਸਵਾਲ ਪੁੱਛੇ ਜਾਣ ਤਾਂ ਕੀ ਤੁਸੀ ਇਨਾਂ ਦੇ ਜਵਾਬ ਦੇ ਸਕਦੇ ਹੋ? ਇਨਾਂ ਦੋਹਾਂ ਵਿੱਚ ਹੋਈ ਟਾਕ ਸ਼ੋ ਦੌਰਾਨ ਨਿਹੰਗ ਧਰਮ ਸਿੰਘ ਨੇ ਕਈ ਵਾਰ ਦੁਹਰਾਅ ਦੁਹਰਾਅ ਕੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਨਾ ਕਿਸੇ ਬੀੜ ਦਾ ਗੁਰੂ ਅਰਜਨ ਦੇਵ ਜੀ ਸਮੇਂ ਹਰਮੰਦਰ ਸਹਿਬ ਵਿੱਚ ਪ੍ਰਕਾਸ਼ ਹੋਇਆ, ਨਾ ਹੀ ਕਰਤਾਰ ਵਾਲੀ ਬੀੜ ਅਸਲੀ ਹੈ, ਨਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਕੋਈ ਬੀੜ ਲਿਖਵਾਈ ਹੈ ਅਤੇ ਨਾ ਹੀ ਜੋਤੀ ਜੋਤ ਸਮਾਉਣ ਸਮੇਂ ਕਿਸੇ ਗ੍ਰੰਥ ਨੂੰ ਹਜ਼ੂਰ ਸਹਿਬ ਵਿਖੇ ਪ੍ਰਕਾਸ਼ ਕਰਕੇ ਗੁਰਿਆਈ ਹੀ ਦਿੱਤੀ ਹੈ।

ਧਰਮ ਸਿੰਘ ਇਸ ਟਾਕ ਸ਼ੋ ਦੀ ਆਡੀੳ ਰਿਕਾਰਡਿੰਗ ਕਰਕੇ ਉਨ੍ਰਾਂ ਆਪਣੇ ਬਲਾਗ ’ਤੇ ਇੰਟਰਨੈਟ ’ਤੇ ਪਾਈ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਪੰਥਕ ਜਥੇਬੰਦੀਆਂ, ਪੱਤਰਕਾਰਾਂ ਅਤੇ ਹੋਰ ਅਹਿਮ ਸ਼ਕਸੀਅਤਾਂ ਨੂੰ ਈ ਮੇਲ ਰਾਂਹੀ ਭੇਜ ਕੇ ਸ਼ੇਰੇ ਪੰਜਾਬ ਰੇਡੀਉ ਨੂੰ ਇਸ ਸਬੰਧੀ ਵਿਚਾਰ ਚਰਚਾ ਕਰਨ ਲਈ ਖੁੱਲੀ ਚਣੌਤੀ ਦਿੱਤੀ। ਸ਼ੇਰੇ ਪੰਜਾਬ ਰੇਡੀਉ ਵੱਲੋਂ ਚਣੌਤੀ ਕਬੂਲਦਿਆਂ ਲਾਈਵ ਟਾਕ ਸ਼ੋ ਦੌਰਾਨ ਵਿਚਾਰ ਚਰਚਾ ਲਈ 13 ਮਾਰਚ ਦਾ ਦਿਨ ਨੀਅਤ ਕੀਤਾ ਪਰ ਚਣੌਤੀ ਦੇਣ ਵਾਲੇ ਖੁਦ ਹੀ ਲਾਈਨ ’ਤੇ ਨਾ ਆਏ ਅਤੇ ਰੇਡੀਓ ਹੋਸਟ ਅਤੇ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਇਸ ਸਬੰਧੀ ਆਪਣੇ ਵਿਚਾਰ ਪਰਗਟ ਕਰਕੇ ਇਸ ਗੰਭੀਰ ਮੁੱਦੇ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਤਾਂ ਅਸੀਂ ਇਹੀ ਹੀ ਸਮਝਦੇ ਰਹੇ ਕਿ ਦਸਮ ਗ੍ਰੰਥ ਪੱਖੀ ਇਸ ਗ੍ਰੰਥ ਨੂੰ ਬਰਾਬਰ ਦੀ ਮਾਨਤਾ ਦਿਵਾਉਣਾ ਚਾਹੁੰਦੇ ਹਨ ਪਰ ਧਰਮ ਸਿੰਘ ਵੱਲੋ ਕੀਤੀ ਇਸ ਘਟੀਆ ਟਿੱਪਣੀੇ ਨੇ ਤਾਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਗੁਰੂ ਗ੍ਰੰਥ ਸਹਿਬ ਨੂੰ ਪਾਸੇ ਹਟਾ ਕੇ ਦਸਮ ਗ੍ਰੰਥ ਨੂੰ ਹੀ ਗੁਰਿਆਈ ’ਤ ਸਸੋਭਿਤ ਕਰਨਾ ਚਾਹੁੰਦੇ ਹਨ।

ਇਸ ਲਾਈਵ ਟਾਕ ਸ਼ੋ ਦੀ ਰਿਕਾਰਡਿੰਗ ਅਤੇ ਖਬਰ ਦੇ ਰੂਪ ਵਿੱਚ ਲਿਖਤੀ ਵੇਰਵਾ ਜਾਗੋ ਖਾਲਸਾ ਡਾਟ ਕਾਮ ਅਤੇ ਖਾਲਸਾ ਨਿਊਜ਼ ’ਤੇ ਪੈ ਚੁੱਕਾ ਹੈ। ਪਰ ਅੱਜ ਤੱਕ ਦਸਮ ਗ੍ਰੰਥ ਦਾ ਪੱਖ ਪੂਰਨ ਵਾਲੀ ਕਿਸੇ ਵੀ ਜਥੇਬੰਦੀ ਵੱਲੋਂ ਇਸ ਦਾ ਜਨਤਕ ਤੌਰ ’ਤੇ ਵਿਰੋਧ ਨਹੀਂ ਕੀਤਾ ਗਿਆ। ਬੀਤੀ ਸ਼ਾਮ ਨੂੰ ਹੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰਕੇ ਉਨਾਂ ਵੱਲੋਂ ਧਾਰੀ ਗਈ ਚੁੱਪ ਦਾ ਕਾਰਨ ਪੁੱਛਿਆ ਤਾਂ ਉਨਾਂ ਅਜਿਹੀ ਕਿਸੇ ਗੱਲ ਦੀ ਜਾਣਕਾਰੀ ਹੋਣ ਤੋਂ ਉੱਕਾ ਹੀ ਇਨਕਾਰ ਕੀਤਾ। ਸ੍ਰੋਮਣੀ ਕਮੇਟੀ ਪ੍ਰਧਾਨ ਦੇ ਇਸ ਇੰਕਸ਼ਾਫ ਨੇ ਜਾਹਰ ਕਰ ਦਿੱਤਾ ਹੈ ਕਿ ਇਨਫਰਮੇਸ਼ਨ ਟੈਕਨੋਲੋਜੀ ਦੇ ਅੱਜ ਦੇ ਯੁੱਗ ਵਿੱਚ ਜਿਸ ਨੂੰ ਗੁਰੂ ਗ੍ਰੰਥ ਸਹਿਬ ਜੀ ’ਤੇ ਪਿਛਲੇ 15 ਦਿਨਾਂ ਤੋਂ ਕੀਤੇ ਗਏ ਇੰਨੇ ਵੱਡੇ ਹਮਲੇ ਦੀ ਜਾਣਕਾਰੀ ਤੱਕ ਨਹੀਂ, ਉਹ ਸਖਸ਼ ਪ੍ਰਧਾਨਗੀ ਦੇ ਕਾਬਲ ਹੀ ਨਹੀਂ ਹੈ। ਜਾਂ ਇਸ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਉਹ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡਣ ਕਰਕੇ ਇਸ ਅਹਿਮ ਵਿਸ਼ੇ ’ਤੇ ਵੀ ਚੁੱਪ ਧਾਰਨ ਲਈ ਮਜ਼ਬੂਰ ਹੈ। ਪ੍ਰਧਾਨ ਜੀ ਦੀ ਜਾਣਕਾਰੀ ਲਈ ਇਨ੍ਰਾਂ ਖਬਰਾਂ ਦੀ ਰਿਕਾਰਡਿੰਗ ਦੇ ਲਿੰਕ ਉਨਾਂ ਨੂੰ ਤੁਰੰਤ ਭੇਜ ਦਿੱਤੇ ਗਏ ਹਨ ਅਤੇ ਉਨਾਂ ਵਾਅਦਾ ਕੀਤਾ ਕਿ ਇਹ ਵਿਦਵਾਨਾਂ ਨੂੰ ਵਿਚਾਰਣ ਲਈ ਦੇ ਦਿੱਤਾ ਜਾਵੇਗਾ।

ਇਸ ਹਫਤੇ ਦਾ ਦੂਜਾ ਵਿਸ਼ਾ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦਾ ਹੋਰ ਭਖਣਾ ਹੈ। ਸਾਲ 2011-12 ਤਖਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਨੰਦਗੜ ਨੇ ਉਨਾਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਏਕ ਨੂਰ ਖਾਲਸਾ ਫੌਜ ਵੱਲੋਂ ਛਪਵਾਇਆ ਗਿਆ 2003 ਵਾਲਾ ਅਸਲੀ ਨਾਨਕਸ਼ਾਹੀ ਕੈ¦ਡਰ ਹੋਰਨਾਂ ਪੰਥਕ ਜਥੇਬੰਦੀਆਂ ਦੀ ਮੌਜੂਦਗੀ ਵਿੱਚ 14 ਮਾਰਚ ਨੂੰ ਜਾਰੀ ਕਰ ਦਿੱਤਾ। 16 ਮਾਰਚ ਦੇ ਅਖਬਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਬਿਆਨ ਦਿੱਤਾ ਕਿ ਗਿਆਨੀ ਨੰਦਗੜ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 17 ਮਾਰਚ ਦੇ ਅਖਬਾਰਾਂ ਵਿੱਚ ਗਿਆਨੀ ਨੰਦਗੜ ਦਾ ਬਿਆਨ ਛਪਿਆ ਕਿ ਜੇ ਉਨਾਂ ਨੂੰ ਲਿਖਤੀ ਨੋਟਿਸ ਮਿਲਿਆ ਤਾਂ ਉਹ ਸਬੂਤਾਂ ਸਹਿਤ ਆਪਣਾ ਪੱਖ ਪੇਸ਼ ਕਰਨਗੇ ਅਤੇ ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਵਾਲੇ ਪੰਥ ਵਿਰੋਧੀਆਂ ਦਾ ਪਰਦਾ ਫਾਸ਼ ਕਰਨਗੇ। ਉਸੇ ਦਿਨ ਗਿਆਨੀ ਗੁਰਬਚਨ ਸਿੰਘ ਸਾਫ ਮੁੱਕਰ ਗਿਆ ਕਿ ਉਨਾਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ। ਅਵਤਾਰ ਸਿੰਘ ਮੱਕੜ 17 ਮਾਰਚ ਨੂੰ ਬਠਿੰਡਾ ਪਹੁੰਚੇ ਹੋਏ ਸਨ ਜਿਥੇ ਉਨਾਂ ਬਿਆਨ ਦਿੱਤਾ ਕਿ ਸੋਧਾਂ ਵਾਲੇ ਕੈਲੰਡਰ ਨੂੰ ਰੱਦ ਕਰਕੇ 2003 ਵਾਲੇ ਅਸਲੀ ਨਾਨਕਸ਼ਾਹੀ ਕੈ¦ਡਰ ਜ਼ਾਰੀ ਕਰਨ ਵਾਲੇ ਪੰਥ ਵਿਰੋਧੀ ਹਨ ਅਤੇ ਜਥੇਦਾਰ ਨੰਦਗੜ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਗਿਆਨੀ ਨੰਦਗੜ ਨੇ ਮੱਕੜ ਨੂੰ ਲਲਕਾਰਿਆ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਰਹੇ, ਉਹ ਸਿਰਫ ਪ੍ਰਬੰਧਕ ਹੈ ਧਾਰਮਿਕ ਮਸਲਿਆਂ ’ਤੇ ਬਿਆਨਬਾਜ਼ੀ ਨਾ ਕਰੇ। ਇਹ ਦੋਵੇ ਬਿਆਨ 18 ਮਾਰਚ ਦੇ ਅਖਬਾਰਾਂ ਵਿੱਚ ਛੱਪ ਜਾਣ ’ਤੇ ਪ੍ਰਧਾਨ ਮੱਕੜ ਤੋਂ ਪੁਛਿਆ ਕਿ ਤੁਸ਼ੀ ਇੱਕ ਤਖਤ ਦੇ ਜਥੇਦਾਰ ਵਿਰੁਧ ਕਾਰਵਾਈ ਕਰਨ ਦਾ ਬਿਆਨ ਕਿਸ ਹੈਸੀਅਤ ਵਿੱਚ ਦਿੱਤਾ ਤਾਂ ਉਹ ਵੀ ਗਿਆਨੀ ਗੁਰਬਚਨ ਸਿੰਘ ਵਾਂਗ ਸਾਫ ਮੁੱਕਰ ਗਿਆ ਕਿ ਉਨਾਂ ਐਸਾ ਕੋਈ ਬਿਆਨ ਦਿੱਤਾ ਹੀ ਨਹੀਂ।

ਜੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਜਥੇਦਾਰ ਤੱਕ ਇਹ ਹਾਲ ਹੈ ਕਿ ਉਹ ਆਪਣੀ ਕਹੀ ਹੋਈ ਗੱਲ ਜਿਸ ਨੂੰ ਉਹ ਲਾਗੂ ਕਰਵਾਉਣ ਤੋਂ ਅਸਮਰਥ ਹੋਣ ਤਾਂ ਉਹ ਕੋਰਾ ਝੂਠ ਬੋਲ ਜਾਂਦੇ ਹਨ ਕਿ ਉਨਾਂ ਅਜਿਹੀ ਕੋਈ ਗੱਲ ਕਹੀ ਹੀ ਨਹੀਂ ਤਾਂ ਇਹ ਸਿੱਖਾਂ ਦੇ ਉਚੇ ਸੁੱਚੇ ਕਿਰਦਾਰ ’ਤੇ ਧੱਬੇ ਲਾ ਰਹੇ ਹਨ। ਗੱਲ ਸਾਫ ਹੈ ਕਿ ਉਹ ਪੰਥ ਵਿਰੋਧੀ ਧਿਰਾਂ ਦੇ ਹੱਥਾਂ ’ਚ ਖੇਡਣ ਕਰਕੇ ਪੰਥ ਵਿਰੋਧੀ ਕਾਰਵਾਈਆਂ ਤਾਂ ਕਰ ਰਹੇ ਹਨ ਪਰ ਜਿਆਦਾ ਵਿਰੋਧ ਦੇਖ ਕੇ ਪਿੱਛੇ ਹਟ ਜਾਂਦੇ ਹਨ।

