Share on Facebook

Main News Page

ਰਾਜਸੀ ਪਾਰਟੀਆਂ ਅਤੇ ਡੇਰਾਵਾਦ

ਦੁਨੀਆਂ ਦੇ ਖਾਸ ਕਰਕੇ ਹਿੰਦੁਸਤਾਨ ਜਾਂ ਪੰਜਾਬ ਸੂਬੇ ਵਿੱਚ ਵਸਣ ਵਾਲੇ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ, ਕਿ ਰਾਜਸੀ ਪਾਰਟੀਆਂ ਡੇਰਾਵਾਦ, ਮਹੰਤਾਂ, ਅਖੌਤੀ, ਬਿਹੰਗਮ ਸੰਤਾਂ, ਬਾਬਿਆਂ, ਧਰਮ ਗੁਰੂਆਂ ਦੀਆਂ ਗੁਲਾਮ ਹਨ। ਕਿਉਂਕਿ ਸਭ ਇਹਨਾਂ ਦੇ ਵੋਟ ਬੈਂਕ ਹਨ। ਸੱਚ ਇਹ ਹੈ ਕਿਸੇ ਵੀ ਸਿਆਸੀ ਪਾਰਟੀ ਦਾ ਆਪਣਾ ਕੋਈ ਧਰਮ ਨਹੀਂ ਰਿਹਾ। ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਧੜਾ ਵੀ, ਆਪਣੇ ਆਪ ਨੂੰ ਨਿਰੋਲ ਸਿੱਖਾਂ ਦੀ ਪਾਰਟੀ ਸਮਝਣ ਤੋਂ ਇਨਕਾਰੀ ਹੈ। ਇਸ ਦਾ ਪੰਥਕ ਸਰੂਪ ਲਗਭਗ ਮਿਟ ਚੁੱਕਾ ਹੈ।

ਹਿੰਦੁਸਤਾਨ ਵਿੱਚ ਹਰ ਰਾਜਸੀ ਪਾਰਟੀ ਨੇ ਧਰਮ ਗੁਰੂਆਂ ਮਹੰਤਾਂ, ਬਿਹੰਗਮਾਂ ਦੇ ਡੇਰਿਆਂ ਆਦਿ ਦੀ ਸ਼ਰਣ ਜਾ ਕੇ, ਰਾਜ ਸ਼ਕਤੀ ਲਈ ਵੋਟ ਪ੍ਰਾਪਤ ਕਰਨੀ ਹੁੰਦੀ ਹੈ, ਜਿਸ ਕਰਕੇ ਰਾਜਸੀ ਆਗੁਆਂ ਲਈ ਧਰਮ ਗੁਰੂਆਂ, ਡੇਰਿਆਂ ਦੀਆਂ ਲੋੜਾਂ ਤੇ ਉਹਨਾਂ ਦੇ ਕੰਮ ਪੂਰੇ ਕਰਨੇ, ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ।

ਅਜੋਕੇ ਸਿਆਸੀ ਮਾਹੌਲ ਨੂੰ ਜਰਾ ਧਿਆਨ ਨਾਲ ਤੱਕਿਆ ਜਾਵੇ, ਤਾਂ ਪਤਾ ਲਗਦਾ ਹੈ, ਕਿ ਸਰਕਾਰਾਂ ਨਾਲ ਜੁੜੇ ਮੰਤਰੀ, ਸੰਤਰੀ ਮੈਂਬਰ ਪਾਰਲੀਮੈਂਟ, ਐਮ.ਐਲ.ਏ ਤੇ ਸਰਕਾਰੀ ਮਸ਼ੀਨਰੀ ਨੂੰ ਗੁਪਤ ਹਿਦਾਇਤਾਂ ਹੁੰਦੀਆਂ ਹਨ, ਕਿ ਉਹ ਇਹਨਾਂ ਡੇਰਿਆਂ ਦਾ ਖਾਸ ਧਿਆਂਨ ਰੱਖਣ, ਜਿਥੋਂ ਤੱਕ ਕਿ ਡੇਰੇ ਨਾਲ ਜੁੜੇ ਸ਼ਰਧਾਲੂਆਂ ਦੇ ਕੰਮ ਕਾਜ਼ ਵੀ, ਸਰਕਾਰੇ ਦਰਬਾਰੇ ਪਹਿਲ ਦੇ ਅਧਾਰ ਤੇ ਹੁੰਦੇ ਹਨ, ਜਿਸ ਕਰਕੇ ਡੇਰਿਆਂ ਦੀ ਗਿਣਤੀ ਵਿੱਚ ਚੌਖਾ ਵਾਧਾ ਹੁੰਦਾ ਚਲਿਆ ਆ ਰਿਹਾ ਹੈ।

ਸਾਡੇ ਆਲੇ ਦੁਆਲੇ ਲੰਗਰਾਂ ਦੀ ਸੇਵਾ, ਕਾਰ ਸੇਵਾ, ਸਮਾਜ ਸੇਵਾ, ਸਰਕਾਰ ਸੇਵਾ ਵਾਲੇ ਮੰਨੇ ਜਾਂਦੇ ਬਾਬੇ ਅਥਵਾ ਧਰਮ ਗੁਰੂ ਥੋੜੇ ਜਿਹੇ ਸਮੇਂ ਵਿੱਚ ਇੱਕ ਵੱਡਾ ਡੇਰਾ ਖੜ੍ਹਾ ਕਰਕੇ ਉਸ ਦੇ ਪ੍ਰਮੁੱਖ ਬਣਕੇ ਦੁਨੀਆਂ ਵਿੱਚ ਪੂਜਣ ਯੋਗ ਹੋ ਜਾਂਦੇ ਹਨ । ਪਿਛੇ ਜਿਹੇ ਇੱਕ ਧਰਮ ਗੁਰੂ ਨੇ ਸਿਆਸੀ ਪਾਰਟੀ ਬਣਾਉਣ ਦਾ ਵੀ ਐਲਾਨ ਕਰ ਦਿੱਤਾ ਹੈ । ਇਹ ਡੇਰੇਦਾਰ ਵੱਡੇ ਵੱਡੇ ਸਕੂਲ ਕਾਲਜ਼, ਹਸਪਤਾਲ ਬਣਾਉਂਣ ਦੀਆਂ ਸਕੀਮਾਂ ਸ਼ੁਰੂ ਕਰ ਦਿੰਦੇ ਹਨ । ਭਾਂਵੇਂ ਕੇ ਇਹ ਧਰਮ ਦੇ ਨਾਮ ਤੇ ਬਣਨ ਵਾਲੀਆਂ ਵਧੇਰੇ ਸੰਸਥਾਵਾਂ ਪਤਿਤਪੁਣਾ ਤੇ ਨਸ਼ਿਆਂ ਆਦਿ ਦੀ ਰੋਕਥਾਮ ਲਈ ਫੁੱਟੀ ਕੌੜੀ ਵੀ ਕੰਮ ਨਹੀਂ ਆਉਂਦੀਆਂ।

ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਸਿੱਖ ਸੰਗਤਾਂ ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਦਿੱਤਾ ਜਾਂਦਾ ਸਰਮਾਇਆ 'ਸਮਾਜ ਸੁਧਾਰ' ਦੇ ਨਾ ਹੇਠ ਨਿਰੰਤਰ ਫੂਕਿਆ ਜਾ ਰਿਹਾ ਹੈ। ਇੱਕ ਸਰਵੇਖਣ ਅਨੁਸਾਰ, ਅੱਜ ਪੰਜਾਬ ਵਿੱਚ ਕੁੱਲ ਡੇਰਿਆਂ ਦੀ ਗਿਣਤੀ ਲਗਭਗ ੮.੫ ਹਜ਼ਾਰ ਦੇ ਕਰੀਬ ਹੈ, ਗੁਰਦੁਆਰਿਆਂ ਦੀ ਗਿਣਤੀ ੫.੫੦੦ ਦੇ ਕਰੀਬ ਹੈ, ਸਿਰਫ ਲੁਧਿਆਣੇ ਸ਼ਹਿਰ ਵਿੱਚ ੧੧੦੦ ਦੇ ਕਰੀਬ ਗੁਰਦੁਆਰਿਆਂ ਦੇ ਮੁਕਾਬਲੇ ਡੇਰਿਆਂ ਦੀ ਗਿਣਤੀ ਦੋ ਗੁਣਾ ਵੱਧ ਹੈ । ਦੁੱਖ ਵਾਲੀ ਗੱਲ ਇਹ ਹੈ ਕਿ ਹਰ ਗੁਰਦੁਆਰਾ ਪ੍ਰਬੰਧਕਾਂ ਦੀ ਅਗਿਆਨਤਾ ਕਰਕੇ ਸਿੱਖੀ ਪ੍ਰਚਾਰ ਦਾ ਕੇਂਦਰ ਵੀ ਨਹੀਂ ਹੁੰਦਾ । ਜਿਹੜਾ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਹੈ ਜਿਵੇਂ ਕਿ ਹਸਪਤਾਲ ਜਾਂ ਸਕੂਲਾਂ ਕਾਲਜ਼ਾਂ ਦੀਆਂ ਬਿਲਡਿੰਗਾਂ ਉਸਾਰਨੀਆਂ ਆਦਿ । ਜੇਕਰ ਇਹ ਸਿੱਖ ਸੰਗਤਾਂ ਦੇ ਦਸਵੰਧ ਨਾਲ ਕੀਤੇ ਜਾਣ ਦੀ ਪ੍ਰੰਪਰਾ ਜਾਰੀ ਰਹੀ ਤਾਂ ਪਤਿਤਪੁਣਾ, ਨਸ਼ਿਆਂ, ਡੇਰਾਵਾਦ ਦੀ ਵੱਧਦੀ ਜਾ ਰਹੀ ਬਿਮਾਰੀ ਨੂੰ ਕੋਈ ਰੋਕ ਨਹੀ ਸਕਦਾ ਦੂਜੀ ਗੱਲ ਰੱਜਿਆਂ ਨੂੰ ਰਜੌਣ ਵਾਲੀ ਲੰਗਰਾਂ ਦੇ ਨਾ ਹੇਠ ਚੱਲ ਰਹੀ ਦੌੜ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਰਫ ਪੰਜਾਬ ਹੀ ਡੇਰਾਵਾਦ ਦਾ ਸ਼ਿਕਾਰ ਨਹੀਂ ਹੋਇਆ, ਹੁਣ ਤਾਂ ਦੇਸ਼ ਤੇ ਵਿਦੇਸ਼ਾ ਵਿੱਚ ਵੀ ਡੇਰਾਵਾਦ ਦੀ ਜੜ੍ਹਾਂ ਮਜਬੂਤੀ ਨਾਲ ਪੱਕੀਆਂ ਹੋ ਚੁੱਕੀਆਂ ਹਨ । ਜੇਕਰ ਸਿੱਖ ਵਿਰੋਧੀ ਡੇਰੇ ਦੀ ਗੱਲ ਸ਼ੁਰੂ ਕਰੀਏ, ਤਾਂ ਪ੍ਰਮੁੱਖ ਤੌਰ ਤੇ ਨਕਲੀ ਨਿਰੰਕਾਰੀ, ਰਾਧਾ ਸੁਆਮੀ ਤੇ ਨਾਮਧਾਰੀ ਮੰਨੇ ਜਾਂਦੇ ਸਨ ਕਿਉਕਿ ਇਹ ਤਿੰਨੇ ਡੇਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਦਸ ਗੁਰਆਂ ਦੇ ਉਪਦੇਸ਼ ਦੀ ਗੱਲ ਕਰਕੇ, ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਭੁਮਿਕਾ ਨਿਭਾ ਰਹੇ ਹਨ । ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਦੇ ਕੇ, ਦੇਹਧਾਰੀ ਗੁਰੂ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਸੀ । ਪਰ ਇਹ ਗਿਆਰਵਾਂ, ਬਾਰਵਾਂ ਗੁਰੂ ਪ੍ਰਚਾਰਣ ਦੀ ਗੱਲ ਕਰਕੇ ਦਸਵੇਂ ਪਾਤਸ਼ਾਹ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਅੱਜ ਇਹਨਾਂ ਤਿੰਨੇ ਡੇਰੇਦਾਰਾਂ ਦੀ ਸਿਆਸੀ ਪਹੁੰਚ ਇੰਨੀ ਮਜਬੂਤ ਹੋ ਚੁੱਕੀ ਹੈ, ਕਿ ਇਹਨਾਂ ਨੂੰ ਸਿੱਖ ਵਿਰੋਧੀ ਲਿਖਣ ਦੀ ਹਿੰਮਤ ਕਰਨ ਵਾਲੀ ਕਲਮ, ਤੇ ਉਸ ਕਲਮ ਦੇ ਹੱਥ ਪੈਰ ਵੱਡ ਟੁੱਕ ਕੇ ਸੁੱਟ ਦਿੱਤੇ ਜਾ ਸਕਦੇ ਹਨ । ਨਵਜੰਮੇ ਆਸ਼ੂਤੋਸ਼ ਭੱਈਆ, ਭਨਿਆਰਾ, ਸਿਰਸੇਵਾਲਾ ਸਾਧ ਅਤੇ ਬਿਹੰਗਮਾਂ ਦੇ ਡੇਰੇ, ਸਭ ਰਾਜਸੀ ਲੋਕਾਂ ਦੀ ਪੈਦਾਵਾਰ ਹਨ ਅਤੇ ਸਿਆਸੀ ਲੋਕਾਂ ਦੀ ਪਨਾਹਗਾਹ ਵੀ ਹਨ। ਕਈ ਡੇਰਿਆਂ ਵਿੱਚ ਸ਼ਰਧਾਲੂਆਂ ਦੀਆਂ ਧੀਆਂ ਭੈਣਾ ਨੂੰ ਇਹ ਸਿੱਖਿਆਂ ਸਿਖਾਈ ਜਾਂਦੀ ਹੈ, ਕਿ ਇਹ ਸਰੀਰ ਮਿੱਟੀ ਹੈ ਜੇਕਰ ਕਿਸੇ ਸਿਆਸੀ ਆਗੂ ਸਾਧ ਬਾਬੇ, ਸਰਕਾਰੀ ਅਫਸਰ ਤੇ ਅਮੀਰਜਾਦੇ ਦੇ ਕੰਮ ਲੈ ਆਉਂਦਾ ਜਾਵੇ ਇਹ ਤਨ ਭੋਗ ਹੈ । ਇਸ ਲਈ ਇਸ ਨਾਲ ਕਾਮ ਭੁੱਖ ਪੂਰੀ ਕਰਵਾਈ ਜਾਵੇ । ਇਸ ਧੰਦੇ ਲਈ ਕਈ ਚੇਲੀਆਂ ਤੇ ਕਈ ਹਥਿਆਰਬੰਦ ਗੁੰਡਿਆਂ ਦੇ ਗਿਰੋਹ ਵੀ ਰੱਖੇ ਹੋਏ ਹਨ ਤਾਂ ਜੋ ਇਸ ਗਲਤ ਕੰਮ ਲਈ ਵਿਰੋਧ ਕਰਨ ਵਾਲਿਆਂ ਨਾਲ ਕਰਾਰੇ ਹੱਥੀ ਨਿਪਟਿਆ ਜਾਵੇ।

