Share on Facebook

Main News Page

ਜੋ ਜੋ ਦੀਸੈ ਸੋ ਸੋ ਰੋਗੀ

ਮਰੀਜ ਡਾਕਟਰ ਕੋਲ ਗਿਆ, ਡਾਕਟਰ ਖੁਦ ਹੀ ਦਮੇ ਦਾ ਮਾਰਿਆ, ਪਰ ਮਰੀਜ ਨੇ ਡਾਕਟਰ ਹੀ ਸਮਝਿਆ। ਡਾਕਟਰ ਨੇ ਟੀਕਾ ਲਾਇਆ, ਝੋਲਾ ਦਵਾਈਆਂ ਦਾ ਭਰ ਦਿੱਤਾ ਤੇ ਅਪਣਾ ਬੋਝਾ ਪੈਸਿਆਂ ਨਾਲ ਭਰ ਕੇ ਮਰੀਜ ਘਰ ਤੋਰ ਦਿੱਤਾ। ਮਰੀਜ ਨੂੰ ਰੋਗ ਸ਼ੂਗਰ ਦਾ ਸੀ, ਡਾਕਟਰ ਇਲਾਜ ਉਸ ਦਾ ਦਮੇ ਦਾ ਕਰ ਗਿਆ। ਸੂਗਰ ਵੀ ਵਧ ਗਈ ਤੇ ਦਮਾ ਵੀ ਲੱਗ ਗਿਆ।

ਮਰੀਜ ਨੇ ਡਾਕਟਰ ਬਦਲਿਆ ਅਗੇ, ਉੁਹ ਵੀ ਬੀਮਾਰ ਤੇ ਆਖਰ ਮਰੀਜ ਬੀਮਾਰ ਡਾਕਟਰਾਂ ਦੇ ਟੇਟੇ ਚੜ੍ਹਿਆ ਦਮ ਤੋੜ ਗਿਆ। ਮਗਰਲਿਆਂ ‘ਲਿੱਖੀ ਇੰਨੀ ਸੀ ਭਾਈ’ ਕਹਿ ਕੇ ਫੂਕ ਦਿੱਤਾ।

ਹਿੰਦੋਸਤਾਨ ਵਿੱਚ ਪਤਾ ਨਹੀਂ ਕਿੰਨੇ ਮਰੀਜ ਹਨ, ਜੋ ਬੀਮਾਰ ਡਾਕਟਰਾਂ ਦੇ ਢਹੇ ਚ੍ਹੜ ਕੇ ਦਮ ਤੋੜ ਰਹੇ ਹਨ।

ਮੈਂ ਪੰਜਾਬ ਰਹਿੰਦਿਆਂ ਦੇਖਿਆ, ਕਿ ਟੀ.ਵੀ. ਉਪਰ ਸਵੇਰੇ ਸ਼ਾਮ ‘ਡਾਕਟਰਾਂ’ ਦੀਆਂ ਧਾੜਾਂ ਦੀਆਂ ਧਾੜਾਂ ਵੰਨ ਸਵੁੰਨੇ ਸੰਦ ਲੈ ਕੇ, ਚੋਗੇ ਪਾ ਕੇ, ਭੇਸ ਬਣਾ ਕੇ ਲੁਕਾਈ ਦੀਆਂ ਬੀਮਾਰੀਆਂ ਦਾ ਇਲਾਜ ਦੱਸ ਰਹੇ ਹੁੂਦੇ ਹਨ, ਕਿਧਰੇ ਪਾਪਾਂ ਦੀਆਂ ਕਿਸਮਾਂ, ਫਿਰ ਉਨ੍ਹਾਂ ਦੇ ਦੂਰ ਕਰਨ ਦੇ ਸਾਧਨ, ਕਿਧਰੇ ਨਰਕਾਂ ਦੇ ਡਰ, ਕਿਧਰੇ ਭਗਵਾਨ ਦੀਆਂ ਲੀਲ੍ਹਾ ਦਾ ਵਰਨਨ, ਕਿਧਰੇ ਭਗਵਾਨ ਵਲੋਂ ਭਗਤਾਂ ਦੀ ਬਹੁੜੀ ਕਰਨ ਦੀਆਂ ਮਸਾਲੇਦਾਰ ਚਟਪਟੀਆਂ ਕਹਾਣੀਆਂ, ਤੇ ਕਿਧਰੇ ਭਗਵਾਨ ਦੇ ਅਵਤਾਰ ਧਾਰ ਕੇ ਧਰਤੀ ਦਾ ਭਾਰ ਹਰਨ ਲਈ ਲੇਲੜੀਆਂ, ਕਿ ਸੁਣਨ ਵਾਲੇ ਦੇ ਮੂੰਹ ਪਾਣੀ ਆ ਜਾਏ, ਕਿ ਬੱਵਸ ਕੁੱਝ ਕਰਨ ਦੀ ਲੋੜ ਨਹੀਂ, ਭਗਵਾਨ ਆਏ ਕਿ ਆਏ।

ਤੇ ਸਿੱਖਾਂ ਦੇ ਗੋਲ ਪੱਗਾਂ ਵਾਲੇ ਬ੍ਰਾਹਮਣ ਵੀ ਕਿਉਂ ਪਿੱਛੇ ਰਹਿਣ। ਉਨੀਂ ਉਹੀ ਭਗਵਾਨ ਦੇ ਬਹੁੜਨ ਤੇ ਹੱਥਾਂ ਤੇ ਸਰ੍ਹੋਂ ਜਮਾਉਂਣ ਵਾਲੀਆਂ ਮਸਾਲੇਦਾਰ ਕਹਾਣੀਆਂ ਨੂੰ ਇੰਨ ਬਿੰਨ ‘ਪੇਸਟ’ ਕਰਕੇ, ਗੁਰੂ ਸਾਹਿਬਾਨਾਂ ਦੇ ਨਾਂ ਹੇਠ ਵੇਚਣਾ ਸ਼ੁਰੂ ਕਰ ਦਿੱਤਾ। ਉਨ੍ਹੀ ਉਸ ਤੋਂ ਵੀ ਅਗੇ ਛਾਲ ਮਾਰੀ ਪਹਿਲਾਂ ਹੀ ‘ਪੇਸਟ’ ਕੀਤੀਆਂ ਕਹਾਣੀਆਂ ਨੂੰ ਹੋਰ ‘ਪੇਸਟ-ਦਰ ਪੇਸਟ’ ਕਰਕੇ ਅਪਣੇ ਮਰ ਚੁੱਕੇ ਵੱਡੇ ਡੇਰੇਦਾਰਾਂ ਨਾਲ ਨੱਥ ਕੇ, ਅਜਿਹਾ ਕਰਾਮਾਤੀ ਰੰਗ ਫੇਰਕੇ ਪਾਲਸ਼ ਕੀਤਾ, ਕਿ ਸਿੱਖ ਡੇਰਿਆਂ ਦੀ ਹੀ ਭੀੜ ਬਣਕੇ ਰਹਿ ਗਿਆ। ਜਿਹੜਾ ਬਾਬਾ ਜਿੰਨੀਆਂ ਜਿਆਦਾ ਚਟਪਟੀਆਂ ਕਹਾਣੀਆਂ ਦਾ ਮਾਹਰ, ਉਸ ਦੇ ਉਨੇ ਜਿਆਦਾ ਦਰਸ਼ਕ, ਜਿਆਦਾ ਸੰਗਤ ਯਾਨੀ ਜਿਆਦਾ ਭੀੜ।

ਕਦੇ ਤੁਸੀਂ ਜੂਸ ਬਾਰ ਅਗੇ ਭੀੜ ਦੇਖੀ ਪਰ ਚਾਟ-ਪਾਪੜੀ ਤੇ ਗੋਲਗੱਪਿਆਂ ਦੀ ਰਿਹੜੀ ਤੇ ਵਾਰੀ ਨਹੀਂ ਆਉਂਦੀ। ਕਿਉਂ? ਚਟਪਪਟੀ ਚੀਜ ਵਿੱਚ ਮੇਰਾ ਰਸ ਹੈ। ਐਵੇਂ ਹੀ ਲੰਘਦੀ ਜਾਂਦੀ ਹੈ। ਹਟੋ ਹੀ ਨਾ ਚਾਹੇ, ਜੇ ਢਿੱਡ ਨਾ ਜਵਾਬ ਦੇ ਜਾਏ।

ਹੁਣ ਦੇਖੋ ਨਾ ਇਹ ਕਹਾਣੀ ਕਿੰਨਾ ਸਵਾਦ ਦਿੰਦੀ ਹੈ, ਕਿ ਫਲਾਂ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰਤਖ ਪ੍ਰਗਟ ਕਰਕੇ ਹੱਥੀ ਭੋਗ ਲਵਾਇਆ, ਪ੍ਰਸਾਦ ਛਕਾਇਆ ਅਤੇ ਸਾਖਿਯਾਤ ਦਰਸ਼ਨ ਕੀਤੇ। ਕਹਾਣੀ ਇੰਨੀ ਹੈ, ਪਰ ਇਸ ਨੂੰ ਜਦ ਮੈਂ ਅਪਣੇ ਰੰਗ ਬਰੰਗੇ ਪੋਜ ਕਰਕੇ, ਆਵਾਜ਼ ਨੂੰ ਕਰੁਣਾਮਈ ਕਰਕੇ, ਤੇ ਅੱਖਾਂ ਅੱਧੀਆਂ ਮੀਚੀ, ਅੱਧੀਆਂ ਖੁੱਲ਼ੀਆਂ ਤੇ ਕੁੱਝ ਵਿੱਚ ਪਾਣੀ ਨਾਲ ਸਿੱਲ਼ੀਆਂ ਕਰਕੇ, ਮਾਈਕ ਦੇ ਹੋਰ ਨੇੜੇ, ਹੋਰ ਨੇੜੇ ਹੋ ਕੇ ਪਹਿਲਾਂ ਬੇਨਤੀਆਂ, ਤਰਲੇ, ਮਿੰਨਤਾਂ, ਜੋਦੜੀਆਂ ਤੇ ਪਤਾ ਨਹੀ ਕਿੰਨੇ ਸਵਾਦ ਲੈ ਲੈ ਲਫਜਾਂ ਦੇ ਹੇਰ ਫੇਰ ਕਰਕੇ, ਫਿਰ ਸਾਜਾਂ ਦੇ ਸ਼ੋਰ ਵਿੱਚ ਦਰਸ਼ਨ ਦੇਣ ਦੀਆਂ ਕੋਲੋਂ ਜੋੜੀਆਂ ਤੁੱਕਬੰਦੀਆਂ ਕਰਕੇ, ਹਵਾ ਵਿੱਚ ਛੱਡਿਆ ਤਾਂ ਦੱਸੋ ਕੌਣ ਪਾਗਲ ਮੇਰੇ ਮਗਰ ਪਾਗਲ ਨਹੀਂ ਹੋਵੇਗਾ, ਤੇ ਗੁਰੂ ਨਾਨਕ ਨੂੰ ਪ੍ਰਤੱਖ ਪ੍ਰਸਾਦਾ ਛਾਕਾਉਂਣ ਵਾਲੇ ਉਪਰ ਰਸ਼ਕ ਕਰਕੇ ਉਸ ਦੀ ਪੂਜਾ ਨਹੀਂ ਕਰੇਗਾ। ਬੰਦਾ ਸੁਣ ਕੇ ਹੀ ਦੰਗ ਨਹੀਂ ਰਹਿ ਜਾਂਦਾ ਕਿ ਵਾਹ! ਪ੍ਰਤਖ ਗੁਰੂ ਜੀ ਪ੍ਰਸ਼ਾਦਾ ਛੱਕਦੇ ਰਹੇ ਬਾਬਾ ਜੀ ਕੋਲੋਂ? ਤੇ ਭੀੜਾਂ ਨੇ ਮੂੰਹ ਬਾਬਾ ਜੀ ਦੇ ਡੇਰਿਆਂ ਵਲ ਚੁੱਕ ਲਿਆ।