ਤੀਜੀ ਅਹਿਮ ਗੱਲ ਹੈ ਕਿ ਜੇ ਕਿਧਰੇ ਵਿਦੇਸਾਂ ਜਾਂ ਭਾਰਤ ਦੇ ਉਨਾਂ ਦੀ ਵਿਰੋਧੀ ਪਾਰਟੀ ਵਾਲੇ ਰਾਜਾਂ ਵਿੱਚ ਸਿੱਖਾਂ ਦੀ ਬੇਪਤੀ ਜਾਂ ਜੁਲਮ ਹੁੰਦਾ ਹੈ ਤਾਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਕਹਾਉਣ ਵਾਲੀ ਸ੍ਰੋਮਣੀ ਕਮੇਟੀ ਅਤੇ ਬਾਦਲ ਦਲ, ਮਗਰਮੱਛ ਦੇ ਹੰਝੂ ਵਹਾਉਦੇ ਹੋਏ ਅਵਾਜ਼ ਉਠਾ ਕੇ ਪੰਥਕ ਹੇਜ਼ ਜਾਹਰ ਕਰਦੇ ਹਨ ਪਰ ਉਨ•ਾਂ ਦੇ ਆਪਣੇ ਰਾਜ ਦੌਰਾਨ ਉਹ ਸਭ ਕੁੱਝ ਵਾਪਰ ਰਿਹਾ ਹੈ ਜਿਸ ਦਾ ਉਹ ਵਿਰੋਧ ਕਰਦੇ ਦਿਖਾਈ ਦਿੰਦੇ ਹਨ। ਪੰਜਾਬ ਵਿੱਚ ਕਾਲੇ ਦੌਰ ਸਮੇਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਅਫਸਰਾਂ ਨੂੰ ਤਾਂ ਸਰਕਾਰੀ ਉੱਚ ਆਹੁਦੇ ਅਤੇ ਸੇਵਾ ਮੁਕਤ ਹੋਣ ਪਿੱਛੋਂ ਆਪਣੀ ਪਾਰਟੀ ਵਿੱਚ ਆਹੁਦੇ ਦਿੱਤੇ ਹੀ ਜਾ ਰਹੇ ਹਨ, ਹੁਣ ਉਨਾਂ ਦੀ ਸਰਕਾਰ ਦੌਰਾਨ ਵੀ ਜਿਸ ਮਰਜੀ ਸਿੱਖ ਨੂੰ ਅੱਤਵਾਦੀ ਕਹਿ ਕੇ ਘਰੋਂ ਚੁੱਕ ਕੇ ਪੁਲਸ ਹਿਰਾਸਤ ਵਿੱਚ ਕਤਲ ਕਰ ਦੇਣ ਤਾਂ ਕੋਈ ਨਹੀਂ ਪੁੱਛਦਾ। ਤਾਜੀ ਘਟਨਾ ਹੈ ਕਿ ਸੋਹਨਜੀਤ ਸਿੰਘ ਨੂੰ 3 ਮਾਰਚ ਨੂੰ ਉਸ ਦੇ ਘਰੋਂ ਚੁੱਕਿਆ ਗਿਆ। ਅਦਾਲਤ ਵਿੱਚੋ ਪੁਲਸ ਰਿਮਾਂਡ ਲਿਆ ਗਿਆ ਅਤੇ ਉਸ ਨੂੰ 15 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਪਰ 14 ਮਾਰਚ ਨੂੰ ਦੱਸ ਦਿੱਤਾ ਗਿਆ ਹੈ ਕਿ ਉਹ ਫਾਹਾ ਲੈਕੇ ਮਰ ਗਿਆ ਹੈ। ਅਖਬਾਰੀ ਖਬਰਾਂ ਅਨੁਸਾਰ ਪਿਛਲੇ ਅੱਠ ਮਹੀਨਿਆਂ ਵਿੱਚ ਪੰਜ ਹਿਰਾਸਤੀ ਮੌਤਾਂ ਹੋ ਚੁੱਕੀਆਂ ਹਨ ।

