Share on Facebook

Main News Page

ਕਿਰਤ, ਕੀਰਤੀ ਤੇ  ਸਿਮਰਨ

ਕਿਰਤ ਅਤੇ ਕੀਰਤੀ ਇਕੋ ਸਿਮਰਨ ਰੂਪੀ ਸਿੱਕੇ ਦੇ ਦੋ ਪਹਿਲੂ ਹਨ, ਕਿਰਤ ਤੋਂ ਭਾਵ ਹੈ ਫ਼ਰਜ਼  ਅਤੇ ਕੀਰਤੀ ਤੋਂ  ਭਾਵ ਹੈ ' ਸਿਫ਼ਤ '।

ਇਨਸਾਨੀ ਜਾਮੇ ਵਿੱਚ ਆ ਕੇ ਇਨਸਾਨਾਂ ਵਾਂਗ ਜਿਊਣ ਦਾ ਫ਼ਰਜ਼,  ਪ੍ਰੀਵਾਰਿਕ ਫ਼ਰਜ਼, ਸਮਾਜਿਕ  ਫ਼ਰਜ਼  ਅਤੇ  ਕੌਮੀ ਫਰਜ਼ਾਂ ਦੇ ਸਮੂੰਹ ਪ੍ਰਤਿ ਕ੍ਰਿਰਆਸ਼ੀਲਤਾ ਹੀ ਤਾਂ 'ਕਿਰਤ' ਅਖਵਾਉਂਦੀ ਹੈ..

ਕੋਈ ਵੀ ਇਨਸਾਨ ਇਹਨਾਂ ਫਰਜ਼ਾਂ ਤੋਂ ਪਾਸਾ ਵੱਟ ਕੇ 'ਸਿਮਰਨ' ਕਿਵੇਂ ਕਰ ਸਕਦਾ ਹੈ...?

