Share on Facebook

Main News Page

ਸਿੱਖਾਂ ਦੀ ਗਿਣਤੀ ਘੱਟ ਕਿਉਂ ਰਹੀ ਹੈ?

ਇਨ੍ਹਾਂ ਦਿਨਾਂ ਵਿੱਚ ਦੇਸ਼-ਵਿਦੇਸ਼ ਤੋਂ ਕਈ ਫੋਨ ਆਏ ਜਿਨ੍ਹਾਂ ਰਾਹੀਂ ਇਹ ਸੁਆਲ ਕੀਤਾ ਗਿਆ, ਕਿ ਕੀ ਕਾਰਣ ਹੈ ਕਿ ਸਿੱਖਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ? ਇਹ ਇੱਕ ਅਜਿਹਾ ਸੁਆਲ ਹੈ, ਜਿਸਦਾ ਜੁਆਬ ਇਤਨਾ ਸਹਿਜ ਨਹੀਂ, ਜਿਤਨਾ ਕਿ ਸਮਝਿਆ ਜਾਂਦਾ ਹੈ।

ਇਸਦਾ ਕਾਰਣ ਇਹ ਹੈ ਕਿ ਸਿੱਖਾਂ ਦੀ ਗਿਣਤੀ ਘੱਟਣ ਦਾ ਕਾਰਣ ਕੋਈ ਇੱਕ ਨਹੀਂ, ਸਗੋਂ ਕਈ ਮੰਨੇ ਜਾ ਸਕਦੇ ਹਨ।

ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਕਿਉਂਕਿ ਸਿੱਖਾਂ ਨੇ ਪਰਿਵਾਰਾਂ ਨੂੰ ਛੋਟਿਆਂ ਰਖਣ ਦੀ ਸੋਚ ਅਪਨਾ ਲਈ ਹੋਈ ਹੈ, ਜਿਸ ਕਾਰਣ ਸਿੱਖਾਂ ਦੀ ਜਨਮ ਦਰ ਘਟਦੀ ਜਾ ਰਹੀ ਹੈ। ਇਸੇ ਦੇ ਫਲਸਰੂਪ ਸਿੱਖਾਂ ਦੀ ਆਬਾਦੀ ਦਾ ਘਟਦਿਆਂ ਜਾਣਾ ਸੁਭਾਵਕ ਹੈ। ਕੁੱਝ ਵਿਦਵਾਨ ਇਹ ਮੰਨਦੇ ਹਨ ਕਿ ਸਿੱਖ ਧਰਮ ਅਤੇ ਇਤਿਹਾਸ ਦੇ ਸਬੰਧ ਵਿੱਚ ਕਈ ਅਜਿਹੇ ਵਿਵਾਦ ਪੈਦਾ ਕਰ ਦਿਤੇ ਗਏ ਹੋਏ ਹਨ, ਜਿਨ੍ਹਾਂ ਕਾਰਣ ਸਿੱਖੀ ਪ੍ਰਤੀ ਵਿਸ਼ਵਾਸ ਨੂੰ ਲੈ ਕੇ ਸਿੱਖ ਨੌਜਵਾਨਾਂ ਵਿੱਚ ਇੱਕ ਅਜਿਹੀ ਅਣਸੁਲਝੀ ਦੁਬਿੱਧਾ ਪੈਦਾ ਹੋ ਗਈ ਹੈ, ਜਿਸ ਵਿਚੋਂ ਉਭਰ ਨਾ ਪਾਣ ਦੇ ਕਾਰਣ, ਉਹ ਆਪਣੇ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਨ। ਕੁੱਝ ਵਿਦਵਾਨ ਇਹ ਵੀ ਆਖਦੇ ਹਨ ਕਿ ਪੰਜਾਬ ਵਿੱਚ ਦਿਨ-ਬ-ਦਿਨ ਸਿੱਖੀ-ਵਿਰੋਧੀ ਡੇਰੇਦਾਰਾਂ ਦਾ ਪ੍ਰਭਾਵ ਇਤਨਾ ਵਧੱਦਾ ਜਾ ਰਿਹਾ ਹੈ ਕਿ ਉਹ ‘ਮਨ ਦੀਆਂ ਮੁਰਾਦਾਂ ਪੂਰੀਆਂ’ ਕਰਨ ਦਾ ਭਰਮ ਪੈਦਾ ਕਰ, ਲੋਕਾਂ, ਜਿਨ੍ਹਾਂ ਵਿੱਚ ਸਿੱਖ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ, ਨੂੰ ਆਪਣੇ ਵੱਲ ਖਿਚਦੇ ਜਾ ਰਹੇ ਹਨ। ਫਲਸਰੂਪ ਪੰਜਾਬ ਵਿੱਚ ਡੇਰੇ ਘਟਣ ਦੀ ਬਜਾਏ ਲਗਾਤਾਰ ਵਧੱ ਰਹੇ ਹਨ, ਅਤੇ ਨਤੀਜੇ ਵਜੋਂ ਸਿੱਖ, ਸਿੱਖੀ ਜੀਵਨ ਨਾਲੋਂ ਟੁੱਟ, ਡੇਰੇਦਾਰਾਂ ਨਾਲ ਜੁੜਦੇ ਜਾ ਰਹੇ ਹਨ। ਇਸਦੇ ਨਾਲ ਹੀ ਕੁੱਝ ਵਿਦਵਾਨਾਂ ਦਾ ਇਹ ਵੀ ਮੰਨਦੇ ਹਨ ਕਿ ਸਿੱਖ ਆਗੂਆਂ ਵਲੋਂ ਸਿੱਖ-ਸ਼ਕਤੀ, ਸਿੱਖੀ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਦਾ, ਵਿਰੋਧ ਕਰਨ ਵਿੱਚ ਹੀ ਬਰਬਾਦ ਕੀਤੀ ਜਾਣ ਲਗੀ ਹੈ, ਜੇ ਇਸ ਸ਼ਕਤੀ ਨੂੰ ਸਿੱਖੀ ਦੇ ਪ੍ਰਚਾਰ ਅਤੇ ਉਸਦੀ ਸੰਭਾਲ ਵਿੱਚ ਲਾਇਆ ਜਾਏ ਤਾਂ ਜਿੱਥੇ ਸਿੱਖੀ ਦਾ ਪਸਾਰ ਹੋ ਸਕਦਾ ਹੈ, ਉਥੇ ਡੇਰੇਦਾਰਾਂ ਵਲ ਲੋਕਾਂ, ਵਿਸ਼ੇਸ਼ ਕਰ ਸਿੱਖਾਂ ਦੇ ਵੱਧ ਰਹੇ ਝੁਕਾਅ ਨੂੰ ਵੀ ਠਲ੍ਹ ਪਾਈ ਜਾ ਸਕਦੀ ਹੈ। ਇਸਦੇ ਨਾਲ ਹੀ ਕੁੱਝ ਵਿਦਵਾਨ ਇਹ ਵੀ ਦਲੀਲ ਦਿੰਦੇ ਹਨ ਕਿ ਸਿੱਖੀ ਵਿੱਚ ‘ਖੂਨ ਦਾ ਸੰਚਾਰ’ ਕਰਨ ਵਾਲੇ ਕਈ ਅੰਗਾਂ ਨੂੰ ਸਿੱਖੀ ਨਾਲੋਂ ਵੱਖ ਕਰ ਦਿੱਤੇ ਜਾਣ ਦਾ ਪ੍ਰਭਾਵ ਵੀ ਸਿੱਖਾਂ ਦੀ ਗਿਣਤੀ ਦੇ ਵਾਧੇ ਨੂੰ ਘਾਟੇ ਵਿੱਚ ਬਦਲਣ ਵਿੱਚ ਸਹਾਈ ਹੋ ਰਿਹਾ ਹੈ।