ਸ਼ੁਰੂ ਸ਼ੁਰੂ ਵਿੱਚ ਕਾਂਗਰਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਸਿੱਖ ਸ਼ਕਤੀ ਨੂੰ ਖੇਰੂ ਖੇਰੂ ਕਰਨ ਵਾਸਤੇ ਮਹੰਤ ਜਮਾਤ ਦੀ ਪਿੱਠ ਠੋਕੀ, ਜਿੰਨ੍ਹਾਂ ਪਾਸੋਂ ਜ਼ਲ੍ਹਿਆਂ ਵਾਲੇ ਬਾਗ ਅੰਦਰ ਭਾਰਤੀਆਂ ਤੇ ਜੁਲਮ ਢਾਉਣ ਵਾਲੇ ਜਨਰਲ ਡਾਇਰ ਨੂੰ ਅਕਾਲ ਤਖਤ ਤੋਂ ਸਿਰੋਪੇ ਦਿਵਾਏ ਗਏ । ਗੁਰਦੁਆਰਾ ਨਨਕਾਣਾ ਸਾਹਿਬ, ਗੁਰੂ ਕਾ ਬਾਗ, ਗੁਰਦੁਆਰਾ ਪੰਜਾ ਸਾਹਿਬ, ਤਰਨਤਾਰਨ ਆਦਿ ਵਰਗੇ ਸਿੱਖਾਂ ਦੇ ਧਾਰਮਿਕ ਸਥਾਂਨਾ ਅੰਦਰ ਸਿੱਖ ਰਹਿਤ ਮਰਿਆਦਾ ਦੀ ਖਿੱਲੀ ਉਡਾਉਣ ਦੀਆਂ ਪਰੰਪਰਾਵਾਂ ਸ਼ੁਰੂ ਹੋ ਗਈਆਂ ਸਨ । ਮਹੰਤ ਜਮਾਤ ਅਥਵਾ ਡੇਰੇਦਾਰਾਂ ਤੋਂ ਗੁਰਦੁਆਰੇ ਅਜਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਤੇ ਬੱਬਰ ਅਕਾਲੀ ਲਹਿਰ ਨੇ ਵੱਡਾ ਹਿੱਸਾ ਪਾਇਆ । ਸਿੰਘ ਸਭਾ ਲਹਿਰ ਸਦਕਾ ਮਹੰਤ ਜਮਾਤ ਦੀ ਕਾਰਗੁਜ਼ਾਰੀ ਨੂੰ ਠੱਲ ਪਈ ਪਰ ਡੇਰਾਵਾਦ ਦਾ ਗੁਰੂਡੰਮ ਅੰਦਰੋ ਅੰਦਰ ਪੂੰਗਰਦਾ ਗਿਆ।

