Share on Facebook

Main News Page

ਸਿੱਖ ਰਾਜ ਦਾ ਸੰਕਲਪ

ਸੁਪਨੇ ਲੈਣਾ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ।ਸੁਪਨੇ ਤਾਂ ਸਾਇਦ ਬ੍ਰਹਿਮੰਡ ਦੀ ਹਰ ਵਸਤੂ ਲੈਂਦੀ ਹੈ। ਦੁਨੀਆਂ ਦੀ ਹਰ ਮਨੁੱਖੀ ਕੌਮ ਵੀ ਸੁਪਨੇ ਦੇਖਦੀ ਹੈ ਫਿਰ ਸਿੱਖ ਕੌਮ ਨੂੰ ਵੀ ਸੁਪਨੇ ਦੇਖਣ ਤੋਂ ਕੌਣ ਰੋਕ ਸਕਦਾ ਹੈ। ਸਿੱਖ ਕੌਮ ਨੂੰ ਵੀ ਸੁਪਨੇਦੇਖਣ ਦਾ ਪੂਰਾ ਹੱਕ ਹੈ। ਸੁਪਨੇ ਨੂੰ ਹਕੀਕਤ ਵਿੱਚ ਬਦਲਣ ਤੋਂ ਪਹਿਲਾਂ ਇਹ ਜੋ ਸੁਪਨਾ ਸੋਚਿਆ ਹੈ ਕੀ ਇਹ ਗੁਰੂ ਦੀ ਮੱਤ ਅਨੁਸਾਰ ਵੀ ਹੈ ਜੇ ਸੁਪਨੇ ਮਨ ਅਧੀਨ ਆਇਆ ਹੈ ਤਦ ਛੱਡ ਦੇਣਾਂ ਚਾਹੀਦਾ ਹੈ, ਜੇ ਸੁਪਨਾਂ ਗੁਰੂਮੱਤ ਵਾਲਾ ਹੋਵੇ ਤਦ ਉਸਨੂੰ ਪੂਰਾ ਕਰਨ ਲਈ ਕੋਸਿਸ ਕਰਨ ਵਿੱਚ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ। ਸਿੱਖ ਕੌਮ ਦਾ ਦੁਖਾਂਤ ਹੈ ਕਿ ਇਹ ਸੁਪਨੇ ਗੁਰੂ ਦੀ ਗੁਰਮੱਤ ਤੋਂ ਬੇਮੁੱਖ ਹੋਕੇ ਦੇਖਦੀ ਹੈ, ਮਨਮੱਤ ਅਧੀਨ ਇਹਨਾਂ ਨੂੰ ਪੂਰਾ ਕਰਨ ਤੁਰ ਪੈਂਦੀ ਹੈ। ਕਿਸੇ ਸਿੱਖ ਲੀਡਰ ਨੂੰ ਸੁਪਨਾਂ ਆਇਆ ਮੁੱਖ ਮੰਤਰੀ ਦੀ ਕੁਰਸੀ ਮੱਲਣ ਦਾ, ਜਿਸ ਨੂੰ ਪੂਰਾ ਕਰਨ ਲਈ ਗੁਰੂਆਂ ਦੇ ਵਿਸ਼ਾਲ ਪੰਜਾਬ ਅਤੇ ਗੁਰੂਆਂ ਦੀ ਮੂਲ ਭਾਸ਼ਾ ਪੰਜਾਬੀ ਜਾਂ ਗੁਰਮੁਖੀ ਦੀ ਹੱਤਿਆ ਕਰਵਾ ਧਰੀ, ਲੀਡਰ ਦਾ ਕੋੜਮਾਂ ਮੱਲ ਬੈਠਾ, ਉਦੋਂ ਤੋਂ ਕੱਟੇ ਵੱਢੇ ਗੁਲਾਮ ਪੰਜਾਬ ਦੀ ਕੁਰਸੀ।