ਚੌਥੀ ਘਟਨਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਇੱਕ ਪਾਸੇ ਤਾਂ ਨੰਨੀ ਛਾਂ ਦੇ ਨਾਂ ਹੇਠ ਭਰੂਣ ਹੱਤਿਆ ਵਿਰੁੱਧ ਜੋਰਦਾਰ ਪ੍ਰਚਾਰ ਕਰ ਰਹੀ ਹੈ ਅਤੇ ਲੋਕ ਸਭਾ ਵਿੱਚ ਵਿਦੇਸ਼ੀ ਹਵਾਈ ਅੱਡਿਆਂ ’ਤੇ ਦਸਤਾਰ ਦੀ ਹੋ ਰਹੀ ਬੇਅਦਬੀ ਵਿਰੁੱਧ ਬੜੇ ਜ਼ਜ਼ਬਾਤੀ ਭਾਸ਼ਣ ਦਿੰਦੀ ਹੈ ਪਰ 17 ਮਾਰਚ ਨੂੰ ਉਸਦੀ ਮੌਜੂਦਗੀ ਵਿੱਚ ਅਕਾਲੀ ਜਥੇਦਾਰਾਂ ਨੇ ਰੁਜਗਾਰ ਮੰਗਣ ਆਈਆ ਨੋਜਵਾਨ ਲੜਕੇ ਅਤੇ ਲੜਕੀਆਂ ਦੀ ਜੰਮ ਕੇ ਕੁੱਟ ਮਾਰ ਕੀਤੀ ਅਤੇ ਚੁੰਨੀਆਂ ਅਤੇ ਦਸਤਾਰਾਂ ਪੈਰਾ ਵਿੱਚ ਰੋਲੀਆਂ। ਭਾਵ ਰਾਜ ਨਹੀਂ ਸੇਵਾ ਦਾ ਨਾਅਰਾ ਮਾਰ ਕੇ ਰਾਜ ਪ੍ਰਾਪਤ ਕਰਨ ਪਿੱਛੋਂ ਪੁਲਸ ਵੱਲੋਂ ਕੀਤੀ ਜਾ ਰਹੀ ਸੇਵਾ ਭੀ ਖੁਦ ਹੀ ਸੰਭਾਲ ਲਈ ਹੈ।

ਜਦ ਬੇਰੁਜਗਾਰ ਅਧਿਆਪਕ ਯੂਨੀਅਨ ਨੇ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਹਰਸਿਮਰਤ ਕੌਰ ਕੋਲ ਗੁਹਾਰ ਲਾਈ ਤਾਂ ਉਸਨੇ ਬੇਬਵਸੀ ਜਾਹਰ ਕਰਦਿਆ ਕਿਹਾ ਕਿ ਉਹ ਤਾਂ ਲੋਕ ਸਭਾ ਦੀ ਮੈਂਬਰ ਹੈ, ਤੁਹਾਡਾ ਕੇਸ ਤਾਂ ਪੰਜਾਬ ਸਰਕਾਰ ਨੇ ਵਿਚਾਰਨਾ ਹੈ ਇਸ ਲਈ ਇਹ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਜਦ ਯੂਨੀਅਨ ਆਗੂਆਂ ਵੱਲੋਂ ਇਹ ਚੇਤਾ ਕਰਵਾਇਆ ਗਿਆ ਕਿ ਪੰਜਾਬ ਵਿੱਚ ਤਾਂ ਤੁਹਾਡੇ ਪਰਿਵਾਰ ਦਾ ਹੀ ਰਾਜ ਹੈ ਅਤੇ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਤੁਸੀ ਸਾਡੇ ਨੁਮਾਇੰਦੇ ਹੋ ਤਾਂ ਤੁਹਾਡਾ ਫਰਜ ਬਣਦਾ ਹੈ ਕਿ ਸਾਡੀ ਬੇਨਤੀ ਸਰਕਾਰ ਤੱਕ ਪਹੁੰਚਾਓ। ਇਹ ਗੱਲ ਸੁਣਕੇ ਉਹ ਟਾਲਮਟੋਲ ਕਰਕੇ ਚਲਦੀ ਬਣੀ ਅਤੇ ਅਕਾਲੀ ਆਹੁਦੇਦਾਰਾਂ ਨੇ ਉਨਾ ਦੀ ਸੇਵਾ ਕਰਨ ਦੀ ਡਿਊਟੀ ਪੂਰੇ ਪ੍ਰੇਮ ਨਾਲ ਨਿਭਾਈ।

ਕਿਰਪਾਲ ਸਿੰਘ ਬਠਿੰਡਾ
98554 80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top