ਅੰਗਰੇਜ਼ ਦੀ ਚਲਾਕ ਪਾਲਸੀ ਤੇ ਚਲਦਿਆਂ ਅਜਾਦ ਭਾਰਤ ਦੀ ਹਿੰਦੂ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਛੇੜ-ਛਾੜ ਜਾਰੀ ਰੱਖੀ ਗੁਰਧਾਮਾਂ ਅੰਦਰ ਘਟੀਆ ਕਿਸਮ ਦੇ ਜਰਾਈਮ ਪੇਸ਼ਾਵਰ, ਆਚਰਣਹੀਨ ਪ੍ਰਬੰਧਕਾਂ, ਪੁਜਾਰੀਆਂ, ਬਾਬਿਆਂ ਨੂੰ ਹੱਲਾ ਸ਼ੇਰੀ ਦੇ ਕੇ ਉਹਨਾਂ ਦੇ ਹੌਸਲੇ ਬੁਲੰਦ ਰੱਖੇ ਕਿਉਂਕਿ ਹਿੰਦ ਕੌਮ ਇਹ ਜਾਣ ਚੁੱਕੀ ਸੀ ਕਿ ਸਿੱਖ ਸ਼ਕਤੀ ਨੂੰ ਧਾਰਮਿਕ ਤੌਰ ਤੇ ਕਮਜੋਰ ਕਰਕੇ ਇਹਨੂੰ ਆਪਣੇ ਮਤਲਬ ਲਈ ਵਰਤਿਆ ਜਾ ਸਕਦਾ ਹੈ।

ਨਿਰੰਕਾਰੀ ਲਹਿਰ ਵੱਲੋਂ ਕੱਢੇ ਗਏ 'ਅਵਤਾਰ ਨਰਕਧਾਰੀ' ਨੇ ੧੯੭੮ ਅਪ੍ਰੈਲ ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿੱਚ ਜਨਸੰਘ (ਹੁਣ ਦੀ ਭਾਜਪਾ) ਤੇ ਅਕਾਲੀਆਂ ਦੀ ਸਾਂਝ ਵਾਲੀ ਅਕਾਲੀ ਸਰਕਾਰ ਵੇਲੇ ਨਿਰੰਕਾਰੀ ਸੰਮੇਲਨ ਰੱਖ ਦਿੱਤਾ, ਨਾਲ ਹੀ ਸੰਤ ਨਿਰੰਕਾਰੀ ਮੰਡਲ ਦੀ ਸਥਾਪਨਾ ਕਰ ਦਿੱਤੀ । ਅਵਤਾਰ ਨਰਕਧਾਰੀ ਨੇ ਸ਼ਾਹੀ ਲਿਬਾਸ ਤੇ ਮੁਕਟ ਲਾ ਕੇ ਆਪਣੇ ਆਪ ਨੂੰ ਰੱਬੀ ਅਵਤਾਰ ਕਹਿਣਾ ਸ਼ੁਰੂ ਕੀਤਾ । ਪੰਜ ਪਿਆਰਿਆਂ ਦੀ ਹੌਦ ਨੂੰ ਨਕਾਰ ਕੇ ਸੱਤ ਪਿਆਰਿਆਂ ਦੀ ਸਥਾਪਨਾ ਕਰ ਦਿੱਤੀ ਭਾਈ ਗੁਰਦਾਸ ਜੀ ਵਰਗੇ ਮਹਾਨ ਵਿਦਵਾਨ ਦੇ ਨਾ ਤੇ ਆਪਣੇ ਵਿਦਵਾਨਾਂ ਦੀ ਘੋਸ਼ਣਾ ਕਰ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ 'ਅਵਤਾਰ ਬਾਣੀ' ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ।

ਹਿੰਦ ਹਕੂਮਤ ਨੇ ਇਸ ਨਕਲੀ ਨਿਰੰਕਾਰੀ ਮਿਸ਼ਨ ਦੀ ਪੂਰੀ ਮਦਦ ਕੀਤੀ, ਦਿੱਲੀ ਦੇ ਪਹਾੜਗੰਜ਼ ਇਲਾਕੇ ਵਿੱਚ ਇਕ ਕਮਰਾ ਕਿਰਾਏ ਤੇ ਲੈ ਕੇ ਸ਼ੁਰੂ ਹੋਇਆ। ਇਹ ਮਿਸ਼ਨ ਹਜ਼ਾਰਾਂ ਕੇਂਦਰ ਸਥਾਪਿਤ ਕਰਕੇ, ਹਿੰਦ ਹਕੂਮਤ ਦਾ ਵੱਡਾ ਵੋਟ ਬੈਂਕ ਬਣ ਗਿਆ। ਇਥੇ ਹੀ ਬਸ ਨਹੀਂ, ਇਸ ਨੇ ਆਪਣੀ ਘਰਵਾਲੀ ਨੂੰ ਨੋਟਾਂ ਨਾਲ ਤੁਲਵਾਇਆ, ਉਸਦੀਆਂ ਤਸਵੀਰਾਂ ਛਾਪਕੇ, ਉਸ ਉਪਰ ਗੁਰਬਾਣੀ ਦੀ ਤੁੱਕ 'ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ' ਲਿਖਵਾ ਕੇ ਸਿੱਖ ਪੰਥ ਨੂੰ ਲਲਕਾਰਿਆ, ਉਸ ਨੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੰਮੇਲਨ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ, ਤੇ ਸੰਤ ਨਿਰੰਕਾਰੀ ਸੇਵਾ ਦਲ ਦੇ ਨਾਮ ਤੇ ਸਿਖਲਾਈ ਪ੍ਰਾਪਤ ਹਥਿਆਰਬੰਦ ਗੁੰਡਿਆਂ ਦੀ ਸੈਨਾ ਤਿਆਰ ਕੀਤੀ। ਕੱਟੜ ਸਿੱਖ ਵਿਰੋਧੀ ਜਮਾਤ ਆਰ.ਐਸ.ਐਸ. ਦੇ ਸਿਆਸੀ ਵਿੰਗ ਜਨਸੰਘ (ਹੁਣ ਦੀ ਭਾਜਪਾ) ਦੀ ਭਾਈਵਾਲ ਅਕਾਲੀ ਸਰਕਾਰ ਨੇ, ਪੰਜਾਬ ਅੰਦਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਦੀ ਪੂਰੀ ਖੁਲ੍ਹ ਦੇ ਰੱਖੀ ਸੀ, ਤਾਂ ਜੋ ਜਨਸੰਘ ਤੇ ਅਕਾਲੀ ਸਰਕਾਰ ਦੀ ਸਿਆਸੀ ਮਜਬੂਰੀ ਡੇਰਾਵਾਦ ਦਾ ਵੋਟ ਬੈਂਕ ਆਪਣੇ ਨਾਲ ਜੁੜਿਆ ਰਹੇ।