ਇਥੇ ਇੱਕ ਕਹਾਣੀ ਯਾਦ ਆਈ, ਕਹਾਣੀ ਨਹੀਂ ਛੋਟਾ ਜਿਹਾ ਸਵਾਲ ਅਸੀਂ ਆਮ ਹੀ ਸੁਣਿਆ ਹੈ, ਜਿਸ ਦਾ ਜਵਾਬ ਬੰਦੇ ਨੂੰ ਉਲਝਣ ਵਿੱਚ ਪਾ ਦਿੰਦਾ ਹੈ। ਸਵਾਲ ਹੁੰਦਾ ਹੈ, ਕਿ ਇੱਕ ਦਰਿਆ ਦੇ ਕੰਢੇ ਖੰਭੇ ਉਪਰ ਇੱਕ ਕਬੂਤਰ ਬੈਠਾ ਹੈ, ਕਬੂਤਰ ਨੇ ਅੰਡਾ ਦੇਣਾ ਹੈ, ਪਰ ਖਤਰਾ ਇਹ ਹੈ, ਕਿ ਅੰਡਾ ਕਿਤੇ ਹੇਠਾਂ ਵਗਦੇ ਦਰਿਆ ਵਿੱਚ ਨਾ ਡਿੱਗ ਪਵੇ, ਹੁਣ ਅੰਡੇ ਨੂੰ ਬਚਾਈ ਰੱਖਣ ਲਈ ਕਬੂਤਰ ਨੂੰ ਕੀ ਕਰਨਾ ਚਾਹੀਦਾ ਹੈ।
ਲਓ ਇੰਨਾ ਹੀ ਸਵਾਲ ਸੀ, ਪਰ ਸੁਣਨ ਵਾਲੇ ਦਾ ਸਾਰਾ ਧਿਆਨ ਵਗਦੇ ਦਰਿਆ ਵਿੱਚੋਂ ਅੰਡੇ ਨੂੰ ਬਚਾਉਣ ਵਲ ਚਲਾ ਗਿਆ, ਅਤੇ ਉਹ ਇਸ ਅੰਡੇ ਅਤੇ ਦਰਿਆ ਉਪਰ ਹੀ ਇੰਨਾ ਕੇਂਦਰਤ ਹੋ ਗਿਆ, ਕਿ ਉਸ ਨੂੰ ਇਹ ਗੱਲ ਬਿੱਲਕੁਲ ਭੁੱਲ ਹੀ ਗਈ ਕਿ ਕਬੂਤਰ ਅੰਡਾ ਨਹੀਂ ਦਿੰਦਾ...?

ਕਹਾਣੀ ਵਿੱਚਲੇ ਗੁਰੂ ਸਾਹਿਬ ਨੂੰ ਪ੍ਰਤਖ ਪ੍ਰਸ਼ਾਦਾ ਛੱਕਦਾ ਤੱਕ ਕੇ ਮੈਂ ਗਦਗਦ ਹੋ ਉਠਿਆ, ਮੇਰਾ ਸਾਰਾ ਧਿਆਨ ਬਾਬਾ ਜੀ ਵਲ ਅਤੇ ਪ੍ਰਸਾਦਾ ਛੱਕ ਰਹੇ, ਗੁਰੂ ਵਲ ਚਲਾ ਗਿਆ, ਇਸ ਉਲਝਣ ਵਿੱਚ ਮੈਂ ਭੁੱਲ ਗਿਆ, ਕਿ ਗੁਰੂ ਤਾਂ ਵਿਹਲੜ ਬੰਦੇ ਨੂੰ ਆੜੇ ਹੱਥੀਂ ਲੈਂਦਾ ਸੀ, ਉਸ ਇੱਕ ਵਿਹਲੇ ਬੰਦੇ ਦਾ ਕਿਸੇ ਵਲੋਂ ਲਿਆਂਦਾ ਥਾਲ ਕਿਵੇਂ ਛੱਕ ਲਿਆ। ਜਿਹੜਾ ਸਾਰੀ ਉਮਰ ਖੁਦ ਅਪਣੀ ਰੋਟੀ ਦਾ ਪ੍ਰਬੰਧ ਨਹੀਂ ਕਰ ਸਕਿਆ, ਉਹ ਗੁਰੂ ਨੂੰ ਕਿਥੋਂ ਪ੍ਰਸਾਦੇ ਛਕਾਉਣ ਜੋਗਾ ਹੋ ਗਿਆ।

ਪਰ ਮਦਾਰੀ ਕੀ ਕਰਦਾ ਹੇੈ। ਉਸ ਕੋਲੇ ਕੋਈ ਕਾਲਾ ਜਾਦੂ ਨਹੀਂ ਹੁੰਦਾ, ਉਹ ਤੁਹਾਡੀਆਂ ਅੱਖਾਂ ਨੂੰ ਹੋਰ ਆਹਰੇ ਲਾ ਕੇ ਅਪਣਾ ਕੰਮ ਕਰ ਜਾਂਦਾ ਹੈ। ਇਵੇਂ ਹੀ ਇਹ ਕਹਾਣੀਆਂ ਹਕੀਕਤ ਵਲੋਂ ਧਿਆਨ ਮੋੜ ਕੇ ਕਰਾਮਾਤੀ ਜਾਦੂਆਂ ਦੇ ਗੇੜ ਵਿੱਚ ਪਾ ਕੇ ਸਿੱਖ ਦੀ ਮਾਨਸਿਕਤਾ ਨੂੰ ਬੀਮਾਰ ਕਰ ਜਾਂਦੇ ਹਨ। ਸੁਣਨ ਵਾਲਾ ਦਰਿਆ ਅਤੇ ਅੰਡੇ ਦੇ ਗੇੜ ਵਿੱਚ ਪਿਆ, ਅਜਿਹੀ ਉਲਝਣ ਵਿੱਚ ਫਸਦਾ ਹੈ, ਕਿ ਉਹ ਇਨ੍ਹਾਂ ਮਦਾਰੀਆਂ ਦਾ ਹੀ ਮੁਰੀਦ ਹੋ ਕੇ ਰਹਿ ਜਾਂਦਾ ਹੈ।
ਡਾਕਟਰ, ਵਕੀਲ ਅਤੇ ਬਾਬਾ ਜਿੰਨਾ ਮਰੀਜ ਨੂੰ ਡਰਾਵੇਗਾ, ਉਨ੍ਹਾਂ ਉਸ ਦੀ ਜ੍ਹੇਬ ਵਿੱਚ ਹੱਥ ਪਾਉਣਾ ਸੌਖਾ ਹੋਵੇਗਾ। ਮਰੀਜ ਡਰਿਆ ਹੀ ਨਾ, ਗਾਹਕ ਡਰਿਆ ਹੀ ਨਾ ਉਹ ਪੈਸੇ ਕਿਉਂ ਦੇਵੇਗਾ? ਡਰ ਹੀ ਤਾਂ ਉਸ ਨੂੰ ਡਾਕਟਰ, ਵਕੀਲ ਜਾਂ ਡੇਰੇ ਤੇ ਲੈ ਕੇ ਜਾਂਦਾ ਹੈ। ਹੁਣ ਡਾਕਟਰ ਕਹੇ ਤੈਨੂੰ ਕੁਝ ਨਹੀਂ ਹੋਇਆ ਤਾਂ ਡਰ ਲੱਥ ਗਿਆ। ਵਕੀਲ ਕਹੇ ਕੇਸ ਵਿੱਚ ਕੁੱਝ ਖਾਸ ਉਲਝਣ ਨਹੀਂ ਤਾਂ ਵਕੀਲ ਨੂੰ ਪੈਸੇ ਕਾਹਦੇ? ਡੇਰੇ ਨੇ ਜੇ ਮਨੁੱਖ ਦਾ ਡਰ ਲਾਹ ਦਿੱਤਾ ਤਾਂ ਉਹ 31-31 51-51 ਹਜਾਰ ਦੇ ਮਹਿੰਗੇ ਸੰਪਟ ਪਾਠ ਬਾਬੇ ਤੋਂ ਕਿਉਂ ਕਰਵਾਏਗਾ? ਕਿਉਂ ਅਪਣੀਆਂ ਮਹਿੰਗੀਆਂ ਕਾਰਾਂ ਬਾਬੇ ਨੂੰ ਝੂਟਣ ਲਈ ਦੇਵੇਗਾ?

ਇਸੇ ਲਈ ਇਹ ਬੀਮਾਰ ਡਾਕਟਰ ਅਗੋਂ ਹਵਾਲੇ ਵੀ ਬੀਮਾਰ ਲੋਕਾਂ ਦੇ ਦਿੰਦਾ ਹੈ। ਉਹ ਦਵਾਈਆਂ ਵੀ ਕਾਬਾਂ ਛੇੜਨ ਵਾਲੀਆਂ ਲਿੱਖ ਕੇ ਦਿੰਦਾ ਹੈ, ਇਲਾਜ ਵੀ ਹੋਰ ਬੀਮਾਰ ਕਰਨ ਵਾਲਾ ਦੱਸਦਾ ਹੈ। ਉਸ ਨੇ ਉਨ੍ਹਾਂ ਲੋਕਾਂ ਨੂੰ ਤੰਦੁਰਸਤ ਮੰਨ ਲਿਆ, ਜਿਹੜੇ ਅਪਣੀ ਬੀਮਾਰ ਮਾਨਸਿਕਤਾ ਤਹਿਤ ਖੁਦ ਉਪਰ ਹੀ ਜੁਲਮ ਕਰਦੇ ਰਹੇ। ਤੰਦਰੁਸਤ ਜਾਲਮ ਤਾਂ ਦੂਜੇ ਉਪਰ ਜੁਲਮ ਕਰੇਗਾ, ਪਰ ਬੀਮਾਰ ਕਿਸੇ ਤੇ ਜੁਲਮ ਕਰਨ ਜੋਗਾ ਹੀ ਨਹੀਂ, ਤਾਂ ਉਹ ਖੁਦ ਉਪਰ ਹੀ ਕਰੇਗਾ। ਗੁਰੁ ਤਾਂ ਕਹਿੰਦੇ ਕਿ ‘ਜੋਰ ਕੀਆ ਸੋ ਜੁਲਮ ਹੈ, ਲੇਇ ਜਵਾਬ ਖੁਦਾਇ॥ ਪਰ ਡੇਰੇ ਵਾਲਾ ਕਹਿੰਦਾ ਨਹੀਂ! ਇਹ ਬੱਕਰੇ ਉਪਰ ਕੀਤੇ ਜੁਲਮ ਦੀ ਗੱਲ ਹੈ। ਜੋਰ ਚਾਹੇ ਤੁਸੀਂ ਬੱਕਰੇ ਤੇ ਕਰ ਲਓ, ਨਹੀਂ ਹੌਸਲਾ ਤਾਂ ਚਲੋ ਅਪਣੇ ਉਪਰ ਹੀ ਕਰ ਲਓ। ਜੇ ਬੱਕਰਾ ਪ੍ਰਮਾਤਾਮਾ ਦੀ ਕਿਰਤ ਸੀ, ਉਸ ਉਪਰ ਜੁਲਮ ਕਰਨਾ ਗੁਨਾਹ ਹੈ, ਤਾਂ ਮੇਰੀ ਦੇਹ ਕੀ ਪ੍ਰਮਾਤਾਮਾ ਦੀ ਕਿਰਤ ਨਹੀਂ? ਮੈਨੂੰ ਕੀ ਹੱਕ ਸੀ, ਕਿ ਇਸ ਉਪਰ ਜੁਲਮ ਕਰਦਾ ਹੋਇਆ, ਮੈਂ ਇਸ ਨੂੰ ਪੁੱਠਾ ਲਮਕਾਵਾਂ, ਕਿੱਲੀਆਂ ਨਾਲ ਕੇਸ ਬੰਨ ਬੰਨ ਇਸ ਦੇਹ ਨੂੰ ਤਾਵਾਂ, ਠਰੇ ਪਾਣੀਆਂ ਵਿੱਚ ਖੜ ਕੇ ਪ੍ਰਮਾਤਮਾ ਦੀ ਇਸ ਕਿਰਤ ਨੂੰ ਗਾਲਾਂ, ਭੁੱਖਾ ਰਹਿ ਇਸ ਨੂੰ ਸਾੜਾਂ, ਇਸ ਕੁਦਰਤ ਵਿੱਚ ਰਹਿਣ ਦੇ ਸਰਲ ਸੁਭਾ ਦੇ ਉਲਟ ਇਸ ਉਪਰ ਜੁਲਮ ਕਰਾਂ? ਇਸ ਦਾ ਸਾਫ ਮੱਤਲਬ ਹੈ, ਕਿ ਇਸ ‘ਅਪਣੇ’ ਜੀਵ ਨੂੰ ਮੈਂ ਪ੍ਰਮਾਤਮਾ ਦੀ ਕਿਰਤ ਦੀ ਬਜਾਇ ਕਿਸੇ ਅਪਣੀ ਹੀ ਭੱਠੀ ਵਿੱਚ ਪਾ ਕੇ ਬਣਾਇਆ ਮੰਨ ਲਿਆ? ਇਹ ਕਾਹਦੀ ਮੇਰੀ ਸੰਤਤਾਈ ਹੋਈ ਜਿਸ ਵਿੱਚੋਂ ਇੰਨੀ ਗੱਲ ਵੀ ਮੇਰੀ ਸਮਝ ਨਾ ਪੈ ਸਕੀ, ਕਿ ਪ੍ਰਮਤਾਮਾ ਦੇ ਇਸ ਜੀਵ ਉਪਰ ਜੁਲਮ ਕਰਨ ਦਾ ਮੇਰਾ ਕੋਈ ਹੱਕ ਨਹੀਂ? ਚਾਹੇ ਮੇਰੀ ਅਪਣੀ ਹੀ ਖੁਦ ਦੀ ਦੇਹ ਹੀ ਕਿਉਂ ਨਾ ਹੋਵੇ।