ਇਸ ਤਰਾਂ ਹੀ 1947 ਦੇ ਕਹਿਰ ਭਰੇ ਸਮੇਂ ਨੂੰ ਨਹਿਰੂ ਦੇ ਢਹੇ ਚੜਕੇ ਚਾਰ ਲੱਖ ਸਿੱਖ ਮਰਵਾ ਦਿੱਤੇ ਸਨ ਅਤੇ ਗੁਰੂਆਂ ਦਾ ਪੰਜਾਬ ਦੋ ਹਿੱਸਿਆਂ ਵਿੱਚ ਕਟਵਾ ਦਿੱਤਾ ਸੀ। ਗੁਰੂਆਂ ਦੀ ਸਿੱਖੀ ਅਤੇ ਗੁਰੂਆਂ ਦੀ ਸੋਚ ਛੋਟੇ ਜਿਹੇ ਪੰਜਾਬ ਵਿੱਚ ਰਹਿਣ ਲਈ ਮਜਬੂਰ ਕਰ ਧਰੀ ਸੀ, ਉਸ ਮਾਸਟਰ ਨੇ। ਮਹਾਰਾਜਾ ਰਣਜੀਤ ਸਿੰਘ ਦੀਆਂ ਕੋਸਿਸ਼ਾਂ ਨਾਲ ਮਸਾਂ ਸਿੱਖ ਕਾਬੁਲ ਤੋਂ ਦਿੱਲੀ ਦੇ ਵਿਚਕਾਰ ਸਿੱਖੀ ਦੇ ਝੰਡੇ ਝੁਲਾਉਣ ਦੇ ਯੋਗ ਹੋਏ ਸਨ। 1978 ਤੋਂ 1995 ਤੱਕ ਦੇ ਖੂਨੀ ਸੰਘਰਸ ਨੂੰ ਵੀ ਜਿਸਨੇ ਦੋ ਲੱਖ ਪੰਜਾਬੀਆਂ ਦੀ ਜਾਨ ਲੈ ਧਰੀ, ਦਾ ਜੁੰਮੇਵਾਰ ਕੌਣ ਸੀ। ਇਸ ਸੰਘਰਸ ਦੇ ਮੁੱਖੀ ਜੋ ਸਰਕਾਰੀ ਏਜੰਸੀਆਂ ਨੇ ਬਣਾ ਧਰੇ ਸਨ, ਅੱਜ ਵੀ ਚੰਡੀਗੜ ਦੀਆਂ ਕੋਠੀਆਂ ਜਾਂ ਕਿਧਰੇ ਪੰਜਾਬ ਦੇ ਪਿੰਡਾਂ ਅਤੇ ਸਰਕਾਰਾਂ ਵਿੱਚ ਰਾਜਸੱਤਾ ਦਾ ਅਨੰਦ ਮਾਣ ਰਹੇ ਹਨ, ਪਰ ਆਮ ਮਨੁੱਖ ਨੂੰ ਕੌਣ ਦੱਸੇ ਕਿ ਉਹਨਾਂ ਦੇ ਲੱਖਾਂ ਭਰਾ ਕਿਉਂ ਮਰ ਗਏ। ਅੱਜ ਫਿਰ ਗੁਰੂਆਂ ਦੀ ਸਿੱਖ ਕੌਮ ਉਸ ਬੂਹੇ ਉਪਰ ਖੜੀ ਹੈ, ਜਿੱਥੇ ਤੁਰਨ ਤੋਂ ਪਹਿਲਾਂ ਸੋਚਣਾ ਬਣਦਾ ਹੈ, ਕਿ ਜਿਧਰ ਤੈਨੂੰ ਦੁਬਾਰਾ ਤੋਰਿਆ ਜਾ ਰਿਹਾ ਹੈ, ਕੀ ਇਹ ਉਹੀ ਪਹਿਲਾਂ ਵਾਲਾ ਰਾਹ ਤਾਂ ਨਹੀਂ, ਜਿਸ ਰਾਹ ਤੇ ਤੁਰਦਿਆਂ ਲੱਖਾਂ ਭਰਾ, ਕਾਲ ਦਾ ਸ਼ਿਕਾਰ ਹੋ ਗਏ ਅਤੇ ਹਾਸਿਲ ਹੋਇਆ ਕੀ ਸਿਵਿਆਂ ਦੀ ਠੰਡੀ ਸਵਾਹ।