ਜਿੱਥੇ --- >ਇਨਸਾਨੀ ਫਰਜ਼ਾਂ ਵਿੱਚ ਗੁਰਬਾਣੀ ਤੋਂ ਸੇਧ ਲੈ ਕੇ ਚੰਗੇ ਆਚਰਨ ਵਾਲੇ ਇਨਸਾਨ ਬਨਣਾਂ, ਉਥੇ ਨਾਲ ਨਾਲ --->ਪ੍ਰੀਵਾਰਿਕ ਫਰਜ਼ਾਂ ਵਿੱਚ ਮਾਪਿਆਂ ਪ੍ਰਤਿ , ਸੰਤਾਨ ਪ੍ਰਤਿ ,ਭੈਣਾਂ ਭਰਾਵਾਂ ਪ੍ਰਤਿ ,ਜੁੰਮੇਵਾਰੀਆਂ ਨਿਭਾਉਂਦੇ ਹੋਏ ਇਹ ਯਾਦ ਰੱਖਣਾਂ ਕਿ  ''ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥''  ਗੁ.ਗ੍ਰੰ.ਸਾ.ਜੀ..੪੯੪     ਇਵੇਂ ਅੱਗੇ --->ਸਮਾਜਿਕ  ਫ਼ਰਜ਼ਾਂ ਵਿੱਚ ਆਪਣੇ ਆਲੇ ਦੁਆਲੇ ਨਾਲ ਗੋਤਾਂ ਜਾਤਾਂ ਮਜ੍ਹਬਾਂ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਬਣਾਉਣੀ.. ਖੂਨ ਦੇ ਰਿਸ਼ਤਿਆਂ ਤੋਂ ਪਹਿਲਾਂ ਬ੍ਰਹਮ ਦੀ ਸੰਤਾਂਨ ਬਣ ਕੇ ...........''ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥''...ਗੁ.ਗ੍ਰੰ.ਸਾ.ਜੀ..੬੧੧.............. ਦਾ ਫ਼ਰਜ਼ ਨਿਭਾਉਦੇ ਰਹਿਣਾਂ।   ---->ਆਰਥਿਕਤਾ ਲਈ ਨੇਕ ਕਿਰਤ ਕਰਨੀ। ---->ਕੌਮੀ ਫ਼ਰਜ਼ਾਂ ਲਈ 'ਗੁਰੂ' ਅਤੇ 'ਤਵਾਰੀਖ਼' ਤੋਂ ਸੇਧ ਲੈਣੀ ਤੇ ਜੇ ਮਾਲਿਕ ਨੇ ਲੰਮੀ ਉਮਰ ਬਖ਼ਸ਼ੀ ਤਾਂ ਜੀਵਨ ਦਾ ਲੰਮਾਂ ਪੰਧ ਮੁਕਾ ਕੇ ਬੁਢਾਪੇ ਵਿੱਚ ਆਪਣੇ ਜਿੰਦਗੀ ਦੇ ਸਾਰਥਿਕ ਤਜ਼ੱਰਬੇ ਵਿੱਚੋਂ ਪਿਛਲੇ ਆ ਰਹੇ ਰਾਹੀਆਂ  ਨੂੰ  ''ਆਪਿ ਜਪਹੁ ਅਵਰਾ ਨਾਮ ਜਪਾਵਹੁ।''' ਗੁ.ਗ੍ਰੰ.ਸਾ.ਜੀ..੨੮੯ '''  ਦੇ ਮਹਾਂਵਾਕ ਅਨੁਸਾਰ 'ਸੁਚੇਤ ਕਰਨਾਂ ਹੀ ਸਿਫ਼ਤ ਸਾਲਾਹ ਹੈ,, ਕਿਉਂਕਿ ਕਾਦਰ ਕੁਦਰਤ ਵਿੱਚ ਵਸਦਾ ਹੈ ਤੇ ਕੁਦਰਤ ਵਿੱਚ ਕਾਦਰ ਦੀ ਪਰੀਪੂਰਨਤਾ ਨੂੰ ਮਹਿਸੂਸਣਾਂ 'ਸਿਮਰਨ' ਨਈ ਤਾਂ ਹੋਰ ਕੀ ਹੈ? ਜੋ ਵੀ ਮਨੁੱਖ ਇਹ ਸਿਮਰਨ ਨਈ ਕਰਦਾ ਉਹ ਰੱਬੀ ਨਿਜ਼ਾਂਮ ਨੂੰ ਸਮਝ ਸਕਣ ਤੋਂ ਅਸਮਰੱਥ ਹੈ ਤੇ ਇਹ ਸਾਡੀ ਤਰਾਸਦੀ ਆਖੋ ਜਾਂ ਨਲਾਇਕੀ ਕਿ ਇਹਨਾਂ ਫ਼ਰਜ਼ਾਂ ਤੋਂ ਭਗੌੜੇ ਕਈ ਹੈਵਾਨ {ਇਨਸਾਨ ਕਹਾਉਣ ਦੇ ਹੱਕਦਾਰ ਨਈ} ਸਾਨੂੰ ਕਿਰਤੀਆਂ ਨੂੰ 'ਸਿਮਰਨ' ਦੀਆਂ ਜੁਗਤਾਂ ਦੱਸ ਰਹੇ ਹਨ।

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥  ਗੁ.ਗ੍ਰੰ.ਸਾ.ਜੀ..੯੫੪

ਜੋ ਆਪ ਹੀ ਅੰਨ੍ਹੇ ਹਨ, ਉਹ ਕਿਸੇ ਦਾ ਮਾਰਗ ਦਰਸ਼ਨ ਕਿਵੇਂ ਕਰ ਸਕਦੇ ਹਨ? ਜੋ ਗ੍ਰਹਿਸਥ ਤੋਂ ਬਾਗੀ ਹਨ ਉਹ ਕਿਸੇ ਗ੍ਰਹਿਸਥੀ ਦੀਆਂ ਜੁੰਮੇਵਾਰੀਆਂ, ਮੁਸ਼ਕਲਾਂ ਤੇ ਮਜਬੂਰੀਆਂ ਨੂੰ ਕਦੋਂ ਸਮਝਣਗੇ? ਇਹ  ਅਖ਼ੌਤੀ 'ਧਰਮਾਤਮਾਂ, ਸੰਤ, ਭਗਤ, ਬ੍ਰਹਮ ਗਿਆਨੀ, ਜਤੀ, ਤਪੀ, ਸਤੀ, ਪੂਰਨ' ਆਦਿਕ ਜਾਂ ਤਾਂ ਸਾਡੇ ਅੱਗੇ ਹੱਥ ਅੱਡਣਗੇ ਤੇ ਜਾਂ ਫਿਰ ਲੁਟਣਗੇ। ਇਹਨਾਂ ਦੋ ਕੰਮਾਂ ਤੋਂ ਬਿਨਾਂ ਤੀਸਰਾ ਕੋਈ ਏਜੰਡਾ ਇਨ੍ਹਾਂ ਲਈ ਮਹੱਤਵ ਨਈ ਰੱਖਦਾ। ਇਹ ਸਾਡੇ ਦਰਦਮੰਦ ਨਹੀਂ ਹੋ ਸਕਦੇ  ਗੁਰਵਾਕ ਹੈ   ''ਸੋ ਕਤ ਜਾਨੈ ਪੀਰ ਪਰਾਈ॥ ਜਾ ਕੈ ਅੰਤਰਿ ਦਰਦੁ ਨ ਪਾਈ॥'' ਗੁ.ਗ੍ਰੰ.ਸਾ.ਜੀ..੭੯੩

ਹੈਰਾਨੀ ਦੀ ਗੱਲ ਹੈ ਕਿ ਰੱਬੀ ਰਜ਼ਾ {ਕਿਰਤ} ਦੇ ਰਾਹ ਤੇ ਤੁਰਿਆ ਜਾਂਦਾ ਬੰਦਾ ਵੀ ਸਿਮਰਨ ਦੇ ਚੱਕਰਾਂ ਵਿੱਚ ਉਲਝ ਕੇ ਕੁਰਾਹੇ ਪੈ ਜਾਂਦਾ ਹੈ । ਯਾਦ ਰਹੇ 'ਭਰਮ' ਹਮੇਸ਼ਾਂ ਦੁਬਿਧਾ ਪੈਦਾ ਕਰਦਾ ਹੈ । ਗਲਤ ਰਸਤੇ ਤੇ ਤੁਰੇ ਜਾਂਦਿਆਂ ਠੀਕ ਹੋਣ ਦਾ ਭਰਮ 'ਤਬਾਹੀ' ਦਾ ਸੂਚਕ ਹੈ ਅਤੇ ਠੀਕ ਰਸਤੇ ਤੇ ਤੁਰੇ ਜਾਂਦਿਆਂ  ਗਲਤ  ਹੋਣ ਦਾ ਭਰਮ ਵੀ ਬਹੁਤ ਸਾਰੀਆਂ ਮੁਸੀਬਤਾਂ ਨੂੰ ਜਨਮ ਦੇਂਦਾ ਹੈ..