ਇਸ ਵਿੱਚ ਕੋਈ ਸ਼ਕ ਨਹੀਂ ਕਿ ਇਨ੍ਹਾਂ ਤਥਾਂ ਦਾ ਪ੍ਰਭਾਵ ਕਿਸੇ ਹੱਦ ਤਕ ਸਿੱਖਾਂ ਦੀ ਗਿਣਤੀ ਦੇ ਲਗਾਤਾਰ ਘੱਟਦਿਆਂ ਜਾਣ ਪੁਰ ਪੈ ਰਿਹਾ ਹੈ। ਪ੍ਰੰਤੂ ਕੁੱਝ ਧਾਰਮਕ ਸੋਚ ਪ੍ਰਤੀ ਸਮਰਪਤ ਸਜਣ ਇਹ ਦਾਅਵਾ ਵੀ ਕਰਦੇ ਹਨ ਕਿ ਸਿੱਖਾਂ ਦੀ ਗਿਣਤੀ ਘੱਟਣ ਦਾ ਮੁੱਖ ਕਾਰਣ, ਗੁਰੂ ਸਾਹਿਬਾਨ ਦੇ ਜੀਵਨ-ਆਦਰਸ਼ਾਂ ਨੂੰ ਅਪਨਾਣ ਅਤੇ ਉਨ੍ਹਾਂ ਦੀਆਂ ਪੈੜਾਂ ਪੁਰ ਕਦਮ ਅੱਗੇ ਵਧਾਉਣ ਦੀ ਬਜਾਏ, ਉਨ੍ਹਾਂ ਤੋਂ ਭਟਕ ਕੇ ਰਾਜਨੈਤਿਕ ਸੁਆਰਥ ਅਧੀਨ ਆਪਣੇ ਜੀਵਨ-ਆਦਰਸ਼ ਅਪਨਾ, ਉਨ੍ਹਾਂ ਦੀਆਂ ਪੈੜਾਂ ਪੁਰ ਅੱਗੇ ਵਧਣ ਲਗ ਪੈਣਾ ਹੈ, ਜਿਸ ਕਾਰਣ ਸਿੱਖ ਭਟਕ ਕੇ, ਮੂਲ ਆਦਰਸ਼ਾਂ ਤੋਂ ਇਤਨੀ ਦੂਰ ਚਲੇ ਗਏ ਹੋਏ ਹਨ, ਜਿਥੋਂ ਵਾਪਸ ਪਰਤਣਾ ਉਨ੍ਹਾਂ ਲਈ ਆਪਣੀ ਗ਼ਲਤੀ ਸਵੀਕਾਰ ਕਰਨ ਦੇ ਤੁਲ ਹੋਵੇਗਾ, ਜੋ ਕਿ ਹਊਮੈ ਵਿੱਚ ਗ੍ਰਸੇ ਮਨ ਕਿਸੇ ਵੀ ਤਰ੍ਹਾਂ ਸਵੀਕਾਰ ਕਰਨ ਲਈ ਤਿਆਰ ਨਹੀਂ। ਇਸੇ ਕਾਰਣ ਪੈਰ ਪਿੱਛੇ ਪਾ, ਸਿੱਧੇ ਰਾਹ ਤੇ ਅਗੇ ਵਧਣ ਨਾਲੋਂ, ਗ਼ਲਤ ਰਾਹ ਤੇ ਹੀ ਅਗੇ ਵੱਧਦਿਆਂ ਜਾਣ ਨੂੰ ਹੀ ਅਪਨਾਈ ਰੱਖਿਆ ਜਾ ਰਿਹਾ ਹੈ। ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਸਿੱਖਾਂ ਦੀਆਂ ਧਾਰਮਕ ਜਥੇਬੰਦੀਆਂ, ਜਿਨ੍ਹਾਂ ਨੇ ਸਿੱਖੀ ਦੀ ਸੰਭਾਲ ਕਰਨ ਦੀ ਜ਼ਿਮੇਂਦਾਰੀ ਸੰਭਾਲਣੀ ਸੀ, ਉਹ ਰਾਜਨੀਤੀ ਦਾ ਸ਼ਿਕਾਰ ਹੋ, ਆਪਣੀ ਜ਼ਿਮੇਂਦਾਰੀ ਪ੍ਰਤੀ ਇਮਾਨਦਾਰ ਰਹਿਣ ਦੀ ਬਜਾਏ ਉਸ ਵਲੋਂ ਪਾਸਾ ਵੱਟ ਬੈਠੀਆਂ ਹਨ।

ਗੁਰੂ ਸਾਹਿਬ ਦੇ ਜੀਵਨ-ਆਦਰਸ਼: ਜੇ ਗੁਰੂ ਸਾਹਿਬ ਦੇ ਜੀਵਨ-ਆਦਰਸ਼ਾਂ ਪੁਰ ਗੰਭੀਰਤਾ ਨਾਲ ਸੋਚ-ਵਿਚਾਰ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਕਿ ਸਿੱਖ ਧਰਮ ਹੀ ਇਕੋ-ਇਕ ਅਜਿਹਾ ਵਿਲਖੱਣ ਧਰਮ ਹੈ, ਜਿਸ ਵਿੱਚ ਗਿਣਤੀ ਨੂੰ ਨਹੀਂ, ਗੁਣਾਂ ਨੂੰ ਮਾਨਤਾ ਦਿੱਤੀ ਗਈ ਹੈ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਬਾਰ ਵਿੱਚ ਹਾਜ਼ਰ ਅੱਸੀ ਹਜ਼ਾਰ ਸਿੱਖਾਂ ਦੀ ਜਦੋਂ ਕਠਨ ਪ੍ਰੀਖਿਆ ਲਈ ਤਾਂ ਉਨ੍ਹਾਂ ਅੱਸੀ ਹਜ਼ਾਰ ਵਿਚੋਂ ਕੇਵਲ ਪੰਜ ਹੀ ਪਾਸ ਹੋਏ। ਅੱਸੀ ਹਜ਼ਾਰ ਸਿੱਖਾਂ ਵਿਚੋਂ ਕੇਵਲ ਪੰਜ ਦੇ ਹੀ ਪਾਸ ਹੋਣ ਨਾਲ ਗੁਰੂ ਸਾਹਿਬ ਨੂੰ ਨਿਰਾਸ਼ਾ ਨਹੀਂ ਹੋਈ, ਸਗੋਂ ਉਨ੍ਹਾਂ ਨੂੰ ਸੰਤੋਸ਼ ਹੋਇਆ, ਕਿਉਂਕਿ ਇਸ ਪ੍ਰੀਖਿਆ ਵਿੱਚ ਪੰਜਾਂ ਦੇ ਨਿਤਰਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਨਿਸ਼ਚਿਤ ‘ਪੰਚ ਪਰਵਾਣ ਪੰਚ ਪਰਧਾਨੁ’ ਦੇ ਆਦਰਸ਼ ਪੁਰ ਮੋਹਰ ਲਗ ਗਈ ਸੀ।

ਸਿੱਖ ਇਤਿਹਾਸ ਅਤੇ ਧਰਮ ਦੀਆਂ ਮਾਨਤਾਵਾਂ ਨੂੰ ਘੋਖਿਆਂ ਤੇ ਵਿਚਾਰਿਆਂ ਇਹ ਗਲ ਸਪਸ਼ਟ ਹੋ ਕੇ ਸਾਹਮਣੇ ਆਉਂਦੀ ਹੈ ਕਿ ਸਿੱਖੀ ਦੇ ਮਾਰਗ ਤੇ ਚਲਣਾ ਸਹਿਜ ਨਹੀਂ। ਜਿਥੇ ਗੁਰੂ ਸਾਹਿਬ ਨੇ ਸਿੱਖ ਦੀ ਪ੍ਰੀਭਾਸ਼ਾ ਨਿਸ਼ਚਿਤ ਕਰਦਿਆਂ ਫੁਰਮਾਇਆ: ‘ਗੁਰ ਸਤਿਗੁਰ ਕਾ ਜੋ ਸਿੱਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮ ਧਿਆਵੈ’ ਅਤੇ ‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ, ਜੋ ਆਪਿ ਜਪੈ ਅਵਰਹ ਨਾਮ ਜਪਾਵੈ’। ਉਥੇ ਹੀ ਉਨ੍ਹਾਂ ਸਿੱਖ ਲਈ ਕੁੱਝ ਆਦਰਸ਼ ਵੀ ਨਿਸ਼ਚਿਤ ਕਰ ਦਿੱਤੇ: ‘ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ’, ‘ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ’, ਹੋਰ ‘ਹਕੁ ਪਰਾਇਆ ਨਾਨਕਾ ਉਸ ਸੁਅਰ ਉਸ ਗਾਇ’।

ਇਤਨਾ ਹੀ ਨਹੀਂ ਗੁਰੂ ਸਾਹਿਬ ਨੇ ਸਿੱਖ ਦੀ ਰਹਿਤ ਵੀ ਨਿਸ਼ਚਿਤ ਕੀਤੀ: ‘ਸਾਚੀ ਰਹਤ ਸਾਚਾ ਮਨਿ ਸੋਇ ਮਨਮੁਖਿ ਕਥਨੀ ਹੈ, ਪਰ ਰਹਤ ਨਾ ਹੋਈ’ ਅਤੇ ਇਸਦੇ ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕੇਵਲ ਧਰਮੀ ਅਖਵਾਉਣ ਨਾਲ ਹੀ ਆਦਮੀ ਧਰਮੀ ਨਹੀਂ ਬਣ ਜਾਂਦਾ, ਸਗੋਂ ਪ੍ਰਭੂ ਦਾ ਨਾਮ ਜਪਣ ਦੇ ਨਾਲ ਹੀ ਕਰਮ ਵੀ ਨਿਰਮਲ ਹੋਣੇ ਚਾਹੀਦੇ ਹਨ, ਅਰਥਾਤ ਉਹ ਹੀ ਸਰਵ-ਸ੍ਰੇਸ਼ਠ ਧਰਮ ਮੰਨਿਆ ਜਾ ਸਕਦਾ ਹੈ, ਜਿਸ ਵਿੱਚ ਪ੍ਰਭੂ ਦਾ ਨਾਮ ਜਪਣ ਦੇ ਨਾਲ ਹੀ, ਮਨੁੱਖ ਨੂੰ ਕਰਮ ਵੀ ਨਿਰਮਲ ਅਪਨਾਣ ਦੀ ਪ੍ਰੇਰਨਾ ਕੀਤੀ ਜਾਂਦੀ ਹੈ: ‘ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪਿ ਨਿਰਮਲ ਕਰਮ’।

ਗੁਰੂ ਸਾਹਿਬਾਨ ਨੇ ਸਿੱਖੀ ਅਪਨਾਣ ਦੀ ਪ੍ਰੇਰਨਾ ਕਰਦਿਆਂ ਦੂਸਰੇ ਧਰਮਾਚਾਰੀਆਂ ਵਾਂਗ ਆਪਣੇ ਪੈਰੋਕਾਰਾਂ ਨੂੰ ਲਾਲਚ ਨਹੀਂ ਦਿੱਤੇ, ਜਿਥੇ ਉਨ੍ਹਾਂ ਸਿੱਖ ਬਣਨ ਦਾ ਸਦਾ ਦਿੰਦਿਆਂ ਆਖਿਆ: ‘ਆਉ ਸਿਖੋ ਗੁਰੂ ਕੇ ਪਿਆਰਿਓ ਗਾਵਹੁ ਸਚੀ ਬਾਣੀ’, ਉਥੇ ਹੀ ਉਨ੍ਹਾਂ ਚਿਤਾਵਨੀ ਦਿੰਦਿਆ ਇਹ ਵੀ ਕਿਹਾ ਕਿ ‘ਇਤੁ ਮਾਰਗਿ ਪੈਰ ਧਰੀਜੈ, ਸਿਰ ਦੀਜੈ ਕਾਣਿ ਨਾ ਕੀਜੈ’, ਹੋਰ ‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਗਲੀ ਮੇਰੀ ਆਉ’।

