Share on Facebook

Main News Page

ਇਕ ਦੇਸ਼ ਜੋ ਮੈਂ ਦੇਖਿਆ

ਸ਼ਾਮ ਅਜੇ ਢਲਣੀ ਸ਼ੁਰੂ ਹੀ ਹੋਈ ਹੈ ਤੇ ਜਹਾਜ਼ ਉਤਰਨ ਨੂੰ ਅਜੇ 15ਕੁ ਮਿੰਟ ਬਾਕੀ ਹਨ, ਜਹਾਜ਼ ਤੋਂ ਹੇਠਾਂ ਦਾ ਨਜ਼ਾਰਾ ਬੜਾ ਸੋਹਣਾ ਲੱਗ ਰਿਹਾ ਸੀ ਹਰ ਪਾਸੇ ਹਰਿਆਲੀ, ਕਾਲੀਆਂ ਚੌੜੀਆਂ ਸਾਫ ਸੁਥਰੀਆਂ ਸੜਕਾਂ, ਵਿਰਲੀਆਂ-ਵਿਰਲੀਆਂ ਕਾਰਾਂ, ਬੱਸਾਂ ਤੇ ਹੋਰ ਮੋਟਰ ਗੱਡੀਆਂ ਚੱਲ ਰਹੀਆਂ ਹਨ। ਜਹਾਜ਼ ਦੀਆਂ ਏਅਰ ਹੋਸਟਸ ਜਿਨ੍ਹਾਂ ਨੇ ਸਿਰ ਢਕੇ ਹੋਏ ਹਨ ਬੜੀ ਨਿਮਰਤਾ ਨਾਲ ਪੰਜਾਬੀ ਜੁਬਾਨ ਵਿੱਚ ਯਾਤਰੀਆਂ ਨਾਲ ਪੇਸ਼ ਆ ਰਹੀਆਂ ਹਨ। ਅਚਾਨਕ ਜਹਾਜ਼ ਦੇ ਸਪੀਕਰਾਂ ਵਿੱਚ ਅਨਾਉਸਮੈਂਟ ਹੁੰਦੀ ਹੈ “ਵਾਹਿ ਗੁਰੁ ਜੀ ਕਾ ਖਾਲਸਾ, ਵਾਹਿ ਗੁਰੁ ਜੀ ਕੀ ਫਤਿਹ” ਗੁਰੁ ਸਾਹਿਬਾਂ ਦੇ ਸਿਰਜੇ ਹੋਏ ਖਾਲਸਾ ਰਾਜ ਸਿੱਖਲੈਂਡ ਵਿੱਚ ਆਪ ਸਭ ਦਾ ਸਵਾਗਤ ਹੈ ਆਪ ਸਭ ਨੂੰ ਜੀਓ ਆਇਆਂ ਨੂੰ ਕਿਹਾ ਜਾਂਦਾ ਹੈ, ਯਾਤਰੀ ਕ੍ਰਿਪਾ ਕਰਕੇ ਧਿਆਨ ਦੇਣ ਇਸ ਦੇਸ਼ ਵਿੱਚ ਹਰ ਕਿਸਮ ਦੇ ਨਸ਼ੇ ਦੀ ਸਖਤ ਮਨਾਹੀ ਹੈ, ਦੁਸਰਾ ਏਥੇ ਸਿਰਫ ਗੁਰਮਤਿ ਵੀਚਾਰਾਂ ਦੀ ਚਰਚਾ ਹੀ ਕੀਤੀ ਜਾ ਸਕਦੀ ਹੈ, ਗੁਰਮਤਿ ਤੋਂ ਉਲਟ ਕੋਈ ਵੀ ਕਮ ਕਨੂਨ ਦੀ ਉਲਘਣਾ ਸਮਝੀ ਜਾਂਦੀ ਹੈ, ਸਾਰੇ ਮੁਲਕ ਵਿੱਚ ਕਿਤੇ ਵੀ ਘੁਮਣ ਦੀ ਕੋਈ ਮਨਾਹੀ ਨਹੀਂ ਪਰ ਨਿਯਮਾਂ ਦੀ ਪਾਲਣਾ ਜਰੂਰੀ ਹੈ, ਜਿਨ੍ਹਾਂ ਯਾਤਰੀਆਂ ਨੇ ਸ਼ਾਮ ਵੇਲੇ ਦਾ ਨਿਤਨੇਮ (ਰਹਿਰਾਸ ਸਾਹਿਬ ਦਾ ਪਾਠ) ਕਰਨਾ ਹੋਵੇ ਇਮੀਗ੍ਰੈਸ਼ਨ ਕਲੀਰੀਅੰਸ ਦੇ ਖੱਬੇ ਪਾਸੇ ਏਅਰ ਪੋਰਟ ਦੇ ਅੰਦਰ ਹੀ ਬੜਾ ਵੱਡਾ ਹਾਲ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਆਪਣੇ ਸਮਾਨ ਦੀ ਚਿੰਤਾ ਕੀਤਿਆਂ ਬਗੈਰ ਪਾਠ ਕਰ ਸਕਦੇ ਹੋ, ਇਸ ਤੋਂ ਬਾਅਦ ਘੱਟੋ-ਘੱਟ 10 ਕਿਲੋ ਮੀਟਰ ਤੇ ਹੀ ਗੁਰਦਵਾਰਾ ਸਾਹਿਬ ਹਨ ਅਤੇ ਹਰ ਗੁਰਦਵਾਰਾ ਸਾਹਿਬ ਵਿੱਚ ਘੱਟੋ-ਘੱਟ ਏਨਾ ਅੰਤਰ ਹੈ, ਕਰੰਸੀ ਬਦਲਣ ਲਈ 10 ਕਾਂਊਟਰ ਏਅਰ ਪੋਰਟ ਦੇ ਅੰਦਰ ਹਨ, ਹੋਈ ਹਰ ਤਰ੍ਹਾਂ ਦੀ ਤਕਲੀਫ ਲਈ ਅਸੀਂ ਖਿਮਾਂ ਦੇ ਯਾਚਕ ਹਾਂ “ਵਾਹਿ ਗੁਰੁ ਜੀ ਕਾ ਖਾਲਸਾ, ਵਾਹਿ ਗੁਰੁ ਜੀ ਕੀ ਫਤਿਹ”

ਜਹਾਜ਼ ਤੋਂ ਬਾਹਰ ਨਿਕਲ ਕੇ ਦੇਖਿਆ ਕਿੱਨਾਂ ਸੋਹਣਾ ਨਜ਼ਾਰਾ ਹੈ, ਹਰ ਪਾਸੇ ਦਸਤਾਰ ਧਾਰੀ ਸਿੰਘ ਤੇ ਬੀਬੀਆਂ ਹਵਾਈ ਅੱਡੇ ਦਾ ਪ੍ਰਬੰਧ ਸੰਭਾਲ ਰਹੇ ਸਨ, ਅਤੇ ਏਅਰ ਪੋਰਟ ਤੇ ਗੁਰਮੁਖੀ, ਫਾਰਸੀ ਤੇ ਅੰਗ੍ਰੇਜੀ ਅੱਖਰਾਂ ਵਿੱਚ ਸ੍ਰੀ ਦਸਮੇਸ਼ ਇੰਟਰਨੈਸ਼ਨਲ ਏਅਰ ਪੋਰਟ ਲਿਖਿਆ ਹੋਇਆ ਹੈ ਤੇ ਬਹੁਤ ਵੱਡਾ ਕੇਸਰੀ ਝੰਡਾ ਰਾਸ਼ਟਰੀ ਝੰਡੇ ਦੇ ਰੂਪ ਵਿੱਚ ਲਹਿਰਾ ਰਿਹਾ ਹੈ, ਵੀਜ਼ਾ ਪਾਸਪੋਰਟ ਦੀਆਂ ਲੋੜੀਂਦੀਆ ਕਾਰਵਾਈਆਂ ਤੋਂ ਬਾਅਦ ਉਸ ਹਾਲ ਵਿੱਚ ਪ੍ਰਵੇਸ਼ ਕੀਤਾ ਜਿੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਤੇ ਸੋਦਰ ਦਾ ਪਾਠ ਚਲ ਰਿਹਾ ਸੀ ਮੈਂ ਮੱਥਾ ਟੇਕ ਕੇ ਬੈਠ ਜਾਂਦਾ ਹਾਂ ਸਮਾਪਤੀ ਤੋਂ ਬਾਅਦ ਆਪਣਾ ਸਮਾਨ ਲੈਕੇ ਕਰੰਸੀ ਬਦਲਣ ਲਈ ਬੈਂਕ ਕਾਉਂਟਰ ਤੇ ਜਾਂਦਾ ਹਾਂ, ਓਥੇ ਦੀ ਕਰੰਸੀ ਦਾ ਨਾਮ ਦਮੜਾ ਹੈ, ਦੋ ਯੂਰੋ ਦੇ ਬਰਾਬਰ ਇਕ ਦਮੜਾ, ਹਵਾਈ ਅੱਡੇ ਤੋ ਬਾਹਰ ਨਿਕਲ ਕੇ ਦੇਖਦਾ ਹਾਂ, ਬੜੀਆਂ ਸੋਹਣੀਆਂ ਟੈਕਸੀਆਂ, ਕਾਰਾਂ ਤੇ ਬੱਸਾਂ ਸਵਾਰੀਆਂ ਦੇ ਆਉਣ ਜਾਣ ਲਈ ਖੜੀਆਂ ਹਨ ਤੇ ਓਹਨਾ ਨੂੰ ਚਲਾਉਣ ਵਾਲੇ ਲਗ੍ਹ-ਭਗ੍ਹ ਸਾਰੇ ਹੀ ਸਾਬਤ ਸੂਰਤ, ਸ੍ਰੀ ਸਾਹਿਬ ਪਾਈ ਖੁੱਲੇ ਦਾਹੜੇ, ਕਿਸੇ ਕਿਸੇ ਨੇ ਬੱਧੇ ਹੋਏ, ਕੋਈ ਗੋਰਿਆਂ ਵਰਗੇ ਕੋਈ ਅਫਰੀਕਨਾ ਵਰਗੇ ਕੋਈ ਕੋਈ ਅਰਬੀ ਤੇ ਇਰਾਨੀਆਂ ਵਰਗੇ, ਕੁਝ ਬੀਬੀਆਂ ਵੀ ਟੈਕਸੀ ਤੇ ਬੱਸਾਂ ਦੀਆਂ ਚਾਲਕ ਹਰ ਬੀਬੀ ਦਾ ਸਿਰ ਇਕ ਖਾਸ ਕਿਸਮ ਦੇ ਕਪੜੇ ਨਾਲ ਢਕਿਆ ਹੋਇਆ… ਕੀ ਅਦਭੁਤ ਨਜ਼ਾਰਾ!

ਏਨੇ ਨੂੰ ਇਕ ਨੌਜਵਾਨ ਮੇਰੇ ਕੋਲ ਆ ਕੇ ਫਤਿਹ ਬੁਲਾ ਕੇ ਪੁਛਦਾ ਹੈ ਪੰਜਾਬੀ, ਫਾਰਸੀ ਜਾਂ ਇੰਗਲਿਸ਼ ਮੈਂ ਕਿਹਾ ਪੰਜਾਬੀ, ਓਹ ਕਿਹਣ ਲੱਗਾ ਕਿੱਥੇ ਜਾਓਗੇ, ਮੈਂ ਕਿਹਾ ਕਿ ਪਿਹਲੀ ਵਾਰੀ ਆਇਆਂ ਹਾਂ ਤੁਹਾਡੇ ਇਸ ਖੂਬਸੂਰਤ ਦੇਸ਼ ਵਿੱਚ, ਮੈਂ ਏਥੇ ਬਾਰੇ ਕੁਝ ਜਾਂਣਦਾ ਨਹੀਂ ਕਿਸੇ ਨੇੜੇ ਦੇ ਸ਼ਹਿਰ ਜਿੱਥੇ ਠਹਿਰਨ ਦਾ ਬੰਦੋਬਸਤ ਹੋ ਜਾਵੇ, ਓਹ ਕਿਹਣ ਲੱਗਾ ਕਿ ਏਥੋਂ ਅੱਧੇ ਕੁ ਘੰਟੇ ਦੀ ਵਿਥ ਤੇ ਸਮੁੰਦਰ ਦੇ ਨਾਲ ਲਗਦਾ ਪੈਹਲਾ ਸ਼ਹਿਰ ਹੈ ਬੇਗਮਪੁਰ ਓਥੇ ਲੈ ਚਲਦਾ ਹਾਂ ਆਮ ਹੋਟਲ ਵੀ ਕੋਈ ਬਹੁਤੇ ਮਹਿੰਗੇ ਨਹੀਂ ਅਤੇ ਨਾਲ ਹੀ ਪਰਦੇਸੀਆਂ ਦੇ ਕੁਝ ਦਿਨ ਠਹਿਰਨ ਵਾਸਤੇ ਖਾਲਸਾ ਸਰਕਾਰ ਦੇ ਪ੍ਰਬੰਧ ਹੇਠ ਇਕ ਯਾਤਰੂ ਸਰਾਂ ਹੈ ਜਿਸਦਾ ਖਰਚ ਨਾਮ ਮਾਤਰ ਹੀ ਹੈ ਤੇ ਹਰ ਵੇਲੇ ਖਾਲਸ ਘਿਓ ਨਾਲ ਤਿਆਰ ਕੀਤਾ ਲੰਗਰ ਵਰਤਦਾ ਰਹਿੰਦਾ ਹੈ, ਮੈਂ ਕਿਹਾ ਕਿ ਠੀਕ ਹੈ ਓਤੇ ਹੀ ਛੱਡ ਦਿਓ ਮੇਰੇ ਪਾਸ ਸਿਰਫ ਇਕ ਛੋਟਾ ਜਿਹਾ ਬੈਗ ਹੀ ਹੈ ਮੈਂ ਉਸ ਟੈਕਸੀ ਵਿੱਚ ਸਵਾਰ ਹੋ ਜਾਂਦਾ ਹਾਂ।

ਵਕਤ ਟਪਾਉਣ ਲਈ ਮੈਂ ਐਵੇਂ ਹੀ ਗਲਬਾਤ ਸ਼ੁਰੂ ਕਰਦਾ ਹਾਂ ਮੈਂ ਪੁਛਦਾ ਹਾਂ ਕਿ ਜਾਤ ਪਾਤ ਤੇ ਅਧਾਰਤ ਸੁਸਾਇਟੀਆਂ ਏਥੇ ਬਣੀਆਂ ਹੋਣਗੀਆਂ ( ਮੈਂ ਸੋਚ ਰਿਹਾ ਸੀ ਕਿ ਸ਼ਾਇਦ ਮੇਰੀ ਜਾਤ ਦੀ ਕੋਈ ਸੁਸਾਇਟੀ ਦੀ ਆਪਣੀ ਸਰਾਂ ਬਣੀ ਹੋਵੇਗੀ ਓਥੇ ਮਾਣ ਸਤਕਾਰ ਸ਼ਾਇਦ ਜਾਅਦਾ ਮਿਲ ਜਾਵੇਗਾ) ਓਹ ਕਿਹਣ ਲਗਾ ਕਿ ਏਥੇ ਜਾਤ-ਪਾਤ ਦੀ ਗਲ ਕਰਨੀ ਗੁਨਾਹ ਸਮਝਿਆ ਜਾਂਦਾ ਹੈ ਵਿਆਹ ਸ਼ਾਦੀ ਵਾਸਤੇ ਅਗਰ ਕੋਈ ਜਾਤ ਦੀ ਗਲ ਕਰੇ ਤੇ ਉਸ ਖਿਲਾਫ ਮਾਮਲਾ ਦਰਜ ਹੋ ਜਾਂਦਾ ਹੈ ( ਮੈਨੂੰ ਕੰਬਣੀ ਜਿਹੀ ਛਿੜ ਗਈ ਓਥੇ ਅਸੀਂ ਆਪਣੇ ਮੁਲਕ ਵਿੱਚ ਬੜੇ ਫਖਰ ਨਾਲ਼ ਆਪਣੀ ਜਾਤ ਆਪਣੇ ਨਾਮ ਨਾਲ ਲਗਾਉਂਦੇ ਹਾਂ) ਮੈਂ ਗਲ ਬਦਲ ਕੇ ਕਿਹਾ ਕਿ ਏਥੇ ਲੋਕਾਂ ਦੇ ਕਾਰੋਬਾਰ ਕੀ ਹਨ ਉਸ ਨੇ ਮੈਨੂੰ ਦਸਿਆ ਕਿ ਅਨਾਜ ਤੇ ਫਲ- ਫਰੂਟ ਏਥੇ ਦੀ ਮੇਨ ਉਪਜ ਹੈ ਮਸ਼ੀਨਰੀਆਂ ਬਣਾਉਣ ਦੇ ਕਈ ਵੱਡੇ ਕਾਰਖਾਨੇ ਹਨ ਕਾਰਾਂ, ਬੱਸਾਂ ਤੇ ਟਰਕ ਵਗੈਰ੍ਹਾ ਦੁਜੇ ਮੁਲਕਾਂ ਨੂੰ ਵੀ ਐਕਸਪੋਰਟ ਕਰਦੇ ਹਾਂ ਬਾਕੀ ਸਮੁੰਦਰੀ ਜਹਾਜ਼ ਵੀ ਮੁਖ ਕਾਰੋਬਾਰ ਵਿੱਚ ਆਉਂਦਾ ਹੈ ਮੈਂ ਪੁਛਿਆ ਬਿਜਲੀ ਦਾ ਬੰਦੋਬਸਤ ਕਿਸ ਤਰ੍ਹਾਂ ਦਾ ਹੈ ਉਸ ਨੇ ਦਸਿਆ ਕਿ ਬਿਜਲੀ ਲੋੜ ਤੋਂ ਵੱਧ ਪੈਦਾ ਹੁੰਦੀ ਹੈ ਤੇ ਬਹੁਤ ਸਸਤੀ ਵੀ, ਵਾਧੂ ਬਿਜਲੀ ਅਸੀਂ ਗਵਾਂਡੀ ਮੁਲਕ ਨੂੰ ਹੋਰ ਜਿਣਸਾਂ ਦੇ ਬਦਲੇ ਦੇ ਦਿੰਦੇ ਹਾਂ ਮੈ ਕਿਾ ਕਿ ਜੇ ਬਿਜਲੀ ਚਲੀ ਜਾਵੇ ਫਿਰ ਕੀ ਕਰਦੇ ਹੋ ਓਹ ਕਿਹਣ ਲੱਗਾ ਕਿ ਸਾਨੂੰ ਪਤਾ ਹੀ ਨਹੀਂ ਕਿ ਬਿਜਲੀ ਜਾਣਾ ਕਿਸ ਨੂੰ ਕਿਹੰਦੇ ਹਨ, ਗੰਨੇ, ਮੱਕੀ ਤੇ ਹੋਰ ਫਸਲਾਂ ਤੋਂ ਅਸੀਂ ਕਾਰਾਂ, ਬੱਸਾਂ ਚਲਾਉਣ ਲਈ ਬਾਲਣ ਬਣਾਉਨੇ ਹਾਂ ਜੋ ਸਾਡੀਆਂ ਲੋੜਾਂ ਪੁਰੀਆਂ ਕਰ ਦਿੰਦਾ ਹੈ ਮੈਂ ਪੁਛਿੱਆ ਦਿਨ ਤਿਓਹਾਰ ਕਿਹੜੇ ਮਨਾਏ ਜਾਂਦੇ ਹਨ ਓਹ ਕਿਹਣ ਲੱਗਾ ਕਿ ਸਾਡਾ ਇਕੋ ਹੀ ਕੋਮੀ ਦਿਹਾੜਾ ਹੈ ਖਾਲਸਾ ਸਾਜਨਾ ਦਿਨ ਤੇ ਗੁਰੁ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਜੋ ਤਿਨ ਦਿਨਾ ਦਾ ਹੁੰਦਾ ਹੈ ਸਾਰੇ ਕਾਰਖਾਨੇ ਤੇ ਸਰਕਾਰੀ ਅਦਾਰੇ ਬੰਦ ਹੁੰਦੇ ਹਨ ਪਰ ਬਜ਼ਾਰ ਜਗ-ਮਗ ਤੇ ਰੋਣਕ ਭਰਪੂਰ ਹੁੰਦਾ ਹੈ। ਗੱਲਾਂ ਗੱਲਾਂ ਵਿੱਚ ਪਤਾ ਹੀ ਨਹੀਂ ਲੱਗਾ ਕਿਸ ਵੇਲੇ ਸ਼ਹਿਰ ਅੰਦਰ ਦਾਖਲ ਹੋ ਗਏ, ਗੁਰਦਵਾਰਾ ਸਾਹਿਬ ਤੋਂ ਲਾਇਵ ਕੀਰਤਨ ਟੈਕਸੀ ਦੇ ਰੇਡੀਓ ਤੇ ਆ ਰਿਹਾ ਹੈ ਮੜੀ ਮਧੁਰ ਅਵਾਜ਼ ਵਿੱਚ ਸ਼ਬਦ ਚਲ ਰਿਹਾ ਹੈ।

ਪਉੜੀ ॥ ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ ਕਾਰਜੁ ਦੇਇ ਸਵਾਰਿ, ਸਤਿਗੁਰ ਸਚੁ ਸਾਖੀਐ ॥ ਸੰਤਾ ਸੰਗਿ ਨਿਧਾਨੁ, ਅੰਮ੍ਰਿਤੁ ਚਾਖੀਐ ॥ ਭੈ ਭੰਜਨ ਮਿਹਰਵਾਨ, ਦਾਸ ਕੀ ਰਾਖੀਐ ॥ ਨਾਨਕ ਹਰਿ ਗੁਣ ਗਾਇ, ਅਲਖੁ ਪ੍ਰਭੁ ਲਾਖੀਐ ॥20॥ {ਪੰਨਾ 91}

ਮੈਂ ਡਰਦਿਆਂ ਡਰਦਿਆਂ ਉਸ ਨੂੰ ਪੁਛਿਆ ਕਿ ਜੇ ਏਥੇ ਪੱਕੇ ਤੋਰ ਵਸਣਾ ਹੋਵੇ ਤੇ ਫਿਰ ਕਿਵੇਂ ਹੋ ਸਕਦਾ ਹੈ, ਉਹ ਕਿਹਣ ਲਗਾ ਕਿ ਇਸ ਲਈ ਕਾਫੀ ਸਮਾ ਲਗਦਾ ਹੈ, ਕਿਉਂਕਿ ਕੋਈ ਡੇਰੇਦਾਰ ਜਾਂ ਉਨ੍ਹਾਂ ਵਰਗੀ ਬਿਰਤੀ ਵਾਲਾ ਮਤਲਬ ਮਨਮਤੀ ਨੂੰ ਏਥੇ ਰਹਿਣ ਦੀ ਇਜ਼ਾਜਤ ਨਹੀਂ, ਮੈਂ ਆਪਣੇ ਬਾਰੇ ਸੋਚਣ ਲਗਦਾ ਹਾਂ, ਕਿ ਮੇਰੇ ਵਿੱਚੋਂ ਕਿੰਨੀ ਕੁ ਮਨਮਤਿ ਨਿਕਲੀ ਹੈ, ਤੇ ਕਿੰਨੀ ਕੁ ਬਾਕੀ ਹੈ ਕਿਉਂਕਿ ਬਾਹਮਣੀ ਰੀਤਾਂ ਅਜੇ ਸਾਡੇ ਘਰਾਂ ਚੋਂ ਪੂਰੀ ਤਰ੍ਹਾਂ ਨਾਲ ਗਈਆਂ ਨਹੀਂ, ਕਿਉਂਕਿ ਵਰਤ, ਰਖੜੀ, ਮਸਿਆ, ਸੰਗਰਾਂਦ, ਮ੍ਰਿਤਕ ਦੀਆਂ ਬਰਸੀਆਂ ਹੋਰ ਪਤਾ ਨਹੀਂ ਕੀ ਕੀ ਕਮ ਜੋ ਗੁਰਮਤਿ ਤੋਂ ਉਲਟ ਹਨ ਕਰੀ ਜਾ ਰਹੇ ਹਾਂ, ਮੇਰੇ ਵਰਗੇ ਵਾਸਤੇ ਇਸ ਮੁਲਕ ਵਿੱਚ ਜਗ੍ਹਾ ਮਿਲਣੀ ਬਹੁਤ ਮੁਸ਼ਕਲ ਹੈ। ਐਨ ਏਸੇ ਵਕਤ ਮੇਰੀ ਟੇਬਲ ਘੜੀ ਦਾ ਅਲਾਰਮ ਵਜ ਉਠਿਆ, ਤੇ ਮੇਰੀ ਜਾਗ ਖੁਲ ਗਈ ਭਾਂਵੇ ਮੇਰੀ ਜਾਗ ਖੁਲ ਗਈ, ਪਰ ਮੇਰ ਸੁਪਨਾ ਅਜੇ ਵੀ ਚਲ ਰਿਹਾ ਹੈ, ਤੇ ਮੈਨੂੰ ਲਗਦਾ ਹੈ ਕਿ ਏਹ ਮੇਰੀ ਕੌਮ ਦੇ ਭਵਿਖ ਦਾ ਸੁਪਨਾ ਹੈ, ਤੇ ਇਹ ਸੁਪਨਾ ਅਜ ਵੀ ਚਲਦਾ ਹੈ ਤੇ ਚਲਦਾ ਰਹੇਗਾ, ਜਦੋਂ...

ਗੁਰਦੇਵ ਸਿੰਘ ਬਟਾਲਵੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top