ਬੜੀ ਅਨਮੋਲ ਗਾਥਾ ਹੈ ਕਿ ਕੋਈ ਰਾਹੀ ਰਾਤ ਨੂੰ ਆਪਣੀ ਮੰਜ਼ਿਲ ਦੇ ਰਾਹੇ ਤੁਰਿਆ ਜਾ ਰਿਹਾ ਸੀ, ਰਸਤੇ ਵਿੱਚ  ਪਈ ਵਲ ਖਾਧੀ ਰੱਸੀ  ਰੌਸ਼ਨੀ ਦੀ ਅਣਹੋਂਦ ਵਿੱਚ ਉਸਨੂੰ ਸੱਪ ਪ੍ਰਤੀਤ ਹੋਈ। ਡਰਦਾ ਮਾਰਾ ਸਾਰੀ ਰਾਤ ਬੈਠਾ ਰਿਹਾ,ਦਿਨ ਚੜ੍ਹਨ ਤੇ ਵੇਖਦਾ ਹੈ ਕਿ ਉਹ ਹੋ ਇਹ ਤਾਂ ਰੱਸੀ ਸੀ, ਪਰ ਹੁਣ ਸਮਾਂ ਬੀਤ ਚੁੱਕਾ ਸੀ,,ਰਾਤ ਮੁੱਕ ਗਈ ਸੀ।

ਇਵੇਂ ਹੀ ਸਾਡੀ ਉਮਰ ਵੀ ਇਕ ਰਾਤ ਦੀ ਤਰ੍ਹਾਂ ਹੈ, 'ਗੁਰ ਸ਼ਬਦ' ਦੀਪਕ ਤੋਂ ਬਿਨਾਂ ਅਸੀਂ ਵੀ ਭਰਮ ਵਿੱਚ ਹਾਂ , ਫ਼ਰਜ਼ਾਂ ਨੂੰ ਜੰਜਾਲ ਸਮਝਣ ਦਾ ਭਰਮ ਤੇ ਅਖੌਤੀ ਸਿਮਰਨ, ਗੁਰਬਾਣੀ ਦਾ ਰਸਮੀ ਪਾਠ ਪੂਜਾ, ਅਖੌਤੀ ਤੀਰਥ ਅਸਥਾਨਾਂ ਦੀ ਯਾਤਰਾ, ਸਾਧ ਲਾਣੇ ਦੇ ਪਿੱਛਲੱਗੂ ਬਣ ਕੇ ਆਪਣਾ, ਆਪਣੇ ਪ੍ਰੀਵਾਰ ਤੇ ਰਿਸ਼ਤੇਦਾਰਾਂ ਦਾ ਮਾਨਸਿਕ , ਆਰਥਿਕ, ਤੇ ਸਰੀਰਕ ਸ਼ੋਸ਼ਣ ਕਰਵਾਉਣ ਨੂੰ ''ਧਰਮ ਦੇ ਕੰਮ'' ਸਮਝਣ ਦਾ ਭਰਮ ਪਾਲੀ ਬੈਠੇ ਉਮਰ ਦੀ ਰਾਤ ਲੰਘਾ ਕੇ ਕੇਵਲ ਪਛੁਤਾਉਂਦੇ ਤੁਰ ਜਾਵਾਂਗੇ,,,

ਉਹ ਮਨੁੱਖ ਤਾਂ ਹੋਰ ਵੀ ਮੰਦਭਾਗੇ ਹੋਵਣਗੇ ਜੋ ਹੱਥ ਵਿੱਚ ਰੌਸ਼ਨੀ ਫੜ ਕੇ ਵੀ 'ਸੱਪ' ਤੇ 'ਰੱਸੀ' ਦੀ ਪਛਾਣ ਨਾ ਕਰ ਸਕਣਗੇ,,