ਰਾਜਨੀਤਿਕ ਸ਼ਕਤੀ ਦੀ ਮਜਬੂਤੀ ਲਈ ਵੋਟ ਬੈਂਕ ਵਧਾਉਣ ਦੀ ਲਾਲਸਾ ਤਹਿਤ, ਡੇਰਾਵਾਦ ਦੀ ਪਿੱਠ ਠੋਕਣ ਦੀ ਅੰਗਰੇਜ਼, ਕਾਂਗਰਸ ਭਾਜਪਾ ਦੀ ਰਵਾਇਤੀ ਪਾਲਸੀ ਨੂੰ ਅਕਾਲੀ ਸਰਕਾਰ ਨੇ ਅਮਲੀ ਜਾਮਾ ਪਹਿਣ ਲਿਆ। ਵਿਸਾਖੀ ਮੌਕੇ ੧੯੭੮ ਨੂੰ ਨਰਕਧਾਰੀ, ਨੂੰ ਅੰਮ੍ਰਿਤਸਰ ਵਿਖੇ ਕੁਲ ਹਿੰਦ ਸੰਮੇਲਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਉਸ ਵੇਲੇ ਵੀ ਦੁਨੀਆਂ ਭਰ ਦੀਆਂ ਸਿੱਖ ਜੱਥੇਬੰਦੀਆਂ ਵਲੋਂ, ਪੁਰਜੋਰ ਵਿਰੋਧ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਮੋਮਰੈਂਡਮ ਦਿੱਤੇ ਗਏ। ਕੁਲ ਹਿੰਦ ਸੰਮੇਲਨ 'ਤੇ ਪਾਬੰਦੀ ਲਗਾਉਣ ਦੀ ਪੁਰਜੋਰ ਮੰਗ ਕੀਤੀ ਗਈ ਸੀ। ਜਨਸੰਘ ਦੇ ਐਮ.ਐਲ.ਏ ਸ੍ਰੀ ਹਰਬੰਸ ਲਾਲ ਖੰਨਾ ਨੇ, ਪੰਜਾਬ ਸਰਕਾਰ ਵੱਲੋਂ ਪੂਰੀ ਸ਼ਕਤੀ ਨਾਲ ਨਕਲੀ ਨਿਰੰਕਾਰੀ ਗੁਰਬਚਨ ਵੱਲੋਂ ਕੀਤੇ ਜਾ ਰਹੇ ਸੰਮੇਲਨ ਦੇ ਹੱਕ ਵਿੱਚ, ਆਪਣੀ ਭੁਮਿਕਾ ਨਿਭਾਈ, ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਅਕਾਲੀ ਸਰਕਾਰ ਨੂੰ ਅਜਿਹੇ ਸੰਮਲੇਨ ਨੂੰ ਰੋਕਣ ਲਈ ਕਿਹਾ, ਪਰ ਅਕਾਲੀ ਆਗੂਆਂ ਨੇ ਜਨਸੰਘ (ਭਾਜਪਾ) ਨੂੰ ਨਰਾਜ ਹੋਣ ਦੇ ਡਰੋਂ, ਸੰਮੇਲਨ ਤੇ ਰੋਕਥਾਮ ਲਗਾਉਣ ਤੋਂ ਸਾਫ ਇੰਨਕਾਰ ਕਰ ਦਿੱਤਾ।

ਜਿਸ ਕਰਕੇ ਵਿਸਾਖੀ ੧੯੭੮ ਦੇ ਖੂਨੀ ਕਾਂਡ ਦਾ ਮਾਹੌਲ ਤਿਆਰ ਹੋ ਗਿਆ। ਸੰਤ ਜਰਨੈਲ ਸਿੰਘ ਨੇ ਸੰਮੇਲਨ ਵਾਲੀ ਥਾਂ ਸਿੱਖ ਵਿਰੋਧੀ ਕੂੜ ਪ੍ਰਚਾਰ ਨੂੰ ਰੋਕਣ ਲਈ ਜੱਥਾ ਭੇਜਿਆ ਸੰਤ ਨਿਰੰਕਾਰੀ ਸੇਵਾ ਦਲ ਦੇ ਹੱਥਿਆਰਬੰਦ ਗੁੰਡਾ ਬ੍ਰਿਗੇਡ ਨੇ ਰਿਵਾਇਤੀ ਸ਼ਸਤਰਧਾਰੀ ਸਿੰਘਾ ਤੇ ਗੋਲੀਆਂ ਨਾਲ ਵਾਛੜ ਕਰ ਦਿੱਤੀ ੧੩ ਸਿੰਘ ਸ਼ਹੀਦ ਹੋਏ ਸੈਕੜੇ ਜਖਮੀ ਹੋ ਗਏ।