ਸਰਕਾਰੀ ਏਜੰਸੀਆਂ ਦੇ ਏਜੰਟ ਕਿਧਰੇ ਤੈਨੂੰ ਦੁਬਾਰਾ ਮਰਵਾਉਣ ਲਈ ਤਿਆਰ ਤਾਂ ਨਹੀਂ ਕਰ ਰਹੇ। ਗੁਰੂ ਦੇ ਸਿੱਖਾ, ਸੋਚ ਤੇਰੀ ਕੌਮ ਦਾ ਘਰ ਇਲਾਕੇ ਵਿੱਚ ਹੈ ਜਾਂ ਗੁਰੂਬਾਣੀ ਵਾਲੇ ਲੋਕਾਂ ਵਿੱਚ। ਗੁਰੂਆਂ ਨੇ ਤੈਨੂੰ ਗੁਰਬਾਣੀ ਨੂੰ ਗੁਰੂ ਮੰਨਣ ਲਈ ਕਿਹਾ ਸੀ, ਪਰ ਤੂੰ ਸੁਪਨੇ ਨੂੰ ਹੀ ਗੁਰੂ ਮੰਨ ਲਿਆ ਹੈ। ਸੁਪਨਾਂ ਗੁਰੂ ਨਹੀਂ ਹੁੰਦਾ, ਗੁਰੂ ਮੱਤ ਗੁਰੂ ਹੁੰਦੀ ਹੈ। ਗੁਰੂਮੱਤ ਵਾਲਾ ਗੁਰੂ ਗ੍ਰੰਥ ਤੋਂ ਜਿਸ ਦਿਨ ਤੈਨੂੰ ਮੱਤ ਆਉਣੀ ਸ਼ੁਰੂ ਹੋ ਗਈ, ਬਿਨ ਮਤਲਬ ਸੁਪਨੇ ਵੀ ਆਉਣੇ ਹਟ ਜਾਣਗੇ। ਰਾਜ ਧੱਕੇ ਨਾਲ ਨਹੀਂ ਬਣਾਏ ਜਾਂਦੇ, ਸਮਾਜ ਅਤੇ ਸੰਸਾਰ ਦੀਆਂ ਹਕੀਕਤਾ ਦੀ ਉਪਜ ਹੁੰਦੇ ਹਨ। ਸਮੁੱਚੇ ਸੰਸਾਰ ਦੇ ਬਹੁਗਿਣਤੀ ਦੇਸਾਂ ਨੂੰ ਅਖੌਤੀ ਆਜ਼ਾਦੀ ਕੁੱਝ ਸਹੀਦਾਂ ਦੀ ਬਦੌਲਤ ਨਹੀਂ ਮਿਲੀ, ਇਹ ਤਾਂ ਉਸ ਸਮੇਂ ਦੇ ਅੰਤਰ ਰਾਸ਼ਟਰੀ ਹਾਲਾਤ ਸਨ, ਜਿੰਨਾਂ ਨੇ ਲੁਟੇਰੇ ਗੋਰਿਆਂ ਨੂੰ ਇੰਗਲੈਂਡ ਵਿੱਚ ਸਿਰ ਬਚਾਉਣ ਲਈ ਮਜਬੂਰ ਕਰ ਦਿੱਤਾ ਸੀ। ਜਪਾਨ, ਜਰਮਨੀ, ਰੂਸ, ਅਮਰੀਕਾ ਅਤੇ ਇੰਗਲੈਂਡ ਦੀਆਂ ਮਜਬੂਰੀਆਂ ਅਤੇ ਲੜਾਈ ਜੋ ਕੁਦਰਤੀ ਨਿਯਮਾਂ ਦੀ ਉਪਜ ਸਨ, ਨੇ ਸੰਸਾਰ ਦੇ ਹਾਲਾਤ ਹੀ ਬਦਲ ਦਿੱਤੇ ਸਨ। ਇਸ ਦਾ ਨਤੀਜਾ ਮੁਸਲਿਮ ਆਗੂ ਆਪਣੀ ਅਕਲ ਵਰਤ ਗਏ, ਸਿੱਖ ਨੇਤਾ ਬਿਗਾਨੀ ਅਕਲ ਸਹਾਰੇ ਸਭ ਕੁੱਝ ਲੁਟਾ ਬੈਠੇ ਕੌਮ ਦਾ। ਗੁਰੂਮੱਤ ਤੋਂ ਸੱਖਣੀਆਂ ਕੌਮਾਂ ਨੂੰ ਇਸ ਤੋਂ ਵੱਧ ਦੀ ਆਸ ਵੀ ਨਹੀਂ ਰੱਖਣੀ ਚਾਹੀਦੀ। ਜਿਸ ਕੌਮ ਦੇ ਨੇਤਾ ਤਿਆਗੀ ਨਾਂ ਹੋ ਕੇ, ਕਾਰਖਾਨਿਆਂ ਦੇ ਮਾਲਕ ਅਤੇ ਜਾਇਦਾਦਾਂ ਦੇ ਮਾਲਕ ਬਣ ਬੈਠਣ, ਉਸ ਦਾ ਹਸ਼ਰ ਇਹ ਹੀ ਹੋਣਾਂ ਹੈ।