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ ਗੁ.ਗ੍ਰੰ.ਸਾ.ਜੀ..੧੩੭੬

ਅੱਜ ਵਿਰਲਿਆਂ ਨੂੰ ਛੱਡ ਕੇ ਬਹੁਤੇ ਗੁਰਬਾਣੀ ਦਾ ਪਾਠ ਕਰ ਰਹੇ ਹਨ, ਪਾਹੁਲ ਵੀ ਲਈ ਹੋਈ ਹੈ, ਨਿੱਤਨੇਮ ਵੀ ਕਰ ਰਹੇ ਹਨ ਪ੍ਰੰਤੂ ਨਾਲ ਦੀ ਨਾਲ ਭਰਮ ਦੀ ਡੂੰਘੀ ਖੱਡ ਵਿੱਚ ਵੀ ਡਿੱਗੇ ਹੋਏ ਹਨ। ਅੱਜ ਸਿੱਖੀ ਦਾ ਪੁਰਾਣਾਂ ਦੁਸ਼ਮਣ 'ਬਾਂਮ੍ਹਣ' ਅਖੌਤੀ ਸਾਧਾਂ ਸੰਤਾਂ ਦੇ ਰੂਪ ਵਿੱਚ ਲੁਟੇਰਿਆਂ ਦਾ ਕਾਫ਼ਲਾ ਬਣ ਕੇ  ਸਾਡੀ ਸਿਧਾਂਤਾਂ ਚ, ਸਿਆਸਤ ਚ, ਗੁਰ ਅਸਥਾਨਾਂ ਚ, ਵਿਦਿਅਕ ਅਦਾਰਿਆਂ ਚ,ਮਰਿਆਦਾ ਚ, ਪ੍ਰੀਵਾਰਾਂ ਚ ਅਤੇ ਇਵਨ ਸਾਡੇ ਅਚੇਤ ਮਨ ਵਿੱਚ ਕੈਂਸਰ ਦਾ ਫੋੜਾ ਬਣ ਕੇ ਫੈਲ ਚੁਕਿਆ ਹੈ, ਜਿਸ ਦਾ ਸਿਰਫ਼ ਇਕ ਹੀ ਇਲਾਜ਼ ਹੈ ਗੁਰਬਾਣੀ ਪ੍ਰਤਿ ਵੀਚਾਰ ਤੇ ਵਿਵਹਾਰ ਨੂੰ ਜੀਵਨ ਵਿੱਚ ਅਮਲੀ ਰੂਪ ਚ  ਲਿਆਂਦਾ ਜਾਵੇ ਨਾ, ਕਿ ਕੇਵਲ ਰਸਮੀ ਤੌਰ ਤੇ। ਉਹ ਬੱਚੇ, ਭੈਣਾਂ ਤੇ ਪ੍ਰੀਵਾਰ ਵਧਾਈ ਦੇ ਪਾਤਰ ਹਨ ਜੋ ਪਹੁਲ ਲੈ ਕੇ ਗੁਰਬਾਣੀ ਦੇ ਪਾਠ ਦੇ ਨਾਲ ਨਾਲ ਵਿਚਾਰ ਕੇ ਅਮਲ ਵੀ ਕਰ ਰਹੇ ਹਨ।

ਸੋ, ਸਾਰੀਆਂ ਜੁੰਮੇਵਾਰੀਆਂ ਨਿਭਾਂਉਂਦੇ ਹੋਏ, ਆਪਣੇ ਬਾਲ ਬੱਚਿਆਂ ਚ ਰਹਿੰਦੇ ਹੋਏ, ਆਪਣੇ 'ਸਿੱਖ ਸਮਾਜ' ਵਿੱਚ ਹੱਸਦੇ ਖੇਡਦੇ ਹੋਏ ਗੁਰਬਾਣੀ ਤੋਂ ਸੇਧ ਲੈਂਦੇ ਰਹਿਣਾਂ ਅਤੇ ਅਚੇਤ  ਮਨ {subconscious } ਵਿੱਚ ਹਰ ਸਮੇਂ ਬਾਣੀ ਦੀ ਵੀਚਾਰ ਦਾ ਚਲਦੇ ਰਹਿਣਾਂ ਅਤੇ ਉਸ ਤੇ 'ਅਮਲ' ਕਰਨਾ ਹੀ 'ਸਿਮਰਨ' ਹੈ, 'ਸਿਫ਼ਤ ਹੈ, ਕੀਰਤੀ ਹੈ।

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ ਗੁ.ਗ੍ਰੰ.ਸਾ.ਜੀ..੫੨੨

ਗੁਰਮੀਤ ਸਿੰਘ ਮਹਿਰੋਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top