ਅਪਣੀ ਦੇਹ ਉਪਰ ਜੁਲਮ ਕਰਨ ਵਾਲਿਆਂ ਅਜਿਹੇ ਜਾਲਮ ਜੋਗੀਆਂ ਸਿੱਧਾਂ ਨੂੰ ਕੀ ਗੁਰੂ ਨੇ ਅਪਣਾਇਆ, ਜਿਹੜੇ ਪਿੰਡਿਆਂ ਤੇ ਸਵਾਹਾਂ ਮਲ ਕੇ ਸਾਰੀ ਸਾਰੀ ਉਮਰ ਦੇਹਾਂ ਨੂੰ ਤਾਉਂਦੇ ਰਹੇ? ਤਾਂ ਫਿਰ ਅਜਿਹੇ ਸਾਧੜਿਆਂ ਦਾ ਲੰਗਰ ਬਾਬਾ ਜੀ ਕਿਵੇਂ ਛੱਕਦੇ ਰਹੇ?

ਮੰਨ ਲੈਣ ਵਿੱਚ ਅੱਜ ਕੋਈ ਉਕਾਈ ਨਹੀਂ ਸਿੱਖ ਨੂੰ ਹੋਣੀ ਚਾਹੀਦੀ ਕਿ ਬੀਮਾਰ ਡਾਕਟਰਾਂ ਦੇ ਢਹੇ ਚੜ੍ਹ ਪੂਰੀ ਕੌਮ ਹੋਰ ਰੋਗੀ ਹੋਈ ਜਾ ਰਹੀ ਹੈ, ਆਰਿਆਂ ਹੇਠ ਸਿਰ ਦੇਣ ਵਾਲੇ ਤੇ ਪੁੱਠੀਆਂ ਖੱਲਾਂ ਲਹਾਉਣ ਵਾਲੇ ਅਰੋਗ ਅਤੇ ਤੰਦਰੁਸਤ ਸੂਰਬੀਰਾਂ ਦੀ ਕੋਈ ਗੱਲ ਨਹੀਂ ਕਰਦਾ, ਕੋਈ ਉਨ੍ਹਾਂ ਦਾ ਦਿਨ ਨਹੀਂ ਮਨਾਉਂਦਾ, ਕੋਈ ਉਨ੍ਹਾਂ ਨੂੰ ਅਪਣਾ ਆਦਰਸ਼ ਨਹੀਂ ਮੰਨਦਾ, ਬਲਕਿ ਬੀਮਾਰ ਸਾਧੜਿਆਂ ਨੂੰ ਮੁੜ ਮੁੜ ਕੌਮ ਅਗੇ ਪਰੋਸਿਆ ਜਾ ਰਿਹਾ ਹੈ, ਉਨ੍ਹਾਂ ਦੀਆਂ ਬਰਸੀਆਂ, ਜਨਮ ਦਿਨਾਂ ਤੇ ਬੈਂਡ ਵਾਜੇ ਵੱਜ ਰਹੇ ਹਨ, ਉਨ੍ਹਾਂ ਦੀਆਂ ਕਥਾ-ਕਹਾਣੀਆਂ ਸਿੱਖ ਸਟੇਜਾਂ ਤੋਂ ਸੁਣਾਈਆਂ ਜਾ ਰਹੀਆਂ ਤੇ ਬੀਮਾਰ ਲੋਕਾਂ ਕੋਲੋਂ ਬੀਮਾਰ ਲੋਕਾਂ ਦੀਆਂ ਬੀਮਾਰ ਕਹਾਣੀਆਂ ਸੁਣ-ਸੁਣ ਪੂਰੀ ਕੌਮ ਵੀ ਬੀਮਾਰ ਹੋਈ ਜਾ ਰਹੀ ਹੈ, ਤੇ ਮਾਨਸਿਕ ਤੌਰ ਤੇ ਹਿੰਦੂ ਦੀ ਗ੍ਰਿਫਤ ਵਿੱਚ ਬੁਰੀ ਤਰ੍ਹਾਂ ਫਸਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸ਼ਿਵਰਾਤਰੀ ਤੇ ਸਿੱਖ ਨੇ ਗਾਤਰੇ ਵੀ ਪਾਏ ਹੋਏ ਸਨ, ਤੇ ਸ਼ਿਵਲਿੰਗ ਅਗੇ ਵੀ ਮੱਥਾ ਰਗੜੀ ਜਾ ਰਿਹਾ ਸੀ, ਦਰਬਾਰ ਸਾਹਿਬ ਵੀ ਮੱਥਾ ਟੇਕ ਆਉਂਦਾ ਹੈ, ਅਤੇ ਨੇੜੇ ਹੀ ਫਿਰ ਉਹੀ ਸਿੱਖ ਸ਼ਨੀ ਮੰਦਰ ਦੀ ਭੀੜ ਦੀ ਲਾਇਨ ਵਿੱਚ ਵੀ ਖੜੋਤਾ ਹੁੰਦਾ ਹੈ, ਬਾਬਾ ਦੀਪ ਸਿੰਘ ਜੀ ਨਾਲ ਸਬੰਧਤ ਸ਼ਹੀਦੀਂ ਵੀ ਜੋਤ ਨਾਲ ਹੱਥ ਘਸਾ ਆਉਂਦਾ ਹੈ, ਅਤੇ ਉਥੋਂ ਨਿਕਲ ਕਿਸੇ ਨੰਗ ਜਿਹੇ ਪੀਰ ਦੀ ਜੋਤ ਵਿੱਚ ਵੀ ਤੇਲ ਪਾ ਆਉਂਦਾ ਹੈ। ਇਸ ਮਿਲਗੋਭੇ ਜਿਹੇ ਅਤੇ ਬੀਮਾਰ ਮਾਨਸਿਕਤਾ ਨੂੰ ਜੇ ਕੋਈ ਸਿੱਖੀ ਸਮਝੀ ਜਾਏ ਤਾਂ ਉਹ ਮੂਰਖਾਂ ਦੀ ਦੁਨੀਆਂ ਵਿੱਚ ਰਹਿ ਰਿਹਾ ਹੈ। ਇਹ ਦੇਣ ਹੈ ਸਾਡੇ ਬੀਮਾਰ ‘ਡਾਕਟਰਾਂ’ ਦੀ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top