ਵੋਟਾਂ ਬਟੋਰਨ ਦੇ ਲਈ ੧੩ ਸ਼ਹੀਦ ਹੋਏ ਸਿੰਘ ਤੇ ਸੈਕੜੇ ਜਖਮੀ ਹੋਣ ਦੇ ਬਾਵਜੂਦ, ਅਕਾਲੀ ਸਰਕਾਰ ਨੇ ਆਪਣੀ ਸਰਪਰੱਸਤੀ ਹੇਠ, ਸਿੰਘਾਂ ਦੇ ਕਾਤਲ ਨਰਕਧਾਰੀ ਗੁਰਬਚਨ ਤੇ ਸੰਤ ਨਿਰੰਕਾਰੀ ਸੇਵਾ ਦਲ ਦੇ ਗੁੰਡਿਆਂ ਨੂੰ, ਪੰਜਾਬ ਤੋਂ ਬਾਹਰ ਭੇਜ ਦਿੱਤਾ, ਉਪਰੰਤ ਵੱਖ ਵੱਖ ਸ਼ਹਿਰਾਂ ਵਿੱਚ ਤੇ ਦੇਸ਼ ਭਰ ਵਿੱਚ, ਇਸ ਸਮੁੱਚੀ ਸਿੱਖ ਵਿਰੋਧੀ ਨੀਤੀ ਦਾ ਵਿਰੋਧ ਹੋਇਆ। ਵਿਦੇਸ਼ਾ ਵਿੱਚ ਵੀ ਸਿੱਖਾਂ ਨੇ ਰੋਸ ਮੁਜਾਹਰੇ ਕੀਤੇ। ਪਰ 'ਵੋਟ ਬੈਂਕ ਰਾਜਨੀਤੀ ਜਿੰਦਾਬਾਦ' ਰਹੀ। ਭਾਂਵੇਂ, ਇਸ ਕਾਂਡ ਸਬੰਧੀ ਕੇਸ ਦਰਜ਼ ਹੋਇਆ ਨਿਰੰਕਾਰੀ ਮੁੱਖੀ ਸਮੇਤ ੬੨ ਗੁੰਡਾ ਬ੍ਰਿਗੇਡ ਨੂੰ ਕਰਨਾਲ ਦੇ ਸੈਸ਼ਨ ਜੱਜ ਆਰ.ਐਸ. ਗੁੱਪਤਾ ਨੇ ਬਰੀ ਕਰ ਦਿੱਤਾ । ਕਿਸੇ ਵੀ ਕਾਤਿਲ ਨੂੰ ਕੋਈ ਸਜਾ ਨਾ ਹੋਈ, ਪਰ ਸਿੱਖ ਪ੍ਰੰਪਰਾਵਾਂ ਅਨੁਸਾਰ ੨੪ ਅਪ੍ਰੈਲ ੧੯੮੦ ਦੀ ਰਾਤ ਨੂੰ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਨੂੰ ਸੋਧ ਦਿੱਤਾ ਗਿਆ। ਜਿਸ ਕਰਕੇ ਭਾਈ ਰਣਜੀਤ ਸਿੰਘ (ਜੱਥੇਦਾਰ ਸ੍ਰੀ ਅਕਾਲ ਤਖਤ) ਨੂੰ ਉਮਰ ਕੈਦ ਦੀ ਸਜਾ ਭੁਗਤਣੀ ਪਈ। ਇਸ ਨਾਲ ਨਕਲੀ ਨਿਰੰਕਾਰੀ ਡੇਰਾਵਾਦ ਦਾ ਅੰਤ ਹੋ ਗਿਆ, ਮੁੱੜ ਅੱਜ ਤੱਕ ਸਿੱਖ ਵਿਰੁਧ ਕੂੜ ਪ੍ਰਚਾਰ ਕਰਨ ਦੀ ਹਿੰਮਤ ਨਾ ਕਰ ਸਕਿਆ।