ਅੱਜ ਫਿਰ ਇਸ ਕੌਮ ਦਾ ਮਨਮੱਤੀ ਅਖੌਤੀ ਬੁੱਧੀਜੀਵੀ ਵਰਗ ਗੁਰੂ ਸੋਚ ਦਾ ਦੋਖੀ ਬਣ ਬੈਠਿਆ ਹੈ। ਜਿੰਨਾਂ ਸੋਚਾਂ ਨੂੰ ਗੁਰੂਆਂ ਨੇ ਸਤਿਕਾਰ ਦਿੱਤਾ, ਉਨ੍ਹਾਂ ਦੀ ਨਿੰਦਿਆ ਕਰਨ ਵਿੱਚ ਗਲਤਾਨ ਵਰਗ, ਕੀ ਅਗਵਾਈ ਦੇਵੇਗਾ ਸੋਚਿਆ ਹੀ ਜਾ ਸਕਦਾ ਹੈ। ਸਰਕਾਰੀ ਏਜੰਸੀਆਂ ਦੀਆਂ ਨੀਤੀਆਂ ਦੀ ਪੁਸਤਪਨਾਹੀ ਵਿੱਚ, ਇੱਕ ਵਰਗ ਔਰੰਗਜੇਬੀ ਨੀਤੀਆਂ ਅਪਣਾਕੇ ਚੱਲ ਰਿਹਾ ਹੈ। ਸਾਡੇ ਗੁਰੂਆਂ ਕੁੱਝ ਸੁਣੀਏ ਕੁੱਝ ਕਹੀਏ ਦਾ ਹੋਕਾ ਦਿੱਤਾ ਸੀ, ਤਲਵਾਰ ਨੂੰ ਹੱਥ ਉਸ ਹਾਲਤ ਵਿੱਚ ਹੀ ਜਾਇਜ਼ ਹੈ, ਜਦ ਸਾਰੇ ਹੀਲੇ ਮੁੱਕ ਜਾਣ, ਪਰ ਅਸੀਂ ਖੰਡਾ ਖੜਕਾਉਣ ਦਾ ਹੋਕਾ ਕਿਉਂ ਦੇਣਾ ਚਾਹੁੰਦੇ ਹਾਂ? ਗੁਰੂਆਂ ਨੇ ਤਾਂ ਬਾਬਰ ਅਤੇ ਜਾਬਰ ਔਰੰਗਜੇਬ ਦੇ ਪੁੱਤਰਾਂ ਨਾਲ ਵੀ ਦੁਸ਼ਮਣੀ ਨਹੀਂ ਕਮਾਈ। ਗੁਰੂ ਅਰਜਨ ਦੇਵ ਦੇ ਕਾਤਲਾਂ ਨਾਲ ਵੀ ਗੁਰੂ ਹਰਗੋਬਿੰਦ ਜੀ ਨੇ ਦੁਸ਼ਮਣੀ ਨਹੀਂ ਰੱਖੀ, ਜਿੰਨਾਂ ਚਿਰ ਦੁਸ਼ਮਣ ਵਾਰ ਨਹੀਂ ਕਰਦਾ, ਗੁਰੂ ਹੁਕਮ ਵਾਰ ਕਰਨ ਤੋਂ ਰੋਕਦਾ ਹੈ, ਪਰ ਅਸੀਂ ਗੁਰੂ ਤੋਂ ਵੱਡੇ ਬਣਕੇ, ਹਵਾ ਵਿੱਚ ਤਲਵਾਰ ਲਹਿਰਾਉਣ ਤੋਂ ਕਿਉਂ ਨਹੀਂ ਰੁਕਦੇ? ਕੀ ਅਸੀਂ ਗੁਰੂ ਦੇ ਸਿੱਖ ਹਾਂ ਜਾਂ ਆਪਣੀ ਮਨਮੱਤ ਹੀ ਨਹੀਂ ਛੱਡਣੀ, ਜਾਂ ਅਸੀਂ ਕਿਸੇ ਅੰਨੇ ਗੁਰੂਆਂ ਦੇ ਮੁਰੀਦ ਤਾਂ ਨਹੀਂ ਬਣ ਬੈਠੇ, ਸੱਚੇ ਗੁਰੂਆਂ ਨੂੰ ਛੱਡਕੇ। ਗੁਰੂਮੱਤ ਨੂੰ ਛੱਡਕੇ ਕੌਮ ਦਾ ਨੁਕਸਾਨ ਹੀ ਹੋਵੇਗਾ। ਆਨੰਦਪੁਰ ਵਿੱਚ ਵੀ ਸਾਡੇ ਕੁੱਝ ਪੁਰਖਿਆਂ ਨੇ ਉਡੀਕ ਕਰਨ ਦਾ ਹੁਕਮ ਮੋੜਿਆ ਸੀ, ਅੱਜ ਉਨ੍ਹਾਂ ਦੇ ਵਾਰਸ ਫਿਰ ਉਹੀ ਗੱਲ ਦੁਹਰਾਉਣ ਜਾ ਰਹੇ ਹਨ। ਗੁਰੂ ਭਲਾ ਕਰੇ।

ਗੁਰਚਰਨ ਪੱਖੋਕਲਾਂ
ਫੋਨ 94177 27245


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top