ਇਸ ਤਰ੍ਹਾਂ ਦੀ ਚਿਤਾਵਨੀ ਦੇਣ ਦਾ ਕਾਰਣ ਸਪਸ਼ਟ ਸੀ ਕਿ ਸਿੱਖੀ ਦਾ ਮਾਰਗ ਸੌਖਾ ਨਹੀਂ, ਇਸ ਮਾਰਗ ਤੇ ਚਲਦਿਆਂ ਹੂਰਾਂ-ਪਰੀਆਂ ਨਹੀਂ ਮਿਲਣੀਆਂ। ਇਸ ਮਾਰਗ ਤੇ ਕਦਮ-ਕਦਮ ਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ, ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁਧ ਦ੍ਰਿੜ੍ਹਤਾ ਨਾਲ ਆਵਾਜ਼ ਉਠਾਣੀ ਹੋਵੇਗੀ, ਗ਼ਰੀਬ-ਮਜ਼ਲੂਮ ਅਤੇ ਆਤਮ-ਸਨਮਾਨ ਦੀ ਰਖਿਆ ਲਈ ਸੰਘਰਸ਼ ਕਰਦਿਆਂ ਤੇ ਜੂਝਦਿਆਂ ਰਹਿਣਾ ਹੋਵੇਗਾ, ਜੋ ਕਿ ਸਹਿਜ ਨਹੀਂ। ਜੇ ਤਹਾਡੇ ਵਿੱਚ ਇਹ ਕਹਿਣ ਦੀ ਜੁਰਅਤ ਹੈ, ਕਿ ‘ਰਾਜੇ ਸ਼ੀਂਹ ਮੁਕਦਮ ਕੁਤੇ’ ਤੇ ‘ਕਲ ਕਾਤੀ ਰਾਜੇ ਕਸਾਈ’ ਅਤੇ ‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ’. ਤਾਂ ਤੁਹਾਨੂੰ ਇਸ ਜੁਰਅਤ ਦੀ ਰਖਿਆ ਕਰਨ ਲਈ ਜੂਝਦਿਆਂ, ਸਰਬਤ ਦੇ ਭਲੇ ਦੇ ਆਦਰਸ਼ ਨੂੰ ਵੀ ਮੁੱਖ ਰਖਣਾ ਹੋਵੇਗਾ, (ਜਿਵੇਂ ਹਰ ਰੋਜ਼ ਘਟੋ-ਘੱਟ ਦੋ ਵਾਰ ਰੋਜ਼ ਅਰਦਾਸ ਕਰਦਿਆਂ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਦੀ ਮੰਗ ਕੀਤੀ ਜਾਂਦੀ ਹੈ)। ਇਸਲਈ ਹੇ ਇਨਸਾਨ! ਫਿਰ ਸੋਚ ਲੈ, ਜੇ ਤੂੰ ਇਸ ਲਈ ਤਿਆਰ ਹੈਂ ਤਾਂ ਫਿਰ ਤੈਨੂੰ ਇਨ੍ਹਾਂ ਆਦਰਸ਼ਾਂ ਪੁਰ ਪਹਿਰਾ ਦੇਣ ਲਈ ਸਦੀਵੀ ਸੰਘਰਸ਼ ਜਾਰੀ ਰਖਣਾ ਹੋਵੇਗਾ। ਜੋ ਕਿ ਆਸਾਨ ਨਹੀਂ ਹੋਵੇਗਾ: ‘ਜਨ ਨਾਨਕ ਇਹੁ ਖੇਲੁ ਕਠਨ ਹੈ, ਕਿਨਹੂ ਗੁਰਮੁਖ ਜਾਨ’। ਇਥੇ ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਸਿੱਖੀ ਵਿੱਚ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਸੰਘਰਸ਼ ਕਰਦਿਆਂ, ‘ਸਰਬਤ ਦੇ ਭਲੇ’ ਦੇ ਆਦਰਸ਼ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜੋ ਸਿੱਖ ਸਵੇਰੇ-ਸ਼ਾਮ ਅਕਾਲ ਪੁਰਖ ਪਾਸੋਂ ‘ਸਰਬਤ ਦੇ ਭਲੇ’ ਦੀ ਮੰਗ ਕਰਦਾ ਹੈ ਅਤੇ ਇਸੇ ਵਿੱਚ ਆਪਣਾ ਭਲਾ ਮੰਨਦਾ ਹੈ, ਉਸਨੂੰ ਸੰਘਰਸ਼ ਕਰਦਿਆਂ ਕਦਮ-ਕਦਮ ਤੇ ਇਸ ਗਲ ਦਾ ਖਿਆਲ ਰਖਣਾ ਹੁੰਦਾ ਹੈ ਕਿ ਕਿਧਰੇ ਕੋਈ ਬੇਗੁਨਾਹ ਉਸਦੀ ਕਿਰਪਾਨ ਦਾ ਸ਼ਿਕਾਰ ਨਾ ਹੋ ਜਾਏ। ਉਸਨੇ ਗੁਰੂ ਸਾਹਿਬ ਦੇ ਇਸ ਫੁਰਮਾਨ: ‘ਮੰਦਾ ਕਿਸ ਨੋ ਆਖੀਐ, ਜਾ ਤਿਸੁ ਬਿਨੁ ਕੋਇ ਨਾਹਿ’, ਦਾ ਵੀ ਪਾਲਨ ਕਰਨਾ ਹੈ।

ਸਿੱਖੀ ਵਿੱਚ ਉਹ ਵਿਅਕਤੀ ਪ੍ਰਵਾਨ ਨਹੀਂ, ਜਿਨ੍ਹਾਂ ਦੇ ਦਿਲ ਵਿੱਚ ਕੁੱਝ ਹੋਰ ਹੈ ਤੇ ਮੂੰਹ ਵਿੱਚ ਕੁੱਝ ਹੋਰ: ‘ਜਿਨੁ ਮਨਿ ਹੋਰ ਮੁਖਿ ਹੋਰ ਸਿ ਕਾਂਢੇ ਕਚਿਆ’। ਗੁਰੂ ਸਾਹਿਬ ਨੇ ਸਿੱਖੀ ਵਿੱਚ ਵਿਵਾਦਾਂ ਨੂੰ ਜਨਮ ਦੇਣ ਅਤੇ ਉਨ੍ਹਾਂ ਨੂੰ ਵਧਾਉਣ ਨੂੰ ਵੀ ਸਵੀਕਾਰ ਨਹੀਂ ਕੀਤਾ। ਉਹ ਬਚਨ ਕਰਦੇ ਹਨ ਕਿ ਜੇ ਕਿਤੇ ਕੋਈ ਵਿਵਾਦਤ ਸਥਿਤੀ ਪੈਦਾ ਹੋ ਜਾਏ ਤਾਂ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ’। ਗੁਰੂ ਸਾਹਿਬ ਨੇ ਗ਼ਲਤੀਆਂ ਕਰਨ ਵਾਲਿਆਂ ਨੂੰ ਸਜ਼ਾ ਦੇਣ ਜਾਂ ਪੰਥ ਵਿਚੋਂ ਛੇਕਣ ਨੂੰ ਵੀ ਮਾਨਤਾ ਨਹੀਂ ਦਿੱਤੀ। ਉਹ ਚਾਹੁੰਦੇ ਹਨ ਕਿ ਜੋ ਆਪਣੀ ਗ਼ਲਤੀ ਸਵੀਕਾਰ ਕਰ ਲੈਂਦਾ ਹੈ, ਉਸਨੂੰ ਉਸੇ ਤਰ੍ਹਾਂ ਮਾਫ ਕਰ ਦਿਤਾ ਜਾਣਾ ਚਾਹੀਦਾ ਹੈ, ਜਿਵੇਂ ਮਾਂ ਆਪਣੇ ਬੱਚੇ ਦੀਆਂ ਗ਼ਲਤੀਆਂ ਨਹੀਂ ਚਿਤਾਰਦੀ। ਉਹ ਫੁਰਮਾਂਦੇ ਹਨ: ‘ਸੁਤੁ ਅਪਰਾਧ ਕਰਤ ਹੈ ਜੇਤੇ ਜਨਨੀ ਚਿਤਿ ਨਾ ਰਾਖਸਿ ਤੇਤੇ’, ਹੋਰ ‘ਬੁਰਾ ਭਲਾ ਕਿਸਨੋ ਕਹੀਐ, ਸਗਲੇ ਜੀਅ ਤੁਮਾਰੇ’, ਅਰਥਾਤ ਬੁਰਾ-ਭਲਾ ਕਿਸਨੂੰ ਕਿਹਾ ਜਾਏ ਜਦਕਿ ਸਾਰੇ ਹੀ ਤੇਰੇ (ਅਕਾਲ ਪੁਰਖ ਦੇ) ਜੀਅ ਹਨ।

…ਅਤੇ ਅੰਤ ਵਿੱਚ: ਸਿੱਖੀ ਦੇ ਅਜਿਹੇ ਕਠਨ ਮਾਰਗ ਤੇ ਚਲਣਾ ਸਹਿਜ ਨਹੀਂ, ਫਿਰ ਇਸ ਗਲ ਨੂੰ ਕਿਵੇਂ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਖਾਲਸੇ ਦੇ ਰੂਪ ਵਿੱਚ ਸ਼ੇਰ ਬਣਾ ਦਿੱਤਾ ਸੀ। ਹਰ ਕੋਈ ਜਾਣਦਾ ਹੈ ਕਿ ਸ਼ੇਰ ਵਿਰਲੇ ਹੀ ਹੁੰਦੇ ਹਨ। ਭੇਡਾਂ-ਬਕਰੀਆਂ, ਗਿਦੜਾਂ ਦੇ ਤਾਂ ਇਜੜਾਂ ਦੇ ਇਜੜ ਹਰਲ-ਹਰਲ ਕਰਦੇ ਫਿਰਦੇ ਹਨ। ਸ਼ੇਰ ਦੀ ਇਕੋ ਭਬਕ ਸੁਣ, ਉਹ ਜਾਨ ਬਚਾਣ ਲਈ ਭੱਜ ਖੜੇ ਹੁੰਦੇ ਹਨ। ਸ਼ਾਇਦ ਇਹੀ ਕਾਰਣ ਹੈ ਕਿ ਸਿੱਖਾਂ ਦੀ ਗਿਣਤੀ ਵਧੱਦੀ ਨਹੀਂ, ਘਟਦੀ ਜ਼ਰੂਰ ਰਹਿੰਦੀ ਹੈ।

ਜਸਵੰਤ ਸਿੰਘ ‘ਅਜੀਤ’ (Mobile : + 91 98 68 91 77 31)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top