ਪਰ, ਦੂਜੇ ਪਾਸੇ ਵੋਟਾਂ ਦੀ ਰਾਜਨੀਤੀ ਖੇਡਣ ਵਾਲਿਆਂ ਨੇ ਸਿਰਸੇ, ਬਾਬਾ ਭਨਿਆਰੇ, ਆਸ਼ੂਤੋਸ਼ ਆਦਿ ਵਰਗੇ ਸਿੱਖ ਵਿਰੋਧੀ ਡੇਰਿਆਂ ਦੀ ਸ਼ਰਣ ਲੈ ਕੇ ਪੰਜਾਬ ਅੰਦਰ ਰਾਜਭਾਗ ਕਰਨ ਦੀ ਨੀਤੀ ਜਾਰੀ ਰੱਖੀ, ਕਾਂਗਰਸ ਤੇ ਭਾਜਪਾ ਦੀ ਇਸ ਪਾਲਸੀ ਨੂੰ ਅਕਾਲੀ ਦਲ ਦੇ ਕਾਬਜ਼ ਧੜੇ ਵੱਲੋਂ ਅਪਣਾਉਣ ਕਰਕੇ ੫ ਦਸੰਬਰ ੨੦੦੯ ਨੂੰ ਗਲਾਡਾ ਗਰਾਉਂਡ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਖੂਨੀ ਕਾਂਡ ਮੁੜ ਵਾਪਰਿਆ। ਜਿਸ ਨੇ ਵਿਸਾਖੀ ੧੯੭੮ ਦੇ ਨਿਰੰਕਾਰੀ ਕਾਂਡ ਨੂੰ ਮੁੜ ਸੁਰਜੀਤ ਕਰ ਦਿੱਤਾ। ਲੁਧਿਆਣੇ ਵਿੱਚ ਆਸ਼ੂਤੋਸ਼ ਨੇ ਸਿੱਖਾਂ ਦੀ ਅਣਖ ਅਤੇ ਗੈਰਤ ਨੂੰ ਪਰਖਣ ਲਈ ਕੂੜ੍ਹ ਸਮਾਗਮ ਰੱਖਣ ਦਾ ਐਲਾਨ ਕੀਤਾ। ਉਸ ਨੂੰ ਕਾਬਜ ਅਕਾਲੀ ਭਾਜਪਾ ਸਰਕਾਰ ਦੀ ਪੂਰੀ ਸ੍ਰਪ੍ਰੱਸਤੀ ਹਾਸਲ ਸੀ ਕਿਉਂਕਿ ਇਨ੍ਹਾਂ ਸਿਆਸੀ ਪਾਰਟੀਆਂ ਦਾ ਏਜੰਡਾ ਸੀ, ਕਿ ਆਸ਼ੂਤੋਸ਼ ਦਾ ਪੰਜਾਬ ਵਿੱਚ ਪਨਪ ਰਿਹਾ ਡੇਰਾ ਇੱਕ ਵੋਟ ਬੈਂਕ ਬਣ ਚੁੱਕਿਆ ਹੈ, ਇਸ ਨੂੰ ਹਰ ਹਿੱਲੇ ਆਪਣੇ ਹੱਕ ਵਿੱਚ ਭੁਗਤਾਣਾ ਹੈ, ਭਾਵੇਂ ਜੋ ਮਰਜੀ ਹੋਵੇ। ਜਿਸ ਕਰਕੇ ਵਿਰੋਧ ਕਰਨ ਵਾਲੀਆਂ ਧਾਰਮਿਕ ਸਿੱਖ ਜੱਥੇਬੰਦੀਆਂ, ਨਾਲ ਸਬੰਧਿਤ ਸਿੱਖ ਨੌਜਵਾਨਾਂ ਦਾ ਕਿਸੇ ਨੇ ਵੀ ਸਾਥ ਨਾ ਦਿੱਤਾ। ਇਹ ਸਿੱਖ ਜੱਥੇਬੰਦੀਆਂ ਇਕੱਲੇ ਇਕੱਲੇ ਕਰਕੇ ਅੱਗੇ ਵੱਧੀਆਂ। ਕੁਰਬਾਨੀ ਤੇ ਜਜਬਾਤੀ ਜਜਬਾ ਹੋਣ ਦੇ ਬਾਵਜੂਦ, ਅੱਜ ਕੋਈ ਸੱਚਾ ਸੁੱਚਾ ਬੇਦਾਗ ਆਗੂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇਹਨਾਂ ਦੀ ਅਗਵਾਈ ਕਰਨ ਲਈ ਅੱਗੇ ਨਾ ਵੱਧਿਆ।

ਫਲਸਰੂਪ, ਇੱਕ ਸਿੰਘ, ਦਰਬਾਰਾ ਸਿੰਘ ਸ਼ਹੀਦ ਹੋ ਗਿਆ ਅਤੇ ਸੈਂਕੜੇ ਜਖਮੀ ਹੋ ਗਏ। ਸ਼ਹੀਦ ਹੋਏ ਸਿੰਘ ਅਤੇ ਜਖਮੀ ਸਿੰਘਾਂ ਨੂੰ ਰਾਜਨੀਤਿਕਾਂ ਨੇ, ਕੁਚਾਲਾਂ ਖੇਡ ਕੇ ਵੱਖ ਵੱਖ ਹਿੱਸਿਆਂ ਵਿੱਚ ਵੰਡ ਦਿੱਤਾ। ਜਿਸ ਕਰਕੇ, ਉਹ ਇੱਕ ਦੂਜੇ ਨੂੰ ਪੰਥ ਵਿਰੋਧੀ ਹੋਣ ਦਾ ਦੋਸ਼ ਲਗਾਉਣ ਲੱਗ ਪਏ, ਕੋਈ ਸਾਂਝੀ ਸ਼ਕਤੀ ਜਾਂ ਸੰਘਰਸ਼ ਦਾ ਪਲੇਟਫਾਰਮ ਤਿਆਰ ਨਾ ਹੋ ਸਕਿਆ। ਫਲਸਰੂਪ ਇਹ ਡੇਰੇਵਾਦ ਵਿਰੁੱਧ ਆਰੰਭ ਹੋਇਆ ਸੰਘਰਸ਼ ਆਪਣੇ ਪਹਿਲੇ ਪੜਾਅ ਵਿੱਚ ਹੀ ਦਮ ਤੋੜ ਗਿਆ । 'ਇੱਕ ਸਰਕਾਰ ਬਾਜੋਂ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ "ਸ਼ਾਹ ਮੁਹੰਮਦ ਵਾਲੀ ਗੱਲ ਸੱਚ ਹੋ ਨਿਬੜੀ। ਹਾਲਾਂ ਕਿ ਆਸ਼ੂਤੋਸ਼ ਦੇ ਕੂੜ ਪ੍ਰੋਗਰਾਮ ਨੂੰ ਰੋਕਣ ਦੇ ਲਈ, ਸ਼ੁਰੂ ਤੋਂ ਹੀ ਸਿੱਖ ਜੱਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਕਾਰ ਮੁੱਖੀ ਤੇ ਜੱਥੇਦਾਰ ਅਕਾਲ ਤਖਤ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਰ ਬਾਰ ਕਿਹਾ ਸੀ। ਪ੍ਰਸ਼ਾਸਨ ਤੇ ਸਰਕਾਰ ਨੇ ਸਿੱਖ ਸੰਗਤਾਂ ਨੂੰ ਯਕੀਨ ਦਿਵਾ ਦਿੱਤਾ ਸੀ, ਕਿ ੫ ਦਸੰਬਰ ਨੂੰ ਆਸ਼ੂਤੋਸ਼ ਦਾ ਕੂੜ ਪ੍ਰੋਗਰਾਮ ਨਹੀਂ ਹੋਵੇਗਾ ।

ਪਰ, ਸਿੱਖ ਭੁਲ ਗਏ ਸਨ ਕਿ ੧੯੭੮ ਦੇ ਵਾਪਰੇ ਕਾਂਡ ਵੇਲੇ ਵੀ ਅਕਾਲੀ ਸਰਕਾਰ ਸੀ, ਉਦੋਂ ਵੀ ਭਾਜਪਾ (ਜਨਸੰਘ) ਭਾਈਵਾਲ ਸੀ ਇਹ ਉਹ ਭਾਜਪਾ ਹੈ, ਜਿੰਨ੍ਹੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਜਾਇਜ ਠਹਿਰਾਉਂਦੇ ਹੋਏ, ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦੱਸਿਆ ਸੀ। ਲੁਧਿਆਣਾ ਕਾਂਡ ਦੀ ਖਾਸ ਗੱਲ ਇਹ ਸੀ, ਕਿ ਅਕਾਲੀ ਸਰਕਾਰ ਦੀ ਭਾਈਵਾਲ ਭਾਜਪਾ ਦਾ ਵਿਧਾਇਕ ਮੰਤਰੀ, ਆਸ਼ੂਤੋਸ਼ ਦੇ ਕੂੜ ਸਮਾਗਮ ਨੂੰ ਨਿਰਵਿਘਨ ਕਰਵਾਉਣ ਦੀ ਸ਼ਰੇਆਮ ਮਦਦ ਕਰ ਰਿਹਾ ਸੀ। ੫ ਦਸੰਬਰ ਲੁਧਿਆਣਾ ਗੋਲੀ ਕਾਂਡ ਨਾਲ ਡੇਰਾਵਾਦ ਨੂੰ ਪੰਜਾਬ ਵਿੱਚ ਸ਼ਰੇਆਮ, ਸਿੱਖ ਧਰਮ ਵਿਰੁੱਧ ਕੂੜ ਪ੍ਰਚਾਰ ਕਰਨ ਦੀ ਹਿੰਮਤ ਤੇ ਉਤਸਾਹ ਮਿੱਲਿਆ। ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲਿਆਂ ਨੇ ੫ ਦਸੰਬਰ ਨੂੰ ਆਸ਼ੂਤੋਸ਼ ਦੀ ਮਦਦ ਕਰਕੇ, ਪੰਜਾਬ ਵਿੱਚ ਗੈਰ ਸਿੱਖਾਂ ਭੱਈਆਂ ਦੀ ਵੋਟ ਆਪਣੇ ਹੱਕ ਵਿੱਚ ਕਰ ਲਈ ਸਮਝੀ ਹੋਵੇਗੀ। ਉਹਨਾਂ ਨੂੰ ਇਹ ਯਕੀਨ ਹੈ, ਕਿ ਸਿੱਖ ਨੌਜਵਾਨਾਂ ਤੇ ਗੋਲੀ ਚਲਾਉਣ ਕਰਕੇ, ਜਿੰਨ੍ਹੇ ਕੁ ਸਿੱਖ ਨਰਾਜ ਹੋਣਗੇ ਉਸ ਨਾਲੋਂ ਕਈ ਗੁਣਾ ਵੱਧ ਗੈਰ ਸਿੱਖਾਂ ਤੇ ਭੱਈਆਂ ਦੀ ਵੋਟ ਮਿਲ ਜਾਵੇਗੀ।

ਅਸੀਂ ਇਸ ਕਾਲਮ ਰਾਹੀਂ ਸਿੱਖ ਪੰਥ ਜੀ ਨੂੰ ਅਪੀਲ ਕਰਦੇ ਹਾਂ, ਕਿ ਡੇਰਾਵਾਦ ਰਾਜਸੀ ਲੋਕਾਂ ਦੀ ਉਪਜ ਹੈ। ਵਿਸਾਖੀ ੧੯੭੮ ਤੇ ੫ ਦਸੰਬਰ ੨੦੦੯ ਵਰਗੇ ਖੂਨੀ ਕਾਂਡ ਨਹੀਂ ਰੋਕੇ ਜਾ ਸਕਣਗੇ, ਜੇਕਰ ਤੱਤ ਗੁਰਮਤਿ ਸਿਧਾਂਤ ਦੇ ਜਾਣੂ ਸਰਬਤ ਦਾ ਭਲਾ ਮੰਗਣ ਵਾਲੇ, ਸਿੱਖ ਸਰਦਾਰ ਅਤੇ ਸਿੱਖ ਜੱਥੇਬੰਦੀਆਂ 'ਦੁਬਿਧਾ ਦੂਰ ਕਰੋ ਲਿਵਲਾਈ' ਦੇ ਗੁਰਬਾਣੀ ਮਹਾਂਵਾਕ ਅਨੁਸਾਰ, ਆਪਸ ਵਿੱਚ ਇੱਕ ਦੂਜੇ ਉਤੇ ਦੂਸ਼ਣ ਲਗਾਉਣ ਦੀ ਥਾਂ ਸਿਰ ਜੋੜ ਕੇ ਨਾ ਬੈਠੇ। ਇਸ ਪਨਪ ਰਹੇ ਡੇਰੇਵਾਦ ਦੀ ਰੋਕਥਾਮ ਲਈ, ਪੱਕਾ ਹੱਲ ਇਹ ਹੈ, ਕਿ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਵਿਚਾਰਧਾਰਾ, ਪਰਚਾ ਸ਼ਬਦ ਦਾ, ਪੂਜਾ ਅਕਾਲ ਕੀ, ਦਰਸ਼ਨ ਖਾਲਸੇ ਦਾ ਸਿਧਾਂਤ ਦਰਿੜ੍ਹ ਕਰਵਾਇਆ ਜਾਵੇ।

ਪ੍ਰਿੰ: ਪਰਵਿੰਦਰ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top